ਅਮਨ ਦੇ ਰਾਹਾਂ ਦੇ ਪਾਂਧੀ
ਅਜਕੱਲ੍ਹ ਅਮਰੀਕਾ ਵਿੱਚ ਉੱਨੀ ਬੋਧੀ ਭਿੱਖੂਆਂ ਦੀ ਪਦ-ਯਾਤਰਾ ਚਰਚਾ ਵਿੱਚ ਹੈ। ਉੱਨੀ ਬੋਧੀ ਭਿੱਖੂਆਂ ਦਾ ਇਹ ਸਮੂਹ ਇਸ ਸਮੇਂ ‘ਵਾਕ ਫਾਰ ਪੀਸ’ ਭਾਵ ਅਮਨ ਸ਼ਾਂਤੀ ਦੀ ਦੁਆ ਅਤੇ ਪਾਸਾਰ ਲਈ ਪੈਦਲ ਯਾਤਰਾ ਕਰ ਰਿਹਾ ਹੈ। ਬੋਧੀ ਭਿੱਖੂਆਂ ਦੀ ਇਹ ਯਾਤਰਾ...
ਅਜਕੱਲ੍ਹ ਅਮਰੀਕਾ ਵਿੱਚ ਉੱਨੀ ਬੋਧੀ ਭਿੱਖੂਆਂ ਦੀ ਪਦ-ਯਾਤਰਾ ਚਰਚਾ ਵਿੱਚ ਹੈ। ਉੱਨੀ ਬੋਧੀ ਭਿੱਖੂਆਂ ਦਾ ਇਹ ਸਮੂਹ ਇਸ ਸਮੇਂ ‘ਵਾਕ ਫਾਰ ਪੀਸ’ ਭਾਵ ਅਮਨ ਸ਼ਾਂਤੀ ਦੀ ਦੁਆ ਅਤੇ ਪਾਸਾਰ ਲਈ ਪੈਦਲ ਯਾਤਰਾ ਕਰ ਰਿਹਾ ਹੈ।
ਬੋਧੀ ਭਿੱਖੂਆਂ ਦੀ ਇਹ ਯਾਤਰਾ ਛੱਬੀ ਅਕਤੂਬਰ 2025 ਨੂੰ ਅਮਰੀਕਾ ਦੇ ਸੂਬੇ ਟੈਕਸਸ ਦੇ ਇੱਕ ਕਸਬੇ ਫੋਰਟ ਵਰਥ ਤੋਂ ਸ਼ੁਰੂ ਹੋਈ ਸੀ। ਇਹ ਤੇਈ ਸੌ ਮੀਲ ਜਾਂ ਅਠੱਤੀ ਸੌ ਕਿਲੋਮੀਟਰ ਦੀ ਸ਼ਾਂਤੀ ਯਾਤਰਾ ਹੈ, ਜਿਸ ਦਾ ਉਦੇਸ਼ ਤੇਰਾਂ ਫਰਵਰੀ 2026 ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚਣਾ ਹੈ। ਅਮਰੀਕਾ ਦੇ ਦਸ ਰਾਜਾਂ ਟੈਕਸਸ, ਲੂਈਜ਼ਿਆਨਾ, ਮਿਸੀਸਿੱਪੀ, ਅਲਬਾਮਾ, ਜਾਰਜੀਆ, ਕੈਰੋਲੀਨਾ, ਵਰਜੀਨੀਆ ਆਦਿ ਵਿੱਚੋਂ ਲੰਘਣ ਵਾਲਾ ਬੋਧੀ ਭਿੱਖੂਆਂ ਦਾ ਇਹ ਸਮੂਹ ਇਸ ਸਮੇਂ ਵਰਜੀਨੀਆ ਵਿੱਚੋਂ ਲੰਘ ਰਿਹਾ ਹੈ।
ਇਸ ਪਦ ਯਾਤਰਾ ਦਾ ਉਦੇਸ਼ ਸਮੁੱਚੀ ਮਨੁੱਖਤਾ ਅੰਦਰ ਅਮਨ ਸ਼ਾਂਤੀ, ਏਕਤਾ, ਪਿਆਰ ਭਰੀ ਰਹਿਮਦਿਲੀ ਲਈ ਜਾਗਰੂਕਤਾ ਪੈਦਾ ਕਰਨਾ ਹੈ। ਇਹ ਯਾਤਰਾ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੈ। ਪਰ ਆਮ ਲੋਕਾਂ ਵੱਲੋਂ ਮਿਲ ਰਹੇ ਨਿੱਘੇ ਸਵਾਗਤ ਨੂੰ ਦੇਖ ਕੇ ਇਹ ਲੱਗਦਾ ਹੈ ਜਿਵੇਂ ਲੋਕਾਂ ਨੂੰ ਇਸ ਅੰਦਰ ਯੁੱਧਾਂ ਦਾ ਦੁਖਾਂਤ ਅਤੇ ਅਮਨ ਸ਼ਾਂਤੀ ਦਾ ਸਾਫ਼ ਰਾਹ ਨਜ਼ਰ ਆ ਰਿਹਾ ਹੋਵੇ।
ਇਸ ਯਾਤਰਾ ਦੌਰਾਨ ਭਿੱਖੂ ਆਪਣੇ ਮੱਠਵਾਦੀ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਦਾ ਯਤਨ ਕਰ ਰਹੇ ਹਨ। ਇਹ ਭਿੱਖੂ ਸਖ਼ਤ ਤਪੱਸਿਆ ਸਾਧਨਾਵਾਂ ਦੀ ਪਾਲਣਾ ਕਰਦੇ ਹਨ, ਜਿਸ ਅੰਦਰ ਦਿਨ ਵਿੱਚ ਸਿਰਫ਼ ਇੱਕ ਵਾਰ ਰੋਟੀ ਖਾਣਾ ਅਤੇ ਬਾਹਰ ਖੁੱਲ੍ਹੇ ਵਿੱਚ ਤੰਬੂਆਂ ਵਿੱਚ ਜਾਂ ਦਰੱਖ਼ਤਾਂ ਦੇ ਹੇਠਾਂ ਸੌਣਾ ਸ਼ਾਮਲ ਹੈ।
ਇਸ ਸਮੂਹ ਦੀ ਅਗਵਾਈ ਇੱਕ ਵੀਅਤਨਾਮੀ ਭਿੱਖੂ ਪੰਨਾਕਾਰ ਕਰ ਰਿਹਾ ਹੈ। ਬਾਕੀ ਭਿੱਖੂ ਥਾਈਲੈਂਡ, ਲਾਓਸ, ਫਰਾਂਸ ਅਤੇ ਕੰਬੋਡੀਆ ਤੋਂ ਹਨ। ਉਨ੍ਹਾਂ ਨਾਲ ਕਲਕੱਤਾ ਦਾ ‘ਅਲੋਕਾ’ ਨਾਮ ਦਾ ਇੱਕ ਕੁੱਤਾ ਵੀ ਹੈ।
ਇਸ ਬੋਧੀ ਭਿੱਖੂ ਸੰਗ ਦਾ ਸੁਨੇਹਾ ਹੈ, ‘‘ਅਸੀਂ ਇਕੱਲੇ ਨਹੀਂ ਤੁਰ ਰਹੇ। ਅਸੀਂ ਹਰ ਉਸ ਮਨੁੱਖ ਦੇ ਨਾਲ ਚੱਲ ਰਹੇ ਹਾਂ ਜਿਸ ਦਾ ਦਿਲ ਅਮਨ ਸ਼ਾਂਤੀ ਲਈ ਤਾਂਘਦਾ ਹੈ, ਜਿਸ ਦੀ ਆਤਮਾ ਨੇ ਰਹਿਮਦਿਲੀ ਜਾਂ ਕਰੁਣਾ ਨੂੰ ਚੁਣ ਲਿਆ ਹੈ ਅਤੇ ਜਿਸ ਦਾ ਰੋਜ਼ਾਨਾ ਜੀਵਨ ਇੱਕ ਅਜਿਹੀ ਬਗੀਚੀ ਵਰਗਾ ਬਣ ਗਿਆ ਹੈ ਜਿੱਥੇ ਆਪਸੀ ਸੂਝ-ਬੂਝ ਦੇ ਵਧਣ ਫੁੱਲਣ ਲਈ ਥਾਂ ਬਾਕੀ ਬਚੀ ਹੋਈ ਹੈ।” ਉਨ੍ਹਾਂ ਨੇ ਇਹ ਯਾਤਰਾ ਮਨੁੱਖਤਾ ਨੂੰ ਇੱਕ ਸਿੱਧਾ ਸਾਦਾ ਸੁਨੇਹਾ ਦੇਣ ਲਈ ਸ਼ੁਰੂ ਕੀਤੀ ਹੈ ਕਿ ਸੰਸਾਰ ਨੂੰ ਅਮਨ ਸ਼ਾਂਤੀ ਦੇ ਰਾਹ ’ਤੇ ਚੱਲਣਾ ਚਾਹੀਦਾ ਹੈ, ਸਾਨੂੰ ਸਭ ਨੂੰ ਇੱਕ ਦੂਜੇ ਨਾਲ ਸਾਊ ਵਿਹਾਰ ਕਰਨਾ ਚਾਹੀਦਾ ਹੈ।
ਅਮਰੀਕਾ ਦੇ ਆਮ ਲੋਕਾਂ ਨੇ ਜਿਸ ਤਰੀਕੇ ਨਾਲ਼ ਹਰ ਪਿੰਡ ਸ਼ਹਿਰ ਦੀ ਸੜਕ ’ਤੇ ਆ ਕੇ ਇਨ੍ਹਾਂ ਦਾ ਸੁਆਗਤ ਕੀਤਾ ਹੈ, ਉਹ ਸਭ ਲਈ ਹੈਰਾਨ ਕਰਨ ਵਾਲ਼ੀ ਗੱਲ ਸੀ। ਕੇਸਰੀ ਰੰਗ ਦੇ ਚੋਲ਼ੇ ਪਹਿਨੀ ਭਿੱਖੂ ਜਿੱਥੋਂ ਵੀ ਲੰਘਦੇ ਹਨ ਉੱਥੇ ਹੀ ਆਮ ਲੋਕ ਇਨ੍ਹਾਂ ਦਾ ਨਿੱਘਾ ਸੁਆਗਤ ਕਰਦੇ ਹਨ। ਅੱਜ ਜਦੋਂ ਕਿ ਬਹੁਤੇ ਦੇਸ਼ਾਂ ਵਿੱਚ ਰਾਜਨੀਤਕ ਮਾਹੌਲ ਬੇਯਕੀਨੀ ਵਾਲ਼ਾ ਅਤੇ ਯੁੱਧਾਂ ਵੱਲ ਸੰਕੇਤ ਵਾਲਾ ਬਣ ਰਿਹਾ ਹੈ, ਉਦੋਂ ਇਹ ਅਮਨ ਸ਼ਾਂਤੀ ਦਾ ਸੁਨੇਹਾ ਸੁਣਨਾ ਚੰਗਾ ਲੱਗਦਾ ਹੈ। ਸਾਡਾ ਇਹ ਯਕੀਨ ਹੋਰ ਵੀ ਪੱਕਾ ਹੁੰਦਾ ਹੈ ਕਿ ਦੁਨੀਆ ਭਰ ਦੇ ਆਮ ਲੋਕ, ਸੱਤਾ ਵਿੱਚ ਬੈਠੇ ਕੁਝ ਯੁੱਧ-ਪਸੰਦ ਬੰਦਿਆਂ ਤੋਂ ਵੱਖਰੀ ਤਰ੍ਹਾਂ ਦੀ ਸੋਚ ਰੱਖਦੇ ਹਨ। ਉਹ ਅਮਨ ਅਤੇ ਸ਼ਾਂਤੀ ਦੀ ਮਹੱਤਤਾ ਨੂੰ ਸਮਝਦੇ ਹਨ।
ਬੁੱਧ ਧਰਮ ਵਿੱਚ ਭਿੱਖੂਆਂ ਦੇ ਪੈਦਲ ਯਾਤਰਾ ਕਰਨ ਦੀ ਲੰਮੀ ਪਰੰਪਰਾ ਹੈ। ਇਹ ਪਦ ਯਾਤਰਾ ਚੇਤੰਨ ਹੋ ਕੇ ਸ਼ਾਂਤ ਮਨ ਨਾਲ਼ ਵਿਚਰਨ ਦਾ ਅਭਿਆਸ ਹੁੰਦਾ ਹੈ। ਇਹ ਮਨੁੱਖੀ ਜੀਵਨ ਵਿੱਚ ਸ਼ਾਂਤੀ ਅਤੇ ਰਹਿਮਦਿਲੀ ਦੀ ਮਹੱਤਤਾ ’ਤੇ ਕੇਂਦਰਿਤ ਹੁੰਦੀ ਹੈ। ਮਹਾਤਮਾ ਬੁੱਧ ਨੇ ਸ਼ਾਂਤੀ ਅਤੇ ਗਿਆਨ ਦੇ ਰਾਹ ਤੁਰਨ ਵਾਲੇ ਉਤਸਕ ਬੰਦਿਆਂ ਨੂੰ ਭਿੱਖੂ ਕਿਹਾ ਹੈ। ਭਿੱਖੂ ਜੋ ਆਪਣੇ ਸਾਰੇ ਰਿਸ਼ਤੇ ਅਤੇ ਸੁਖ ਸਾਧਨ ਤਿਆਗ ਕੇ ਅਤੇ ਨਿਹੱਥੇ ਹੋ ਕੇ ਗਿਆਨ ਦੇ ਰਾਹ ਤੁਰਨ ਲਈ ਤਿਆਰ ਹੁੰਦੇ ਨੇ। ਜੋ ਨਿੱਤ ਦੀ ਰੋਟੀ ਨੂੰ ਵੀ ਹੋਰਾਂ ਦੀ ਰਹਿਮਦਿਲੀ ਉੱਪਰ ਛੱਡਣ ਲਈ ਤਿਆਰ ਹੁੰਦੇ ਨੇ। ਬੁੱਧ ਦੀ ਪਹਿਲੀ ਭਿੱਖਣੀ ਉਸ ਦੀ ਮਤਰੇਈ ਮਾਂ ਗੌਤਮੀ ਸੀ। ਪੂਰਬੀ ਏਸ਼ੀਆ ਦੇ ਦੇਸ਼ਾਂ ਵਿੱਚ ਬੁੱਧ ਮਤ ਫੈਲਣ ਦਾ ਜ਼ਰੀਆ ਇਹੀ ਭਿੱਖੂ ਬਣੇ ਸਨ।
ਭਾਰਤੀ ਪਰੰਪਰਾਵਾਂ ਵਿੱਚ ਪੈਦਲ ਤੁਰਨ ਵਾਲੇ ਭਿੱਖੂ ਜਾਂ ਸਾਧੂ ਲੰਮੇ ਸਮੇਂ ਤੋਂ ਤਿਆਗ, ਭਗਤੀ ਅਤੇ ਅਨੁਸ਼ਾਸਨ ਨੂੰ ਮੂਰਤੀਮਾਨ ਕਰਦੇ ਰਹੇ ਹਨ। ਉਨ੍ਹਾਂ ਨੂੰ ਪਰਿਵ੍ਰਜਕ ਭਾਵ ਭਟਕਦੇ ਤਪੱਸਵੀ ਕਿਹਾ ਜਾਂਦਾ ਸੀ। ਉਹ ਬਿਨਾਂ ਕਿਸੇ ਪੈਸੇ ਧੇਲੇ ਦੇ ਪੈਦਲ ਯਾਤਰਾ ਕਰਦੇ ਹਨ। ਉਹ ਸ਼ਾਂਤੀ ਅਤੇ ਗਿਆਨ ਦਾ ਪਸਾਰ ਕਰਦੇ ਸਨ।
ਹਿੰਦੂ ਧਰਮ ਵਿੱਚ ਸਾਧੂ ਵਾਰਾਣਸੀ, ਰਾਮੇਸ਼ਵਰਮ ਅਤੇ ਕੈਲਾਸ਼ ਵਰਗੇ ਪਵਿੱਤਰ ਸਥਾਨਾਂ ਦੀ ਪਦਯਾਤਰਾ ਕਰਦੇ ਹਨ, ਜੋ ਭੌਤਿਕ ਜੀਵਨ ਤੋਂ ਨਿਰਲੇਪਤਾ ਅਤੇ ਮੋਕਸ਼ ਵੱਲ ਯਾਤਰਾ ਦਾ ਪ੍ਰਤੀਕ ਹਨ। ਇਸੇ ਤਰ੍ਹਾਂ ਬੁੱਧ ਧਰਮ ਵਿੱਚ ਭਿੱਖੂ ਧੰਮਯਾਤਰਾ ਦਾ ਅਭਿਆਸ ਕਰਦੇ ਹਨ। ਉਹ ਰਹਿਮਦਿਲੀ ਅਤੇ ਜਾਗਰੂਕਤਾ ਦਾ ਸੁਨੇਹਾ ਦਿੰਦੇ ਹਨ। ਇਹ ਯਾਤਰਾਵਾਂ ਭਾਵੇਂ ਪਿੰਡਾਂ ਵਿੱਚ ਹੋਣ ਜਾਂ ਦੇਸ਼ਾਂ ਪ੍ਰਦੇਸ਼ਾਂ ਵਿੱਚ - ਇਹ ਮਨੁੱਖਤਾ ਨੂੰ ਸਦਭਾਵਨਾ ਨਾਲ ਰਹਿਣ ਦਾ ਸੱਦਾ ਦਿੰਦੀਆਂ ਹਨ।
ਇਹ ਮੰਨਿਆ ਜਾਂਦਾ ਹੈ ਕਿ ਆਪਣੇ ਜੀਵਨ ਕਾਲ ਦੌਰਾਨ ਗੌਤਮ ਬੁੱਧ ਨੇ ਉੱਤਰੀ ਭਾਰਤ ਅਤੇ ਨੇਪਾਲ ਵਿੱਚ ਹਜ਼ਾਰਾਂ ਮੀਲ ਪੈਦਲ ਯਾਤਰਾ ਕੀਤੀ। ਗਿਆਨ ਪ੍ਰਾਪਤੀ ਤੋਂ ਬਾਅਦ ਬੁੱਧ ਪੰਜਤਾਲੀ ਸਾਲ ਤੱਕ ਲਗਾਤਾਰ ਪੈਦਲ ਯਾਤਰਾ ਕਰਦੇ ਰਹੇ। ਗੰਗਾ ਦੇ ਤੱਟਾਂ ਤੋਂ ਲੈ ਕੇ ਹਿਮਾਲਿਆ ਦੀਆਂ ਵਾਦੀਆਂ ਤੱਕ ਲੋਕਾਈ ਨੂੰ ਮੁਕਤੀ ਦਾ ਰਾਹ ਸਿਖਾਉਂਦੇ ਰਹੇ। ਉਨ੍ਹਾਂ ਦੀਆਂ ਯਾਤਰਾਵਾਂ ਨੂੰ ‘ਧੰਮਯਾਤਰਾ’ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਮਕਸਦ ਗਿਆਨ, ਦਇਆ ਅਤੇ ਅਹਿੰਸਾ ਨੂੰ ਫੈਲਾਉਣਾ ਸੀ। ਬੁੱਧ ਨੇ ਰਾਜਗੀਰ, ਸਾਰਨਾਥ, ਵੈਸ਼ਾਲੀ, ਸਾਵਤੀ ਅਤੇ ਕੁਸ਼ੀਨਗਰ ਵਰਗੇ ਇਲਾਕਿਆਂ ਦੀ ਯਾਤਰਾ ਕੀਤੀ। ਰਾਹ ਵਿੱਚ ਉਹ ਅਕਸਰ ਭਿੱਖੂਆਂ ਅਤੇ ਆਮ ਲੋਕਾਂ ਨਾਲ ਜੀਵਨ ਦੇ ਦੁੱਖਾਂ, ਮਨੁੱਖੀ ਚੇਤਨਾ ਅਤੇ ਸ਼ਾਂਤੀ ਬਾਰੇ ਚਰਚਾ ਕਰਨ ਲਈ ਰੁਕਦੇ ਸਨ।
ਬੁੱਧ ਦੀ ਯਾਤਰਾ ਸਿਰਫ਼ ਸਰੀਰਕ ਯਾਤਰਾ ਨਹੀਂ ਸੀ। ਇਹ ਤਾਂ ਇੱਕ ਵੱਡਾ ਮਿਸ਼ਨ ਸੀ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜਾਤ-ਪਾਤ, ਧਨ ਦੌਲਤ ਜਾਂ ਲਿੰਗ-ਪੁਲਿੰਗ ਦੀ ਪਰਵਾਹ ਕੀਤੇ ਬਿਨਾਂ, ਸਾਰਿਆਂ ਲਈ ਪਹੁੰਚਯੋਗ ਬਣਾਇਆ ਜਾ ਸਕੇ।
ਇਸੇ ਤਰ੍ਹਾਂ, ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਵਜੋਂ ਜਾਣੀਆਂ ਜਾਂਦੀਆਂ ਚਾਰ ਮਹਾਨ ਯਾਤਰਾਵਾਂ ਕੀਤੀਆਂ। ਉਨ੍ਹਾਂ ਨੇ ਦੋ ਦਹਾਕਿਆਂ ਵਿੱਚ ਅੰਦਾਜ਼ਨ ਤੀਹ ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ। ਪੈਦਲ ਯਾਤਰਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਨੇ ਭਾਰਤ, ਤਿੱਬਤ, ਅਰਬ, ਪਰਸ਼ੀਆ, ਸ੍ਰੀਲੰਕਾ ਅਤੇ ਇਸ ਤੋਂ ਪਰ੍ਹੇ ਦੀ ਪਦ ਯਾਤਰਾ ਕੀਤੀ। ਮਨੁੱਖਤਾ ਨਾਲ ਏਕਤਾ, ਬਰਾਬਰੀ ਅਤੇ ਰੱਬੀ ਪਿਆਰ ਦਾ ਸੰਦੇਸ਼ ਸਾਂਝਾ ਕੀਤਾ। ਉਨ੍ਹਾਂ ਦਾ ਉਦੇਸ਼ ਧਾਰਮਿਕ ਅਤੇ ਸਮਾਜਿਕ ਵੰਡੀਆਂ, ਚੁਣੌਤੀਪੂਰਨ ਰਸਮਾਂ, ਜਾਤੀ ਭੇਦ-ਭਾਵ ਅਤੇ ਹਠਧਰਮ ਤੋਂ ਪਰ੍ਹੇ ਮਨੁੱਖਤਾ ਨੂੰ ਜੋੜਨਾ ਸੀ। ਬੁੱਧ ਵਾਂਗ ਗੁਰੂ ਨਾਨਕ ਦੇਵ ਜੀ ਵੀ ਲੋਕਾਈ ਦੇ ਦਿਲਾਂ ਨੂੰ ਜਗਾਉਣ ਲਈ ਪੈਦਲ ਤੁਰੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਰੱਬ ਸਾਰਿਆਂ ਵਿੱਚ ਵਸਦਾ ਹੈ। ਸੇਵਾ, ਨਿਮਰਤਾ ਅਤੇ ਸੱਚ ਪੂਜਾ ਦੇ ਸਭ ਤੋਂ ਉੱਚੇ ਰੂਪ ਹਨ।
ਇਸੇ ਤਰ੍ਹਾਂ ਪੂਰਬੀ ਏਸ਼ੀਆ ਵਿੱਚ ਪੈਦਲ ਤੁਰਨਾ ਗਿਆਨ ਦਾ ਇੱਕ ਜੀਵਤ ਪ੍ਰਗਟਾਵਾ ਬਣ ਗਿਆ, ਜਿੱਥੇ ਯਾਤਰਾ ਸਿਰਫ਼ ਜ਼ਮੀਨ ਉੱਪਰ ਚੱਲਣਾ ਨਹੀਂ ਸਗੋਂ ਅੰਦਰੂਨੀ ਸ਼ਾਂਤੀ ਅਤੇ ਵਿਸ਼ਵਵਿਆਪੀ ਸਦਭਾਵਨਾ ਵੱਲ ਤੁਰਨ ਦਾ ਸਾਧਨ ਬਣ ਗਈ।
ਅਮਰੀਕਾ ਦੀ ਪੈਦਲ ਯਾਤਰਾ ਕਰ ਰਹੇ ਬੋਧੀ ਭਿੱਖੂ ਅਸਲ ਵਿੱਚ ਭਾਰਤ ਦੇ ਪਰਿਵ੍ਰਜਕ ਤਪੱਸਵੀਆਂ, ਗੌਤਮ ਬੁੱਧ ਅਤੇ ਬਾਬਾ ਨਾਨਕ ਦੀ ਵਿਚਾਰਧਾਰਾ ਨੂੰ ਹੀ ਦਰਸਾਉਂਦੇ ਹਨ। ਉਹ ਵਿਚਾਰਧਾਰਾ ਜਿਸ ਵਿੱਚ ਅਮਨ ਸ਼ਾਂਤੀ ਅਤੇ ਮਾਨਵਵਾਦ ਸ਼ਾਮਲ ਹੈ। ਇਹ ਭਿੱਖੂ ਪੂਰੇ ਅਮਰੀਕਾ ਵਿੱਚ ਸ਼ਾਂਤੀ, ਏਕਤਾ ਅਤੇ ਮਾਨਸਿਕ ਤੌਰ ’ਤੇ ਜ਼ਖ਼ਮੀ ਲੋਕਾਈ ਦੀ ਤੰਦਰੁਸਤੀ ਲਈ ਦੁਆ ਕਰਨ ਲਈ ਇਹ ਲੰਮੀ ਪਦ ਯਾਤਰਾ ਕਰ ਰਹੇ ਹਨ।
ਭਿੱਖੂ ਪੰਨਾਕਾਰ ਦੀ ਅਗਵਾਈ ਵਿੱਚ ਇਹ ਸਾਰੇ ਭਿੱਖੂ ਇੱਕ ਕਤਾਰ ਵਿੱਚ ਤੁਰਦੇ ਹਨ। ਇਨ੍ਹਾਂ ਨੇ ਕੇਸਰੀ ਅਤੇ ਗੇਰੂ ਰੰਗੇ ਚੋਲੇ ਪਹਿਨੇ ਹੋਏ ਹਨ। ਇਨ੍ਹਾਂ ਦੇ ਨਾਲ-ਨਾਲ ਅਲੋਕਾ ਨਾਮ ਦਾ ਇੱਕ ਕੁੱਤਾ ਵੀ ਤੁਰਦਾ ਨਜ਼ਰ ਆਉਂਦਾ ਹੈ। ਇਨ੍ਹਾਂ ਭਿੱਖੂਆਂ ਨੇ ਸਾਫ਼ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ, ‘‘ਅਸੀਂ ਕਿਸੇ ਦਾ ਵਿਰੋਧ ਕਰਨ ਲਈ ਨਹੀਂ, ਸਗੋਂ ਉਸ ਸ਼ਾਂਤੀ ਨੂੰ ਜਗਾਉਣ ਲਈ ਪਦ ਯਾਤਰਾ ਕਰ ਰਹੇ ਹਾਂ ਜੋ ਪਹਿਲਾਂ ਹੀ ਸਾਡੇ ਸਾਰਿਆਂ ਅੰਦਰ ਮੌਜੂਦ ਹੁੰਦੀ ਹੈ।’’ ਭਿੱਖੂ ਪੰਨਾਕਾਰ ਨੇ ਇੱਕ ਬਿਆਨ ਵਿੱਚ ਕਿਹਾ ਹੈ, ‘‘ਸ਼ਾਂਤੀ ਲਈ ਪੈਦਲ ਯਾਤਰਾ ਕਰਨ ਦਾ ਮਕਸਦ, ਇੱਕ ਆਮ ਜਿਹੀ ਪਰ ਬੜੀ ਅਰਥਪੂਰਨ ਗੱਲ ਨੂੰ ਯਾਦ ਕਰਵਾਉਣਾ ਹੈ ਕਿ ਮਨੁੱਖੀ ਏਕਤਾ ਅਤੇ ਰਹਿਮਦਿਲੀ ਸਾਡੇ ਆਪਣੇ ਹੀ ਅੰਦਰੋਂ ਸ਼ੁਰੂ ਹੋਵੇਗੀ ਅਤੇ ਅੱਗੇ ਪਰਿਵਾਰਾਂ, ਭਾਈਚਾਰਿਆਂ ਤੇ ਸਮੁੱਚੇ ਸਮਾਜ ਵਿੱਚ ਫੈਲ ਜਾਵੇਗੀ।’’
ਭਿੱਖੂਆਂ ਦਾ ਇਹ ਸੰਦੇਸ਼ ਅਹਿੰਸਾ ਦੀਆਂ ਪ੍ਰਾਚੀਨ ਬੋਧੀ ਪਰੰਪਰਾਵਾਂ ਨਾਲ਼ ਜੁੜਿਆ ਹੋਇਆ ਹੈ, ਜੋ ਸਾਰੇ ਪਿਛੋਕੜਾਂ ਦੇ ਅਮਰੀਕੀਆਂ ਅੰਦਰ ਗੂੰਜ ਰਿਹਾ ਹੈ। ਲੋਕਾਂ ਦੀ ਭੀੜ ਹਾਈਵੇਅ ’ਤੇ, ਸ਼ਹਿਰਾਂ ਦੇ ਚੌਕਾਂ ਵਿੱਚ ਅਤੇ ਬਾਹਰ ਚਰਚਾਂ ਵਿੱਚ ਇਕੱਠੀ ਹੋ ਜਾਂਦੀ ਹੈ ਤਾਂ ਜੋ ਇਨ੍ਹਾਂ ਨੰਗੇ ਪੈਰੀਂ ਤੁਰਦੇ ਭਿੱਖੂਆਂ ਦਾ ਸਵਾਗਤ ਕੀਤਾ ਜਾ ਸਕੇ। ਰਾਤ ਨੂੰ ਸੌਣ ਤੋਂ ਪਹਿਲਾਂ ਉਹ ਆਮ ਲੋਕਾਂ ਨੂੰ ਮਨ ਦੀ ਸ਼ਾਂਤੀ ਵੱਲ ਜਾਣ ਵਾਲੇ ਧਿਆਨ ਸਿਖਾਉਂਦੇ ਹਨ।
ਆਪਣੇ ਮਿਸ਼ਨ ਦੀ ਸ਼ਾਂਤੀ ਦੇ ਬਾਵਜੂਦ, ਇਨ੍ਹਾਂ ਨਾਲ ਇੱਕ ਦੁਖਾਂਤ ਵੀ ਵਾਪਰਿਆ। ਟੈਕਸਸ ਵਿੱਚ ਉਨ੍ਹਾਂ ਦੇ ਨਾਲ ਚੱਲਦੀ ਐਸਕਾਰਟ ਗੱਡੀ ਨੂੰ ਇੱਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋ ਭਿੱਖੂ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਨੇ ਆਪਣੀ ਲੱਤ ਗੁਆ ਲਈ। ਫਿਰ ਵੀ ਬਾਕੀ ਭਿੱਖੂ ਆਪਣੀ ਯਾਤਰਾ ਨੂੰ ਬਿਨਾਂ ਕਿਸੇ ਡਰ ਦੇ ਜਾਰੀ ਰੱਖ ਰਹੇ ਹਨ।
ਸ਼ਾਂਤੀ ਲਈ ਕੀਤੀ ਜਾ ਰਹੀ ਇਸ ਪਦ ਯਾਤਰਾ ਦਾ ਖ਼ਾਸ ਪਹਿਲੂ ਇਸਦੀ ਗ਼ੈਰ-ਸੰਪਰਦਾਇਕ ਭਾਵਨਾ ਹੈ। ਸਥਾਨਕ ਚਰਚਾਂ, ਮਸਜਿਦਾਂ ਅਤੇ ਸਿਨਾਗੌਗਾਂ ਨੇ ਭਿੱਖੂਆਂ ਦੀ ਮੇਜ਼ਬਾਨੀ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ, ਜੋ ਕਿ ਦਿਆਲੂ ਭਾਵ ਅਤੇ ਮੇਲ-ਮਿਲਾਪ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਪਛਾਣਨ ਦਾ ਪ੍ਰਤੀਕ ਹਨ।
ਰੁਕਣ ਵਾਲੀ ਹਰ ਥਾਂ ’ਤੇ ਭਿੱਖੂ ਪੰਨਾਕਾਰ ਵਿਪਾਸਨਾ ਵਿਧੀ ਨਾਲ ਧਿਆਨ ਕਰਨਾ ਸਿਖਾਉਂਦਾ ਹੈ। ਵਿਪਾਸਨਾ ਇੱਕ ਪ੍ਰਾਚੀਨ ਬੋਧੀ ਅਭਿਆਸ ਹੈ ਜੋ ਸਾਹ ਅਤੇ ਸੰਵੇਦਨਾ ’ਤੇ ਧਿਆਨ ਧਰਨ ਨਾਲ ਜਾਗਰੂਕਤਾ ਪੈਦਾ ਕਰਦਾ ਹੈ। ਉਸ ਦਾ ਕਹਿਣਾ ਹੈ, “ਸਾਡੇ ਵਿੱਚੋਂ ਕੁਝ ਨੰਗੇ ਪੈਰੀਂ ਤੁਰਦੇ ਹਨ, ਇਸ ਦਾ ਕਾਰਨ ਧਰਤੀ ਨੂੰ ਆਪਣੇ ਨੇੜੇ ਮਹਿਸੂਸ ਕਰਨਾ ਹੈ ਅਤੇ ਹਰ ਕਦਮ ’ਤੇ ਆਪਣੇ ਆਪ ਨੂੰ ਇਹ ਯਾਦ ਦਿਵਾਉਣਾ ਹੈ ਕਿ ਸ਼ਾਂਤੀ ਸਾਡੇ ਅੰਦਰੋਂ ਸ਼ੁਰੂ ਹੁੰਦੀ ਹੈ।” ਅਜੋਕੇ ਦੌਰ ਵਿੱਚ ਇਸ ਕਿਸਮ ਦੀ ਤੀਰਥ ਯਾਤਰਾ ਦੀਆਂ ਜੜ੍ਹਾਂ ਉੱਨੀ ਸੌ ਨੱਬੇ ਦੇ ਦਹਾਕੇ ਵਿੱਚ ਵੀ ਮਿਲਦੀਆਂ ਹਨ। ਜਦੋਂ ਇੱਕ ਕੰਬੋਡੀਅਨ ਭਿੱਖੂ ਮਹਾ ਘੋਸਾਨੰਦ ਨੇ ਖਮੇਰ ਰੂਜ ਦੀ ਨਸਲਕੁਸ਼ੀ ਤੋਂ ਬਾਅਦ ਕੰਬੋਡੀਆ ਦੇ ਯੁੱਧ-ਗ੍ਰਸਤ ਖੇਤਰਾਂ ਵਿੱਚ ਸ਼ਾਂਤੀ ਯਾਤਰਾਵਾਂ ਦੀ ਅਗਵਾਈ ਕੀਤੀ ਸੀ।
ਇਹ ਭਿੱਖੂ ਇਸ ਗੱਲ ’ਤੇ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਦੀ ਯਾਤਰਾ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੈ, ਪਰ ਫਿਰ ਵੀ ਉਨ੍ਹਾਂ ਦਾ ਸੰਦੇਸ਼ ਡੂੰਘਾ ਰਾਜਨੀਤਕ ਅਰਥ ਰੱਖਦਾ ਹੈ।
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚਣ ਨਾਲ ਇਹ ਯਾਤਰਾ ਸੰਪੂਰਨ ਹੋ ਜਾਵੇਗੀ। ਉੱਥੇ ਉਹ ਅਮਰੀਕੀ ਸੰਸਦ ਨੂੰ ਬੁੱਧ ਦੇ ਜਨਮ ਦਿਨ, ਇੱਕ ਵੈਸਾਖ ਨੂੰ ਗਿਆਨ ਦਿਵਸ ਵਜੋਂ ਮਨਾਉਣ ਅਤੇ ਅਮਰੀਕਾ ਵਿੱਚ ਸੰਘੀ ਛੁੱਟੀ ਵਜੋਂ ਮਾਨਤਾ ਦੇਣ ਲਈ ਵੀ ਬੇਨਤੀ ਕਰਨਗੇ।
ਬਿਨਾਂ ਸ਼ੱਕ ਬੋਧੀ ਭਿੱਖੂਆਂ ਦੀ ਇਹ ਪਦ ਯਾਤਰਾ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀ ਯਾਤਰਾ ਹੈ। ਬਹੁਤ ਸਾਰੇ ਅਮਰੀਕੀ ਲੋਕਾਂ ਨੇ ਇਨ੍ਹਾਂ ਸ਼ਾਂਤੀਪਸੰਦ ਭਿੱਖੂਆਂ ਨੂੰ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਜਿਵੇਂ ਜਿਵੇਂ ਇਹ ਸ਼ਾਂਤੀ ਪਦ ਯਾਤਰਾ ਕਰਨ ਵਾਲੇ ਭਿੱਖੂਆਂ ਦਾ ਟੋਲਾ ਦੇਸ਼ ਦੀ ਰਾਜਧਾਨੀ ਦੇ ਨੇੜੇ ਪਹੁੰਚ ਰਿਹਾ ਹੈ, ਇਨ੍ਹਾਂ ਦਾ ਸੰਦੇਸ਼ ਦੂਰ ਦੂਰ ਤਕ ਫੈਲ ਰਿਹਾ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਯਾਤਰਾ ਅਤੇ ਉਨ੍ਹਾਂ ਦੇ ਵਫ਼ਾਦਾਰ ਸਾਥੀ ਕੁੱਤੇ ਅਲੋਕਾ ਨੇ ਲੱਖਾਂ ਲੋਕਾਂ ਦਾ ਧਿਆਨ ਖਿੱਚਿਆ ਹੈ। ਜਾਪਦਾ ਹੈ ਕਿ ਉਨ੍ਹਾਂ ਦੇ ਕਦਮਾਂ ਦੀ ਸ਼ਾਂਤ ਤਾਲ ਵਿੱਚ ਬਹੁਤ ਸਾਰੇ ਅਮਰੀਕੀ ਲੋਕ ਇਸ ਸੁਨੇਹੇ ਨੂੰ ਮਹਿਸੂਸ ਕਰ ਰਹੇ ਹਨ ਕਿ ਸ਼ਾਂਤੀ ਸਿਰਫ਼ ਟਕਰਾਅ ਦੀ ਅਣਹੋਂਦ ਨਹੀਂ ਹੈ ਸਗੋਂ ਇਹ ਤਾਂ ਆਮ ਦਿਨਾਂ ’ਚ ਦਿਖਾਈ ਗਈ ਦਇਆ ਜਾਂ ਰਹਿਮਦਿਲੀ ਹੈ।
ਇਸ ਯਾਤਰਾ ਦੀ ਖ਼ਾਸ ਗੱਲ ਇਹ ਹੈ ਕਿ ਅਸੀਂ ਪੂਰਬ ਦੀ ਪਰੰਪਰਾ ਵਿੱਚ ਪਏ ਅਮਨ ਸ਼ਾਂਤੀ ਜਾਂ ਸਦਭਾਵਨਾ ਦੇ ਸਦੀਵੀ ਸਿਧਾਂਤਾਂ ਨੂੰ ਅੱਜ ਪੱਛਮੀ ਦੇਸ਼ਾਂ ਵਿੱਚ ਪੁਨਰ ਜਨਮ ਲੈਂਦਿਆਂ ਦੇਖ ਰਹੇ ਹਾਂ। ਉਨ੍ਹਾਂ ਦੀ ਪੁਨਰ ਵਿਆਖਿਆ ਹੁੰਦੀ ਦੇਖ ਰਹੇ ਹਾਂ। ਆਸ ਕਰਦੇ ਹਾਂ ਇਨ੍ਹਾਂ ਸਾਧਾਰਨ ਦਿੱਖ ਵਾਲੇ ਭਿੱਖੂਆਂ ਰਾਹੀਂ ਸਮੁੱਚੀ ਮਨੁੱਖਤਾ ਨੂੰ ਸਰਬ ਸਾਂਝੀਵਾਲਤਾ ਦੀ ਭਾਵਨਾ ਦਾ ਅਹਿਸਾਸ ਹੋਵੇਗਾ ਅਤੇ ਸਮੁੱਚੀ ਮਨੁੱਖਤਾ ਤੱਕ ਅਮਨ ਸ਼ਾਂਤੀ ਦਾ ਸੁਨੇਹਾ ਪੁੱਜਦਾ ਹੋਵੇਗਾ।
ਸੰਪਰਕ: +81 90596-68670 (ਵੱਟਸਐਪ)

