ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ।।

ਅਪਰੇਸ਼ਨ ਕੋਇੰਟਲਪ੍ਰੋ

ਅਪਰੇਸ਼ਨ ਕੋਇੰਟਲਪ੍ਰੋ

ਸਵਰਾਜਬੀਰ

ਦੇਸ਼ ਦੇ ਇਕ ਹਜ਼ਾਰ ਲੋਕਾਂ, ਜਿਨ੍ਹਾਂ ਵਿਚ ਚਿੰਤਕ, ਸਾਬਕਾ ਉੱਚ ਅਧਿਕਾਰੀ, ਸਮਾਜਿਕ ਕਾਰਕੁਨ, ਵਿੱਦਿਅਕ ਅਦਾਰਿਆਂ ਵਿਚ ਪੜ੍ਹਾਉਣ ਵਾਲੇ ਵਿਦਵਾਨ, ਕਲਾਕਾਰ, ਲੇਖਕ ਸ਼ਾਮਲ ਹਨ, ਨੇ ਸ਼ੁੱਕਰਵਾਰ ਕੇਂਦਰੀ ਸਰਕਾਰ ਨੂੰ ਖੁੱਲ੍ਹੀ ਚਿੱਠੀ ਲਿਖੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਦਿੱਲੀ ਪੁਲੀਸ ਦਾ ਇਹ ਕਹਿਣਾ ਕਿ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ  ਸਮਾਜਿਕ ਕਾਰਕੁਨ ਫਰਵਰੀ ਵਿਚ ਦਿੱਲੀ ਵਿਚ ਹੋਈ  ਹਿੰਸਾ ਦੀ ਸਾਜ਼ਿਸ਼ ’ਚ ਸ਼ਾਮਲ ਸਨ, ਆਪਣੇ ਆਪ ਵਿਚ ਇਕ ਤਰ੍ਹਾਂ ਦੀ ਸਰਕਾਰੀ ਸਾਜ਼ਿਸ਼ ਹੈ। ਇਨ੍ਹਾਂ ਸਮਾਜਿਕ ਕਾਰਕੁਨਾਂ ਜਿਨ੍ਹਾਂ ਵਿਚ ਹਰਸ਼ ਮੰਦਰ, ਅਪੂਰਵਾਨੰਦ,  ਯੋਗੇਂਦਰ ਯਾਦਵ, ਰਾਮਚੰਦਰ ਗੁਹਾ, ਵਜਾਹਤ ਹਬੀਬੁੱਲਾ, ਜੋਇਆ ਹਸਨ, ਪਾਰਥਾ ਚੈਟਰਜੀ, ਜਯਤੀ ਘੋਸ਼ ਆਦਿ ਅਤੇ ਕਈ ਹੋਰ ਵਿਦਵਾਨ ਅਤੇ ਕਲਾਕਾਰ ਸ਼ਾਮਲ ਹਨ, ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਰਾਸ਼ਟਰੀ ਸਵੈਮਸੇਵਕ ਸੰਘ ਨਾਲ ਜੁੜੇ ਕਾਰਕੁਨਾਂ ਨੇ 11 ਮਾਰਚ ਨੂੰ ਦੇਸ਼ ਦੇ ਗ੍ਰਹਿ ਮੰਤਰੀ ਕੋਲ ਆਪਣੀ ‘ਰਿਪੋਰਟ’ ਪੇਸ਼ ਕੀਤੀ ਅਤੇ ਦਿੱਲੀ ਪੁਲੀਸ ਉਸ ‘ਰਿਪੋਰਟ’ ਅਨੁਸਾਰ ਕੰਮ ਕਰਦੀ ਹੋਈ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਫਰਵਰੀ 2020 ਵਿਚ ਹੋਏ ਦਿੱਲੀ ਦੇ ਦੰਗਿਆਂ ਲਈ ਜ਼ਿੰਮੇਵਾਰ ਠਹਿਰਾ ਰਹੀ ਹੈ। ਪ੍ਰਤੱਖ ਹੈ ਕਿ ਅਜਿਹਾ ਵਿਰੋਧ ਕਰਨ ਵਾਲਿਆਂ ਵਿਚ ਧਰਮ ਨਿਰਪੱਖਤਾ ਵਿਚ ਯਕੀਨ ਰੱਖਣ ਵਾਲੇ ਉਦਾਰਵਾਦੀਆਂ ਅਤੇ ਖੱਬੇ-ਪੱਖੀ ਸਮਾਜਿਕ ਕਾਰਕੁਨਾਂ ਨੇ ਵੱਡੀ ਭੂਮਿਕਾ ਨਿਭਾਈ। ਇਨ੍ਹਾਂ ਕੇਸਾਂ ਦੀ ਤਫ਼ਤੀਸ਼ ਦਿੱਲੀ ਪੁਲੀਸ ਕਰ ਰਹੀ ਹੈ।

ਇਸੇ ਤਰ੍ਹਾਂ 2018 ਦੇ ਭੀਮਾ-ਕੋਰੇਗਾਉਂ ਕੇਸ ਵਿਚ ਦੇਸ਼ ਦੇ ਉੱਘੇ ਚਿੰਤਕਾਂ, ਕਾਰਕੁਨਾਂ, ਵਕੀਲਾਂ, ਕਵੀਆਂ, ਵਿਦਵਾਨਾਂ ਜਿਨ੍ਹਾਂ ਵਿਚ ਵਰਵਰਾ ਰਾਓ, ਸੁਧਾ ਭਾਰਦਵਾਜ, ਆਨੰਦ ਤੈਲਤੁੰਬੜੇ, ਗੌਤਮ ਨਵਲੱਖਾ, ਸੁਰਿੰਦਰ ਗੈਡਲਿੰਗ, ਰੋਨਾ ਵਿਲਸਨ, ਮਹੇਸ਼ ਰਾਉਤ ਅਤੇ ਹੋਰ ਸ਼ਾਮਲ ਹਨ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਵਰਵਰਾ ਰਾਓ ਤੇਲਗੂ ਭਾਸ਼ਾ ਦਾ ਪ੍ਰਮੁੱਖ ਕਵੀ ਹੈ ਅਤੇ ਸੁਧਾ ਭਾਰਦਵਾਜ ਮਸ਼ਹੂਰ ਅਰਥ ਸ਼ਾਸਤਰੀ ਕ੍ਰਿਸ਼ਨਾ ਭਾਰਦਵਾਜ ਦੀ ਧੀ ਅਤੇ ਜਮਹੂਰੀ ਹੱਕਾਂ ਦੀ ਕਾਰਕੁਨ ਹੈ। ਡਾ. ਬੀਆਰ ਅੰਬੇਦਕਰ ਦੇ ਪਰਿਵਾਰ ਨਾਲ ਸਬੰਧਿਤ ਆਨੰਦ ਤੈਲਤੁੰਬੜੇ ਮੈਨੇਜਮੈਂਟ ਦੇ ਵਿਸ਼ੇ ਦਾ ਪ੍ਰੋਫ਼ੈਸਰ ਰਿਹਾ ਹੈ। ਬਾਕੀ ਦੇ ਲੋਕ ਵੀ ਸਮਾਜਿਕ ਕਾਰਕੁਨ, ਵਿਦਵਾਨ ਅਤੇ ਵਕੀਲ ਹਨ। ਉਨ੍ਹਾਂ ਕਦੇ ਕਿਸੇ ਹਿੰਸਕ ਕਾਰਵਾਈ ਵਿਚ ਹਿੱਸਾ ਨਹੀਂ ਲਿਆ। ਰਿਆਸਤ/ਸਰਕਾਰ ਨਾਲ ਸਬੰਧਿਤ ਤੱਤਾਂ ਨੇ ਇਨ੍ਹਾਂ ਕਾਰਕੁਨਾਂ ਨੂੰ ‘ਸ਼ਹਿਰੀ ਨਕਸਲੀ’, ‘ਟੁਕੜੇ ਟੁਕੜੇ ਗੈਂਗ’ ਅਤੇ ‘ਦੇਸ਼-ਧਰੋਹੀ’ ਕਿਹਾ ਹੈ। ਕੀ ਕੋਈ ਕਲਪਨਾ ਵੀ ਕਰ ਸਕਦਾ ਹੈ ਕਿ ਵਰਵਰਾ ਰਾਓ ਜਿਹਾ ਕਵੀ ਜਾਂ ਆਨੰਦ ਤੈਲਤੁੰਬੜੇ ਜਿਹਾ ਵਿਦਵਾਨ ਕਿਸੇ ਸਿਆਸੀ ਸ਼ਖ਼ਸੀਅਤ ਨੂੰ ਕਤਲ ਕਰਨ ਦੀ ਸਾਜ਼ਿਸ਼ ਵਿਚ ਸ਼ਾਮਲ ਹੋ ਸਕਦਾ ਹੈ। ਗ੍ਰਿਫ਼ਤਾਰ ਕੀਤੇ ਗਏ ਬਾਕੀ ਲੋਕਾਂ ਬਾਰੇ ਵੀ ਇਹੀ ਗੱਲ ਕਹੀ ਜਾ ਸਕਦੀ ਹੈ ਅਤੇ ਹੁਣ ਵੀ ਦਿੱਲੀ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ, ਕਲਾਕਾਰਾਂ ਅਤੇ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕਾਂ ਵਿਚ ਸਾਂਝੀ ਤੰਦ ਇਹ ਹੈ ਕਿ ਉਹ ਖੱਬੇ-ਪੱਖੀ ਅਤੇ ਉਦਾਰਵਾਦੀ ਵਿਚਾਰ ਰੱਖਣ ਵਾਲੇ ਹਨ। ਇਸ ਕੇਸ ਦੀ ਤਫ਼ਤੀਸ਼ ਕੌਮੀ ਜਾਂਚ ਏਜੰਸੀ (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ-ਐੱਨਆਈਏ) ਕਰ ਰਹੀ ਹੈ।

ਸਵਾਲ ਉੱਠਦਾ ਹੈ ਕਿ ਰਿਆਸਤ/ਸਟੇਟ/ਸਰਕਾਰ ਖੱਬੇ-ਪੱਖੀ, ਉਦਾਰਵਾਦੀ ਅਤੇ ਜਮਹੂਰੀ ਵਿਚਾਰ ਰੱਖਣ ਵਾਲੇ ਵਿਦਵਾਨਾਂ ਤੇ ਕਾਰਕੁਨਾਂ ਨੂੰ ਨਿਸ਼ਾਨਾ ਕਿਉਂ ਬਣਾ ਰਹੀ ਹੈ? ਕੀ ਅਜਿਹਾ ਵਰਤਾਰਾ ਪਹਿਲਾਂ ਵੀ ਕਿਸੇ ਦੇਸ਼ ਵਿਚ ਵਾਪਰਿਆ ਹੈ? ਇਸ ਦਾ ਜਵਾਬ ‘ਹਾਂ’ ਵਿਚ ਹੈ ਅਤੇ ਇਸ ਸਬੰਧ ਵਿਚ ਕਈ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ। ਹੇਠ ਦਿੱਤੀ ਗਈ ਉਦਾਹਰਨ ਅਮਰੀਕਾ ਦੀ ਹੈ।

ਅਮਰੀਕਾ ਦੀ ਕਹਾਣੀ

ਅਮਰੀਕਾ ਵਿਚ 1940ਵਿਆਂ ਅਤੇ 1950ਵਿਆਂ ਵਿਚ ਖੱਬੇ-ਪੱਖੀਆਂ ਦਾ ਵਿਰੋਧ ਸਿਖ਼ਰਾਂ ’ਤੇ ਸੀ। ਅਮਰੀਕਨ ਸੰਸਦ ਨੇ ਅਮਰੀਕਾ ਵਿਰੋਧੀ ਅਨਸਰਾਂ ਦੀ ਪਛਾਣ ਕਰਨ ਲਈ ‘ਹਾਊਸ ਕਮੇਟੀ ਔਨ ਅਨਅਮਰੈਕਿਨ ਐਕਟੀਵਿਟੀਜ਼’ 1938 ਵਿਚ ਬਣਾਈ ਅਤੇ ਇਸ ਦਾ ਮੁੱਖ ਕੰਮ ਕਮਿਊਨਿਸਟ ਤੇ ਫਾਸ਼ੀਵਾਦੀ ਜਥੇਬੰਦੀਆਂ ’ਤੇ ਨਜ਼ਰ ਰੱਖਣਾ ਸੀ। ਇਸ ਕਮੇਟੀ ਦਾ ਦਰਜਾ 1945 ਵਿਚ ਹੋਰ ਉੱਚਾ ਚੁੱਕ ਕੇ ਇਸ ਨੂੰ ਸਥਾਈ ਕਮੇਟੀ/ਸਟੈਂਡਿੰਗ ਕਮੇਟੀ (Standing Committee) ਬਣਾ ਦਿੱਤਾ ਗਿਆ। ਇਨ੍ਹਾਂ ਸਮਿਆਂ ਵਿਚ ਤਿੰਨ ਮੁੱਖ ਵਰਤਾਰੇ ਵਾਪਰੇ: ਪਹਿਲਾ, ਇਸ ਕਮੇਟੀ ਦੁਆਰਾ ਖੱਬੇ-ਪੱਖੀਆਂ ਅਤੇ ਖ਼ਾਸ ਕਰ ਕੇ ਅਮਰੀਕਨ ਫ਼ਿਲਮਾਂ (ਹਾਲੀਵੁੱਡ) ਵਿਚ ਕੰਮ ਕਰਦੇ ਕਲਾਕਾਰਾਂ ਤੇ ਲੇਖਕਾਂ ਨੂੰ ਨਿਸ਼ਾਨਾ ਬਣਾਉਣਾ; ਦੂਸਰਾ, 1950 ਵਿਚ ਸੈਨੇਟਰ ਜੋਸਫ਼ ਮੈਕਾਰਥੀ ਨੇ ਇਕ ਬਿਆਨ ਵਿਚ ਦੇਸ਼ ਦੇ ਸਟੇਟ ਵਿਭਾਗ (State Department) ਵਿਚ 205 ਕਮਿਊਨਿਸਟਾਂ ਦੇ ਹੋਣ ਅਤੇ ਵੱਖ ਵੱਖ ਸਰਕਾਰੀ ਅਧਿਕਾਰੀਆਂ, ਦਾਨਿਸ਼ਵਰਾਂ ਤੇ ਕਲਾਕਾਰਾਂ ਦੇ ਕਮਿਊਨਿਸਟਾਂ ਨਾਲ ਸਬੰਧ ਵਧਾ-ਚੜ੍ਹਾ ਕੇ ਦੱਸਣਾ; ਤੀਸਰਾ, ਦੇਸ਼ ਦੀ ਕੇਂਦਰੀ ਜਾਂਚ ਏਜੰਸੀ (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਵੱਲੋਂ ਕਮਿਊਨਿਸਟਾਂ, ਜਮਹੂਰੀ ਹੱਕਾਂ ਅਤੇ ਸਿਆਹਫ਼ਾਮ ਲੋਕਾਂ ਦੀਆਂ ਜਥੇਬੰਦੀਆਂ ਬਾਰੇ ਜਾਸੂਸੀ ਕਰਨਾ। ਇਨ੍ਹਾਂ ਸਭ ਦੀਆਂ ਕਾਰਵਾਈਆਂ ਕਾਰਨ ਦੇਸ਼ ਵਿਚ ਕਮਿਊਨਿਸਟ ਵਿਰੋਧ ਸਿਖ਼ਰਾਂ ’ਤੇ ਪਹੁੰਚਿਆ ਅਤੇ ਇਸ ਵਰਤਾਰੇ ਨੂੰ ਕਈ ਵਾਰ ਮੈਕਾਰਥੀਵਾਦ (MacCarthyism) ਵੀ ਕਿਹਾ ਜਾਂਦਾ ਹੈ ਪਰ ਇਹ ਲੇਖ ਮੁੱਖ ਤੌਰ ’ਤੇ ਐੱਫਬੀਆਈ ਦੀਆਂ ਗਤੀਵਿਧੀਆਂ ਬਾਰੇ ਹੈ।

ਸਟੈਂਡਿੰਗ/ਸਥਾਈ ਕਮੇਟੀ ਅਤੇ ਐੱਫ਼ਬੀਆਈ ਵੱਲੋਂ ਅਮਰੀਕਾ ਵਿਚ ਕਮਿਊਨਿਸਟਾਂ, ਜਮਹੂਰੀ ਅਧਿਕਾਰਾਂ ਦੇ ਖੇਤਰ ਵਿਚ ਕੰਮ ਕਰਦੇ ਕਾਰਕੁਨਾਂ ਅਤੇ ਸਿਆਹਫ਼ਾਮ ਲੋਕਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।     ਹਜ਼ਾਰਾਂ ਲੋਕਾਂ ਬਾਰੇ ਤਫ਼ਤੀਸ਼ ਹੋਈ, ਸੈਂਕੜੇ ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ, ਸੰਸਦੀ ਕਮੇਟੀ ਸਾਹਮਣੇ ਬੁਲਾਇਆ ਗਿਆ ਅਤੇ ਬਹੁਤ ਸਾਰਿਆਂ ਨੂੰ ਨੌਕਰੀਆਂ ’ਚੋਂ ਕੱਢਿਆ ਗਿਆ। ਲੋਕਾਂ ’ਚ ਅਨਿਸ਼ਚਿਤਤਾ ਅਤੇ ਬੇਭਰੋਸਗੀ ਦਾ ਮਾਹੌਲ ਸੀ। ਹਰ ਕਿਸੇ ’ਤੇ ਸ਼ੱਕ ਕੀਤਾ ਜਾ ਰਿਹਾ ਸੀ, ਕਿਸੇ ਨੂੰ ਵੀ ਅਨਅਮਰੈਕਿਨ, ਭਾਵ ਦੇਸ਼-ਧਰੋਹੀ ਕਰਾਰ ਦਿੱਤਾ ਜਾ ਸਕਦਾ ਸੀ। 300 ਤੋਂ ਵੱਧ ਕਲਾਕਾਰਾਂ ਨੂੰ ਬਲੈਕਲਿਸਟ ਕੀਤਾ ਗਿਆ। ਚਾਰਲੀ ਚੈਂਪਲਿਨ, ਪਾਲ ਰੌਬਿਨਸਨ (ਮਸ਼ਹੂਰ ਗਾਇਕ), ਓਰਸੈਨ ਵੈੱਲਜ਼ (ਮਸ਼ਹੂਰ ਫ਼ਿਲਮਸਾਜ਼) ਅਤੇ ਕਈ ਹੋਰ ਜਾਂ ਤਾਂ ਅਮਰੀਕਾ ਹੀ ਛੱਡ ਗਏ ਜਾਂ ਅੰਡਰਗਰਾਊਂਡ ਹੋ ਗਏ।

ਗੁਪਤ ਨਾਗਰਿਕ ਕਮਿਸ਼ਨ

1971 ਵਿਚ 8 ਅਮਰੀਕਨਾਂ ਜਿਨ੍ਹਾਂ ਵਿਚ 2 ਪ੍ਰੋਫ਼ੈਸਰ ਵੀ ਸ਼ਾਮਲ ਸਨ, ਨੇ ਇਕ ਨਿੱਜੀ ਅਤੇ ਗੁਪਤ ਨਾਗਰਿਕ ਕਮਿਸ਼ਨ (Citizens Commission) ਕਾਇਮ ਕੀਤਾ। ਇਨ੍ਹਾਂ ਲੋਕਾਂ ਜਿਨ੍ਹਾਂ ਵਿਚ ਤਿੰਨ ਬੱਚਿਆਂ ਦੀ ਮਾਂ ਵੀ ਸੀ, ਨੇ ਅਜਬ ਫ਼ੈਸਲਾ ਕੀਤਾ: ਫ਼ੈਸਲਾ ਸੀ ਕਿ ਐੱਫ਼ਬੀਆਈ ਦੇ ਸਥਾਨਕ ਦਫ਼ਤਰ ਦਾ ਤਾਲਾ ਤੋੜ ਕੇ ਦਸਤਾਵੇਜ਼ ਚੋਰੀ ਕੀਤੇ ਜਾਣ ਤਾਂ ਕਿ ਇਹ ਵੇਖਿਆ ਜਾ ਸਕੇ ਕਿ ਐੱਫ਼ਬੀਆਈ ਕੀ ਕਰ ਰਹੀ ਹੈ; ਜਮਹੂਰੀਅਤ ਨਾਲ ਖਿਲਵਾੜ ਕਿਉਂ ਅਤੇ ਕਿਵੇਂ ਕੀਤਾ ਜਾ ਰਿਹਾ ਹੈ? ਇਹ ਲੋਕ ਦੇਸ਼ ਵਿਚ ਵੀਅਤਨਾਮ ਜੰਗ ਦੇ ਵਿਰੁੱਧ ਚੱਲ ਰਹੇ ਅੰਦੋਲਨਾਂ ਨਾਲ ਜੁੜੇ ਹੋਏ ਸਨ।

ਇਹ ਮਾਰਚ 9, 1971 ਦੀ ਸ਼ਾਮ/ਰਾਤ ਹੈ। ਨਿਊ ਯਾਰਕ ਦੇ ਮੈਡੀਸਨ ਸਕੁਏਅਰ ਵਿਚ ਬਾਕਸਿੰਗ ਦੀ ਵਿਸ਼ਵ ਚੈਂਪੀਅਨਸ਼ਿਪ ਲਈ ਮੁਹੰਮਦ ਅਲੀ (ਕੈਸ਼ੀਅਸ ਕਲੇ) ਅਤੇ ਜੌਹਨ ਫਰੇਜ਼ਰ ਵਿਚ ਬਾਕਸਿੰਗ ਮੈਚ ਹੋਣਾ ਹੈ। ਇਸ ਨੂੰ ਸਦੀ ਦੀ ਲੜਾਈ (Fight of the Century) ਕਿਹਾ ਜਾ ਰਿਹਾ ਹੈ। ਵੱਡੇ ਵੱਡੇ ਫ਼ਿਲਮੀ ਸਿਤਾਰਿਆਂ ਨੂੰ ਮੈਚ ਦੀਆਂ ਟਿਕਟਾਂ ਨਹੀਂ ਮਿਲੀਆਂ। ਲੋਕਾਂ ਦੀਆਂ ਭੀੜਾਂ ਹਨ। 

ਉਸ ਰਾਤ ਕੁਝ ਹੋਰ ਇਤਿਹਾਸਕ ਵੀ ਹੁੰਦਾ ਹੈ। ਇਸ ਸਵੈ-ਸਿਰਜੇ ਨਾਗਰਿਕ ਕਮਿਸ਼ਨ ਦੇ ਮੈਂਬਰ ਫਿਲਾਡੈਲਫੀਆ ਦੇ ਨਜ਼ਦੀਕ ਐੱਫ਼ਬੀਆਈ ਦੇ ਦਫ਼ਤਰ ਵਿਚ ਦਾਖ਼ਲ ਹੁੰਦੇ ਹਨ। ਉਹ ਉੱਥੋਂ ਦਸਤਾਵੇਜ਼ ਚੋਰੀ ਕਰ ਲੈਂਦੇ ਹਨ। ਐੱਫ਼ਬੀਆਈ ਦੇ ਏਜੰਟ ਚੱਪੇ ਚੱਪੇ ’ਤੇ ਉਨ੍ਹਾਂ ਨੂੰ ਲੱਭਣ ਨਿਕਲਦੇ ਹਨ। ਐੱਫ਼ਬੀਆਈ ਦਾ ਡਾਇਰੈਕਟਰ ਐਡਗਰ ਜੀ ਹੂਵਰ ਅਤਿਅੰਤ ਗੁੱਸੇ ਵਿਚ ਹੈ; ਉਹ ਇਸ ਏਜੰਸੀ ਦਾ ਬਾਨੀ ਤੇ ਸਭ ਤੋਂ ਤਾਕਤਵਰ ਡਾਇਰੈਕਟਰ ਰਿਹਾ ਹੈ ਅਤੇ 1935 ਤੋਂ ਇਸ ਪਦਵੀ ’ਤੇ ਹੈ। ਕੋਈ ਅਮਰੀਕਨ ਰਾਸ਼ਟਰਪਤੀ ਉਸ ਨੂੰ ਇਸ ਪਦਵੀ ਤੋਂ ਹਿਲਾ ਨਹੀਂ ਸਕਿਆ। ਐੱਫ਼ਬੀਆਈ ਪੂਰਾ ਤਾਣ ਲਾਉਂਦੀ ਹੈ ਪਰ ਕਮਿਸ਼ਨ ਦਾ ਕੋਈ ਮੈਂਬਰ ਗ੍ਰਿਫ਼ਤਾਰ ਨਹੀਂ ਕਰ ਸਕਦੀ।

ਅਪਰੇਸ਼ਨ ਕੋਇੰਟਲਪ੍ਰੋ ਬੇਪਰਦ ਹੋਣਾ

ਅਤੇ ਸੈਨੇਟ ਦੀ ਚਰਚ ਕਮੇਟੀ

ਸਿਟੀਜ਼ਨ ਕਮਿਸ਼ਨ ਦੇ ਮੈਂਬਰਾਂ ਨੂੰ ਦਸਤਾਵੇਜ਼ਾਂ ’ਚੋਂ ਇਕ ਅਹਿਮ ਦਸਤਾਵੇਜ਼ ਲੱਭਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਐੱਫ਼ਬੀਆਈ 1956 ਤੋਂ ਵਿਸ਼ੇਸ਼ ਪ੍ਰੋਗਰਾਮ ‘ਕੋਇੰਟਲਪ੍ਰੋ’ ਚਲਾ ਰਹੀ ਹੈ ਜਿਸ ਦਾ ਟੀਚਾ ‘‘ਉਨ੍ਹਾਂ ਜਥੇਬੰਦੀਆਂ, ਜਨਤਕ ਲਹਿਰਾਂ ਅਤੇ ਕਾਰਕੁਨਾਂ ਨੂੰ ਨਿਸ਼ਾਨਾ ਬਣਾਉਣਾ ਹੈ ਜਿਹੜੇ ਖੱਬੇ-ਪੱਖੀ ਵਿਚਾਰਾਂ ਵਾਲੇ ਹਨ।’’ ਕੋਇੰਟਲਪ੍ਰੋ ਦਾ ਮਤਲਬ ਹੈ ‘ਕਾਊਂਟਰ ਇੰਟੈਲੀਜੈਂਸ ਪ੍ਰੋਗਰਾਮ’ (Counter Intelligence Programme)।

ਸਿਟੀਜ਼ਨ ਕਮਿਸ਼ਨ ਦੇ ਮੈਂਬਰ ਇਹ ਕਾਗਜ਼ਾਤ ‘ਵਾਸ਼ਿੰਗਟਨ ਪੋਸਟ’ ਦੀ ਪੱਤਰਕਾਰ ਬੈਟੀ ਮੈਡਸਗਰ (Betty Medsger) ਤਕ ਪਹੁੰਚਾ ਦਿੰਦੇ ਹਨ। ‘ਵਾਸ਼ਿੰਗਟਨ ਪੋਸਟ’ ਦਾ ਐਗਜ਼ੈਕਵਿਟ ਐਡੀਟਰ ਬੈਨ ਬਰੈਡਲੀ ਜ਼ੋਰ ਦਿੰਦਾ ਹੈ ਕਿ ਦਸਤਾਵੇਜ਼ ਪ੍ਰਕਾਸ਼ਿਤ ਕੀਤੇ ਜਾਣ। ਦਸਤਾਵੇਜ਼ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਬਾਅਦ ਵਿਚ ਸੈਨੇਟਰ ਫਰੈਂਕ ਚਰਚ (Franck Church) ਦੀ ਅਗਵਾਈ ਵਿਚ ਕਮੇਟੀ ਬਣਾਈ ਜਾਂਦੀ ਹੈ ਜਿਸ ਨੂੰ ਇਹ ਕੰਮ ਦਿੱਤਾ ਜਾਂਦਾ ਹੈ ਕਿ ਉਹ ਇਹ ਤਫ਼ਤੀਸ਼ ਕਰੇ ਕਿ ਕਿਵੇਂ ਐੱਫ਼ਬੀਆਈ (FBI), ਸੀਆਈਏ (CIA), ਨੈਸ਼ਨਲ ਸਕਿਓਰਿਟੀ ਏਜੰਸੀ (NSA), ਇੰਟਰਨਲ ਰੈਵੀਨਿਊ ਸਰਵਿਸਿਜ਼ (IRS) ਆਦਿ ਏਜੰਸੀਆਂ ਨੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਅਮਰੀਕੀ ਨਾਗਰਿਕਾਂ ਦੇ ਮਨੁੱਖੀ ਹੱਕਾਂ ਦਾ ਘਾਣ ਕੀਤਾ।

ਇਸ ਸਭ ਕੁਝ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਇਨ੍ਹਾਂ ਏਜੰਸੀਆਂ ਨੇ ਖੱਬੇ-ਪੱਖੀਆਂ, ਵੀਅਤਨਾਮ ਜੰਗ ਦਾ ਵਿਰੋਧ ਕਰਨ ਵਾਲਿਆਂ, ਸਿਆਹਫ਼ਾਮ ਲੋਕਾਂ ਦੇ ਹੱਕਾਂ ਲਈ ਲੜਨ ਵਾਲਿਆਂ ਦੀ ਜਾਸੂਸੀ ਕੀਤੀ, ਉਨ੍ਹਾਂ ਨੂੰ ਝੂਠੇ ਮੁਕੱਦਮਿਆਂ ਵਿਚ ਫਸਾਇਆ; ਕਿਵੇਂ ਸੀਆਈਏ ਨੇ ਕਾਂਗੋ ਦੇ ਪ੍ਰਧਾਨ ਮੰਤਰੀ ਪੈਟਰਿਸ ਲੰਮੂਬਾ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਮਾਰਨ ਵਿਚ ਭੂਮਿਕਾ ਨਿਭਾਈ; ਕਿਵੇਂ ਐੱਫ਼ਬੀਆਈ ਨੇ ਸਿਆਹਫ਼ਾਮ ਲੋਕਾਂ ਦੇ ਆਗੂ       ਮਾਰਟਿਨ ਲੂਥਰ ਕਿੰਗ ਜੂਨੀਅਰ ਨੂੰ ਉਸ ਦੀ ਨਿੱਜੀ  ਜ਼ਿੰਦਗੀ ਬਾਰੇ ਖੁਲਾਸੇ ਕਰਨ ਦਾ ਡਰ ਦੇ ਕੇ ਉਸ ਨੂੰ ਖ਼ੁਦਕੁਸ਼ੀ ਕਰਨ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ। ਐੱਫ਼ਬੀਆਈ ਨੇ ਉਸ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖਿਆ ਪੱਤਰ ਵੀ ਆਪੇ ਹੀ ਬਣਾ ਲਿਆ। ਬਾਅਦ ਵਿਚ 4 ਅਪਰੈਲ 1968 ਨੂੰ ਮਾਰਟਿਨ ਲੂਥਰ ਕਿੰਗ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਐੱਫ਼ਬੀਆਈ ਦੇ ਡਾਇਰੈਕਟਰ ਐਡਗਰ ਹੂਵਰ ਨੇ 1970 ਵਿਚ ਲਿਖਿਆ, ‘‘ਅਮਰੀਕਾ ਦੀ ਕਮਿਊਨਿਸਟ ਪਾਰਟੀ ਸਾਡੇ ਨੌਜਵਾਨਾਂ ਦੇ ਦਿਲਾਂ ਅਤੇ ਰੂਹਾਂ ਨੂੰ ਚੁਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।’’

ਕੀ ਭਾਰਤ ਵਿਚ ਕੋਇੰਟਲਪ੍ਰੋ ਜਿਹਾ

ਅਪਰੇਸ਼ਨ ਕੀਤਾ ਜਾ ਰਿਹੈ?

ਕੀ ਭਾਰਤ ਦੀਆਂ ਪੁਲੀਸ ਫੋਰਸਾਂ ਅਤੇ ਤਫ਼ਤੀਸ਼ ਕਰਨ ਵਾਲੀਆਂ ਏਜੰਸੀਆਂ ਕੋਲ ਐੱਫ਼ਬੀਆਈ ਦੀ ਕੋਇੰਟਲਪ੍ਰੋ ਵਰਗਾ ਖੱਬੇ-ਪੱਖੀ ਵਿਰੋਧੀ ਪ੍ਰੋਗਰਾਮ ਜਾਂ ਅਪਰੇਸ਼ਨ ਹੈ (ਘੱਟੋ-ਘੱਟ ਹੂਵਰ ਨੇ ਅਜਿਹਾ ਪ੍ਰੋਗਰਾਮ ਲਿਖ਼ਤੀ ਰੂਪ ਵਿਚ ਬਣਾਇਆ ਸੀ)? ਪੁਲੀਸ ਫੋਰਸਾਂ ਅਤੇ ਤਫ਼ਤੀਸ਼ ਏਜੰਸੀਆਂ ਹੁਣ ਜ਼ਿਆਦਾ ਚਲਾਕ ਹਨ। ਅਜਿਹੇ ਪ੍ਰੋਗਰਾਮਾਂ ਜਾਂ ਅਪਰੇਸ਼ਨਾਂ ਨੂੰ ਲਿਖ਼ਤੀ ਰੂਪ ਦੇਣ ਦੀ ਕੋਈ ਜ਼ਰੂਰਤ ਨਹੀਂ। ਇਹ ਹੁਕਮ ਜ਼ੁਬਾਨੀ ਦਿੱਤੇ ਜਾਂਦੇ ਹਨ ਅਤੇ ਇਨ੍ਹਾਂ ’ਤੇ ਅਮਲ ਕੀਤਾ ਜਾਂਦਾ ਹੈ। ਅਮਰੀਕਾ ਦੀ ਉਦਾਹਰਨ ਤੋਂ ਸਪੱਸ਼ਟ ਹੈ ਕਿ ਐਡਗਰ ਜੀ ਹੂਵਰ ਜਿਹੇ ਆਦਮੀ ਕਿਸੇ ਖਲਾਅ ਵਿਚੋਂ ਪੈਦਾ ਨਹੀਂ ਹੁੰਦੇ; ਬਾਕੀ ਲੋਕਾਂ ਵਾਂਗ ਹੂਵਰ ਵੀ ਉਹਦੇ ਸਮੇਂ ਵਿਚ ਅਮਰੀਕਾ ਵਿਚ ਪੈਦਾ ਕੀਤੇ ਗਏ ਜ਼ਹਿਰੀਲੇ ਸਿਆਸੀ ਅਤੇ ਬੌਧਿਕ ਮਾਹੌਲ, ਜਿਸ ਵਿਚ ਕਮਿਊਨਿਸਟਾਂ, ਹੋਰ ਖੱਬੇ-ਪੱਖੀਆਂ ਅਤੇ ਜਮਹੂਰੀ ਹੱਕਾਂ ਲਈ ਲੜਨ ਵਾਲਿਆਂ ਨੂੰ ਸਾਰੀ ਦੁਨੀਆਂ ਅਤੇ ਖ਼ਾਸ ਕਰ ਕੇ ਅਮਰੀਕਾ ਲਈ ਵੱਡਾ ਖ਼ਤਰਾ ਬਣਾ ਕੇ ਪੇਸ਼ ਕੀਤਾ ਗਿਆ, ਦੀ ਪੈਦਾਇਸ਼ ਸੀ। ਇਸ ਤਰ੍ਹਾਂ ਸਾਡੇ ਦੇਸ਼ ਦੀਆਂ ਵੱਖ ਵੱਖ ਪੁਲੀਸ ਫੋਰਸਾਂ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਬਣਾਏ ਜਾ ਰਹੇ ਬਿਰਤਾਂਤ ਸਾਡੇ ਦੇਸ਼ ਵਿਚ ਬਣਾਏ ਗਏ ਜ਼ਹਿਰੀਲੇ ਸਿਆਸੀ ਅਤੇ ਬੌਧਿਕ ਮਾਹੌਲ ਦੀ ਪੈਦਾਇਸ਼ ਹਨ। ਇਹ ਏਜੰਸੀਆਂ ਇਸ ਮਾਹੌਲ ਨੂੰ ਬਣਾਉਣ ਵਿਚ ਹੱਥ ਵਟਾ ਕੇ ਖੱਬੇ-ਪੱਖੀਆਂ, ਉਦਾਰਵਾਦੀਆਂ ਅਤੇ ਧਰਮ ਨਿਰਪੱਖ ਸੋਚ ਰੱਖਣ ਵਾਲਿਆਂ ਦੀਆਂ ਫਾਹੀਵਾਲ ਬਣ ਰਹੀਆਂ ਹਨ। ਇਨ੍ਹਾਂ ਲੋਕਾਂ ਨੂੰ ਦੇਸ਼ ਦੇ ਦੁਸ਼ਮਣ ਬਣਾ ਕੇ ਪੇਸ਼ ਕਰ ਕੇ ਮਾਹੌਲ ਨੂੰ ਜ਼ਹਿਰੀਲਾ ਬਣਾਇਆ ਜਾ ਰਿਹਾ ਹੈ ਅਤੇ ਸਾਨੂੰ ਇਹ ਜ਼ਹਿਰ ਖਾਣ ਦੀ ਆਦਤ ਪਾਈ ਜਾ ਰਹੀ ਹੈ। .

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All