ਪਰਮਾਣੂ ਊਰਜਾ ਅਤੇ ਜਲਵਾਯੂ

ਪਰਮਾਣੂ ਊਰਜਾ ਅਤੇ ਜਲਵਾਯੂ

ਡਾ. ਅਰੁਣ ਮਿੱਤਰਾ

ਡਾ. ਅਰੁਣ ਮਿੱਤਰਾ

ਸਕਾਟਲੈਂਡ ਦੇ ਨਗਰ ਗਲਾਸਗੋ ਵਿਖੇ ਸੀਓਪੀ-26 ਨਾਮ ਅਧੀਨ ਜਲਵਾਯੂ ਬਾਰੇ ਹੋਏ ਕਾਨਫਰੰਸ ਆਫ ਪਾਰਟੀਜ਼ ਸੰਮੇਲਨ ਵਿਚ ਦੁਨੀਆ ਵਿਚ ਜਲਵਾਯੂ ਪਰਿਵਰਤਨ ਦੇ ਨਾਂਹ-ਪੱਖੀ ਪ੍ਰਭਾਵ ਪੈਣ ਦੇ ਬਾਰੇ ਚਰਚਾ ਕੀਤੀ ਗਈ। ਇਸ ਵਿਚ ਅਨੇਕਾਂ ਸੁਝਾਅ ਵੀ ਦਿੱਤੇ ਗਏ। ਕੋਈ ਬਹੁਤ ਵੱਡੇ ਤੇ ਠੋਸ ਹਾਂ-ਪੱਖੀ ਫ਼ੈਸਲੇ ਤਾਂ ਭਾਵੇਂ ਨਹੀਂ ਹੋਏ ਪਰ ਦੁਨੀਆ ਵਿਚ ਜੋ ਜਲਵਾਯੂ ਦੀ ਹਾਲਤ ਬਣੀ ਪਈ ਹੈ, ਇਸ ਬਾਰੇ ਗੰਭੀਰਤਾ ਜ਼ਰੂਰ ਦੇਖਣ ਵਿਚ ਆਈ। ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਤਰਕਾਂ ਵਿਚ ਬਹੁਤ ਅੰਤਰ ਸੀ। ਵਿਕਾਸਸ਼ੀਲ ਦੇਸ਼ ਮੌਜੂਦਾ ਹਾਲਾਤ ਲਈ ਵਿਕਸਤ ਦੇਸ਼ਾਂ ਤੇ ਜਿ਼ੰਮੇਵਾਰੀ ਪਾਉਂਦੇ ਰਹੇ ਤੇ ਮੰਗ ਕੀਤੀ ਕਿ ਹੁਣ ਇਸ ਨੂੰ ਠੀਕ ਕਰਨ ਲਈ ਭਰਪਾਈ ਉਹੀ ਕਰਨ। ਦੂਜੇ ਪਾਸੇ ਵਿਕਸਤ ਦੇਸ਼ ਇਸ ਤੋਂ ਟਾਲਮਟੋਲ ਕਰਦੇ ਦਿਸੇ। ਭਾਰਤ ਨੇ 2070 ਤੱਕ ਦਾ ਨੈੱਟ ਜ਼ੀਰੋ ਦਾ ਟੀਚਾ ਮਿਥਣ ਦੀ ਗਲ ਆਖੀ।

ਦੁਨੀਆ ਦੇ ਵੱਖ ਵੱਖ ਇਲਾਕਿਆਂ ਵਿਚ ਕੁਦਰਤੀ ਆਫ਼ਤਾਂ ਵਿਚ ਵਾਧਾ ਹੋਇਆ ਹੈ। ਧਰਤੀ ਦੇ ਤਾਪਮਾਨ ਵਿਚ ਵਾਧੇ ਕਾਰਨ ਪਹਾੜਾਂ ਉੱਪਰ ਗਲੇਸ਼ੀਅਰ ਪਿਘਲਣ ਨਾਲ ਸਮੁੰਦਰ ਤਲ ਵਿਚ ਵਾਧਾ ਹੋਇਆ ਹੈ ਜਿਸ ਕਰਕੇ ਅਨੇਕਾਂ ਕੁਦਰਤੀ ਆਫ਼ਤਾਂ ਆਈਆਂ ਹਨ। ਇਸ ਕਿਸਮ ਦੀਆਂ ਕਾਨਫਰੰਸਾਂ ਪਹਿਲਾਂ ਵੀ ਹੋ ਚੁੱਕੀਆਂ ਹਨ ਅਤੇ ਇਹ ਉਨ੍ਹਾਂ ਕਾਨਫਰੰਸ ਦੀ ਲੜੀ ਵਜੋਂ ਹੀ ਹੋਈ ਹੈ। ਵਧ ਰਹੇ ਉਦਯੋਗੀਕਰਨ ਦੇ ਦੌਰਾਨ ਸਰਕਾਰਾਂ ਵੱਲੋਂ ਪੂਰੀ ਤਨਦੇਹੀ ਦੇ ਨਾਲ ਜਲਵਾਯੂ ਪਰਿਵਰਤਨ ਬਾਰੇ ਕਦਮ ਨਾ ਪੁੱਟੇ ਜਾਣ ਕਰਕੇ ਇਹ ਸੰਕਟ ਹੋਰ ਵੀ ਵਧਿਆ। ਇਹ ਵੀ ਹੁਣ ਸਾਹਮਣੇ ਆ ਗਿਆ ਹੈ ਕਿ ਫੌਜੀ ਕਾਰਵਾਈਆਂ ਕਾਰਨ ਕਾਰਬਨ ਨਿਕਾਸੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਜਲਵਾਯੂ ਪਰਿਵਰਤਨ ਹੋਰ ਵਧ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਇਸ ਕਾਨਫਰੰਸ ਵਿਚ ਹਥਿਆਰਾਂ ਦੀ ਦੌੜ, ਵਿਸ਼ੇਸ਼ਕਰ ਪਰਮਾਣੂ ਹਥਿਆਰਾਂ ਦੀ ਦੌੜ ਬਾਰੇ ਚਰਚਾ ਕੀਤੀ ਜਾਂਦੀ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਵਿਸ਼ੇ ਤੇ ਖਾਸ ਤਵੱਜੋ ਤਾਂ ਕੀ ਦੇਣੀ, ਉਲਟਾ ਕਈ ਦੇਸ਼ਾਂ ਨੇ ਕਾਰਬਨ ਘਟਾਉਣ ਲਈ ਕੋਲੇ ਆਦਿ ਦੀ ਵਰਤੋਂ ਦੀ ਬਜਾਇ ਪਰਮਾਣੂ ਊਰਜਾ ਨੂੰ ਵਾਜਬ ਬਦਲ ਦੱਸਿਆ।

ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਦੇ ਵਿਚ ਪਰਮਾਣੂ ਹਥਿਆਰਾਂ ਤੇ ਪਾਬੰਦੀ ਲਗਾਉਣ ਵਾਲੀ ਸੰਧੀ ਦੇ ਪਾਸ ਹੋਣ ਤੋਂ ਬਾਅਦ ਇਨ੍ਹਾਂ ਹਥਿਆਰਾਂ ਨੂੰ ਗ਼ੈਰ ਕਾਨੂੰਨੀ ਕਰਾਰ ਦੇਣ ਦੇ ਬਾਵਜੂਦ ਪਰਮਾਣੂ ਹਥਿਆਰਾਂ ਦੀ ਦੌੜ ਦੇ ਵਿਚ ਕੋਈ ਕਮੀ ਨਹੀਂ ਆ ਰਹੀ। ਇਸ ਕਰਕੇ ਜਲਵਾਯੂ ਪਰਿਵਰਤਨ ਦਾ ਖ਼ਤਰਾ ਬਹੁਤ ਜਿ਼ਆਦਾ ਹੋ ਗਿਆ ਹੈ।

ਡਾਕਟਰਾਂ ਦੀ ਅਮਨ ਲਈ ਜਥੇਬੰਦੀ ਇੰਟਰਨੈਸ਼ਨਲ ਫਿਜ਼ੀਸ਼ੀਅਨਜ਼ ਫਾਰ ਦਿ ਪ੍ਰੀਵੈਨਸ਼ਨ ਆਫ਼ ਨਿਊਕਲੀਅਰ ਵਾਰ (IPPNW) ਦੇ ਸਾਬਕਾ ਸਹਿ ਪ੍ਰਧਾਨ ਡਾ. ਆਇਰਾ ਹੈਲਫਾਂਡ ਤੇ ਰੌਜਰਜ਼ ਯੂਨੀਵਰਸਿਟੀ ਮੈਸਾਚੂਸੈੱਟਸ ਦੇ ਵਾਤਾਵਰਨ ਵਿਭਾਗ ਦੇ ਐਲਨ ਰੋਬਾਕ ਨੇ ਅਧਿਐਨ ਕੀਤਾ ਕਿ ਸੀਮਤ ਖੇਤਰੀ ਪਰਮਾਣੂ ਯੁੱਧ ਦਾ ਜਲਵਾਯੂ ਉੱਤੇ ਕੀ ਪ੍ਰਭਾਵ ਪਏਗਾ। ਇਸ ਮੁਤਾਬਕ ਦੁਨੀਆ ਵਿਚ ਮੌਜੂਦ 17000 ਪਰਮਾਣੂ ਹਥਿਆਰ ਸਮੁੱਚੀ ਜੀਵ ਪ੍ਰਣਾਲੀ ਲਈ ਬਹੁਤ ਵੱਡਾ ਖ਼ਤਰਾ ਹਨ। ਉਨ੍ਹਾਂ ਦੇ ਅਧਿਐਨ ਦੇ ਮੁਤਾਬਿਕ ਜੇ ਭਾਰਤ ਤੇ ਪਾਕਿਸਤਾਨ ਵਿਚ ਹੀਰੋਸ਼ੀਮਾ ਦੀ ਤਾਕਤ ਵਾਲੇ ਦਰਮਿਆਨੀ ਪੱਧਰ ਦੇ 100 ਪਰਮਾਣੂ ਬੰਬ ਇਸਤਮਾਲ ਹੋਣ ਤਾਂ ਦੋ ਅਰਬ ਲੋਕਾਂ ਦੀ ਜਾਨ ਖਤਰੇ ਵਿਚ ਪੈ ਜਾਏਗੀ। ਇਸ ਦੇ ਨਾਲ ਖੇਤਰ ਦੇ ਦੋ ਕਰੋੜ ਲੋਕ ਤਾਂ ਫੌਰੀ ਤੌਰ ਤੇ ਮਰ ਜਾਣਗੇ। ਪਰਮਾਣੂ ਹਥਿਆਰ ਚੱਲਣ ਕਰ ਕੇ ਇਸ ਖਿੱਤੇ ਨੂੰ ਪਰਮਾਣੂ ਕਿਰਨਾਂ ਘੇਰ ਲੈਣਗੀਆਂ। ਹੋਏ ਧਮਾਕੇ ਦੇ ਕਾਰਨ ਧੂੜ ਮਿੱਟੀ ਤੇ ਧੂੰਆਂ ਵਾਯੂਮੰਡਲ ਵਿਚ ਲਮਕ ਜਾਣਗੇ ਜਿਸ ਕਾਰਨ ਸੂਰਜੀ ਕਿਰਨਾਂ ਧਰਤੀ ਤਕ ਨਹੀਂ ਪਹੁੰਚ ਸਕਣਗੀਆਂ। ਉਸ ਦੇ ਪ੍ਰਭਾਵ ਵਜੋਂ ਧਰਤੀ ਦਾ ਤਾਪਮਾਨ 1.25 ਡਿਗਰੀ ਸੈਂਟੀਗ੍ਰੇਡ ਘਟ ਜਾਏਗਾ ਤੇ ਇਹ ਕੁਝ ਕਈ ਸਾਲਾਂ ਤਕ ਰਹੇਗਾ; ਇੰਜ ਦਸ ਸਾਲ ਵੀ ਰਹਿ ਸਕਦਾ ਹੈ। ਇਸ ਕਰ ਕੇ ਮੀਂਹ ਪੈਣ ਵਿਚ 10 ਪ੍ਰਤੀਸ਼ਤ ਦੀ ਕਮੀ ਆਉਣ ਦਾ ਖ਼ਦਸ਼ਾ ਹੋਏਗਾ।

ਇਨ੍ਹਾਂ ਹਾਲਾਤ ਵਿਚ ਫ਼ਸਲ ਦੇ ਵਿਚ ਕਮੀ ਆਏਗੀ। ਫ਼ਸਲ ਵਿਚ ਕਮੀ ਆਉਣ ਦੇ ਕਾਰਨ ਖੁਰਾਕ ਦੀਆਂ ਕੀਮਤਾਂ ਵਧ ਜਾਣਗੀਆਂ ਜਿਸ ਦੇ ਕਾਰਨ ਕੁਪੋਸ਼ਣ ਹੋਰ ਵਧ ਜਾਏਗਾ। ਇਕ ਵਿਅਕਤੀ ਨੂੰ ਔਸਤਨ

1800-2000 ਕੈਲਰੀਆਂ ਦੀ ਰੋਜ਼ਾਨਾ ਲੋੜ ਹੁੰਦੀ ਹੈ। ਦੁਨੀਆ ਵਿਚ ਪਹਿਲਾਂ ਹੀ ਇੱਕ ਅਰਬ ਦੇ ਕਰੀਬ ਯਾਨੀ ਦੁਨੀਆ ਦੀ ਆਬਾਦੀ ਦਾ ਲਗਭਗ 8ਵਾਂ ਹਿੱਸਾ ਐਸਾ ਹੈ ਜਿਨ੍ਹਾਂ ਨੂੰ ਇੰਨੀਆਂ ਕੈਲਰੀਆਂ ਨਹੀਂ ਮਿਲਦੀਆਂ। ਇਸ ਕਰਕੇ ਹਰ ਸਾਲ ਦੁਨੀਆ ਦੇ ਵਿਚ 50 ਲੱਖ ਦੇ ਕਰੀਬ ਐਸੇ ਬੱਚੇ ਹਨ ਜੋ ਖੁਰਾਕ ਦੀ ਕਮੀ ਕਰਕੇ ਆਪਣੀ ਜਾਨ ਗੁਆ ਬੈਠਦੇ ਹਨ। ਖ਼ੁਰਾਕ ਵਿਚ ਥੋੜ੍ਹੀ ਜਿਹੀ ਵੀ ਕਮੀ ਆਉਣ ਦੇ ਨਾਲ ਉਨ੍ਹਾਂ ਦੇ ਜੀਵਨ ਤੇ ਖ਼ਤਰਾ ਹੋਰ ਜ਼ਿਆਦਾ ਪੈ ਜਾਏਗਾ।

ਜੇ ਇਹ ਅਸਰ ਇਕ ਸਾਲ ਤੋਂ ਵੱਧ ਰਿਹਾ ਤਾਂ ਗ਼ਰੀਬ ਮੁਲਕਾਂ ਤੇ ਬਹੁਤ ਮਾੜਾ ਪ੍ਰਭਾਵ ਪਏਗਾ ਜਿਸ ਨਾਲ ਖੁਰਾਕ ਦੀ ਕਮੀ ਆਉਣ ਦੇ ਕਾਰਨ ਦੁਨੀਆ ਦੇ ਦੱਖਣੀ ਹਿੱਸੇ ਵਿਚ ਇੱਕ ਅਰਬ ਲੋਕ ਘੋਰ ਭੁੱਖਮਰੀ ਦਾ ਸ਼ਿਕਾਰ ਹੋ ਜਾਣਗੇ। ਜਦੋਂ ਇੰਨੀ ਵੱਡੀ ਪੱਧਰ ਦਾ ਅਕਾਲ ਪਏਗਾ ਤਾਂ ਉਸ ਦੇ ਨਾਲ ਦੁਨੀਆ ਵਿਚ ਖਤਰਨਾਕ ਬਿਮਾਰੀਆਂ ਵੀ ਫੈਲ ਜਾਣਗੀਆਂ। ਸ਼ਹਿਰਾਂ ਵਿਚ ਆਬਾਦੀ ਦਾ ਸੰਘਣਾਪਣ ਹੋਣ ਕਾਰਨ ਅਤੇ ਇਨ੍ਹਾਂ ਹਾਲਾਤ ਵਿਚ ਸਹੂਲਤਾਂ ਦੀ ਕਮੀ, ਸਾਫ਼ ਪਾਣੀ ਦੀ ਕਮੀ ਹੋ ਜਾਣ ਦੇ ਕਾਰਨ ਬਿਮਾਰੀਆਂ ਹੋਰ ਵਧ ਜਾਣਗੀਆਂ।

ਖ਼ੁਰਾਕ ਦੀ ਕਮੀ ਦੇ ਕਾਰਨ ਅੰਦਰੂਨੀ ਤੇ ਬਾਹਰੀ ਝਗੜੇ ਸ਼ੁਰੂ ਹੋ ਜਾਣਗੇ ਤੇ ਇਸ ਸਥਿਤੀ ਵਿਚ ਪਰਮਾਣੂ ਹਥਿਆਰਾਂ ਦੇ ਵਰਤੇ ਜਾਣ ਦਾ ਖ਼ਤਰਾ ਵਧ ਜਾਏਗਾ। ਜੇ ਵੱਡੀਆਂ ਪਰਮਾਣੂ ਸ਼ਕਤੀਆਂ ਦੇ ਵਿਚਾਲੇ ਪਰਮਾਣੂ ਹਥਿਆਰ ਵਰਤੇ ਗਏ, ਮਤਲਬ ਰੂਸ ਤੇ ਅਮਰੀਕਾ ਵਿਚ ਜੇ ਪਰਮਾਣੂ ਹਥਿਆਰ ਵਰਤੇ ਗਏ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋਵੇਗਾ ਜਿਸ ਕਾਰਨ ਹਜ਼ਾਰਾਂ ਸਾਲਾਂ ਦੀ ਮੱਨੁਖੀ ਮਿਹਨਤ ਸਦਕਾ ਆਧੁਨਿਕ ਸਭਿਅਤਾ ਦੀ ਹੋਂਦ ਖ਼ਤਰੇ ਵਿਚ ਪੈ ਜਾਏਗੀ।

ਇਸ ਲਈ ਹਾਲਾਤ ਮੰਗ ਕਰਦੇ ਹਨ ਕਿ ਪਰਮਾਣੂ ਹਥਿਆਰਾਂ ਨੂੰ ਸਮਾਪਤ ਕਰਨ ਦੇ ਲਈ ਵਿਸ਼ਵ ਵਿਆਪੀ ਕਦਮ ਪੁੱਟੇ ਜਾਣ ਤਾਂ ਜੋ ਜਲਵਾਯੂ ਪਰਿਵਰਤਨ ਨੂੰ ਬਚਾਇਆ ਜਾ ਸਕੇ। ਆਈਪੀਪੀਐੱਨਡਬਲਿਊ ਅਤੇ ਆਈਕੈਨ (International Campaign to Abolish Nuclear Weapons-ICAN) ਲਗਾਤਾਰ ਇਸ ਬਾਰੇ ਚਿਤਾਵਨੀ ਦੇ ਰਹੇ ਹਨ। ਇਨ੍ਹਾਂ ਜੱਥੇਬੰਦੀਆਂ ਵਲੋਂ ਗਲਾਸਗੋ ਵਿਚ ਵਿਖੇ ਹੋਈ ਕਾਨਫਰੰਸ ਵਿਚ ਵੀ ਇਸ ਗੱਲ ਨੂੰ ਉਜਾਗਰ ਕਰਨ ਤੇ ਜ਼ੋਰ ਲਇਆ ਗਿਆ ਪਰ ਹਥਿਆਰ ਬਣਾਉਣ ਵਾਲਿਆਂ ਦੀ ਲਾਬੀ ਇਸ ਵਿਸ਼ੇ ਨੂੰ ਮਹੱਤਵ ਨਹੀਂ ਦੇਣ ਦਿੱਤਾ।

ਇਹ ਸੱਚਾਈ ਹੈ ਕਿ ਕੋਲਾ ਆਦਿ ਕਾਰਨ ਦੁਨੀਆ ਵਿਚ ਜਲਵਾਯੂ ਪਰਿਵਰਤਨ ਤੇ ਪ੍ਰਭਾਵ ਪਿਆ ਹੈ ਪਰ ਪਰਮਾਣੂ ਊਰਜਾ ਕੋਲੇ ਆਦਿ ਦਾ ਬਦਲ ਨਹੀਂ ਹੋ ਸਕਦਾ। ਪਰਮਾਣੂ ਊਰਜਾ ਤਾਂ ਮਹਿੰਗੀ ਵੀ ਹੈ ਤੇ ਖ਼ਤਰਿਆਂ ਨਾਲ ਭਰੀ ਵੀ ਤੇ ਨਾ ਹੀ ਇਸ ਦੀ ਰਹਿੰਦ ਖੂੰਹਦ ਦੀ ਸੰਭਾਲ ਦਾ ਕੋਈ ਢੁਕਵਾਂ ਤਰੀਕਾ ਹੈ ਅਤੇ ਕਦੇ ਵੀ ਇਸ ਨਾਲ ਪਰਮਾਣੂ ਹਥਿਆਰ ਬਣਾਏ ਜਾ ਸਕਦੇ ਹਨ। ਗਲਾਸਗੋ ਕਾਨਫਰੰਸ ਵਿਚ ਵੀ ਇਹ ਦੇਖਣ ਵਿਚ ਆਇਆ ਕਿ ਪਰਮਾਣੂ ਊਰਜਾ ਦੇ ਨਾਮ ਤੇ ਲਾਬੀ ਕਰ ਰਹੀਆਂ ਕੰਪਨੀਆਂ ਅਸਲ ਵਿਚ ਪਰਮਾਣੂ ਹਥਿਆਰ ਬਣਾਉਣ ਦੀ ਦੌੜ ਵਿਚ ਲੱਗੀਆਂ ਹੋਈਆਂ ਸਨ।

ਸੰਪਰਕ: 94170-00360

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All