DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਅਗਲਾ ਸਵਾਲ

ਦੇਸ਼ ਦੀ ਨੌਜਵਾਨ ਪੀੜ੍ਹੀ ਜੈੱਨ-ਜ਼ੀ ਨੇ ਨੀਟ ਪੇਪਰ ਲੀਕ ਮਸਲੇ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਵੱਡਾ ਸੰਘਰਸ਼ ਕੀਤਾ। ਇਸ ਮਗਰੋਂ ਦੇਸ਼ ਭਰ ਵਿੱਚ ਫੈਲੇ ਇਸ ਅੰਦੋਲਨ ਪਿੱਛੇ ਵਾਜਬ ਕਾਰਨ ਸਨ। ਇਸ ਦੇ ਬਾਵਜੂਦ ਜੈੱਨ-ਜ਼ੀ ਵੱਲੋਂ ਵਰਤੀ ਗਈ ਭਾਸ਼ਾ ਨੂੰ ਲੈ ਕੇ ਅਸਲ...

  • fb
  • twitter
  • whatsapp
  • whatsapp
featured-img featured-img
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਵੀਂ ਿਦੱਲੀ ਦੇ ਜੰਤਰ-ਮੰਤਰ ’ਤੇ ਕੌਕਰੋਚ ਜਨਤਾ ਪਾਰਟੀ ਦੇ ਸੱਦੇ ’ਤੇ ਧਰਨਾ ਦਿੰਦੇ ਹੋਏ ਪ੍ਰਦਰਸ਼ਨਕਾਰੀ।
Advertisement

ਦੇਸ਼ ਦੀ ਨੌਜਵਾਨ ਪੀੜ੍ਹੀ ਜੈੱਨ-ਜ਼ੀ ਨੇ ਨੀਟ ਪੇਪਰ ਲੀਕ ਮਸਲੇ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਵੱਡਾ ਸੰਘਰਸ਼ ਕੀਤਾ। ਇਸ ਮਗਰੋਂ ਦੇਸ਼ ਭਰ ਵਿੱਚ ਫੈਲੇ ਇਸ ਅੰਦੋਲਨ ਪਿੱਛੇ ਵਾਜਬ ਕਾਰਨ ਸਨ। ਇਸ ਦੇ ਬਾਵਜੂਦ ਜੈੱਨ-ਜ਼ੀ ਵੱਲੋਂ ਵਰਤੀ ਗਈ ਭਾਸ਼ਾ ਨੂੰ ਲੈ ਕੇ ਅਸਲ ਮੁੱਦਿਆਂ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਥਲਾ ਲੇਖ ਇਸ ਵਰਤਾਰੇ ਪਿਛਲੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਸਾਡੇ ਸਾਹਮਣੇ ਹੋਰ ਸਵਾਲ ਖੜ੍ਹੇ ਕਰਦਾ ਹੈ।

ਪ੍ਰਦਰਸ਼ਨ ਦੌਰਾਨ ਪੁਲੀਸ ਵਾਲਿਆਂ ਨਾਲ ਬਹਿਸਦੀ ਹੋਈ ਇੱਕ ਲੜਕੀ।
ਪ੍ਰਦਰਸ਼ਨ ਦੌਰਾਨ ਪੁਲੀਸ ਵਾਲਿਆਂ ਨਾਲ ਬਹਿਸਦੀ ਹੋਈ ਇੱਕ ਲੜਕੀ।

ਜੰਤਰ-ਮੰਤਰ ਵਿਖੇ ਇਨ੍ਹਾਂ ਗਰਮੀਆਂ ਦੌਰਾਨ ਕੁਝ ਅਜਿਹਾ ਵਾਪਰਿਆ, ਜਿਸ ਨੂੰ ਮੈਂ ਅਜੇ ਵੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਹਿਲੀ ਨਜ਼ਰੇ ਇਹ ਕੋਈ ਖ਼ਾਸ ਰਹੱਸ ਵਾਲੀ ਗੱਲ ਨਹੀਂ ਲੱਗਦੀ। ਨੌਜਵਾਨ ਲੀਕ ਹੋ ਰਹੇ ਪੇਪਰਾਂ, ਬੇਰੁਜ਼ਗਾਰੀ ਅਤੇ ਹੋਰ ਮਸਲਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ। ਨਾਅਰੇ ਸਨ, ਪੋਸਟਰ ਸਨ, ਪਲੇਅਕਾਰਡ ਸਨ, ਤਿਰੰਗੇ ਝੰਡੇ ਸਨ, ਸੋਸ਼ਲ ਮੀਡੀਆ ਦੀ ਮੁਹਿੰਮ ਸੀ ਅਤੇ ਪੁਲੀਸ ਨਾਲ ਟਕਰਾਅ ਵੀ। ਭਾਰਤ ਦੀ ਆਜ਼ਾਦੀ ਉਪਰੰਤ ਮੈਂ ਕਈ ਵਿਦਿਆਰਥੀ ਅੰਦੋਲਨ ਵੇਖੇ ਹਨ। ਇਸ ਨਾਲੋਂ ਕਿਤੇ ਵੱਡੇ ਅੰਦੋਲਨ, ਪਰੰਤੂ ਫਿਰ ਵੀ ਮੈਨੂੰ ਇਸ ਸਭ ਨਾਲ ਇਹ ਸਮਝ ਨਹੀਂ ਪੈਂਦੀ ਕਿ ਮੇਰਾ ਧਿਆਨ ਮੁੜ ਮੁੜ ਕੇ ਜੰਤਰ-ਮੰਤਰ ਵੱਲ ਕਿਉਂ ਮੁੜ ਜਾਂਦਾ ਹੈ? ਸ਼ਾਇਦ ਮੈਂ ਸਵਾਲ ਹੀ ਗ਼ਲਤ ਪੁੱਛ ਰਿਹਾ ਹਾਂ। ਸਵਾਲ ਇਹ ਨਹੀਂ ਬਣਦਾ ਕਿ ਜੰਤਰ-ਮੰਤਰ ਵਿਖੇ ਕੀ ਹੋਇਆ? ਸਵਾਲ ਸ਼ਾਇਦ ਇਹ ਹੈ ਕਿ ਨੌਜਵਾਨਾਂ ਨੂੰ ਕੀ ਹੋਇਆ?

Advertisement

ਰੋਸ ਪ੍ਰਦਰਸ਼ਨ ਦੇ ਪਿੱਛੇ ਅਸਲ ਸ਼ਿਕਾਇਤਾਂ ਸਨ ਪਰ ਜਿਵੇਂ ਇਸ ਦਾ ਦੇਸ਼ ਭਰ ਵਿੱਚ ਵਿਸਤਾਰ ਹੋਇਆ, ਉਹ ਉਨ੍ਹਾਂ ਦੀਆਂ ਮੰਗਾਂ ਦੇ ਅਨੁਪਾਤ ਵਿੱਚ ਹੀ ਨਹੀਂ ਸੀ। ਸੋਸ਼ਲ ਮੀਡੀਆ ਉੱਤੇ ਇਸ ਰੋਸ ਪ੍ਰਦਰਸ਼ਨ ਦੁਆਲੇ ਅਸਾਧਾਰਨ ਗਿਣਤੀ ਵਿੱਚ ਲੋਕ ਜੁੜਦੇ ਗਏ ਪਰ ਸਕਰੀਨ ਉੱਤੇ ਦਿਖਾਈ ਦੇਣ ਵਾਲੀ ਗਿਣਤੀ ਸੜਕ ਉੱਤੇ ਖੜ੍ਹੇ ਲੋਕ ਨਹੀਂ ਹੁੰਦੇ। ਲੱਖਾਂ ਲੋਕ ਉਤਸੁਕਤਾ ਜਾਂ ਗੁੱਸੇ ਵਿੱਚ ਲਾਈਕ ਜਾਂ ਸ਼ੇਅਰ ਵਾਲਾ ਬਟਨ ਦਬਾਅ ਸਕਦੇ ਹਨ, ਬਿਨਾਂ ਘਰੋਂ ਨਿਕਲਿਆਂ। ਬੇਸ਼ੱਕ ਕੁਝ ਸਮਾਂ ਇਹ ਭੀੜ ਮੁੱਖ ਤੌਰ ’ਤੇ ਮੋਬਾਈਲ ਫੋਨਾਂ ਦੀਆਂ ਸਕਰੀਨਾਂ ਤੱਕ ਹੀ ਸੀਮਿਤ ਸੀ, ਪਰ ਵਿਰੋਧ ਕਰਨ ਵਾਲੇ ਸਿਰਫ਼ ਜੰਤਰ-ਮੰਤਰ ’ਤੇ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਫੈਲੇ ਹੋਏ ਸਨ। ਉਹ ਦੇਖ ਰਹੇ ਸਨ, ਗੀਤ ਬਣਾ ਅਤੇ ਗਾ ਰਹੇ ਸਨ, ਵੀਡੀਓ ਸਾਂਝੇ ਕਰ ਰਹੇ ਸਨ, ਬਹਿਸ ਕਰ ਰਹੇ ਸਨ, ਹੱਸ ਰਹੇ ਸਨ ਤੇ ਟਿੱਚਰਾਂ ਵੀ ਕਰ ਰਹੇ ਸਨ। ਵੱਡੀ ਜਥੇਬੰਦੀ, ਢਾਂਚੇ ਜਾਂ ਸਾਧਨਾਂ ਤੋਂ ਬਿਨਾਂ ਵੀ ਕਿਸੇ ਚੀਜ਼ ਨੇ ਉਨ੍ਹਾਂ ਦੀ ਕਲਪਨਾ ਨੂੰ ਛੂਹ ਲਿਆ ਸੀ। ਜਿਵੇਂ ਲੰਮੇ ਲਮੇਂ ਤੋਂ ਸੁੱਕੇ ਜਾਪਦੇ ਕਿਸੇ ਰੁੱਖ ’ਤੇ ਅਚਾਨਕ ਹੀ ਕਰੂੰਬਲ ਫੁੱਟ ਪਈ ਹੋਵੇ।

Advertisement

ਫਿਰ ਸੜਕ ਅਤੇ ਸਕਰੀਨ ਇੱਕ ਦੂਜੇ ਨੂੰ ਊਰਜਾ ਦੇਣ ਲੱਗੀਆਂ। ਸੜਕ ਉੱਤੇ ਜੋ ਵਾਪਰਦਾ, ਉਹ ਪਲਾਂ ਵਿੱਚ ਦੂਰ-ਦੂਰ ਤੱਕ ਪਹੁੰਚ ਜਾਂਦਾ ਅਤੇ ਜੋ ਦੂਰ ਬੈਠੇ ਲੋਕ ਸਿਰਜਦੇ, ਉਹ ਨਾਅਰਿਆਂ, ਪੋਸਟਰਾਂ, ਚੁਟਕਲਿਆਂ ਅਤੇ ਦਲੀਲਾਂ ਦੇ ਰੂਪ ਵਿੱਚ ਮੁੜ ਸੜਕ ’ਤੇ ਆ ਜਾਂਦਾ। ਹਿੱਸਾ ਲੈਣ ਵਾਲਿਆਂ ਅਤੇ ਸਿਰਫ਼ ਦੇਖਣ ਵਾਲਿਆਂ ਵਿਚਕਾਰਲੀ ਲਕੀਰ ਧੁੰਦਲੀ ਹੋਣ ਲੱਗੀ। ਪਰ ਇਹ ਵੀ ਉਸ ਸਭ ਕੁਝ ਨੂੰ ਪੂਰੀ ਤਰ੍ਹਾਂ ਨਹੀਂ ਸਮਝਾਉਂਦਾ ਜੋ ਇਸ ਤੋਂ ਬਾਅਦ ਵਾਪਰਿਆ। ਪੁਲੀਸ ਕਾਰਵਾਈ ਉੱਤੇ ਵੱਖਰੀ ਬਹਿਸ ਹੋ ਸਕਦੀ ਹੈ। ਸਟੇਟ ਦੀ ਤਾਕਤ ਅਕਸਰ ਕਿਸੇ ਅੰਦੋਲਨ ਨੂੰ ਅਜਿਹੀ ਜ਼ਿੰਦਗੀ ਦੇ ਦਿੰਦੀ ਹੈ ਜੋ ਉਸ ਦੇ ਆਗੂ ਸ਼ਾਇਦ ਆਪ ਵੀ ਨਾ ਦੇ ਸਕਣ। ਪਰ ਹੁਣ ਮੇਰੀ ਦਿਲਚਸਪੀ ਇਸ ਵਿੱਚ ਘੱਟ ਹੈ ਕਿ ਪੁਲੀਸ ਨੇ ਕੀ ਕੀਤਾ? ਮੇਰੀ ਦਿਲਚਸਪੀ ਇਸ ਵਿੱਚ ਵੱਧ ਹੈ ਕਿ ਉਸ ਤੋਂ ਬਾਅਦ ਨੌਜਵਾਨਾਂ ਨੇ ਕੀ ਕੀਤਾ?

ਇੱਕ ਛੋਟੀ ਜਿਹੀ ਘਟਨਾ ਦੀ ਗੱਲ ਕਰਦੇ ਹਾਂ। ਪੁਲੀਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਨੂੰ ਬੱਸ ਵਿੱਚ ਭਰ ਕੇ ਲੈ ਜਾ ਰਹੀ ਹੈ। ਇੱਕ ਨੌਜਵਾਨ ਵਿਦਿਆਰਥਣ ਪੁਲੀਸ ਦੀ ਬੱਸ ਦੇ ਮੂਹਰੇ ਚੱਟਾਨ ਬਣ ਕੇ ਖੜ੍ਹ ਜਾਂਦੀ ਹੈ ਕਿ ਉਸ ਦੇ ਸਾਥੀਆਂ ਨੂੰ ਰਿਹਾਅ ਕੀਤਾ ਜਾਵੇ। ਪੁਲੀਸ ਵੈਨ ਵਿੱਚ ਸਵਾਰ ਵਿਦਿਆਰਥੀਆਂ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ ਪਰ ਇਸ ਪਲ ਦੀ ਮਹੱਤਤਾ ਸਿਰਫ਼ ਇਸ ਵਿੱਚ ਨਹੀਂ ਕਿ ਹਿਰਾਸਤ ਵਿੱਚ ਲਏ ਵਿਦਿਆਰਥੀ ਛੱਡ ਦਿੱਤੇ ਗਏ। ਅਸਲ ਮਹੱਤਤਾ ਉਸ ਘਟਨਾ ਵਿੱਚ ਹੈ, ਜੋ ਬਸ ਅੱਗੇ ਖੜ੍ਹਨ ਤੋਂ ਪਹਿਲਾਂ ਉਸ ਕੁੜੀ ਦੇ ਅੰਦਰ ਵਾਪਰੀ ਹੋਵੇਗੀ। ਉਸ ਦਾ ਡਰ ਕਿੱਥੇ ਗਿਆ?

ਭਾਰਤ ’ਚ ਬਹਾਦਰ ਔਰਤਾਂ ਜਾਂ ਹੌਸਲੇ ਵਾਲੇ ਨੌਜਵਾਨਾਂ ਦੀ ਕਦੇ ਘਾਟ ਨਹੀਂ ਰਹੀ। ਵਿਰੋਧ ਦੀ ’ਕੱਲੀ ’ਕਹਿਰੀ ਘਟਨਾ ਆਪਣੇ ਆਪ ਵਿੱਚ ਕੁਝ ਸਾਬਿਤ ਨਹੀਂ ਕਰਦੀ, ਪਰ ਸਵਾਲ ਉਦੋਂ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਅਜਿਹੀਆਂ ਘਟਨਾਵਾਂ ਇੰਨੀ ਵਾਰ ਵਾਪਰਨ ਲੱਗਣ ਕਿ ਅਸੀਂ ਵੀ ਸੋਚਣ ਲਈ ਮਜਬੂਰ ਹੋ ਜਾਈਏ- ਕੀ ਕੋਈ ਹੋਰ ਬੁਨਿਆਦੀ ਤਬਦੀਲੀ ਵਾਪਰ ਰਹੀ ਹੈ? ਕੀ ਨੌਜਵਾਨ ਸੱਤਾ ਨੂੰ ਕਿਸੇ ਹੋਰ ਨਜ਼ਰ ਨਾਲ ਦੇਖਣ ਲੱਗੇ ਹਨ? ਕੀ ਉਨ੍ਹਾਂ ਨੂੰ ਅਹਿਸਾਸ ਹੋ ਰਿਹਾ ਹੈ ਕਿ ਪੁਲੀਸ ਵਾਲਾ ਵੀ ਕਾਨੂੰਨ ਅੱਗੇ ਜਵਾਬਦੇਹ ਹੈ, ਮੰਤਰੀ ਤੋਂ ਸਵਾਲ ਪੁੱਛਿਆ ਜਾ ਸਕਦਾ ਹੈ, ਸੰਸਥਾਵਾਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਕੋਈ ਵੀ ਗੱਲ ਸਿਰਫ਼ ਇਸ ਲਈ ਸਹੀ ਨਹੀਂ ਹੋ ਜਾਂਦੀ ਕਿ ਉਹ ਕਿਸੇ ਬਜ਼ੁਰਗ ਨੇ, ਵੱਧ ਤਾਕਤਵਰ ਜਾਂ ਸਮਾਜ ਵਿੱਚ ਜ਼ਿਆਦਾ ਰੁਤਬੇ ਵਾਲੇ ਜਾਂ ਇੱਜ਼ਤਦਾਰ ਮੰਨੇ ਜਾਂਦੇ ਵਿਅਕਤੀ ਨੇ ਕਹੀ ਹੈ। ਸ਼ਾਇਦ ਇਸ ਤੋਂ ਵੀ ਵੱਧ ਮਹੱਤਵਪੂਰਨ ਇਹ ਹੈ ਕਿ ਉਹ ਇੱਕ-ਦੂਜੇ ਨੂੰ ਲੱਭ ਰਹੇ ਹਨ।

ਭਾਰਤੀ ਨੌਜਵਾਨ ਜਾਤ, ਧਰਮ, ਖੇਤਰ, ਭਾਸ਼ਾ, ਵਰਗ ਅਤੇ ਲਿੰਗ ਦੀਆਂ ਪਛਾਣਾਂ ਨਾਲ ਵੱਡੇ ਹੁੰਦੇ ਹਨ। ਕਿਸੇ ਰੋਸ ਮੁਜ਼ਾਹਰੇ ਵਿੱਚ ਪਹੁੰਚਦਿਆਂ ਹੀ ਇਹ ਪਛਾਣਾਂ ਅਚਾਨਕ ਗਾਇਬ ਨਹੀਂ ਹੋ ਜਾਂਦੀਆਂ। ਦਰਅਸਲ, ਸਾਂਝੇ ਖ਼ਤਰੇ ਦੇ ਸਾਹਮਣੇ ਤੁਹਾਡੇ ਕੋਲ ਖੜ੍ਹਾ ਵਿਅਕਤੀ ਕੁਝ ਪਲਾਂ ਲਈ ਕਿਸੇ ਸਮਾਜਿਕ ਸ਼੍ਰੇਣੀ ਦਾ ਨੁਮਾਇੰਦਾ ਨਹੀਂ ਰਹਿੰਦਾ। ਜਦੋਂ ਪੁਲੀਸ ਤੁਹਾਡੇ ਵੱਲ ਅਹੁਲਦੀ ਹੈ ਤਾਂ ਉਹ ਸ਼ਖ਼ਸ ਤੁਹਾਡੀ ਬਾਂਹ ਫੜਨ ਵਾਲਾ ਸਾਥੀ ਬਣ ਜਾਂਦਾ ਹੈ, ਥੱਕਿਆਂ ਹੰਭਿਆਂ ਨੂੰ ਪਾਣੀ ਪਿਲਾਉਣ ਵਾਲਾ ਬਣਦਾ ਹੈ ਜਦੋਂਕਿ ਤੁਸੀਂ ਉਸ ਨੂੰ ਜਾਣਦੇ ਵੀ ਨਹੀਂ ਹੁੰਦੇ। ਉਸ ਦੀ ਗ੍ਰਿਫ਼ਤਾਰੀ ਤੁਹਾਨੂੰ ਪੁਲੀਸ ਦੀ ਬੱਸ ਅੱਗੇ ਡਟ ਜਾਣ ਦਾ ਬਲ ਦਿੰਦੀ ਹੈ। ਸਦੀਆਂ ਦੇ ਪੱਖਪਾਤ ਕੁਝ ਹਫ਼ਤਿਆਂ ਵਿੱਚ ਨਹੀਂ ਮੁੱਕਦੇ, ਪਰੰਤੂ ਅਜਿਹਾ ਅਨੁਭਵ ਵਾਪਰ ਚੁੱਕਿਆ ਹੈ ਅਤੇ ਅਨੁਭਵ ਨੂੰ ਭੁਲਾਉਣਾ ਆਸਾਨ ਨਹੀਂ ਹੁੰਦਾ।

ਇੱਕ ਹੋਰ ਸੰਕੇਤ ਹੈ ਭਾਸ਼ਾ

ਨੌਜਵਾਨ ਵਿਖਾਵਾਕਾਰੀਆਂ, ਖ਼ਾਸ ਕਰਕੇ ਕੁੜੀਆਂ ਵੱਲੋਂ ਵਰਤੀ ਜਾ ਰਹੀ ਗਾਲੀ-ਗਲੋਚ ਵਾਲੀ, ਬੇਪਰਵਾਹ ਅਤੇ ਕਈ ਵਾਰ ਹੈਰਾਨ ਕਰਨ ਵਾਲੀ ਭਾਸ਼ਾ ਬਾਰੇ ਬਹੁਤਿਆਂ ਨੇ ਚਿੰਤਾ ਪ੍ਰਗਟਾਈ ਹੈ। ਇਸ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ ਅਤੇ ਅਸ਼ਲੀਲਤਾ ਦੀ ਮਹਿਮਾ ਕੀਤੇ ਬਿਨਾਂ ਵੀ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਇਸ ਵਰਤਾਰੇ ਦੇ ਪਿੱਛੇ ਕੀ ਵਾਪਰ ਰਿਹਾ ਹੈ। ਕੁੜੀਆਂ ਇਸ ਤਰ੍ਹਾਂ ਕਿਉਂ ਬੋਲ ਰਹੀਆਂ ਹਨ? ਕਿਹੜੀ ਝਿਜਕ ਖ਼ਤਮ ਹੋ ਗਈ ਹੈ? ਸੱਤਾ ਨਾਲ ਉਨ੍ਹਾਂ ਦਾ ਕਿਹੜਾ ਰਿਸ਼ਤਾ ਬਦਲ ਗਿਆ ਹੈ? ਜਨਤਕ ਥਾਵਾਂ ’ਤੇ ਔਰਤ ਦੇ ਮੰਨੇ ਜਾਂਦੇ ‘ਉਚਿਤ’ ਵਿਹਾਰ ਦੀ ਕਿਹੜੀ ਮਰਿਆਦਾ ਆਪਣੀ ਪੁਰਾਣੀ ਤਾਕਤ ਗੁਆ ਚੁੱਕੀ ਹੈ? ਕਿਸੇ ਕੁੜੀ ਦਾ ਗਾਲ਼ ਕੱਢਣਾ ਕੋਈ ਇਨਕਲਾਬ ਨਹੀਂ, ਨਾ ਹੀ ਕਿਸੇ ਕੁੜੀ ਦਾ ਬਸ ਰੋਕ ਲੈਣਾ ਆਪਣੇ ਆਪ ਵਿੱਚ ਇਨਕਲਾਬ ਹੈ। ਪਰ ਜੇ ਨੌਜਵਾਨ ਉਹ ਕੰਮ ਕਰਨ ਲੱਗ ਜਾਣ ਜਿਨ੍ਹਾਂ ਨੂੰ ਨਾ ਕਰਨ ਲਈ ਸਭਿਆਚਾਰ ਨੇ ਉਨ੍ਹਾਂ ਨੂੰ ਸਦੀਆਂ ਤੋਂ ਤਿਆਰ ਕੀਤਾ ਹੈ- ਸੱਤਾ ਨੂੰ ਸਵਾਲ ਕਰਨਾ, ਡਰ ਤੋਂ ਉੱਪਰ ਉੱਠਣਾ, ਤਾਕਤ ਦਾ ਮਜ਼ਾਕ ਉਡਾਉਣਾ ਤੇ ਉਸ ਨੂੰ ਵੰਗਾਰਨਾ, ਵਿਰਸੇ ਦੀਆਂ ਮਿਥੀਆਂ ਹੱਦਾਂ ਨੂੰ ਉਲੰਘਣਾ, ਲਿੰਗ ਦੇ ਨਾਂ ’ਤੇ ਨਿਰਧਾਰਤ ਕੀਤੇ ਗਏ ਵਿਹਾਰ ਨੂੰ ਚੁਣੌਤੀ ਦੇਣਾ ਅਤੇ ਅਜਨਬੀਆਂ ਦੇ ਹੱਕ ਵਿੱਚ ਖੜ੍ਹੇ ਹੋ ਜਾਣਾ ਤਾਂ ਅਸੀਂ ਇਸ ਨੂੰ ਕੀ ਕਹਾਂਗੇ?

ਮੈਂ ਇਹ ਸਵਾਲ ਇਸ ਲਈ ਪੁੱਛ ਰਿਹਾ ਹਾਂ ਕਿਉਂਕਿ ਇਸ ਸਮੇਂ ਇੱਕ ਹੋਰ ਪ੍ਰਕਿਰਿਆ ਵੀ ਚੱਲ ਰਹੀ ਹੈ। ਸੋਸ਼ਲ ਮੀਡੀਆ ਰਾਹੀਂ ਭਾਰਤੀ ਨੌਜਵਾਨਾਂ, ਜਿਹੜੇ ਕਥਿਤ ਤੌਰ ’ਤੇ ‘ਰਾਸਤਾ ਭਟਕ ਗਏ ਹੈਂ’, ਨੂੰ ਮੁੜ ਸੰਸਕਾਰੀ ਬਣਾਉਣ ਦੀਆਂ ਗੰਭੀਰ ਕੋਸ਼ਿਸ਼ਾਂ ਹੋ ਰਹੀਆਂ ਹਨ। ਨੌਜਵਾਨਾਂ ਨੂੰ ਉਨ੍ਹਾਂ ਦੇ ਖਾਣ-ਪੀਣ, ਪਹਿਰਾਵੇ, ਆਦਤਾਂ ਅਤੇ ਵਿਹਾਰ ਦੇ ਰਵਾਇਤੀ ਵਿਚਾਰਾਂ ਨੇੜੇ ਲਿਆਉਣ ਅਤੇ ਉਸ ਚੀਜ਼ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਪੱਛਮੀ ਸਭਿਅਤਾ ਦਾ ਵਿਗਾੜੂ ਪ੍ਰਭਾਵ ਸਮਝਿਆ ਜਾਂਦਾ ਹੈ। ਨੀਅਤ ਸੁਹਿਰਦ ਹੋ ਸਕਦੀ ਹੈ ਪਰੰਤੂ ਕੀ ਸਮੱਸਿਆ ਨੂੰ ਠੀਕ ਤਰ੍ਹਾਂ ਸਮਝਿਆ ਗਿਆ ਹੈ?

ਕੀ ਹੋਵੇ ਜੇ ਇਸ ਪੀੜ੍ਹੀ ਦੀ ਅਸਲ ਸਮੱਸਿਆ ਗਿਆਨ ਦੀ ਘਾਟ ਹੈ ਹੀ ਨਹੀਂ?

ਹੱਥ ਵਿੱਚ ਸਮਾਰਟ ਫੋਨ ਫੜੀ ਅੱਜ ਦੀ ਭਾਰਤੀ ਨੌਜਵਾਨ ਪੀੜ੍ਹੀ ਇੱਕ ਅਜਿਹੇ ਬੌਧਿਕ ਸੰਸਾਰ ਵਿੱਚ ਰਹਿੰਦੀ ਹੈ ਜਿਸ ਦੀ ਕਲਪਨਾ ਪਿਛਲੀਆਂ ਪੀੜ੍ਹੀਆਂ ਨਹੀਂ ਕਰ ਸਕਦੀਆਂ ਸਨ। ਉਹੀ ਸਕਰੀਨ ਉਸ ਨੂੰ ਰਮਾਇਣ ਤੱਕ ਵੀ ਲੈ ਜਾ ਸਕਦੀ ਹੈ ਅਤੇ ਸੰਵਿਧਾਨ ਤੱਕ ਵੀ; ਅੰਬੇਡਕਰ, ਗਾਂਧੀ, ਭਗਤ ਸਿੰਘ, ਵਿਵੇਕਾਨੰਦ, ਮਾਰਕਸ, ਸਾਵਰਕਰ, ਨਾਰੀਵਾਦ, ਜਾਤ ਬਾਰੇ ਬਹਿਸਾਂ, ਵਿਗਿਆਨ, ਇਤਿਹਾਸ ਅਤੇ ਦੁਨੀਆ ਭਰ ਵਿੱਚ ਵਾਪਰ ਰਹੀਆਂ ਘਟਨਾਵਾਂ ਤੱਕ ਵੀ। ਇਸ ਜਾਣਕਾਰੀ ਦਾ ਵੱਡਾ ਹਿੱਸਾ ਸਤਹੀ ਜਾਂ ਗ਼ਲਤ ਹੋ ਸਕਦਾ ਹੈ, ਪਰ ਇਸ ਦੇ ਬਹੁਪੱਖੀ ਹੋਣ ਅਤੇ ਇਸ ਦੀ ਬਹੁਲਤਾ ਹੋਣ ਬਾਰੇ ਕੋਈ ਸ਼ੱਕ ਨਹੀਂ ਹੈ। ਇਹ ਅਸਲੀ ਹੈ। ਇਸ ਤੋਂ ਵੀ ਮਹੱਤਵਪੂਰਨ ਹੈ ਕਿ ਨੌਜਵਾਨ ਤੁਲਨਾ ਕਰ ਸਕਦੇ ਹਨ, ਸਵਾਲ ਪੁੱਛ ਸਕਦੇ ਹਨ, ਕਿਸੇ ਗੱਲ ਦੀ ਦੂਜੀ ਵਿਆਖਿਆ ਲੱਭ ਸਕਦੇ ਹਨ, ਵਿਰੋਧਾਭਾਸ ਦੀ ਭਾਲ ਕਰ ਸਕਦੇ ਹਨ ਅਤੇ ਸਵਾਲ ਕਰਨ ਵਾਲੇ ਨੂੰ ਵੀ ਸਵਾਲ ਕਰ ਸਕਦੇ ਹਨ।

ਗਿਆਨ ਹੁਣ ਸਿਰਫ਼ ਉੱਪਰੋਂ ਹੇਠਾਂ ਨਹੀਂ ਆਉਂਦਾ-ਬਜ਼ੁਰਗਾਂ ਤੋਂ ਬੱਚਿਆਂ ਤੱਕ, ਅਧਿਆਪਕਾਂ ਤੋਂ ਵਿਦਿਆਰਥੀਆਂ ਤੱਕ, ਸੱਤਾ ਤੋਂ ਨਾਗਰਿਕਾਂ ਤੱਕ- ਹੁਣ ਇਹ ਲੱਖਾਂ ਲੋਕਾਂ ਵਿਚਕਾਰ ਸਮਤਲ ਰੂਪ ਵਿੱਚ ਵੀ ਵਹਿੰਦਾ ਹੈ, ਜਿਹੜੇ ਸ਼ਾਇਦ ਜ਼ਿੰਦਗੀ ਵਿੱਚ ਕਦੇ ਇੱਕ ਦੂਜੇ ਨੂੰ ਮਿਲਣ ਵੀ ਨਾ। ਇਸ ਨਾਲ ਗਿਆਨ ਅਤੇ ਸੱਤਾ ਦਾ ਰਿਸ਼ਤਾ ਬਦਲ ਜਾਂਦਾ ਹੈ।

ਕਿਸੇ ਨੌਜਵਾਨ ਨੂੰ ਰਾਮਾਇਣ ਦੀ ਕਹਾਣੀ ਸੁਣਾਉਣ ਵਿੱਚ ਕੋਈ ਹਰਜ਼ ਨਹੀਂ। ਸਭਿਅਤਾਵਾਂ ਇਸ ਲਈ ਵੀ ਜਿਊਂਦੀਆਂ ਰਹਿੰਦੀਆਂ ਹਨ ਕਿਉਂਕਿ ਉਹ ਆਪਣੀ ਕਹਾਣੀ ਸੁਣਾਉਂਦੀਆਂ ਰਹਿੰਦੀਆਂ ਹਨ, ਪਰ ਅਸੀਂ ਇਹ ਕਿਉਂ ਮੰਨ ਲਈਏ ਕਿ ਸੁਣਨ ਵਾਲਾ ਉਸ ਕਹਾਣੀ ਵਿੱਚੋਂ ਬਿਲਕੁਲ ਉਹੀ ਸਿੱਖਿਆ ਲਵੇਗਾ ਜਿਹੜੀ ਤੁਸੀਂ ਉਸ ਨੂੰ ਦੇਣਾ ਚਾਹੁੰਦੇ ਹੋ। ਉਹ ਸਵਾਲ ਪੁੱਛ ਸਕਦਾ ਹੈ। ਉਹ ਉਸ ਕਹਾਣੀ ਦਾ ਕੋਈ ਹੋਰ ਰੂਪ ਵੀ ਜਾਣਦਾ ਹੋ ਸਕਦਾ ਹੈ। ਜਿਨ੍ਹਾਂ ਦ੍ਰਿਸ਼ਟਾਂਤਾਂ ਰਾਹੀਂ ਅਸੀਂ ਆਗਿਆਕਾਰੀ ਹੋਣਾ ਸਿਖਾਉਣਾ ਚਾਹੁੰਦੇ ਹਾਂ ਉਹ ਉਨ੍ਹਾਂ ਵਿੱਚੋਂ ਬਗ਼ਾਵਤ ਵੀ ਲੱਭ ਸਕਦਾ ਹੈ ਅਤੇ ਇਸ ਸਭ ਦੇ ਬਾਵਜੂਦ ਉਹ ਰਾਮਾਇਣ ਨੂੰ ਪਿਆਰ ਕਰਦਾ ਹੋ ਸਕਦਾ ਹੈ।

ਇਹ ਧਾਰਨਾ, ਕਿ ਭਾਰਤੀ ਨੌਜਵਾਨਾਂ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ, ਸ਼ਾਇਦ ਨੌਜਵਾਨਾਂ ਨੂੰ ਵੀ ਗ਼ਲਤ ਸਮਝਦੀ ਹੈ ਅਤੇ ਸਭਿਆਚਾਰ ਨੂੰ ਵੀ। ਵਾਪਸ ਕਿੱਥੇ?

ਇਹ ਸਵਾਲ ਮੈਨੂੰ ਫਿਰ ਜੰਤਰ-ਮੰਤਰ ਵੱਲ ਲੈ ਜਾਂਦਾ ਹੈ। ਸ਼ਾਇਦ ਅਸੀਂ ਉਸ ਨੂੰ ਜ਼ਿਆਦਾਤਰ ਇੱਕ ਸਿਆਸੀ ਘਟਨਾ ਵਜੋਂ ਹੀ ਦੇਖਦੇ ਰਹੇ ਹਾਂ- ਮੁਜ਼ਾਹਰਾਕਾਰੀ ਕੀ ਮੰਗ ਰਹੇ ਸਨ, ਸਰਕਾਰ ਨੇ ਕੀ ਕੀਤਾ, ਪੁਲੀਸ ਨੇ ਕੀ ਕੀਤਾ ਅਤੇ ਸਿਆਸੀ ਤੌਰ ’ਤੇ ਕਿਸ ਨੂੰ ਲਾਭ ਹੋਇਆ? ਇਹ ਸਾਰੇ ਸਵਾਲ ਜਾਇਜ਼ ਤਾਂ ਹਨ, ਪਰ ਦੂਰਗਾਮੀ ਨਹੀਂ।

ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਮੰਤਰੀ ਅਹੁਦੇ ਸੰਭਾਲਦੇ ਹਨ ਜਾਂ ਅਸਤੀਫ਼ੇ ਦਿੰਦੇ ਹਨ। ਪ੍ਰੀਖਿਆਵਾਂ ਦੁਬਾਰਾ ਹੋ ਜਾਂਦੀਆਂ ਹਨ। ਇੱਕ ਵਿਵਾਦ ਦੀ ਥਾਂ ਦੂਜਾ ਵਿਵਾਦ ਪੈਦਾ ਹੁੰਦਾ ਹੈ।

ਪਰ ਕੀ ਹੁੰਦਾ ਹੈ ਜਦੋਂ ਡਰ ਹੀ ਪਿਛਾਂਹ ਖਿਸਕਣਾ ਸ਼ੁਰੂ ਕਰ ਦੇਵੇ? ਕੀ ਹੁੰਦਾ ਹੈ ਜਦੋਂ ਇੱਕ ਪੀੜ੍ਹੀ ਆਪਣੇ ਸਾਂਝੇ ਅਨੁਭਵ ਰਾਹੀਂ ਇਹ ਜਾਣ ਲੈਂਦੀ ਹੈ ਕਿ ਸੱਤਾ ਨੂੰ ਸਵਾਲ ਕੀਤਾ ਜਾ ਸਕਦਾ ਹੈ; ਅਜਨਬੀ ਇੱਕ ਦੂਜੇ ਲਈ ਖੜ੍ਹ ਸਕਦੇ ਹਨ; ਵਿਰਸੇ ਵਿੱਚ ਮਿਲੀਆਂ ਸਰਹੱਦਾਂ ਨੂੰ ਉਲੰਘਿਆ ਜਾ ਸਕਦਾ ਹੈ ਅਤੇ ਕੱਲ੍ਹ ਤੱਕ ਜਿਹੜਾ ਵਿਅਕਤੀ ਆਪਣੇ ਆਪ ਨੂੰ ਤਾਕਤਹੀਣ ਸਮਝਦਾ ਸੀ, ਉਹ ਅੱਜ ਪੁਲੀਸ ਦੀ ਬੱਸ ਅੱਗੇ ਖੜ੍ਹਾ ਹੋ ਸਕਦਾ ਹੈ?

ਇਹ ਤਬਦੀਲੀ ਸਿਆਸੀ ਹੈ, ਸਮਾਜਿਕ ਹੈ, ਤਕਨੀਕ ਦੀ ਲਿਆਂਦੀ ਹੈ, ਪੀੜ੍ਹੀਆਂ ਦੀ ਹੈ, ਸਭਿਆਚਾਰ ਦੀ ਹੈ ਜਾਂ ਇਨ੍ਹਾਂ ਸਭਨਾਂ ਦਾ ਕੋਈ ਮੇਲ, ਇਹ ਕਹਿਣਾ ਹਾਲੇ ਔਖਾ ਹੈ। ਮੈਂ ਹਾਲੇ ਇਸ ਨੂੰ ਸਭਿਆਚਾਰਕ ਇਨਕਲਾਬ ਵੀ ਨਹੀਂ ਕਹਾਂਗਾ। ਇਨਕਲਾਬਾਂ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹੋ ਕੇ ਪਛਾਣਨ ਨਾਲੋਂ ਪਿਛਾਂਹ ਹਟ ਕੇ ਪਛਾਣਨਾ ਕਿਤੇ ਸੌਖਾ ਹੁੰਦਾ ਹੈ।

ਸ਼ਾਇਦ ਇਹੀ ਉਹ ਸਵਾਲ ਹੈ ਜੋ ਜੰਤਰ-ਮੰਤਰ ਸਾਡੇ ਲਈ ਛੱਡ ਗਿਆ ਹੈ। ਅਸੀਂ ਰੋਸ ਪ੍ਰਦਰਸ਼ਨ ਨੂੰ ਦੇਖ ਰਹੇ ਸਾਂ ਅਤੇ ਪੁੱਛ ਰਹੇ ਸਾਂ ਕਿ ਇਸ ਦਾ ਸਰਕਾਰ ਉੱਤੇ ਕੀ ਅਸਰ ਪਵੇਗਾ? ਕੀ ਸਾਨੂੰ ਇਸ ਦੀ ਥਾਂ ਨੌਜਵਾਨਾਂ ਵੱਲ ਦੇਖਣਾ ਚਾਹੀਦਾ ਸੀ ਅਤੇ ਪੁੱਛਣਾ ਚਾਹੀਦਾ ਸੀ ਕਿ ਇਹ ਸਭ ਉਨ੍ਹਾਂ ਦੇ ਅੰਦਰ ਕੀ ਬਦਲਾਅ ਲਿਆ ਰਿਹਾ ਹੈ? ਖ਼ੈਰ, ਇਸ ਮਗਰੋਂ ਬਹੁਤ ਕੁਝ ਵਾਪਰ ਗਿਆ ਹੈ ਅਤੇ ਵਾਪਰ ਰਿਹਾ ਹੈ, ਪਰ ਇਸ ਦੇ ਮੂਲ ਸੰਦਰਭ ਨਹੀਂ ਬਦਲੇ।

ਬੇਵਸਾਹੀਆਂ

ਜੰਤਰ-ਮੰਤਰ ’ਤੇ ਕੁੜੀਆਂ ਦੀ ਇਸ ਪੱਧਰ ’ਤੇ ਸ਼ੁਮਾਰੀ ਸਭ ਨੂੰ ਅਲੋਕਾਰੀ ਲੱਗ ਰਹੀ ਸੀ। ਕਿਸੇ ਨੂੰ ਪਤਾ ਹੀ ਨਾ ਲੱਗਿਆ ਕਿ ਇਹ ਕੁੜੀਆਂ ਕਦੋਂ ਆਪਣੀਆਂ ਬੰਦਿਸ਼ਾਂ ਤਿਆਗ ਕੇ ਆਪਣੇ ਸਾਥੀਆਂ ਦੇ ਹਾਣ ਦੀਆਂ ਹੋ ਕੇ ਉੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਕੀ ਦਿਨ ਤੇ ਕੀ ਰਾਤ, ਉਨ੍ਹਾਂ ਲਈ ਕੁਝ ਵੀ ਭੇਦ ਨਹੀਂ ਸੀ ਰੱਖਦਾ। ਦਰਅਸਲ ਉਹ ਸਮੇਂ ਦੀ ਇਸ ਤਲਖ਼ ਸਚਾਈ ਨੂੰ ਜ਼ਿਆਦਾ ਸ਼ਿੱਦਤ ਨਾਲ ਮਹਿਸੂਸ ਕਰ ਸਕਦੀਆਂ ਸਨ। ਕੁੜੀਆਂ ਕੋਲ ਪੜ੍ਹਾਈ ਅਤੇ ਨੌਕਰੀ ਰਾਹੀਂ ਆਪਣਾ ਭਵਿੱਖ ਬਣਾਉਣ ਤੋਂ ਇਲਾਵਾ ਹੋਰ ਰਾਹ ਨਾਂਮਾਤਰ ਹਨ ਜਦੋਂਕਿ ਮੁੰਡਿਆਂ ਕੋਲ ਸਾਧਨ ਹੋਰ ਵੀ ਹੋ ਸਕਦੇ ਹਨ। ਪੁਣੇ ਦੀ ਸਟੇਜ ’ਤੇ ਖੜ੍ਹੀ ਇੱਕ ਕੁੜੀ ਦੀ ਪੁਕਾਰ ਸੁਣਨ ਵਾਲੀ ਸੀ ਕਿ ਜਦੋਂ ਕਿਸੇ ਇਮਤਿਹਾਨ ਦਾ ਪੇਪਰ ਲੀਕ ਹੁੰਦਾ ਹੈ ਤਾਂ ਸਿਰਫ਼ ਸਾਡੀ ਵਰ੍ਹਿਆਂ ਦੀ ਦਿਨ-ਰਾਤ ਕੀਤੀ ਮਿਹਨਤ ਹੀ ਬਰਬਾਦ ਨਹੀਂ ਹੁੰਦੀ ਸਗੋਂ ਕਰੀਅਰ ਬਣਾਉਣ ਦਾ ਇੱਕਲੌਤਾ ਮੌਕਾ ਵੀ ਸਾਡੇ ਹੱਥੋਂ ਖੁਸ ਜਾਂਦਾ ਹੈ ਤੇ ਮਗਰੋਂ ਵਿਆਹ ਕਰਵਾਉਣ ਦਾ ਇੱਕ ਹੀ ਵਿਕਲਪ ਬਚਦਾ ਹੈ। ਇਸ ਸਚਾਈ ਤੋਂ ਕਿਵੇਂ ਮੁਨਕਰ ਹੋਇਆ ਜਾ ਸਕਦਾ ਹੈ। ਉਨ੍ਹਾਂ ਦੀ ਇਸ ਭਾਸ਼ਾ ਨੂੰ ਸਮਝ ਕੌਣ ਰਿਹਾ ਹੈ ?

ਚਿੰਤਾ ਇਸ ਗੱਲ ਦੀ ਨਾ ਕੀਤੀ ਗਈ ਕਿ ਰਾਤਾਂ ਨੂੰ ਸੜਕਾਂ ’ਤੇ ਨਾਅਰੇ ਮਾਰਦੀਆਂ ਇਹ ਕੁੜੀਆਂ ਆਖ਼ਰ ਕੀ ਕਹਿਣਾ ਚਾਹ ਰਹੀਆਂ ਹਨ, ਬਲਕਿ ਸੋਚ ਇਹ ਹੈ ਕਿ ਆਖ਼ਰ ਇਹ ਕੁੜੀਆਂ ਸੜਕਾਂ ’ਤੇ ਆ ਕਿਵੇਂ ਗਈਆਂ ? ਮੇਰੀ ਇੱਕ ਦੋਹਤੀ ਉਨ੍ਹਾਂ ਦਿਨਾਂ ਵਿੱਚ ਨੋਇਡਾ ਵਿੱਚ ਸੀ। ਡਿਗਰੀਆਂ ਲੈ ਕੇ ਉਸ ਨੂੰ ਵੀ ਕੋਈ ਢੰਗ ਦੀ ਨੌਕਰੀ ਨਹੀਂ ਸੀ ਮਿਲੀ। ਇੱਧਰ ਉੱਧਰ ਟੱਕਰਾਂ ਮਾਰਦੀ ਨੇ ਹੁਣ ਆਪਣੀ ਕੰਪਨੀ ਖੋਲ੍ਹੀ ਹੈ ਅਤੇ ਲੋੜ ਜੋਗਾ ਕੰਮ ਕਰ ਰਹੀ ਹੈ। ਹੁਣ ਉਸ ਨੇ ਨਾ ਪੜ੍ਹਾਈ ਕਰਨੀ ਹੈ ਤੇ ਨਾ ਹੀ ਕੋਈ ਨੌਕਰੀ ਲੱਭਣੀ ਹੈ, ਫਿਰ ਵੀ ਉਹ ਲਗਪਗ ਹਰ ਰੋਜ਼ ਰਾਤ ਨੂੰ ਜੰਤਰ-ਮੰਤਰ ਜਾਂਦੀ ਸੀ, ਨਾਅਰੇ ਲਾਉਂਦੀ ਸੀ, ਇੱਕ ਕਲਾਕਾਰ ਵਜੋਂ ਇਸ ਰੋਸ ਪ੍ਰਦਰਸ਼ਨ ਵਿੱਚ ਆਪਣਾ ਹਿੱਸਾ ਵੀ ਪਾਉਂਦੀ ਸੀ। ਉਸ ਦੀ ਭਾਸ਼ਾ ਉਹੀ ਸੀ, ਜੋ ਉੱਥੇ ਮੌਜੂਦ ਜਾਂ ਪੂਰੇ ਦੇਸ਼ ਵਿੱਚ ਫੈਲੇ, ਫੋਨ ਦੀਆਂ ਸਕਰੀਨਾਂ ’ਤੇ ਬਟਨ ਦਬਾਉਂਦੇ ਹੋਏ, ਉਸ ਦੇ ਹਮਉਮਰਾਂ ਦੀ ਸੀ। ਪਰਿਵਾਰ ਵੱਲੋਂ ਦਿੱਤੇ ਗਏ ਵਿਆਹ ਵਾਲੇ ਆਪਸ਼ਨ ਨੂੰ ਉਸ ਨੇ ਬਹੁਤ ਪਹਿਲਾਂ ਹੀ ਰੱਦ ਕਰ ਦਿੱਤਾ ਸੀ। ਅਜਿਹੇ ਬੱਚਿਆਂ ਨੂੰ ਤੁਸੀਂ ਕਿਹੜੇ ਰਵਾਇਤੀ ਚੌਖਟੇ ਵਿੱਚ ਫਿੱਟ ਕਰੋਗੇ ?

ਮੇਰਾ ਇੱਕ ਭਾਣਜਾ ਵੀ ਦਿੱਲੀ ਵਿੱਚ ਹੈ। ਚੰਗੀਆਂ ਯੂਨੀਵਰਸਿਟੀਆਂ ਅਤੇ ਸਕੂਲਾਂ ਵਿੱਚ ਪੜ੍ਹਿਆ ਹੈ। ਉਸ ਨੇ ਵੀ ਯੋਗਤਾ ਅਨੁਸਾਰ ਨੌਕਰੀ ਨਾ ਮਿਲਣ ਮਗਰੋਂ ਆਪਣਾ ਵਪਾਰ ਸ਼ੁਰੂ ਕਰ ਦਿੱਤਾ। ਵਪਾਰ ਦੀ ਸ਼ੁਰੂਆਤ ਔਕੜਾਂ ਤੇ ਇਮਤਿਹਾਨ ਲੈ ਕੇ ਆਉਂਦੀ ਹੈ। ਉਸ ਦੇ ਸਨਮੁੱਖ ਵੀ ਔਕੜਾਂ ਆਈਆਂ, ਪਰ ਉਸ ਨੇ ਆਪਣਾ ਇਰਾਦਾ ਦ੍ਰਿੜ੍ਹ ਰੱਖਿਆ ਤੇ ਅੱਜ ਕੌਮਾਂਤਰੀ ਪੱਧਰ ’ਤੇ ਚੰਗਾ ਵਪਾਰ ਕਰ ਰਿਹਾ ਹੈ। ਉਹ ਵੀ ਆਪਣੇ ਦਸ ਸਾਲਾਂ ਦੇ ਪੁੱਤਰ ਨੂੰ ਲੈ ਕੇ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਜੰਤਰ-ਮੰਤਰ ਜ਼ਰੂਰ ਜਾਂਦਾ ਸੀ। ਮੈਂ ਪੁੱਛਿਆ ਕਿਉਂ? ਤਾਂ ਜਵਾਬ ਦਿੱਤਾ ਕਿ ਪ੍ਰੋਟੈਸਟ ਨੂੰ ਦੇਖੇ ਅਤੇ ਜਾਣੇ ਬਿਨਾਂ ਉਸ ਦੇ ਪੁੱਤਰ ਦੀ ਸਮਝ ਨਹੀਂ ਬਣ ਸਕਦੀ। ਪਹਿਲਾਂ ਇਹ ਸਿਰਫ਼ ਟੈਲੀਵਿਜ਼ਨ ’ਤੇ ਦੇਖ ਰਿਹਾ ਸੀ ਤੇ ਹੁਣ ਇੱਥੇ ਆ ਕੇ ਖ਼ੁਦ ਅਨੁਭਵ ਕਰ ਰਿਹਾ ਹੈ। ਮੇਰੇ ਭਾਣਜੇ ਨੇ ਵੀ ਨਾ ਹੁਣ ਕੋਈ ਇਮਤਿਹਾਨ ਦੇਣਾ ਸੀ ਅਤੇ ਨਾ ਹੀ ਨੌਕਰੀ ਲੱਭਣੀ ਸੀ, ਫਿਰ ਵੀ ਨੌਜਵਾਨਾਂ ਦਾ ਮੁਜ਼ਾਹਰਾ ਉਸ ਲਈ ਆਉਣ ਵਾਲੇ ਭਵਿੱਖ ਦਾ ਸੁਨੇਹਾ ਦਿੰਦਾ ਲੱਗਦਾ ਸੀ, ਜਿਸ ਵਿੱਚ ਸ਼ਾਇਦ ਉਸ ਦੇ ਪੁੱਤਰ ਨੂੰ ਉਸ ਵਾਂਗ ਭਟਕਣਾ ਨਾ ਪਵੇ।

ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇਸ ਦੇਸ਼ ਵਿਆਪੀ ਪ੍ਰੋਟੈਸਟ ਕੋਲ ਕੋਈ ਮੰਗ ਨਹੀਂ ਸੀ। ਸਿੱਖਿਆ ਮੰਤਰੀ ਦਾ ਅਸਤੀਫ਼ਾ ਇੱਕ ਸੰਕੇਤਕ ਮੰਗ ਤੋਂ ਜ਼ਿਆਦਾ ਕੋਈ ਮੁੱਲ ਨਹੀਂ ਰੱਖਦਾ ਕਿਉਂਕਿ ਕੁੱਲ ਸਿੱਖਿਆ ਢਾਂਚਾ ਖੋਖਲਾ ਅਤੇ ਲੋਟੂ ਹੈ, ਜਿਸ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੇ ਕੀਮਤੀ ਵਰ੍ਹੇ ਰੁਲ਼ ਜਾਂਦੇ ਹਨ। ਸਿੱਖਿਆ ਢਾਂਚੇ ਦੇ ਜੰਜਾਲ ਵਿੱਚ ਜਕੜੇ ਉਹ ਕਾਸੇ ਜੋਗੇ ਨਹੀਂ ਰਹਿੰਦੇ। ਇਸ ਪੱਖੋਂ ਅਨੇਕਾਂ ਹੀ ਅੰਕੜੇ ਸਾਹਮਣੇ ਲਿਆਂਦੇ ਜਾ ਸਕਦੇ ਹਨ ਪਰ ਅਜਿਹਾ ਕਰਨ ਨਾਲ ਨੌਜਵਾਨਾਂ ਦੇ ਮਨਾਂ ਦੀ ਟੀਸ, ਉਨ੍ਹਾਂ ਦੀ ਪੂਰੇ ਸਿਸਟਮ ਤੋਂ ਬੇਭਰੋਸਗੀ ਅਤੇ ਭਵਿੱਖ ਬਾਰੇ ਬੇਯਕੀਨੀ ਬਾਰੇ ਕੁਝ ਪਤਾ ਨਹੀਂ ਲੱਗੇਗਾ। ਇਹ ਤਾਂ ਜੰਤਰ-ਮੰਤਰ ਦੇ ਨਾਅਰਿਆਂ, ਪਲੇਅਕਾਰਡਾਂ, ਗੀਤਾਂ, ਮੀਮਜ਼, ਚੁਟਕਲਿਆਂ ਅਤੇ ਸਕਿੱਟਾਂ ਦੀ ਭਾਸ਼ਾ ਵਿੱਚ ਦਰਜ ਹੈ। ਉਸ ਨੂੰ ਜਾਣੇ ਬਿਨਾਂ ਉਨ੍ਹਾਂ ਦੇ ਦਰਦ ਨੂੰ ਬਿਲਕੁਲ ਵੀ ਨਹੀਂ ਸਮਝਿਆ ਜਾ ਸਕਦਾ। ਉਨ੍ਹਾਂ ਦੀ ਮੰਦੀ ਭਾਸ਼ਾ ਨੂੰ ਨਿੰਦਿਆ ਜਾ ਸਕਦਾ ਹੈ ਪਰ ਅਜਿਹਾ ਕਰਨ ਨਾਲ ਮਸਲਾ ਹੱਲ ਨਹੀਂ ਹੋਵੇਗਾ। ਹੱਲ ਤਾਂ ਉਸ ਭਾਸ਼ਾ ਨੂੰ ਸਮਝਣ ਅਤੇ ਉਸ ਅਨੁਸਾਰੀ ਉਨ੍ਹਾਂ ਦੀਆਂ ਬੇਵਸਾਹੀਆਂ ਨੂੰ ਦੂਰ ਕਰਨ ਵਿੱਚ ਹੈ।

ਸੰਪਰਕ: 98150-00873

ਸੁਰੱਖਿਆ ਬਲਾਂ ਅੱਗੇ ਖੜ੍ਹੀ ਇੱਕ ਹੋਰ ਪ੍ਰਦਰਸ਼ਨਕਾਰੀ।
ਸੁਰੱਖਿਆ ਬਲਾਂ ਅੱਗੇ ਖੜ੍ਹੀ ਇੱਕ ਹੋਰ ਪ੍ਰਦਰਸ਼ਨਕਾਰੀ।
Advertisement
×