ਨੀਟ, ਜੇ ਈ ਈ ਅਤੇ ਆਲੋਚਨਾਤਮਕ ਸੋਚ ਦਾ ਘਾਣ
ਹਾਕਮ ਧਿਰ ਸਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਕਿ ਸਭ ਕੁਝ ਠੀਕ-ਠਾਕ ਹੈ। ਵਿਵਾਦਾਂ ਵਿੱਚ ਘਿਰੇ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਖ਼ਰਕਾਰ ਅਸਤੀਫ਼ਾ ਦੇ ਦਿੱਤਾ ਹੈ। ਸਾਡੇ ਤਕਨੀਕੀ ਤੌਰ ’ਤੇ ਨਿਪੁੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕੌਕਰੋਚ ਪੀੜ੍ਹੀ’ ਨੂੰ ‘ਮੁਆਫ਼’ ਕਰ ਦਿੱਤਾ...
ਹਾਕਮ ਧਿਰ ਸਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਕਿ ਸਭ ਕੁਝ ਠੀਕ-ਠਾਕ ਹੈ। ਵਿਵਾਦਾਂ ਵਿੱਚ ਘਿਰੇ ਮੰਤਰੀ ਧਰਮੇਂਦਰ ਪ੍ਰਧਾਨ ਨੇ ਆਖ਼ਰਕਾਰ ਅਸਤੀਫ਼ਾ ਦੇ ਦਿੱਤਾ ਹੈ। ਸਾਡੇ ਤਕਨੀਕੀ ਤੌਰ ’ਤੇ ਨਿਪੁੰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕੌਕਰੋਚ ਪੀੜ੍ਹੀ’ ਨੂੰ ‘ਮੁਆਫ਼’ ਕਰ ਦਿੱਤਾ ਹੈ। ਸੰਸਦ ਵਿੱਚ ਪੇਪਰ ਲੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਠੱਲ੍ਹ ਪਾਉਣ ਲਈ ਕਈ ਬਿੱਲ ਪਾਸ ਕਰ ਦਿੱਤੇ ਗਏ ਹਨ। ਸਭ ਤੋਂ ਵੱਡਾ ਉਪਰਾਲਾ ਇਹ ਹੈ ਕਿ ਉੱਦਮੀ ਤੇ ਤਕਨੀਕੀ ਮਾਹਿਰ ਨੰਦਨ ਨੀਲੇਕਣੀ ਨੂੰ ਸਿੱਖਿਆ ਖੇਤਰ ਵਿੱਚ ਕੁਝ ਠੋਸ ਸੁਧਾਰ ਸੁਝਾਉਣ ਲਈ ਆਖਿਆ ਗਿਆ ਹੈ। ਫਿਰ ਵੀ ਵਿਡੰਬਨਾ ਇਹ ਹੈ ਕਿ ਇਸ ਗੱਲ ’ਤੇ ਸ਼ਾਇਦ ਹੀ ਕਦੇ ਚਰਚਾ ਹੁੰਦੀ ਹੈ ਕਿ ਆਧੁਨਿਕ ਭਾਰਤ ਦੇ ਦੋ ਸਭ ਤੋਂ ਅਹਿਮ ਮਿਆਰੀ ਟੈਸਟਾਂ ‘ਨੀਟ’ ਅਤੇ ਜੇ ਈ ਈ ਦਾ ਅਸਲ ਸਰੂਪ ਕੀ ਹੈ? ਇੱਕ ਫ਼ਿਕਰਮੰਦ ਅਧਿਆਪਕ ਹੋਣ ਦੇ ਨਾਤੇ ਮੈਨੂੰ ਇਹ ਕਹਿਣ ਵਿੱਚ ਕੋਈ ਝਿਜਕ ਨਹੀਂ ਹੈ ਕਿ ਇਨ੍ਹਾਂ ਦੋਵਾਂ ਪ੍ਰੀਖਿਆਵਾਂ ਨੇ ਸਾਰਥਕ ਸਿੱਖਿਆ ਦੀ ਰੂਹ ਨੂੰ ਮਸਲ ਕੇ ਰੱਖ ਦਿੱਤਾ ਹੈ, ਭਿਆਨਕ ਤੇ ਦਿਓਕੱਦ ਰੂਪ ਵਿੱਚ ਫੈਲ ਚੁੱਕੇ ਕੋਚਿੰਗ ਉਦਯੋਗ ਨੂੰ ਜਨਮ ਦਿੱਤਾ ਹੈ ਅਤੇ ਸਾਡੇ ਨੌਜਵਾਨ ਵਿਦਿਆਰਥੀਆਂ ਦੀ ਆਲੋਚਨਾਤਮਕ ਸੋਚ ਤੇ ਸਿਰਜਣਾਤਮਕ ਕਲਪਨਾ ਸ਼ਕਤੀ ਦਾ ਘਾਣ ਕਰ ਦਿੱਤਾ ਹੈ। ਜਦੋਂ ਤੱਕ ਅਸੀਂ ਬੇਹਿੱਸ ਕਰ ਦੇਣ ਵਾਲੀਆਂ ਇਨ੍ਹਾਂ ਦੋ ਪ੍ਰੀਖਿਆਵਾਂ ਦੀ ਥਾਂ ਕੋਈ ਉਸਾਰੂ ਬਦਲ ਸਾਹਮਣੇ ਨਹੀਂ ਲਿਆਉਂਦੇ, ਉਦੋਂ ਤੱਕ ਕੋਈ ਵੀ ਸਾਰਥਕ ਸੁਧਾਰ ਸੰਭਵ ਨਹੀਂ ਹੈ।
ਮੇਰਾ ਪਹਿਲਾ ਇਤਰਾਜ਼ ਇਹ ਹੈ ਕਿ ਬਹੁਤ ਜ਼ਿਆਦਾ ਕੇਂਦਰੀਕ੍ਰਿਤ ਅਤੇ ਬਹੁ-ਵਿਕਲਪੀ ਪ੍ਰਸ਼ਨਾਂ ’ਤੇ ਆਧਾਰਿਤ ਇਨ੍ਹਾਂ ਦੋਵਾਂ ਟੈਸਟਾਂ ਨੇ ਪੂਰੀ ਪੀੜ੍ਹੀ ਤੋਂ ਵਿਗਿਆਨ ਸਿੱਖਣ ਦਾ ਆਨੰਦ ਖੋਹ ਲਿਆ ਹੈ। ਜ਼ਰਾ ਸੋਚੋ! ਤੁਸੀਂ ਬਿਨਾਂ ਕਿਸੇ ਜਿਗਿਆਸਾ ਤੇ ਉਸਾਰੂ ਸਵਾਲਾਂ ਤੋਂ ਭੌਤਿਕ ਵਿਗਿਆਨ ਕਿਵੇਂ ਸਿੱਖ ਸਕਦੇ ਹੋ? ਆਈਜ਼ਕ ਨਿਊਟਨ ਦੀ ਉਸ ਜਿਗਿਆਸਾ ਬਾਰੇ ਸੋਚੋ ਜਿਸ ਨੇ ਆਖ਼ਰਕਾਰ ਉਸ ਨੂੰ ਗੁਰੂਤਾ ਆਕਰਸ਼ਣ ਦੇ ਨਿਯਮ ਦੀ ਭਾਲ ਤੱਕ ਪਹੁੰਚਾਇਆ ਜਾਂ ਫਿਰ ਐਲਬਰਟ ਆਈਨਸਟਾਈਨ ਦੇ ਉਸ ਸੁਭਾਅ ਬਾਰੇ ਸੋਚੋ ਜਿਸ ਨੇ ਨਵੇਂ ਸਵਾਲ ਖੜ੍ਹੇ ਕੀਤੇ ਅਤੇ ਥਾਮਸ ਕੂਨ ਦੇ ਕਥਨ ਮੁਤਾਬਿਕ ਭੌਤਿਕ ਵਿਗਿਆਨ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ।
ਇਹ ਬਹੁਤ ਮਾੜੀ ਗੱਲ ਹੈ ਕਿ ਜਿਉਂ-ਜਿਉਂ ਸਾਡੇ ਬੱਚਿਆਂ ਨੂੰ ਸਿਰਫ਼ ਇਨ੍ਹਾਂ ਮਿਆਰੀ ਪ੍ਰੀਖਿਆਵਾਂ ਨੂੰ ਪਾਸ ਕਰਨ ਦੇ ‘ਨੁਸਖ਼ੇ’ ਸਿਖਾਏ ਜਾਂਦੇ ਹਨ, ਤਿਉਂ-ਤਿਉਂ ਉਹ ਵਿਗਿਆਨ ਦੀ ਅਸਲ ਰੂਹ ਤੋਂ ਕੋਹਾਂ ਦੂਰ ਹੋ ਜਾਂਦੇ ਹਨ। ਵਿਗਿਆਨ ਦੇ ਮਹਾਨ ਦਾਰਸ਼ਨਿਕ ਕਾਰਲ ਪੌਪਰ ਅਨੁਸਾਰ ਇਸ ਦਾ ਮਤਲਬ ਪੁਰਾਣੀਆਂ ਧਾਰਨਾਵਾਂ ਨੂੰ ਗ਼ਲਤ ਸਾਬਿਤ ਕਰਨ ਅਤੇ ਨਵੀਆਂ ਧਾਰਨਾਵਾਂ ਸਾਹਮਣੇ ਲਿਆਉਣ ਦੀ ਕਾਬਲੀਅਤ ਨੂੰ ਗੁਆ ਦੇਣਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਹ ਕਹਿਣ ਦੀ ਹਿੰਮਤ ਦਿਖਾਈਏ ਕਿ ਰਚਨਾਤਮਿਕ ਅਤੇ ਬਰੀਕਬੀਨ ਆਲੋਚਨਾਤਮਕ ਸੋਚ ਪੈਦਾ ਕਰਨ ਦੀ ਬਜਾਏ ਇਹ ਪ੍ਰੀਖਿਆਵਾਂ ਬੱਚਿਆਂ ਦੇ ਮਨਾਂ ਨੂੰ ਇੱਕ ਸਾਂਚੇ ਵਿੱਚ ਢਲੇ ਹੋਏ ਅਤੇ ਮਸ਼ੀਨੀ ਬਣਾ ਰਹੀਆਂ ਹਨ।
ਮੈਂ ਇਸ ਦੀਆਂ ਦੋ ਠੋਸ ਉਦਾਹਰਣਾਂ ਦਿੰਦਾ ਹਾਂ। ਹਾਲ ਹੀ ਵਿੱਚ ਰਾਜਧਾਨੀ ਦੇ ਇੱਕ ਨਾਮਵਰ ਇੰਜੀਨੀਅਰਿੰਗ ਕਾਲਜ ਦੇ ਭੌਤਿਕ ਵਿਗਿਆਨ ਦੇ ਇੱਕ ਹੋਣਹਾਰ ਪ੍ਰੋਫੈਸਰ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੇ ਪਹਿਲੇ ਸਾਲ ਦੇ ਵਿਦਿਆਰਥੀ ਸਾਡੇ ਕੁਝ ਮਹਾਨ ਭਾਰਤੀ ਭੌਤਿਕ ਵਿਗਿਆਨੀਆਂ ਜਿਵੇਂ ਕਿ ਸੀ ਵੀ ਰਮਨ, ਐੱਸ ਐੱਨ ਬੋਸ, ਮੇਘਨਾਦ ਸਾਹਾ ਅਤੇ ਹੋਮੀ ਭਾਬਾ ਬਾਰੇ ਬਿਲਕੁਲ ਵੀ ਨਹੀਂ ਜਾਣਦੇ, ਪਰ ਉਹ ਆਪਣੇ ਚਹੇਤੇ ਕੋਚਿੰਗ ਮਾਹਿਰਾਂ ਜਿਵੇਂ ਕਿ ‘ਫਿਜ਼ਿਕਸ ਵਾਲਾ’ ਅਤੇ ‘ਖ਼ਾਨ ਸਰ’ ਬਾਰੇ ਬਹੁਤ ਉਤਸ਼ਾਹ ਨਾਲ ਗੱਲਾਂ ਕਰ ਸਕਦੇ ਹਨ। ਕਿੰਨੀ ਵੱਡੀ ਵਿਡੰਬਨਾ ਹੈ!
ਇਸੇ ਤਰ੍ਹਾਂ ਅੰਗਰੇਜ਼ੀ ਸਾਹਿਤ ਦੇ ਇੱਕ ਸੰਵੇਦਨਸ਼ੀਲ ਸਕੂਲ ਅਧਿਆਪਕ ਨਾਲ ਗੱਲਬਾਤ ਕਰਦਿਆਂ ਮੈਂ ਉਸ ਦੀ ਪੀੜ ਨੂੰ ਮਹਿਸੂਸ ਕੀਤਾ। ਉਸ ਨੇ ਮੈਨੂੰ ਦੱਸਿਆ ਕਿ ਉਸ ਦੇ ਵਿਦਿਆਰਥੀ ਖ਼ਾਸ ਕਰਕੇ ਉਹ ਜੋ ਜੇ ਈ ਈ ਅਤੇ ‘ਨੀਟ’ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਨਾ ਤਾਂ ਵਧੀਆ ਸਾਹਿਤ ਪੜ੍ਹਨਾ ਚਾਹੁੰਦੇ ਹਨ ਅਤੇ ਨਾ ਹੀ ਵਿਸ਼ਲੇਸ਼ਣਾਤਮਕ ਜਾਂ ਵਿਆਖਿਆਤਮਕ ਲੇਖ ਲਿਖਣਾ ਚਾਹੁੰਦੇ ਹਨ। ਹਾਂ, ਇਨ੍ਹਾਂ ਬਹੁ-ਵਿਕਲਪੀ ਪ੍ਰਸ਼ਨਾਂ ਵਾਲੀਆਂ ਪ੍ਰੀਖਿਆਵਾਂ ਪ੍ਰਤੀ ਇਹ ਮਾਨਸਿਕ ਜਨੂੰਨ ਸਾਰਥਕ ਸਿੱਖਿਆ ਦੀ ਅਸਲ ਰੂਹ ਦਾ ਘਾਣ ਕਰ ਰਿਹਾ ਹੈ। ਇਸੇ ਤਰ੍ਹਾਂ ਮੇਰਾ ਦੂਜਾ ਇਤਰਾਜ਼ ਇਹ ਹੈ ਕਿ ਇਨ੍ਹਾਂ ਮਿਆਰੀ ਪ੍ਰੀਖਿਆਵਾਂ ਨੇ ਸਰਬਪੱਖੀ ਸਿੱਖਿਆ ਦੇ ਖ਼ਿਆਲ ਨੂੰ ਮਾਰ ਦਿੱਤਾ ਹੈ, ਇਸ ਲਈ ਅਸੀਂ ਸਕੂਲਾਂ ਨੂੰ ਸਾਰਥਕ ਸਿੱਖਿਆ ਦੇ ਕੇਂਦਰਾਂ ਵਜੋਂ ਲਗਾਤਾਰ ਤਬਾਹ ਹੁੰਦਾ ਦੇਖ ਰਹੇ ਹਾਂ। ਇਹ ਕਹਿਣਾ ਬਿਲਕੁਲ ਵੀ ਗ਼ਲਤ ਨਹੀਂ ਹੋਵੇਗਾ ਕਿ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਬਹੁਤ ਜ਼ਿਆਦਾ ਉਤਸ਼ਾਹੀ ਮਾਪਿਆਂ ਲਈ ਸਕੂਲਾਂ ਦੀ ਕੋਈ ਅਹਿਮੀਅਤ ਨਹੀਂ ਰਹੀ। ਇਸ ਦੀ ਬਜਾਏ ਉਹ ਵੱਡੇ ਪੱਧਰ ’ਤੇ ਵਪਾਰ ਬਣ ਚੁੱਕੇ ਉਨ੍ਹਾਂ ‘ਬਰਾਂਡਿਡ’ ਕੋਚਿੰਗ ਕੇਂਦਰਾਂ ਨੂੰ ਤਰਜੀਹ ਦਿੰਦੇ ਹਨ, ਜੋ ‘ਸਫਲਤਾ ਦੇ ਪੈਕੇਜ’ ਵੇਚਦੇ ਹਨ। ਕਿਸੇ ਵੀ ਸਕੂਲ ਵਿੱਚ ਅਚਾਨਕ ਜਾ ਕੇ ਖ਼ਾਲੀ ਪਏ ਕਲਾਸਰੂਮ ਦੇਖ ਲਵੋ। ਕੀ ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਜਿੱਥੇ ਭਾਰਤ ਵਿੱਚ ਕੁੱਲ ਬਜਟ ਦਾ ਮਹਿਜ਼ 2.6 ਫ਼ੀਸਦੀ ਹਿੱਸਾ ਹੀ ਸਿੱਖਿਆ ਲਈ ਰੱਖਿਆ ਜਾਂਦਾ ਹੈ ਅਤੇ ਸਾਡੇ ਬਹੁਤੇ ਸਕੂਲਾਂ ਕੋਲ ਚੰਗੀਆਂ ਲਾਇਬ੍ਰੇਰੀਆਂ ਤੇ ਵਿਗਿਆਨ ਲੈਬਾਂ ਬਣਾਉਣ ਲਈ ਲੋੜੀਂਦੇ ਫੰਡ ਵੀ ਨਹੀਂ ਹਨ, ਉੱਥੇ ਹੀ ਸਾਡੇ ਕੋਲ ਅਰਬਾਂ ਰੁਪਏ ਦਾ ਇੱਕ ਵਿਸ਼ਾਲ ਕੋਚਿੰਗ ਉਦਯੋਗ ਮੌਜੂਦ ਹੈ?
ਮੇਰਾ ਤੀਜਾ ਇਤਰਾਜ਼ ਇਹ ਹੈ ਕਿ ਇਹ ਪ੍ਰੀਖਿਆਵਾਂ ਅਮਲੀ ਤੌਰ ’ਤੇ ਅਸਲ ਚੋਣ ਕਰਨ ਦੀ ਬਜਾਏ ਇੱਕੋ ਵਾਰ ਬਾਹਰ ਦਾ ਰਸਤਾ ਦਿਖਾਉਣ (ਛਾਂਟ ਕੇ ਕੱਢਣ) ਵਾਲੇ ਹਥਿਆਰਾਂ ਵਾਂਗ ਕੰਮ ਕਰਦੀਆਂ ਹਨ। ਇਸ ਵਿੱਚ ਕੋਈ ਹੈਰਾਨੀ ਨਹੀਂ ਹੈ ਕਿ ਸਾਡੇ ਨੌਜਵਾਨ ਭਾਰੀ ਮਾਨਸਿਕ ਤਣਾਅ ਤੇ ਘਬਰਾਹਟ ਵਿੱਚੋਂ ਗੁਜ਼ਰਦੇ ਹਨ। ਜੇ ਉਹ ਅਜਿਹੇ ਜ਼ਹਿਰੀਲੇ ਮਾਹੌਲ ਵਿੱਚ ਵੱਡੇ ਹੁੰਦੇ ਹਨ ਜਿੱਥੇ ਉਨ੍ਹਾਂ ਨੂੰ ਵਾਰ-ਵਾਰ ਇਹੋ ਕਿਹਾ ਜਾਂਦਾ ਹੈ ਕਿ ਜੇ ਉਹ ਡਾਕਟਰ ਜਾਂ ਇੰਜੀਨੀਅਰ ਨਹੀਂ ਬਣ ਸਕੇ ਤਾਂ ਉਨ੍ਹਾਂ ਦੀ ਜ਼ਿੰਦਗੀ ਕਿਸੇ ਕੰਮ ਦੀ ਨਹੀਂ ਤਾਂ ਫਿਰ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੇ ਅੰਕੜਿਆਂ ਤੋਂ ਇਲਾਵਾ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ? ਹਾਂ, ਅਸੀਂ ਇੱਕ ਨਿਰਾਸ਼ ਅਤੇ ਬੇਚੈਨ ਪੀੜ੍ਹੀ ਪੈਦਾ ਕਰ ਰਹੇ ਹਾਂ।
ਅਖੀਰ ਸਾਨੂੰ ਇਹ ਪ੍ਰੇਸ਼ਾਨ ਕਰਨ ਵਾਲਾ ਸਵਾਲ ਪੁੱਛਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਕਿ ਅਸੀਂ ਕਿਸ ਕਿਸਮ ਦੇ ਡਾਕਟਰ ਅਤੇ ਇੰਜੀਨੀਅਰ ਪੈਦਾ ਕਰ ਰਹੇ ਹਾਂ? ਪਹਿਲੀ ਗੱਲ ਤਾਂ ਇਹ ਹੈ ਕਿ ‘ਨੀਟ’ ਅਤੇ ਜੇ ਈ ਈ ਵਰਗੀਆਂ ਪ੍ਰੀਖਿਆਵਾਂ ਦੀ ਤਿਆਰੀ ਦਾ ਤਰੀਕਾ ਹੀ ਇਸ ਪੀੜ੍ਹੀ ਤੋਂ ਸਾਰੇ ਨੇਕ ਸੁਪਨੇ ਖੋਹ ਲੈਂਦਾ ਹੈ। ਜਦੋਂ ਤੁਹਾਡੇ ਮਾਪੇ ਇੰਨਾ ਪੈਸਾ ਖ਼ਰਚ ਕਰਦੇ ਹਨ (ਕੋਚਿੰਗ ਦਾ ਖ਼ਰਚਾ; ਪ੍ਰਾਈਵੇਟ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਦੀ ਦਿਨੋ-ਦਿਨ ਵਧ ਰਹੀ ਅਣਕਿਆਸੀ ਫੀਸ ਅਤੇ ਹੋਰ ਖ਼ਰਚੇ) ਤਾਂ ਫਿਰ ਤੁਸੀਂ ਆਪਣੇ ਆਪ ਨੂੰ ਕੀਮਤ ਦਾ ਟੈਗ ਲੱਗੀ ਇੱਕ ‘ਵਸਤੂ’ ਤੋਂ ਇਲਾਵਾ ਹੋਰ ਕੁਝ ਕਿਵੇਂ ਸਮਝ ਸਕਦੇ ਹੋ?
ਤੁਸੀਂ ਸਮਾਜ ਸੇਵਾ ਦੀ ਭਾਵਨਾ ਨਾਲ ਭਰੇ ਕਿਸੇ ਵੀ ਸਾਰਥਕ ਅਤੇ ਚੰਗੇ ਕੰਮ ਦੇ ਸੁਪਨੇ ਨੂੰ ਪਾਲ ਹੀ ਨਹੀਂ ਸਕਦੇ, ਜਿਵੇਂ ਕਿ ‘ਪਲੇਸਮੈਂਟਸ ਅਤੇ ਤਨਖ਼ਾਹਾਂ ਦੇ ਪੈਕੇਜਾਂ’ ਦਾ ਮਾਡਲ ਹੀ ਹੁਣ ਨਵਾਂ ਸੱਚ ਬਣ ਚੁੱਕਾ ਹੈ। ਇਸ ਲਈ ਸਾਨੂੰ ਬਿਲਕੁਲ ਵੀ ਹੈਰਾਨੀ ਨਹੀਂ ਹੋਣੀ ਚਾਹੀਦੀ ਜੇਕਰ ਸਾਡੇ ਬਹੁਤੇ ਜੇ ਈ ਈ ਅਤੇ ‘ਨੀਟ’ ਦੇ ‘ਟੌਪਰ’ ਆਖ਼ਰਕਾਰ ਫ਼ਰਮਾਬਰਦਾਰ ਇੰਜੀਨੀਅਰ (ਜਾਂ ਕਾਰਪੋਰੇਟ ਗ਼ੁਲਾਮ) ਅਤੇ ਮੁਨਾਫ਼ਾ ਕਮਾਉਣ ਵਾਲੇ ਪੰਜ-ਸਿਤਾਰਾ ਪ੍ਰਾਈਵੇਟ ਹਸਪਤਾਲਾਂ ਦੇ ਲਾਲਚੀ ਡਾਕਟਰ ਬਣ ਜਾਂਦੇ ਹਨ।
ਸਿਰਫ਼ ਇੰਨਾ ਹੀ ਨਹੀਂ। ਸਾਡੇ ਵਰਗੇ ਪੱਛੜੇ ਅਤੇ ਮਰਦ ਪ੍ਰਧਾਨ ਸਮਾਜ ਵਿੱਚ, ਜਿਵੇਂ ਕਿ ਅਖ਼ਬਾਰਾਂ ਦੇ ਰਿਸ਼ਤਿਆਂ ਵਾਲੇ ਕਾਲਮ ਦੱਸਦੇ ਹਨ, ਇਨ੍ਹਾਂ ਡਾਕਟਰਾਂ ਅਤੇ ਇੰਜੀਨੀਅਰਾਂ ਦੀ ‘ਬਾਜ਼ਾਰੀ ਕੀਮਤ’ ਬਹੁਤ ਜ਼ਿਆਦਾ ਹੁੰਦੀ ਹੈ! ਹਾਂ, ਸਾਨੂੰ ਇਨ੍ਹਾਂ ਪ੍ਰੀਖਿਆਵਾਂ ਦੀ ਵਾਜਬਤਾ ਉੱਤੇ ਸਵਾਲ ਖੜ੍ਹੇ ਕਰਨ ਦੀ ਲੋੜ ਹੈ ਅਤੇ ਬਿਨਾਂ ਕਿਸੇ ਝਿਜਕ ਦੇ ਇਨ੍ਹਾਂ ਗੱਲਾਂ ’ਤੇ ਜ਼ੋਰ ਦੇਣਾ ਚਾਹੀਦਾ ਹੈ:
ਪਹਿਲਾ: ਸਿੱਖਿਆ ਸਿਰਫ਼ ਮਿਆਰੀ ਪ੍ਰੀਖਿਆਵਾਂ ਪਾਸ ਕਰਨ ਦੀ ਸਿਖਲਾਈ ਨਹੀਂ ਹੈ। ਸਿੱਖਿਆ ਦਾ ਅਸਲ ਮਕਸਦ ਆਲੋਚਨਾਤਮਕ ਸੋਚ, ਸਿਰਜਣਾਤਮਕ ਕਲਪਨਾ ਸ਼ਕਤੀ ਅਤੇ ਜਮਹੂਰੀ ਨਾਗਰਿਕਤਾ ਦੀ ਭਾਵਨਾ ਪੈਦਾ ਕਰਨਾ ਹੈ।
ਦੂਜਾ: ਜਿਹੜਾ ਸਿਸਟਮ ਚੰਗੇ ਸਕੂਲਾਂ ਅਤੇ ਰਚਨਾਤਮਕ ਅਧਿਆਪਕਾਂ ਦੀ ਜਗ੍ਹਾ ਕੋਚਿੰਗ ਮਾਹਿਰਾਂ ਨੂੰ ਉਤਸ਼ਾਹਿਤ ਕਰਦਾ ਹੈ, ਉਹ ਮੂਲ ਰੂਪ ਵਿੱਚ ਹੀ ਨੁਕਸਦਾਰ ਹੈ।
ਤੀਜਾ: ਸਾਨੂੰ ਨੈਸ਼ਨਲ ਟੈਸਟਿੰਗ ਏਜੰਸੀ ਨਾਮਕ ਮਸ਼ੀਨ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਇਸ ਦੀ ਬਜਾਏ ਸਾਨੂੰ ਮਹਾਨ ਸਿੱਖਿਆ ਸ਼ਾਸਤਰੀਆਂ, ਅਧਿਆਪਕਾਂ, ਸਿੱਖਿਆ ਮਾਹਿਰਾਂ, ਕਾਬਲ ਡਾਕਟਰਾਂ ਅਤੇ ਸਿਰਜਣਾਤਮਕ ਇੰਜੀਨੀਅਰਾਂ ਦੀ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੂੰ ਇੱਕ ਅਜਿਹਾ ਵਿਕੇਂਦਰੀਕ੍ਰਿਤ ਪ੍ਰੀਖਿਆ ਢਾਂਚਾ ਤਿਆਰ ਕਰਨ ਲਈ ਕਹਿਣਾ ਚਾਹੀਦਾ ਹੈ ਜੋ ਵਿਦਿਆਰਥੀਆਂ ਦੀ ਸੋਚਣ ਤੇ ਪਰਖਣ ਦੀ ਮੁਹਾਰਤ, ਉਨ੍ਹਾਂ ਦੀਆਂ ਸਮਾਜਿਕ ਤੇ ਨੈਤਿਕ ਕਦਰਾਂ-ਕੀਮਤਾਂ ਅਤੇ ਇਸ ਬੁਨਿਆਦੀ ਸਮਝ ਨੂੰ ਪਰਖ ਸਕੇ ਕਿ ਅਸਲ ਜ਼ਿੰਦਗੀ ਵਿੱਚ ਡਾਕਟਰ ਅਤੇ ਇੰਜੀਨੀਅਰ ਆਪਣੇ ਪੇਸ਼ੇ ਵਿੱਚ ਕੀ ਕੰਮ ਕਰਦੇ ਹਨ।
ਇਸ ਦੇ ਨਾਲ ਹੀ ‘ਡੰਮੀ ਸਕੂਲਾਂ’ ਦੇ ਰੁਝਾਨ ਨੂੰ ਨੱਥ ਪਾਉਣੀ ਅਤੇ ਵਿਦਿਆਰਥੀ ਦੇ ਸਕੂਲੀ ਪ੍ਰਦਰਸ਼ਨ ਨੂੰ ਬਣਦਾ ਮਾਣ ਦੇਣਾ ਵੀ ਓਨਾ ਹੀ ਜ਼ਰੂਰੀ ਹੈ।
ਕੀ ਅਸੀਂ ਇਸ ਲਈ ਤਿਆਰ ਹਾਂ?
*ਲੇਖਕ ਸਮਾਜ ਸ਼ਾਸਤਰੀ ਹੈ।

