ਕੇਪੀ ਨਾਇਰ
ਅਮਰੀਕਾ ਉਤੇ ਹੋਏ 9/11 ਹਮਲਿਆਂ ਦੇ ਨਾਲ ਹੀ ਉਤਰੀ ਅਮਰੀਕੀ ਮਹਾਦੀਪ ਵਿਚਲੇ ਭਾਰਤੀ ਉਥੇ ਆਪਣੇ ਖਿ਼ਲਾਫ਼ ਹੋਏ ਸਭ ਤੋਂ ਗੰਭੀਰ ਨਫ਼ਰਤੀ ਜੁਰਮਾਂ ਦੀ 20ਵੀਂ ਬਰਸੀ ਵੀ ਮਨਾ ਰਹੇ ਹਨ। ਇਸ ਤੋਂ ਪਹਿਲਾਂ 1914 ਵਿਚ ਭਾਰਤ ਤੋਂ ਕੌਮਾਗਾਟਾ ਮਾਰੂ ਜਹਾਜ਼ ਰਾਹੀਂ ਵੈਨਕੂਵਰ ਪਹੁੰਚੇ 376 ਮੁਸਾਫ਼ਰਾਂ ਜਿਨ੍ਹਾਂ ਵਿਚੋਂ ਬਹੁਤੇ ਪੰਜਾਬੀ ਸਿੱਖ ਸਨ, ਨਾਲ ਉਸ ਵਕਤ ਕੈਨੇਡਾ ਤੇ ਅਮਰੀਕਾ ਵਿਚ ਲਾਗੂ ਏਸ਼ਿਆਈ ਭਾਈਚਾਰੇ ਵਿਰੋਧੀ ਕਾਨੂੰਨਾਂ ਤਹਿਤ ਕੈਨੇਡਾ ਸਰਕਾਰ ਵੱਲੋਂ ਜੋ ਬਹੁਤ ਹੀ ਮਾੜਾ ਵਰਤਾਓ ਕੀਤਾ ਗਿਆ ਸੀ, ਉਸ ਪਿੱਛੋਂ ਇਹ 9/11 ਤੋਂ ਬਾਅਦ ਵਾਲੀ ਨਫ਼ਰਤੀ ਲਹਿਰ ਸਭ ਤੋਂ ਭਿਆਨਕ ਸੀ।
ਸਤੰਬਰੀ ਹਮਲਿਆਂ ਤੋਂ ਫੌਰੀ ਬਾਅਦ ਪਹਿਲਾ ਨਫ਼ਰਤੀ ਹਮਲਾ, ਭਾਵ ਪੈਟਰੋਲ ਸਟੇਸ਼ਨ ਦੇ ਮਾਲਕ ਬਲਬੀਰ ਸਿੰਘ ਸੋਢੀ ਦਾ ਕਤਲ, ਐਨਾ ਅਚਨਚੇਤ ਹੋਇਆ ਕਿ ਉਦੋਂ ਤੱਕ ਤਾਂ ਭਾਰਤੀ ਅਮਰੀਕੀ ਭਾਈਚਾਰਾ ਅਜੇ ਅਮਰੀਕੀ ਸਰਜ਼ਮੀਨ ਉਤੇ ਇਨ੍ਹਾਂ ਬਹੁਤ ਹੀ ਭਿਆਨਕ (ਸਤੰਬਰੀ) ਦਹਿਸ਼ਤੀ ਹਮਲਿਆਂ ਨੂੰ ਸਮਝ ਵੀ ਨਹੀਂ ਸੀ ਸਕਿਆ ਅਤੇ ਇਸ ਤਰ੍ਹਾਂ ਇਹ ਨਫ਼ਰਤੀ ਹਮਲਾ ਉਨ੍ਹਾਂ ਲਈ ਦੋਹਰੀ ਮਾਰ ਸੀ। ਇਸ ਤ੍ਰਾਸਦੀ ਦੇ 20 ਸਾਲਾਂ ਬਾਅਦ ਜੇ ਕੋਈ ਦਿਲਾਸੇ ਵਾਲੀ ਗੱਲ ਹੈ ਤਾਂ ਇਹੋ ਕਿ ਸ੍ਰੀ ਸੋਢੀ ਦੀ ਮੌਤ ਅਜਾਈਂ ਨਹੀਂ ਗਈ। ਉਨ੍ਹਾਂ ਦੀ ਮੌਤ ਨੇ ਅਮਰੀਕਾ ਅਤੇ ਕੁਝ ਹੱਦ ਤੱਕ ਕੈਨੇਡਾ ਵਿਚ ਵੀ ਜ਼ੋਰਦਾਰ ਮੁਹਿੰਮ ਦਾ ਮੁੱਢ ਬੰਨ੍ਹਿਆ ਜਿਸ ਦੇ ਸਿੱਟੇ ਵਜੋਂ ਹੁਣ ਅਮਰੀਕਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸਿੱਖਾਂ ਖਿ਼ਲਾਫ਼ ਨਫ਼ਰਤੀ ਜੁਰਮਾਂ ਦਾ ਰਿਕਾਰਡ ਵੀ ਰੱਖਦੀਆਂ ਹਨ ਤੇ ਉਨ੍ਹਾਂ ਖਿ਼ਲਾਫ਼ ਕਾਰਵਾਈ ਵੀ ਕਰਦੀਆਂ ਹਨ।
ਛੇ ਸਾਲ ਪਹਿਲਾਂ ਸਿੱਖ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਵਾਲੇ ਨਸਲੀ ਸਬੰਧਾਂ ਵਿਚ ਅਜਿਹੀ ਬਹੁਤ ਅਹਿਮ ਤਬਦੀਲੀ ਵੱਲ ਪੇਸ਼ਕਦਮੀ ਸੌਖੀ ਨਹੀਂ ਸੀ। ਸ੍ਰੀ ਸੋਢੀ ਵਾਂਗ ਹੀ ਹੋਰ ਕਈ ਸਿੱਖਾਂ ਨੂੰ ਵੀ ਇਸ ਦੌਰਾਨ ਜਾਨਾਂ ਗਵਾਉਣੀਆਂ ਪਈਆਂ ਅਤੇ ਸਭ ਤੋਂ ਭਿਆਨਕ ਨਸਲੀ ਹਮਲਾ ਨੌਂ ਸਾਲ ਪਹਿਲਾਂ ਵਿਸਕਾਨਸਿਨ ਵਿਚ ਕੀਤਾ ਗਿਆ। ਓਕ ਕਰੀਕ ਸਥਿਤ ਗੁਰਦੁਆਰੇ ਵਿਚ ਹਮਲਾ ਕਰ ਕੇ ਇਕ ਗੋਰੇ ਨਸਲਪ੍ਰਸਤ ਨੇ ਸੱਤ ਸਿੱਖ ਸ਼ਰਧਾਲੂਆਂ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ। ਉਸ ਤੋਂ ਬਾਅਦ ਵਿਸਕੌਨਸਿਨ ਹਮਲੇ ਦੀ ਬਰਸੀ ਹੁਣ ਕੌਮੀ ਯਾਦਗਾਰ ਦਿਹਾੜਾ ਬਣ ਚੁੱਕੀ ਹੈ। ਬੀਤੇ ਹਫ਼ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਭਿਆਨਕ ਘਟਨਾ ਨੂੰ ਚੇਤੇ ਕੀਤਾ ਅਤੇ ਸਭ ਨੂੰ ‘ਨਫ਼ਰਤ ਤੇ ਕੱਟੜਤਾ ਖਿ਼ਲਾਫ਼ ਡਟ ਕੇ ਖੜ੍ਹਨ’ ਦਾ ਸੱਦਾ ਦਿੰਦਿਆਂ ਇਹ ਗੱਲ ਯਕੀਨੀ ਬਣਾਏ ਜਾਣ ਦੀ ਲੋੜ ਉਤੇ ਜ਼ੋਰ ਦਿੱਤਾ ਕਿ ‘ਸਾਰੇ ਲੋਕ ਆਪੋ-ਆਪਣੇ ਅਕੀਦਿਆਂ ਨੂੰ ਬਿਨਾਂ ਕਿਸੇ ਡਰ-ਭੈਅ ਤੋਂ ਮੰਨ ਸਕਣ’।
ਅਜਿਹਾ ਕੋਈ ਪੱਕਾ ਬੰਦੋਬਸਤ ਨਹੀਂ ਹੈ ਜਿਸ ਨਾਲ ਅਜਿਹੀਆਂ ਨਫ਼ਰਤੀ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਕਿਸੇ ਵੱਲੋਂ ਖ਼ੁਦ ਨੂੰ ਉੱਤਮ ਮੰਨਦਿਆਂ ਰੰਗ, ਨਸਲ ਅਤੇ ਅਕੀਦੇ ਦੇ ਆਧਾਰ ਉਤੇ ਹੋਰਾਂ ਨਾਲ ਦੁਸ਼ਮਣੀ ਤੇ ਵਿਤਕਰਾ ਕਰਨਾ ਮਾੜੀ ਮਾਨਸਿਕਤਾ ਦਾ ਸਿੱਟਾ ਹੁੰਦਾ ਹੈ ਅਤੇ ਇਸ ਨੂੰ ਕਾਨੂੰਨੀ ਢੰਗ-ਤਰੀਕਿਆਂ ਨਾਲ ਮਾੜਾ-ਮੋਟਾ ਹੀ ਠੱਲ੍ਹਿਆ ਜਾ ਸਕਦਾ ਹੈ। ਇਸ ਲਈ ਅਮਰੀਕਾ ਤੇ ਯੂਰੋਪ ਵਰਗੇ ਸਮਾਜਾਂ ਵਿਚ ਦੱਖਣੀ ਏਸ਼ਿਆਈਆਂ, ਅਰਬਾਂ ਅਤੇ ਪੂਰਬੀ ਏਸ਼ਿਆਈਆਂ ਵਰਗੇ ‘ਗ਼ੈਰਾਂ’ ਪ੍ਰਤੀ ਵੈਰ-ਵਿਰੋਧ ਦੇ ਦੋਸ਼ਾਂ ਲਈ ਹਮੇਸ਼ਾ ਗੁੰਜਾਇਸ਼ ਬਣੀ ਰਹੇਗੀ ਪਰ ਸਤੰਬਰੀ ਹਮਲਿਆਂ ਦੀ 20ਵੀਂ ਬਰਸੀ ਮੌਕੇ, ਜਦੋਂ ਖ਼ਾਸਕਰ ਅਫ਼ਗ਼ਾਨਿਸਤਾਨ ਵਿਚ ਵਾਪਰੀਆਂ ਹਾਲੀਆ ਘਟਨਾਵਾਂ ਕਾਰਨ ਇਕ ਵਾਰੀ ਮੁੜ ਦਹਿਸ਼ਤਗਰਦੀ ਦੇ ਖ਼ਦਸ਼ੇ ਗੰਭੀਰ ਬਣ ਗਏ ਹਨ, ਤਾਂ ਇਹ ਤਸਲੀਮ ਕਰਨਾ ਜ਼ਰੂਰੀ ਹੈ ਕਿ ਸਿੱਖ ਅਮਰੀਕੀਆਂ ਬਾਰੇ ਵੱਡੇ ਪੱਧਰ ‘ਤੇ ਚੇਤਨਾ ਪੈਦਾ ਕਰਨ ਵਿਚ ਕਾਫ਼ੀ ਸਫਲਤਾ ਹਾਸਲ ਕਰ ਲਈ ਗਈ ਹੈ ਜਿਨ੍ਹਾਂ ਨੂੰ 9/11 ਤੋਂ ਫੌਰੀ ਬਾਅਦ ਹੁਣ ਤੱਕ ਦੀ ਸਭ ਤੋਂ ਮਾੜੀ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਾਮਲੇ ਵਿਚ ਹਾਲੇ ਹੋਰ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ ਅਤੇ ਏਸ਼ਿਆਈ ਅਮਰੀਕੀਆਂ ਨੂੰ ਆਪਣੇ ਬੀਤੇ ਦੋ ਦਹਾਕਿਆਂ ਦੇ ਤਜਰਬੇ ਤੋਂ ਪੂਰੀ ਆਸ ਹੈ ਕਿ ਅਜਿਹਾ ਕਰ ਲਿਆ ਜਾਵੇਗਾ।
ਜਦੋਂ ਸਤੰਬਰੀ ਹਮਲੇ ਹੋਏ ਤਾਂ ਬਹੁਤ ਸਾਰੇ ਲੋਕ ਇਸ ਦੇ ਸਿੱਟੇ ਵਜੋਂ ਆਪਣੇ ਨਾਲ ਹੋਈਆਂ ਜਿ਼ਆਦਤੀਆਂ ਨੂੰ ਮੁਆਫ਼ ਕਰ ਦੇਣ ਲਈ ਤਿਆਰ ਸਨ। ਦੋਵੇਂ ਥਾਈਂ ਅਮਰੀਕਾ ਵਿਚ ਵੀ ਤੇ ਇਸ ਦੇ ਬਾਹਰ ਵੀ ਪਰ ਹੁਣ ਵੀਹ ਸਾਲਾਂ ਬਾਅਦ ਇਹ ਸੋਚ ਬਦਲ ਗਈ ਹੈ ਅਤੇ ਦਹਿਸ਼ਦਗਰਦੀ ਖਿ਼ਲਾਫ਼ ਲੜਾਈ ਦੇ ਨਾਂ ਤੇ ਕੁਝ ਵੀ ਤੇ ਸਭ ਕੁਝ ਕਰ ਸਕਣ ਦੇ ਲਾਇਸੈਂਸ ਦੀ ਹੁਣ ਅਮਰੀਕਾ ਵਿਚ ਮਿਆਦ ਪੁੱਗ ਚੁੱਕੀ ਹੈ। ਇਹ ਨਸਲ, ਧਰਮ ਤੇ ਦਿੱਖ (ਪਹਿਰਾਵੇ ਆਦਿ) ਤੇ ਆਧਾਰਤ ਨਫ਼ਰਤੀ ਜੁਰਮਾਂ ਅਤੇ ਵਿਤਕਰੇ ਤੋਂ ਕਿਤੇ ਅਗਾਂਹ ਦਾ ਮਾਮਲਾ ਹੈ। ਇਸ ਗੱਲ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਨੂੰ ਢਾਹ ਦਿੱਤੇ ਜਾਣ ਦੇ ਕੁਝ ਸਾਲਾਂ ਬਾਅਦ ਹੀ ਰਾਇਟਰਜ਼ ਹੈਂਡਬੁਕ ਆਫ਼ ਜਰਨਲਿਜ਼ਮ (ਰਾਇਟਰਜ਼ ਦਾ ਪੱਤਰਕਾਰੀ ਬਾਰੇ ਕਿਤਾਬਚਾ) ਆਲਮੀ ਖ਼ਬਰ ਨੈਟਵਰਕਾਂ ਦੇ ਰਿਪੋਰਟਰਾਂ ਨੂੰ ਸਲਾਹ ਦੇਵੇਗਾ ਕਿ ਉਹ ‘ਦਹਿਸ਼ਤਗਰਦੀ ਖਿ਼ਲਾਫ਼ ਜੰਗ’ ਵਾਕਅੰਸ਼ ਦੀ ਵਰਤੋਂ ਤੋਂ ਗੁਰੇਜ਼ ਕਰਨ। ਹੁਣ ਇਸ ਕਿਤਾਬਚੇ ਵਿਚ ਲਿਖਿਆ ਹੈ: ‘‘ਜਦੋਂ ਤੱਕ ਹਵਾਲੇ ਵਿਚ ਨਾ ਹੋਵੇ, ਇਹ ਵਾਕਅੰਸ਼ ਨਾ ਵਰਤੋ। ਇਹ ਮਾੜੀ ਅੰਗਰੇਜ਼ੀ ਹੈ ਅਤੇ ਇਹ ਅਤਿਵਾਦੀ ਹਿੰਸਾ ਦੁਆਲੇ ਘੁੰਮਦੀ ਪ੍ਰਚਾਰ ਲੜਾਈ ਦਾ ਹਿੱਸਾ ਹੈ।”
ਜਿਵੇਂ ਹੁਣ ਭਾਰਤ ਵਿਚ ਵਾਪਰ ਰਿਹਾ ਹੈ, ਬਿਲਕੁਲ ਉਵੇਂ ਹੀ ਅਮਰੀਕੀ ਮੀਡੀਆ ਦੇ ਕੁਝ ਹਿੱਸਿਆਂ ਨੇ 9/11 ਤੋਂ ਬਾਅਦ ਇਸਲਾਮੋਫੋਬੀਆ (ਮੁਸਲਮਾਨਾਂ/ਇਸਲਾਮ ਤੋਂ ਕਲਪਿਤ ਤੇ ਝੂਠਾ ਡਰ) ਨੂੰ ਹੁਲਾਰਾ ਦੇਣ ਵਿਚ ਅਹਿਮ ਕਿਰਦਾਰ ਨਿਭਾਇਆ। ਇਨ੍ਹਾਂ ਵਿਚ ਮੁੱਖ ਤੌਰ ’ਤੇ ਵਿਜ਼ੂਅਲ ਮੀਡੀਆ ਦੇ ਉਹ ਵਰਗ ਸ਼ਾਮਲ ਸਨ ਜਿਹੜੇ ਆਪਣੇ ਦਰਸ਼ਕ (ਟੀਆਰਪੀ) ਵਧਾਉਣ ਦੇ ਭੁੱਖੇ ਸਨ ਜਾਂ ਜਿਨ੍ਹਾਂ ਕੋਲ ਸਹੀ ਸੂਚਨਾ ਦੀ ਘਾਟ ਸੀ। ਇਸ ਦੀ ਮਾਰ ਗ਼ੈਰ-ਮੁਸਲਮਾਨਾਂ ਨੂੰ ਵੀ ਝੱਲਣੀ ਪਈ ਕਿਉਂਕਿ ਬਹੁਤੇ ਅਮਰੀਕੀਆਂ ਨੂੰ ਸਿੱਖਾਂ ਅਤੇ ਅਫ਼ਗ਼ਾਨਾਂ ਦਰਮਿਆਨ ਫ਼ਰਕ ਦੀ ਜਾਣਕਾਰੀ ਨਹੀਂ ਸੀ ਕਿਉਂਕਿ ਦੋਵੇਂ ਹੀ ਦਸਤਾਰਾਂ ਬੰਨ੍ਹਦੇ ਹਨ ਅਤੇ ਅਜਿਹਾ ਕੁਝ ਹੀ ਦਾੜ੍ਹੀਆਂ ਰੱਖਣ ਵਾਲੇ ਇਰਾਨੀਆਂ ਨਾਲ ਵਾਪਰਿਆ। ਗ਼ੌਰਤਲਬ ਹੈ ਕਿ 9/11 ਹਮਲਿਆਂ ਤੱਕ ਅਮਰੀਕਾ ਵਿਚ ਦਾੜ੍ਹੀ ਦਾ ਕੋਈ ਮੁੱਦਾ ਹੀ ਨਹੀਂ ਸੀ। ਹਮਲਿਆਂ ਤੋਂ ਬਾਅਦ ਦੇ ਮਹੀਨਿਆਂ ਦੌਰਾਨ ਮੈਨੂੰ ਚੇਤੇ ਹੈ ਕਿ ਨਿਊਯਾਰਕ ਜਾਂ ਵਾਸ਼ਿੰਗਟਨ ਦੇ ਬਾਰਾਂ ਵਿਚ ਜਾਣ ਤੇ ਮੈਨੂੰ ਪੁੱਛਿਆ ਗਿਆ ਕਿ ਕੀ ਮੈਂ ਹਿੰਦੂ ਹਾਂ। ਕਿਸੇ ਨੇ ਵੀ ਮੈਨੂੰ ਮੁਸਲਮਾਨ ਹੋਣ ਬਾਰੇ ਨਹੀਂ ਪੁੱਛਿਆ, ਕਿਉਂਕਿ ਬਾਰ ਦੇ ਸਟੂਲਾਂ ਉਤੇ ਮੇਰੇ ਕਰੀਬ ਬੈਠੇ ਹੋਰ ਗਾਹਕ ਆਪਣੀ ਤਸੱਲੀ ਕਰ ਲੈਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਉੱਚ ਵਰਗਾਂ ਵਿਚ ਜ਼ਾਹਰਾ ਤੌਰ ਤੇ ਇਸਲਾਮੋਫੋਬੀਆ ਤੋਂ ਬਚੇ ਜਾਣ ਕਾਰਨ ਅਜਿਹੇ ਸਵਾਲ ਪੈਦਾ ਹੀ ਨਹੀਂ ਹੋਏ ਪਰ ਮੱਧ ਅਮਰੀਕਾ ਦੇ ਵਿਸ਼ਾਲ ਇਲਾਕਿਆਂ ਵਿਚ ਇਹ ਗੱਲ ਨਹੀਂ ਸੀ, ਜਿਥੇ ਅਗਿਆਨਤਾ ਦੀ
ਭਰਮਾਰ ਹੈ ਅਤੇ ਬਾਹਰਲੀ ਦੁਨੀਆਂ ਨਾਲ ਸੰਪਰਕ ਨਾਂਮਾਤਰ ਹੈ। ਸ੍ਰੀ ਸੋਢੀ ਨੂੰ ਅਮਰੀਕੀ ਇਲਾਕੇ ਐਰੀਜ਼ੋਨਾ ਵਿਚ ਅਜਿਹੀ ਹੀ ਅਗਿਆਨਤਾ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ।
ਦੋ ਦਹਾਕੇ ਪਹਿਲਾਂ ਦੇ ਤਲਖ਼ ਤਜਰਬਿਆਂ ਤੋਂ ਸਬਕ ਲੈਂਦਿਆਂ ਰਾਇਟਰਜ਼ ਵਾਂਗ ਹੀ ਅਮਰੀਕਾ ਦੀਆਂ ਬਹੁਤ ਸਾਰੀਆਂ ਮੀਡੀਆ ਐਸੋਸੀਏਸ਼ਨਾਂ ਨੇ 9/11 ਦੀ 20ਵੀਂ ਬਰਸੀ ਦੀ ਕਵਰੇਜ ਲਈ ਰਿਪੋਰਟਰਾਂ ਵਾਸਤੇ ਤਫ਼ਸੀਲ ਨਾਲ ਸੇਧਾਂ ਜਾਰੀ ਕੀਤੀਆਂ ਸਨ। ਅਫ਼ਰੀਕੀ ਅਮਰੀਕੀਆਂ ਦਾ ਅਮਰੀਕਾ ਵਿਚ ਵਿਤਕਰਿਆਂ ਦਾ ਹਾਲੀਆ ਪਰਵਾਸੀਆਂ ਜਿਵੇਂ ਭਾਰਤੀਆਂ ਤੇ ਅਰਬਾਂ ਦੇ ਮੁਕਾਬਲੇ ਕਿਤੇ ਜਿ਼ਆਦਾ ਭਿਆਨਕ ਅਤੇ ਲਹੂ ਤੇ ਹੰਝੂਆਂ ਭਿੱਜਾ ਤਜਰਬਾ ਹੈ। ਇਸ ਲਈ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਕਿ ਨੈਸ਼ਨਲ ਐਸੋਸੀਏਸ਼ਨ ਆਫ਼ ਬਲੈਕ ਜਰਨਲਿਸਟਸ (ਐੱਨਏਬੀਜੇ) ਵੀ ਆਪਣੇ ਵਰਗੀਆਂ ਹੋਰ ਪੇਸ਼ੇਵਰ ਸੰਸਥਾਵਾਂ ਨਾਲ ਮਿਲ ਕੇ ‘ਪੱਤਰਕਾਰਾਂ ਅਤੇ ਨਿਊਜ਼ ਰੂਮਜ਼ ਨੂੰ ਯਾਦ ਦਿਹਾੜਾ, ਪ੍ਰਭਾਵਿਤ ਭਾਈਚਾਰਿਆਂ ਅਤੇ 9/11 ਦੇ ਸਿੱਟੇ ਵਜੋਂ ਆਈਆਂ ਨੀਤੀਆਂ ਨੂੰ ਵਧੇਰੇ ਸਹੀ ਤੇ ਸੰਜੀਦਗੀ ਨਾਲ ਕਵਰ ਕਰਨ ਵਿਚ ਮਦਦ ਕਰਨ ਲਈ ਸੇਧਾਂ’ ਜਾਰੀ ਕਰਨ ਵਿਚ ਪਿੱਛੇ ਨਾ ਰਹੀ। ਇਥੇ ਸਭ ਤੋਂ ਅਹਿਮ ਸ਼ਬਦ ਹਨ ‘ਪ੍ਰਭਾਵਿਤ ਭਾਈਚਾਰੇ’ ਜੋ ਸ੍ਰੀ ਸੋਢੀ ਦੇ ਪਰਿਵਾਰ ਅਤੇ ਐਰੀਜ਼ੋਨਾ ਵਿਚਲੇ ਉਨ੍ਹਾਂ ਦੇ ਦੋਸਤਾਂ ਵਰਗੇ ਹਨ, ਜੋ ਉਸ ਵਕਤ ਮੀਡੀਆ ਦੀਆਂ ਜਿ਼ਆਦਤੀਆਂ ਦਾ ਸ਼ਿਕਾਰ ਹੋਏ।
ਖ਼ਬਰਾਂ ਨੂੰ ਫਿ਼ਰਕੂ ਰੰਗ ਦੇਣ ਵਾਲੇ ਭਾਰਤੀ ਮੀਡੀਆ ਦੇ ਕੁਝ ਹਿੱਸਿਆਂ ਖਿ਼ਲਾਫ਼ ਚੀਫ਼ ਜਸਟਿਸ ਐੱਨਵੀ ਰਾਮੰਨਾ ਦੀਆਂ ਟਿੱਪਣੀਆਂ 20 ਸਾਲ ਪਹਿਲਾਂ ਅਮਰੀਕਾ ਵਿਚ ਵੀ ਢੁਕਵੀਆਂ ਅਤੇ ਸੁਧਾਰਕ ਹੋ ਸਕਦੀਆਂ ਸਨ। ਦੂਜੇ ਪਾਸੇ ਅਫ਼ਸੋਸ ਦੀ ਗੱਲ ਹੈ ਕਿ ਅਮਰੀਕੀ ਸੁਪਰੀਮ ਕੋਰਟ ਜਿਸ ਦੇ ਬੈਂਚ ਉਤੇ ਉਸ ਵਕਤ ਕਈ ਤਕੜੇ ਰੂੜ੍ਹੀਵਾਦੀ ਬਿਰਾਜਮਾਨ ਸਨ, ਸ਼ਹਿਰੀ ਆਜ਼ਾਦੀਆਂ ਦੇ ਹੱਕ ਵਿਚ ਅਤੇ ਨਾਲ ਹੀ ਨਫ਼ਰਤੀ ਜੁਰਮਾਂ ਦੇ ਪੀੜਤਾਂ ਦੀ ਆਜ਼ਾਦੀ ਲਈ ਖੜ੍ਹੇ ਹੋਣ ਵਿਚ ਨਾਕਾਮ ਰਹੇ। ਦੂਜੇ ਪਾਸੇ ਬੈਂਚ ਉਤੇ ਜਿਹੜੇ ਨਰਮ ਖਿ਼ਆਲ ਵੀ ਸਨ, ਉਹ ਵੀ ਉਸ ਵਕਤ ਬਣੇ ਜ਼ਹਿਰੀਲੇ ਮਾਹੌਲ ਦੌਰਾਨ ਮੂੰਹ ਖੋਲ੍ਹਣ ਦਾ ਜੇਰਾ ਨਾ ਕਰ ਸਕੇ। ਹਾਂ, ਉਸ ਤਜਰਬੇ ਤੋਂ ਸਬਕ ਸਿੱਖ ਕੇ ਹੁਣ ਉਹ ਜ਼ਰੂਰ ਸਮਝਦਾਰ ਹੋਏ ਹਨ। ਹਾਲਾਂਕਿ ਅਮਰੀਕੀ ਸੁਪਰੀਮ ਕੋਰਟ ਵਿਚ ਇਸ ਵਕਤ ਦੋ ਦਹਾਕੇ ਪਹਿਲਾਂ ਦੇ ਮੁਕਾਬਲੇ ਵੱਧ ਰੂੜ੍ਹੀਵਾਦੀ ਜੱਜ ਹਨ, ਤਾਂ ਵੀ ਪਰਵਾਸੀ ਭਾਈਚਾਰਿਆਂ ’ਤੇ ਅਸਰ ਅੰਦਾਜ਼ ਹੋਣ ਵਾਲੇ ਉਨ੍ਹਾਂ ਦੇ ਫ਼ੈਸਲੇ ਹੁਣ ਵਧੇਰੇ ਸੰਤੁਲਿਤ ਅਤੇ ਨਿਰਪੱਖ ਹਨ।
ਅਮਰੀਕਾ ਵਿਚ ਕਿਸੇ ਹੋਰ ਅਦਾਰੇ ਦੇ ਮੁਕਾਬਲੇ ਇਸ ਦੇ (ਲੋਕਤੰਤਰ ਦੇ) ਚੌਥੇ ਥੰਮ੍ਹ ਨੇ ਆਪਣੇ ਆਪ ਨੂੰ ਜਿ਼ਆਦਾ ਦਰੁਸਤ ਕੀਤਾ ਹੈ। ਅਮਰੀਕੀ ਪ੍ਰਿੰਟ ਮੀਡੀਆ ਨੇ ਅਮਰੀਕੀ ਸਦਰ ਜਾਰਜ ਵਾਕਰ ਬੁਸ਼ ਵੱਲੋਂ 2003 ਵਿਚ ਇਰਾਕ ਉਤੇ ਕੀਤੇ ਗਏ ਹਮਲੇ ਦੌਰਾਨ ਜਾਣ-ਬੁੱਝ ਕੇ ਗਿਣੀਆਂ-ਮਿਥੀਆਂ ਤੇ ਝੂਠੀਆਂ ਖ਼ਬਰਾਂ ਛਾਪੀਆਂ ਕਿਉਂਕਿ ਇਹ ਦਹਿਸ਼ਤਗਰਦੀ ਖਿ਼ਲਾਫ਼ ਜੰਗ ਦੀ ਲਗਾਤਾਰਤਾ ਸੀ- ਪਰ ਬਾਅਦ ਵਿਚ ਉਸ ਨੇ ਇਸ ਲਈ ਮੁਆਫ਼ੀ ਮੰਗ ਕੇ ਖ਼ੁਦ ਨੂੰ ਦਿਆਨਤਦਾਰੀ ਦਾ ਪਹਿਰੇਦਾਰ ਸਾਬਤ ਕੀਤਾ। ਹੁਣ ਉਥੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਜਿਹੜੀ ਭਾਸ਼ਾ ਵਰਤਦੇ ਹਨ, ਉਹ ਸਮਾਜ ਦੀ ਆਮ ਪ੍ਰਵਾਨਤ ਨੀਤੀ ਨਾ ਬਣੇ। ਅਮਰੀਕੀ ਮੀਡੀਆ ਵਿਚ ਹੁਣ ਦਹਿਸ਼ਤਗਰਦੀ ਦਾ ਅਖੌਤੀ ਟਾਕਰਾ ਨਿਰਵਿਵਾਦ ਹੱਲ ਨਹੀਂ ਰਹਿ ਗਿਆ, ਜਿਵੇਂ ਇਹ 9/11 ਤੋਂ ਬਾਅਦ ਸੀ। ਇਸ ਮੌਕੇ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਕੀ ਜਸਟਿਸ ਰਾਮੰਨਾ ਦੀਆਂ ਚੌਕਸ ਕਰਨ ਵਾਲੀਆਂ ਟਿੱਪਣੀਆਂ ਭਾਰਤੀਆਂ ਨੂੰ ਵੀ ਉਵੇਂ ਹੀ ਆਪਣੇ ਗਿਰੇਬਾਨ ਵਿਚ ਝਾਤ ਮਾਰਨ ਲਈ ਪ੍ਰੇਰਿਤ ਕਰਨਗੀਆਂ, ਜਿਵੇਂ ਅਮਰੀਕੀਆਂ ਨੇ ਆਪਣੇ ਸਮਾਜ ਦੇ ਫ਼ਾਇਦੇ ਲਈ ਕੀਤਾ ਹੈ। ਅਮਰੀਕੀ ਮੀਡੀਆ ਨੇ 9/11 ਤੋਂ ਕਈ ਸਾਲਾਂ ਬਾਅਦ ਇਸਲਾਮੋਫੋਬੀਆ ਦੇ ਮੁੱਦੇ ਉਤੇ ਆਪਣੇ ਆਪ ਵਿਚ ਭਾਰੀ ਸੁਧਾਰ ਕੀਤਾ ਹੈ, ਕੀ ਅਸੀਂ ਭਾਰਤ ਵਿਚ ਅਜਿਹੀ ਉਮੀਦ ਕਰ ਸਕਦੇ ਹਾਂ?
*ਲੇਖਕ ਰਣਨੀਤਕ ਵਿਸ਼ਲੇਸ਼ਕ ਹੈ।