ਮਾਰਕ ਟੱਲੀ: ‘ਦੇਸੀ ਸਾਹਿਬ’ ਨਾਲੋਂ ਵੱਧ ਭਾਰਤੀ ‘ਗੋਰਾ ਸਾਹਿਬ’
ਮਾਰਕ ਟੱਲੀ 1980ਵਿਆਂ ਦੇ ਅਖੀਰ ਵਿੱਚ ਪਜਾਮਾ ਕੁੜਤਾ ਪਹਿਨ ਕੇ ਦਿੱਲੀ ਜਿਮਖਾਨਾ ਕਲੱਬ ਗਿਆ। ਉਸ ਨੂੰ ਸਹੀ ਢੰਗ ਨਾਲ ਕੱਪੜੇ ਨਾ ਪਹਿਨਣ ਕਾਰਨ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਦਰਅਸਲ, ਉੱਥੇ ਜਾਣ ਲਈ ਰਸਮੀ ਪਹਿਰਾਵਾ ਹੋਣਾ ਚਾਹੀਦਾ ਹੈ ਅਤੇ...
ਮਾਰਕ ਟੱਲੀ 1980ਵਿਆਂ ਦੇ ਅਖੀਰ ਵਿੱਚ ਪਜਾਮਾ ਕੁੜਤਾ ਪਹਿਨ ਕੇ ਦਿੱਲੀ ਜਿਮਖਾਨਾ ਕਲੱਬ ਗਿਆ। ਉਸ ਨੂੰ ਸਹੀ ਢੰਗ ਨਾਲ ਕੱਪੜੇ ਨਾ ਪਹਿਨਣ ਕਾਰਨ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਸੀ। ਦਰਅਸਲ, ਉੱਥੇ ਜਾਣ ਲਈ ਰਸਮੀ ਪਹਿਰਾਵਾ ਹੋਣਾ ਚਾਹੀਦਾ ਹੈ ਅਤੇ ਕੁੜਤੇ ਪਜਾਮੇ ਨੂੰ ਦੇਸੀ ਆਰਾਮਦਾਇਕ ਪਹਿਰਾਵਾ ਮੰਨਿਆ ਜਾਂਦਾ ਹੈ। ਇਹ ਗੱਲ ਕਾਫ਼ੀ ਮਜ਼ੇਦਾਰ ਸੀ। ਭਾਰਤੀ ਪਹਿਰਾਵੇ ਵਾਲੇ ਪੱਕੇ ‘ਗੋਰੇ ਸਾਹਿਬ’ ਨੂੰ ਕਲੱਬ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਰਿਹਾ ਸੀ ਕਿਉਂਕਿ ਉਹ ‘ਦੇਸੀ ਸਾਹਿਬ’ ਨਹੀਂ ਸਨ। ਇੱਕ ਤਰ੍ਹਾਂ ਇਹ ਘਟਨਾ ਬੜੇ ਢੁਕਵੇਂ ਢੰਗ ਨਾਲ ਦਰਸਾਉਂਦੀ ਹੈ ਕਿ ਟੱਲੀ ਸਾਹਿਬ ਕੀ ਸਨ: ਇੱਕ ਬਰਤਾਨਵੀ ਸ਼ਖ਼ਸ, ਜੋ ਕਈ ਪੜ੍ਹੇ-ਲਿਖੇ ਭਾਰਤੀਆਂ ਨਾਲੋਂ ਵੱਧ ਭਾਰਤੀ ਸੀ।
ਪੱਚੀ ਜਨਵਰੀ ਨੂੰ 90 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਚਲਾਣੇ ਨਾਲ ਮੈਂ ਲਗਭਗ ਚਾਰ ਦਹਾਕੇ ਪੁਰਾਣਾ ਇੱਕ ਦੋਸਤ ਗੁਆ ਬੈਠਾ ਹਾਂ ਅਤੇ ਭਾਰਤ ਤੇ ਦੁਨੀਆ ਦੇ ਬਿਹਤਰੀਨ ਪੱਤਰਕਾਰਾਂ ਵਿੱਚੋਂ ਇੱਕ ਵਿੱਛੜ ਗਿਆ ਹੈ। ਮੈਂ ਵਿਦੇਸ਼ ਮੰਤਰਾਲੇ ਵਿੱਚ ਵਿਦੇਸ਼ੀ ਪੱਤਰਕਾਰਾਂ ਲਈ ਸੰਪਰਕ ਵਿਅਕਤੀ ਵਜੋਂ ਪਹਿਲੀ ਵਾਰ ਅਧਿਕਾਰਤ ਤੌਰ ’ਤੇ ਮਾਰਕ ਨੂੰ ਮਿਲਿਆ। ਪਰ ਛੇਤੀ ਹੀ ਅਸੀਂ ਕਰੀਬੀ ਦੋਸਤ ਬਣ ਗਏ। ਅਸੀਂ ਅਕਸਰ ਮੇਰੇ ਘਰ ਜਾਂ ਨਿਜ਼ਾਮੂਦੀਨ ਈਸਟ ਵਿੱਚ ਉਸ ਦੇ ਘਰ ਮਿਲਦੇ, ਜਿੱਥੇ ਉਹ ਉਸ ਸਮੇਂ ਬਹੁਤ ਘੱਟ ਮਿਲਦੀ ਸਕਾਚ ਵਿਸਕੀ ਵੀ ਪਰੋਸਦਾ ਸੀ।
ਭਾਰਤ ਵਿੱਚ ਉਸ ਦਾ ਪ੍ਰਭਾਵ ਦੇਖੀਏ ਤਾਂ ਮਾਰਕ ਟੱਲੀ ਇੱਕ ਸੰਸਥਾ ਸੀ। ਲੋਕ ਉਸ ਦੀਆਂ ਰਿਪੋਰਟਾਂ ਨੂੰ ਸੰਤੁਲਿਤ ਅਤੇ ਪ੍ਰਮਾਣਿਕ ਖ਼ਬਰਾਂ ਦਾ ਮਾਪਦੰਡ ਸਮਝਦੇ ਸਨ। ਇਹੋ ਕਾਰਨ ਸੀ ਕਿ ਬੀ ਬੀ ਸੀ ਰੇਡੀਓ ਪ੍ਰਤੀ ਭਾਰਤ ਵਿੱਚ ਇੰਨਾ ਬੇਮਿਸਾਲ ਆਕਰਸ਼ਣ ਸੀ। ਜੇ ਤੁਸੀਂ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਨਾ ਚਾਹੁੰਦੇ ਸੀ ਤਾਂ ਬੀ ਬੀ ਸੀ ਸੁਣਦੇ ਕਿਉਂਕਿ ਟੱਲੀ ਸੱਚੋ-ਸੱਚ ਹੀ ਦੱਸਦਾ ਸੀ।
ਭਾਰਤ ਵਿੱਚ ਵਿਦੇਸ਼ੀ ਆਉਂਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਥੋੜ੍ਹੇ ਅਜਿਹੇ ਹਨ ਜਿਨ੍ਹਾਂ ਦੇ ਅੰਦਰ ਭਾਰਤ ਵੱਸ ਜਾਂਦਾ ਹੈ ਕਿਉਂਕਿ ਉਹ ਭਾਰਤ ਆਉਂਦੇ ਹਨ, ਬੇਚੈਨ ਹੁੰਦੇ ਹਨ ਅਤੇ ਅੰਤ ਵਿੱਚ ਭਾਰਤੀ ਰੰਗ ’ਚ ਰੰਗੇ ਜਾਂਦੇ ਹਨ। ਮਾਰਕ ਟੱਲੀ ਯਕੀਨਨ ਇਨ੍ਹਾਂ ਬਹੁਤ ਥੋੜ੍ਹੇ ਵਿਦੇਸ਼ੀਆਂ ਵਿੱਚ ਸ਼ੁਮਾਰ ਹੈ। ਉਸ ਦੇ ਜੀਵਨ ਤੇ ਕਾਰਜਾਂ ਨੂੰ ਸਮਝਣਾ ਇੱਕ ਖ਼ਾਸ ਕਿਸਮ ਦੀ ਪ੍ਰਬੁੱਧ ਉਤਸੁਕਤਾ ਨੂੰ ਸਮਝਣ ਵਾਲੀ ਗੱਲ ਹੈ, ਜੋ ਧੀਰਜਵਾਨ ਅਤੇ ਬੇਮਿਸਾਲ ਹੋਣ ਦੇ ਨਾਲ ਨਾਲ ਪੇਚੀਦਗੀਆਂ ਦਾ ਡੂੰਘਾ ਸਤਿਕਾਰ ਕਰਦੀ ਹੈ। ਉਹ ਅਜਿਹਾ ਵਿਅਕਤੀ ਨਹੀਂ ਸੀ ਜੋ ਭਾਰਤ ਬਾਰੇ ਇੱਕ ਹਲਕੀ ਤੇ ਸਰਲ ਪਰਿਭਾਸ਼ਾ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਸਗੋਂ ਉਹ ਅਜਿਹਾ ਵਿਅਕਤੀ ਸੀ ਜਿਸ ਨੇ ਭਾਰਤ ਬਾਰੇ ਦੇਖ ਕੇ ਸਮਝਿਆ। ਉਸ ਨੇ ਉਦੋਂ ਵੀ ਇਹੀ ਤਰੀਕਾ ਅਪਣਾਇਆ, ਜਦੋਂ ਸੁਖਾਲੇ ਢੰਗ ਨਾਲ ਸਮਝਿਆ ਨਹੀਂ ਸੀ ਜਾ ਸਕਦਾ।
1936 ਵਿੱਚ ਬਰਤਾਨਵੀ ਭਾਰਤ ਦੇ ਕੋਲਕਾਤਾ ਵਿੱਚ ਜਨਮੇ ਮਾਰਕ ਟੱਲੀ ਦੀਆਂ ਮੁੱਢਲੀਆਂ ਯਾਦਾਂ ਰਾਜ ਦੇ ਅੰਤਲੇ ਸਾਲਾਂ ਵੇਲੇ ਦੀਆਂ ਸਨ। ਉਹ ਵਿਰਾਸਤ ਪੁਰਾਣੀਆਂ ਯਾਦਾਂ ਜਾਂ ਉੱਤਮਤਾ ਦੁਆਰਾ ਧੁੰਦਲੇ ਨਜ਼ਰੀਏ ਕਾਰਨ ਆਸਾਨੀ ਨਾਲ ਬੋਝ ਬਣ ਸਕਦੀ ਸੀ। ਇਸ ਦੀ ਬਜਾਏ ਟੱਲੀ ਨੇ ਸੁਚੇਤ ਰਹਿੰਦਿਆਂ ਹਿੰਮਤ ਨਾਲ ਉਨ੍ਹਾਂ ਤੌਰ ਤਰੀਕਿਆਂ ਨੂੰ ਭੁੱਲਣਾ ਚੁਣਿਆ। ਜਦੋਂ ਉਹ ਬੀ ਬੀ ਸੀ ਪੱਤਰਕਾਰ ਵਜੋਂ ਭਾਰਤ ਵਾਪਸ ਆਇਆ ਅਤੇ ਮਗਰੋਂ ਨਵੀਂ ਦਿੱਲੀ ਵਿੱਚ ਇਸ ਦਾ ਬਿਊਰੋ ਚੀਫ ਬਣਿਆ ਤਾਂ ਉਹ ਸਾਮਰਾਜੀ ਯਾਦਾਂ ਦੇ ਰੱਖਿਅਕ ਵਜੋਂ ਨਹੀਂ ਸਗੋਂ ਇੱਕ ਵਿਕਸਿਤ ਹੋ ਰਹੇ ਰਾਸ਼ਟਰ ਵਿੱਚ ਇੱਕ ਹਿੱਸੇਦਾਰ ਵਜੋਂ ਵਿਚਰਿਆ। ਉਸ ਲਈ ਭਾਰਤ ’ਚ ਤਬਾਦਲਾ ਸਿਰਫ਼ ਇੱਕ ਪੋਸਟਿੰਗ ਨਹੀਂ ਸੀ ਸਗੋਂ ਉਸ ਦਾ ਜਨੂੰਨ ਸੀ।
ਟੱਲੀ ਬਹੁਤ ਸਾਰੇ ਵਿਦੇਸ਼ੀ ਪੱਤਰਕਾਰਾਂ ਨਾਲੋਂ ਸਿਰਫ਼ ਦਹਾਕਿਆਂਬੱਧੀ ਕਾਰਜਸ਼ੀਲ ਰਹਿਣ ਕਰਕੇ ਹੀ ਵੱਖਰਾ ਨਹੀਂ ਸੀ ਸਗੋਂ ਉਹ ਆਪਣੇ ਸੁਭਾਅ ਕਾਰਨ ਵੀ ਵਿਲੱਖਣ ਸੀ। ਉਹ ਕਿਸੇ ਵੀ ਘਟਨਾਕ੍ਰਮ ਦੀ ਰਿਪੋਰਟਿੰਗ ਲਈ ਤੱਟਫੱਟ ਮੌਕੇ ’ਤੇ ਪੁੱਜ ਕੇ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਨਹੀਂ ਸੀ ਨਿਭਾਉਂਦਾ ਸਗੋਂ ਉਹ ਘਟਨਾ ਸਥਾਨ ’ਤੇ ਰਹਿੰਦਾ, ਲੋਕਾਂ ਦਾ ਪੱਖ ਸੁਣਦਾ ਤੇ ਸਮਝਦਾ। ਇਸ ਤਰ੍ਹਾਂ ਦੀ ਕਵਾਇਦ ਨੇ ਉਸ ਦੀ ਪੱਤਰਕਾਰੀ ਨੂੰ ਇੱਕ ਨਵੀਂ ਸ਼ੈਲੀ ਤੇ ਅੰਦਾਜ਼ ਦਿੱਤਾ, ਜੋ ਬਹੁਤ ਸਹਿਜ ਅਤੇ ਬਾਰੀਕੀਆਂ ਫੜਨ ਵਾਲਾ ਸੀ।
ਗੜਬੜ ਵਾਲੇ ਸਮਿਆਂ, ਖ਼ਾਸਕਰ 1975-77 ਦੀ ਐਮਰਜੈਂਸੀ ਦੌਰਾਨ ਟੱਲੀ ਸੱਤਾ ਦੇ ਇੱਕ ਸਪੱਸ਼ਟ ਅਤੇ ਭਰੋਸੇਮੰਦ ਆਲੋਚਕ ਵਜੋਂ ਉੱਭਰਿਆ। ਉਸ ਦੀ ਰਿਪੋਰਟਿੰਗ ਸਪੱਸ਼ਟ ਤੌਰ ’ਤੇ ਰੋਹ ਭਰੀ ਨਾ ਹੋ ਕੇ ਤੱਥਾਂ ’ਤੇ ਆਧਾਰਿਤ ਸੀ। ਉਸ ਨੇ ਸੱਤਾ ਨੂੰ ਅਸਹਿਜ ਕਰਨ ਵਾਲੇ ਸਵਾਲ ਪੁੱਛੇ: ਇੰਨੀ ਜੀਵੰਤ ਅਤੇ ਤਰਕ ਆਧਾਰਿਤ ਜਮਹੂਰੀਅਤ ਇਸ ਤਾਨਾਸ਼ਾਹੀ ਕਦਮ ਨਾਲ ਕਿਵੇਂ ਸਹਿਮਤ ਹੋ ਗਈ? ਇਹ ਘਟਨਾ ਭਾਰਤੀ ਸੰਸਥਾਵਾਂ ਦੀ ਕਮਜ਼ੋਰੀ ਦੇ ਨਾਲ ਨਾਲ ਲਚਕੀਲੇਪਣ ਬਾਰੇ ਕੀ ਦਰਸਾਉਂਦੀ ਹੈ? ਟੱਲੀ ਸਮਝਦਾ ਸੀ ਕਿ ਭਾਰਤ ਅੰਦਰਲੇ ਵਿਰੋਧਾਭਾਸ ਕੋਈ ਪ੍ਰੇਸ਼ਾਨੀ ਵਾਲੀ ਗੱਲ ਨਹੀਂ ਸਗੋਂ ਆਧੁਨਿਕਤਾ ਨੂੰ ਆਪਣੀਆਂ ਸ਼ਰਤਾਂ ਮੁਤਾਬਿਕ ਢਾਲਣ ਵਾਲੀ ਸੱਭਿਅਤਾ ਦੇ ਲੱਛਣ ਸਨ। ਇਹ ਸਮਝ ਉਸ ਦੀਆਂ ਕਿਤਾਬਾਂ ‘ਨੋ ਫੁੱਲ ਸਟੌਪਸ ਇਨ ਇੰਡੀਆ’, ‘ਦਿ ਹਾਰਟ ਔਫ ਇੰਡੀਆ’ ਅਤੇ ‘ਇੰਡੀਆ ਇਨ ਸਲੋਅ ਮੋਸ਼ਨ’ ਵਿੱਚ ਹੋਰ ਵਧੀਆ ਤਰੀਕੇ ਨਾਲ ਸਾਹਮਣੇ ਆਉਂਦੀ ਹੈ।
ਇਹ ਕਿਤਾਬਾਂ ਕਿਸੇ ਵਿਦੇਸ਼ੀ ਦੇ ਭਾਰਤ ਪ੍ਰਤੀ ਮਹਿਜ਼ ਰੋਮਾਂਚ ਦਾ ਨਮੂਨਾ ਨਹੀਂ, ਸਗੋਂ ਇਹ ਨਿਰੰਤਰਤਾ ਤੇ ਤਬਦੀਲੀ, ਵਿਸ਼ਵਾਸ ਤੇ ਸਿਆਸਤ, ਇੱਛਾ ਅਤੇ ਭਰਮ ਬਾਰੇ ਡੂੰਘੇ ਅਧਿਐਨ ਕਰਕੇ ਲਿਖੀਆਂ ਗਈਆਂ ਹਨ। ਟੱਲੀ ਪੇਂਡੂ ਭਾਰਤ ਵੱਲ ਖਿੱਚਿਆ ਗਿਆ ਸੀ। ਅਜਿਹਾ ਕਰਨਾ ਆਧੁਨਿਕਤਾ ਤੋਂ ਬਚਣ ਲਈ ਕੋਈ ਰੋਮਾਂਚਕ ਬਦਲ ਨਹੀਂ ਸੀ ਸਗੋਂ ਅਜਿਹੀ ਅਗਨੀ ਪ੍ਰਖਿਆ ਵਾਲੀ ਥਾਂ ਵਜੋਂ ਸੀ, ਜਿੱਥੇ ਇਸ ਦੇ ਨਤੀਜੇ ਸਭ ਤੋਂ ਸਪੱਸ਼ਟ ਤੌਰ ’ਤੇ ਮਹਿਸੂਸ ਕੀਤੇ ਜਾਂਦੇ ਹਨ। ਉਸ ਨੇ ਵਿਕਾਸ ਲਈ ਜੂਝ ਰਹੇ ਪਿੰਡਾਂ, ਆਰਥਿਕ ਅਨਿਸ਼ਚਿਤਤਾ ਦੌਰਾਨ ਧਾਰਮਿਕ ਵਿਸ਼ਵਾਸਾਂ ਅਤੇ ਨੈਤਿਕਤਾ ਬਾਰੇ ਲਿਖਿਆ, ਜੋ ਪੱਛਮੀ ਨਜ਼ਰੀਏ ਤੋਂ ਸਮਝਣਾ ਔਖਾ ਕਾਰਜ ਸੀ।
ਭਾਰਤ ਪ੍ਰਤੀ ਮਾਰਕ ਟੱਲੀ ਦੀ ਡੂੰਘੀ ਹਮਦਰਦੀ ਦਾ ਮਤਲਬ ਇਹ ਨਹੀਂ ਸੀ ਕਿ ਉਸ ਨੇ ਕਿਸੇ ਗ਼ਲਤ ਵਰਤਾਰੇ ਨੂੰ ਨਜ਼ਰਅੰਦਾਜ਼ ਕੀਤਾ ਸਗੋਂ ਉਹ ਭ੍ਰਿਸ਼ਟਾਚਾਰ, ਫ਼ਿਰਕੂਪੁਣੇ ਅਤੇ ਸ਼ਾਸਨ ਦੀਆਂ ਨਾਕਾਮੀਆਂ ਬਾਰੇ ਸਪੱਸ਼ਟ ਤੌਰ ’ਤੇ ਗੱਲ ਕਰਦਾ ਸੀ, ਪਰ ਉਸ ਦੀ ਆਲੋਚਨਾ ਚਿੰਤਾ ਵਿੱਚੋਂ ਉਪਜਦੀ ਸੀ, ਨਫ਼ਰਤ ’ਚੋਂ ਨਹੀਂ। ਮੈਨੂੰ ਉਸ ਬਾਰੇ ਇਹ ਗੱਲ ਸਭ ਤੋਂ ਵੱਧ ਪਸੰਦ ਸੀ ਕਿ ਚਾਹੇ ਉਸ ਦਾ ਨਜ਼ਰੀਆ ਵੱਖਰਾ ਵੀ ਹੁੰਦਾ, ਪਰ ਉਹ ਹੱਠਧਰਮੀ ਰਵੱਈਆ ਨਹੀਂ ਸੀ ਅਪਣਾਉਂਦਾ ਸਗੋਂ ਹਮੇਸ਼ਾ ਪੂਰੀ ਜਾਣਕਾਰੀ ਨਾਲ ਲੈਸ ਹੋ ਕੇ ਨਿੱਘੇ ਮਾਹੌਲ ’ਚ ਚਰਚਾ ਕਰਨ ਲਈ ਤਿਆਰ ਰਹਿੰਦਾ ਸੀ। ਸਮੇਂ ਦੇ ਨਾਲ ਮੈਨੂੰ ਅਹਿਸਾਸ ਹੋਇਆ ਕਿ ਉਹ ਮੰਨਦਾ ਸੀ ਕਿ ਭਾਰਤ ਦੇ ਬਹੁਲਵਾਦ, ਇਸ ਦੀ ਦਾਰਸ਼ਨਿਕ ਡੂੰਘਾਈ, ਸਮਝੌਤਾ ਕਰਨ ਦੀ ਪ੍ਰਵਿਰਤੀ ਜਿਹੇ ਨੈਤਿਕ ਸਰੋਤ ਅਕਸਰ ਤਣਾਅਪੂਰਨ ਹਾਲਾਤ ਵਿੱਚ ਵੀ ਅਸਲ ਸਨ। ਇਨ੍ਹਾਂ ਸਭ ਗੁਣਾਂ ਸਦਕਾ ਉਹ ਉਨ੍ਹਾਂ ਲੋਕਾਂ ਦੇ ਮੁਕਾਬਲੇ ਦਿਲੋਂ ਵਧੇਰੇ ਭਾਰਤੀ ਸੀ, ਜੋ ਸਿਰਫ਼ ਭਾਰਤੀ ਪਰਿਵਾਰਾਂ ’ਚ ਜਨਮ ਲੈਣ ਕਾਰਨ ਹੀ ਆਪਣੀ ਭਾਰਤੀ ਪਛਾਣ ਦਾ ਦਾਅਵਾ ਕਰਦੇ ਸਨ।
ਮਾਰਕ ਲਈ ਭਾਰਤ ਉਸ ਦਾ ਘਰ ਸੀ। ਇਹ ਬਰਤਾਨੀਆ ਨੂੰ ਤਿਆਗਣ ਵਾਲੀ ਗੱਲ ਨਹੀਂ ਸੀ ਸਗੋਂ ਇੱਕ ਅਜਿਹੀ ਜਗ੍ਹਾ ਨਾਲ ਜੁੜਨ ਦੀ ਭਾਵਨਾ ਸੀ, ਜਿੱਥੇ ਉਹ ਘਰ ਵਰਗਾ ਮਹਿਸੂਸ ਕਰਦਾ ਸੀ। ਫਿਰ ਵੀ ਇਹ ਧਿਆਨ ਦੇਣ ਯੋਗ ਹੈ ਕਿ ਟੱਲੀ ਦੀ ਭਾਰਤੀਅਤਾ ਕਦੇ ਵੀ ਦਿਖਾਵੇ ਵਾਲੀ ਨਹੀਂ ਸੀ। ਉਸ ਦੀ ਭਾਰਤੀਅਤਾ ਮਹਿਜ਼ ਕੱਪੜਿਆਂ ਜਾਂ ਭਾਸ਼ਾ ਦੇ ਦਿਖਾਵੇ ਦੇ ਰੂਪ ਵਿੱਚ ਨਹੀਂ ਸੀ, ਸਗੋਂ ਇਹ ਉਸ ਦੀ ਰੂਹ ’ਚ ਵਸੀ ਭਾਵਨਾ ਸੀ। ਇਹ ਕੁਦਰਤੀ ਤੌਰ ’ਤੇ ਉਸ ਦੇ ਦੋਸਤਾਂ ਦੀ ਚੋਣ ’ਚ ਵੀ ਨਜ਼ਰ ਆਉਂਦੀ ਸੀ।
ਇਸ ਸਭ ਤੋਂ ਪਤਾ ਲੱਗਦਾ ਹੈ ਕਿ ਮਾਰਕ ਟੱਲੀ ਉਨ੍ਹਾਂ ਵਿਰਲੇ ਟਾਵੇਂ ਮਨੁੱਖਾਂ ਵਿੱਚੋਂ ਇੱਕ ਸੀ, ਜੋ ਕਿਸੇ ਹੋਰ ਦੇਸ਼ ਦੇ ਨਾਗਰਿਕ ਹੋਣ ਦੇ ਬਾਵਜੂਦ ਕਿਸੇ ਦੂਜੇ ਦੇਸ਼ ਨੂੰ ਪੂਰੀ ਹਮਦਰਦੀ ਨਾਲ ਰੂਹ ਤੋਂ ਅਪਣਾ ਸਕਣ। ਇੱਕ ਅਜਿਹੇ ਸਮੇਂ ਵਿੱਚ ਜਦੋਂ ਵਿਸ਼ਵਵਿਆਪੀ ਬਿਰਤਾਂਤ ਦਿਨੋ-ਦਿਨ ਵਧੇਰੇ ਪੱਖਪਾਤੀ ਜਾਂ ਧਰੁਵੀਕਰਨ ਵਾਲਾ ਹੋ ਰਿਹਾ ਹੈ ਤਾਂ ਉਸ ਦੀ ਆਵਾਜ਼ ਸਾਨੂੰ ਮਨੁੱਖਤਾ ਤੇ ਸਬਰ ਦੇ ਗੁਣ, ਦੂਜੀਆਂ ਸੱਭਿਅਤਾਵਾਂ ਸਾਹਮਣੇ ਨਿਮਰਤਾ ਨਾਲ ਵਿਹਾਰ ਕਰਨ ਅਤੇ ਅਨੁਸ਼ਾਸਨ ਦੀ ਯਾਦ ਦਿਵਾਉਂਦੀ ਹੈ। ਉਸ ਨੇ ਦਿਖਾਇਆ ਕਿ ਕਿਸੇ ਦੇਸ਼ ਨੂੰ ਮਿਥਿਹਾਸਕ ਕਥਾਵਾਂ ਵਾਂਗ ਆਦਰਸ਼ ਦਰਸਾਏ ਬਿਨਾਂ ਪਿਆਰ ਕਰਨਾ ਅਤੇ ਬਿਨਾਂ ਕਿਸੇ ਮੰਦਭਾਵਨਾ ਤੋਂ ਇਸ ਦੀ ਆਲੋਚਨਾ ਕਰਨਾ ਸੰਭਵ ਹੈ।
ਇਸ ਲਈ ਉਸ ਦੀ ਵਿਰਾਸਤ ਸਿਰਫ਼ ਪੱਤਰਕਾਰੀ ਜਾਂ ਸਾਹਿਤ ਤੱਕ ਸੀਮਿਤ ਨਹੀਂ ਹੈ। ਇਹ ਭਾਰਤ ਨੂੰ ਦੇਖਣ ਦਾ ਅਜਿਹਾ ਨਜ਼ਰੀਆ ਹੈ, ਜੋ ਨਾ ਤਾਂ ਰੱਖਿਆਤਮਕ ਹੈ ਅਤੇ ਨਾ ਹੀ ਖਾਰਜ ਕਰਨ ਵਾਲਾ। ਭਾਰਤੀਆਂ ਲਈ ਮਾਰਕ ਟੱਲੀ ਦਾ ਕੰਮ ਇੱਕ ਦੋਸਤ ਵੱਲੋਂ ਇਮਾਨਦਾਰੀ, ਸਹਿਜ ਅਤੇ ਖ਼ਾਮੋਸ਼ ਪਿਆਰ ਨਾਲ ਸ਼ੀਸ਼ਾ ਦਿਖਾਉਣ ਜਿਹਾ ਹੈ। ਟੱਲੀ ਨੇ ਭਾਰਤ ਨੂੰ ਚੁਣਿਆ ਤੇ ਭਾਰਤ ਨੇ ਟੱਲੀ ਨੂੰ ਆਪਣਾ ਬਣਾਇਆ। ਇਹੋ ਮਾਰਕ ਟੱਲੀ ਦੇ ਜੀਵਨ ਅਤੇ ਕਾਰਜ ਦੀ ਸਦੀਵੀ ਅਹਿਮੀਅਤ ਹੈ।

