ਕਿਤੇ ਅਸੀਂ ਭੁੱਲ ਨਾ ਜਾਈਏ...

ਕਿਤੇ ਅਸੀਂ ਭੁੱਲ ਨਾ ਜਾਈਏ...

ਅਸ਼ਵਨੀ ਕੁਮਾਰ

ਅਸ਼ਵਨੀ ਕੁਮਾਰ

ਇਕੱਤਰ ਸਾਲ ਪਹਿਲਾਂ 26 ਜਨਵਰੀ ਦੇ ਦਿਨ ਆਜ਼ਾਦ ਹੋਏ ਲੋਕਾਂ ਨੇ ਕੌਮੀ ਆਸਾਂ ਦਾ ਚਾਰਟਰ ਅਪਣਾਇਆ ਜਿਸ ਨੂੰ ਆਜ਼ਾਦੀ ਦੀ ਲੰਮੀ ਤੇ ਔਖੀ ਲੜਾਈ ਦੌਰਾਨ ਚਿਤਵਿਆ ਅਤੇ ਪਾਲ਼ਿਆ ਗਿਆ ਸੀ। ਇਕ ਅਜਿਹਾ ਗਣਰਾਜ ਜੋ ਇਤਿਹਾਸ ਦੀਆਂ ਵੱਖੋ ਵੱਖਰੀਆਂ ਧਾਰਾਵਾਂ ਤੇ ਫੈਲੇ ਹੋਏ ਸਭਿਆਚਾਰਾਂ ਦੇ ਸੰਗਮ ਦੀ ਤਰਜਮਾਨੀ ਕਰੇ ਅਤੇ ਆਜ਼ਾਦ ਭਾਰਤ ਵਿਚ ਸਿਆਸੀ, ਸਮਾਜਿਕ ਅਤੇ ਆਰਥਿਕ ਇਨਸਾਫ਼ ਦੇ ਮਹੱਤਵਸ਼ਾਲੀ ਪੈਮਾਨੇ ਤੈਅ ਕਰੇ। ਉਦੋਂ ਸਾਡੀ ਸਥਾਪਨਾ ਦਾ ਉਹ ਪਲ ਆਜ਼ਾਦੀ ਅਤੇ ਇਨਸਾਫ਼ ਨੂੰ ਦਿਸ਼ਾ ਦੇਣ ਲਈ ਲੋਕਤੰਤਰ ਦਾ ਮੂੰਹ ਮੁਹਾਂਦਰਾ ਘੜਨ ਨਾਲ ਤਾਅਲੁਕ ਰੱਖਦਾ ਸੀ। ਪੂਰਨ ਸਵਰਾਜ ਦੀ ਧਾਰਨਾ ਜਿਸ ਨੂੰ 1929 ਵਿਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਸਾਹਮਣੇ ਲਿਆਂਦਾ ਸੀ, ਨੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਜਿੱਥੇ ਸਾਰੇ ਲੋਕ ਸਦਭਾਵਨਾ ਅਤੇ ਖੁਸ਼ਹਾਲੀ ਦੇ ਮਾਹੌਲ ਵਿਚ ਰਹਿ ਸਕਣ।

ਆਜ਼ਾਦੀ ਵੇਲੇ ਤੋਂ ਹੀ ਮੁਲਕ ਦੀ ਏਕਤਾ ਨੂੰ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਸਾਰੀਆਂ ਔਕੜਾਂ ਦਾ ਟਾਕਰਾ ਕਰਦਿਆਂ ਆਪਣਾ ਜ਼ਬਤ ਨਹੀਂ ਗੁਆਇਆ ਸੀ। ਖੂਨ ਅਤੇ ਸਾਂਝੇਦਾਰੀ ਨਾਲ ਬੰਨ੍ਹੇ ਸਾਂਝੀ ਸਭਿਆਚਾਰਕ ਵਿਰਾਸਤ ਅਤੇ ਹੋਣੀ ਦੀ ਭਾਵਨਾ ਨਾਲ ਨਵੇਂ ਸੰਸਾਰ ਪ੍ਰਬੰਧ ਦੀ ਸਥਾਪਨਾ ਲਈ ਅਸੀਂ ਮੁਲਕਾਂ ਦੇ ਸਮੂਹ ਅੰਦਰ ਜ਼ੋਰਦਾਰ ਆਵਾਜ਼ ਬਣ ਕੇ ਉਭਰੇ ਸਾਂ। ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਤੌਰ ਤੇ 2050 ਤੱਕ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਅਸੀਂ ਤੀਜਾ ਸਭ ਤੋਂ ਵੱਡਾ ਅਰਥਚਾਰਾ ਹੋਵਾਂਗੇ ਅਤੇ ਰਾਸ਼ਟਰ ਦੇ ਤੌਰ ਤੇ ਸਾਨੂੰ ਸਾਡੀਆਂ ਪ੍ਰਾਪਤੀਆਂ ਉੱਤੇ ਫਖ਼ਰ ਕਰਨ ਦਾ ਹੱਕ ਹੈ। ਇਨ੍ਹਾਂ ਵਿਚ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਤੌਰ ਤੇ ਸਫ਼ਲਤਾਪੂਰਵਕ ਚੋਣਾਂ ਕਰਾਉਣਾ, ਸਭ ਤੋਂ ਵੱਡਾ ਡਿਜੀਟਲ ਵਿਅਕਤੀਗਤ ਸ਼ਨਾਖ਼ਤ ਪ੍ਰੋਗਰਾਮ ਅਤੇ ਦੁਨੀਆ ਵਿਚ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾਉਣਾ ਸ਼ਾਮਲ ਹੈ। ਸਾਡੇ ਪੁਲਾੜ ਅਤੇ ਪਰਮਾਣੂ ਪ੍ਰੋਗਰਾਮ ਸਦਕਾ ਰਾਸ਼ਟਰ ਵਜੋਂ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਗਣਤੰਤਰ ਦਿਵਸ ਮੌਕੇ ਸੁੰਦਰ ਅਤੇ ਜਲੌਅ ਭਰਪੂਰ ਢੰਗ ਨਾਲ ਕੀਤੀ ਜਾਂਦੀ ਪਰੇਡ ਮੁਲਕ ਦੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ।

ਮਤੇ ਅਸੀਂ ਭੁੱਲ ਨਾ ਜਾਈਏ, ਇਹ ਕਹਾਣੀ ਦਾ ਇਕ ਪਾਸਾ ਹੈ। ਪਿਛਲੇ ਸਾਲਾਂ ਦੌਰਾਨ ਜ਼ਬਰਦਸਤ ਆਰਥਿਕ ਵਿਕਾਸ ਦੇ ਬਾਵਜੂਦ ਸੰਯੁਕਤ ਰਾਸ਼ਟਰ ਦੀ ਸੰਸਾਰ ਖੁਸ਼ਹਾਲੀ ਰਿਪੋਰਟ (2019) ਵਿਚ ਭਾਰਤ 153 ਮੁਲਕਾਂ ਵਿਚੋਂ 144ਵੇਂ ਨੰਬਰ ਉੱਤੇ ਹੈ। ਭਾਰਤ ਇਕੌਨੋਮਿਕ ਇੰਟੈਲੀਜੈਂਸ ਯੂਨਿਟ ਦੇ 2019 ਦੇ ਲੋਕਤੰਤਰ ਸੂਚਕ ਅੰਕ ਵਿਚ 51ਵੇਂ ਨੰਬਰ ਉੱਤੇ ਹੈ ਅਤੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਵਿਕਾਸ ਸੂਚਕ ਅੰਕ ਦੀ ਰਿਪੋਰਟ (2020) ਵਿਚ 189 ਮੁਲਕਾਂ ਵਿਚੋਂ 129ਵੇਂ ਨੰਬਰ ਤੇ ਹੈ। ਅਸੀਂ ਆਪਣੇ 1 ਅਰਬ 30 ਕਰੋੜ ਤੋਂ ਵੱਧ ਲੋਕਾਂ ਦੀ ਸਿਹਤ ਵਾਸਤੇ ਆਪਣੀ 2.6 ਖਰਬ ਦੀ ਕੁੱਲ ਘਰੇਲੂ ਪੈਦਾਵਾਰ ਦਾ ਮਸਾਂ 2 ਫ਼ੀਸਦ ਹਿੱਸਾ ਖਰਚ ਕਰਦੇ ਹਾਂ। ਮੁਲਕ ਦੇ ਧਨਾਢ ਇਕ ਫ਼ੀਸਦ ਲੋਕਾਂ ਕੋਲ ਕੌਮੀ ਸਰਮਾਏ ਦਾ 53 ਫ਼ੀਸਦ ਹਿੱਸਾ ਇਕੱਤਰ ਹੋ ਗਿਆ ਹੈ ਜਦਕਿ ਗ਼ਰੀਬ ਅੱਧੀ ਵਸੋਂ ਦੇ ਹਿੱਸੇ ਦੇਸ ਦੇ ਕੁੱਲ ਸਰਮਾਏ ਦਾ ਮਹਿਜ਼ 4.3 ਫ਼ੀਸਦ ਸਰਮਾਇਆ ਹੀ ਆਉਂਦਾ ਹੈ।

ਸਿਆਸੀ ਅਤਿਵਾਦ, ਘਰੇਲੂ ਦਹਿਸ਼ਤਵਾਦ, ਵਧ ਰਹੀ ਨਸਲੀ ਤੇ ਜਾਤੀ ਹਿੰਸਾ ਅਤੇ ਸਾਡੇ ਲੋਕਾਂ ਦੇ ਵਡੇਰੇ ਹਿੱਸਿਆਂ ਅੰਦਰ ਫ਼ੈਲ ਰਹੀ ਨਾਉਮੀਦੀ, ਕੁੜੱਤਣ, ਗੁੱਸੇ ਅਤੇ ਬੇਗਾਨਗੀ ਸੰਕੇਤ ਦਿੰਦੀ ਹੈ ਕਿ ਸਾਡਾ ਸਮਾਜਿਕ ਤਾਣਾ ਦਬਾਅ ਅਤੇ ਖਿਚਾਅ ਹੇਠ ਚੱਲ ਰਿਹਾ ਹੈ। ਬਹੁ ਸਭਿਆਚਾਰਵਾਦ ਤੇ ਹੋ ਰਿਹਾ ਸਿੱਧਮ-ਸਿੱਧਾ ਹਮਲਾ ਸਾਂਝੀ ਸਭਿਆਚਾਰਕ ਵਿਰਾਸਤ ਪ੍ਰਤੀ ਸਾਡੀ ਵਚਨਬੱਧਤਾ ਦਾ ਤਿਰਸਕਾਰ ਕਰਦਾ ਹੈ। ਸਿਆਸਤ ਵਿਚ ਨੈਤਿਕ ਵਿਹਾਰ ਦੇ ਮਿਆਰਾਂ ਵਿਚ ਗਿਰਾਵਟ, ਸਾਂਝੀਵਾਲਤਾ ਅਤੇ ਜਨਤਕ ਤਰਕ ਵਿਤਰਕ ਦੀ ਘਾਟ, ਗਾਲੀ ਗਲੋਚ ਦੀ ਵਾਛੜ ਨਾਲ ਜ਼ਮੀਰਪ੍ਰਸਤ ਅਸਹਿਮਤੀ ਨੂੰ ਦਬਾਉਣਾ, ਵਿਰੋਧ ਨੂੰ ਅਪਰਾਧ ਬਣਾਉਣਾ ਤੇ ਝੂਠ ਦੇ ਸਿਆਸੀ ਬ੍ਰਹਿਮੰਡ ਵਿਚ ਆਗੂ ਸਚਾਈ ਤੋਂ ਕੋਹਾਂ ਦੂਰ ਮਹਿਸੂਸ ਕਰਦੇ ਹਨ ਅਤੇ ਸਾਡੇ ਲੋਕਤੰਤਰ ਦੀ ਲਚਕਤਾ ਤੇ ਸਵਾਲ ਉਠਾਉਂਦੇ ਹਨ। ਸਿਆਸੀ ਵਿਰੋਧੀਆਂ ਨੂੰ ਸਜ਼ਾਵਾਂ ਦੇਣਾ, ਆਜ਼ਾਦੀਆਂ ਤੇ ਬੰਦਿਸ਼ਾਂ ਲਾਉਣ ਵਾਲੇ ਕਾਨੂੰਨ, ਸਰਕਾਰ ਦੀਆਂ ਤਿੰਨਾਂ ਸ਼ਾਖਾਵਾਂ ਅੰਦਰ ਸੰਵਿਧਾਨਕ ਸ਼ਕਤੀਆਂ ਤੇ ਜ਼ਿੰਮੇਵਾਰੀਆਂ ਦਾ ਡਾਵਾਂਡੋਲ ਸਮਤੋਲ ਤੇ ਸੰਘਵਾਦ ਦੇ ਅਨੁਸ਼ਾਸਨ ਅਤੇ ਸੰਵਿਧਾਨਕ ਅਸੂਲਾਂ ਪ੍ਰਤੀ ਹਿਕਾਰਤ ਨੇ ਸਾਡੇ ਲੋਕਤੰਤਰ ਨੂੰ ਨੈਤਿਕ ਵਾਜਬੀਅਤ ਤੋਂ ਸੱਖਣਾ ਕਰ ਦਿੱਤਾ ਹੈ। ਬੇਮਿਸਾਲ ਕਿਸਾਨ ਅੰਦੋਲਨ ਸ਼ਾਸਨ ਦੀਆਂ ਪ੍ਰਕਿਰਿਆਵਾਂ ਵਿਚ ਭਰੋਸੇ ਦੀ ਘਾਟ ਦਾ ਪ੍ਰਗਟਾਵਾ ਹੈ ਅਤੇ ਕਾਨੂੰਨੀ ਦਮਨ ਦਾ ਕੰਨ ਪਾੜਵਾਂ ਘੜਿਆਲ ਹੈ। ਜਮਹੂਰੀ ਸੰਸਥਾਵਾਂ ਦਾ ਨੁਕਸਦਾਰ ਕੰਮਕਾਜ ਫਰਾਂਸੀਸੀ ਰਾਜਨੇਤਾ ਸ਼ਤੋਬ੍ਰਾਇਨ ਦੀ ਦਿੱਤੀ ਉਸ ਚਿਤਾਵਨੀ ਦੀ ਯਾਦ ਦਿਲਾਉਂਦਾ ਹੈ ਕਿ “ਹਰ ਸੰਸਥਾ -ਉਪਯੋਗਤਾ, ਵਿਸ਼ੇਸ਼ ਅਧਿਕਾਰ ਤੇ ਕੁਵਰਤੋਂ, ਦੇ ਤਿੰਨ ਪੜਾਵਾਂ ਵਿਚੋਂ ਗੁਜ਼ਰਦੀ ਹੈ।” ਕੀ ਅਸੀਂ ਆਪਣੀਆਂ ਸੰਵਿਧਾਨਕ ਸੰਸਥਾਵਾਂ ਦੇ ਤੀਜੇ ਪੜਾਅ ‘ਚੋਂ ਲੰਘ ਰਹੇ ਹਾਂ ਤਾਂ ਸਾਨੂੰ ਅਜਿਹੀ ਸਰਕਾਰ ਦਾ ਸੰਤਾਪ ਹੰਢਾਉਣਾ ਹੀ ਪੈਣਾ ਹੈ ਜਿਹੜੀ ‘ਗੁਆਚੀ ਨਿਰਛਲਤਾ ਦਾ ਬਿੱਲਾ’ ਆਪਣੀ ਬਾਹਾਂ ਤੇ ਬੰਨ੍ਹ ਕੇ ਰੱਖਦੀ ਹੈ।

ਇਹ ਫ਼ਰਜ਼ੀ ਘੁਟਾਲਿਆਂ ਅਤੇ ਆਪੇ ਮਾਰੀਆਂ ਸੱਟਾਂ ਜੋੜ ਕੇ ਝੂਠ ਦਾ ਅਜਿਹਾ ਜਾਲ ਅਤੇ ਮਾਹੌਲ ਪੈਦਾ ਕਰਦੀਆਂ ਹਨ ਜਿਸ ਵਿਚ ਇਨਸਾਫ਼ ਨਜ਼ਰ ਦਾ ਧੋਖਾ ਬਣ ਕੇ ਰਹਿ ਜਾਂਦਾ ਹੈ। ਸੱਤਾ ਦੇ ਮਿਆਰਾਂ ਨੂੰ ਪਰਖਣ ਦੇ ਔਜ਼ਾਰਾਂ ਨੂੰ ਖੁੰਢਾ ਕਰਨ ਲਈ ਨੈਤਿਕਤਾ ਦਾ ਸਹਾਰਾ ਲੈਣ ਵਾਲੀ ਅਤੇ ਅਸੂਲ ਤੇ ਸੱਤਾ ਦੀ ਜਿੱਤ ਨੂੰ ਹੱਲਾਸ਼ੇਰੀ ਦੇਣ ਵਾਲੀ, ਤਰਕ ਤੇ ਭਾਵਨਾਵਾਂ ਅਤੇ ਗੁਣਵੱਤਾ ਤੇ ਔਸਤ ਬੁੱਧੀ ਨੂੰ ਤਰਜੀਹ ਦੇਣ ਵਾਲੀ ਸ਼ਾਸਕੀ ਪ੍ਰਣਾਲੀ ਸਾਡੇ ਗਣਰਾਜ ਦੇ ਬਾਨੀਆਂ ਦੇ ਸੰਕਲਪ ਅਤੇ ਸਿਮ੍ਰਤੀਆਂ ਦੇ ਬਿਲਕੁੱਲ ਖਿਲਾਫ਼ ਹੈ।

ਸਾਡੇ 71ਵੇਂ ਗਣਤੰਤਰ ਦਿਵਸ ਮੌਕੇ ਸਾਡਾ ਇਤਿਹਾਸ ਸਾਨੂੰ ਆਪਣੇ ਸੰਵਿਧਾਨਕ ਟੀਚਿਆਂ ਨੂੰ ਅਗਾਂਹ ਵਧਾਉਣ ਲਈ ਨਿਸ਼ਚੇ ਨਾਲ ਖੜ੍ਹੇ ਹੋਣ ਅਤੇ ਆਪਣੇ ਆਪ ਨੂੰ ਊਰਜਾ ਭਰਪੂਰ ਕਰਨ ਦਾ ਸੱਦਾ ਦਿੰਦਾ ਹੈ। ਸਾਨੂੰ ਅੰਦੋਲਨ ਦੀ ਲਾਟ ਆਪਣੇ ਹਿਰਦਿਆਂ ਵਿਚ ਕੈਦ ਨਾ ਕਰਨ ਅਤੇ ਸੰਵਿਧਾਨਕ ਨੈਤਿਕਤਾ ਨੂੰ ਕੌਮੀ ਜਜ਼ਬੇ ਵਜੋਂ ਸਥਾਪਤ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। ਨਾਗਰਿਕ ਦੇ ਤੌਰ ਤੇ ਸਾਨੂੰ ਧੋਖਾ ਖਾਣ ਦੀ ਆਦਤ ਤਜਣੀ ਪਵੇਗੀ ਕਿਉਂਕਿ ਕੋਈ ਧੋਖਾ ਉਦੋਂ ਹੀ ਦਿੰਦਾ ਹੈ ਜਦੋਂ ਉਸ ਉੱਤੇ ਭਰੋਸਾ ਕਰ ਲਿਆ ਜਾਂਦਾ ਹੈ। ਆਓ, ਆਪਣੀ ਵੰਨ-ਸਵੰਨਤਾ ਬਰਕਰਾਰ ਰੱਖਣ ਅਤੇ ਮਿਲ ਕੇ ਚੱਲਣ ਦਾ ਅਹਿਦ ਲਈਏ ਤਾਂ ਕਿ ਅਸੀਂ ਲੰਮੀ ਯਾਤਰਾ ਕਰ ਸਕੀਏ। ਆਓ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਲੇਠੀ ਤਕਰੀਰ ਵਿਚ ਦਿੱਤੀ ਨਸੀਹਤ ਤੇ ਕੰਨ ਧਰੀਏ ਕਿ ‘ਅਸਹਿਮਤੀ ਨਾਲ ਸਾਡੇ ਅੰਦਰ ਦੁਫੇੜ ਨਹੀਂ ਪੈਣ ਦਿੱਤੀ ਜਾਣੀ ਚਾਹੀਦੀ’ ਤੇ ਇਹ ਕਿ ‘ਸਾਨੂੰ ਆਪਣੇ ਹਿਰਦਿਆਂ ਨੂੰ ਕਠੋਰ ਕਰਨ ਦੀ ਥਾਂ ਆਪਣੀਆਂ ਰੂਹਾਂ ਖੋਲ੍ਹਣੀਆਂ ਪੈਣਗੀਆਂ’। ਤਦ ਹੀ ਅਸੀਂ ਗੁਰੂਦੇਵ ਟੈਗੋਰ ਦੀ ਉਸ ਅਰਦਾਸ ਵਿਚ ਮੰਗੀ ਰੱਬੀ ਦਾਤ ਪੂਰੀ ਹੋਣ ਦੀ ਆਸ ਕਰ ਸਕਦੇ ਹਾਂ ਜਿਸ ਵਿਚ ਕਿਹਾ ਗਿਆ ਸੀ ਕਿ ‘ਜਿੱਥੇ ਮਨ ਭੈਅ ਤੋਂ ਮੁਕਤ ਹੈ ਅਤੇ ਸਿਰ ਉੱਚਾ ਰਹਿੰਦਾ ਹੈ... ਜਿੱਥੇ ਸ਼ਬਦ ਸੱਚ ਦੀ ਗਹਿਰਾਈ ਤੋਂ ਆਉਂਦੇ ਹਨ ... ਜਿੱਥੇ ਮਨ ਸੋਚ ਦੇ ਅਥਾਹ ਵਾਧੇ ਅਤੇ ਕਾਰਜ ਲਈ ਤੁਹਾਡੇ ਵਲੋਂ ਸੰਚਾਲਿਤ ਹੁੰਦਾ ਹੈ।”

ਅੰਤ ਵਿਚ ਸੀਮਸ ਹੀਨੀ ਦੀ ਆਸਵੰਦ ਅਪਾਰ ਖੁਸ਼ੀਆਂ ਦੇ ਕਲਾਮ ਨਾਲ ਇਸ ਨੂੰ ਸਮੇਟਣਾ ਚਾਹੁੰਦਾ ਹਾਂ: “... ਜ਼ਿੰਦਗੀ ਵਿਚ ਕਦੇ ਇਕੇਰਾਂ, ਸਮੁੰਦਰ ਦੀ ਮਹਾਂ ਲਹਿਰ ਦੀ ਚਾਹਤ, ਇਨਸਾਫ਼ ਦੀ ਲਹਿਰ ਚੜ੍ਹੇ ਅਤੇ ਆਸ ਤੇ ਇਤਿਹਾਸ ਧੁਨੀ ਸੁਣਾਵੇ...”।

*ਲੇਖਕ ਸਾਬਕਾ ਕੇਂਦਰੀ ਮੰਤਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All