ਕੋਵਿਡ-19 ਵੈਕਸੀਨ ਦੀ ਸਫਲਤਾ ਵੱਲ ਪੇਸ਼ਕਦਮੀ

ਕੋਵਿਡ-19 ਵੈਕਸੀਨ ਦੀ ਸਫਲਤਾ ਵੱਲ ਪੇਸ਼ਕਦਮੀ

ਪ੍ਰੋ. ਪ੍ਰੀਤਮ ਸਿੰਘ

ਆਕਸਫੋਰਡ ਯੂਨੀਵਰਸਿਟੀ ਵੱਲੋਂ ਕੋਵਿਡ-19 ਵੈਕਸੀਨ ਵਿਕਸਤ ਕਰਨ ਪੱਖੋਂ ਕਲੀਨਿਕਲ ਟਰਾਇਲ ਦੇ ਪਹਿਲੇ ਗੇੜ ਵਿਚ ਮਿਲੀ ਸਫਲਤਾ ਬਾਰੇ ਰਿਪੋਰਟ ਮੈਡੀਕਲ ਰਸਾਲੇ ‘ਲੈਨਸੈਟ’ ਵਿਚ ਨਸ਼ਰ ਹੋਈ ਹੈ ਜਿਸ ਨੇ ਦੁਨੀਆਂ ਭਰ ਵਿਚ ਇਸ ਭਿਆਨਕ ਆਲਮੀ ਮਹਾਮਾਰੀ ਦੇ ਟਾਕਰੇ ਲਈ ਆਸ ਦੀ ਕਿਰਨ ਜਗਾਈ ਹੈ। ਇਹ ਸਫਲਤਾ, ਜਿਹੜੀ ਆਖ਼ਰ ਨੋਬੇਲ ਇਨਾਮ ਜਿੱਤਣ ਤੱਕ ਵੀ ਪੁੱਜ ਸਕਦੀ ਹੈ, ਉਤੇ ਕਈ ਕਾਰਨਾਂ ਕਰ ਕੇ ਯਕੀਨਨ ਖ਼ੁਸ਼ ਹੋਣਾ ਬਣਦਾ ਹੈ ਪਰ ਨਾਲ ਹੀ ਆਸ਼ਾਵਾਦੀ ਰਹਿੰਦਿਆਂ, ਇਸ ਅਹਿਮ ਸਫਲਤਾ ਪ੍ਰਤੀ ਕਈ ਪੱਖਾਂ ਤੋਂ ਸੁਚੇਤ ਰਹਿਣ ਦੀ ਲੋੜ ਵੀ ਹੈ।

ਇਸ ਮਾਮਲੇ ਵਿਚ ਸਭ ਤੋਂ ਵੱਧ ਸ਼ਲਾਘਾ ਹੋਣੀ ਚਾਹੀਦੀ ਹੈ ਇਸ ਖੋਜ ਵਿਚ ਸ਼ਾਮਲ ਵੱਖੋ-ਵੱਖ ਪੱਧਰਾਂ ਦੇ ਸਾਇੰਸਦਾਨਾਂ ਦੇ ਸਮਰਪਣ ਦੀ ਅਤੇ ਨਾਲ ਹੀ ਉਨ੍ਹਾਂ ਵਾਲੰਟੀਅਰਜ਼ ਦੀ ਨਿਸਵਾਰਥ ਭਾਵਨਾ ਦੀ, ਜਿਨ੍ਹਾਂ ਨੇ ਇਨ੍ਹਾਂ ਤਜਰਬਿਆਂ ਲਈ ਖ਼ੁਦ ਨੂੰ ਪੇਸ਼ ਕੀਤਾ। ਇਨ੍ਹਾਂ ਵਿਚੋਂ ਕੁਝ ਵਾਲੰਟੀਅਰ ਤਾਂ ਵਿਗਿਆਨਕ ਤੇ ਮੈਡੀਕਲ ਭਾਈਚਾਰੇ ਤੋਂ ਹੀ ਹਨ, ਜਿਨ੍ਹਾਂ ਆਪਣੇ ਕਿੱਤੇ ਦੀਆਂ ਪੁਰਾਣੀਆਂ ਤੇ ਉੱਚੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਿਆ, ਜਿਥੇ ਸਿਹਤ ਸਬੰਧੀ ਭਾਰੀ ਖ਼ਤਰਿਆਂ ਦੇ ਬਾਵਜੂਦ ਖੋਜਕਾਰ ਤੇ ਮੈਡੀਕਲ ਮਾਹਿਰ ਨਵੀਆਂ ਦਵਾਈਆਂ ਦੇ ਤਜਰਬੇ ਆਪਣੇ ਆਪ ਉਤੇ ਹੀ ਕਰਦੇ ਹਨ। ਆਪਣੇ ਆਪ ਨੂੰ ਵਾਲੰਟੀਅਰ ਵਜੋਂ ਪੇਸ਼ ਕਰਨ ਵਾਲੀ ਅਜਿਹੀ ਇਕ ਨਰਸ ਨੇ ਕਿਹਾ ਕਿ ਉਹ ਮਰੀਜ਼ ਦੀ ਤਕਲੀਫ਼ ਦੇਖ ਕੇ ਇਸ ਕੰਮ ਲਈ ਪ੍ਰੇਰਿਤ ਹੋਈ ਤਾਂ ਕਿ ਇਸ ਮਹਾਮਾਰੀ ਦੇ ਟਾਕਰੇ ਦੀ ਮੁਹਿੰਮ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਾਰਥਕ ਬਣਾ ਸਕੇ।

ਇਸ ਦਾ ਦੂਜਾ ਬਹੁਤ ਹੀ ਸ਼ਲਾਘਾਯੋਗ ਪੱਖ ਹੈ, ਇਸ ਸਬੰਧੀ ਬਰਤਾਨੀਆ, ਅਮਰੀਕਾ, ਯੂਰੋਪ, ਚੀਨ ਅਤੇ ਭਾਰਤ ਦੇ ਸਾਇੰਸਦਾਨਾਂ ਦਾ ਲਗਾਤਾਰ ਸਹਿਯੋਗ, ਹਾਲਾਂਕਿ ਇਨ੍ਹਾਂ ਵਿਚੋਂ ਕੁਝ ਮੁਲਕਾਂ ਦਰਮਿਆਨ ਕਈ ਤਰ੍ਹਾਂ ਦੇ ਭੂ-ਰਾਜਨੀਤਕ ਤੇ ਵਪਾਰਕ ਤਣਾਅ ਚੱਲ ਰਹੇ ਹਨ। ਕਈ ਮੁਲਕਾਂ ਦੀ ਸਿਆਸੀ ਲੀਡਰਸ਼ਿਪ ਨੇ ਵੈਕਸੀਨ ਪੱਖੋਂ ਸੌੜੇ ਰਾਸ਼ਟਰਵਾਦ ਦਾ ਰੁਝਾਨ ਵੀ ਦਿਖਾਇਆ ਤਾਂ ਕਿ ਉਹ ਆਪਣੇ ਨਾਗਰਿਕਾਂ ਲਈ ਆਪਣੇ ਤੌਰ ‘ਤੇ ਵੈਕਸੀਨ ਵਿਕਸਤ ਕਰਨ ਵਿਚ ਹੱਥ ਉੱਚਾ ਰੱਖ ਸਕਣ। ਦੂਜੇ ਪਾਸੇ ਵਿਗਿਆਨੀਆਂ ਦਾ ਭਾਈਚਾਰਾ ਇਸ ਸੌੜੀ ਸੋਚ ਤੋਂ ਉਪਰ ਉਠਿਆ ਅਤੇ ਉਸ ਨੇ ਸਮਝਿਆ ਕਿ ਇਸ ਆਲਮੀ ਮਹਾਮਾਰੀ ਦੇ ਟਾਕਰੇ ਲਈ ਆਲਮੀ ਅੰਤਰ-ਨਿਰਭਰਤਾ ਦੀ ਲੋੜ ਹੈ। ਇਸ ਨਾਲ ਆਮ ਲੋਕਾਂ ਦੀ ਨਜ਼ਰ ਵਿਚ ਵਿਗਿਆਨਕ ਤੇ ਮੈਡੀਕਲ ਕਿੱਤੇ ਦਾ ਅਕਸ ਵੀ ਸੁਧਰਿਆ ਹੈ। ਬਰਤਾਨੀਆ ਵਿਚ ਬ੍ਰੈਗਜ਼ਿਟ (ਬਰਤਾਨੀਆ ਵੱਲੋਂ ਯੂਰੋਪੀਅਨ ਯੂਨੀਅਨ ਤੋਂ ਬਾਹਰ ਨਿਕਲਣ) ਦੀ ਜਾਰੀ ਬਹਿਸ ਦੌਰਾਨ ਬਾਹਰ ਨਿਕਲਣ ਦੇ ਹਾਮੀ ਬਹੁਤ ਸਾਰੇ ਸਿਆਸਤਦਾਨਾਂ ਨੇ ਅਜਿਹੇ ‘ਮਾਹਿਰਾਂ’ ਦੀ ਹੇਠੀ ਕੀਤੀ ਸੀ ਜਿਹੜੇ ਬਰਤਾਨੀਆ ਦੇ ਬਾਹਰ ਆਉਣ ਦੇ ਨਿਕਲਣ ਵਾਲੇ ਮਾੜੇ ਸਿੱਟਿਆਂ ਦੀ ਗੱਲ ਕਰ ਰਹੇ ਸਨ। ਹੁਣ ਕੋਵਿਡ-19 ਦੇ ਟਾਕਰੇ ਦੀ ਮੁਹਿੰਮ ਦੌਰਾਨ ਅਜਿਹੇ ਸਿਆਸਤਦਾਨਾਂ ਨੂੰ ਨਮੋਸ਼ੀ ਝਾਗਦਿਆਂ ਵਾਰ ਵਾਰ ਜ਼ੋਰ ਦੇ ਕੇ ਕਹਿਣਾ ਪਿਆ ਕਿ ਇਸ ਮਹਾਮਾਰੀ ਦੇ ਟਾਕਰੇ ਲਈ ਉਹ ਲੌਕਡਾਊਨ ਤੇ ਸੋਸ਼ਲ ਦੂਰੀ ਵਰਗੇ ਜਿਨ੍ਹਾਂ ਵੀ ਕਦਮਾਂ ਦੀ ਸਿਫ਼ਾਰਸ਼ ਕਰ ਰਹੇ ਹਨ, ਉਹ ਸਾਰੇ ਵਿਗਿਆਨਕ ਮਾਹਿਰਾਂ ਦੀ ਸਲਾਹ ਉਤੇ ਆਧਾਰਿਤ ਹਨ। ਘੱਟੋ-ਘੱਟ ਯੂਕੇ ਵਿਚ ਮੈਡੀਕਲ ਕਿੱਤੇ ਨਾਲ ਸਬੰਧਤ ਪੇਸ਼ੇਵਰ - ਡਾਕਟਰ, ਨਰਸਾਂ ਅਤੇ ਸੋਸ਼ਲ ਕੇਅਰਰਜ਼ (ਸਮਾਜਿਕ ਸੰਭਾਲਕਰਤਾ) ਆਦਿ, ਭਾਰੀ ਸਮਾਜਿਕ ਸਤਿਕਾਰ ਕਮਾਉਣ ਵਿਚ ਸਫਲ ਰਹੇ ਹਨ ਪਰ ਅਫ਼ਸੋਸ, ਜਿਵੇਂ ਖ਼ਬਰਾਂ ਆ ਰਹੀਆਂ ਹਨ, ਭਾਰਤ ਵਿਚ ਮੈਡੀਕਲ ਪੇਸ਼ੇਵਰ, ਖ਼ਾਸਕਰ ਜੋ ਪ੍ਰਾਈਵੇਟ ਸੈਕਟਰ ਨਾਲ ਸਬੰਧਤ ਹਨ, ਦਾ ਜਨਤਕ ਭਰੋਸਾ ਅਤੇ ਸਤਿਕਾਰ ਕਾਫ਼ੀ ਘਟਿਆ ਹੈ। ਸਮਝਿਆ ਜਾਂਦਾ ਹੈ ਕਿ ਅਜਿਹਾ ਮਹਾਮਾਰੀ ਦੌਰਾਨ ਇਸ ਭਾਈਚਾਰੇ ਦੇ ਕੁਝ ਹਿੱਸਿਆਂ ਵਿਚ ਬਹੁਤ ਹੀ ਮੁਨਾਫ਼ਾਖ਼ੋਰੀ ਵਾਲੇ ਤੇ ਅਨੈਤਿਕ ਤਰੀਕੇ ਅਪਣਾਏ ਜਾਣ ਕਾਰਨ ਹੋਇਆ ਹੈ।

ਆਕਸਫੋਰਡ ਦੇ ਇਸ ਸਫਲਤਾ ਤੱਕ ਪੁੱਜਣ ਅਤੇ ਹੋਰਨਾਂ ਥਾਵਾਂ ਉਤੇ ਹੋ ਰਹੇ ਟਰਾਇਲਾਂ ਸਬੰਧੀ ਪਰਸਪਰ ਵਿਰੋਧੀ ਪ੍ਰਕਿਰਿਆਵਾਂ ਕੰਮ ਕਰ ਰਹੀਆਂ ਹਨ। ਲੌਕਡਾਊਨ ਨੇ ਜਿਥੇ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਿਆ ਅਤੇ ਮਨੁੱਖੀ ਜਾਨਾਂ ਬਚਾਈਆਂ, ਉਥੇ ਇਸ ਨੇ ਵੈਕਸੀਨ ਦੇ ਟਰਾਇਲ ਲਈ ਯੋਜਨਾ ਪੱਖੋਂ ਮੁਸ਼ਕਿਲਾਂ (logistical difficulties) ਵੀ ਖੜ੍ਹੀਆਂ ਕੀਤੀਆਂ। ਇਸ ਦੇ ਨਾਲ ਹੀ ਇਸ ਸਿੱਟੇ ਉਤੇ ਪੁੱਜਣ ਲਈ ਕਿ ਇਸ ਮਹਾਮਾਰੀ ਦੀ ਸੁਰੱਖਿਅਤ ਤੇ ਅਸਰਦਾਰ ਵੈਕਸੀਨ ਮਿਲ ਗਈ ਹੈ, ਹਾਲੇ ਕਈ ਕਦਮ ਚੁੱਕਣੇ ਹੋਣਗੇ। ਵੈਕਸੀਨ ਸਬੰਧੀ ਇਸ ਵੇਲੇ ਦੁਨੀਆਂ ਭਰ ਵਿਚ ਜਿੰਨੇ ਵੀ ਟਰਾਇਲ ਚੱਲ ਰਹੇ ਹਨ, ਉਨ੍ਹਾਂ ਵਿਚੋਂ ਆਕਸਫੋਰਡ ਦੀ ਸਫਲਤਾ ਸਭ ਤੋਂ ਵੱਧ ਆਸ਼ਾਵਾਦੀ ਹੈ। ਆਕਸਫੋਰਡ ਦੇ ਟਰਾਇਲ ਵਿਚ ਪਾਇਆ ਗਿਆ ਕਿ ਵੈਕਸੀਨ ਦਾ ਜਿਹੜਾ ਅਜ਼ਮਾਇਸ਼ੀ ਰੂਪ ਇਸ ਦੇ ਟਰਾਇਲ ਲਈ 1000 ਸਵੈ-ਇੱਛਕ ਵਿਅਕਤੀਆਂ ਉਤੇ ਅਜ਼ਮਾਇਆ ਗਿਆ, ਉਸ ਨੇ ਇਨ੍ਹਾਂ ਵਿਚ ਮਜ਼ਬੂਤ ਰੋਗ-ਰੋਕੂ ਪ੍ਰਭਾਵ ਪੈਦਾ ਕੀਤਾ।

ਬਹੁਤ ਸਾਰੀਆਂ ਹੱਦਾਂ ਤੇ ਰੁਕਾਵਟਾਂ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ, ਸਾਨੂੰ ਇਸ ਸਫਲਤਾ ਦੇ ਜਸ਼ਨ ਮਨਾਉਂਦੇ ਸਮੇਂ ਖ਼ਬਰਦਾਰ ਰਹਿਣ ਲਈ ਚੌਕਸ ਕਰਦੀਆਂ ਹਨ। ਖ਼ਾਸਕਰ ਟਰਾਇਲ ਵਿਚ ਸ਼ਾਮਲ ਹੋਏ ਵਾਲੰਟੀਅਰ 18 ਤੋਂ 55 ਉਮਰ ਜੁੱਟ ਨਾਲ ਸਬੰਧਤ ਸਨ ਜਿਸ ਕਾਰਨ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਇਹ ਵੈਕਸੀਨ ਇਸ ਤੋਂ ਵਡੇਰੀ ਉਮਰ ਦੇ ਬਾਲਗ਼ਾਂ ਉਤੇ ਕੰਮ ਕਰੇਗੀ, ਜਿਨ੍ਹਾਂ ਦਾ ਰੋਗ-ਰੋਕੂ ਢਾਂਚਾ ਘੱਟ ਉਮਰ ਵਾਲੇ ਬਾਲਗ਼ਾਂ ਨਾਲੋਂ ਘੱਟ ਮਜ਼ਬੂਤ ਹੁੰਦਾ ਹੈ? ਗ਼ੌਰਤਲਬ ਹੈ ਕਿ ਦੁਨੀਆਂ ਭਰ ਵਿਚ ਕੋਵਿਡ-19 ਕਾਰਨ ਮਰਨ ਵਾਲੇ ਲੋਕਾਂ ਸਬੰਧੀ ਮਿਲਦੇ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਖ਼ਤਰਾ 65 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਹੈ। ਟਰਾਇਲ ਦੇ ਅਗਲੇ ਪੱਧਰ ਉਤੇ ਇਸ ਗੱਲ ਦਾ ਖ਼ਿਆਲ ਰੱਖਦਿਆਂ ਟਰਾਇਲ ਨੂੰ ਦੋ ਉਮਰ ਜੁੱਟਾਂ ਦੇ ਵਾਲੰਟੀਅਰਜ਼ ਤੱਕ ਵਧਾਇਆ ਗਿਆ ਹੈ, ਜਿਨ੍ਹਾਂ ਵਿਚੋਂ ਇਕ 56-69 ਸਾਲ ਦਾ ਤੇ ਦੂਜਾ 70 ਸਾਲ ਤੋਂ ਵੱਧ ਵਾਲਿਆਂ ਦਾ ਉਮਰ ਜੁੱਟ ਹੈ।

ਟੀਚਾ ਤਾਂ ਭਾਵੇਂ ਇਹ ਹੈ ਕਿ ਇਹ ਵੈਕਸੀਨ ਲਾਗ ਤੋਂ ਬਚਾਅ ਕਰੇਗੀ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਦਾ ਅੰਤਿਮ ਸਿੱਟਾ ਕਾਫ਼ੀ ਨਰਮ ਹੋ ਸਕਦਾ ਹੈ ਅਤੇ ਸ਼ਾਇਦ ਇਹ ਮਹਿਜ਼ ਬਿਮਾਰੀ ਦੀ ਸ਼ਿੱਦਤ ਹੀ ਘਟਾਵੇ। ਹੋ ਸਕਦਾ ਹੈ ਕਿ ਇਸ ਨਾਲ ਲੋਕ ਘੱਟ ਬਿਮਾਰ ਹੋਣ, ਇਸ ਲਈ ਉਨ੍ਹਾਂ ਦੀ ਜਾਨ ਜਾਣ ਦਾ ਖ਼ਤਰਾ ਘਟੇਗਾ। ਹਾਲੇ ਇਹ ਵੀ ਤੈਅ ਹੋਣਾ ਹੈ ਕਿ ਵੈਕਸੀਨ ਦੀ ਇਕ ਖ਼ੁਰਾਕ ਦਾ ਅਸਰ ਕਦੋਂ ਤੱਕ ਰਹੇਗਾ ਅਤੇ ਕਦੋਂ ਇਸ ਦੀ ਬੂਸਟਰ ਖ਼ੁਰਾਕ ਦੇਣੀ ਹੋਵੇਗੀ। ਟਰਾਇਲਾਂ ਦਾ ਅਗਲਾ ਦੌਰ ਵੱਡੇ ਪੱਧਰ ’ਤੇ ਹੋਵੇਗਾ, ਇਸ ਲਈ ਇਹ ਜ਼ਿਆਦਾ ਅਹਿਮ ਹੈ। ਇਹ ਵੱਡੇ ਪੱਧਰ ਦੇ ਟਰਾਇਲ ਬਰਾਜ਼ੀਲ, ਦੱਖਣੀ ਅਫ਼ਰੀਕਾ ਅਤੇ ਅਮਰੀਕਾ ਵਿਚ ਸ਼ੁਰੂ ਹੋ ਚੁੱਕੇ ਹਨ, ਜਿਥੇ ਲਾਗ ਦੀ ਦਰ ਹਾਲੇ ਵੀ ਕਾਫ਼ੀ ਜ਼ਿਆਦਾ ਹੈ। ਇਸ ਨਾਲ ਪਤਾ ਲਾਉਣ ਵਿਚ ਮਦਦ ਮਿਲੇਗੀ ਕਿ ਉਥੇ ਵੈਕਸੀਨ ਹਾਸਲ ਕਰਨ ਵਾਲਿਆਂ ਨੂੰ ਵੈਕਸੀਨ ਰਹਿਤ ਲੋਕਾਂ ਨਾਲੋਂ ਲਾਗ ਲੱਗਣ ਦਾ ਖ਼ਤਰਾ ਘਟਦਾ ਹੈ।

ਇਹ ਵੈਕਸੀਨ, ਜੋ ਹੋ ਸਕਦਾ ਹੈ, ਆਖ਼ਰ ਸੁਰੱਖਿਅਤ ਤੇ ਅਸਰਦਾਰ ਸਾਬਤ ਹੋਵੇ ਜਾਂ ਨਾ, ਜਾਂ ਸ਼ਾਇਦ ਅੰਸ਼ਕ ਤੌਰ ’ਤੇ ਹੀ ਕੰਮ ਕਰੇ, ਨੂੰ ਵਿਕਸਤ ਕਰਨ ਨਾਲ ਚੁਣੌਤੀ ਉਹ ਦਵਾਈ ਵਿਕਸਤ ਕਰਨ ਦੀ ਵੀ ਹੈ, ਜਿਸ ਨਾਲ ਲਾਗ ਦਾ ਇਲਾਜ ਕੀਤਾ ਜਾ ਸਕੇ। ਇਸ ਪੱਖ ਤੋਂ ਵੀ ਕੁਝ ਕਾਮਯਾਬੀ ਹਾਸਲ ਹੋਈ ਹੈ ਪਰ ਜਾਪਦਾ ਹੈ, ਵੈਕਸੀਨ ਵਿਕਸਤ ਕਰਨ ਨੂੰ ਦਿੱਤੀ ਜਾ ਰਹੀ ਲੋੜੋਂ ਵੱਧ ਤਵੱਜੋ ਨਾਲ ਇਲਾਜ ਵਾਲੀ ਦਵਾਈ ਵਿਕਸਤ ਕਰਨ ਦੀਆਂ ਕੋਸ਼ਿਸ਼ਾਂ ਨਜ਼ਰਅੰਦਾਜ਼ ਹੋ ਰਹੀਆਂ ਹਨ। ਇਸ ਦੇ ਨਾਲ ਹੀ ਵੈਕਸੀਨ ਦੀ ਕੀਮਤ ਦਾ ਮੁੱਦਾ ਵੀ ਨਹੀਂ ਵਿਚਾਰਿਆ ਜਾ ਰਿਹਾ। ਸੁਰੱਖਿਅਤ ਤੇ ਅਸਰਦਾਰ ਵੈਕਸੀਨ ਦਾ ਫ਼ਾਇਦਾ ਤਾਂ ਹੀ ਹੋਵੇਗਾ, ਜੇ ਇਹ ਦੁਨੀਆਂ ਭਰ ਵਿਚ ਹਰ ਕਿਸੇ ਨੂੰ ਉਪਲਬਧ ਹੋਵੇ, ਜਿਸ ਲਈ ਇਸ ਦੀ ਪੈਦਾਵਾਰ, ਕੀਮਤ ਤੈਅ ਕਰਨ, ਵੰਡ ਤੇ ਪਹੁੰਚਯੋਗਤਾ ਆਦਿ ਸਬੰਧੀ ਸਿਆਸੀ ਅਰਥਚਾਰੇ ਨੂੰ ਘੋਖਣਾ ਹੋਵੇਗਾ। ਇਸ ਤੋਂ ਵੀ ਵੱਡੀ ਜ਼ਰੂਰਤ ਹੈ ਹਰ ਕਿਤੇ ਵਧੀਆ ਸਿਹਤ ਸੰਭਾਲ ਸਿਸਟਮ ਵਿਕਸਤ ਕਰਨ ਦੀ, ਜਿਹੜਾ ਵੈਕਸੀਨ ਦੀ ਹਰ ਕਿਸੇ ਲਈ ਪਹੁੰਚ ਯਕੀਨੀ ਬਣਾ ਸਕੇ; ਕਿਉਂਕਿ ਜੇ ਆਬਾਦੀ ਦਾ ਕੋਈ ਵੀ ਤਬਕਾ ਇਸ ਤੋਂ ਵਾਂਝਾ ਰਹਿ ਜਾਂਦਾ ਹੈ, ਉਹ ਲਾਗ ਦੇ ਮੁੜ ਉੱਭਰਨ ਦੇ ਹਾਲਾਤ ਪੈਦਾ ਕਰ ਸਕਦਾ ਹੈ।

ਅਖ਼ੀਰ ਵਿਚ ਇਹੋ ਆਖਿਆ ਜਾ ਸਕਦਾ ਹੈ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਲਾਗ ਦਾ ਮੂਲ ਕਾਰਨ ਇਨਸਾਨ ਵੱਲੋਂ ਜੀਵ-ਜੰਤੂਆਂ ਦੇ ਰਹਿਣ ਵਾਲੀਆਂ ਥਾਵਾਂ ਵਿਚ ਕੀਤੀ ਘੁਸਪੈਠ ਹੀ ਸੀ, ਜਿਸ ਦੇ ਸਿੱਟੇ ਵਜੋਂ ਇਹ ਲਾਗ ਜਾਨਵਰਾਂ ਤੇ ਪੰਛੀਆਂ ਤੋਂ ਇਨਸਾਨਾਂ ਵਿਚ ਆਈ। ਇਸ ਮਾਰੂ ਅਮਲ ਨੂੰ ਸਰਮਾਏਦਾਰੀ ਅਰਥਚਾਰੇ ਨੇ ਹੋਰ ਹੁਲਾਰਾ ਦਿੱਤਾ, ਕਿਉਂਕਿ ਇਸ ਤਹਿਤ ਮੁਨਾਫ਼ਾਖ਼ੋਰੀ ਤੇ ਦੌਲਤ ਕਮਾਉਣ ਲਈ ਕੁਦਰਤ ਨਾਲ ਧੱਕੇਸ਼ਾਹੀਆਂ ਕੀਤੀਆਂ ਜਾਂਦੀਆਂ ਹਨ। ਜੇ ਇਹ ਸਿਸਟਮ ਬੇਰੋਕ ਤੇ ਬਿਨਾਂ ਨੇਮਾਂ ਤੋਂ ਜਾਰੀ ਰਹਿੰਦਾ ਹੈ, ਤਾਂ ਇਸ ਤੋਂ ਵੀ ਖ਼ਤਰਨਾਕ ਵਾਇਰਸਾਂ ਦੇ ਪੈਦਾ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹੇਗਾ।

ਇਸ ਵਾਇਰਸ ਨੇ ਦੁਨੀਆਂ ਲਈ ਹੁਣ ਤੱਕ ਦਾ ਸਭ ਤੋਂ ਵੱਡਾ ਸਿਹਤ ਸੰਕਟ ਪੈਦਾ ਕੀਤਾ ਹੈ ਅਤੇ ਨਾਲ ਹੀ ਮਾਲੀ ਸੰਕਟ ਵੀ, ਜਿਸ ਨਾਲ ਇੰਨੀ ਬੇਰੁਜ਼ਗਾਰੀ ਪੈਦਾ ਹੋਈ ਜੋ ਪਹਿਲਾਂ ਕਦੇ ਨਹੀਂ ਸੀ ਹੋਈ। ਇਹ ਦੋਵੇਂ ਸੰਕਟ ਦੁਨੀਆਂ ‘ਤੇ ਮੰਡਰਾ ਰਹੇ ਵਾਤਾਵਰਨ ਸਬੰਧੀ ਸੰਕਟ ਨਾਲ ਬਹੁਤ ਗੂੜ੍ਹੇ ਜੁੜੇ ਹੋਏ ਹਨ ਤੇ ਇਸ ਸੰਕਟ ਕਾਰਨ ਜੈਵਿਕ ਵੰਨ-ਸਵੰਨਤਾ ਦਾ ਹੋ ਰਿਹਾ ਘਾਣ ਹੀ ਇਸ ਆਲਮੀ ਮਹਾਮਾਰੀ ਦੀ ਮੁੱਖ ਵਜ੍ਹਾ ਹੈ। ਇਸ ਦੀ ਵੈਕਸੀਨ ਲੱਭਣਾ ਯਕੀਨਨ ਫ਼ੌਰੀ ਲੋੜ ਹੈ ਪਰ ਇਸ ਦੇ ਬਾਵਜੂਦ ਧਰਤੀ ਦੀਆਂ ਇਨਸਾਨ ਤੇ ਗ਼ੈਰ-ਇਨਸਾਨੀ ਨਸਲਾਂ ਦੀ ਸੁਰੱਖਿਆ ਤਾਂ ਉਸ ਸੂਰਤ ਵਿਚ ਹੀ ਯਕੀਨੀ ਬਣਾਈ ਜਾ ਸਕਦਾ ਹੈ, ਜੇ ਅਸੀਂ ਸਰਮਾਏਦਾਰੀ ਨਿਜ਼ਾਮ ਦੀ ਥਾਂ ਅਜਿਹਾ ਸਮਾਜਿਕ-ਆਰਥਿਕ ਬਦਲ ਸਿਰਜਣ ਵੱਲ ਵਿਆਪਕ ਪਹੁੰਚ ਅਪਣਾਉਂਦੇ ਹਾਂ ਜੋ ਵਾਤਾਵਰਨ ਦੀ ਸੰਭਾਲ ਯਕੀਨੀ ਬਣਾਵੇ।

*ਵਿਜ਼ਿਟਿੰਗ ਸਕੌਲਰ, ਵੁਲਫ਼ਸਨ ਕਾਲਜ,

ਆਕਸਫੋਰਡ ਯੂਨੀਵਰਸਿਟੀ, ਯੂਕੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਮੀਊਨਿਟੀ ਦੀ ਸੱਜ ਗਈ ਹੱਟੀ

ਇਮੀਊਨਿਟੀ ਦੀ ਸੱਜ ਗਈ ਹੱਟੀ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਪਰਮਾਣੂ ਹਥਿਆਰ ਅਤੇ ਮਨੁੱਖਤਾ ਦਾ ਭਲਕ

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੇਰੇ ਪਿੰਡ ਦੇ ਸ਼ਹੀਦਾਂ ਦੀ ਅਲੋਕਾਰ ਗਾਥਾ!

ਮੁੱਖ ਖ਼ਬਰਾਂ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਜ਼ਹਿਰੀਲੀ ਸ਼ਰਾਬ ਹਾਦਸੇ ਦੇ ਮੁਲਜ਼ਮਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ: ਕੈਪਟਨ

ਤਰਨਤਾਰਨ ਵਿੱਚ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ ; ਮੁਆਵਜ਼ਾ ਰਾਸ਼ੀ ਵ...

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖੇਗੀ ਕੌਮੀ ਸਿੱਖਿਆ ਨੀਤੀ: ਮੋਦੀ

ਕਿਸੇ ਵੀ ਖੇਤਰ ਤੋਂ ਪੱਖਪਾਤ ਦੀ ਸ਼ਿਕਾਇਤ ਨਾ ਆਉਣ ’ਤੇ ਖੁਸ਼ੀ ਪ੍ਰਗਟਾਈ; ਸ...

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੋਵਿਡ-19: ਮੁਲਕ ਵਿੱਚ ਇਕ ਦਿਨ ਵਿੱਚ ਆਏ ਰਿਕਾਰਡ 62000 ਤੋਂ ਵਧ ਕੇਸ

ਕੁਲ ਪੀੜਤਾਂ ਦੀ ਗਿਣਤੀ 20 ਲੱਖ ਦੇ ਪਾਰ, 886 ਵਿਅਕਤੀ ਜ਼ਿੰਦਗੀ ਦੀ ਜੰਗ...

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਰੀਆ ਦੀ ਲੁੱਕਣ ਮੀਟੀ ਖਤਮ; ਪੁੱਛਗਿਛ ਲਈ ਈਡੀ ਦਫ਼ਤਰ ਪੁੱਜੀ

ਕਈ ਸਵਾਲਾਂ ਦੇ ਜਵਾਬ ਦੇਣ ਵਿੱਚ ਹੋ ਰਹੀ ਹੈ ਮੁਸ਼ਕਲ, ਲਿਖਤੀ ਦੇਣੇ ਪੈ ਰਹ...

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਜਿਸਤ- ਟਾਂਕ ਫਾਰਮੁੂਲਾ ਲਾਗੂ

ਸੈਕਟਰ-22 ਮੋਬਾਈਲ ਮਾਰਕੀਟ ਵਿਚਲੀਆਂ ਚਾਰ ਮਾਰਕੀਟਾਂ 6 ਦਿਨਾਂ ਲਈ ਬੰਦ; ...

ਸ਼ਹਿਰ

View All