DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਾਰਗਿਲ ਦੇ ਸਬਕ

ਜੁਲਾਈ 1999 ਦੇ ਆਖ਼ਰੀ ਹਫ਼ਤੇ ਜੰਗ ਖ਼ਤਮ ਹੋਈ ਤਾਂ ਕਾਰਗਿਲ ਵਿੱਚ ਤਾਇਨਾਤ 15ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਕਿਸ਼ਨ ਪਾਲ ਨੇ ਬਹੁਤ ਹੀ ਸੋਚ-ਵਿਚਾਰ ਕਰਕੇ ਬੜੀ ਡੂੰਘੀ ਗੱਲ ਆਖੀ ਸੀ: “ਭਾਰਤੀ ਫ਼ੌਜ ਨੂੰ ਹੁਣ ਇਹ ਮੰਨਣਾ ਛੱਡ ਦੇਣਾ ਚਾਹੀਦਾ ਹੈ...

  • fb
  • twitter
  • whatsapp
  • whatsapp
Advertisement

ਜੁਲਾਈ 1999 ਦੇ ਆਖ਼ਰੀ ਹਫ਼ਤੇ ਜੰਗ ਖ਼ਤਮ ਹੋਈ ਤਾਂ ਕਾਰਗਿਲ ਵਿੱਚ ਤਾਇਨਾਤ 15ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਕਿਸ਼ਨ ਪਾਲ ਨੇ ਬਹੁਤ ਹੀ ਸੋਚ-ਵਿਚਾਰ ਕਰਕੇ ਬੜੀ ਡੂੰਘੀ ਗੱਲ ਆਖੀ ਸੀ: “ਭਾਰਤੀ ਫ਼ੌਜ ਨੂੰ ਹੁਣ ਇਹ ਮੰਨਣਾ ਛੱਡ ਦੇਣਾ ਚਾਹੀਦਾ ਹੈ ਕਿ ਜੰਗ ’ਚ ਮੁੱਖ ਆਸਰਾ ਸਿਰਫ਼ ਪੈਦਲ ਸੈਨਾ ਅਤੇ ਬਖ਼ਤਰਬੰਦ ਕੋਰ ’ਤੇ ਹੀ ਹੁੰਦਾ ਹੈ ਸਗੋਂ ਹੁਣ ਸਾਨੂੰ ਆਰਟਿਲਰੀ (ਤੋਪਖ਼ਾਨਾ), ਪੈਦਲ ਸੈਨਾ ਅਤੇ ਬਖ਼ਤਰਬੰਦ ਕੋਰ ਤਿੰਨਾਂ ਨੂੰ ਹੀ ਭਵਿੱਖ ਦੀਆਂ ਜੰਗਾਂ ਵਿੱਚ ਫ਼ੈਸਲਾਕੁੰਨ ਤਾਕਤਾਂ ਵਜੋਂ ਦੇਖਣਾ ਚਾਹੀਦਾ ਹੈ।” ਉਨ੍ਹਾਂ ਅੱਗੇ ਕਿਹਾ, “ਆਰਟਿਲਰੀ (ਤੋਪਖ਼ਾਨੇ) ਦੀ ਵਰਤੋਂ ਇੱਕ ਪੂਰੇ ਲੜਾਕੂ ਅੰਗ ਵਜੋਂ ਕੀਤੀ ਗਈ।” ਪੱਕੇ ਇਨਫੈਂਟਰੀ ਜਨਰਲ ਦਾ ਗੰਨਰਾਂ ਪ੍ਰਤੀ ਨਜ਼ਰੀਆ ਆਮ ਤੌਰ ’ਤੇ ਬਹੁਤਾ ਲਿਹਾਜ਼ਦਾਰੀ ਵਾਲਾ ਨਹੀਂ ਹੁੰਦਾ। ਇਸ ਲਈ ਕਾਰਗਿਲ ਜੰਗ ਦੇ ਤਜਰਬਿਆਂ ਸਦਕਾ ਪਤਾ ਲੱਗੀ ਕਿਸੇ ਅਟੱਲ ਪੇਸ਼ੇਵਰ ਸਚਾਈ ਕਾਰਨ ਹੀ ਇਸ ਜਿੱਤ ਮਗਰੋਂ ਲੈਫਟੀਨੈਂਟ ਜਨਰਲ ਕਿਸ਼ਨ ਪਾਲ ਨੇ ਅਜਿਹੀ ਟਿੱਪਣੀ ਕੀਤੀ ਹੋਵੇਗੀ। ਆਮ ਲੋਕਾਂ ਅਤੇ ਫ਼ੌਜੀ ਇਤਿਹਾਸ ਦੇ ਵਿਦਿਆਰਥੀਆਂ ਨੇ ਬਿਨਾਂ ਕਿਸੇ ਸ਼ੱਕ ਦੇ ਇਹ ਮੰਨ ਲਿਆ ਹੈ ਕਿ ਕਾਰਗਿਲ ਵਿੱਚ ਸਾਡੀ ਜਿੱਤ ਦਾ ਅਸਲ ਕਾਰਨ ਆਰਟਿਲਰੀ (ਤੋਪਖ਼ਾਨਾ) ਹੀ ਸੀ। ਹੁਣ ਅਸਲ ਸਵਾਲ ਇਹ ਹੈ: ਕੀ ਇਸ ਜੰਗ ਅਤੇ ਟਿੱਪਣੀ ਨੇ ਭਾਰਤੀ ਫ਼ੌਜ ’ਤੇ ਇੰਨਾ ਡੂੰਘਾ ਅਸਰ ਛੱਡਿਆ ਹੈ ਕਿ ਉਹ ਫ਼ੈਸਲਾਕੁੰਨ ਤਾਕਤ ਵਜੋਂ ਆਰਟਿਲਰੀ ਦੀ ਵਧਦੀ ਅਹਿਮੀਅਤ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕਰਦਿਆਂ ਇਸ ਨੂੰ ਰਸਮੀ ਤੌਰ ’ਤੇ ਪ੍ਰਵਾਨ ਕਰੇਗੀ?

ਪਿਛਲੇ ਕੁਝ ਦਹਾਕਿਆਂ ਵਿੱਚ ਜੰਗ ਦੇ ਸਰੂਪ ਅਤੇ ਤੌਰ-ਤਰੀਕਿਆਂ ਵਿੱਚ ਇਨਕਲਾਬੀ ਤਬਦੀਲੀਆਂ ਆਈਆਂ ਹਨ। ਪਹਿਲੀ ਆਲਮੀ ਜੰਗ ਦੌਰਾਨ ਖ਼ਾਈ ਜੰਗ (ਟਰੈਂਚ ਵਾਰਫੇਅਰ) ਨੂੰ ਅਹਿਮ ਮੰਨਿਆ ਗਿਆ, ਦੂਜੀ ਆਲਮੀ ਜੰਗ ਨੇ ਫ਼ੌਜਾਂ ਦੇ ਮਸ਼ੀਨੀਕਰਨ ਨੂੰ ਉਭਾਰਿਆ ਜਦੋਂਕਿ ਹਾਲੀਆ ਜੰਗਾਂ ਨੇ ਪਾਸਾ ਪਲਟਦਿਆਂ ਜ਼ਮੀਨੀ ਗੋਲਾਬਾਰੀ (ਫਾਇਰਪਾਵਰ), ਖ਼ਾਸਕਰ ਜ਼ਮੀਨੀ ਹਥਿਆਰ ਪ੍ਰਣਾਲੀਆਂ ਨੂੰ ਸਰਬਉੱਚ ਸਾਬਿਤ ਕੀਤਾ ਹੈ। ਇਸੇ ਤਰ੍ਹਾਂ ਆਰਟਿਲਰੀ ਦੀ ਭੂਮਿਕਾ ਅਤੇ ਇਸ ਦੇ ਸਾਜ਼ੋ-ਸਾਮਾਨ ਵਿੱਚ ਵੀ ਵੱਡੀਆਂ ਤਬਦੀਲੀਆਂ ਆਈਆਂ ਹਨ। ਆਪਣੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ, ਡੂੰਘੀ ਨਿਗਰਾਨੀ ਪਹੁੰਚ ਅਤੇ ਆਧੁਨਿਕ ਤਕਨੀਕੀ ਤਾਲਮੇਲ (ਸੈਂਸਰ-ਸ਼ੂਟਰ ਕੰਬਾਈਨ) ਨਾਲ ਲੈਸ ਹੋ ਕੇ ਤੋਪਖ਼ਾਨਾ ਅਜੋਕੇ ਜੰਗ ਦੇ ਮੈਦਾਨ ਨੂੰ ਓਨਾ ਪ੍ਰਭਾਵਿਤ ਕਰ ਰਿਹਾ ਹੈ ਜਿੰਨਾ ਇਸ ਨੇ ਪਹਿਲਾਂ ਕਦੇ ਨਹੀਂ ਸੀ ਕੀਤਾ। ਇਹ ਦੁਸ਼ਮਣ ਨੂੰ ਲਗਾਤਾਰ ਇੱਕੋ ਸਮੇਂ ਕਈ ਪੱਧਰਾਂ ’ਤੇ ਘੇਰ, ਉਨ੍ਹਾਂ ਦੀ ਜੰਗੀ ਤਾਕਤ ਨੂੰ ਭਾਰੀ ਨੁਕਸਾਨ ਪਹੁੰਚਾ ਅਤੇ ਦੁਸ਼ਮਣ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਕਮਜ਼ੋਰ ਕਰਦਿਆਂ ਉਨ੍ਹਾਂ ਦੀ ਉੱਚ ਲੀਡਰਸ਼ਿਪ ਦੇ ਮਨੋਬਲ ਨੂੰ ਤੋੜ ਸਕਦਾ ਹੈ। ਦਰਅਸਲ, ਜ਼ਮੀਨੀ ਗੋਲਾਬਾਰੀ ਫ਼ੌਜ ਦਾ ਸਭ ਤੋਂ ਵੱਡਾ ਅਤੇ ਅਜਿੱਤ ਹਥਿਆਰ ਬਣ ਚੁੱਕੀ ਹੈ, ਜਿਸ ਨੇ ਜੰਗ ਦੇ ਪੂਰੇ ਸਰੂਪ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ।

Advertisement

ਸਾਲਾਂ ਦੇ ਅੰਕੜੇ ਦੱਸਦੇ ਹਨ ਕਿ ਜੰਗ ਦੇ ਮੈਦਾਨ ਵਿੱਚ 82 ਫ਼ੀਸਦੀ ਨੁਕਸਾਨ ਤੋਪਖ਼ਾਨੇ ਨਾਲ ਕੀਤਾ ਜਾਂਦਾ ਹੈ ਜਦੋਂਕਿ ਬਾਕੀ 18 ਫ਼ੀਸਦੀ ਨੁਕਸਾਨ ਹੋਰ ਸਾਧਨਾਂ ਰਾਹੀਂ। ਕਦੇ ਜੰਗ ਦੇ ਮੈਦਾਨ ਵਿੱਚ ਸਿਰਫ਼ ਪ੍ਰਭਾਵ ਪਾਉਣ ਵਾਲੇ ਹਿੱਸੇ ਵਜੋਂ ਜਾਣੇ ਜਾਂਦੇ ਤੋਪਖ਼ਾਨੇ ਨੇ ਹੁਣ ਜਿੱਤ ਯਕੀਨੀ ਬਣਾਉਣ ਵਾਲੇ ਦ੍ਰਿੜ੍ਹ ਅਤੇ ਫ਼ੈਸਲਾਕੁੰਨ ਜੰਗੀ ਹਥਿਆਰ ਦਾ ਰੂਪ ਧਾਰਨ ਕਰ ਲਿਆ ਹੈ। ਇਸ ਸਭ ਦੇ ਬਾਵਜੂਦ ਇਸ ਨੂੰ ਅਜੇ ਵੀ ‘ਲੜਾਕੂ ਸਹਾਇਕ ਅੰਗ’ ਹੀ ਮੰਨਿਆ ਜਾਂਦਾ ਹੈ ਜਦੋਂਕਿ ਆਰਮਡ ਕੋਰ, ਮਸ਼ੀਨੀਕ੍ਰਿਤ ਪੈਦਲ ਸੈਨਾ (ਮੈਕੇਨਾਈਜ਼ਡ ਇਨਫੈਂਟਰੀ) ਅਤੇ ਪੈਦਲ ਸੈਨਾ (ਇਨਫੈਂਟਰੀ) ਨੂੰ ‘ਲੜਾਕੂ ਅੰਗ’ ਦਾ ਦਰਜਾ ਹਾਸਲ ਹੈ। ਫ਼ੌਜ ਵਿੱਚ ਲੜਾਕੂ ਅੰਗ ਹੀ ਰਣਨੀਤੀਆਂ, ਆਪਰੇਸ਼ਨਲ ਹਦਾਇਤਾਂ ਅਤੇ ਜ਼ਮੀਨੀ ਪੱਧਰ ਦੀਆਂ ਯੋਜਨਾਵਾਂ ਤਿਆਰ ਕਰਦੇ ਅਤੇ ਫਿਰ ਸਹਾਇਕ ਅੰਗਾਂ ਨੂੰ ਆਪਣੀਆਂ ਯੋਜਨਾਵਾਂ ਵਿੱਚ ਫਿੱਟ ਕਰਦੇ ਹਨ। ਕਾਰਗਿਲ ਦੌਰਾਨ ਭਾਵੇਂ ਸਾਰੀਆਂ ਜੰਗੀ ਯੋਜਨਾਵਾਂ ਪੈਦਲ ਸੈਨਾ ਵੱਲੋਂ ਹੀ ਬਣਾਈਆਂ ਗਈਆਂ ਸਨ, ਪਰ ਹਾਲਾਤ ਦੀ ਮਜਬੂਰੀ ਕਾਰਨ ਉਨ੍ਹਾਂ ਨੂੰ ਫਾਇਰਪਾਵਰ ਆਸਰੇ ਹੀ ਅੰਜਾਮ ਦਿੱਤਾ ਗਿਆ। ਜੰਗ ਦਾ ਬਦਲਦਾ ਸਰੂਪ ਸਪੱਸ਼ਟ ਤੌਰ ’ਤੇ ਮੰਗ ਕਰਦਾ ਹੈ ਕਿ ਇਸ ਪੂਰੇ ਚੱਕਰ ਨੂੰ ਉਲਟਾਇਆ ਜਾਵੇ ਅਤੇ ਫਾਇਰਪਾਵਰ ਦੀ ਕੇਂਦਰੀ ਭੂਮਿਕਾ ਨੂੰ ਅਧਿਕਾਰਤ ਤੌਰ ’ਤੇ ਸਵੀਕਾਰ ਕੀਤਾ ਜਾਵੇ।

Advertisement

ਦਿਲਚਸਪ ਗੱਲ ਇਹ ਹੈ ਕਿ ਕਾਰਗਿਲ ਵਿੱਚ ਤੋਪਖ਼ਾਨੇ ਦੀ ਵਰਤੋਂ ਰਵਾਇਤੀ ਸਹਾਇਕ ਭੂਮਿਕਾ ਵਜੋਂ ਨਹੀਂ ਸਗੋਂ ਇੱਕ ਘਾਤਕ ਹਮਲਾਵਰ ਹਥਿਆਰ ਵਜੋਂ ਕੀਤੀ ਗਈ ਸੀ, ਜਿਸ ਦਾ ਦੁਸ਼ਮਣ ਕੋਲ ਕੋਈ ਜਵਾਬ ਨਹੀਂ ਸੀ। ਇਸੇ ਲਈ ਦੁਸ਼ਮਣ ਨਿਰਾਸ਼ ਅਤੇ ਖ਼ੌਫ਼ਜ਼ਦਾ ਸੀ। ਤੋਪਖ਼ਾਨੇ ਕੋਲ ਜਿੱਤ ਲਈ ਸਾਰੇ ਢੰਗ-ਤਰੀਕੇ ਸਨ, ਜਿਸ ਨੇ ਉਨ੍ਹਾਂ ਦੀ ਬਾਖ਼ੂਬੀ ਵਰਤੋਂ ਕੀਤੀ। ਇਹ ਪਾਸਾ ਪਲਟ ਦੇਣ ਵਾਲਾ ਅਜਿਹਾ ਕਦਮ ਸੀ, ਜਿਸ ਨੇ ਸਾਡੇ ਬਹਾਦਰ ਪੈਦਲ ਸੈਨਿਕਾਂ ਨੂੰ ਉੱਚੀਆਂ ਚੋਟੀਆਂ ਤੱਕ ਪਹੁੰਚਣ ਅਤੇ ਦੁਸ਼ਮਣ ਨੂੰ ਫੈਸਲਾਕੁੰਨ ਤੌਰ ’ਤੇ ਹਰਾਉਣ ਦੇ ਯੋਗ ਬਣਾਇਆ। ਇਸ ਗੋਲਾਬਾਰੀ ਦੀ ਤਾਕਤ ਤੋਂ ਬਿਨਾਂ ਉਨ੍ਹਾਂ ਵੱਲੋਂ ਦੁਸ਼ਮਣ ਦਾ ਮੁਕਾਬਲਾ ਕਰਨਾ ਔਖਾ ਹੋਣਾ ਸੀ। ਇੰਨਾ ਹੀ ਨਹੀਂ, 12 ਜੂਨ ਨੂੰ ਤੋਲੋਲਿੰਗ ਅਤੇ ਫਿਰ 7 ਜੁਲਾਈ ਨੂੰ ਪਿੰਪਲ-II ਵਿਖੇ ਪੁਆਇੰਟ 4875 ਕੰਪਲੈਕਸ ਵਿੱਚ ਹੋਏ ਦੋ ਕੰਪਨੀ ਹਮਲਿਆਂ ਦੌਰਾਨ ਕੰਪਨੀ ਕਮਾਂਡਰ ਸ਼ਹੀਦ ਹੋ ਗਏ ਤਾਂ ਅੱਗੇ ਤਾਇਨਾਤ ਫਾਰਵਰਡ ਆਬਜ਼ਰਵੇਸ਼ਨ ਅਫ਼ਸਰਾਂ ਨੇ ਖ਼ੁਦ ਕੰਪਨੀਆਂ ਦੀ ਕਮਾਂਡ ਸੰਭਾਲੀ ਅਤੇ ਉਨ੍ਹਾਂ ਨੂੰ ਸਫ਼ਲਤਾ ਦਿਵਾਈ।

ਦੁਨੀਆ ਦੀਆਂ ਸਭ ਤੋਂ ਉੱਨਤ ਫ਼ੌਜਾਂ ਖ਼ਾਸਕਰ ਰੂਸ, ਅਮਰੀਕਾ ਅਤੇ ਕੈਨੇਡਾ ਆਦਿ ਵਿੱਚ ਤੋਪਖ਼ਾਨੇ ਨੂੰ ਮਾਨਤਾ ਪ੍ਰਾਪਤ ਲੜਾਕੂ ਅੰਗ ਮੰਨਿਆ ਜਾਂਦਾ ਹੈ। ਹਿੰਦੋਸਤਾਨੀ ਉਪ-ਮਹਾਂਦੀਪ ਦੀ ਸੱਤਾ ’ਤੇ ਕਾਬਜ਼ ਬਰਤਾਨਵੀਆਂ ਨੇ ਉਦੋਂ ਤੋਪਖ਼ਾਨੇ ਨੂੰ ਸਹਾਇਕ ਅੰਗ ਦਾ ਦਰਜਾ ਦਿੱਤਾ ਸੀ। ਇਸ ਵਿਰਾਸਤ ਨੂੰ ਆਜ਼ਾਦ ਭਾਰਤ ਅਤੇ ਪਾਕਿਸਤਾਨ ਦੋਵਾਂ ਨੇ ਅੱਗੇ ਤੋਰਿਆ।

ਗੋਲਾਬਾਰੀ ਦੀ ਤਾਕਤ ਦੀ ਅਹਿਮੀਅਤ ਨੂੰ ਸਮਝਦਿਆਂ ਪਾਕਿਸਤਾਨ ਨੇ ਤਾਂ ਤੋਪਖ਼ਾਨੇ ਨੂੰ ਤੁਰੰਤ ਲੜਾਕੂ ਅੰਗ ਦਾ ਦਰਜਾ ਦੇ ਦਿੱਤਾ ਜਦੋਂਕਿ ਭਾਰਤੀ ਫ਼ੌਜ ਅਜੇ ਵੀ ਇਸ ਮਾਮਲੇ ਵਿੱਚ ਟਾਲ-ਮਟੋਲ ਕਰ ਰਹੀ ਹੈ। ਅਜੋਕੀਆਂ ਜੰਗਾਂ ਵਿੱਚ ਗੋਲਾਬਾਰੀ ਦੀ ਤਾਕਤ ਜਾਨੀ-ਮਾਲੀ ਨੁਕਸਾਨ ਨੂੰ ਬਹੁਤ ਘਟਾਉਂਦਿਆਂ ਬਾਜ਼ੀ ਆਪਣੇ ਪੱਖ ਵਿੱਚ ਪਲਟਣ ਵਿੱਚ ਨਿਵੇਕਲੀ ਭੂਮਿਕਾ ਨਿਭਾਉਂਦੀ ਹੈ। ਗੋਲਾਬਾਰੀ ਅਤੇ ਫ਼ੌਜੀ ਹਰਕਤ (ਫਾਇਰ ਐਂਡ ਮੈਨੂਵਰ) ਦਾ ਪੁਰਾਣਾ ਸਿਧਾਂਤ ਵੀ ਹੁਣ ਬਦਲ ਰਿਹਾ ਹੈ। ਹੁਣ ਫ਼ੌਜ ਦੀ ਹਰਕਤ ਜਾਂ ਘੇਰਾਬੰਦੀ ਦਾ ਮਕਸਦ ਸਿਰਫ਼ ਗੋਲਾਬਾਰੀ ਰਾਹੀਂ ਬਣੇ ਮੌਕੇ ਦਾ ਲਾਭ ਉਠਾਉਣਾ ਹੁੰਦਾ ਹੈ, ਨਾ ਕਿ ਇਸ ਤੋਂ ਉਲਟ। ਜੰਗ ਦੇ ਅੰਤ ਵਿੱਚ ਲੈਫਟੀਨੈਂਟ ਜਨਰਲ ਕਿਸ਼ਨ ਪਾਲ ਨੇ ਬਿਨਾਂ ਕਿਸੇ ਝਿਜਕ ਤੋਂ ਤੋਪਖ਼ਾਨੇ ਨੂੰ ਇੱਕ ਲੜਾਕੂ ਅੰਗ ਵਜੋਂ ਸਵੀਕਾਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ‘ਗੰਨਰਾਂ (ਤੋਪਚੀਆਂ) ਨੇ ਇੱਕ ਵਾਰ ਫਿਰ ਜੰਗ ਦੇ ਮੈਦਾਨ ਵਿੱਚ ਗੋਲਾਬਾਰੀ ਦੀ ਤਾਕਤ ਦਾ ਰਣਨੀਤਕ ਦਬਦਬਾ ਸਾਬਿਤ ਕਰ ਦਿੱਤਾ ਹੈ ਅਤੇ ਆਪਣੀ ਬਹਾਦਰੀ ਤੇ ਪੇਸ਼ੇਵਰ ਮੁਹਾਰਤ ਸਦਕਾ ਦੇਸ਼ ਦਾ ਮਾਣ ਵਧਾਇਆ ਹੈ’। ਉਨ੍ਹਾਂ ਦੀ ਇਹ ਦੂਰਅੰਦੇਸ਼ੀ ਜੰਗ ਦੇ ਬਦਲਦੇ ਸਰੂਪ ਤੋਂ ਪੂਰੀ ਤਰ੍ਹਾਂ ਸਹੀ ਸਾਬਿਤ ਹੁੰਦੀ ਹੈ। ਜੰਗ ਦੇ ਮੈਦਾਨ ਵਿੱਚ ਗੋਲਾਬਾਰੀ ਵੱਲ ਵਧ ਰਹੇ ਇਸ ਰੁਝਾਨ ਦੀ ਉਦਾਹਰਣ ਸਤੰਬਰ 2020 ਦੀ ਅਜ਼ਰਬਾਇਜਾਨ-ਅਰਮੀਨੀਆ ਜੰਗ ਵਿੱਚ ਦੇਖਣ ਨੂੰ ਮਿਲੀ, ਜਿੱਥੇ ਹਥਿਆਰਬੰਦ ਡਰੋਨਾਂ ਨੇ ਬਾਜ਼ੀ ਅਜ਼ਰਬਾਇਜਾਨ ਦੇ ਪੱਖ ਵਿੱਚ ਪਲਟ ਦਿੱਤੀ ਸੀ। ਸਾਲ 2022 ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਵੱਡੇ ਪੱਧਰ ’ਤੇ ਫ਼ੌਜਾਂ ਦੇ ਕੂੁਚ ਅਤੇ ਦਾਅਪੇਚਾਂ ਨਾਲ ਸ਼ੁਰੂ ਹੋਈ ਸੀ, ਜੋ ਸਮੇਂ ਨਾਲ ਆਪਣੀ ਉਸ ਸ਼ੁਰੂਆਤੀ ਰਫ਼ਤਾਰ ਨੂੰ ਗੁਆ ਬੈਠੀ ਅਤੇ ਆਖ਼ਰ ਇੱਕ-ਦੂਜੇ ’ਤੇ ਗੋਲਾਬਾਰੀ ਕਰਨ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਭਾਰਤ ਅਤੇ ਪਾਕਿਸਤਾਨ ਵਿਚਕਾਰ 7 ਤੋਂ 10 ਮਈ 2025 ਤੱਕ ਚੱਲੀ ਚਾਰ ਦਿਨਾਂ ਦੀ ਕਾਰਵਾਈ ‘ਅਪਰੇਸ਼ਨ ਸਿੰਧੂਰ’ ਪੂਰੀ ਤਰ੍ਹਾਂ ਗੋਲਾਬਾਰੀ, ਮਿਜ਼ਾਈਲਾਂ ਅਤੇ ਤੋਪਖ਼ਾਨੇ ਉੱਤੇ ਹੀ ਨਿਰਭਰ ਸੀ। ਅਮਰੀਕਾ-ਇਰਾਨ ਜੰਗ ਵਿੱਚ ਵੀ ਪੂਰਾ ਧਿਆਨ ਵੱਖ-ਵੱਖ ਪਲੈਟਫਾਰਮਾਂ ਰਾਹੀਂ ਕੀਤੀ ਜਾਣ ਵਾਲੀ ਗੋਲਾਬਾਰੀ, ਐਨ ਟਿਕਾਣੇ ’ਤੇ ਲੱਗਣ ਵਾਲੀਆਂ ਮਿਜ਼ਾਈਲਾਂ, ਰਾਕੇਟਾਂ ਅਤੇ ਡਰੋਨਾਂ ਉੱਤੇ ਹੀ ਰਿਹਾ ਹੈ।

ਕਾਰਗਿਲ ਯੁੱਧ ਵਿੱਚ ਤੋਪਖ਼ਾਨੇ ਦੇ ਸ਼ਾਨਦਾਰ ਯੋਗਦਾਨ ਤੋਂ ਪ੍ਰੇਰਿਤ ਹੋ ਕੇ ਦਿੱਲੀ ਵਿੱਚ ਫ਼ੌਜ ਦੇ ਮੁੱਖ ਹੈੱਡਕੁਆਰਟਰ ਵਿੱਚ ਤੋਪਖ਼ਾਨੇ ਨੂੰ ਲੜਾਕੂ ਅੰਗ ਦਾ ਦਰਜਾ ਦੇਣ ਲਈ ਜ਼ੋਰਦਾਰ ਮੰਗ ਉੱਠੀ ਸੀ। ਫਿਰ ਅਚਾਨਕ ਪਾਸਾ ਪਲਟਦਿਆਂ ਉੱਚ ਫ਼ੌਜੀ ਲੀਡਰਸ਼ਿਪ ਨੇ ਇਸ ਵਿਚਾਰ ਦਾ ਸਮਰਥਨ ਨਹੀਂ ਕੀਤਾ ਅਤੇ ਇਸ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ। ਕਾਰਗਿਲ ਜੰਗ ਲੜਨ ਵਾਲੇ ਜਨਰਲ ਅਫ਼ਸਰਾਂ ਅਤੇ ਭਾਰਤੀ ਫ਼ੌਜ ਦੇ ਆਮ ਜਵਾਨਾਂ ਵੱਲੋਂ ਤੋਪਖ਼ਾਨੇ ਦੇ ਸ਼ਾਨਦਾਰ ਯੋਗਦਾਨ ਬਾਰੇ ਦਿੱਤੇ ਗਏ ਸਾਰੇ ਮਜ਼ਬੂਤ ਤੇ ਸਕਾਰਾਤਮਕ ਬਿਆਨ ਫ਼ੌਜ ਦੇ ਮੁੱਖ ਹੈੱਡਕੁਆਰਟਰ ਵਿੱਚ ਬੈਠੇ ਅਧਿਕਾਰੀਆਂ ਨੂੰ ਉਸੇ ਰੂਪ ਵਿੱਚ ਪ੍ਰਭਾਵਿਤ ਨਹੀਂ ਕਰ ਸਕੇ। ਭਾਰਤ ਦੀ ਉੱਚ ਫ਼ੌਜੀ ਲੀਡਰਸ਼ਿਪ ਆਪਣੇ ਰਵਾਇਤੀ ਨਜ਼ਰੀਏ ਕਾਰਨ ਜੰਗ ਦੇ ਮੈਦਾਨ ਦੀਆਂ ਅਸਲ ਜ਼ਮੀਨੀ ਹਕੀਕਤਾਂ ਨੂੰ ਦਰਕਿਨਾਰ ਕਰ ਰਹੀ ਜਾਪਦੀ ਹੈ। ਜਾਪਦਾ ਹੈ ਕਿ ਉਨ੍ਹਾਂ ਦੇ ਇਹ ਖ਼ਦਸ਼ੇ ਆਪਣੇ ਵਿਸ਼ੇਸ਼ ਅਧਿਕਾਰ ਖੇਤਰ ਦੇ ਘੱਟ ਹੋਣ ਦੇ ਡਰੋਂ ਪੈਦਾ ਹੋਏ ਸਨ। ਇਹ ਰੁਝਾਨ ਸ਼ਾਂਤੀ ਦੇ ਸਮੇਂ ਵੀ ਵੱਡੇ ਪੱਧਰ ’ਤੇ ਮਾੜੇ ਪ੍ਰਭਾਵ ਛੱਡਦਾ ਹੈ, ਜਿੱਥੇ ਤਰੱਕੀਆਂ ਅਤੇ ਰੁਤਬੇ ਦੇ ਮਾਮਲੇ ਵਿੱਚ ਕੰਬੈਟ ਆਰਮਜ਼ ਨੂੰ ਲੜਾਕੂ ਸਹਾਇਕ ਅੰਗਾਂ ਨਾਲੋਂ ਜ਼ਿਆਦਾ ਤਰਜੀਹ ਮਿਲਦੀ ਹੈ। ਇੱਥੋਂ ਤੱਕ ਕਿ ਲੜਾਕੂ ਸਹਾਇਕ ਅੰਗਾਂ ਦੇ ਔਸਤ ਤੋਂ ਉੱਪਰ (ਬਿਹਤਰ) ਕਾਰਗੁਜ਼ਾਰੀ ਵਾਲੇ ਅਫ਼ਸਰ ਨੂੰ ਪਿੱਛੇ ਛੱਡ ਕੇ ਲੜਾਕੂ ਅੰਗਾਂ ਦਾ ਇੱਕ ਸਾਧਾਰਨ ਅਫ਼ਸਰ ਵੀ ਬਾਜ਼ੀ ਮਾਰ ਜਾਂਦਾ ਹੈ ਅਤੇ ਉਸ ਨੂੰ ਅਹਿਮ ਕੋਰਸਾਂ ਤੇ ਉੱਚ ਅਹੁਦਿਆਂ ਦੀਆਂ ਤਰੱਕੀਆਂ ਲਈ ਤਰਜੀਹ ਦਿੱਤੀ ਜਾਂਦੀ ਹੈ।

ਸਾਬਕਾ ਡਾਇਰੈਕਟਰ ਜਨਰਲ ਔਫ ਆਰਟਿਲਰੀ, ਲੈਫਟੀਨੈਂਟ ਜਨਰਲ ਕੇ ਐੱਸ ਰਾਓ ਦੀ ਇੱਕ ਦਿਲਚਸਪ ਟਿੱਪਣੀ ਦਾ ਜ਼ਿਕਰ ਕਰਨਾ ਬਣਦਾ ਹੈ, “ਦੂਜਾ ਸਭ ਤੋਂ ਵੱਡਾ ਲੜਾਕੂ ਅੰਗ ਹੋਣ ਨਾਤੇ ਤੋਪਖ਼ਾਨਾ ਅਫ਼ਸਰਾਂ ਦੇ ਕਾਡਰ ਦਾ 28 ਫ਼ੀਸਦੀ ਹਿੱਸਾ ਹੈ ਜਦੋਂਕਿ ਪੈਦਲ ਸੈਨਾ (ਇਨਫੈਂਟਰੀ) 40 ਫ਼ੀਸਦੀ। ਜਦੋਂ ਲੈਫਟੀਨੈਂਟ ਜਨਰਲਾਂ ਦੀ ਗੱਲ ਆਉਂਦੀ ਹੈ ਤਾਂ ਮੌਜੂਦਾ ਸਮੇਂ ਵਿੱਚ ਪੈਦਲ ਸੈਨਾ ਦੇ 57 ਜਨਰਲ ਹਨ ਜਦੋਂਕਿ ਤੋਪਖ਼ਾਨੇ ਦੇ ਹਿੱਸੇ ਮਹਿਜ਼ ਚਾਰ ਜਨਰਲ ਹੀ ਆਏ ਹਨ।” ਇਹ ਅਸੰਤੁਲਨ ਹੈਰਾਨੀਜਨਕ ਹੈ, ਜਿਸ ਨੂੰ ਦੂਰ ਕੀਤੇ ਜਾਣ ਦੀ ਲੋੜ ਹੈ। ਫਾਇਰਪਾਵਰ ਦੇ ਦਬਦਬੇ ਵਾਲੇ ਇਸ ਦੌਰ ਵਿੱਚ ਗੋਲਾਬਾਰੀ ਦੇ ਮਾਹਿਰਾਂ ਨੂੰ ਸਿਖਰਲੇ ਪੱਧਰ ਦੀ ਰਣਨੀਤਕ ਯੋਜਨਾਬੰਦੀ ਤੋਂ ਬਾਹਰ ਰੱਖਣਾ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਉਂਦਿਆਂ ਗੰਭੀਰ ਕਮਜ਼ੋਰੀਆਂ ਪੈਦਾ ਕਰ ਸਕਦਾ ਹੈ। ਸਿੱਟੇ ਵਜੋਂ ਅਜੋਕੇ ਦੌਰ ਵਿੱਚ ਤੋਪਖ਼ਾਨਾ ਇੱਕ ਰਣਨੀਤਕ ਹਥਿਆਰ ਦਾ ਰੂਪ ਧਾਰ ਚੁੱਕਾ ਹੈ ਅਤੇ ਜੰਗਾਂ ਦਾ ਫ਼ੈਸਲਾ ਮੁੱਖ ਤੌਰ ’ਤੇ ਤੋਪਖ਼ਾਨੇ ਰਾਹੀਂ ਹੀ ਹੋਣ ਲੱਗਾ ਹੈ ਤਾਂ ਇਸ ਨੂੰ ਸਹਾਇਕ ਲੜਾਕੂ ਅੰਗ ਗਰਦਾਨਣਾ ਵੱਡੀ ਗ਼ਲਤੀ ਹੋਵੇਗੀ। ਫ਼ੌਜੀ ਉੱਚ-ਕਮਾਂਡ ਨੂੰ ਆਪਣੇ ਇਸ ਅਵੇਸਲੇਪਣ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਦੁਨੀਆ ਭਰ ਵਿੱਚ ਲੜੀਆਂ ਗਈਆਂ ਜੰਗਾਂ ਕਾਰਗਿਲ, ਅਰਮੀਨੀਆ-ਅਜ਼ਰਬਾਇਜਾਨ ਜੰਗ, ਰੂਸ-ਯੂਕਰੇਨ ਜੰਗ, ਅਪਰੇਸ਼ਨ ਸਿੰਧੂਰ ਅਤੇ ਅਮਰੀਕਾ-ਇਰਾਨ ਜੰਗ ਤੋਂ ਸਬਕ ਲੈ ਕੇ ਆਪਣੀਆਂ ਹਥਿਆਰਬੰਦ ਸੈਨਾਵਾਂ ਦਾ ਪੁਨਰਗਠਨ ਕਰਨਾ ਚਾਹੀਦਾ ਹੈ ਅਤੇ ਤੋਪਖ਼ਾਨੇ ਨੂੰ ਪੂਰੇ ਲੜਾਕੂ ਅੰਗ ਦਾ ਦਰਜਾ ਦੇਣਾ ਚਾਹੀਦਾ ਹੈ। ਇਹ ਕਦਮ ਅਪਰੇਸ਼ਨਲ ਅਤੇ ਵਿੱਤੀ ਤੌਰ ’ਤੇ ਇੱਕ ਵੱਡੀ ਛਾਲ ਹੋਵੇਗਾ, ਜੋ ਫ਼ੌਜੀ ਮਾਮਲਿਆਂ ਵਿੱਚ ਇਸ ਨੂੰ ਵਿੱਤੀ ਪੱਖ ਤੋਂ ਸਭ ਨਾਲੋਂ ਵੱਧ ਪ੍ਰਭਾਵਸ਼ਾਲੀ ਸੁਧਾਰ ਬਣਾ ਦੇਵੇਗਾ। ਜੰਗ ਦੇ ਬਦਲਦੇ ਰੁਝਾਨਾਂ ਦੇ ਮੱਦੇਨਜ਼ਰ ਕੁਝ ਹੀ ਸਮੇਂ ਵਿੱਚ ਤੋਪਖ਼ਾਨਾ ਆਪਣੇ ਬਣਦੇ ਹੱਕ ਵਜੋਂ ਪ੍ਰਮੁੱਖ ਲੜਾਕੂ ਅੰਗ ਦਾ ਦਰਜਾ ਹਾਸਲ ਕਰ ਲਵੇਗਾ। ਜਿੰਨੀ ਜਲਦੀ ਅਜਿਹਾ ਹੋ ਸਕੇ, ਓਨਾ ਹੀ ਚੰਗਾ ਹੋਵੇਗਾ।

* ਸੇਵਾਮੁਕਤ ਬ੍ਰਿਗੇਡੀਅਰ

Advertisement
×