ਪਸ਼ੂ ਪਿਸ਼ਾਬ ਦੀ ਵਾਜਿਬ ਵਰਤੋਂ ਕਿਸਾਨਾਂ ਅਤੇ ਵਾਤਾਵਰਨ ਲਈ ਵਰਦਾਨ : The Tribune India

ਪਸ਼ੂ ਪਿਸ਼ਾਬ ਦੀ ਵਾਜਿਬ ਵਰਤੋਂ ਕਿਸਾਨਾਂ ਅਤੇ ਵਾਤਾਵਰਨ ਲਈ ਵਰਦਾਨ

ਪਸ਼ੂ ਪਿਸ਼ਾਬ ਦੀ ਵਾਜਿਬ ਵਰਤੋਂ ਕਿਸਾਨਾਂ ਅਤੇ ਵਾਤਾਵਰਨ ਲਈ ਵਰਦਾਨ

ਕਾਬਲ ਸਿੰਘ ਗਿੱਲ* ਮਿਲਖਾ ਸਿੰਘ ਔਲਖ*

ਕਾਬਲ ਸਿੰਘ ਗਿੱਲ* ਮਿਲਖਾ ਸਿੰਘ ਔਲਖ*

ਪਾਲਤੂ ਪਸ਼ੂ (ਗਾਵਾਂ ਤੇ ਮੱਝਾਂ) ਦੇ ਪਿਸ਼ਾਬ ਦੀ ਚੰਗੀ ਤਰ੍ਹਾਂ ਵਰਤੋਂ ਨਾਲ ਫਸਲਾਂ ਦਾ ਉਤਪਾਦਨ ਵਧਾਉਣ ਅਤੇ ਵਾਤਾਵਰਨ ਪ੍ਰਦੂਸ਼ਣ ਤੇ ਖੇਤੀਬਾੜੀ ਲਈ ਵਰਤੇ ਜਾਂਦੇ ਰਸਾਇਣ ਘਟਾਉਣ ਦੀ ਬਹੁਤ ਸੰਭਾਵਨਾ ਹੈ। ਹਰੀ ਕ੍ਰਾਂਤੀ ਤੋਂ ਪਹਿਲਾਂ ਭਾਰਤ ਦੇ ਖੇਤੀ ਪ੍ਰਧਾਨ ਉੱਤਰ-ਪੱਛਮੀ ਸੂਬਿਆਂ (ਪੰਜਾਬ, ਹਰਿਆਣਾ, ਉਤਰਾਖੰਡ, ਉਤਰ ਪ੍ਰਦੇਸ਼) ਵਿਚ ਸਾਲਾਨਾ ਸਿਰਫ਼ ਇੱਕ ਫ਼ਸਲ ਉਗਾਈ ਜਾਂਦੀ ਸੀ। ਸਾਲ ਦੇ ਬਹੁਤੇ ਹਿੱਸੇ ਦੌਰਾਨ ਖੇਤ ਖਾਲੀ ਰਹਿੰਦੇ ਸਨ ਅਤੇ ਅਕਸਰ ਪਸ਼ੂ ਚਾਰਨ ਜਾਂ ਅਸਥਾਈ ਤੌਰ ’ਤੇ ਰੱਖਣ ਲਈ ਵਰਤੇ ਜਾਂਦੇ ਸਨ। ਇਸ ਤਰ੍ਹਾਂ ਚਾਰੇ ਅਤੇ ਹੋਰ ਖੁਰਾਕ ਰਾਹੀਂ ਖਾਧੇ ਪੌਸ਼ਟਿਕ ਤੱਤ ਪਿਸ਼ਾਬ ਤੇ ਗੋਹੇ ਰਾਹੀਂ ਖੇਤਾਂ ਵਿਚ ਮੁੜ ਆਉਂਦੇ ਸਨ। ਹਰੀ ਕ੍ਰਾਂਤੀ ਬਾਅਦ ਖੇਤ ਬਹੁਤੇ ਸਮੇਂ ਲਈ ਫਸਲਾਂ ਹੇਠ ਅਤੇ ਪਸ਼ੂ ਘਰਾਂ ਜਾਂ ਡੇਅਰੀਆਂ ਵਿਚ ਹੋਣ ਕਰ ਕੇ ਪਸ਼ੂਆਂ ਦੇ ਮਲ-ਮੂਤਰ ਦੀ ਖੇਤਾਂ ਵਿਚ ਵਾਪਸੀ ਲੋਪ ਹੋ ਗਈ।

ਖਾਧੇ ਪੌਸ਼ਟਿਕ ਤੱਤਾਂ ਦਾ ਲਗਭਗ 90% ਹਿੱਸਾ ਪਸ਼ੂਆਂ ਦੇ ਪਿਸ਼ਾਬ (ਲਗਭਗ ਸਾਰੀ ਨਾਈਟ੍ਰੋਜਨ) ਅਤੇ ਗੋਹੇ (ਫਾਸਫੋਰਸ, ਗੰਧਕ ਤੇ ਹੋਰ ਪੌਸ਼ਟਿਕ ਤੱਤ) ਰਾਹੀਂ ਬਾਹਰ ਨਿਕਲ ਜਾਂਦਾ ਹੈ। ਜ਼ਿਆਦਾਤਰ ਗੋਹਾ ਰੂੜੀ ਜਾਂ ਘਰਾਂ ਵਿਚ ਪਾਥੀਆਂ ਬਾਲਣ ਤੋਂ ਬਾਅਦ ਸੁਆਹ ਵਜੋਂ ਖੇਤਾਂ ਵਿਚ ਚਲਾ ਜਾਂਦਾ ਹੈ ਪਰ ਬਹੁਤਾ ਪਿਸ਼ਾਬ ਵਿਅਰਥ ਜਾਂਦਾ ਹੈ।

ਇਕ ਪਸ਼ੂ ਇਕ ਦਿਨ ਵਿਚ ਤਕਰੀਬਨ 13-30 ਲਿਟਰ ਪਿਸ਼ਾਬ ਕਰਦਾ ਹੈ। ਇਸ ਵਿਚ 1-2% ਨਾਈਟ੍ਰੋਜਨ (2.17-4.34% ਯੂਰੀਆ ਖਾਦ ਦੇ ਬਰਾਬਰ) ਹੁੰਦੀ ਹੈ। ਨਾਲ ਹੀ ਕੁਝ ਫਾਸਫੋਰਸ, ਗੰਧਕ ਅਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ। ਔਸਤਨ 1% ਨਾਈਟ੍ਰੋਜਨ ਵਾਲਾ 20 ਲਿਟਰ ਪਿਸ਼ਾਬ ਹਰ ਦਿਨ ਦੇ ਹਿਸਾਬ ਇਕ ਸਾਲ ਦੇ ਪਿਸ਼ਾਬ ਵਿਚ 73 ਕਿਲੋਗ੍ਰਾਮ ਨਾਈਟ੍ਰੋਜਨ ਜਾਂ 159 ਕਿਲੋਗ੍ਰਾਮ ਯੂਰੀਆ ਖਾਦ (50 ਕਿਲੋਗ੍ਰਾਮ ਯੂਰੀਆ ਖਾਦ/ਸਾਲ ਦੇ 3 ਥੈਲਿਆਂ ਤੋਂ ਵੱਧ) ਦੇ ਬਰਾਬਰ ਹੈ। ਪੰਜਾਬ, ਹਰਿਆਣਾ, ਯੂਪੀ ਅਤੇ ਉਤਰਾਖੰਡ ਵਿਚ 685.2 ਲੱਖ ਪਸ਼ੂਆਂ ਲਈ ਇਹ 2178 ਲੱਖ 50 ਕਿਲੋਗ੍ਰਾਮ ਯੂਰੀਆ ਖਾਦ ਥੈਲੇ ਜਾਂ 5837 ਕਰੋੜ ਰੁਪਏ ਬਰਾਬਰ ਹੈ।

ਪਿਸ਼ਾਬ ਨਾਲ ਪਾਣੀ ਤੇ ਹਵਾ ਪ੍ਰਦੂਸ਼ਣ: ਪਸ਼ੂਆਂ ਜਾਂ ਰੂੜੀ ਵਾਲੇ ਕੱਚੇ ਥਾਵਾਂ ਹੇਠ ਪਿਸ਼ਾਬ ਜ਼ਮੀਨ ਅਤੇ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਕਰਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਅਧਿਐਨ ਵਿਚ ਚਾਰ ਜ਼ਿਲ੍ਹਿਆਂ ਦੇ ਨਲਕਿਆਂ (ਪਿੰਡਾਂ ਵਿਚੋਂ 367 ਅਤੇ ਡੇਅਰੀਆਂ ਹੇਠਾਂ 45 ਨਮੂਨੇ) ਦੇ ਪਾਣੀਆਂ ਵਿਚ ਨਾਈਟ੍ਰੇਟ ਦੀ ਮਾਤਰਾ ਨਾਲ ਲੱਗਦੇ ਖੇਤਰਾਂ ਦੇ ਡੂੰਘੇ ਟਿਊਬਵੈੱਲਾਂ ਦੇ 236 ਨਮੂਨਿਆਂ ਨਾਲੋਂ ਕਈ ਗੁਣਾ ਵੱਧ ਸੀ। ਲੁਧਿਆਣਾ ਵਿਚ ਡੇਅਰੀ ਸਮੂਹ ਦੇ ਆਸ-ਪਾਸ ਨਲਕਿਆਂ ਅਤੇ ਟਿਊਬਵੈੱਲਾਂ ਦੇ ਪਾਣੀਆਂ ਵਿਚ ਨਾਈਟ੍ਰੇਟ ਦੀ ਮਾਤਰਾ ਪੀਣ ਵਾਲੇ ਪਾਣੀ ਲਈ ਮਾਨਤਾ ਨਾਲੋਂ ਵੱਧ ਸੀ।

ਪਸ਼ੂਆਂ ਵਾਲੇ ਵਿਹੜਿਆਂ ਤੋਂ ਪਿਸ਼ਾਬ ਅਕਸਰ ਨਾਲੀਆਂ, ਛੱਪੜਾਂ, ਨਾਲਿਆਂ ਅਤੇ ਨਦੀਆਂ ਵਿਚ ਵਹਿਣ ਨਾਲ ਬਹੁਤ ਜ਼ਿਆਦਾ ਹਰੇ ਜਾਲੇ ਅਤੇ ਰੋਗਾਣੂਆਂ ਦੇ ਵਾਧੇ ਕਾਰਨ ਮੱਛੀਆਂ ਦੀ ਮੌਤ ਹੋ ਜਾਂਦੀ ਹੈ। ਹਰੇ ਜਾਲੇ ਵਿਚ ਕਿਟਾਣੂ ਮਰਨ ਬਾਅਦ ਪਾਣੀ ਵਿਚ ਪੈਦਾ ਹੋਏ ਘੁਲਣਸ਼ੀਲ ਜ਼ਹਿਰੀਲੇ ਰਸਾਇਣ ਗੰਭੀਰ ਬਿਮਾਰੀਆਂ (ਪਸ਼ੂ ਤੇ ਮਨੁੱਖ, ਦੋਹਾਂ ਲਈ) ਅਤੇ ਮੌਤ ਦਾ ਕਾਰਨ ਬਣ ਸਕਦੇ ਹਨ। ਪਿਸ਼ਾਬ ਤੋਂ ਪੈਦਾ ਹੋਈਆਂ ਗ੍ਰੀਨਹਾਊਸ ਗੈਸਾਂ (ਨਾਈਟ੍ਰਸ ਆਕਸਾਈਡ ਤੇ ਮੀਥੇਨ) ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਇਸ ਨਾਲ ਆਲਮੀ ਤਪਸ਼ ਵਧਦੀ ਹੈ, ਅਸਮਾਨੀ ਓਜ਼ੋਨ ਪਰਤ ਨਾਸ ਹੁੰਦੀ ਹੈ ਅਤੇ ਜਾਨਵਰਾਂ, ਮਨੁੱਖਾਂ ਤੇ ਵਾਤਾਵਰਨ ਪ੍ਰਣਾਲੀ ਦੀ ਸਿਹਤ ਲਈ ਖਤਰਾ ਵਧਦਾ ਹੈ।

ਮੱਧਮ ਢਲਾਨ ਵਾਲੇ ਪਸ਼ੂ-ਹਾਤੇ ਬਣਾ ਕੇ ਟੋਇਆਂ ਜਾਂ ਧਰਤੀ ਵਿਚ ਦੱਬੀਆਂ ਪਲਾਸਟਿਕ ਦੀਆਂ ਟੈਂਕੀਆਂ ’ਚ ਪਿਸ਼ਾਬ ਇਕੱਠਾ ਕਰ ਕੇ ਵਰਤਣ ਨਾਲ ਇਹ ਲਾਭ ਹੋ ਸਕਦੇ ਹਨ:

-ਪਾਣੀ ਤੇ ਹਵਾ ਦਾ ਪ੍ਰਦੂਸ਼ਣ ਘਟੇਗਾ।

-ਪਾਣੀ ਦੀ ਥਾਂ ਪਿਸ਼ਾਬ ਵਰਤਣ ਨਾਲ ਗੋਬਰ ਗੈਸ ਦਾ ਉਤਪਾਦਨ ਅਤੇ ਗੋਬਰ ਗੈਸ ਪਲਾਂਟ ਤੋਂ ਨਿਕਲੇ ਗੋਹੇ ਵਿਚ ਨਾਈਟ੍ਰੋਜਨ ਵਧਣਗੇ।

-ਜ਼ਮੀਨ ਤੇ ਫਸਲ ਦੇ ਝਾੜ ਵਿਚ ਸੁਧਾਰ: ਪਸ਼ੂਆਂ ਦੇ ਪਿਸ਼ਾਬ ਵਿਚ ਪੌਸ਼ਟਿਕ ਤੱਤ ਅਤੇ ਹਾਰਮੋਨ ਜੈਵਿਕ ਖਾਦ ਤੇ ਕੀਟਨਾਸ਼ਕ ਵਜੋਂ ਇਸ ਤਰ੍ਹਾਂ ਕੰਮ ਕਰਨਗੇ:

ਜੈਵਿਕ ਖੇਤੀ ਲਈ: ਭਾਰਤੀ ਖੇਤੀ ਖੋਜ ਕੌਂਸਲ (ICAR) ਦੇ ਅਧਿਐਨਾਂ ਨੇ ਦਿਖਾਇਆ ਹੈ ਕਿ ਪਸ਼ੂਆਂ ਦਾ ਪਿਸ਼ਾਬ ਜ਼ਮੀਨ ਵਿਚ ਪੌਸ਼ਟਿਕ ਤੱਤ ਵਧਾਉਂਦਾ ਹੈ; ਕੀੜੇ ਅਤੇ ਬਿਮਾਰੀਆਂ ਰੋਕਦਾ ਹੈ। ਜੈਵਿਕ ਖੇਤੀ ਵਿਚ ਪਸ਼ੂਆਂ ਦਾ ਪਿਸ਼ਾਬ ਅਹਿਮ ਹਿੱਸਾ ਹੈ।

ਆਮ ਖੇਤੀ ਲਈ: ਪਸ਼ੂ-ਹਾਤੇ ਜਾਂ ਪਿਸ਼ਾਬ-ਭੰਡਾਰ ਤੋਂ ਸਿੰਜਾਈ ਦੇ ਪਾਣੀ ਨਾਲ ਮਿਲਾ ਕੇ ਪਿਸ਼ਾਬ ਖੇਤਾਂ ਵਿਚ ਵਰਤਣ ਨਾਲ ਇਹ ਲਾਭ ਹੋਏ: ਅਨੇਕਾਂ ਅਧਿਐਨਾਂ ਵਿਚ ਪਿਸ਼ਾਬ ਦੀ ਵਰਤੋਂ ਨਾਲ ਫਸਲਾਂ ਦੀ ਪੈਦਾਵਾਰ ਅਤੇ ਗੁਣਵੱਤਾ ਵਿਚ ਮਹੱਤਵਪੂਰਨ ਵਾਧਾ ਹੋਇਆ; ਮਸਲਨ, ਲੋੜੀਂਦੀ ਯੂਰੀਆ ਖਾਦ ਦੀ ਅੱਧੀ ਮਾਤਰਾ ਤੇ ਪਿਸ਼ਾਬ ਦੇ ਮੇਲ ਨਾਲ ਦੂਸਰੇ ਸੰਜੋਗਾਂ ਦੇ ਮੁਕਾਬਲੇ ਫਸਲਾਂ ਦਾ ਵਿਕਾਸ, ਝਾੜ ਤੇ ਗੁਣਵੱਤਾ ਜਿ਼ਆਦਾ ਸੀ। ਇਸੇ ਤਰ੍ਹਾਂ ਜੈਵਿਕ ਪਦਾਰਥਾਂ ਤੇ ਪਿਸ਼ਾਬ ਦੇ ਸੁਮੇਲ ਨਾਲ ਝੋਨੇ ਦੇ ਪੌਦੇ ਰਸਾਇਣਕ ਖਾਦ ਨਾਲੋਂ ਚੰਗੇ ਸਨ। ਪਿਸ਼ਾਬ ਵਰਤਣ ਨਾਲ ਬਕਵੀਟ (ਕੁੱਟੂ) ਫਸਲ ਦੀ ਉਚਾਈ, ਤਣੇ ਦਾ ਘੇਰਾ, ਪੱਤਿਆਂ ਦੀ ਗਿਣਤੀ, ਜੜ੍ਹ ਦੀ ਲੰਬਾਈ, ਪ੍ਰਤੀ ਬੂਟਾ ਬੀਜ ਅਤੇ ਬੀਜ ਦੇ ਭਾਰ ਵਿਚ ਵਾਧਾ ਹੋਇਆ। ਪਿਸ਼ਾਬ+48 ਕਿਲੋਗ੍ਰਾਮ ਨਾਈਟ੍ਰੋਜਨ/ਏਕੜ ਨਾਲ ਫਸਲ ਰਾਹੀਂ ਨਾਈਟ੍ਰੋਜਨ ਗ੍ਰਹਿਣ ਅਤੇ ਅਨਾਜ ਦੀ ਪੈਦਾਵਾਰ 60 ਕਿਲੋਗ੍ਰਾਮ ਨਾਈਟ੍ਰੋਜਨ/ਏਕੜ ਵਰਤਣ ਨਾਲੋਂ ਵਧ ਸੀ। ਵੱਖ ਵੱਖ ਪਿਸ਼ਾਬ ਸਰੋਤਾਂ ਨੇ ਮੱਕੀ ਦੀ ਉਪਜ ਵਧਾਈ ਅਤੇ ਨਾਲ ਹੀ ਜ਼ਮੀਨ ਦੀ ਉਪਜਾਉ ਸ਼ਕਤੀ ਤੇ ਸਿਹਤ ਸੁਧਾਰੀ।

ਫਸਲਾਂ ’ਤੇ ਛਿੜਕਾਅ: ਪਿਸ਼ਾਬ ਨੂੰ ਪਾਣੀ ਜਾਂ ਕਿਸੇ ਹੋਰ ਤਰਲ ਨਾਲ ਮਿਲਾ ਕੇ ਫਸਲਾਂ ’ਤੇ ਛਿੜਕਿਆਂ ਫਸਲਾਂ ਦੇ ਵਾਧੇ ਨੂੰ ਹੁਲਾਰਾ ਮਿਲਦਾ ਹੈ ਅਤੇ ਜ਼ਮੀਨ ਵਿਚ ਪਾਏ ਜੈਵਿਕ ਸਰੋਤਾਂ (ਰੂੜੀ, ਪਰਾਲੀ ਆਦਿ) ਤੋਂ ਹੌਲੀ ਹੌਲੀ ਪੌਸ਼ਟਿਕ ਤੱਤ ਨਿਕਲਣ ਦੀਆਂ ਸਮੱਸਿਆਵਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ।

ਇਕ ਅਧਿਐਨ ਵਿਚ 55% ਪਸ਼ੂਆਂ ਦੇ ਪਿਸ਼ਾਬ ਦੇ ਛੇ ਛਿੜਕਾਵਾਂ ਨਾਲ ਅੰਬਾਂ ਦੀ ਸੰਖਿਆ, ਭਾਰ, ਆਕਾਰ ਅਤੇ ਝਾੜ ਹੋਰ ਤਰੀਕਿਆਂ ਨਾਲੋਂ ਜਿ਼ਆਦਾ ਸੀ। ਇਸੇ ਤਰ੍ਹਾਂ ਸੋਇਆਬੀਨ ਦੀ ਬਿਜਾਈ ਤੋਂ 25 ਅਤੇ 40 ਦਿਨਾਂ ਬਾਅਦ ਫਸਲ ’ਤੇ 6% ਪਿਸ਼ਾਬ ਦਾ ਛਿੜਕਾਅ ਵਿਕਾਸ ਅਤੇ ਝਾੜ ਲਈ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੀ। ਛੋਲਿਆਂ ਦੇ ਫੁੱਲ ਸ਼ੁਰੂ ਹੋਣ ਤੇ ਫੁੱਲ ਖਿੜਨ ਤੋਂ 15 ਦਿਨ ਬਾਅਦ ਗਊ ਮੂਤਰ (10%) ਦੇ ਛਿੜਕਾਅ ਨਾਲ ਫਸਲ ਦਾ ਵਿਕਾਸ, ਫਲੀਆਂ ਦੀ ਗਿਣਤੀ ਅਤੇ ਝਾੜ ਵਧ ਗਏ। ਪਿਸ਼ਾਬ (1.25%) ਦੇ ਛਿੜਕਾਅ ਨਾਲ ਸਲਾਦ ਦੀ ਉਪਜ ਸਭ ਤੋਂ ਵੱਧ ਸੀ।

ਕੀੜੇ ਤੇ ਬਿਮਾਰੀਆਂ ਦੀ ਰੋਕਥਾਮ: ਪਸ਼ੂਆਂ ਦੇ ਪਿਸ਼ਾਬ ਨਂ ਫਸਲਾਂ ਦੇ ਕੀੜਿਆਂ ਅਤੇ ਬਿਮਾਰੀਆਂ ਰੋਕਣ ਲਈ ਵੀ ਪ੍ਰਭਾਵ ਦਿਖਾਏ ਹਨ। ਮੇਥੀ ਅਤੇ ਭਿੰਡੀ ਉਪਰ 15% ਪਿਸ਼ਾਬ ਦੇ ਛਿੜਕਾਅ ਨਾਲ ਫੁੰਗੀ ਦੁਆਰਾ ਵੱਖ ਵੱਖ ਬਿਮਾਰੀਆਂ ਨੂੰ ਦਬਾਇਆ ਗਿਆ। ਸੋਇਆਬੀਨ ਉਪਰ ਪਿਸ਼ਾਬ (15-100%) ਛਿੜਕਾਅ ਕਰਨ ਨਾਲ ਗਰਡਲ ਬੀਟਲ ਅਤੇ ਸਟੈਮ ਫਲਾਈ ਮੈਗੋਟਸ ਕੀੜਿਆਂ ਦੀ ਰੋਕਥਾਮ ਹੋਈ। ਪਿਸ਼ਾਬ ਅਤੇ ਨਿੰਮ ਦੇ ਪੱਤਿਆਂ ਦੇ ਕਾੜ੍ਹੇ ਨਾਲ ਸੋਇਆਬੀਨ ਨੂੰ ਕੀੜਿਆਂ ਤੋਂ ਬਚਾਇਆ ਗਿਆ ਅਤੇ ਆਲੂਆਂ ਦੀ ਫ਼ਸਲ ਉਪਰ ਚਿੱਟੀ ਮੱਖੀ ਦੀ 82-98% ਰੋਕਥਾਮ ਹੋ ਗਈ। ਦੂਸਰੇ ਪਾਸੇ ਲਾਭਵੰਦ ਕੀੜੇ (ਕੋਕਸੀਨੇਲਿਡ ਬੀਟਲ) ਲਈ ਕੀਟਨਾਸ਼ਕ ਦਵਾਈਆਂ ਨਾਲੋਂ ਪਿਸ਼ਾਬ ਸੁਰੱਖਿਅਤ ਸਾਬਤ ਹੋਇਆ।

ਪਿਸ਼ਾਬ ਭਰਪੂਰ ਰੂੜੀ: ਕਈ ਮੁਲਕਾਂ ਵਿਚ ਫਸਲਾਂ ਦੀ ਰਹਿੰਦ-ਖੂੰਹਦ ਪਸ਼ੂਆਂ ਹੇਠ ਖਲਾਰ ਕੇ ਪਿਸ਼ਾਬ ਚੂਸਣ ਲਈ ਵਰਤੀ ਜਾਂਦੀ ਹੈ। ਪੰਜਾਬ ਦੇ ਕਿਸਾਨ ਰਾਤ ਸਮੇਂ ਪਸ਼ੂਆਂ ਵਾਲੇ ਕੋਠਿਆਂ, ਖਾਸਕਰ ਸਰਦੀਆਂ ਦੇ ਦਿਨਾਂ ਵਿਚ ਸੁੱਕ ਖਿਲਾਰਦੇ ਹਨ। ਫਿਰ ਵੀ ਬਹੁਤਾ ਪਿਸ਼ਾਬ ਅਜਾਈਂ ਜਾਂਦਾ ਹੈ। ਫਸਲਾਂ, ਘਰੇਲੂ ਅਤੇ ਉਦਯੋਗਿਕ ਰਹਿੰਦ-ਖੂੰਹਦ (ਜਿਵੇਂ ਪਰਾਲੀ, ਸੁਆਹ, ਚੌਲਾਂ ਦੀ ਫੱਕ, ਲੱਕੜ ਦਾ ਬੂਰਾ ਆਦਿ) ਨੂੰ ਪਿਸ਼ਾਬ ਨਾਲ ਮਿਲਾ ਕੇ ਪੌਸ਼ਟਿਕ ਤੱਤ ਭਰਭੂਰ ਰੂੜੀ ਤਿਆਰ ਕੀਤੀ ਜਾਵੇ। ਪਿਸ਼ਾਬ ਭਰਪੂਰ ਝੋਨੇ ਦੀ ਪਰਾਲੀ ਦੀ ਰੂੜੀ ‘ਇੱਕ ਤੀਰ ਨਾਲ ਕਈ ਨਿਸ਼ਾਨੇ’ ਦੇ ਕਥਨ ਵਾਂਗ ਹੈ। ਇਸ ਨਾਲ ਝੋਨੇ ਦੀ ਪਰਾਲੀ ਸਾੜਨ ਅਤੇ ਪਿਸ਼ਾਬ ਰਾਹੀਂ ਪਾਣੀ, ਮਿੱਟੀ ਤੇ ਹਵਾ ਦੇ ਪ੍ਰਦੂਸ਼ਣ ਨੂੰ ਠੱਲ੍ਹ ਪਵੇਗੀ, ਰਸਾਇਣਕ ਖਾਦਾਂ ਦੀ ਬਚਤ ਹੋਵੇਗੀ, ਫਸਲਾਂ ਦਾ ਝਾੜ ਵਧੇਗਾ ਅਤੇ ਜ਼ਮੀਨ ਦੀ ਉਤਪਾਦਨ ਸ਼ਕਤੀ ਤੇ ਸਿਹਤ ਸੁਧਰੇਗੀ।

ਬਹੁਤੇ ਕਿਸਾਨ ਪਹਿਲਾਂ ਹੀ ਕਰਜ਼ਈ ਹੋਣ ਕਰ ਕੇ ਉਪਕਰਨ ਖਰੀਦਣ ਅਤੇ ਹੋਰ ਖਰਚ ਲਈ ਸਬਸਿਡੀ ਰਾਹੀਂ ਹੱਲਾਸ਼ੇਰੀ ਜ਼ਰੂਰੀ ਹੈ। ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧ ਤੇ ਖਾਦ-ਮੁਕਤ ਕੁਦਰਤੀ ਖੇਤੀ ਲਈ ਭਾਰਤ ਸਰਕਾਰ ਦਾ ਬਜਟ ਫੰਡ ਸਮੇਂ ਸਿਰ ਦਿਖਾਈ ਦਿੰਦਾ ਹੈ।
*ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਡੀਨ (ਖੇਤੀ) ਤੇ ਬਾਂਦਾ ਯੂਨੀਵਰਸਿਟੀ ਆਫ ਐਗਰੀਕਲਚਰ ਅਂੈਡ ਟੈਕਨੋਲੋਜੀ (ਯੂਪੀ) ਦੇ ਬਾਨੀ ਉਪ ਕੁਲਪਤੀ।
ਸੰਪਰਕ: +91-96468-58598

**ਸਾਬਕਾ ਖੋਜ ਵਿਗਿਆਨੀ, ਇਕਰੀਸੈਟ (ਜ਼ਾਂਬੀਆ ਯੂਨਵਿਰਸਿਟੀ) ਅਤੇ ਐਗਰੀਕਲਚਰ ਐਂਡ ਐਗਰੀ ਫੂਡ, ਕੈਨੇਡਾ।
ਸੰਪਰਕ: +1-780-837-1143

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਸਰਕਾਰਾਂ, ਕਾਰਪੋਰੇਟ ਅਤੇ ਮਜ਼ਦੂਰ ਵਰਗ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਕਿਵੇਂ ਡੁੱਬਾ ਇਹ ਵੱਡਾ ਬੈਂਕ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ

ਮੁੱਖ ਖ਼ਬਰਾਂ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

ਸਿੱਖਜ਼ ਫਾਰ ਜਸਟਿਸ ਵਲੋਂ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਨੂੰ ਧਮਕੀ

12 ਪੱਤਰਕਾਰਾਂ ਨੂੰ ਵੀ ਦਿੱਤੀ ਚਿਤਾਵਨੀ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਬਿਹਾਰ ਹਿੰਸਾ: ਪੁਲੀਸ ਨੇ ਸੌ ਤੋਂ ਵੱਧ ਜਣੇ ਹਿਰਾਸਤ ਵਿਚ ਲਏ

ਸੀਆਰਪੀਐਫ, ਐਸਐਸਬੀ ਤੇ ਆਈਟੀਬੀਪੀ ਦੀਆਂ 10 ਪੈਰਾਮਿਲਟਰੀ ਕੰਪਨੀਆਂ ਬਿਹਾ...

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਇਟਲੀ ਦੀ ਸੰਸਦ ’ਚ ਵਿਦੇਸ਼ੀ ਭਾਸ਼ਾਵਾਂ ’ਤੇ ਪਾਬੰਦੀ ਲਾਉਣ ਦਾ ਪ੍ਰਸਤਾਵ

ਵਿਦੇਸ਼ੀ ਭਾਸ਼ਾ ’ਚ ਸਰਕਾਰੀ ਕੰਮ ਕਰਨ ’ਤੇ ਲੱਗ ਸਕਦਾ ਹੈ 89 ਲੱਖ ਦਾ ਜੁ...

ਸ਼ਹਿਰ

View All