DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰਤੀ ਰੰਗ ’ਚ ਰੰਗਿਆ ਪੱਤਰਕਾਰ ਮਾਰਕ ਟੱਲੀ

ਕਿਸੇ ਵੀ ਪੱਤਰਕਾਰ ਦਾ ਸਭ ਤੋਂ ਵੱਡਾ ਹਾਸਿਲ ਇਹ ਹੁੰਦਾ ਹੈ ਕਿ ਉਸ ਦਾ ਲਿਖਿਆ/ਬੋਲਿਆ ਹਰਫ਼ ਹਰਫ਼ ਸੱਚ ਅਤੇ ਭਰੋਸੇਯੋਗਤਾ ਦੀ ਕਸਵੱਟੀ ’ਤੇ ਖ਼ਰਾ ਉਤਰੇ। ਇਹ ਮਾਣ ਬੀ ਬੀ ਸੀ ਦੇ ਪੱਤਰਕਾਰ ਮਾਰਕ ਟੱਲੀ ਦੇ ਹਿੱਸੇ ਆਇਆ। ਉਸ ਦੀ ਭਰੋਸੇਯੋਗਤਾ...

  • fb
  • twitter
  • whatsapp
  • whatsapp
Advertisement

ਕਿਸੇ ਵੀ ਪੱਤਰਕਾਰ ਦਾ ਸਭ ਤੋਂ ਵੱਡਾ ਹਾਸਿਲ ਇਹ ਹੁੰਦਾ ਹੈ ਕਿ ਉਸ ਦਾ ਲਿਖਿਆ/ਬੋਲਿਆ ਹਰਫ਼ ਹਰਫ਼ ਸੱਚ ਅਤੇ ਭਰੋਸੇਯੋਗਤਾ ਦੀ ਕਸਵੱਟੀ ’ਤੇ ਖ਼ਰਾ ਉਤਰੇ। ਇਹ ਮਾਣ ਬੀ ਬੀ ਸੀ ਦੇ ਪੱਤਰਕਾਰ ਮਾਰਕ ਟੱਲੀ ਦੇ ਹਿੱਸੇ ਆਇਆ। ਉਸ ਦੀ ਭਰੋਸੇਯੋਗਤਾ ਦਾ ਸਬੂਤ ਇਹ ਸੀ ਕਿ 31 ਅਕਤੂਬਰ 1984 ਨੂੰ ਜਿਸ ਵੇਲੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ, ਉਦੋਂ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਨੇ ਆਪਣੀ ਮਾਂ ਦੀ ਮੌਤ ਦੀ ਪੁਸ਼ਟੀ ਲਈ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਦੀ ਬਜਾਏ ਬੀ ਬੀ ਸੀ ਰੇਡੀਓ ਸੁਣਿਆ। ਬੀ ਬੀ ਸੀ ਨੇ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਵੱਲੋਂ ਇੰਦਰਾ ਗਾਂਧੀ ਦੀ ਮੌਤ ਦਾ ਐਲਾਨ ਕਰਨ ਤੋਂ ਕਾਫ਼ੀ ਚਿਰ ਪਹਿਲਾਂ ਇਸ ਬਾਰੇ ਖ਼ਬਰ ਦੇ ਦਿੱਤੀ ਸੀ ਅਤੇ ਬੀ ਬੀ ਸੀ ਰਾਹੀਂ ਇਹ ਖ਼ਬਰ ਦੇਣ ਵਾਲਾ ਉੱਘਾ ਪੱਤਰਕਾਰ ਮਾਰਕ ਟੱਲੀ ਸੀ।

ਉਸ ਸਮੇਂ ਬੀ ਬੀ ਸੀ ਦੇ ਨਵੀਂ ਦਿੱਲੀ ਸਥਿਤ ਇਸ ਪੱਤਰਕਾਰ (ਬਿਊਰੋ ਚੀਫ) ਦਾ ਨਾਮ, ਸਾਖ਼ ਅਤੇ ਭਰੋਸੇਯੋਗਤਾ ਏਨੀ ਜ਼ਿਆਦਾ ਸੀ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿਸ ਸ਼ਖ਼ਸ ਨੇ ਭਾਰਤ ਦਾ ਪ੍ਰਧਾਨ ਮੰਤਰੀ ਬਣਨਾ ਸੀ, ਉਸ ਨੂੰ ਆਪਣੇ ਦੇਸ਼ ਦੇ ਰੇਡੀਓ, ਟੀ ਵੀ ਨਾਲੋਂ ਵੱਧ ਭਰੋਸਾ ਬੀ ਬੀ ਸੀ ’ਤੇ ਸੀ। ਕਿਸੇ ਵੀ ਪੱਤਰਕਾਰ ਲਈ ਭਰੋਸੇਯੋਗਤਾ ਦੇ ਇਸ ਪੱਧਰ ’ਤੇ ਪਹੁੰਚਣ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੀ ਪੱਤਰਕਾਰੀ ਹਮੇਸ਼ਾ ਤੱਥਾਂ ’ਤੇ ਆਧਾਰਿਤ ਹੋਵੇ। ਉਹ ਨਿਰਪੱਖ ਹੋ ਕੇ ਹਾਲਾਤ ਅਤੇ ਸਮੱਸਿਆਵਾਂ ਨੂੰ ਤੇਜ਼ੀ ਨਾਲ ਸਮਝਣ ਅਤੇ ਉਨ੍ਹਾਂ ਦਾ ਸੰਵੇਦਨਸ਼ੀਲਤਾ ਨਾਲ ਵਿਸ਼ਲੇਸ਼ਣ ਕਰਨ ਦੇ ਸਮਰੱਥ ਹੋਵੇ, ਜਿਸ ਵਿੱਚ ਉਸ ਦੇ ਨਿੱਜੀ ਵਿਚਾਰ ਭਾਰੂ ਨਾ ਹੋਣ ਤੇ ਉਹ ਕਿਸੇ ਦੇ ਕਹਿਣ-ਸੁਣਨ ਦਾ ਪ੍ਰਭਾਵ ਨਾ ਕਬੂਲੇ। ਨੱਬੇ ਸਾਲਾਂ ਦੀ ਲੰਮੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ ਮਾਰਕ ਟੱਲੀ ਦੀ ਪੱਤਰਕਾਰੀ ਵਿੱਚ ਇਹ ਸਭ ਖ਼ਾਸੀਅਤਾਂ ਸਨ।

Advertisement

ਮਾਰਕ ਟੱਲੀ 1964 ’ਚ ਬੀ ਬੀ ਸੀ ਨਾਲ ਜੁੜਿਆ। ਆਪਣੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰਦਿਆਂ ਉਸ ਨੇ ਇੱਕ ਇੰਟਰਵਿਊ ’ਚ ਖ਼ੁਦ ਦੱਸਿਆ ਸੀ ਕਿ ਅਸਲ ਵਿੱਚ ਪਹਿਲਾਂ ਉਹ ਪਾਦਰੀ ਬਣਨਾ ਚਾਹੁੰਦਾ ਸੀ, ਪਰ ਬਿਸ਼ਪ ਦਾ ਕਹਿਣਾ ਸੀ, ‘‘ਆਪ ਥੋੜ੍ਹਾ ਬਦਮਾਸ਼ ਆਦਮੀ ਹੋ। ਆਪ ਸ਼ਰਾਬ ਪੀਤੇ ਹੋ। ਆਪ ਤੋ ਪਾਦਰੀ ਬਨਨੇ ਕੇ ਲਾਇਕ ਨਹੀਂ ਹੋ।’’ ਜਿਸ ਬੇਬਾਕੀ ਨਾਲ ਸਥਿਤੀ ਅਤੇ ਘਟਨਾਵਾਂ ਨੂੰ ਉਹ ਬਹੁਤ ਸਹਿਜ ਰੌਂਅ ’ਚ ਬਿਆਨ ਕਰਦਾ ਚਲਾ ਜਾਂਦਾ ਸੀ, ਠੀਕ ਇਸੇ ਤਰ੍ਹਾਂ ਉਹ ਆਪਣੇ ਬਾਰੇ ਵੀ ਹੱਸਦਿਆਂ ਤੇ ਸਹਿਜ ਰੌਂਅ ’ਚ ਇਹ ਗੱਲਾਂ ਠੀਕ ਇਨ੍ਹਾਂ ਸ਼ਬਦਾਂ ’ਚ ਹੀ ਹਿੰਦੀ ’ਚ ਦੱਸਦਾ ਸੀ। ਮਾਰਕ ਟੱਲੀ ਦੀਆਂ ਕਈ ਇੰਟਰਵਿਊਜ਼ ਤੁਹਾਨੂੰ ਹਿੰਦੀ ’ਚ ਮਿਲ ਜਾਂਦੀਆਂ ਹਨ। ਉਸ ਦੀ ਹਿੰਦੀ ਭਾਸ਼ਾ ਨਾਲ ਸਾਂਝ ਨੇ ਹੀ ਉਸ ਨੂੰ ਭਾਰਤ ਦੇ ਪਿੰਡਾਂ ਤੱਕ ਜਾ ਕੇ ਆਮ ਲੋਕਾਂ ਨਾਲ ਗੱਲਬਾਤ ਕਰਨ ਅਤੇ ਜ਼ਮੀਨੀ ਹਾਲਾਤ ਸਮਝਣ ਦੇ ਸਮਰੱਥ ਬਣਾਇਆ।

Advertisement

ਇੱਥੇ ਇਹ ਵੀ ਦਿਲਚਸਪ ਗੱਲ ਹੈ ਕਿ ਉਸ ਦੀ ਬੀ ਬੀ ਸੀ ’ਚ ਸ਼ੁਰੂਆਤੀ ਨੌਕਰੀ ਪਰਸੋਨਲ ਵਿਭਾਗ ਵਿੱਚ ਸੀ। ਟੱਲੀ ਦੇ ਦੱਸਣ ਅਨੁਸਾਰ, ਉਸ ਨੇ ਬੀ ਬੀ ਸੀ ’ਚ ਨੌਕਰੀ ਤੋਂ ਕੋਈ ਤਿੰਨ-ਚਾਰ ਸਾਲ ਪਹਿਲਾਂ ਇੱਕ ਐੱਨ ਜੀ ਓ ਨਾਲ ਵੀ ਕੰਮ ਕੀਤਾ ਸੀ। ਬੀ ਬੀ ਸੀ ਦੇ ਪਰਸੋਨਲ ਵਿਭਾਗ ’ਚ ਕੰਮ ਕਰਨਾ ਉਸ ਨੂੰ ਬੋਰੀਅਤ ਭਰਿਆ ਮਹਿਸੂਸ ਹੁੰਦਾ ਸੀ ਅਤੇ ਉਹ ਪੱਤਰਕਾਰੀ ਕਰਨਾ ਚਾਹੁੰਦਾ ਸੀ। ਜਦੋਂ ਬੀ ਬੀ ਸੀ ਵੱਲੋਂ ਦਿੱਲੀ ਵਾਸਤੇ ਪੱਤਰਕਾਰ ਦੀ ਅਸਾਮੀ ਲਈ ਇਸ਼ਤਿਹਾਰ ਦਿੱਤਾ ਗਿਆ ਤਾਂ ਮਾਰਕ ਟੱਲੀ ਦੀ ਇਸ ਲਈ ਚੋਣ ਹੋ ਗਈ। ਇਸ ਤਰ੍ਹਾਂ 1965 ’ਚ ਭਾਰਤ ’ਚ ਬੀ ਬੀ ਸੀ ਦੇ ਪੱਤਰਕਾਰ ਵਜੋਂ ਉਸ ਦੇ ਸਫ਼ਰ ਦੀ ਸ਼ੁਰੂਆਤ ਹੋ ਗਈ। ਓਦਾਂ ਵੀ ਮਾਰਕ ਟੱਲੀ ਦਾ ਜਨਮ ਕਲਕੱਤਾ (ਕੋਲਕਾਤਾ) ਵਿੱਚ ਟੌਲੀਗੰਜ ’ਚ ਹੋਇਆ ਸੀ ਅਤੇ ਉਸ ਦਾ ਪਿਤਾ ਭਾਰਤ ’ਚ ਕਾਰੋਬਾਰੀ ਸੀ। ਭਾਰਤ ਨਾਲ ਉਸ ਦੀਆਂ ਤੰਦਾਂ ਇੱਕ ਤਰ੍ਹਾਂ ਪਹਿਲਾਂ ਤੋਂ ਹੀ ਜੁੜੀਆਂ ਹੋਈਆਂ ਸਨ।

ਆਜ਼ਾਦ ਦੇਸ਼ ਵਜੋਂ ਭਾਰਤ ਦੇ ਸਫ਼ਰ ਦੇ ਨਾਲ ਨਾਲ ਹੀ ਮਾਰਕ ਟੱਲੀ ਦਾ ਪੱਤਰਕਾਰੀ ਦਾ ਸਫ਼ਰ ਵੀ ਜਾਰੀ ਸੀ। ਉਸ ਨੇ ਭਾਰਤ ਦੇ ਇਤਿਹਾਸ ਨੂੰ ਮੋੜਾ ਦੇਣ ਵਾਲੀਆਂ ਅਹਿਮ ਘਟਨਾਵਾਂ ਜਿਵੇਂ ਭਾਰਤ-ਪਾਕਿਸਤਾਨ ਜੰਗ, ਐਮਰਜੈਂਸੀ, ਇੰਦਰਾ ਗਾਂਧੀ ਦੀ ਹਾਰ, ਜਨਤਾ ਪਾਰਟੀ ਦੀ ਸਰਕਾਰ ਬਣਨ, ਇੰਦਰਾ ਗਾਂਧੀ ਦੇ ਮੁੜ ਸੱਤਾ ਵਿੱਚ ਆਉਣ, ਅਪਰੇਸ਼ਨ ਬਲਿਊ ਸਟਾਰ, ਇੰਦਰਾ ਗਾਂਧੀ ਦੀ ਹੱਤਿਆ, 1984 ਦੇ ਸਿੱਖ ਕਤਲੇਆਮ, ਰਾਜੀਵ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ, ਫਿਰ ਚੋਣਾਂ ’ਚ ਹਾਰਨ ਤੇ ਮੁੜ ਸੱਤਾ ’ਚ ਆਉਣ, ਬਾਬਰੀ ਮਸਜਿਦ ਦੇ ਢਹਿਣ ਆਦਿ ਦੀ ਕਵਰੇਜ ਕੀਤੀ। ਉਹ ਬਹੁਤ ਸਹਿਜ ਅਤੇ ਸਾਦੇ ਢੰਗ ਨਾਲ ਰਿਪੋਰਟਿੰਗ ਕਰਦਾ ਸੀ, ਜਿਸ ਦਾ ਮੂਲ ਧੁਰਾ ਤੱਥ ਹੁੰਦੇ ਸਨ। ਐਮਰਜੈਂਸੀ ਵੇਲੇ ਟੱਲੀ ਦੀ ਰਿਪੋਰਟਿੰਗ ਤੋਂ ਭਾਰਤ ਸਰਕਾਰ ਬਹੁਤ ਖ਼ਫ਼ਾ ਸੀ। ਸਥਿਤੀ ਇੱਥੋਂ ਤੱਕ ਪਹੁੰਚ ਗਈ ਕਿ ਦਿੱਲੀ ਸਥਿਤ ਬੀ ਬੀ ਸੀ ਦੇ ਦਫ਼ਤਰ ’ਤੇ ਛਾਪੇ ਮਾਰੇ ਗਏ। ਸਰਕਾਰ ਨੇ ਦਬਾਅ ਪਾਇਆ ਕਿ ਉਹ ਭਾਰਤ ’ਚ ਰਹਿ ਸਕਦਾ ਹੈ, ਪਰ ਉਸ ਨੂੰ ਸੈਂਸਰਸ਼ਿਪ ਅਤੇ ਸਰਕਾਰ ਦੀ ਗੱਲ ਮੰਨਣੀ ਪਵੇਗੀ। ਸਰਕਾਰ ਦੀ ਨਾਰਾਜ਼ਗੀ ਤੇ ਦਬਾਅ ਵੀ ਉਸ ਦੇ ਪੱਤਰਕਾਰੀ ਦੇ ਅੰਦਾਜ਼ ’ਚ ਨਾ ਕੋਈ ਫ਼ਰਕ ਪਾ ਸਕਿਆ ਅਤੇ ਨਾ ਉਸ ਨੂੰ ਝੁਕਾਇਆ ਜਾ ਸਕਿਆ। ਮਾਰਕ ਟੱਲੀ ਦੀ ਰਿਪੋਰਟਿੰਗ ਤੋਂ ਪ੍ਰੇਸ਼ਾਨ ਇੰਦਰਾ ਗਾਂਧੀ ਨੇ ਉਸ ਨੂੰ ਭਾਰਤ ਛੱਡਣ ਦਾ ਆਦੇਸ਼ ਦਿੱਤਾ। ਆਖ਼ਰਕਾਰ ਮਾਰਕ ਟੱਲੀ ਨੂੰ ਭਾਰਤ ਛੱਡ ਕੇ ਇੰਗਲੈਂਡ ਜਾਣਾ ਪਿਆ ਅਤੇ 1977 ’ਚ ਉਹ ਉਦੋਂ ਹੀ ਭਾਰਤ ਵਾਪਸ ਆ ਸਕਿਆ ਜਦੋਂ ਇੰਦਰਾ ਦੀ ਹਾਰ ਮਗਰੋਂ ਦੇਸ਼ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ। ਸੰਨ 1980 ਵਿੱਚ ਜਦੋਂ ਇੰਦਰਾ ਗਾਂਧੀ ਮੁੜ ਸੱਤਾ ਵਿੱਚ ਆਈ ਤਾਂ ਉਦੋਂ ਉਸ ਨੇ ਮਾਰਕ ਟੱਲੀ ਨਾਲ ਟਕਰਾਅ ਤੋਂ ਗੁਰੇਜ਼ ਕੀਤਾ। ਅਪਰੇਸ਼ਨ ਬਲਿਊ ਸਟਾਰ ਦੀ ਕਵਰੇਜ ਉਸ ਨੇ ਸਤੀਸ਼ ਜੈਕਬ ਨਾਲ ਮਿਲ ਕੇ ਕੀਤੀ। ਜੈਕਬ ਅੰਮ੍ਰਿਤਸਰ ਤੋਂ ਖ਼ਬਰਾਂ ਭੇਜਦਾ ਸੀ ਅਤੇ ਟੱਲੀ ਨਵੀਂ ਦਿੱਲੀ ਤੋਂ ਉਸ ਨਾਲ ਤਾਲਮੇਲ ਰੱਖ ਰਿਹਾ ਸੀ ਤਾਂ ਜੋ ਤੱਥਾਂ ਆਧਾਰਿਤ ਨਿਰਪੱਖ ਰਿਪੋਰਟਿੰਗ ਯਕੀਨੀ ਬਣਾਈ ਜਾ ਸਕੇ।

ਇੰਦਰਾ ਤੋਂ ਬਾਅਦ ਉਸ ਦਾ ਪੁੱਤਰ ਰਾਜੀਵ ਗਾਂਧੀ ਸੱਤਾ ’ਚ ਆਇਆ ਤਾਂ ਉਹ ਮਾਰਕ ਟੱਲੀ ਦੇ ਬੋਫੋਰਸ ਅਤੇ ਇੰਡੀਆ ਪੀਸ ਕੀਪਿੰਗ ਫੋਰਸ (ਆਈ ਪੀ ਕੇ ਐੱਫ) ਦੇ ਸ੍ਰੀਲੰਕਾ ’ਚ ਦਖ਼ਲ ਬਾਰੇ ਰਿਪੋਰਟਿੰਗ ਤੋਂ ਬਹੁਤ ਪ੍ਰੇਸ਼ਾਨ ਸੀ। ਉਸ ਦਾ ਕਹਿਣਾ ਸੀ ਕਿ ਬੀ ਬੀ ਸੀ ਵੱਲੋਂ ਭਾਰਤ ਵਿਰੋਧੀ ਏਜੰਡਾ ਚਲਾਇਆ ਜਾ ਰਿਹਾ ਹੈ। ਇੱਕ ਵਾਰ ਰਾਜੀਵ ਗਾਂਧੀ ਅਤੇ ਮਾਰਕ ਟੱਲੀ ਦੀ ਇੱਕ ਗ਼ੈਰ-ਰਸਮੀ ਮੁਲਾਕਾਤ ਦੌਰਾਨ ਤਿੱਖੀ ਬਹਿਸ ਹੋ ਗਈ। ਰਾਜੀਵ ਦਾ ਕਹਿਣਾ ਸੀ, ‘‘ਹੁਣ ਬੀ ਬੀ ਸੀ ਸੁਣਦਾ ਹੀ ਕੌਣ ਹੈ! ਭਾਰਤ ’ਚ ਇਹ ਹੁਣ ਅਪ੍ਰਸੰਗਿਕ ਹੋ ਗਈ ਹੈ। ਲੋਕ ਹੁਣ ਸਰਕਾਰੀ ਅਤੇ ਦੂਜੇ ਚੈਨਲਾਂ ’ਤੇ ਭਰੋਸਾ ਕਰਦੇ ਨੇ।’’ ਰਾਜੀਵ ਦੀ ਇਸ ਟਿੱਪਣੀ ਦੇ ਜਵਾਬ ’ਚ ਟੱਲੀ ਨੇ ਸ਼ਾਂਤ ਅਤੇ ਸਖ਼ਤ ਲਹਿਜੇ ’ਚ ਕਿਹਾ, ‘‘ਪ੍ਰਧਾਨ ਮੰਤਰੀ ਜੀ, ਤੁਹਾਨੂੰ ਯਾਦ ਹੋਵੇਗਾ ਕਿ ਜਦੋਂ 31 ਅਕਤੂਬਰ 1984 ਨੂੰ ਤੁਹਾਡੇ ਮਾਤਾ ਜੀ ਨੂੰ ਗੋਲੀ ਲੱਗੀ ਸੀ ਤਾਂ ਅਧਿਕਾਰਕ ਪੁਸ਼ਟੀ ਲਈ ਤੁਸੀਂ ਪੱਛਮੀ ਬੰਗਾਲ ’ਚ ਆਪਣਾ ਪੂਰਾ ਕਾਫ਼ਲਾ ਰੋਕ ਕੇ ਰੇਡੀਓ ਬੀ ਬੀ ਸੀ ਹੀ ਲਾਇਆ ਸੀ।’’ ਪ੍ਰਧਾਨ ਮੰਤਰੀ ਵੱਲੋਂ ਖ਼ੁਦ ਬੀ ਬੀ ਸੀ ’ਤੇ ਇਸ ਹੱਦ ਤੱਕ ਕੀਤੇ ਜਾਂਦੇ ਭਰੋਸੇ ਦੀ ਗੱਲ ਟੱਲੀ ਨੇ ਉਨ੍ਹਾਂ ਦੇ ਮੂੰਹ ’ਤੇ ਸੁਣਾ ਦਿੱਤੀ ਸੀ। ਫਿਰ ਵੀ ਰਾਜੀਵ ਗਾਂਧੀ ਦੀ ਤਾਰੀਫ਼ ਕਰਦਿਆਂ ਮਾਰਕ ਟੱਲੀ ਨੇ ਇੱਕ ਇੰਟਰਵਿਊ ’ਚ ਖ਼ੁਦ ਦੱਸਿਆ ਕਿ 1989 ਵਿੱਚ ਕਾਂਗਰਸ ਦੀ ਹਾਰ ਮਗਰੋਂ ਰਾਜੀਵ ਗਾਂਧੀ ਨੇ ਖ਼ੁਦ ਉਸ ਨੂੰ ਮਿਲਣ ਲਈ ਸੱਦਿਆ। ਮਾਰਕ ਜਦੋਂ ਝਿਜਕਦਿਆਂ ਝਿਜਕਦਿਆਂ ਰਾਜੀਵ ਨੂੰ ਮਿਲਣ ਗਿਆ ਤਾਂ ਉਸ ਦਾ ਕਹਿਣਾ ਸੀ ਕਿ ਉਸ ਦੀ ਪਾਰਟੀ ਦੇ ਲੋਕਾਂ ਦਾ ਕਹਿਣਾ ਹੈ, ‘‘ਬੀ ਬੀ ਸੀ ਕਾਰਨ ਸਾਡੀ ਹਾਰ ਹੋਈ ਹੈ, ਪਰ ਮੈਂ ਏਦਾਂ ਨਹੀਂ ਮੰਨਦਾ ਕਿ ਕੋਈ ਰੇਡੀਓ ਸਟੇਸ਼ਨ ਕਿਸੇ ਪਾਰਟੀ ਨੂੰ ਹਰਾ ਸਕਦਾ ਹੈ।’’

ਸੱਤਾ ਨਾਲ ਟਕਰਾਅ ਦੇ ਬਾਵਜੂਦ ਉਸ ਨੇ ਪੱਤਰਕਾਰੀ ਦੇ ਬੁਨਿਆਦੀ ਸਿਧਾਂਤਾਂ ਅਤੇ ਕਦਰ-ਕੀਮਤਾਂ ’ਤੇ ਕਦੇ ਕੋਈ ਸਮਝੌਤਾ ਨਹੀਂ ਕੀਤਾ। ਭੁਪਾਲ ਗੈਸ ਤ੍ਰਾਸਦੀ ਬਾਰੇ ਉਸ ਦੀ ਰਿਪੋਰਟਿੰਗ ਬਾਰੇ ਉਸ ਵੇਲੇ ਦੇ ਲੋਕ ਬਾਖ਼ੂਬੀ ਜਾਣਦੇ ਹਨ। ਬਾਬਰੀ ਮਸਜਿਦ ਨੂੰ ਢਾਹੇ ਜਾਣ ਵੇਲੇ ਮਾਰਕ ਟੱਲੀ ਨੇ ਇਸ ਘਟਨਾ ਬਾਰੇ ਰਿਪੋਰਟਿੰਗ ਕੀਤੀ। ਉਨ੍ਹਾਂ ਵੇਲਿਆਂ ਦੀਆਂ ਵੀਡੀਓ ਕਲਿਪਸ ’ਚ ਉਹ ਬੀ ਬੀ ਸੀ ਦਾ ਮਾਈਕ ਫੜੀ ਇਹ ਕਹਿੰਦਾ ਨਜ਼ਰ ਆਉਂਦਾ ਹੈ, ‘‘ਪੱਤਰਕਾਰਾਂ ’ਤੇ ਹਮਲਾ ਕੀਤਾ ਗਿਆ ਹੈ, ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਹੈ।’’ ਮਸਜਿਦ ਢਾਹੁਣ ਵਾਲੇ ਹੁੱਲੜਬਾਜ਼ਾਂ ਨੇ ਮਾਰਕ ਟੱਲੀ ਨੂੰ ਵੀ ਧਮਕੀਆਂ ਦਿੱਤੀਆਂ ਅਤੇ ਉਸ ਨੂੰ ਇੱਕ ਮੰਦਰ ’ਚ ਬੰਦ ਵੀ ਕਰ ਦਿੱਤਾ ਸੀ। ਬਾਬਰੀ ਮਸਜਿਦ ਢਾਹੇ ਜਾਣ ਬਾਰੇ ਉਸ ਦਾ ਪ੍ਰਤੀਕਰਮ ਸੀ, ‘‘ਇਹ ਇੱਕ ਬਹੁਤ ਹੀ ਮੰਦਭਾਗੀ ਘਟਨਾ ਸੀ, ਜਿਸ ਨੇ ਭਾਰਤ ਦੀ ਝੋਲੀ ਬਹੁਤ ਬਦਨਾਮੀ ਪਾਈ। ਇਹ ਘਟਨਾ ਭਾਰਤੀ ਪਰੰਪਰਾ ਦੇ ਖ਼ਿਲਾਫ਼ ਸੀ। ਭਾਰਤ ਵਿੱਚ ਸਾਰੇ ਮਜ਼ਹਬਾਂ ਦੇ ਲੋਕ ਬਹੁਤ ਸ਼ਾਂਤੀ ਨਾਲ ਰਹਿੰਦੇ ਹਨ। ਇਹ ਭਾਰਤ ਦੇ ਮੱਥੇ ’ਤੇ ਕਲੰਕ ਹੈ।’’

ਇੱਕ ਭਰੋਸੇਯੋਗ ਪੱਤਰਕਾਰ ਵਜੋਂ ਮਾਰਕ ਟੱਲੀ ਦਾ ਨਾਂ ਸਿਰਫ਼ ਭਾਰਤ ਦੇ ਸ਼ਹਿਰਾਂ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਪਿੰਡ ਪਿੰਡ ਤੱਕ ਗੂੰਜਦਾ ਸੀ। ਜਦੋਂ ਵੀ ਕੋਈ ਵਿਦੇਸ਼ੀ ਪੱਤਰਕਾਰ ਕਦੇ ਕਿਸੇ ਪਿੰਡ ਜਾਂਦਾ, ਲੋਕ ਉਸ ਦੀ ਗੋਰੀ ਰੰਗਤ ਕਾਰਨ ਉਸ ਨੂੰ ਮਾਰਕ ਟੱਲੀ ਹੀ ਸਮਝ ਲੈਂਦੇ। ਇਹੋ ਜਿਹੀ ਮਾਨਤਾ ਕਿਸੇ ਵਿਰਲੇ-ਟਾਵੇਂ ਵਿਦੇਸ਼ੀ ਪੱਤਰਕਾਰ ਦੇ ਹਿੱਸੇ ਹੀ ਆਉਂਦੀ ਹੈ। ਭਾਰਤ ਸਰਕਾਰ ਵੱਲੋਂ ਸਾਲ 1992 ’ਚ ਉਸ ਨੂੰ ਪਦਮ ਸ੍ਰੀ ਅਤੇ 2005 ’ਚ ਪਦਮ ਭੂਸ਼ਣ ਪੁਰਸਕਾਰ ਦਿੱਤਾ ਗਿਆ। ਉਹ ਦੋ ਵਾਰ ਪਦਮ ਪੁਰਸਕਾਰ ਹਾਸਲ ਕਰਨ ਵਾਲੇ ਚੋਣਵੇਂ ਵਿਦੇਸ਼ੀ ਨਾਗਰਿਕਾਂ ’ਚੋਂ ਇੱਕ ਸੀ। 2002 ਵਿੱਚ ਬਰਤਾਨੀਆ ਦੀ ਮਹਾਰਾਣੀ ਨੇ ਉਸ ਨੂੰ ‘ਨਾਈਟਹੁੱਡ’ ਦਾ ਖ਼ਿਤਾਬ ਦਿੱਤਾ। ਇਸ ਤਰ੍ਹਾਂ ਪੱਤਰਕਾਰ ਮਾਰਕ ਟੱਲੀ, ਸਰ ਮਾਰਕ ਟੱਲੀ ਬਣ ਗਿਆ। ਏਨੀ ਮਕਬੂਲੀਅਤ ਅਤੇ ਆਪਣੇ ਪੇਸ਼ੇ ’ਚ ਵੱਡਾ ਨਾਮ ਕਮਾਉਣ ਦੇ ਬਾਵਜੂਦ ਮਾਰਕ ਟੱਲੀ ਦਾ ਕਹਿਣਾ ਸੀ ਕਿ ਜਿਸ ਵੇਲੇ ਉਹ ਇਸ ਪੇਸ਼ੇ ਨਾਲ ਜੁੜਿਆ, ਉਦੋਂ ਰੇਡੀਓ ‘ਸੁਪਰੀਮ’ ਸੀ। ਉਸ ਨੂੰ ਅਜੇ ਟੈਲੀਵਿਜ਼ਨ ਦੀ ਚੁਣੌਤੀ ਦਾ ਸਾਹਮਣਾ ਨਹੀਂ ਸੀ ਕਰਨਾ ਪੈ ਰਿਹਾ। ਇਹ ਭਾਰਤ ਵਿੱਚ ਪ੍ਰਾਈਵੇਟ ਕਮਰਸ਼ੀਅਲ ਟੀਵੀ ਚੈਨਲਾਂ ਅਤੇ ਇੰਟਰਨੈੱਟ ਯੁੱਗ ਤੋਂ ਪਹਿਲਾਂ ਦੀਆਂ ਗੱਲਾਂ ਹਨ। ਮਾਰਕ ਟੱਲੀ ਦਾ ਆਪਣਾ ਕਹਿਣਾ ਹੈ ਕਿ ਭਾਰਤ ਦੇ ਸ਼ਹਿਰੀ ਖੇਤਰਾਂ ਤੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਰੇਡੀਓ ਬੀ ਬੀ ਸੀ ਨਾਲ ਜੁੜੇ ਸਰੋਤਿਆਂ ਦੇ ਪਿਆਰ ਅਤੇ ਭਰੋਸੇ ਨੇ ਉਸ ਨੂੰ ਇਸ ਮੁਕਾਮ ’ਤੇ ਪਹੁੰਚਾਇਆ।

ਪੱਤਰਕਾਰੀ ਦੇ ਮਿਆਰਾਂ ਅਤੇ ਮਾਰਕ ਟੱਲੀ ਦੇ ਵੇਲਿਆਂ ਦੇ ਭਾਰਤੀ ਇਤਿਹਾਸ ਦੀਆਂ ਅਹਿਮ ਘਟਨਾਵਾਂ ’ਤੇ ਹੁਣ ਜਦੋਂ ਵੀ ਤਬਸਰਾ ਕੀਤਾ ਜਾਵੇਗਾ ਤਾਂ ਉਸ ’ਤੇ ਸਾਨੂੰ ਟੱਲੀ ਦੀ ਪੱਤਰਕਾਰੀ ਦੀਆਂ ਪੈੜਾਂ ਦੇ ਨਿਸ਼ਾਨ ਬਹੁਤ ਉੱਘੜਵੇਂ ਰੂਪ ’ਚ ਨਜ਼ਰ ਆਉਣਗੇ। ਦਰਅਸਲ, ਵਿਦੇਸ਼ੀ ਮੂਲ ਦਾ ਇਹ ਪੱਤਰਕਾਰ ਤਾਂ ਭਾਰਤ ਦੀ ਵੰਨ-ਸੁਵੰਨਤਾ ਦੇ ਰੰਗ ’ਚ ਰੰਗਿਆ ਗਿਆ ਸੀ ਅਤੇ ਇਨ੍ਹਾਂ ਰੰਗਾਂ ਨੂੰ ਫਿੱਕੇ ਪਾਉਣ ਵਾਲੇ ਫ਼ਿਰਕੂ ਰੰਗਾਂ ਤੋਂ ਸਾਨੂੰ ਸੁਚੇਤ ਕਰਨ ਦੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾਉਂਦਾ ਰਿਹਾ, ਪਰ ਸਾਡੇ ‘ਆਪਣਿਆਂ’ ਨੂੰ ਹੁਣ ਅਜਿਹੇ ਫ਼ਿਰਕੂ ਰੰਗਾਂ ਤੋਂ ਕੋਈ ਬਹੁਤਾ ਪ੍ਰਹੇਜ਼ ਨਹੀਂ ਜਾਪਦਾ।

Advertisement
×