DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਮਨੁੱਖਤਾਵਾਦੀ ਸੋਚ ਦਾ ਧਾਰਨੀ ਜਸਵੰਤ ਸਿੰਘ ਖਾਲੜਾ

ਮਨੁੱਖੀ ਹੱਕਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਆਪਣੇ ਆਪ ਵਿੱਚ ਇੱਕ ਮਨੁੱਖਤਾਵਾਦੀ ਸੋਚ ਦੇ ਧਾਰਨੀ ਸਨ। ਆਪਣੀ ਹੋਸ਼ ਸੰਭਾਲਦਿਆਂ ਹੀ ਉਨ੍ਹਾਂ ਨੇ ਸਮਾਜ ਲਈ ਕੁਝ ਕਰਨ ਦਾ ਪ੍ਰਣ ਕਰ ਲਿਆ ਸੀ। ਉਹ ਪੰਜਾਬ ਅੰਦਰ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਦੀ ਪੈਰਵੀ...

  • fb
  • twitter
  • whatsapp
  • whatsapp
Advertisement

ਮਨੁੱਖੀ ਹੱਕਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਆਪਣੇ ਆਪ ਵਿੱਚ ਇੱਕ ਮਨੁੱਖਤਾਵਾਦੀ ਸੋਚ ਦੇ ਧਾਰਨੀ ਸਨ। ਆਪਣੀ ਹੋਸ਼ ਸੰਭਾਲਦਿਆਂ ਹੀ ਉਨ੍ਹਾਂ ਨੇ ਸਮਾਜ ਲਈ ਕੁਝ ਕਰਨ ਦਾ ਪ੍ਰਣ ਕਰ ਲਿਆ ਸੀ। ਉਹ ਪੰਜਾਬ ਅੰਦਰ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਦੀ ਪੈਰਵੀ ਕਰਨ ਵਾਲੀ ਇੱਕ ਵਿਲੱਖਣ ਸੋਚ ਦੇ ਮਾਲਕ ਸਨ। ਜਦੋਂ ਉਨ੍ਹਾਂ ਨੇ ‘ਪੰਜਾਬੀ ਟ੍ਰਿਬਿਊਨ’ ਵਿੱਚ ਤਰਨ ਤਾਰਨ ਤੋਂ ਇੱਕ ਖ਼ਬਰ ਪੜ੍ਹੀ ਕਿ ਨਗਰ ਕੌਂਸਲ ਵੱਲੋਂ ਅਣਪਛਾਤੀਆਂ ਲਾਸ਼ਾਂ ਦੇ ਸਸਕਾਰ ਉੱਤੇ ਲੋੜ ਨਾਲੋਂ ਵੱਧ ਪੈਸਾ ਖ਼ਰਚ ਕੀਤਾ ਗਿਆ ਹੈ ਤਾਂ ਉਨ੍ਹਾਂ ਨੇ ਇਸ ਮੁੱਦੇ ਨੂੰ ਬੇਹੱਦ ਗੰਭੀਰਤਾ ਨਾਲ ਲਿਆ। ਉਨ੍ਹਾਂ ਨੇ ਤਰਨ ਤਾਰਨ, ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰਨਾਂ ਸ਼ਮਸ਼ਾਨਘਾਟਾਂ ਤੋਂ ਜਾਣਕਾਰੀ ਇਕੱਤਰ ਕਰਕੇ ਇਹ ਸਿੱਟਾ ਕੱਢਿਆ ਕਿ ਸੂਬੇ ਅੰਦਰ ਲਗਪਗ 25,000 ਨੌਜਵਾਨਾਂ ਨੂੰ ਕਥਿਤ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਕਹਿ ਕੇ ਸਾੜ ਦਿੱਤਾ ਗਿਆ ਹੈ। ਉਹ ਸ਼ਰੇਆਮ ਆਖਦੇ ਸਨ ਕਿ ਇਹ ਮੁਕਾਬਲੇ ਪੂਰੀ ਤਰ੍ਹਾਂ ਝੂਠੇ ਸਨ। ਉਨ੍ਹਾਂ ਨੇ ਇਸ ਮਾਮਲੇ ਨੂੰ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਜਾ ਕੇ ਕੌਮਾਂਤਰੀ ਪੱਧਰ ’ਤੇ ਲੋਕਾਂ ਸਾਹਮਣੇ ਰੱਖਿਆ।

ਉਨ੍ਹਾਂ ਨੇ ਉਸ ਵੇਲੇ ਦੇ ਡੀ ਜੀ ਪੀ, ਕੇ ਪੀ ਐੱਸ ਗਿੱਲ ਨੂੰ ਸ਼ਰੇਆਮ ਵੰਗਾਰਿਆ ਸੀ ਕਿ ਉਹ ਝੂਠੇ ਪੁਲੀਸ ਮੁਕਾਬਲਿਆਂ ਅਤੇ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਵਿੱਚ ਕਿਸੇ ਵੀ ਮੰਚ ’ਤੇ ਬਹਿਸ ਕਰਨ ਲਈ ਤਿਆਰ ਹਨ ਪਰ ਇਹ ਗੱਲ ਉਸ ਸਮੇਂ ਦੇ ਪ੍ਰਬੰਧਕੀ ਢਾਂਚੇ ਨੂੰ ਮਨਜ਼ੂਰ ਨਹੀਂ ਸੀ। ਆਖ਼ਰਕਾਰ 6 ਸਤੰਬਰ 1995 ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਕਬੀਰ ਪਾਰਕ ਸਥਿਤ ਰਿਹਾਇਸ਼ ਤੋਂ ਅਗਵਾ ਕਰ ਲਿਆ ਗਿਆ। ਅੰਨ੍ਹੇ ਤਸ਼ੱਦਦ ਤੋਂ ਬਾਅਦ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਲਾਸ਼ ਹਰੀਕੇ ਪੱਤਣ ਦਰਿਆ ਵਿੱਚ ਰੋੜ੍ਹ ਦਿੱਤੀ ਗਈ।

Advertisement

ਜਸਵੰਤ ਸਿੰਘ ਖਾਲੜਾ ਦੇ ਰਿਸ਼ਤੇਦਾਰ ਅਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਧਾਨ ਹਰਮਨਦੀਪ ਸਿੰਘ ਸਰਹਾਲੀ ਅਨੁਸਾਰ, ਇਹ ਸਾਰੇ ਤੱਥ ਉਸ ਮੌਕੇ ਥਾਣਾ ਝਬਾਲ ਦੇ ਮੁਖੀ ਸਤਨਾਮ ਸਿੰਘ ਦੇ ਗੰਨਮੈਨ (ਪੰਜਾਬ ਹੋਮ ਗਾਰਡ ਦੇ ਜਵਾਨ) ਕੁਲਦੀਪ ਸਿੰਘ ਬਚੜੇ ਨੇ ਅਦਾਲਤ ਵਿੱਚ ਦਿੱਤੀ ਗਵਾਹੀ ਦੌਰਾਨ ਨੋਟ ਕਰਵਾਏ ਸਨ। ਗਵਾਹੀ ਮੁਤਾਬਿਕ ਖਾਲੜਾ ਨੂੰ ਉਸ ਵੇਲੇ ਦੇ ਐੱਸ ਐੱਸ ਪੀ ਅਜੀਤ ਸਿੰਘ ਸੰਧੂ ਦੀ ਮਾਨਾਵਾਲਾ ਸਥਿਤ ਕੋਠੀ ਵਿੱਚ ਡੀ ਜੀ ਪੀ, ਕੇ ਪੀ ਐੱਸ ਗਿੱਲ ਸਾਹਮਣੇ ਪੇਸ਼ ਕੀਤਾ ਗਿਆ ਸੀ। ਗਿੱਲ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇਕਰ ਉਹ ਪੁਲੀਸ ਨੂੰ ਵੰਗਾਰਨਾ ਬੰਦ ਕਰ ਦੇਣ ਅਤੇ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਵਿੱਚ ਆਪਣਾ ਸਟੈਂਡ ਬਦਲ ਲੈਣ ਤਾਂ ਉਨ੍ਹਾਂ ਦੀ ਜਾਨ ਬਖ਼ਸ਼ੀ ਜਾ ਸਕਦੀ ਹੈ ਪਰ ਉਨ੍ਹਾਂ ਨੇ ਮੁਆਫ਼ੀ ਮੰਗਣ ਦੀ ਬਜਾਏ ਸ਼ਹਾਦਤ ਦਾ ਰਾਹ ਚੁਣਿਆ।

Advertisement

ਕੁਲਦੀਪ ਸਿੰਘ ਬਚੜੇ ਨੇ ਵਿਸਥਾਰ ਸਹਿਤ ਦੱਸਿਆ ਕਿ ਉਸ ਵੇਲੇ ਦੇ ਜ਼ਿਲ੍ਹਾ ਪੁਲੀਸ ਅਧਿਕਾਰੀਆਂ ਨੇ ਵੀ ਜਸਵੰਤ ਸਿੰਘ ਖਾਲੜਾ ਨੂੰ ਪੁਲੀਸ ਮੁਖੀ ਕੇ ਪੀ ਐੱਸ ਗਿੱਲ ਤੋਂ ਮੁਆਫ਼ੀ ਨਾ ਮੰਗਣ ਦੀ ਸੂਰਤ ਵਿੱਚ ਭਿਆਨਕ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ। ਇੱਕ ਵਾਰ ਜਦੋਂ ਇਸ ਪੱਤਰਕਾਰ ਦੀ ਤਰਨ ਤਾਰਨ ਵਿਖੇ ਜਸਵੰਤ ਸਿੰਘ ਖਾਲੜਾ ਨਾਲ ਮੁਲਾਕਾਤ ਹੋਈ ਤਾਂ ਪੱਤਰਕਾਰ ਨੇ ਉਨ੍ਹਾਂ ਨੂੰ ਪੁਲੀਸ ਨਾਲ ਸਿੱਧਾ ਮੱਥਾ ਲਾਉਣ ਦੀ ਬਜਾਏ ਚੁੱਪ ਰਹਿਣ ਦੀ ਸਲਾਹ ਦਿੱਤੀ। ਪੱਤਰਕਾਰ ਨੇ ਉਸ ਵੇਲੇ ਦੇ ਐੱਸ ਐੱਸ ਪੀ ਅਜੀਤ ਸਿੰਘ ਸੰਧੂ ਦੇ ਹੰਕਾਰੇ ਬੋਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਕਹਿੰਦਾ ਹੈ, ‘ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ’।

ਇਸ ਦੇ ਜਵਾਬ ਵਿੱਚ ਜਸਵੰਤ ਸਿੰਘ ਖਾਲੜਾ ਨੇ ਦ੍ਰਿੜ੍ਹਤਾ ਨਾਲ ਕਿਹਾ ਸੀ “ਤੁਸੀਂ ਐੱਸ ਐੱਸ ਪੀ ਨੂੰ ਮੇਰਾ ਇਹ ਸੁਨੇਹਾ ਦੇ ਦੇਣਾ ਕਿ ਅਸੀਂ ਉਸ ਗੁਰੂ ਦੇ ਸਿੱਖ ਹਾਂ ਜੋ ਕਹਿੰਦਾ ਹੈ ‘ਜੋ ਸਰਨਿ ਆਵੈ ਤਿਸੁ ਕੰਠਿ ਲਾਵੈ’।” ਖਾਲੜਾ ਪੁਲੀਸ ਅੱਗੇ ਕਿਸੇ ਵੀ ਕੀਮਤ ’ਤੇ ਝੁਕਣ ਲਈ ਤਿਆਰ ਨਹੀਂ ਸਨ ਅਤੇ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਆਪਣੀ ਕੁਰਬਾਨੀ ਦੇਣ ਲਈ ਪੂਰੀ ਤਰ੍ਹਾਂ ਤਿਆਰ ਸਨ। ਉਨ੍ਹਾਂ ਨੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਹਿਜ਼ 42 ਸਾਲ ਦੀ ਉਮਰ ਤੱਕ ਕੌਮ ਲਈ ਕੀਤੇ ਸਰਬੰਸਦਾਨ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਜੇਕਰ ਅਸੀਂ ਉਨ੍ਹਾਂ ਦੇ ਸੱਚੇ ਸਿੱਖ ਹਾਂ ਤਾਂ ਸਾਨੂੰ ਵੀ ਹੱਕ-ਸੱਚ ਲਈ ਛੋਟੀ ਉਮਰੇ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਜਸਵੰਤ ਸਿੰਘ ਖਾਲੜਾ ਕੁਝ ਸਮਾਂ ‘ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)’ ਵਿੱਚ ਵੀ ਸਰਗਰਮ ਰਹੇ ਪਰ ਉਨ੍ਹਾਂ ਦਾ ਮੁੱਖ ਨਿਸ਼ਾਨਾ ਆਪਣੀ ਜ਼ਿੰਦਗੀ ਮਨੁੱਖਤਾ ਦੇ ਲੇਖੇ ਲਾਉਣਾ ਹੀ ਸੀ।

ਮਨੁੱਖੀ ਹੱਕਾਂ ਦੇ ਇਸ ਰਾਖੇ ਦੇ ਕਾਤਲਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਕਰਨ ਵਿੱਚ ਹੋਮਗਾਰਡ ਦੇ ਜਵਾਨ ਕੁਲਦੀਪ ਸਿੰਘ ਬਚੜੇ ਨੇ ਇਤਿਹਾਸਕ ਭੂਮਿਕਾ ਨਿਭਾਈ। ਕੁਲਦੀਪ ਸਿੰਘ, ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤੇ ਜਾਣ ਦੇ ਅੰਨ੍ਹੇ ਕਾਰੇ ਦਾ ਚਸ਼ਮਦੀਦ ਗਵਾਹ ਸੀ। ਉਹ ਇਸ ਘਿਣਾਉਣੇ ਕਾਂਡ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਥਾਣਾ ਝਬਾਲ ਦੇ ਤਤਕਾਲੀ ਮੁਖੀ ਸਤਨਾਮ ਸਿੰਘ ਦਾ ਗੰਨਮੈਨ ਸੀ।

ਉਸ ਨੇ ਹੀ ਅਦਾਲਤ ਵਿੱਚ ਖ਼ੁਲਾਸਾ ਕੀਤਾ ਸੀ ਕਿ ਖਾਲੜਾ ਨੂੰ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਹਰੀਕੇ ਦਰਿਆ ਵਿੱਚ ਸੁੱਟ ਦਿੱਤੀ ਗਈ ਸੀ। ਬਚੜੇ ਮੁਤਾਬਿਕ, ਲਾਸ਼ ਦਰਿਆ ਵਿੱਚ ਸੁੱਟਣ ਤੋਂ ਬਾਅਦ ਪੁਲੀਸ ਟੀਮ ਹਰੀਕੇ ਦੇ ਰੈਸਟ ਹਾਊਸ ਵਿੱਚ ਆ ਗਈ, ਜਿੱਥੇ ਸਾਰਿਆਂ ਨੂੰ ਪੀਣ ਲਈ ਖੁੱਲ੍ਹੀ ਸ਼ਰਾਬ ਦਿੱਤੀ ਗਈ। ਉਸ ਦੌਰ ਵਿੱਚ ਇਹ ਦਸਤੂਰ ਬਣ ਚੁੱਕਾ ਸੀ ਕਿ ਜਦੋਂ ਵੀ ਪੁਲੀਸ ਕਿਸੇ ਵਿਅਕਤੀ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਕੇ ਲਾਸ਼ ਦਰਿਆ ਵਿੱਚ ਸੁੱਟਦੀ ਤਾਂ ਸਬੰਧਿਤ ਪੁਲੀਸ ਟੀਮ ਨੂੰ ਸਰਕਾਰੀ ਸ਼ਹਿ ’ਤੇ ਸ਼ਰਾਬ ਪਰੋਸੀ ਜਾਂਦੀ ਸੀ ਤਾਂ ਜੋ ਉਹ ‘ਆਰਾਮ ਦੀ ਨੀਂਦ’ ਸੌਂ ਸਕਣ। ਪਰ ਇਸ ਦੇ ਬਾਵਜੂਦ ਪਾਪ ਦੇ ਇਸ ਬੋਝ ਕਾਰਨ ਬਹੁਤੇ ਪੁਲੀਸ ਮੁਲਾਜ਼ਮਾਂ ਦੀ ਰਾਤਾਂ ਦੀ ਨੀਂਦ ਉੱਡ ਚੁੱਕੀ ਸੀ। ਇੱਕ ਮੁਲਾਜ਼ਮ ਨੇ ਤਾਂ ਇੱਥੋਂ ਤੱਕ ਕਬੂਲਿਆ ਸੀ ਕਿ ਉਨ੍ਹਾਂ ਕੋਲੋਂ ਕੁਦਰਤੀ ਨੀਂਦ ਹਮੇਸ਼ਾ ਲਈ ਖੰਭ ਲਾ ਕੇ ਉੱਡ ਗਈ ਸੀ।

ਕੁਲਦੀਪ ਸਿੰਘ ਬਚੜੇ ਹੋਰੀਂ ਦੋ ਭਰਾ ਸਨ ਅਤੇ ਉਨ੍ਹਾਂ ਕੋਲ ਮਹਿਜ਼ ਡੇਢ ਏਕੜ ਜ਼ਮੀਨ ਸੀ। ਅਜਿਹੇ ਗ਼ਰੀਬੀ ਦੇ ਹਾਲਾਤ ਵਿੱਚ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਉਹ ਚਾਹੁੰਦਾ ਤਾਂ ਆਸਾਨੀ ਨਾਲ ਲਾਲਚ ਵਿੱਚ ਆ ਸਕਦਾ ਸੀ ਪਰ ਉਸ ਨੇ ਜ਼ਮੀਰ ਦਾ ਸੌਦਾ ਨਹੀਂ ਕੀਤਾ। ਧਰਮ ਅਤੇ ਸੱਚ ਦੇ ਰਾਹ ’ਤੇ ਪਹਿਰਾ ਦਿੰਦਿਆਂ ਉਸ ਨੇ ਅਦਾਲਤ ਵਿੱਚ ਸਾਰੀ ਹਕੀਕਤ ਬਿਨਾਂ ਕਿਸੇ ਡਰ ਦੇ ਬਿਆਨ ਕਰ ਦਿੱਤੀ, ਜਿਸ ਸਦਕਾ ਜਸਵੰਤ ਸਿੰਘ ਖਾਲੜਾ ਦੇ ਅਸਲ ਕਾਤਲਾਂ ਦਾ ਚਿਹਰਾ ਬੇਨਕਾਬ ਹੋ ਸਕਿਆ।

ਕੁਲਦੀਪ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਅਤੇ ਉਸ ਦਾ ਭਰਾ ਪਿੰਡ ਵਿੱਚ ਇੱਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ। ਜੇਕਰ ਕੁਲਦੀਪ ਸਿੰਘ ਨੇ ਉਦੋਂ ਆਪਣੀ ਆਤਮਾ ਦੀ ਆਵਾਜ਼ ਨਾ ਸੁਣੀ ਹੁੰਦੀ ਤਾਂ ਸ਼ਾਇਦ ਖਾਲੜਾ ਦੇ ਕਾਤਲਾਂ ਦਾ ਸੱਚ ਕਦੇ ਵੀ ਦੁਨੀਆ ਦੇ ਸਾਹਮਣੇ ਨਾ ਆਉਂਦਾ। ਉਹ ਕਈ ਵਾਰ ਮੈਨੂੰ ਮਿਲਣ ਵੀ ਆਇਆ ਅਤੇ ਦੱਸਦਾ ਹੁੰਦਾ ਸੀ ਕਿ ਉਸ ਨੂੰ ਬਿਆਨ ਬਦਲਣ ਲਈ ਕਈ ਪਾਸਿਆਂ ਤੋਂ ਮੋਟੀਆਂ ਰਕਮਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਹ ਹਮੇਸ਼ਾ ਉਨ੍ਹਾਂ ਦੀਆਂ ਪੇਸ਼ਕਸ਼ਾਂ ਨੂੰ ਠੁਕਰਾਉਂਦਾ ਰਿਹਾ।

6 ਸਤੰਬਰ 1995 ਨੂੰ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਅੰਮ੍ਰਿਤਸਰ ਸਥਿਤ ਕਬੀਰ ਪਾਰਕ ਰਿਹਾਇਸ਼ ਤੋਂ ਅਗਵਾ ਕੀਤਾ ਗਿਆ ਤਾਂ ਜਿਉਂ ਹੀ ਇਹ ਖ਼ਬਰ ਉਨ੍ਹਾਂ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਮਿਲੀ, ਉਹ ਤੁਰੰਤ ਆਪਣੇ ਸਾਰੇ ਦਫ਼ਤਰੀ ਰੁਝੇਵੇਂ ਛੱਡ ਕੇ ਘਰ ਪਹੁੰਚ ਗਏ। ਬੀਬੀ ਖਾਲੜਾ ਉਸ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਾਇਨਾਤ ਸਨ। ਉਸ ਸਮੇਂ ਉਨ੍ਹਾਂ ਦੇ ਦੋਵੇਂ ਬੱਚੇ ਬੇਟੀ ਨਵਕਿਰਨ ਕੌਰ ਅਤੇ ਬੇਟਾ ਜਨਮੀਤ ਸਿੰਘ ਬਹੁਤ ਛੋਟੇ ਸਨ। ਉਨ੍ਹਾਂ ਨੇ ਆਪਣੇ ਪਤੀ ਦਾ ਸੁਰਾਗ ਲਗਾਉਣ ਲਈ ਆਪਣੀ ਪੂਰੀ ਤਾਕਤ ਝੋਕ ਦਿੱਤੀ। ਬੀਬੀ ਖਾਲੜਾ ਨੇ ਅੰਮ੍ਰਿਤਸਰ ਪੁਲੀਸ ਕੋਲ ਅਗਵਾ ਦੀ ਰਿਪੋਰਟ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਇਹ ਮਾਮਲਾ ਤਰਨ ਤਾਰਨ ਪੁਲੀਸ ਦੇ ਅਧਿਕਾਰ ਖੇਤਰ ਦਾ ਹੈ। ਭਾਈ ਖਾਲੜਾ ਵੱਲੋਂ ਅਣਪਛਾਤੀਆਂ ਲਾਸ਼ਾਂ ਦਾ ਮੁੱਦਾ ਪਹਿਲਾਂ ਹੀ ਸੁਪਰੀਮ ਕੋਰਟ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਸੀ, ਇਸ ਲਈ ਬੀਬੀ ਖਾਲੜਾ ਨੇ ਬਿਨਾਂ ਦੇਰੀ ਕੀਤੇ ਇਸ ਅਗਵਾ ਕਾਂਡ ਬਾਰੇ ਮਾਨਯੋਗ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ, ਜਿਸ ’ਤੇ ਅਦਾਲਤ ਨੇ ਬਣਦੀ ਕਾਰਵਾਈ ਦੇ ਹੁਕਮ ਦਿੱਤੇ।

ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਬੀਬੀ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਵਿੱਚ ਸਨ ਤਾਂ ਮੁਲਾਕਾਤ ਦੌਰਾਨ ਉਨ੍ਹਾਂ ਦੇ ਬੇਟੇ ਜਨਮੀਤ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦੀ ਭੈਣ ਅਜੇ ਖੇਡਣ-ਮੱਲਣ ਦੀ ਉਮਰ ਵਿੱਚ ਸਨ, ਜਦੋਂ ਉਨ੍ਹਾਂ ਦੇ ਸਿਰ ’ਤੇ ਇਹ ਡਾਢੀ ਮੁਸੀਬਤ ਆ ਪਈ। ਉਹ ਸਕੂਲ ਵਿੱਚ ਪੜ੍ਹਦਿਆਂ ਵੀ ਹਮੇਸ਼ਾ ਆਪਣੇ ਪਿਤਾ ਨੂੰ ਹੀ ਯਾਦ ਕਰਦੇ ਰਹਿੰਦੇ ਸਨ। ਜਨਮੀਤ ਨੇ ਭਾਵੁਕ ਹੁੰਦਿਆਂ ਕਿਹਾ ਕਿ ਜਿਸ ਹਿਸਾਬ ਨਾਲ ਅੱਜ ਸਮਾਜ ਉਨ੍ਹਾਂ ਦੇ ਪਿਤਾ ਨੂੰ ਸਤਿਕਾਰ ਦਿੰਦਾ ਹੈ ਉਸ ਤੋਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੇ ਪਿਤਾ ਸਹੀ ਅਰਥਾਂ ਵਿੱਚ ਲੋਕਾਂ ਦੇ ਸੱਚੇ ਹਿਤੈਸ਼ੀ ਸਨ, ਜਿਨ੍ਹਾਂ ਦੀ ਕੁਰਬਾਨੀ ਨੂੰ ਲੋਕ ਅੱਜ ਵੀ ਸਿਜਦਾ ਕਰਦੇ ਹਨ।

ਜਦੋਂ ਇਸ ਪੱਤਰਕਾਰ ਨੇ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ (ਜਿਸ ’ਤੇ ਸੈਂਸਰ ਬੋਰਡ ਵੱਲੋਂ ਰੋਕ ਲਗਾਈ ਗਈ ਸੀ) ਬਾਰੇ ਬੀਬੀ ਪਰਮਜੀਤ ਕੌਰ ਖਾਲੜਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਬੜੀ ਸੰਜੀਦਗੀ ਨਾਲ ਕਿਹਾ ਕਿ ਉਹ ਫਿਲਹਾਲ ਇਸ ਮਾਮਲੇ ’ਤੇ ਲੋਕਾਂ ਦੇ ਵਿਚਾਰਾਂ ਨੂੰ ਦੇਖ-ਸੁਣ ਰਹੇ ਹਨ ਅਤੇ ਜਨਤਾ ਦੀ ਰਾਏ ਜਾਣਨ ਤੋਂ ਬਾਅਦ ਹੀ ਆਪਣਾ ਪੱਖ ਪੇਸ਼ ਕਰਨਗੇ। ਉਨ੍ਹਾਂ ਨੇ ਇਹ ਜ਼ਰੂਰ ਸਵੀਕਾਰ ਕੀਤਾ ਕਿ ਉਹ ਜਸਵੰਤ ਸਿੰਘ ਖਾਲੜਾ ਦੇ ਅਧੂਰੇ ਕਾਰਜਾਂ ਅਤੇ ਵਿਚਾਰਾਂ ਨੂੰ ਆਪਣੀ ਸਮਰੱਥਾ ਅਨੁਸਾਰ ਅੱਗੇ ਤੋਰਨ ਲਈ ਨਿਰੰਤਰ ਯਤਨਸ਼ੀਲ ਹਨ।

ਭਾਈ ਜਸਵੰਤ ਸਿੰਘ ਖਾਲੜਾ ਸਹੀ ਅਰਥਾਂ ਵਿੱਚ ਇੱਕ ਸੰਪੂਰਨ ਅਤੇ ਨਿਡਰ ਮਨੁੱਖ ਸਨ। ਪੰਜਾਬ ਵਿੱਚ ਹੋਏ ਕਥਿਤ ਝੂਠੇ ਪੁਲੀਸ ਮੁਕਾਬਲਿਆਂ ਦੀ ਰਿਪੋਰਟ ਜਦੋਂ ਉਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਵਰਗੇ ਮੁਲਕਾਂ ਵਿੱਚ ਪੇਸ਼ ਕੀਤੀ ਤਾਂ ਉਹ ਭਲੀਭਾਂਤ ਜਾਣਦੇ ਸਨ ਕਿ ਉਨ੍ਹਾਂ ਨਾਲ ਕੋਈ ਜੱਗੋਂ-ਤੇਰ੍ਹਵੀਂ ਹੋ ਸਕਦੀ ਹੈ ਅਤੇ ਪੁਲੀਸ ਉਨ੍ਹਾਂ ਨੂੰ ਮਾਰ ਵੀ ਸਕਦੀ ਹੈ। ਪਰ ਮੌਤ ਦਾ ਭੈਅ ਉਨ੍ਹਾਂ ਦੇ ਕਦਮ ਨਾ ਰੋਕ ਸਕਿਆ। ਭਾਈ ਖਾਲੜਾ ਦੇ ਅਗਵਾ ਹੋਣ ਤੋਂ ਬਾਅਦ ਪਰਿਵਾਰ ਨੂੰ ਅਸਹਿ ਤੇ ਅਕਹਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਇਹ ਬੀਬੀ ਪਰਮਜੀਤ ਕੌਰ ਖਾਲੜਾ ਦੀ ਦ੍ਰਿੜ੍ਹਤਾ ਸੀ ਜਿਨ੍ਹਾਂ ਨੇ ਆਪਣੇ ਛੋਟੇ ਬੱਚਿਆਂ ਦੀ ਪਰਵਰਿਸ਼ ਦੇ ਨਾਲ-ਨਾਲ ਆਪਣੇ ਸਹੁਰਾ ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜਿਕ ਸਹਿਯੋਗ ਦੇ ਸਿਰ ’ਤੇ ਇਨਸਾਫ਼ ਦੀ ਲੜਾਈ ਜਾਰੀ ਰੱਖੀ। ਇਸੇ ਅਣਥੱਕ ਸੰਘਰਸ਼ ਸਦਕਾ ਹੀ ਲਾਵਾਰਿਸ ਅਤੇ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਵਿੱਚੋਂ 1,503 ਵਿਅਕਤੀਆਂ ਦੀ ਸ਼ਨਾਖ਼ਤ ਸੰਭਵ ਹੋ ਸਕੀ, ਜਿਨ੍ਹਾਂ ਦੇ ਪੀੜਤ ਪਰਿਵਾਰਾਂ ਨੂੰ ਬਾਅਦ ਵਿੱਚ ਸਰਕਾਰ ਵੱਲੋਂ ਮੁਆਵਜ਼ਾ ਵੀ ਮਿਲਿਆ।

ਭਾਈ ਜਸਵੰਤ ਸਿੰਘ ਖਾਲੜਾ ਦੇ ਅਗਵਾ ਦੇ ਮਾਮਲੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾਣ ਲਈ ਉਸ ਵੇਲੇ ਦੇ ਨਾਮਵਰ ਪੱਤਰਕਾਰ ਦਲਬੀਰ ਸਿੰਘ, ਜਸਟਿਸ ਅਜੀਤ ਸਿੰਘ ਬੈਂਸ, ਸਾਬਕਾ ਆਈ.ਏ.ਐੱਸ. ਗੁਰਤੇਜ ਸਿੰਘ, ਮੇਜਰ ਜਨਰਲ ਨਰਿੰਦਰ ਸਿੰਘ, ਬੀਬੀ ਬਲਜੀਤ ਕੌਰ ਅਤੇ ਦੱਖਣੀ ਭਾਰਤ ਦੇ ਪ੍ਰਮੁੱਖ ਮਨੁੱਖੀ ਅਧਿਕਾਰ ਕਾਰਕੁਨ ਰਾਮ ਨਰਾਇਣ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ। ਇਸ ਇਨਸਾਫ਼ ਦੀ ਲੜਾਈ ਨੂੰ ਦਬਾਉਣ ਲਈ ਪੁਲੀਸ ਨੇ ਗਵਾਹਾਂ ’ਤੇ ਅੰਨ੍ਹਾ ਜਬਰ ਢਾਹਿਆ। ਜੋ ਕੋਈ ਵੀ ਅੱਗੇ ਆਉਂਦਾ, ਉਸ ਖ਼ਿਲਾਫ਼ ਝੂਠੇ ਪਰਚੇ ਦਰਜ ਕਰ ਦਿੱਤੇ ਜਾਂਦੇ। ਮੁੱਖ ਗਵਾਹ ਕੁਲਦੀਪ ਸਿੰਘ ਬਚੜੇ ਦੇ ਸਹੁਰਾ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੋਂ ਤੱਕ ਕਿ ਮਨੁੱਖੀ ਅਧਿਕਾਰਾਂ ਦੇ ਮੁਦਈ ਐਡਵੋਕੇਟ ਕਿਰਪਾਲ ਸਿੰਘ ਰੰਧਾਵਾ ਖ਼ਿਲਾਫ਼ ਜਬਰ-ਜਨਾਹ ਦਾ ਝੂਠਾ ਕੇਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਕੁਲਵੰਤ ਸਿੰਘ ਜਾਮਾਰਾਏ, ਸਰਪੰਚ ਗੁਰਭੇਜ ਸਿੰਘ ਪਲਾਸੌਰ, ਰਾਜੀਵ ਸਿੰਘ ਰੰਧਾਵਾ ਅਤੇ ਸੁਰਿੰਦਰਪਾਲ ਸਿੰਘ ਘਰਿਆਲਾ ਨੂੰ ਵੀ ਅਜਿਹੀਆਂ ਹੀ ਪ੍ਰਸ਼ਾਸਨਿਕ ਕੁਚਾਲਾਂ ਦਾ ਸਾਹਮਣਾ ਕਰਨਾ ਪਿਆ, ਪਰ ਬਾਅਦ ਵਿੱਚ ਅਦਾਲਤ ਨੇ ਇਹ ਸਾਰੇ ਝੂਠੇ ਕੇਸ ਖ਼ਾਰਜ ਕਰ ਦਿੱਤੇ।

ਭਾਈ ਖਾਲੜਾ ਦੀ ਸੋਚ ਫ਼ਿਰਕੂ ਨਹੀਂ, ਸਗੋਂ ਸਰਵ-ਵਿਆਪਕ ਮਨੁੱਖੀ ਦਰਦ ਨਾਲ ਲਬਰੇਜ਼ ਸੀ। ਉਹ ਸ਼ਰੇਆਮ ਆਖਦੇ ਸਨ ਕਿ ਇਨ੍ਹਾਂ ਝੂਠੇ ਪੁਲੀਸ ਮੁਕਾਬਲਿਆਂ ਦਾ ਸ਼ਿਕਾਰ ਸਿਰਫ਼ ਸਿੱਖ ਨਹੀਂ, ਬਲਕਿ ਹਿੰਦੂ ਪਰਿਵਾਰ ਵੀ ਹੋਏ ਸਨ। ਇਸ ਦੀ ਸਭ ਤੋਂ ਵੱਡੀ ਮਿਸਾਲ ਤਰਨ ਤਾਰਨ ਦੇ ਚਮਨ ਲਾਲ ਦਾ ਪੁੱਤਰ ਗੁਲਸ਼ਨ ਸੀ, ਜਿਸ ਨੂੰ ਪੁਲੀਸ ਨੇ ਪਲਾਸੌਰ ਵਿਖੇ ਝੂਠੇ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ। ਬਾਅਦ ਵਿੱਚ ਸੀ.ਬੀ.ਆਈ. ਦੀ ਜਾਂਚ ਦੌਰਾਨ ਪੁਲੀਸ ਦਾ ਇਹ ਗੁਨਾਹ ਸਾਬਤ ਹੋਇਆ ਅਤੇ ਪਰਿਵਾਰ ਨੂੰ ਇਨਸਾਫ਼ ਮਿਲਿਆ। ਇਸ ਖ਼ੂਨੀ ਦਾਸਤਾਨ ਨੂੰ ਵਾਪਰਿਆਂ ਭਾਵੇਂ ਤਿੰਨ ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਸਿਸਟਮ ਦੇ ਜਬਰ ਦਾ ਕਰੂਰ ਵਤੀਰਾ ਅੱਜ ਵੀ ਨਹੀਂ ਬਦਲਿਆ। ਇਹੀ ਕਾਰਨ ਹੈ ਕਿ ਹੱਕ, ਸੱਚ ਅਤੇ ਮਨੁੱਖੀ ਅਧਿਕਾਰਾਂ ਦੀ ਬੁਲੰਦ ਆਵਾਜ਼ ਬਣਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਇਹ ਕਹਾਣੀ ਅੱਜ ਵੀ ਹਰ ਵਰਗ ਦੇ ਲੋਕਾਂ ਦੇ ਦਿਲਾਂ ਨੂੰ ਟੁੰਬਦੀ ਹੈ।

ਸੰਪਰਕ: 98147-68255

Advertisement
×