ਸਭ ਅੱਛਾ ਹੈ... ਸਭ ਅੱਛਾ ਹੈ ?
ਅੱਜ ਦੀ ਦੁਨੀਆ ਵਿੱਚ ਜਦੋਂ ਜੰਗਾਂ ਲੱਗਦੀਆਂ ਹਨ ਤਾਂ ਉਨ੍ਹਾਂ ਦੇ ਅਸਰ ਸਿਰਫ਼ ਉਨ੍ਹਾਂ ਮੁਲਕਾਂ ਤੱਕ ਹੀ ਸੀਮਤ ਨਹੀਂ ਰਹਿੰਦੇ ਜਿੱਥੇ ਬੰਬ, ਮਿਜ਼ਾਈਲਾਂ ਜਾਂ ਡਰੋਨ ਮਾਰ ਕਰਦੇ ਹਨ, ਸਗੋਂ ਬਹੁਤ ਦੂਰ ਦੂਰ ਤੱਕ ਨਜ਼ਰ ਆਉਂਦੇ ਹਨ। ਅਮਰੀਕਾ-ਇਜ਼ਰਾਈਲ ਵੱਲੋਂ 28 ਫਰਵਰੀ...
ਅੱਜ ਦੀ ਦੁਨੀਆ ਵਿੱਚ ਜਦੋਂ ਜੰਗਾਂ ਲੱਗਦੀਆਂ ਹਨ ਤਾਂ ਉਨ੍ਹਾਂ ਦੇ ਅਸਰ ਸਿਰਫ਼ ਉਨ੍ਹਾਂ ਮੁਲਕਾਂ ਤੱਕ ਹੀ ਸੀਮਤ ਨਹੀਂ ਰਹਿੰਦੇ ਜਿੱਥੇ ਬੰਬ, ਮਿਜ਼ਾਈਲਾਂ ਜਾਂ ਡਰੋਨ ਮਾਰ ਕਰਦੇ ਹਨ, ਸਗੋਂ ਬਹੁਤ ਦੂਰ ਦੂਰ ਤੱਕ ਨਜ਼ਰ ਆਉਂਦੇ ਹਨ। ਅਮਰੀਕਾ-ਇਜ਼ਰਾਈਲ ਵੱਲੋਂ 28 ਫਰਵਰੀ ਨੂੰ ਇਰਾਨ ’ਤੇ ਕੀਤੇ ਗਏ ਹਮਲੇ ਮਗਰੋਂ ਜੰਗ ਛਿੜ ਗਈ। ਇਸ ਜੰਗ ਦਾ ਇੱਕ ਅਸਰ ਸਾਨੂੰ ਸਾਡੀਆਂ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਵਿੱਚ ਸਿਰ ’ਤੇ ਸਿਲੰਡਰ ਚੁੱਕੀ ਜਾਂਦੇ ਔਰਤਾਂ-ਮਰਦ, ਗੈਸ ਏਜੰਸੀਆਂ ਦੇ ਸਾਹਮਣੇ ਲੱਗੀਆਂ ਲੰਮੀਆਂ ਲੰਮੀਆਂ ਕਤਾਰਾਂ ਅਤੇ ਸੋਸ਼ਲ ਮੀਡੀਆ ਤੇ ਟੈਲੀਵਿਜ਼ਨ ਚੈਨਲਾਂ ’ਤੇ ਚੱਲ ਰਹੇ ਇਹੋ ਜਿਹੇ ਦ੍ਰਿਸ਼ਾਂ ਤੋਂ ਨਜ਼ਰ ਆਉਂਦਾ ਹੈ।
ਅੱਜ ਜਿਸ ਗਲੋਬਲ ਦੁਨੀਆ ਵਿੱਚ ਅਸੀਂ ਰਹਿ ਰਹੇ ਹਾਂ, ਜ਼ਰੂਰੀ ਨਹੀਂ ਕਿ ਸਿਰਫ਼ ਜੰਗ ’ਚ ਸ਼ਾਮਿਲ ਮੁਲਕ ਜਾਂ ਉਸ ਖ਼ਿੱਤੇ ਵਿੱਚ ਰਹਿ ਰਹੇ ਲੋਕ ਹੀ ਜੰਗ ਤੋਂ ਪ੍ਰਭਾਵਿਤ ਹੋਣ। ਭਲਾ ਦੱਸੋ, ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਕਸਬੇ ਸ਼ਹਿਣਾ ਦੇ 65 ਸਾਲਾ ਭੂਸ਼ਣ ਕੁਮਾਰ ਮਿੱਤਲ ਦਾ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਹੋ ਰਹੀ ਜੰਗ ਨਾਲ ਕੀ ਸਬੰਧ ਸੀ? ਉਹ ਆਪਣੇ ਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਖਾਲੀ ਸਿਲੰਡਰ ਲੈ ਕੇ ਸਵੇਰੇ ਸਵੇਰੇ ਗੈਸ ਏਜੰਸੀ ਅੱਗੇ ਕਤਾਰ ਵਿੱਚ ਆ ਲੱਗਿਆ ਸੀ। ਏਨੀ ਸਵੇਰੇ ਕਤਾਰ ਵਿੱਚ ਲੱਗਣ ਦੇ ਬਾਵਜੂਦ ਉਸ ਦਾ ਨੰਬਰ 25ਵਾਂ ਸੀ। ਉਹ ਸਿਰਫ਼ ਇੱਕ ਸਿਲੰਡਰ ਲੈਣ ਲਈ ਇੱਕ-ਦੋ ਦਿਨਾਂ ਤੋਂ ਤੜਕੇ ਤੜਕੇ ਆ ਕੇ ਕਤਾਰ ਵਿੱਚ ਲੱਗ ਜਾਂਦਾ ਸੀ, ਪਰ ਉਸ ਨੂੰ ਸਿਲੰਡਰ ਨਹੀਂ ਸੀ ਮਿਲ ਸਕਿਆ। ਸ਼ੁੱਕਰਵਾਰ ਦੀ ਸਵੇਰ ਉਹ ਖ਼ੌਰੇ ਪਤਾ ਨਹੀਂ ਕਿੰਨਾ ਕੁ ਪ੍ਰੇਸ਼ਾਨ ਤੇ ਨਿਰਾਸ਼ ਹੋ ਗਿਆ ਹੋਵੇਗਾ ਕਿ ਉਸੇ ਕਤਾਰ ਵਿੱਚ ਹੀ ਬੇਹੋਸ਼ ਹੋ ਕੇ ਡਿੱਗ ਪਿਆ ਅਤੇ ਫਿਰ ਦਮ ਤੋੜ ਗਿਆ।
ਰੱਬ ਨਾ ਕਰੇ ਕਿ ਆਉਂਦੇ ਦਿਨਾਂ ਵਿੱਚ ਅਜਿਹੀਆਂ ਹੋਰ ਖ਼ਬਰਾਂ ਸਾਡੇ ਤੱਕ ਪਹੁੰਚਣ, ਪਰ ਦੇਸ਼ ਭਰ ਵਿੱਚ ਲੱਗੀਆਂ ਕਤਾਰਾਂ ਕੋਈ ਬਹੁਤੀ ਚੰਗੀ ਸੋਅ ਨਹੀਂ ਦੇ ਰਹੀਆਂ। ਇਨ੍ਹਾਂ ਕਤਾਰਾਂ ਨੇ ਇੱਕ ਵਾਰ ਫਿਰ ਨੋਟਬੰਦੀ ਦੌਰਾਨ ਲੱਗੀਆਂ ਕਤਾਰਾਂ ਦੀ ਯਾਦ ਦਿਵਾ ਦਿੱਤੀ ਹੈ। ਬੱਸ ਫ਼ਰਕ ਏਨਾ ਹੈ ਉਦੋਂ ਕਤਾਰਾਂ ਬੈਂਕਾਂ ਜਾਂ ਏ ਟੀ ਐੱਮਜ਼ ਸਾਹਮਣੇ ਲੱਗੀਆਂ ਸਨ ਅਤੇ ਹੁਣ ਗੈਸ ਏਜੰਸੀਆਂ ਦੇ ਦਫ਼ਤਰਾਂ ਜਾਂ ਗੋਦਾਮਾਂ ਅੱਗੇ ਹਨ। ਇਨ੍ਹਾਂ ਕਤਾਰਾਂ ਵਿੱਚ ਉਦੋਂ ਵੀ ਆਮ ਆਦਮੀ ਨੂੰ ਹੀ ਖੜ੍ਹਾ ਹੋਣਾ ਪਿਆ ਸੀ ਤੇ ਅੱਜ ਵੀ ਆਮ ਆਦਮੀ ਹੀ ਖੜ੍ਹਾ ਹੈ।
ਗੈਸ ਏਜੰਸੀਆਂ ਅੱਗੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਅਤੇ ਭੀੜਾਂ ਨੂੰ ਕੰਟਰੋਲ ਕਰਨ ਲਈ ਕਈ ਥਾਵਾਂ ’ਤੇ ਪੁਲੀਸ ਵੀ ਤਾਇਨਾਤ ਕਰਨੀ ਪਈ। ਇਸ ਤੋਂ ਇਲਾਵਾ ਗੈਸ ਨਾ ਮਿਲਣ ਕਾਰਨ ਪ੍ਰੇਸ਼ਾਨ ਲੋਕਾਂ ਨੇ ਇੰਡਕਸ਼ਨ ਚੁੱਲ੍ਹੇ ਖ਼ਰੀਦਣੇ ਸ਼ੁਰੂ ਕਰ ਦਿੱਤੇ ਸਨ, ਪਰ ਹੁਣ ਬਹੁਤੀ ਥਾਈਂ ਬਾਜ਼ਾਰ ਵਿੱਚੋਂ ਇਹ ਵੀ ਸੁਖਾਲੇ ਨਹੀਂ ਮਿਲ ਰਹੇੇ। ਭਾਵੇਂ ਸ਼ਨਿੱਚਰਵਾਰ ਨੂੰ ਪੈਟਰੋਲੀਅਮ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੇਸ਼ ਦੇ ਸਾਰੇ 29 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕਮਰਸ਼ੀਅਲ ਐੱਲ ਪੀ ਜੀ ਸਿਲੰਡਰਾਂ ਦੀ ਵੰਡ ਮੁੜ ਸ਼ੁਰੂ ਹੋ ਗਈ ਹੈ, ਪਰ ਅਜੇ ਵੀ ਹੋਟਲਾਂ, ਰੈਸਤਰਾਵਾਂ ਅਤੇ ਰਿਜ਼ੌਰਟਸ ਵਿੱਚ ਪਕਵਾਨਾਂ ਦੀ ਗਿਣਤੀ ਸੀਮਿਤ ਹੀ ਹੈ। ਜਿਨ੍ਹਾਂ ਲੋਕਾਂ ਦੇ ਬੱਚਿਆਂ ਦੇ ਵਿਆਹ ਹਨ, ਉਨ੍ਹਾਂ ਨੂੰ ਵੀ ਸਮਾਗਮਾਂ ਬਾਰੇ ਧੁੜਕੂ ਲੱਗਾ ਹੋਇਆ ਹੈ।
ਸਿਲੰਡਰ ਲੈਣ ਲਈ ਸਿਫ਼ਾਰਸ਼ਬਾਜ਼ੀ, ਤਿਜਾਰਤਬਾਜ਼ੀ ਅਤੇ ਜਮ੍ਹਾਂਖੋਰੀ ਦੇ ਸਿਲਸਿਲੇ ਵੀ ਜਾਰੀ ਹਨ। ਹਰਿਆਣਾ ਦੇ ਇੱਕ ਵੱਡੇ ਸ਼ਹਿਰ ਵਿੱਚ ਬਲੈਕ ’ਚ ਵਿਕਦੇ ਸਿਲੰਡਰ ਦੀ ਕੀਮਤ ਪੰਜ ਹਜ਼ਾਰ ਰੁਪਏ ਤੱਕ ਪੁੱਜ ਗਈ ਹੈ। ਇਹ ਵੀ ਇੱਕ ਹਕੀਕਤ ਹੈ ਕਿ ਵੱਧ ਮਾਰ ਗ਼ਰੀਬਾਂ, ਮਜ਼ਦੂਰਾਂ ਅਤੇ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਹੀ ਪੈਂਦੀ ਹੈ। ਉਨ੍ਹਾਂ ਕੋਲ ਨਾ ਤਾਂ ਗੈਸ ਦਾ ਨੰਬਰ (Registration) ਹੁੰਦਾ ਹੈ ਅਤੇ ਨਾ ਹੀ ਉਹ ਪੰਜ ਹਜ਼ਾਰ ਰੁਪਏ ਖ਼ਰਚ ਕੇ ਸਿਲੰਡਰ ਬਲੈਕ ਵਿੱਚ ਲੈ ਸਕਦੇ ਹਨ। ਏਨੇ ਪੈਸਿਆਂ ’ਚ ਤਾਂ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਪੂਰਾ ਮਹੀਨਾ ਢਿੱਡ ਭਰਨਾ ਹੁੰਦਾ ਹੈ।
ਸੰਕਟ ਆਉਂਦੇ ਰਹੇ ਹਨ ਅਤੇ ਆਉਂਦੇ ਵੀ ਰਹਿਣਗੇ। ਬੱਸ ਸਵਾਲ ਤਾਂ ਇਹ ਹੈ ਕਿ ਇਸ ਸੰਕਟ ਨੂੰ ਅਸੀਂ ਕਿੰਨਾ ਕੁ ਚਿਰ ਪਹਿਲਾਂ ਭਾਂਪ ਲਿਆ ਸੀ ਅਤੇ ਇਸ ਨਾਲ ਨਜਿੱਠਣ ਲਈ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਤਿਆਰ ਕੀਤਾ? ਕੋਈ ਵੀ ‘ਗੁਰੂ’ ਆਉਣ ਵਾਲੇ ਸੰਕਟ ਨੂੰ ਪਹਿਲਾਂ ਹੀ ਭਾਂਪ ਲੈਂਦਾ ਹੈ ਤੇ ਫਿਰ ਅਸੀਂ ਤਾਂ ‘ਵਿਸ਼ਵ ਗੁਰੂ’ ਹਾਂ, ਜੋ ਲਗਾਤਾਰ ਆਤਮ-ਨਿਰਭਰਤਾ ਦਾ ਪਾਠ ਪੜ੍ਹਦੇ ਅਤੇ ਦੁਹਰਾਉਂਦੇ ਰਹਿੰਦੇ ਹਾਂ। ਦੇਸ਼ ਦੇ ਕੋਨੇ ਕੋਨੇ ਤੋਂ ਐੱਲ ਪੀ ਜੀ ਸੰਕਟ ਦੀਆਂ ਖ਼ਬਰਾਂ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਪਰ ਅਸੀਂ ਤਾਂ ਇਹ ਵੀ ਮੰਨਣ ਲਈ ਤਿਆਰ ਨਹੀਂ ਕਿ ਦੇਸ਼ ਨੂੰ ਕੋਈ ਗੰਭੀਰ ਸੰਕਟ ਦਰਪੇਸ਼ ਹੈ। ਖ਼ੈਰ, ਪਿੰਡਾਂ ’ਚ ਵੱਸਦੇ ਭਾਰਤ ਦੇ ਲੋਕਾਂ ਨੇ ਤਾਂ ਆਪਣੇ ਚੁੱਲ੍ਹਿਆਂ ਤੇ ਹਾਰਿਆਂ ’ਤੇ ਪੋਚਾ ਫੇਰ ਲਿਆ ਹੈ ਅਤੇ ਪਾਥੀਆਂ ਤੇ ਹੋਰ ਬਾਲਣ ਇਕੱਠਾ ਕਰਕੇ ਘਰਾਂ ’ਚ ਸੁੱਟ ਲਿਆ ਹੈ।
ਸਾਡੀ ਸਿਆਸਤ ਇਸ ਕਦਰ ਲੋਕ-ਲੁਭਾਊ ਹੋ ਗਈ ਹੈ ਕਿ ਸਾਡੇ ਸਿਆਸਤਦਾਨ ਪ੍ਰਤੱਖ ਦਿਸਦੀ ਸਮੱਸਿਆ ਨੂੰ ਵੀ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਨੂੰ ਕਿਵੇਂ ਨਾ ਕਿਵੇਂ ਇਹ ਲੱਗਣ ਲੱਗ ਪਿਆ ਹੈ ਕਿ ਲੋਕਾਂ ਨੂੰ ਲਗਾਤਾਰ ਇਹ ਕਹਿੰਦੇ ਰਹੋ, ‘ਸਭ ਅੱਛਾ ਹੈ...…ਸਭ ਅੱਛਾ…...’ ਅਤੇ ਅਖ਼ੀਰ ਭੋਲੇ ਲੋਕ ਮੰਨ ਹੀ ਲੈਣਗੇ ਕਿ ਸਭ ਅੱਛਾ ਹੀ ਹੈ।
ਇੱਕ ਟੈਲੀਵਿਜ਼ਨ ਪ੍ਰੋਗਰਾਮ ਵਿੱਚ ਚਰਚਾ ਦੌਰਾਨ ਜਦੋਂ ਸੱਤਾਧਾਰੀ ਧਿਰ ਦੇ ਤਰਜਮਾਨ ਨੂੰ ਘਰੇਲੂ ਗੈਸ ਸੰਕਟ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਸੰਕਟ ਨਾਲ ਸਿੱਝਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦੇਣ ਦੀ ਬਜਾਏ ਆਪਣੇ ਜਵਾਬ ’ਚ ਸੰਨ 1991 ਦੀ ਖਾੜੀ ਜੰਗ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਉਦੋਂ ਸੱਤ ਦਿਨਾਂ ਦੇ ਅੰਦਰ ਅੰਦਰ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ 30 ਫ਼ੀਸਦੀ ਵਾਧਾ ਹੋਇਆ ਸੀ, ਪਰ ਹੁਣ ਕੀਮਤਾਂ ’ਚ ਕੋਈ ਵਾਧਾ ਨਹੀਂ ਹੋਇਆ (ਇਹ ਕਿਵੇਂ ਹੋ ਸਕਦਾ ਹੈ ਕਿ ਸਿਲੰਡਰ ਦੀ ਬਲੈਕ ’ਚ ਕੀਮਤ ਕਈ ਥਾਈਂ 5,000 ਰੁਪਏ ਹੋਣ ਦਾ ਉਸ ਨੂੰ ਕੋਈ ਇਲਮ ਹੀ ਨਾ ਹੋਵੇ!)।
ਕੀਮਤਾਂ ’ਚ ਕੋਈ ਵਾਧਾ ਨਾ ਹੋਣ ਦਾ ਦਾਅਵਾ ਕਰਨ ਮਗਰੋਂ ਉਸ ਦਾ ਕਹਿਣਾ ਸੀ ਕਿ ਸਰਕਾਰ ਵਾਰ-ਵਾਰ ਸਪੱਸ਼ਟ ਕਰ ਚੁੱਕੀ ਹੈ ਕਿ ਕਿਸੇ ਤਰ੍ਹਾਂ ਦੀ ਗੈਸ ਦੀ ਕੋਈ ਕਮੀ ਨਹੀਂ ਹੈ; ਇਹ (ਵਿਰੋਧੀ ਧਿਰਾਂ ਦੇ ਤਰਜਮਾਨਾਂ ਵੱਲ ਇਸ਼ਾਰਾ ਕਰ ਕੇ) ਤਾਂ ਮਹਿਜ਼ ਅਫ਼ਵਾਹਾਂ ਫੈਲਾ ਕੇ ਲੋਕਾਂ ’ਚ ਡਰ ਅਤੇ ਘਬਰਾਹਟ ਪੈਦਾ ਕਰ ਰਹੇ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰਾਂ ਦੀ ਜੰਗ ਨੂੰ ਲੈ ਕੇ ਪ੍ਰਗਟਾਈ ਜਾ ਰਹੀ ਫ਼ਿਕਰਮੰਦੀ ਬਾਰੇ ਸੱਤਾਧਾਰੀ ਧਿਰ ਦੇ ਤਰਜਮਾਨ ਦੀ ਟਿੱਪਣੀ ਸੀ, ‘‘ਜੰਗ ਅਮਰੀਕਾ-ਇਜ਼ਰਾਈਲ ਅਤੇ ਇਰਾਨ ਲੜ ਰਹੇ ਨੇ। ਮਾਤਮ ਇਹ ਲੋਕ ਮਨਾ ਰਹੇ ਹਨ। ਸਾਨੂੰ ਨਾ ਇਜ਼ਰਾਈਲ ਨਾਲ ਕੋਈ ਮਤਲਬ ਹੈ, ਨਾ ਇਰਾਨ ਨਾਲ।’’
ਕੀ ਇਨਸਾਨੀਅਤ ਅਤੇ ਇਨਸਾਨੀ ਜਾਨਾਂ ਨੂੰ ਆਪਣਾ ਖਾਜਾ ਬਣਾਉਣ ਵਾਲੀ ਜੰਗ ’ਤੇ ਮਾਤਮ ਨਹੀਂ ਮਨਾਉਣਾ ਬਣਦਾ? ਗ਼ੈਰ-ਸੰਵੇਦਨਸ਼ੀਲਤਾ ਦੀ ਹੱਦ ਤਾਂ ਉਦੋਂ ਹੋ ਗਈ ਜਦੋਂ ਇਸੇ ‘ਮਾਤਮ’ ਦਾ ਮਿਹਣਾ ਮਾਰਦਿਆਂ ਉਸ ਦਾ ਕਹਿਣਾ ਸੀ ‘ਬੇਗ਼ਾਨੀ ਸ਼ਾਦੀ ਮੇਂ ਅਬਦੁੱਲਾ ਦੀਵਾਨਾ’। ਜ਼ਰਾ ਸੋਚੋ, ਕਿੱਥੇ ਜੰਗ ਤੇ ਕਿੱਥੇ ਸ਼ਾਦੀ! ਜੇ ਤਸ਼ਬੀਹਾਂ ਦੇਣ ਵਾਲੇ ਨੂੰ ਏਨੀ ਵੀ ਸਮਝ ਨਹੀਂ ਕਿ ਮੌਤ ਅਤੇ ਤਬਾਹੀ ਦੀ ਪ੍ਰਤੀਕ ਜੰਗ ਦੇ ਨਾਲ ਸ਼ਾਦੀ ਵਾਲੀ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ ਤਾਂ ਲੋਕਾਂ ਦੀਆਂ ਸਮੱਸਿਆਵਾਂ ਸਮਝਣ ਦੀ ਵੀ ਉਸ ਨੂੰ ਕਿੰਨੀ ਕੁ ਸੂਝ ਹੋਵੇਗੀ? ਸ਼ਾਇਦ ਗ਼ਲਤੀ ਸਵਾਲ ਪੁੱਛਣ ਵਾਲੇ ਦੀ ਹੈ। ਇਹੋ ਜਿਹੇ ਲੋਕਾਂ ਤੋਂ ਅਜਿਹੇ ਸੰਜੀਦਾ ਸਵਾਲ ਪੁੱਛੇ ਹੀ ਨਹੀਂ ਜਾ ਸਕਦੇ।
ਖ਼ੈਰ, ਗੱਲ ਇੱਥੇ ਹੀ ਨਹੀਂ ਮੁੱਕੀ। ਤਰਜਮਾਨ ਨੂੰ ਯਾਦ ਦਿਵਾਇਆ ਗਿਆ ਕਿ ਪ੍ਰਧਾਨ ਮੰਤਰੀ ਨੇ ਰਾਜ ਸਰਕਾਰਾਂ ਨੂੰ ਬਾਕਾਇਦਾ ਹਦਾਇਤ ਦਿੱਤੀ ਹੈ ਕਿ ਆਮ ਲੋਕਾਂ ਨੂੰ ਇਸ ਮਾਮਲੇ ’ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਂਜ, ਜੇਕਰ ਦਿੱਕਤ ਨਾ ਹੁੰਦੀ ਤਾਂ ਪ੍ਰਧਾਨ ਮੰਤਰੀ ਨੂੰ ਇਹ ਹਦਾਇਤ ਦੇਣ ਦੀ ਕੀ ਲੋੜ ਸੀ ਤਾਂ ਅੱਗੋਂ ਘੜਿਆ ਘੜਾਇਆ ਜਵਾਬ ਮਿਲਿਆ, ‘‘ਅਸੀਂ ਦਿੱਕਤ ਦਾ ਖੰਡਨ ਕਦੋਂ ਕੀਤਾ ਹੈ, ਇਸੇ ਲਈ ਤਾਂ ਅਸੀਂ ਬਦਲਵੇਂ ਪ੍ਰਬੰਧ ਕਰ ਰਹੇ ਹਾਂ ਜਿਸ ’ਚ ਛੇ-ਸੱਤ ਦਿਨ ਹੋਰ ਲੱਗਣਗੇ। ਇਸ ਲਈ ਸਪਲਾਈ ’ਚ ਕੁਝ ਰੁਕਾਵਟਾਂ ਤਾਂ ਪੈਦਾ ਹੋਣਗੀਆਂ ਹੀ।’’
ਓਦਾਂ ਸਾਡੇ ਪੈਟਰੋਲੀਅਮ ਮੰਤਰਾਲੇ ਦਾ ਕਹਿਣਾ ਹੈ ਕਿ ਦੇਸ਼ ਵਿੱਚ ਗੈਸ ਦੀ ਕੋਈ ਕਮੀ ਨਹੀਂ ਹੈ। ਐੱਲ ਪੀ ਜੀ ਦਾ ਉਤਪਾਦਨ ਤੀਹ ਫ਼ੀਸਦੀ ਵਧਾ ਦਿੱਤਾ ਗਿਆ ਹੈ, ਜਿਸ ਕਰਕੇ ਕਿਸੇ ਵੀ ਕੇਂਦਰ ’ਤੇ ਸਪਲਾਈ ਰੁਕੀ ਨਹੀਂ। ਇਨ੍ਹਾਂ ਦਾਅਵਿਆਂ ਤੇ ਵਾਅਦਿਆਂ ਦੇ ਬਾਵਜੂਦ ਪਤਾ ਨਹੀਂ ਲੋਕ ਕਿਉਂ ਗੈਸ ਏਜੰਸੀਆਂ ਅੱਗੇ ਲੰਮੀਆਂ ਲੰਮੀਆਂ ਕਤਾਰਾਂ ਲਾ ਕੇ ਆਪਣਾ ਸਮਾਂ ਬਰਬਾਦ ਕਰ ਰਹੇ ਹਨ? ਜਦੋਂ ਸਰਕਾਰ ਨੇ ਇੱਕ ਵਾਰ ਤਾਂ ਕੀ, ਕਈ ਵਾਰ ਦੱਸ ਦਿੱਤਾ ਹੈ ਕਿ ਗੈਸ ਦੀ ਕੋਈ ਕਮੀ ਨਹੀਂ ਤਾਂ ਇਹ ਲੋਕ ਮੰਨ ਕਿਉਂ ਨਹੀਂ ਲੈਂਦੇ?
ਦੇਸ਼ ਦੇ ਆਜ਼ਾਦ ਹੋਣ ਤੋਂ ਪਹਿਲਾਂ ਬੇਗਾਨੇ ਹਾਕਮ ਸਨ, ਪਰ ਹੁਣ ਆਜ਼ਾਦ ਮੁਲਕ ’ਚ ਤਾਂ ਆਪਣੇ ਹੀ ਚੁਣੇ ਹੋਏ ਆਗੂ ਲੋਕ ਸੇਵਾ ਕਰ ਰਹੇ ਹਨ ਤੇ ਤੁਸੀਂ ਹਾਲੇ ਤੱਕ ਆਪਣੇ ਆਗੂਆਂ ’ਤੇ ਭਰੋਸਾ ਕਰਨਾ ਵੀ ਨਹੀਂ ਸਿੱਖਿਆ?

