DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਰਾਨ ਬਨਾਮ ਅਮਰੀਕਾ ਤੇ ਇਜ਼ਰਾਈਲ

ਜੂਨ 2025 ਤੋਂ ਬਾਅਦ ਦੂਜੀ ਵਾਰ ਮੁੜ ਇਜ਼ਰਾਈਲ ਤੇ ਅਮਰੀਕਾ ਨੇ ਇਰਾਨ ਨੂੰ ਗੱਲਬਾਤ ਦੇ ਭੁਲਾਵੇ ਵਿੱਚ ਲਿਆ ਕੇ 28 ਫਰਵਰੀ ਨੂੰ ਮਾਰੂ ਹਮਲਾ ਕਰਕੇ ਸਰਵਉੱਚ ਲੀਡਰ ਖਮੇਨੇਈ, ਰੱਖਿਆ ਮੰਤਰੀ, ਫੌਜ ਮੁਖੀ, ਖਮੇਨੇਈ ਦੀ ਪਤਨੀ, ਧੀ-ਜਵਾਈ, ਪੋਤਾ, ਦੋਹਤੀ ਤੇ ਅਨੇਕਾਂ...

  • fb
  • twitter
  • whatsapp
  • whatsapp
Advertisement

ਜੂਨ 2025 ਤੋਂ ਬਾਅਦ ਦੂਜੀ ਵਾਰ ਮੁੜ ਇਜ਼ਰਾਈਲ ਤੇ ਅਮਰੀਕਾ ਨੇ ਇਰਾਨ ਨੂੰ ਗੱਲਬਾਤ ਦੇ ਭੁਲਾਵੇ ਵਿੱਚ ਲਿਆ ਕੇ 28 ਫਰਵਰੀ ਨੂੰ ਮਾਰੂ ਹਮਲਾ ਕਰਕੇ ਸਰਵਉੱਚ ਲੀਡਰ ਖਮੇਨੇਈ, ਰੱਖਿਆ ਮੰਤਰੀ, ਫੌਜ ਮੁਖੀ, ਖਮੇਨੇਈ ਦੀ ਪਤਨੀ, ਧੀ-ਜਵਾਈ, ਪੋਤਾ, ਦੋਹਤੀ ਤੇ ਅਨੇਕਾਂ ਹੋਰ ਵੱਡੇ ਅਫ਼ਸਰ ਮਾਰ ਦਿੱਤੇ ਹਨ।

ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨੂੰ ਬੰਦੀ ਬਣਾ ਲੈਣ ਮਗਰੋਂ ਅਜਿਹਾ ਕਰਨ ਲਈ ਟਰੰਪ ਦਾ ਹੌਸਲਾ ਹੋਰ ਵਧ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇਰਾਨ ਦੇ ਲੋਕਾਂ ਨੂੰ ਸਿੱਧੀਆਂ ਅਪੀਲਾਂ ਵੀ ਕੀਤੀਆਂ ਕਿ ਸਰਕਾਰ ਉੱਤੇ ਕਬਜ਼ਾ ਕਰ ਲਓ, ਅਸੀਂ ਆ ਰਹੇ ਆਂ। ਪੰਜਤਾਲੀ ਸਾਲਾਂ ਤੋਂ ਅਮਰੀਕੀ ਸਖ਼ਤ ਪਾਬੰਦੀਆਂ ਨੇ ਖ਼ੁਦ ਪਹਿਲਾਂ ਇਰਾਨ ਨੂੰ ਆਰਥਿਕ ਸੰਕਟ ਵਿੱਚ ਧੱਕਿਆ। ਭਾਰਤ ਨੂੰ ਵੀ ਇਰਾਨ ਤੋਂ ਤੇਲ ਖਰੀਦਣ ਤੋਂ ਵਰਜਿਆ ਤੇ ਫਿਰ ਅਮਰੀਕਾ ਤੇ ਇਜ਼ਰਾਈਲ ਨੇ ਲੋਕਾਂ ਵਿੱਚ ਪ੍ਰਚਾਰਿਆ ਕਿ ਇਸ ਆਰਥਿਕ ਸੰਕਟ ਲਈ ਇਰਾਨ ਦੀ ਸਰਕਾਰ ਤੇ ਲੀਡਰਸ਼ਿਪ ਦੋਸ਼ੀ ਹੈ। ਏਜੰਸੀਆਂ ਰਾਹੀਂ ਮੁਜ਼ਾਹਰੇ ਸ਼ੁਰੂ ਕਰਵਾਏ।

Advertisement

ਜਦ ਅਮਰੀਕਾ ਤੇ ਇਜ਼ਰਾਈਲ ਨੇ ਜੂਨ 2025 ਵਿੱਚ ਐਲਾਨ ਕਰ ਦਿੱਤਾ ਸੀ ਕਿ ਉਨ੍ਹਾਂ ਇਰਾਨ ਉੱਤੇ ਹਮਲਾ ਕਰਕੇ ਉਸ ਦਾ ਪ੍ਰਮਾਣੂ ਬੰਬ ਬਣਾਉਣ ਦਾ ਸੁਫਨਾ ਤੋੜ ਦਿੱਤਾ ਹੈ ਤਾਂ ਹੁਣ ਇਹ ਦਾਅਵਾ ਕਿਸ ਆਧਾਰ ’ਤੇ ਕੀਤਾ ਜਾ ਰਿਹਾ ਹੈ ਕਿ ਇਰਾਨ ਨੇ ਦਸ ਦਿਨਾਂ ਵਿੱਚ ਪ੍ਰਮਾਣੂ ਬੰਬ ਬਣਾ ਲੈਣਾ ਸੀ ਤੇ ਇਸੇ ਕਰਕੇ ਇਹ ਹਮਲਾ ਕੀਤਾ ਗਿਆ ਹੈ। ਪਹਿਲਾਂ ਖਮੇਨੇਈ ਦੇ ਵੱਕਾਰ ਨੂੰ ਢਾਹ ਲਾਉਣ ਲਈ ਪ੍ਰਚਾਰਿਆ ਕਿ ਉਹ ਡਰ ਦਾ ਮਾਰਿਆ ਬੰਕਰਾਂ ਵਿੱਚ ਲੁਕ ਗਿਆ ਹੈ। ਪਰ ਖਮੇਨੇਈ ਨੇ ਐਲਾਨ ਕੀਤਾ ਸੀ ਕਿ ਜਦੋਂ 9 ਕਰੋੜ ਇਰਾਨੀ ਨਾਗਰਿਕ ਬੰਕਰਾਂ ਵਿੱਚ ਨਹੀਂ ਹਨ ਤਾਂ ਉਹ ਵੀ ਕਿਤੇ ਨਹੀਂ ਲੁਕੇਗਾ। ਖਮੇਨੇਈ ਨੇ ਮੌਤ ਨੂੰ ਗਲ਼ ਲਾ ਕੇ ਸ਼ਹੀਦ ਦਾ ਰੁਤਬਾ ਹਾਸਲ ਕਰ ਲਿਆ ਤੇ ਉਸ ਦੀ ਮੌਤ ਨੇ ਮੁਲਕ ਵਿੱਚ ਨਵੀਂ ਰੂਹ ਫੂਕ ਦਿੱਤੀ। ਕੁਰਬਾਨੀ ਕਮੀਆਂ ਨੂੰ ਵੀ ਕੱਜ ਲੈਂਦੀ ਹੈ। ਉਸ ਦੇ ਸ਼ਾਸਨ ਦੀਆਂ ਕਮੀਆਂ ਨੂੰ ਵੀ ਭੁੱਲ ਕੇ ਮੁਲਕ ਆਪਣੇ ਦਲੇਰ ਆਗੂਆਂ ਪਿੱਛੇ ਇਕਜੁੱਟ ਹੋ ਗਿਆ ਹੈ। ਲੀਡਰਸ਼ਿਪ ਤੇ ਫ਼ੌਜ ਘਬਰਾਈ ਨਹੀਂ, ਸਗੋਂ ਡਟ ਗਈ ਹੈ। ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਵਾਲੇ ਬਹਾਦਰ ਇਰਾਨੀ ਲੋਕ, ਤਿੰਨ-ਚਾਰ ਸੌ ਸਾਲ ਪਹਿਲਾਂ ਅਮਰੀਕੀ ਧਰਤੀ ਉੱਤੇ ਆ ਕੇ ਜਬਰੀ ਕਾਬਜ਼ ਹੋਏ ਉਨ੍ਹਾਂ ਯੂਰੋਪੀ ਧਾੜਵੀਆਂ ਸਾਹਮਣੇ ਡਟ ਗਏ ਹਨ, ਜੋ ਅੱਜ-ਕੱਲ੍ਹ ਅਮਰੀਕੀ ਸਦਾਉਂਦੇ ਹਨ।

Advertisement

ਟਰੰਪ ਸਭ ਹੱਦਾਂ ਛੇਤੀ ਲੰਘਣ ’ਤੇ ਉਤਾਰੂ ਹੈ। ਪਹਿਲਾਂ ਉਸ ਨੇ ਭਾਰਤ ਸਮੇਤ ਸਾਰੀ ਦੁਨੀਆ ਉੱਤੇ ਟੈਰਿਫ਼ ਵਾਰ ਕੀਤਾ। ਨਾਟੋ ਦੇ ਮੈਂਬਰ ਅਤੇ ਯੂਰੋਪੀ ਮੁਲਕ ਗਰੀਨਲੈਂਡ ਉੱਤੇ ਜਬਰੀ ਕਬਜ਼ਾ ਕਰ ਲੈਣ ਦਾ ਐਲਾਨ ਕੀਤਾ। ਇਹ ਵੀ ਆਖਿਆ ਕਿ ਅਮਰੀਕਾ ਤੋਂ ਵੀ ਵੱਡੇ ਦੇਸ਼ ਕੈੈਨੇਡਾ ਨੂੰ ਇੱਕ ਸੂਬੇ ਵਜੋਂ ਅਮਰੀਕਾ ਦੇ ਨਾਲ ਮਿਲਾ ਲਿਆ ਜਾਵੇਗਾ। ਤੇਲ ਦੌਲਤ ਨਾਲ ਮਾਲਾਮਾਲ ਮੁਲਕ ਵੈਨੇਜ਼ੁਏਲਾ ਉੱਤੇ ਨਸ਼ਿਆਂ ਦੇ ਵਪਾਰੀ ਹੋਣ ਦਾ ਇਲਜ਼ਾਮ ਲਾ ਕੇ ਉਨ੍ਹਾਂ ਦੇ ਰਾਸ਼ਟਰਪਤੀ ਮਾਦੁਰੋ ਨੂੰ ਘਰੋਂ ਜਬਰੀ ਚੁੱਕ ਕੇ ਗ੍ਰਿਫ਼ਤਾਰ ਕਰ ਕੇ ਅਮਰੀਕਾ ਲੈ ਆਂਦਾ। ਉਨ੍ਹਾਂ ਦੇ ਤੇਲ ਉੱਤੇ ਕਬਜ਼ੇ ਦਾ ਐਲਾਨ ਕੀਤਾ। ਕਿਊਬਾ ਮੈਕਸਿਕੋ ਕੋਲੰਬੀਆ ਉੱਤੇ ਵੀ ਛੇਤੀ ਹਮਲੇ ਕਰਕੇ ਮਰਜ਼ੀ ਦੀਆਂ ਸਰਕਾਰਾਂ ਬਣਾ ਲੈਣ ਦੀ ਗੱਲ ਆਖੀ।

ਅਸਲ ਵਿੱਚ ਇਜ਼ਰਾਈਲ ਦੀ ਲੰਮੇ ਸਮੇਂ ਤੋਂ ਯੋਜਨਾ ਸੀ ਕਿ ਅਮਰੀਕਾ ਕਿਸੇ ਬਹਾਨੇ ਇਰਾਨ ਉੱਤੇ ਆਪ ਤਬਾਹਕੁਨ ਹਮਲਾ ਕਰੇ। ਦੂਜੇ ਬੰਨੇ ਅਮਰੀਕਾ ਲਈ ਇਰਾਨ ਹੀ ਇੱਕ ਐਸਾ ਦੇਸ਼ ਸੀ ਜੋ ਉਸ ਦੀ ਧੌਂਸ ਮੰਨਣ ਤੋਂ ਇਨਕਾਰੀ ਸੀ। ਇਕ ਅਮਰੀਕੀ ਪੱਤਰਕਾਰ ਨੇ ਵੀ ਦੁਹਾਈ ਪਾਈ ਹੈ ਕਿ ਇਸ ਹਮਲੇ ਨਾਲ ਇਜ਼ਰਾਈਲ ਨੇ ਅਮਰੀਕਾ ਨੂੰ ਛਲਾਵੇ ਵਿੱਚ ਲੈ ਕੇ ਆਪਣਾ ਹਿੱਤ ਸਾਧਿਆ ਹੈ। ਇਜ਼ਰਾਈਲ ਦੀ ਪੂਰੇ ਫਲਸਤੀਨ ਅਤੇ ਖਿੱਤੇ ਦੇ ਹੋਰ ਇਲਾਕਿਆਂ ਉੱਤੇ ਕਬਜ਼ੇ ਦੀ ਮਨਸ਼ਾ ਵੀ ਹੈ। ਇਸ ਨੂੰ ਨੇਤਨਯਾਹੂ ‘ਗਰੇਟਰ ਇਜ਼ਰਾਈਲ’ ਬਣਾਉਣਾ ਕਹਿੰਦਾ ਹੈ ਤੇ ਇਰਾਨ ਦੀ ਮਜ਼ਬੂਤੀ ਉਸ ਨੂੰ ਇਸ ਰਾਹ ਵਿੱਚ ਅੜਿੱਕਾ ਦਿਖਾਈ ਦਿੰਦੀ ਹੈ।

ਕਤਰ, ਸੰਯੁਕਤ ਅਰਬ ਅਮੀਰਾਤ, ਜੌਰਡਨ, ਬਹਿਰੀਨ, ਇਰਾਕ, ਕੁਵੈਤ, ਸਾਊਦੀ ਅਰਬ, ਓਮਾਨ, ਤੁਰਕੀ ਵਿੱਚ ਵੱਡੇ ਅਮਰੀਕੀ ਫੌਜੀ ਅੱਡੇ ਹਨ ਅਤੇ ਇਸ ਤੇਲ ਖਿੱਤੇ ਉੱਤੇ ਕਬਜ਼ੇ ਵਰਗਾ ਦਬਦਬਾ ਹੈ। ਇਹ ਡਰੀਆਂ ਹੋਈਆਂ ਅਰਬ ਹਕੂਮਤਾਂ ਹਨ ਜਿਨ੍ਹਾਂ ਗਾਜ਼ਾ ਵਿੱਚ 80 ਹਜ਼ਾਰ ਮੌਤਾਂ, ਡੇਢ ਲੱਖ ਜ਼ਖਮੀ ਅਤੇ ਤਬਾਹੀ ਵੇਖ ਕੇ ਅਮਰੀਕਾ ਦਾ ਸਾਥ ਨਹੀਂ ਛੱਡਿਆ ਤੇ ਹੁਣ ਇਰਾਨ ਉੱਤੇ ਹਮਲੇ ਮਗਰੋਂ ਵੀ ਅਮਰੀਕਾ ਤੇ ਇਜ਼ਰਾਈਲ ਦੇ ਨਾਲ ਹਨ। ‘ਇਕ ਧਰਮ’ ਵਾਲੀ ਸਾਂਝ ਹੋਣ ਦਾ ਭਰਮ ਸੰਸਾਰ ਭਰ ਵਿੱਚ ਹਰ ਪਾਸੇ ਟੁੱਟ ਚੁੱਕਾ ਹੈ। ਸਗੋਂ ਮਜ਼ਹਬੀ ਕੱਟੜਤਾ ਇਨਸਾਨੀ ਸੋਚ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਗਈ ਦਿੱਸ ਰਹੀ ਹੈ।

ਇਸ ਪਰਖ ਦੇ ਮੌਕੇ ਭਾਰਤ ਸਰਕਾਰ ਇਰਾਨ ਉੱਤੇ ਹਮਲੇ ਅਤੇ ਕਤਲਾਂ ਬਾਰੇ ਚੁੱਪ ਹੀ ਰਹੀ ਹੈ, ਸਗੋਂ ਹਮਲੇ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇਜ਼ਰਾਈਲ ਦੌਰੇ ਮੌਕੇ ਨੇਤਨਯਾਹੂ ਨੂੰ ‘ਮੇਰਾ ਪੱਕਾ ਯਾਰ’ ਕਹਿੰਦੇ ਨਜ਼ਰ ਆਏ। ਭਾਰਤੀ ਲੋਕ ਹੈਰਾਨ ਪ੍ਰੇਸ਼ਾਨ ਹਨ ਕਿ ਇਸ ਨਾਜ਼ੁਕ ਮੌਕੇ ਪ੍ਰਧਾਨ ਮੰਤਰੀ ਨੇ ਅਜਿਹਾ ਕਿਉਂ ਕੀਤਾ? ਕੀ ਸਾਡੀ ਕੋਈ ਕਮਜ਼ੋਰ ਨਸ ਅਮਰੀਕਾ ਦੇ ਹੱਥ ਆਈ ਹੈ? ਸਸਤੇ ਤੇਲ ਗੈਸ ਤਾਂ ਅਸੀਂ ਇਰਾਨ ਅਤੇ ਰੂਸ ਤੋਂ ਲੈਂਦੇ ਰਹੇ ਹਾਂ। ਇਰਾਨ ਹੌਸਲੇ ਨਾਲ ਹਮਲੇ ਦਾ ਮੁਕਾਬਲਾ ਕਰ ਰਿਹਾ ਹੈ। ਸਭ ਅਮਰੀਕੀ, ਇਜ਼ਰਾਇਲੀ ਤੇ ਹੋਰ ਅਮਰੀਕੀ ਮਦਦਗਾਰਾਂ ਉੱਤੇ ਮੋੜਵਾਂ ਵਾਰ ਕਰ ਰਿਹਾ ਹੈ। ਇਰਾਨ ਦਾ ਐਲਾਨ ਹੈ ਕਿ ਉਹ ਅਰਬ ਦੇਸ਼ਾਂ ਉੱਤੇ ਨਹੀਂ ਸਗੋਂ ਇਨ੍ਹਾਂ ਦੇਸ਼ਾਂ ਵਿੱਚ ਸਿਰਫ਼ ਅਮਰੀਕੀ ਹਿੱਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਸਊਦੀ ਅਰਬ ਵਿੱਚ ਜਿਸ ਬਹੁਤ ਵੱਡੀ ਤੇਲ ਕੰਪਨੀ ‘ਰਾਸ ਤਨੂਰਾ (ਅਰਾਮਕੋ) ਉੱਤੇ ਵਾਰ ਵਾਰ ਹਮਲੇ ਹੋਣ ਦੀਆਂ ਖ਼ਬਰਾਂ ਹਨ, ਇਹ ਵੀ ਅਸਲ ਵਿੱਚ ਅਮਰੀਕੀ ਕੰਪਨੀ (ਰਿਫਾਇਨਰੀ) ਹੈ, ਜੋ 1933 ਵਿੱਚ ਬਣੀ ਸੀ। ਇਸ ਦਾ ਪਹਿਲਾ ਨਾਮ ‘ਸਟੈਂਡਰਡ ਆਇਲ ਕੰਪਨੀ ਆਫ ਕੈਲੇਫੋਰਨੀਆ’(ਸੋਕਾਲ) ਸੀ। 1988 ਵਿੱਚ ਨਾਮ ਬਦਲ ਕੇ ‘ਸਾਊਦੀ ਅਰਾਮਕੋ’ ਰੱਖ ਦਿੱਤਾ ਗਿਆ। ਇਸ ਦਾ ਸਾਊਦੀ ਤੇਲ ਤੰਤਰ ਉੱਤੇ ਸਭ ਤੋਂ ਵੱਧ ਕੰਟਰੋਲ ਹੈ। ਭਾਰਤ ਦੀ ਤੇਲ ਦਰਾਮਦ ਦਾ 20 ਫ਼ੀਸਦੀ ਹਿੱਸਾ ਇਸ ਕੰਪਨੀ ਤੋਂ ਹੀ ਆਉਂਦਾ ਹੈ। ਅਮਰੀਕਾ ਤੇ ਇਜ਼ਰਾਈਲ ਵੱਲੋਂ ਇਰਾਨ ਨੂੰ ਮਲੀਆਮੇਟ ਕਰਨ ਲਈ ਬਹੁਤ ਵੱਡੇ ਹਮਲੇ ਜਾਰੀ ਹਨ। ਇਰਾਨ ਮੋੜਵੇਂ ਮਿਜ਼ਾਈਲ ਹਮਲੇ ਕਰ ਰਿਹਾ ਤੇ ਝੁਕਣ ਤੋਂ ਇਨਕਾਰੀ ਹੈ। ਨੁਕਸਾਨ ਦੋਵੇਂ ਪਾਸੇ ਹੋ ਰਿਹਾ ਹੈ।

ਅਮਰੀਕਾ ਤੇ ਇਜ਼ਰਾਈਲ ਆਪਣੇ ਹਮਲਿਆਂ ਨਾਲ ਇਰਾਨ ਸਰਕਾਰ ਨੂੰ ਨਹੀਂ ਬਦਲ ਸਕੇ ਤੇ ਜਾਪਦਾ ਹੈ ਕਿ ਬਦਲ ਸਕਦੇ ਵੀ ਨਹੀਂ। ਪਹਿਲੇ ਦਿਨ ਦੇ ਹਮਲੇ ਵਿੱਚ 165 ਸਕੂਲੀ ਬੱਚੀਆਂ ਅਤੇ ਮੁੱਖ ਲੀਡਰਸ਼ਪ ਦੇ ਮਾਰੇ ਜਾਣ ਮਗਰੋਂ ਇਰਾਨ ਸਗੋਂ ਹੋਰ ਇਕਜੁੱਟ ਹੋ ਗਿਆ ਹੈ। ਸਰਕਾਰ ਵਿਰੋਧੀ ਅੰਦਰਲੀਆਂ ਸੁਰਾਂ ਮੱਧਮ ਹੋ ਗਈਆਂ ਹਨ ਤੇ ਇਕਜੁੱਟਤਾ ਵਧੀ ਹੈ। ਪ੍ਰਮਾਣੂ ਰੋਕ ਅਤੇ ਮਿਜ਼ਾਈਲ ਵਿਕਾਸ ਮੁੱਦਿਆਂ ਉੱਤੇ ਗੱਲਬਾਤ ਬੰਦ ਹੋ ਗਈ ਹੈ। ਫਿਲਹਾਲ ਸਿਰਫ ਫ਼ੌਜੀ ਮੁਕਾਬਲਾ ਹੋ ਰਿਹਾ ਹੈ। ਹਜ਼ਾਰ ਤੋਂ ਉੱਪਰ ਇਰਾਨੀ ਮੌਤਾਂ ਦੀ ਖ਼ਬਰ ਹੈ। ਕੁਝ ਅਮਰੀਕੀ ਮੌਤਾਂ ਵੀ ਹੋਈਆਂ ਹਨ।

ਅਮਰੀਕਾ ਨੂੰ ਉਮੀਦ ਨਹੀਂ ਸੀ ਕਿ ਜ਼ੋਰਦਾਰ ਮੋੜਵੇਂ ਇਰਾਨੀ ਹਮਲਿਆਂ ਕਾਰਨ ਉਸ ਨੂੰ ਇੰਨੀ ਜਲਦੀ ਸਾਰੇ ਅਰਬ ਮੁਲਕਾਂ ਵਿੱਚਲੀਆਂ ਆਪਣੀਆਂ ਅੰਬੈਸੀਆਂ ਬੰਦ ਕਰਨੀਆਂ ਪੈਣਗੀਆਂ ਅਤੇ ਇਨ੍ਹਾਂ ਦੇਸ਼ਾਂ ਵਿੱਚ ਤਾਇਨਾਤ ਅਮਰੀਕੀ ਫ਼ੌਜ ਤੇ ਅਮਰੀਕੀ ਨਾਗਰਿਕਾਂ ਨੂੰ ਕੱਢਣ ਲਈ ਜੱਦੋ-ਜਹਿਦ ਕਰਨੀ ਪਵੇਗੀ। ਇਜ਼ਰਾਈਲ ਆਪਣੀ ਉਮੀਦ ਅਨੁਸਾਰ ਇਰਾਨ ਦੇ ਹਮਲਿਆਂ ਦਾ ਜਵਾਬ ਦੇਣ ਵਿੱਚ ਸਫ਼ਲ ਨਹੀਂ ਹੋ ਸਕਿਆ। ਇਸ ਸਾਰੇ ਦ੍ਰਿਸ਼ ਵਿੱਚ ਇੱਕ ਗੱਲ ਅਟੱਲ ਹੈ ਕਿ ਏਸ਼ੀਆ ਦਾ ਇਹ ਪੂਰਾ ਖਿੱਤਾ ਜੰਗ ਵਿੱਚ ਝੁਲਸੇਗਾ। ਮਹਿੰਗਾਈ ਵਧੇਗੀ, ਆਰਥਿਕਤਾ ਲੜਖੜਾਏਗੀ ਤੇ ਹਥਿਆਰਾਂ ਦੀ ਬੇਲੋੜੀ ਦੌੜ ਤੇਜ਼ ਹੋਵੇਗੀ। ਲਗਦਾ ਹੈ ਕਿ ਅਖੀਰ ਜੰਗ ਉਪਰੰਤ ਇਰਾਨ ਦਾ ਆਧਾਰ/ਆਰਥਿਕ ਢਾਂਚਾ ਤਾਂ ਵੱਡਾ ਨੁਕਸਾਨ ਉਠਾਵੇਗਾ ਪਰ ਉਸ ਦਾ ਸਿਆਸੀ ਤੇ ਫ਼ੌਜੀ ਵੱਕਾਰ ਹੋਰ ਬੁਲੰਦ ਹੋਵੇਗਾ।

ਅਮਰੀਕੀ ਟੈਰਿਫ/ ਵੈਨੇਜ਼ੁਏਲਾ/ ਗਰੀਨਲੈਂਡ/ ਕੈਨੇਡਾ/ ਇਰਾਨ ਨਾਲ ਸਬੰਧਤ ਵਰਤਾਰਿਆਂ ਨੇ ਅਮਰੀਕਾ ਨੂੰ ਯੂਰੋਪ ਅਤੇ ਨਾਟੋ ਸਹਿਯੋਗੀਆਂ ਤੋਂ ਵੀ ਅੰਦਰੋਂ/ਮਨੋਂ ਦੂਰ ਕਰ ਦਿੱਤਾ ਹੈ। ਨਾਟੋ ਯੂਰੋਪ ਸਮੇਤ ਕੁੱਲ ਸੰਸਾਰ ਵਿੱਚ ਅਮਰੀਕਾ ਉੱਤੇ ਸੰਪੂਰਨ ਬੇਵਿਸ਼ਵਾਸੀ ਦਾ ਆਲਮ ਹੈ। ਭਾਰਤ ਬਚ ਬਚਾ ਕੇ ਚੱਲ ਰਿਹਾ ਲਗਦਾ ਹੈ। ਇਸ ਵਕਤ ਅਮਰੀਕਾ ਅਤੇ ਇਜ਼ਰਾਈਲ ਦਾ ਇਕ ਵੀ ਹੋਰ ਮੁਲਕ ਤਨੋਂ ਮਨੋਂ ਪੱਕਾ ਬੇਲੀ ਨਹੀਂ ਜਾਪਦਾ। ਇਹ ਅਮਰੀਕੀ ਕੂਟਨੀਤੀ ਦੀ ਵੱਡੀ ਹਾਰ ਹੈ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਦਿੱਸਣਗੇ। ਸਾਰੀ ਦੁਨੀਆ ਵਿੱਚ ਤੇਜ਼ੀ ਨਾਲ ਨਵੇਂ ਸਿਰਿਓਂ ਗੱਠਜੋੜ ਬਣ ਰਹੇ ਹਨ।

ਇਰਾਨ ਉੱਤੇ ਮੌਜੂਦਾ ਹਮਲੇ ਦੇ ਸਾਰੇ ਬਹਾਨੇ ਝੂਠੇ ਹਨ। ਸੱਚ ਉਹ ਹੈ ਜੋ ਇਕ ਅਮਰੀਕੀ ਪੱਤਰਕਾਰ ਦੇ ਸਵਾਲ ਦੇ ਜਵਾਬ ਵਿੱਚ ਟਰੰਪ ਦੇ ਮੂੰਹੋਂ ਸੁਭੈਕੀ ਨਿਕਲ ਗਿਆ, ‘ਤੁਸੀਂ ਫਿਕਰ ਨਾ ਕਰੋ, ਥੋੜ੍ਹੇ ਦਿਨਾਂ ਬਾਅਦ ਵੈਨੇਜ਼ੁਏਲਾ ਦੀ ਤਰ੍ਹਾਂ ਇਰਾਨੀ ਤੇਲ ਵੀ ਸਾਡਾ ਹੋਵੇਗਾ।’ ਪਰ ਦੁਨੀਆ ਤਾਂ ਇਸ ਗੱਲੋਂ ਵੀ ਫ਼ਿਕਰਮੰਦ ਹੈ ਕਿ ਇਨ੍ਹਾਂ ਬੌਰੇ ਜਿਹੇ ਸਵਾਰਥੀ ਅਨਸਰਾਂ ਦੀਆਂ ਅਜਿਹੀਆਂ ਹਰਕਤਾਂ ਕਿਤੇ ਸਾਨੂੰ ਵਿਸ਼ਵ ਜੰਗ ਵੱਲ ਨਾ ਤੋਰ ਦੇਣ।

ਸੰਪਰਕ: 94173-24543

Advertisement
×