ਵਾਤਾਵਰਨ ਲੜੀ-4

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਮਿਲਖਾ ਸਿੰਘ ਔਲਖ* ਕਾਬਲ ਸਿੰਘ ਗਿੱਲ**

ਮਿਲਖਾ ਸਿੰਘ ਔਲਖ* ਕਾਬਲ ਸਿੰਘ ਗਿੱਲ**

ਭਾਰਤ ਵਿਚ ਸ਼ਹਿਰੀ ਤੇ ਸਨਅਤੀ ਖੇਤਰ ਵੱਡੀ ਮਾਤਰਾ ਵਿਚ ਪ੍ਰਦੂਸ਼ਿਤ ਪਾਣੀ ਦਾ ਨਿਕਾਸ ਕਰਦੇ ਹਨ, ਤੇ ਇਹ ਤੇਜ਼ੀ ਨਾਲ ਵਧ ਰਿਹਾ ਹੈ। ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੀ ਘਾਟ ਅਤੇ ਅਣਗਹਿਲੀ ਕਾਰਨ ਪਾਣੀ, ਜ਼ਮੀਨ, ਹਵਾ, ਪੌਦਿਆਂ, ਭੋਜਨ, ਖੁਰਾਕ, ਜਾਨਵਰਾਂ ਅਤੇ ਲੋਕਾਂ ਉੱਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਗੰਦੇ ਪਾਣੀ ਵਿਚ ਜ਼ਹਿਰੀਲੇ ਪਦਾਰਥ ਜਿਵੇਂ ਸਿੱਕਾ, ਕੈਡਮੀਅਮ, ਨਿਕਲ, ਕ੍ਰੋਮੀਅਮ, ਅਲਮੀਨੀਅਮ, ਕੋਬਾਲਟ ਅਤੇ ਸਾਈਨਾਈਡ; ਬੂਟਿਆਂ ਲਈ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਜ਼ਿੰਕ, ਲੋਹਾ, ਤਾਂਬਾ ਤੇ ਮੈਂਗਨੀਜ਼ ਅਤੇ ਨੁਕਸਾਨਦੇਹ ਜਰਾਸੀਮ/ਸੂਖਮ ਕੀਟਾਣੂ ਹੋ ਸਕਦੇ ਹਨ। ਕਾਨੂੰਨ ਅਨੁਸਾਰ ਭਾਰਤ ਵਿਚ ਸਨਅਤਾਂ ਦੇ ਗੰਦੇ ਪਾਣੀ ਅਤੇ ਨਾਲਿਆਂ ਦੇ ਠੋਸ ਰਹਿੰਦ-ਖੂੰਹਦ ਦੀ ਸੋਧਾਈ ਜ਼ਰੂਰੀ ਹੈ। ਜ਼ਹਿਰੀਲੇ ਪਦਾਰਥ ਕੱਢਣ ਅਤੇ ਕੀਟਾਣੂ ਮਾਰਨ ਲਈ ਪਹਿਲੇ, ਦੂਜੇ ਅਤੇ ਤੀਜੇ ਪੱਧਰ ਦੀ ਸੋਧਾਈ ਲਈ ਸਹੂਲਤਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਪਰ ਕਸਬਿਆਂ, ਸ਼ਹਿਰਾਂ ਤੇ ਸਨਅਤਾਂ ਦੇ ਅਣਸੋਧੇ ਗੰਦੇ ਪਾਣੀ ਨੂੰ ਖੁੱਲ੍ਹੇ ਨਾਲਿਆਂ ਵਿਚ ਛੱਡਣਾ, ਟਿਊਬਵੈੱਲਾਂ ਰਾਹੀਂ ਜ਼ਮੀਨ ਹੇਠਾਂ ਭੇਜਣਾ ਅਤੇ ਫਸਲਾਂ ਦੀ ਸਿੰਜਾਈ ਲਈ ਵਰਤਣਾ ਆਮ ਗੱਲ ਹੈ। ਇਸ ਤਰ੍ਹਾਂ ਅਣਸੋਧੇ ਪ੍ਰਦੂਸ਼ਿਤ ਪਾਣੀ ਵਿਚ ਜ਼ਹਿਰੀਲੇ ਪਦਾਰਥ ਅਤੇ ਖ਼ਤਰਨਾਕ ਕੀਟਾਣੂਆਂ ਦਾ ਭੈੜਾ ਅਸਰ ਜ਼ਮੀਨ, ਪਾਣੀ, ਬਨਸਪਤੀ, ਜਾਨਵਰਾਂ, ਮਨੁੱਖ ਪ੍ਰਣਾਲੀ ਰਾਹੀਂ ਜਾਨਵਰਾਂ ਅਤੇ ਲੋਕਾਂ ਦੀ ਸਿਹਤ ਲਈ ਵੱਡੇ ਖਤਰੇ ਪੈਦਾ ਕਰਦੇ ਹਨ। ਪਾਣੀ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮਵਾਰ ਸ਼ਹਿਰੀ ਅਤੇ ਸਨਅਤੀ ਗੰਦਾ ਪਾਣੀ ਹੈ।

ਸਨਅਤੀ ਸ਼ਹਿਰਾਂ ਦੇ ਗੰਦੇ ਪਾਣੀ ਵਿਚ ਦੂਜੇ ਸ਼ਹਿਰਾਂ ਨਾਲੋਂ ਜ਼ਹਿਰੀਲੇ ਤੱਤ ਵੱਧ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਅਧਿਐਨਾਂ ਰਾਹੀਂ ਪਤਾ ਲੱਗਾ ਕਿ (1) ਸਨਅਤੀ ਸ਼ਹਿਰਾਂ (ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ) ਦੇ ਗੰਦੇ ਪਾਣੀ ਵਿਚ ਜ਼ਹਿਰੀਲੇ ਤੱਤਾਂ ਦੀ ਮਾਤਰਾ, ਦੂਜੇ ਘੱਟ ਸਨਅਤੀ ਸ਼ਹਿਰਾਂ (ਸੰਗਰੂਰ ਤੇ ਅਬੋਹਰ) ਨਾਲੋਂ ਕਈ ਗੁਣਾ ਵੱਧ ਸੀ; (2) ਘਰੇਲੂ ਗੰਦੇੇ ਪਾਣੀ ਵਿਚ ਜ਼ਹਿਰੀਲੇ ਤੱਤ ਸਨਅਤੀ ਸਮੂਹਾਂ ਦੇ ਗੰਦੇ ਪਾਣੀ ਨਾਲੋਂ ਘੱਟ ਸਨ; (3) ਇਲੈਕਟ੍ਰੋਪਲੇਟਿੰਗ ਸਨਅਤੀ ਖੇਤਰ ਦੇ ਗੰਦੇ ਪਾਣੀ ਵਿਚ ਕ੍ਰੋਮੀਅਮ, ਨਿਕਲ ਤੇ ਸਾਇਆਨਾਈਡ ਦੀ ਮਾਤਰਾ ਖੇਤੀਬਾੜੀ ਜ਼ਮੀਨਾਂ ਦੀ ਸਿੰਜਾਈ ਲਈ ਵੱਧ ਤੋਂ ਵੱਧ ਸਹਿਣਯੋਗ ਸੀਮਾਵਾਂ ਤੋਂ ਬਹੁਤ ਜ਼ਿਆਦਾ ਸੀ; (4) ਕੱਪੜੇ, ਉੱਨ ਅਤੇ ਰੰਗ ਕਰਨ ਵਾਲੀਆਂ ਸਨਅਤਾਂ ਨਾਲੋਂ ਸਾਈਕਲ, ਪੁਰਜ਼ੇ ਬਣਾਉਣ ਅਤੇ ਇਲੈਕਟ੍ਰੋਪਲੇਟਿੰਗ ਸਨਅਤਾਂ ਦੇ ਗੰਦੇ ਪਾਣੀ ਵਿਚ ਸਿੱਕਾ, ਕੈਡਮੀਅਮ ਅਤੇ ਨਿਕਲ ਕ੍ਰਮਵਾਰ 2.5, 1.44 ਤੇ 7.5 ਗੁਣਾ ਵੱਧ ਸਨ; (5) ਲੁਧਿਆਣਾ ਸ਼ਹਿਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਬੁੱਢੇ ਨਾਲੇ ਦਾ ਪਾਣੀ ਲਗਭਗ ਸਾਫ ਹੁੰਦਾ ਹੈ। ਸ਼ਹਿਰ ਵਿਚ 15 ਕਿਲੋਮੀਟਰ ਵਗਦੇੇ ਹੋਏ ਸਨਅਤਾਂ ਦਾ ਅਣਸੋਧਿਆ ਗੰਦਾ ਪਾਣੀ ਪੈਣ ਕਰਕੇ ਜ਼ਹਿਰੀਲੀਆਂ ਧਾਤਾਂ ਦੀ ਮਾਤਰਾ ਕਈ ਗੁਣਾ ਵਧ ਕੇ ਪਾਣੀ ਨੂੰ ਲਗਭਗ ਜ਼ਹਿਰੀਲਾ ਬਣਾ ਦਿੰਦੀ ਹੈ। ਸ਼ਹਿਰ ਦੇ ਅਖੀਰ ’ਤੇ ਇਸ ਦੇ ਪਾਣੀ ਵਿਚ ਸਿੱਕਾ, ਕ੍ਰੋਮੀਅਮ, ਕੈਡਮੀਅਮ ਅਤੇ ਨਿਕਲ ਦੀ ਮਾਤਰਾ ਡੂੰਘੇ ਟਿਊਬਵੈੱਲਾਂ ਦੇ ਪਾਣੀ ਨਾਲੋਂ ਕ੍ਰਮਵਾਰ 21, 133, 700 ਅਤੇ 2200 ਗੁਣਾ ਵਧ ਹੈ; (6) ਜਲੰਧਰ ਸ਼ਹਿਰ ਵਿਚ ਚਮੜਾ ਸਨਅਤਾਂ ਦਾ ਗੰਦਾ ਪਾਣੀ ਪੈਣ ਤੋਂ ਬਾਅਦ ਕਾਲੀ ਵੇਈਂ (ਸੁਲਤਾਨਪੁਰ ਲੋਧੀ ਤੇ ਕਪੂਰਥਲਾ ਦੇ ਨੇੜੇ) ਦੇ ਪਾਣੀ ਵਿਚ ਕ੍ਰੋਮੀਅਮ ਤੇ ਅਲੂਮੀਨੀਅਮ ਦੀ ਮਾਤਰਾ ਕਈ ਗੁਣਾ ਵੱਧ ਹੈ। ਬੁੱਢਾ ਨਾਲਾ, ਕਾਲੀ ਵੇਈਂ ਅਤੇ ਕਈ ਹੋਰ ਨਾਲੇ ਸਤਲੁਜ ਤੇ ਬਿਆਸ ਦਰਿਆਵਾਂ, ਸਰਹਿੰਦ ਨਹਿਰ ਅਤੇ ਹੋਰ ਨਦੀਆਂ ਤੇ ਨਹਿਰਾਂ ਵਿਚ ਪੈਣ ਕਾਰਨ ਤਾਜ਼ਾ ਸਾਫ਼ ਪਾਣੀਆਂ ਨੂੰ ਪ੍ਰਦੂਸ਼ਿਤ ਕਰਦੇ ਹਨ। ਇਹ ਪਾਣੀ ਪੰਜਾਬ ਦੇ ਮਾਲਵਾ ਖੇਤਰ ਅਤੇ ਰਾਜਸਥਾਨ ਵਿਚ ਸਿੰਜਾਈ ਅਤੇ ਪੀਣ ਲਈ ਵਰਤਿਆ ਜਾਂਦਾ ਹੈ ਜਿਸ ਕਾਰਨ ਬਿਮਾਰੀਆਂ ਫੈਲਦੀਆਂ ਹਨ।

ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਨੂੰ ਢਾਹ

ਸਨਅਤੀ ਆਦਾਰੇ ਅਕਸਰ ਆਪਣੇ ਸਥਾਨਾਂ ਵਿਚ ਜਾਂ ਨੇੜੇ ਡੂੰਘੇ ਬੋਰ ਕਰਕੇ ਆਪਣੀ ਨਿਕਾਸੀ ਵਾਲਾ ਗੰਦਾ ਪਾਣੀ ਧਰਤੀ ਹੇਠਲੇ ਪਾਣੀ ਦੇ ਭੰਡਾਰ ਨਾਲ ਜੋੜ ਦਿੰਦੇ ਹਨ। ਮਾਹਿਰ ਦੱਸਦੇ ਹਨ ਕਿ ਇਹ ਕਾਰਵਾਈ ਅਸਲ ਵਿਚ ਕੁਦਰਤੀ, ਸਾਫ਼ ਅਤੇ ਸਿਹਤਮੰਦ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਹੈ। ਇਹ ਧਰਤੀ ਹੇਠਲੇ ਪਾਣੀ ਦਾ ਜਾਨਵਰਾਂ ਤੇ ਲੋਕਾਂ ਦੇ ਵਰਤਣ ਅਤੇ ਕੁਝ ਹਾਲਾਤ ਵਿਚ ਸਿੰਜਾਈ ਲਈ ਅਯੋਗ ਹੋਣ ਦਾ ਮੁੱਖ ਕਾਰਨ ਹੈ। ਪੀਏਯੂ ਦੇ ਇੱਕ ਅਧਿਐਨ ਵਿਚ ਸਾਹਮਣੇ ਆਇਆ ਕਿ ਬੁੱਢੇ ਨਾਲੇ ਤੋਂ 200 ਮੀਟਰ ਦੂਰੀ ਤਕ ਲੱਗੇ ਨਲਕਿਆਂ ਦੇ ਪਾਣੀ ਵਿਚ ਸਿੱਕਾ, ਕੈਡਮੀਅਮ, ਨਿਕਲ ਅਤੇ ਕ੍ਰੋਮੀਅਮ ਦੀ ਮਾਤਰਾ ਡੂੰਘੇ ਟਿਊਬਵੈੱਲਾਂ ਦੇ ਪਾਣੀ ਨਾਲੋਂ ਵੱਧ ਸੀ ਅਤੇ ਪੀਣ ਵਾਲੇ ਪਾਣੀ ਲਈ ਮਾਨਤ-ਮਾਤਰਾ ਨਾਲੋਂ ਕਈ ਗੁਣਾ ਜ਼ਿਆਦਾ ਸੀ।

ਪ੍ਰਦੂਸ਼ਿਤ ਪਾਣੀ ਦਾ ਜ਼ਮੀਨ ’ਤੇ ਮਾੜਾ ਅਸਰ

ਪੀਏਯੂ ਦੀਆਂ ਖੋਜਾਂ ਰਾਹੀਂ ਪਤਾ ਲੱਗਾ ਕਿ ਲੁਧਿਆਣਾ ਦੇ ਘਣੇ ਸਨਅਤੀ ਖੇਤਰਾਂ ਨੇੜੇ ਗੰਦੇ ਪਾਣੀ ਨਾਲ ਸਿੰਜਾਈ ਵਾਲੀ ਜ਼ਮੀਨ ਵਿਚ ਜ਼ਹਿਰੀਲੀਆ ਧਾਤਾਂ, ਸਿੱਕਾ, ਕੈਡਮੀਅਮ ਤੇ ਨਿਕਲ ਦੀ ਮਾਤਰਾ 4.2, 3.6 ਤੇ 0.30 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਸੀ ਜੋ ਕ੍ਰਮਵਾਰ, ਸੰਗਰੂਰ ਵਰਗੇ ਘੱਟ ਸਨਅਤੀ ਸ਼ਹਿਰ ਦੇ ਆਲੇ-ਦੁਆਲੇ ਦੀ ਜ਼ਮੀਨ ਵਿਚ ਸਿਰਫ 2.8, 0.40 ਤੇ 0.12 ਮਿਲੀਗ੍ਰਾਮ ਪ੍ਰਤੀ ਕਿਲੋਗ੍ਰਾਮ ਸੀ। ਇਹ ਵੀ ਪਤਾ ਲੱਗਿਆ ਕਿ ਬੁੱਢੇ ਨਾਲੇ ਦੇ ਪਾਣੀ ਨਾਲ ਸਿੰਜੀ ਜ਼ਮੀਨ ਵਿਚ ਕੈਡਮੀਅਮ, ਸਿੱਕਾ ਅਤੇ ਨਿਕਲ ਦੀ ਮਾਤਰਾ ਟਿਊਬਵੈੱਲ ਵਾਲੇ ਪਾਣੀ ਨਾਲ ਸਿੰਜੀ ਜ਼ਮੀਨ ਨਾਲੋਂ ਕ੍ਰਮਵਾਰ 530, 361 ਅਤੇ 296% ਵੱਧ ਸਨ। ਇਸੇ ਤਰ੍ਹਾਂ ਅੰਮ੍ਰਿਤਸਰ ਤੇ ਜਲੰਧਰ ਦੇ ਸਨਅਤੀ ਸ਼ਹਿਰਾਂ ਦੇ ਗੰਦੇ ਪਾਣੀ ਦੀ ਲਗਾਤਾਰ ਵਰਤੋਂ ਨਾਲ ਜ਼ਮੀਨ ਵਿਚ ਜ਼ਹਿਰੀਲੀਆਂ ਧਾਤਾਂ ਦੇ ਵਾਧੇ ਹੋਏ ਹਨ।

ਫਸਲਾਂ ’ਤੇ ਮਾੜਾ ਅਸਰ

ਵੱਡੇ ਸ਼ਹਿਰਾਂ ਨੇੜੇ ਗੰਦੇ ਪਾਣੀ ਦੀ ਵਰਤੋਂ ਕਰਕੇ ਸਬਜ਼ੀਆਂ ਅਤੇ ਪਸ਼ੂ-ਚਾਰੇ ਦੀਆਂ ਫਸਲਾਂ ਉਗਾਉਣਾ ਆਮ ਹੈ। ਪੀਏਯੂ ਦੇ ਅਧਿਐਨਾਂ ਅਨੁਸਾਰ ਮੱਕੀ, ਸਰੋਂ, ਤੋਰੀਆ, ਬਾਜਰਾ ਅਤੇ ਭਿੰਡੀ ਦੇ ਪੌਦਿਆਂ ਵਿਚ ਕੈਡਮੀਅਮ ਦੀ ਮਾਤਰਾ ਅ-ਪ੍ਰਦੂਸ਼ਿਤ ਜ਼ਮੀਨ ਨਾਲੋਂ ਪ੍ਰਦੂਸ਼ਿਤ ਜ਼ਮੀਨ ਵਿਚ ਉਗਾਉਣ ਵੇਲੇ 2.0 ਤੋਂ 3.5 ਗੁਣਾ ਵੱਧ ਸੀ। ਵੱਖ ਵੱਖ ਫ਼ਸਲਾਂ ਵਿਚ ਨਿਕਲ ਦੀ ਮਾਤਰਾ ਟਿਊਬਵੈੱਲ ਵਾਲੇ ਪਾਣੀ ਨਾਲੋਂ ਗੰਦੇ ਪਾਣੀ ਦੀ ਸਿੰਜਾਈ ਨਾਲ 16 ਤੋਂ 136% ਵੱਧ ਸੀ। ਜਦੋਂ ਪ੍ਰਦੂਸ਼ਿਤ ਜ਼ਮੀਨ ’ਤੇ ਉਗਾਇਆ ਜਾਵੇ ਤਾਂ ਪਾਲਕ, ਫੁੱਲ ਗੋਭੀ, ਬੰਦ ਗੋਭੀ, ਧਨੀਆ ਅਤੇ ਸਰੋਂ (ਸਾਗ) ਦੇ ਪੌਦਿਆਂ ਵਿਚ ਅਨਾਜ ਤੇ ਹੋਰ ਫਸਲਾਂ ਦੇ ਮੁਕਾਬਲੇ ਜ਼ਹਿਰੀਲੀਆਂ ਧਾਤਾਂ ਵਧੇਰੇ ਇਕੱਠੀਆਂ ਹੁੰਦੀਆਂ ਹਨ। ਪੌਦਿਆਂ ਵਿਚ ਕੈਡਮੀਅਮ, ਸਿੱਕਾ ਤੇ ਨਿਕਲ ਦੀ ਮਾਤਰਾ ਕ੍ਰਮਵਾਰ, ਅ-ਪ੍ਰਦੂਸ਼ਿਤ ਜ਼ਮੀਨ (ਟਿਊਬਵੈੱਲ ਦਾ ਪਾਣੀ) ਵਿਚ 0.98, 2.01 ਅਤੇ 3.55 ਮਿਲੀਗ੍ਰਾਮ/ਕਿਲੋਗ੍ਰਾਮ ਅਤੇ ਪ੍ਰਦੂਸ਼ਿਤ ਜ਼ਮੀਨ (ਬੁੱਢੇ ਨਾਲੇ ਦਾ ਪਾਣੀ) ਵਿਚ 8.13, 9.16 ਅਤੇ 11.4 ਮਿਲੀਗ੍ਰਾਮ/ਕਿਲੋਗ੍ਰਾਮ ਸਨ।

ਮੱਕੀ, ਬਾਜਰਾ ਅਤੇ ਬਰਸੀਮ ਦੀਆਂ ਫਸਲਾਂ ਅਕਸਰ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਕਰਕੇ ਉਗਾਈਆਂ ਜਾਂਦੀਆਂ ਹਨ ਅਤੇ ਨੇੜਲੇ ਡੇਅਰੀ ਫਾਰਮਾਂ ਵਿਚ ਵਰਤੀਆਂ ਜਾਂਦੀਆਂ ਹਨ। ਇਹ ਚਾਰਾ ਜਾਨਵਰਾਂ ਅਤੇ ਬਾਅਦ ਵਿਚ ਦੁੱਧ, ਮਾਸ ਆਦਿ ਦਾ ਸੇਵਨ ਕਰਨ ਵਾਲੇ ਲੋਕਾਂ ਦੀ ਸਿਹਤ ’ਤੇ ਗੰਭੀਰ ਮਾੜੇ ਪ੍ਰਭਾਵ ਪਾਉਂਦਾ ਹੈ।

ਵਾਤਾਵਰਨ ਅਨੁਕੂਲ ਤਰੀਕੇ

ਵਰਤੋਂ ਤੋਂ ਪਹਿਲਾਂ ਪਾਣੀ ਦੀ ਚੰਗੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਗੰਦੇ ਪਾਣੀ ਦੀ ਸੋਧਾਈ ਲਈ ਵਿਕਸਤ ਤਰੀਕਿਆਂ ਦੀ ਵਰਤੋਂ ਕੀਤੀ ਜਾਵੇ। ਯੂਰੋਪ ਅਤੇ ਉੱਤਰੀ ਅਮਰੀਕਾ ਵਿਚ ਆਮ ਤੌਰ ’ਤੇ ਸ਼ਹਿਰ ਨੇੜਲੀਆਂ ਨਦੀਆਂ ਅਤੇ ਝੀਲਾਂ ਦਾ ਪਾਣੀ ਸਾਫ ਕਰਕੇ ਸ਼ਹਿਰਾਂ ਅਤੇ ਸਨਅਤਾਂ ਨੂੰ ਦਿੱਤਾ ਜਾਂਦਾ ਹੈ। ਫਿਰ ਇਨ੍ਹਾਂ ਦੇ ਪ੍ਰਦੂਸ਼ਿਤ ਪਾਣੀ ਨੂੰ ਸਿੰਜਾਈ ਜਾਂ ਹੋਰ ਵਰਤੋਂ ਤੋਂ ਪਹਿਲਾਂ ਸੋਧਾਈ ਕੀਤੀ ਜਾਂਦੀ ਹੈ ਅਤੇ ਵਾਧੂ ਪਾਣੀ ਵਾਪਸ ਨਦੀਆਂ ਤੇ ਝੀਲਾਂ ਵਿਚ ਛੱਡਿਆ ਜਾਂਦਾ ਹੈ। ਇਹ ਸਭ ਬੰਦ ਪਾਈਪਾਂ ਜਾਂ ਪੱਕੇ ਬਣੇ ਨਾਲਿਆਂ ਰਾਹੀਂ ਹੁੰਦਾ ਹੈ ਪਰ ਭਾਰਤ ਵਿਚ ਗੰਦੇ ਪਾਣੀ ਲਈ ਨਾਲੀਆਂ ਤੇ ਨਾਲੇ ਖੁੱਲ੍ਹੇ ਹੋਣ ਕਰਕੇ ਆਸ-ਪਾਸ ਦੇ ਨਲਕਿਆਂ ਅਤੇ ਟਿਊਬਵੈੱਲਾਂ ਦਾ ਪਾਣੀ ਪ੍ਰਦੂਸ਼ਿਤ ਕਰਦੇ ਹਨ। ਸਨਅਤਾਂ ਅਤੇ ਸ਼ਹਿਰਾਂ ਦੇ ਗੰਦੇ ਪਾਣੀ ਨੂੰ ਨਾਲਿਆਂ ਵਿਚ ਛੱਡਣ ਜਾਂ ਸਿੰਜਾਈ ਲਈ ਵਰਤੇ ਜਾਣ ਤੋਂ ਪਹਿਲਾਂ, ਲੋੜੀਂਦੇ ਮਾਪਦੰਡਾਂ ਅਨੁਸਾਰ ਲਾਭਦਾਇਕ (ਫਸਲਾਂ ਲਈ ਪੌਸ਼ਟਿਕ ਤੇ ਸਿੰਜਾਈ) ਅਤੇ ਹਾਨੀਕਾਰਕ (ਜ਼ਹਿਰੀਲੇ ਪਦਾਰਥ ਤੇ ਜਰਾਸੀਮ) ਪ੍ਰਭਾਵਾਂ ਨੂੰ ਧਿਆਨ ਵਿਚ ਰੱਖ ਕੇ, ਕਾਨੂੰਨ ਲਾਗੂ ਕਰ ਕੇ ਪ੍ਰਦੂਸ਼ਿਤ ਮੁਕਤ ਕਰਨਾ ਅਤਿਅੰਤ ਜ਼ਰੂਰੀ ਹੈ।

ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ 2009 ਤੋਂ ਪੰਜਾਬ ਦੇ ਮਾਲਵਾ ਖੇਤਰਾਂ ਦੇ ਪਿੰਡਾਂ ਵਿਚ ਪੀਣ ਵਾਲੇ ਸਾਫ ਪਾਣੀ ਦੇ ਯਤਨਾਂ ਨਾਲ ਜੁੜੇ ਰਹੇ ਹਨ। ਉਮੀਦ ਹੈ ਕਿ ਹੁਣ ਗੰਦੇ ਪਾਣੀ ਦੇ ਸਹੀ ਸੁਧਾਰਕ ਨਿਯਮ ਲਾਗੂ ਕਰਕੇ ਠੱਲ੍ਹ ਪਾਈ ਜਾਵੇਗੀ।

ਸਾਰਅੰਸ਼

ਅਣਸੋਧੇ ਸਨਅਤੀ ਤੇ ਸ਼ਹਿਰੀ ਗੰਦੇ ਪਾਣੀ ’ਚ ਜ਼ਹਿਰੀਲੇ ਤੱਤ ਤੇ ਸਿਹਤ ਲਈ ਨੁਕਸਾਨਦੇਹ ਕੀਟਾਣੂ ਸਿੰਜਾਈ ਤੇ ਹੋਰ ਵਰਤੋਂ ਲਈ ਮਾਨਤ-ਮਾਤਰਾ ਤੋਂ ਕਈ ਗੁਣਾ ਵੱਧ ਹੁੰਦੇ ਹਨ। ਗੰਦੇ ਪਾਣੀ ਦੀ ਰਚਨਾ ਵੱਖ ਵੱਖ ਤਰ੍ਹਾਂ ਦੀ ਵਰਤੋਂ, ਆਬਾਦੀ ’ਤੇ ਸਨਅਤਾਂ ਦੀ ਘਣਤਾ ਉਪਰ ਨਿਰਭਰ ਕਰਦੀ ਹੈ। ਅਧਿਕਾਰੀ ਗੰਦੇ ਪਾਣੀ ਦੇ ਸੁਧਾਰ ਲਈ ਕਾਨੂੰਨਾਂ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ’ਚ ਅਸਫਲ ਰਹੇ ਹਨ। ਕਾਨੂੰਨਾਂ ਦੀ ਸਹੀ ਪਾਲਣਾ ਮੁਸ਼ਕਿਲ ਕੰਮ ਬਣਿਆ ਹੋਇਆ ਹੈ। ਇਸ ਬਾਰੇ ਲੋੜੀਂਦੇ ਉਪਾਅ ਕਰਨ ਦੀ ਬਹੁਤ ਜ਼ਰੂਰਤ ਹੈ।

ਗੰਦਾ ਪਾਣੀ ਸੋਧਣ ਦੇ ਢੁੱਕਵੇਂ ਪ੍ਰਬੰਧ, ਪਾਣੀ ਦੀ ਮੁੜ ਵਰਤੋਂ ਜਾਂ ਬੰਦ ਨਾਲਿਆਂ ਵਿਚ ਛੱਡ ਕੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਘਟਾਉਣ ਵਿਚ ਮਦਦਗਾਰ ਸਾਬਤ ਹੋਣਗੇ। ਇਉਂ ਭੋਜਨ ਦੀ ਗੁਣਵੱਤਾ ਸੁਰੱਖਿਆ ਦੇ ਨਾਲ ਨਾਲ ਲੋਕਾਂ ਅਤੇ ਜਾਨਵਰਾਂ ਦੀ ਸਿਹਤ ਵਿਚ ਵੀ ਸੁਧਾਰ ਹੋਵੇਗਾ। ਲੋਕਾਂ ਅਤੇ ਜਾਨਵਰਾਂ ਲਈ ਭਵਿੱਖ ਵਿਚ ਭੋਜਨ ਗੁਣਵੱਤਾ ਤੇ ਸਿਹਤ ਸੁਰੱਖਿਆ ਜ਼ਮੀਨ, ਹਵਾ, ਅਤੇ ਪਾਣੀ ਦੇ ਸਰੋਤਾਂ ਦੀ ਸੁਰੱਖਿਆ ਉੱਤੇ ਨਿਰਭਰ ਕਰਨਗੇ।
*ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਡੀਨ (ਐਗਰੀਕਲਚਰ)।
ਸੰਪਰਕ: +91-96468-58598
**ਸਾਬਕਾ ਖੋਜ ਵਿਗਿਆਨੀ, ਐਗਰੀਕਲਚਰ ਅਤੇ ਐਗਰੀ ਫੂਡ, ਕੈਨੇਡਾ।
ਸੰਪਰਕ: +1-780-837-1143

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All