DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਭਾਰਤ ਦੀ ਨਵੀਂ ਪਛਾਣ: ਜੈੱਨ ਜ਼ੀ

ਜਦੋਂ ਲੋਕ ਜਾਗਦੇ ਹਨ, ਉਦੋਂ ਜ਼ੰਜੀਰਾਂ ਆਪਣੇ ਆਪ ਟੁੱਟ ਜਾਂਦੀਆਂ ਨੇ। ਅਸੀਂ ਉਸ ਬਿਜਲੀ ਦੀ ਲਿਸ਼ਕ ਦੀ ਸਹੁੰ ਖਾਂਦੇ ਹਾਂ, ਉਨ੍ਹਾਂ ਪਵਿੱਤਰ ਖ਼ੂਨ ਦੀਆਂ ਨਦੀਆਂ ਦੀ ਵੀ ਸਹੁੰ ਜੋ ਆਜ਼ਾਦੀ ਲਈ ਵਹਾਈਆਂ ਗਈਆਂ, ਕਿ ਅਸੀਂ ਜੀਵਨ ਜਾਂ ਮੌਤ ਦੋਵਾਂ ਲਈ...

  • fb
  • twitter
  • whatsapp
  • whatsapp
Advertisement

ਜਦੋਂ ਲੋਕ ਜਾਗਦੇ ਹਨ,

ਉਦੋਂ ਜ਼ੰਜੀਰਾਂ ਆਪਣੇ ਆਪ ਟੁੱਟ ਜਾਂਦੀਆਂ ਨੇ।

Advertisement

ਅਸੀਂ ਉਸ ਬਿਜਲੀ ਦੀ ਲਿਸ਼ਕ ਦੀ ਸਹੁੰ ਖਾਂਦੇ ਹਾਂ,

Advertisement

ਉਨ੍ਹਾਂ ਪਵਿੱਤਰ ਖ਼ੂਨ ਦੀਆਂ ਨਦੀਆਂ ਦੀ ਵੀ ਸਹੁੰ

ਜੋ ਆਜ਼ਾਦੀ ਲਈ ਵਹਾਈਆਂ ਗਈਆਂ,

ਕਿ ਅਸੀਂ ਜੀਵਨ ਜਾਂ ਮੌਤ

ਦੋਵਾਂ ਲਈ ਇਨਕਲਾਬ ਦਾ ਰਾਹ ਚੁਣਿਆ ਹੈ।

ਅਸੀਂ ਸੰਕਲਪ ਲਿਆ ਹੈ ਕਿ ਇਤਿਹਾਸ ਜਿਊਂਦਾ ਰਹੇਗਾ।

ਤੁਸੀਂ ਗਵਾਹ ਰਹਿਣਾ, ਤੁਸੀਂ ਗਵਾਹ ਰਹਿਣਾ...।

ਉਪਰੋਕਤ ਸਤਰਾਂ ਅਲਜੀਰੀਆ ਦੇ ਇਨਕਲਾਬੀ ਕਵੀ ਮੁਫ਼ਦੀ ਜ਼ਕਰੀਆ ਦੀ ਕਵਿਤਾ ‘ਕਾਸਾਮਨ’ ਵਿੱਚੋਂ ਹਨ।

ਦੁਨੀਆ ’ਚ ਨੌਜਵਾਨਾਂ ਦੀ ਇਨਕਲਾਬੀ ਲਹਿਰ ਸਮੇਂ ਸਮੇਂ ਕਈ ਮੁਲਕਾਂ ਵਿੱਚ ਚੱਲੀ। ਅਲਜੀਰੀਆ ਦੀ ਨੌਜਵਾਨ ਲਹਿਰ ਸਮੇਂ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਵਕਤ ਦੇ ਕਰਵਟ ਲੈਂਦਿਆਂ ਇਹ ਇਨਕਲਾਬ ਜੈੱਨ ‘ਜ਼ੀ’ ਅੰਦੋਲਨ ਵਿੱਚ ਬਦਲ ਜਾਵੇਗਾ, ਜੋ ਸੱਤਾ ਨੂੰ ਝੁਕਾਉਣ ਦੇ ਸਮਰੱਥ ਹੋ ਸਕਦਾ ਹੈ। ਇਸ ਇਨਕਲਾਬੀ ਤਬਦੀਲੀ ਬਾਰੇ ਸੱਤਾ ’ਚ ਬੈਠੇ ਲੋਕਾਂ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਨੌਜਵਾਨਾਂ ਦੀਆਂ ਅੱਖਾਂ ’ਚ ਚਮਕਦੇ ਨਵੇਂ ਇਤਿਹਾਸ ਦੇ ਮੋੜ ’ਚ ਉਹ ਰੌਸ਼ਨੀ ਹੈ, ਜੋ ਸੱਤਾ ਨੂੰ ਬਦਲ ਅਤੇ ਨਵਾਂ ਇਤਿਹਾਸ ਸਿਰਜ ਸਕਦੀ ਹੈ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਜਦੋਂ ਇਤਿਹਾਸ ਮੋੜਾ ਕੱਟਦਾ ਹੈ ਤਾਂ ਸਭ ਤੋਂ ਪਹਿਲਾਂ ਨੌਜਵਾਨਾਂ ਦੀਆਂ ਅੱਖਾਂ ’ਚ ਭਵਿੱਖ ਦੀ ਰੌਸ਼ਨੀ ਚਮਕਦੀ ਹੈ। ਸੱਤਾ ਬਦਲਦੀ ਹੈ, ਵਿਵਸਥਾਵਾਂ ਬਦਲਦੀਆਂ ਹਨ, ਪਰ ਸਭ ਤੋਂ ਵੱਡਾ ਇਨਕਲਾਬ ਮਨੁੱਖ ਦੀ ਚੇਤਨਾ ’ਚ ਆਉਂਦਾ ਹੈ। ਇਹ ਉਦਾਹਰਣ ਇਤਿਹਾਸਕ ਰੂਪ ਵਿੱਚ ਹੁਣ ਆਜ਼ਾਦੀ ਅਤੇ ਲੋਕ ਚੇਤਨਾ ਦੀ ਆਵਾਜ਼ ਬਣੀ ਹੈ। ਇਹ ਉਹੀ ਸਮਾਂ ਹੁੰਦਾ ਹੈ ਜਦੋਂ ਨੌਜਵਾਨ ਆਵਾਜ਼ਾਂ ਦੇ ਸ਼ਬਦ ਤਲਵਾਰ ਨਾਲੋਂ ਵਧੇਰੇ ਧਾਰਦਾਰ ਹੋ ਜਾਂਦੇ ਹਨ ਤੇ ਇਤਿਹਾਸ ਬਦਲਣ ਲੱਗਦਾ ਹੈ। ਇਹ ਮਾਨਵਤਾ ਦੀ ਆਜ਼ਾਦੀ ਦਾ ਐਲਾਨ ਹੈ। ਇਹ ਵੀ ਸੱਚ ਹੈ ਕਿ ਜਦੋਂ ਲੋਕ ਜਾਗਦੇ ਹਨ ਤਾਂ ਜ਼ੰਜੀਰਾਂ ਆਪਣੇ ਆਪ ਟੁੱਟ ਜਾਂਦੀਆਂ ਹਨ। ਇਹੀ ਭਾਵਨਾ ਮੱਧ-ਪੂਰਬ ਦੀਆਂ ਜਮਹੂਰੀ ਆਸਾਂ, ਅਰਬ ਸਪ੍ਰਿੰਗ ਦੇ ਜਨ ਸੈਲਾਬ ਅਤੇ ਤਹਿਰੀਰ ਚੌਕ ਤੋਂ ਲੈ ਕੇ ਟਿਊਨੀਸ਼ੀਆ ਦੀਆਂ ਗਲੀਆਂ ਤੱਕ ਗੂੰਜਦੀ ਰਹੀ ਅਤੇ ਇਹੋ ਭਾਵਨਾ ਸਾਡੇ ਮੁਲਕ ਵਿੱਚ ਜੰਤਰ ਮੰਤਰ ’ਤੇ ਹੋਏ ਅੰਦੋਲਨ ਵਿੱਚ ਦਿਖਾਈ ਦਿੱਤੀ ਹੈ। ਇਤਿਹਾਸ ਗਵਾਹ ਹੈ ਕਿ ਕਿਸੇ ਵੀ ਇਨਕਲਾਬ ਦੀ ਪਹਿਲੀ ਚੰਗਿਆੜੀ ਬੰਦੂਕਾਂ ਤੋਂ ਨਹੀਂ, ਵਿਚਾਰਾਂ ’ਚੋਂ ਨਿਕਲਦੀ ਹੈ ਅਤੇ ਉਨ੍ਹਾਂ ਵਿਚਾਰਾਂ ਨੂੰ ਸ਼ਬਦ ਦੇਣ ਦਾ ਕੰਮ ਕਵੀ, ਲੇਖਕ ਤੇ ਬੁੱਧੀਜੀਵੀ ਕਰਦੇ ਹਨ। ਆਪੋ-ਆਪਣੇ ਸਮੇਂ ਦੇ ਹਰ ਅੰਦੋਲਨ ਵਿੱਚ ਸੱਤਾ ਤੋਂ ਵੱਧ ਮਨੁੱਖੀ ਮਾਣ, ਆਜ਼ਾਦੀ ਅਤੇ ਨਿਆਂ ਦੀ ਆਵਾਜ਼ ਨੂੰ ਅਹਿਮੀਅਤ ਦਿੱਤੀ ਗਈ ਹੈ। ਇਹੋ ਤਬਦੀਲੀ ਦੀ ਮਸ਼ਾਲ ਹੈ। ਅੱਜ ਜਦੋਂ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ’ਚ ਨੌਜਵਾਨ ਪੀੜ੍ਹੀ ਜਮਹੂਰੀਅਤ, ਪਾਰਦਰਸ਼ਤਾ, ਮੌਕਿਆਂ, ਬਰਾਬਰੀ ਅਤੇ ਬਿਹਤਰ ਸ਼ਾਸਨ ਦੀ ਮੰਗ ਕਰ ਰਹੀ ਹੈ, ਉਦੋਂ ਇਹ ਯਾਦ ਰੱਖਣਾ ਲਾਜ਼ਮੀ ਹੈ ਕਿ ਜਮਹੂਰੀਅਤ ਦੀ ਸਭ ਤੋਂ ਵੱਡੀ ਤਾਕਤ ਵਿਰੋਧ ਨਹੀਂ ਸਗੋਂ ਸੰਵਾਦ ਤੋਂ ਜਨਮਿਆ ਰਚਨਾਤਮਿਕ ਵਿਰੋਧ ਹੈ। ਜੇ ਵਿਰੋਧ ਸੰਵਿਧਾਨ ਦੀ ਮਰਿਆਦਾ, ਜਮਹੂਰੀ ਕਦਰਾਂ-ਕੀਮਤਾਂ ਅਤੇ ਰਾਸ਼ਟਰ ਨਿਰਮਾਣ ਦੀ ਭਾਵਨਾ ਨਾਲ ਜੁੜ ਜਾਵੇ ਤਾਂ ਉਹੀ ਨੌਜਵਾਨ ਸ਼ਕਤੀ ਕਿਸੇ ਵੀ ਦੇਸ਼ ਦਾ ਭਵਿੱਖ ਸੁਨਹਿਰੀ ਬਣਾ ਸਕਦੀ ਹੈ। ਨਵੇਂ ਵਿਕਸਿਤ ਭਾਰਤ ਵੱਲ ਵਧਦੇ ਇਸ ਦੌਰ ’ਚ ਭਾਰਤੀ ਨੌਜਵਾਨਾਂ ਦੀ ਇਹੋ ਜਾਗਰੂਕਤਾ ਤੇ ਚੇਤਨਾ ਭਵਿੱਖ ’ਚ ਵਿਸ਼ਵੀ ਜਮਹੂਰੀਅਤ ਲਈ ਨਵੀਂ ਮਿਸਾਲ ਬਣ ਸਕਦੀ ਹੈ ਕਿਉਂਕਿ ਨੌਜਵਾਨਾਂ ਵੱਲੋਂ ਵਿਰੋਧ ਤੇ ਸੰਵਾਦ ਜਮਹੂਰੀ ਇਤਿਹਾਸ ਨੂੰ ਬਦਲ ਦੇਵੇਗਾ। ਅੱਜ ਇੱਕੀਵੀਂ ਸਦੀ ਦਾ ਤੀਜਾ ਦਹਾਕਾ ਵਿਸ਼ਵ ਸਿਆਸਤ ਦੇ ਇਤਿਹਾਸ ਵਿੱਚ ਸਿਰਫ਼ ਜੰਗਾਂ, ਆਰਥਿਕ ਸੰਕਟਾਂ ਅਤੇ ਤਕਨੀਕੀ ਇਨਕਲਾਬਾਂ ਦਾ ਕਾਲ ਨਹੀਂ ਹੈ ਸਗੋਂ ਇਹ ਨੌਜਵਾਨ ਚੇਤਨਾ ਦੇ ਅਣਕਿਆਸੇ ਉਭਾਰ ਦਾ ਯੁੱਗ ਵੀ ਹੈ। ਟਿਊਨੀਸ਼ੀਆ ਤੋਂ ਸ਼ੁਰੂ ਹੋਈ ਅਰਬ ਸਪ੍ਰਿੰਗ, ਮਿਸਰ ਦੇ ਤਹਿਰੀਰ ਚੌਕ ਦਾ ਜਨ ਸੈਲਾਬ, ਲੈਬਨਾਨ ਅਤੇ ਇਰਾਕ ਦੀ ਜਮਹੂਰੀ ਲਹਿਰ, ਹਾਂਗਕਾਂਗ ਦੇ ਨੌਜਵਾਨ ਪ੍ਰਦਰਸ਼ਨ, ਨੇਪਾਲ ਤੇ ਸ੍ਰੀਲੰਕਾ ਦੇ ਲੋਕ ਅੰਦੋਲਨ ਅਤੇ ਦੱਖਣੀ ਏਸ਼ੀਆ ਦੇ ਕਈ ਮੁਲਕਾਂ ’ਚ ਜਮਹੂਰੀ ਆਸਾਂ ਦਾ ਵਿਸਫੋਟ- ਸਭ ਨੇ ਇਹ ਸਾਬਿਤ ਕੀਤਾ ਹੈ ਕਿ ਜਦੋਂ ਨੌਜਵਾਨ ਪੀੜ੍ਹੀ ਆਪਣੇ ਸਮੇਂ ਨਾਲ ਸੰਵਾਦ ਕਰਦੀ ਹੈ ਤਾਂ ਇਤਿਹਾਸ ਦੀ ਦਿਸ਼ਾ ਬਦਲ ਜਾਂਦੀ ਹੈ। ਇਨ੍ਹਾਂ ਅੰਦੋਲਨਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਨ੍ਹਾਂ ਨੇ ਸਿਰਫ਼ ਸੱਤਾ ਤਬਦੀਲੀ ਦੀ ਮੰਗ ਨਹੀਂ ਕੀਤੀ ਸਗੋਂ ਇੱਜ਼ਤ, ਨਿਆਂ, ਪਾਰਦਰਸ਼ਤਾ, ਪ੍ਰਗਟਾਵੇ ਦੀ ਆਜ਼ਾਦੀ ਅਤੇ ਸਭ ਦੀ ਸ਼ਮੂਲੀਅਤ ਵਾਲੀ ਜਮਹੂਰੀਅਤ ਦੀ ਨਵੀਂ ਭਾਸ਼ਾ ਘੜੀ। ਅੱਜ ਭਾਰਤ ਵੀ ਉਸ ਇਤਿਹਾਸਕ ਮੋੜ ’ਤੇ ਖੜ੍ਹਾ ਹੈ, ਜਿੱਥੇ ਜਮਹੂਰੀਅਤ ਦੀ ਮਜ਼ਬੂਤੀ ਸਿਰਫ਼ ਚੋਣਾਂ ਤੋਂ ਨਹੀਂ ਸਗੋਂ ਰਚਨਾਤਮਿਕ ਸੰਵਾਦ, ਅਸਹਿਮਤੀ ਦੇ ਸਨਮਾਨ ਅਤੇ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਤੈਅ ਹੋਵੇਗੀ।

ਜ਼ਿਕਰਯੋਗ ਹੈ ਕਿ ਅਰਬ ਸਪ੍ਰਿੰਗ ਦਾ ਜਨਮ ਕਿਸੇ ਸਿਆਸੀ ਪਾਰਟੀ ਵੱਲੋਂ ਨਹੀਂ ਸੀ ਹੋਇਆ। ਉਸ ਦਾ ਜਨਮ ਸਾਧਾਰਨ ਨੌਜਵਾਨ ਫ਼ਲ ਵਿਕਰੇਤਾ ਮੁਹੰਮਦ ਬੂਆਜ਼ੀਜ਼ੀ ਦੀ ਪੀੜ ਤੋਂ ਹੋਇਆ, ਜਿਸ ਨੇ ਪੂਰੇ ਅਰਬ ਸਮਾਜ ਨੂੰ ਝੰਜੋੜ ਦਿੱਤਾ ਸੀ। ਸਾਡੇ ਦੇਸ਼ ’ਚ ‘ਨੀਟ’ ਦਾ ਪੇਪਰ ਲੀਕ ਹੋਣਾ ਸਾਡੇ 22 ਨੌਜਵਾਨਾਂ ਦੀ ਖ਼ੁਦਕੁਸ਼ੀ ਦਾ ਕਾਰਨ ਬਣਿਆ ਤਾਂ ਕੌਕਰੋਚ ਜਨਤਾ ਪਾਰਟੀ ਵਿਰੋਧ ਦੀ ਭਾਸ਼ਾ ਅਤੇ ਆਸ ਦੀ ਮਸ਼ਾਲ ਬਣ ਗਈ। ਉਰਦੂ ਦੇ ਮਹਾਨ ਸ਼ਾਇਰ ਅਹਿਮਦ ਫ਼ਰਾਜ਼ ਨੇ ਲਿਖਿਆ:

ਸੁਣਿਆ ਹੈ ਬੋਲੇ ਤਾਂ ਗੱਲ੍ਹਾਂ ਤੋਂ ਫੁੱਲ ਝੜਦੇ ਹਨ,

ਇਹ ਗੱਲ ਹੈ ਤਾਂ ਚਲੋ ਗੱਲ ਕਰਕੇ ਦੇਖਦੇ ਹਾਂ।

ਜਮਹੂਰੀਅਤ ’ਚ ਇਹ ‘ਗੱਲ ਕਰਨਾ’ ਹੀ ਸਭ ਤੋਂ ਵੱਡੀ ਤਾਕਤ ਹੈ। ਸੰਵਾਦ ਦੀ ਸਮਾਪਤੀ ਲੋਕਤੰਤਰ ਦੀ ਸਭ ਤੋਂ ਵੱਡੀ ਹਾਰ ਹੁੰਦੀ ਹੈ। ਵਿਰੋਧ ਜੇਕਰ ਸੰਵਾਦ ਦਾ ਰੂਪ ਲੈ ਲਵੇ ਤਾਂ ਜਮਹੂਰੀਅਤ ਮਜ਼ਬੂਤ ਹੁੰਦੀ ਹੈ, ਜੇ ਉਹ ਸਿਰਫ਼ ਟਕਰਾਅ ਬਣ ਜਾਵੇ ਤਾਂ ਸਮਾਜ ਵੰਡਿਆ ਜਾਣ ਲੱਗਦਾ ਹੈ। ਭਾਰਤੀ ਜਮਹੂਰੀਅਤ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਵੰਨ-ਸੁਵੰਨਤਾ ਹੈ। ਇੱਥੇ ਵਿਚਾਰਾਂ ਦਾ ਵਿਰੋਧ ਵੀ ਹੈ, ਭਾਸ਼ਾਵਾਂ ਦੀ ਬਹੁਲਤਾ ਵੀ, ਆਸਥਾਵਾਂ ਦਾ ਵਿਸਤਾਰ ਵੀ ਅਤੇ ਸਿਆਸੀ ਮੱਤਭੇਦ ਵੀ ਹਨ। ਇਹੋ ਵੰਨ-ਸੁਵੰਨਤਾ ਸਾਡੀ ਜਮਹੂਰੀਅਤ ਦੀ ਰੂਹ ਹੈ। ਭਾਰਤ ਦਾ ਸੰਵਿਧਾਨ ਅਸਹਿਮਤੀ ਨੂੰ ਰਾਸ਼ਟਰ ਵਿਰੋਧ ਨਹੀਂ ਸਗੋਂ ਲੋਕਤੰਤਰ ਦਾ ਲਾਜ਼ਮੀ ਤੱਤ ਮੰਨਦਾ ਹੈ। ਸੰਸਦ, ਨਿਆਂਪਾਲਿਕਾ, ਮੀਡੀਆ, ਯੂਨੀਵਰਸਿਟੀਆਂ, ਸਾਹਿਤ ਅਤੇ ਨਾਗਰਿਕ ਸਮਾਜ- ਇਨ੍ਹਾਂ ਸਾਰੀਆਂ ਸੰਸਥਾਵਾਂ ਦੀ ਬੁਨਿਆਦ ਇਹੋ ਸਿਧਾਂਤ ਹੈ ਕਿ ਵਿਚਾਰਾਂ ਦਾ ਆਦਾਨ-ਪ੍ਰਦਾਨ ਹੀ ਰਾਸ਼ਟਰ ਨੂੰ ਅੱਗੇ ਲੈ ਕੇ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਦੇ ਨੌਜਵਾਨਾਂ ਨੇ ਅਨੇਕਾਂ ਸਮਾਜਿਕ ਅਤੇ ਜਨਤਕ ਮੁੱਦਿਆਂ ਉੱਤੇ ਸਰਗਰਮ ਸ਼ਮੂਲੀਅਤ ਦਿਖਾਈ ਹੈ। ਡਿਜੀਟਲ ਮੀਡੀਆ ਨੇ ਉਨ੍ਹਾਂ ਦੀ ਆਵਾਜ਼ ਨੂੰ ਵਿਸ਼ਾਲ ਬਣਾਇਆ ਹੈ। ਜੰਤਰ ਮੰਤਰ ਵਿਖੇ ਹੋਇਆ ਅੰਦੋਲਨ ਅਤੇ ਇੰਸਟਾਗ੍ਰਾਮ ਇਸ ਦੀ ਇੱਕ ਵੱਡੀ ਉਦਾਹਰਣ ਹੈ। ਸਿੱਖਿਆ, ਰੁਜ਼ਗਾਰ, ਤਕਨਾਲੋਜੀ, ਨਵੀਨਤਾ, ਸਮਾਜਿਕ ਨਿਆਂ, ਲਿੰਗ ਸਮਾਨਤਾ ਅਤੇ ਸੁਸ਼ਾਸਨ ਵਰਗੇ ਵਿਸ਼ੇ ਹੁਣ ਨੌਜਵਾਨਾਂ ਦੇ ਧਿਆਨ ਦੇ ਕੇਂਦਰ ਵਿੱਚ ਹਨ। ਇਹ ਤਬਦੀਲੀ ਮਹਿਜ਼ ਸਿਆਸੀ ਨਹੀਂ ਸਗੋਂ ਸਮਾਜਿਕ ਚੇਤਨਾ ਦਾ ਵਿਸਤਾਰ ਹੈ। ਇਹ ਵੀ ਲਾਜ਼ਮੀ ਹੈ ਕਿ ਜਮਹੂਰੀ ਅਸਹਿਮਤੀ ਸੰਜਮ, ਤੱਥਾਂ ਅਤੇ ਪ੍ਰਮਾਣਾਂ ਨਾਲ ਜੁੜੀ ਹੋਵੇ। ਸੋਸ਼ਲ ਮੀਡੀਆ ਨੇ ਜਿੱਥੇ ਪ੍ਰਗਟਾਵੇ ਦੀ ਆਜ਼ਾਦੀ ਦੇ ਨਵੇਂ ਮੌਕੇ ਦਿੱਤੇ ਹਨ, ਉੱਥੇ ਤੁਰੰਤ ਪ੍ਰਤੀਕਿਰਿਆਵਾਂ, ਝੂਠੀਆਂ ਖ਼ਬਰਾਂ ਅਤੇ ਧਰੁਵੀਕਰਨ ਦੀਆਂ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ। ਇਸ ਲਈ ਨਵੀਂ ਪੀੜ੍ਹੀ ਸਾਹਮਣੇ ਸਭ ਤੋਂ ਵੱਡੀ ਜ਼ਿੰਮੇਵਾਰੀ ਸਿਰਫ਼ ਵਿਰੋਧ ਕਰਨਾ ਨਹੀਂ ਸਗੋਂ ਵਿਕਲਪਿਕ ਵਿਚਾਰ, ਨੀਤੀ ਅਤੇ ਹੱਲ ਪੇਸ਼ ਕਰਨਾ ਵੀ ਹੈ। ਵਿਕਸਿਤ ਭਾਰਤ ਦਾ ਸੁਪਨਾ ਉਦੋਂ ਹੀ ਸਾਕਾਰ ਹੋਵੇਗਾ ਜਦੋਂ ਵਿਰੋਧ ਅਤੇ ਵਿਕਾਸ ਇੱਕ-ਦੂਜੇ ਦੇ ਵਿਰੋਧੀ ਨਹੀਂ ਸਗੋਂ ਜਮਹੂਰੀ ਪ੍ਰਕਿਰਿਆ ਦੇ ਪੂਰਕ ਬਣਨਗੇ। ਭਾਰਤੀ ਇਤਿਹਾਸ ਖ਼ੁਦ ਇਸ ਸੱਚ ਦਾ ਗਵਾਹ ਹੈ। ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਨੂੰ ਹਿੰਸਾ ਨਹੀਂ ਸਗੋਂ ਨੈਤਿਕ ਸੰਵਾਦ ਦਾ ਮਾਧਿਅਮ ਬਣਾਇਆ। ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਰਾਹੀਂ ਅਸਹਿਮਤੀ ਨੂੰ ਸੰਸਥਾਗਤ ਰੂਪ ਦਿੱਤਾ। ਸ਼ਹੀਦ ਭਗਤ ਸਿੰਘ ਨੇ ਇਨਕਲਾਬ ਨੂੰ ਸਿਰਫ਼ ਸੱਤਾ ਤਬਦੀਲੀ ਨਹੀਂ ਸਗੋਂ ਵਿਚਾਰਾਂ ਦੀ ਤਬਦੀਲੀ ਦਾ ਨਾਮ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕਿਹਾ ਸੀ, ‘‘ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ’ਤੇ ਤਿੱਖੀ ਹੁੰਦੀ ਹੈ।’’ ਇਹ ਵਾਕ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ। ਜਮਹੂਰੀਅਤ ਵਿੱਚ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਰਾਸ਼ਟਰ ਦਾ ਚਰਿੱਤਰ ਉਸਦੇ ਨਾਗਰਿਕਾਂ ਤੋਂ ਬਣਦਾ ਹੈ। ਵਿਗਿਆਨ, ਮਸਨੂਈ ਬੁੱਧੀ, ਆਰਥਿਕਤਾ, ਡਿਜੀਟਲ ਸ਼ਾਸਨ, ਸਮਾਜਿਕ ਉਦਯੋਗ ਅਤੇ ਸੱਭਿਆਚਾਰਕ ਪੁਨਰਜਾਗਰਣ ਦੇ ਸਭ ਖੇਤਰ ਭਾਰਤੀ ਨੌਜਵਾਨਾਂ ਵੱਲੋਂ ਅਗਵਾਈ ਦੀ ਉਡੀਕ ਕਰ ਰਹੇ ਹਨ। ਅੱਜ ਇਹ ਸਵਾਲ ਨਿਰਾਸ਼ਾ ਦਾ ਨਹੀਂ ਸਗੋਂ ਆਤਮ-ਮੰਥਨ ਦਾ ਹੈ। ਜਮਹੂਰੀਅਤ ਦੀ ਖ਼ੂਬਸੂਰਤੀ ਇਹੋ ਹੈ ਕਿ ਉਹ ਸਵਾਲ ਪੁੱਛਣ ਦੀ ਯੋਗਤਾ ਰੱਖਦੀ ਹੈ। ਸਵਾਲ ਪੁੱਛਣਾ ਜਮਹੂਰੀਅਤ ਨੂੰ ਕਮਜ਼ੋਰ ਨਹੀਂ ਕਰਦਾ, ਸਵਾਲਾਂ ਤੋਂ ਭੱਜਣਾ ਇਸ ਨੂੰ ਕਮਜ਼ੋਰ ਕਰਦਾ ਹੈ।

ਭਾਰਤ ਦਾ ਭਵਿੱਖ ਕਿਸੇ ਇੱਕ ਵਿਚਾਰਧਾਰਾ ਜਾਂ ਇੱਕ ਪੀੜ੍ਹੀ ਦੇ ਹੱਥਾਂ ਵਿੱਚ ਨਹੀਂ ਸਗੋਂ ਸੰਵਾਦ ਕਰਨ ਵਾਲੇ ਸਮਾਜ ਦੇ ਹੱਥਾਂ ਵਿੱਚ ਹੈ। ਆਉਣ ਵਾਲੇ ਸਾਲਾਂ ਵਿੱਚ ਜੇ ਯੂਨੀਵਰਸਿਟੀਆਂ ਵਿਚਾਰਾਂ ਦੇ ਕੇਂਦਰ ਬਣਨ, ਮੀਡੀਆ ਤੱਥਪੂਰਨ ਵਿਚਾਰ ਵਟਾਂਦਰੇ ਦਾ ਮੰਚ ਬਣੇ, ਸਿਆਸਤ ਸੰਵਾਦ ਦਾ ਸੱਭਿਆਚਾਰ ਅਪਣਾਵੇ ਅਤੇ ਨੌਜਵਾਨ ਤਕਨਾਲੋਜੀ ਨਾਲ ਸੰਵੇਦਨਸ਼ੀਲਤਾ ਨੂੰ ਜੋੜਨ ਤਾਂ ਭਾਰਤ ਦੁਨੀਆ ਸਾਹਮਣੇ ਜਮਹੂਰੀਅਤ ਦਾ ਇੱਕ ਨਵਾਂ ਮਾਡਲ ਪੇਸ਼ ਕਰ ਸਕਦਾ ਹੈ। ਅੱਜ ਸਭ ਤੋਂ ਵੱਧ ਲੋੜ ਰਚਨਾਤਮਿਕ ਲੋਕਤੰਤਰੀ ਨਵ-ਜਾਗਰਣ ਦੀ ਹੈ। ਇੱਕ ਅਜਿਹਾ ਇਨਕਲਾਬ, ਜਿਸ ਵਿੱਚ ਕਿਤਾਬਾਂ ਵੀ ਹੋਣ, ਲੈਬਾਰਟਰੀਆਂ ਵੀ, ਕਵਿਤਾ ਵੀ ਹੋਵੇ, ਸੰਵਿਧਾਨ ਵੀ ਹੋਵੇ ਅਤੇ ਸਮਾਜ ਦੇ ਆਖ਼ਰੀ ਵਿਅਕਤੀ ਤੱਕ ਨਿਆਂ ਪਹੁੰਚਾਉਣ ਦਾ ਸੰਕਲਪ ਵੀ। ਇਤਿਹਾਸ ਗਵਾਹ ਹੈ ਕਿ ਤਲਵਾਰਾਂ ਸਾਮਰਾਜ ਬਣਾ ਸਕਦੀਆਂ ਹਨ, ਪਰ ਸੱਭਿਅਤਾਵਾਂ ਸੰਵਾਦ ਨਾਲ ਬਣਦੀਆਂ ਹਨ। ਵਿਰੋਧ ਜਮਹੂਰੀਅਤ ਦਾ ਸੰਗੀਤ, ਸੰਵਾਦ ਇਸ ਦੀ ਆਤਮਾ ਅਤੇ ਨੌਜਵਾਨ ਇਸ ਦੀ ਧੜਕਣ ਹੁੰਦੇ ਹਨ। ਆਉਣ ਵਾਲੇ ਸਮੇਂ ਦਾ ਨਵਾਂ ਜੈੱਨ ‘ਜ਼ੀ’ ਭਾਰਤ ਉਹੀ ਹੋਵੇਗਾ ਜਿੱਥੇ ਸੱਤਾ ਅਤੇ ਸਮਾਜ ਵਿਚਾਲੇ ਸੰਵਾਦ ਦੀਆਂ ਖਿੜਕੀਆਂ ਖੁੱਲ੍ਹੀਆਂ ਰਹਿਣਗੀਆਂ, ਜਿੱਥੇ ਅਸਹਿਮਤੀ ਨੂੰ ਰਾਸ਼ਟਰ ਦੀ ਕਮਜ਼ੋਰੀ ਦੀ ਥਾਂ ਇਸ ਦੀ ਜੀਵੰਤਤਾ ਮੰਨਿਆ ਜਾਵੇਗਾ ਅਤੇ ਜਿੱਥੇ ਨੌਜਵਾਨ ਆਪਣੇ ਸੁਪਨਿਆਂ ਦੇ ਨਾਲ-ਨਾਲ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਵੀ ਅੱਗੇ ਵਧਾਉਣਗੇ। ਇਹੀ ਲੋਕਤੰਤਰ ਦੀ ਨਵੀਂ ਪਰਿਭਾਸ਼ਾ ਅਤੇ ਇਹੋ ਭਾਰਤ ਦੀ ਨਵੀਂ ਪਛਾਣ ਹੈ।

Advertisement
×