DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਜ਼ਾਦੀ ਦਾ ਮਘਦਾ ਸੇਕ ਤੇ ਹਿੰਦੋਸਤਾਨੀਅਤ ਦੀ ਸਾਂਝੀ ਰੂਹ

ਅੱਧੀ ਰਾਤ ਵੇਲੇ, ਜਦੋਂ ਦੁਨੀਆ ਸੁੱਤੀ ਪਈ ਹੋਵੇਗੀ, ਭਾਰਤ ਵਿੱਚ ਆਜ਼ਾਦੀ ਅਤੇ ਜੀਵਨ ਦੀ ਨਵੀਂ ਸਵੇਰ ਆਵੇਗੀ।” ਦੇਸ਼ ਆਜ਼ਾਦ ਹੋਣ ਵੇਲੇ ਭਾਰਤ ਦੇ ਬਣਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਨੇ ਗੰਭੀਰ ਤੇ ਸਦਾ ਯਾਦ ਰੱਖੇ ਜਾਣ ਵਾਲੇ ਲਹਿਜੇ ਵਿੱਚ ਇਹ ਸ਼ਬਦ...

  • fb
  • twitter
  • whatsapp
  • whatsapp
Advertisement

ਅੱਧੀ ਰਾਤ ਵੇਲੇ, ਜਦੋਂ ਦੁਨੀਆ ਸੁੱਤੀ ਪਈ ਹੋਵੇਗੀ, ਭਾਰਤ ਵਿੱਚ ਆਜ਼ਾਦੀ ਅਤੇ ਜੀਵਨ ਦੀ ਨਵੀਂ ਸਵੇਰ ਆਵੇਗੀ।” ਦੇਸ਼ ਆਜ਼ਾਦ ਹੋਣ ਵੇਲੇ ਭਾਰਤ ਦੇ ਬਣਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਨੇ ਗੰਭੀਰ ਤੇ ਸਦਾ ਯਾਦ ਰੱਖੇ ਜਾਣ ਵਾਲੇ ਲਹਿਜੇ ਵਿੱਚ ਇਹ ਸ਼ਬਦ ਕਹੇ ਸਨ ਪਰ ਉਸ ਦਿਨ ਆਜ਼ਾਦੀ ਦੀ ਇਸ ਲਹਿਰ ਦੇ ਨਾਇਕ ਮਹਾਤਮਾ ਗਾਂਧੀ ਕੋਹਾਂ ਦੂਰ ਕਲਕੱਤੇ ਵਿੱਚ ਮੌਜੂਦ ਸਨ। ਉੱਧਰ ਕੌਮੀ ਰਾਜਧਾਨੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਫ਼ਿਰਕੂ ਹਿੰਸਾ ਦੀ ਅੱਗ ਵਿੱਚ ਸੜ ਰਹੇ ਸਨ, ਜਿੱਥੇ ਦੇਸ਼ਵਾਸੀ ਹੀ ਦੇਸ਼ਵਾਸੀਆਂ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ।

ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ ਨੇ ਆਪਣੇ ਨਾਨਾ ਰਾਜਾਜੀ ਦੀ ਜੀਵਨੀ ‘ਰਾਜਾਜੀ: ਏ ਲਾਈਫ’ ਵਿੱਚ ਦਰਜ ਕੀਤਾ ਹੈ ਕਿ ‘ਮਹਾਤਮਾ ਗਾਂਧੀ ਉਸ ਸਮੇਂ ਆਜ਼ਾਦੀ ਦਾ ਜਸ਼ਨ ਮਨਾਉਣ ਦੀ ਬਜਾਏ ਫ਼ਿਰਕੂ ਕਤਲੇਆਮ ਦਾ ਦਰਦ ਮਹਿਸੂਸ ਕਰ ਰਹੇ ਸਨ।’ ਜਦੋਂ ਆਜ਼ਾਦ ਭਾਰਤ ਦਾ ਪਹਿਲਾ ਨਵਾਂ ਸਾਲ (1948) ਚੜ੍ਹਿਆ ਤਾਂ ਥਾਈਲੈਂਡ ਦੇ ਇੱਕ ਮਹਿਮਾਨ ਨੇ ਗਾਂਧੀ ਨੂੰ ਭਾਰਤ ਦੀ ਆਜ਼ਾਦੀ ਦੀ ਵਧਾਈ ਦਿੱਤੀ। ਇਸ ਦੇ ਜਵਾਬ ਵਿੱਚ ਬਹੁਤ ਉਦਾਸ ਮਨ ਨਾਲ ਗਾਂਧੀ ਨੇ ਉਸ ਨੂੰ ਆਖਿਆ, “ਅੱਜ ਭਾਰਤ ਦਾ ਹਰ ਇਨਸਾਨ ਆਪਣੇ ਹੀ ਭਰਾ ਤੋਂ ਡਰ ਰਿਹਾ ਹੈ, ਕੀ ਇਹੀ ਆਜ਼ਾਦੀ ਹੈ?”

Advertisement

ਸਦੀਆਂ ਪਹਿਲਾਂ ਇਸ ਧਰਤੀ ਤੋਂ ਲੰਘਦੇ ਹੋਏ ਇੱਕ ਚੀਨੀ ਬੋਧੀ ਭਿਖਸ਼ੂ ਨੇ 7ਵੀਂ ਸਦੀ ਦੇ ਸ਼ੁਰੂ ਵਿੱਚ ਇਸ ਬਾਰੇ ਲਿਖਿਆ ਸੀ, ‘ਦੂਰ-ਦੁਰਾਡੇ ਦੇ ਲੋਕਾਂ, ਵੱਖ-ਵੱਖ ਰੀਤੀ-ਰਿਵਾਜਾਂ ਦੇ ਬਾਵਜੂਦ, ਉੱਥੋਂ ਦੇ ਵਾਸੀ ਉਸ ਧਰਤੀ ਨੂੰ ਸਭ ਤੋਂ ਵੱਧ ਸਤਿਕਾਰ ਦਿੰਦੇ ਹਨ ਜਿਸ ਨੂੰ ਉਹ ਭਾਰਤ ਕਹਿੰਦੇ ਹਨ।’ ਭਾਰਤ ਆਪਣੇ ਇਸ ਅਨੰਤ ਇਤਿਹਾਸ ਦੇ ਸਿਰਫ਼ ਇੱਕ ਛੋਟੇ ਜਿਹੇ ਦੌਰ ਵਿੱਚ ਹੀ ਸਿਆਸੀ ਤੌਰ ’ਤੇ ਇੱਕ ਹੋ ਸਕਿਆ ਹੈ, ਪਰ ਕੀ ਸਿਰਫ਼ ਸਿਆਸੀ ਏਕਤਾ ਹੀ ਕਿਸੇ ਰਾਸ਼ਟਰ ਨੂੰ ਪਰਿਭਾਸ਼ਿਤ ਕਰਦੀ ਹੈ? ਸਾਰੀ ਸਿਆਸੀ ਉਥਲ-ਪੁਥਲ ਦੇ ਬਾਵਜੂਦ ਭਾਰਤ ਅਸਲ ਵਿੱਚ ਉਵੇਂ ਹੀ ਰਿਹਾ ਹੈ ਜਿਵੇਂ ਉਸ ਚੀਨੀ ਭਿਖਸ਼ੂ ਹਿਊਨਸਾਂਗ ਨੇ ਦੇਖਿਆ ਸੀ। ਉਸ ਨੇ ‘ਭਾਰਤ ਨੂੰ ਇੱਕ ਸਾਂਝੀ ਸੱਭਿਆਚਾਰਕ, ਧਾਰਮਿਕ ਅਤੇ ਭੂਗੋਲਿਕ ਇਕਾਈ’ ਵਜੋਂ ਦੇਖਿਆ ਸੀ।

Advertisement

ਮੈਂ ਇਸ ਗੱਲ ਦਾ ਦਾਅਵਾ ਕਰਦਾ ਹਾਂ ਕਿ ਮੇਰਾ ਭਾਰਤ ਇਤਿਹਾਸ ਵਿੱਚ ਹਮੇਸ਼ਾ ਇਸੇ ਤਰ੍ਹਾਂ ਦਾ ਹੀ ਰਿਹਾ ਹੈ, ਘੱਟੋ-ਘੱਟ ਛੇਵੀਂ ਸਦੀ ਈਸਵੀ ਪੂਰਵ ਦੇ ‘ਸੋਲ੍ਹ ਮਹਾਜਨਪਦ’ (ਸੋਲਾਂ ਮਹਾਨ ਰਾਜਾਂ) ਦੇ ਸਮੇਂ ਤੋਂ, ਜੋ ਉਸ ਆਦਰਸ਼ ਭਿਖਸ਼ੂ ਦੀ ਯਾਤਰਾ ਤੋਂ ਇੱਕ ਹਜ਼ਾਰ ਸਾਲ ਪਹਿਲਾਂ ਦਾ ਕਾਲ ਹੈ। ਮੈਂ ਵਿਲੀਅਮ ਡੈਲਰਿੰਪਲ (ਜਿਸ ਦੀ ਕਿਤਾਬ ‘ਦਿ ਗੋਲਡਨ ਰੋਡ’ ਵਿੱਚੋਂ ਮੈਂ ਹਿਊਨਸਾਂਗ ਦਾ ਹਵਾਲਾ ਲਿਆ ਹੈ) ਦੇ ਨਜ਼ਰੀਏ ਤੋਂ ਥੋੜ੍ਹਾ ਵੱਖਰਾ ਸੋਚਦਾ ਹਾਂ। ਮੇਰਾ ਮੰਨਣਾ ਹੈ ਕਿ ਇਹ ਰਾਸ਼ਟਰ ਇਸ ਧਰਤੀ ਵਿੱਚ ਇਸਲਾਮ ਦੀ ਆਮਦ ਦੇ ਬਾਵਜੂਦ ਨਿਰੰਤਰਤਾ ਨਾਲ ਜਿਊਂਦਾ ਰਿਹਾ। ਇਹ ਤਾਣਾ-ਬਾਣਾ ਉਦੋਂ ਤੱਕ ਬਰਕਰਾਰ ਰਿਹਾ ਜਦੋਂ ਤੱਕ ਉਸ ਅੱਧੀ ਰਾਤ (14-15 ਅਗਸਤ 1947) ਨੂੰ ਇਸ ਨੂੰ ਬਹੁਤ ਬੇਰਹਿਮੀ ਨਾਲ ਵੰਡ ਨਹੀਂ ਦਿੱਤਾ ਗਿਆ।

ਵਿੰਸਟਨ ਚਰਚਿਲ (ਉਸ ਉੱਜੜ ਚੁੱਕੇ ਸਾਮਰਾਜ ਦਾ ਆਖ਼ਰੀ ਕਿਲ੍ਹੇਦਾਰ ਜਿਸ ਦੇ ਰਾਜ ਵਿੱਚ ਕਦੇ ਸੂਰਜ ਡੁੱਬਦਾ ਨਹੀਂ ਸੀ) ਨੇ ਦੁਖੀ ਹੋ ਕੇ ਕਿਹਾ ਸੀ ਕਿ ਭਾਰਤ ਸਿਰਫ਼ ਇੱਕ ਭੂਗੋਲਿਕ ਸ਼ਬਦ ਹੈ। ਇਹ ਬਿਲਕੁਲ ਸਪੱਸ਼ਟ ਹੈ ਕਿ ਇਹ ਸ਼ਬਦ ਕਿਸੇ ਸੁਆਰਥੀ ਸੋਚ ਵਾਲੇ ਇਨਸਾਨ ਦੇ ਮੂੰਹੋਂ ਨਿਕਲੇ ਸਨ। ਸੰਨ 1857 ਦੀ ਆਜ਼ਾਦੀ ਦੀ ਪਹਿਲੀ ਜੰਗ ਨੇ ਰਾਸ਼ਟਰ ਵਜੋਂ ਭਾਰਤ ਦੀ ਹੋਂਦ ਨੂੰ ਸਾਬਿਤ ਕਰ ਦਿੱਤਾ ਸੀ, ਜਿਸ ਵਿੱਚ ਦੇਸ਼ ਦੇ ਦੋਵਾਂ ਪ੍ਰਮੁੱਖ ਭਾਈਚਾਰਿਆਂ (ਭਾਵੇਂ ਉਹ ਕੰਪਨੀ ਦੀ ਸੈਨਾ ਵਿੱਚ ਹੋਣ ਜਾਂ ਮੇਰੇ ਘਰ ਯਾਨੀ ਅਵਧ ਦੇ ਹਿੰਦੂ ਦਿਲ ਵਿੱਚ) ਨੇ ਇੱਕ ਕਮਜ਼ੋਰ ਮੁਸਲਮਾਨ ਬਾਦਸ਼ਾਹ ਦੇ ਪੱਖ ਵਿੱਚ ਮਿਲ ਕੇ ਹਿੱਸਾ ਲਿਆ ਸੀ। ਫਿਰ 1920ਵਿਆਂ ਵਿੱਚ ਖ਼ਿਲਾਫ਼ਤ ਅੰਦੋਲਨ ਜ਼ਰੀਏ ਰਾਸ਼ਟਰ ਨੇ ਅੰਗਰੇਜ਼ਾਂ ਵਿਰੁੱਧ ਪਹਿਲੀ ਵਾਰ ਵੱਡੇ ਪੱਧਰ ’ਤੇ ਲੋਕਾਂ ਨੂੰ ਲਾਮਬੰਦ ਕਰਕੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ, ਜਿਸ ਦੀ ਮਿਸਾਲ ਉਸ ਵਿਸ਼ਾਲ ਸਾਮਰਾਜ ਵਿੱਚ ਪਹਿਲਾਂ ਕਦੇ ਨਹੀਂ ਮਿਲਦੀ।

ਇਸ ਅੰਦੋਲਨ ਦੀ ਅਗਵਾਈ ਕਰਨ ਵਾਲੇ ਅਲੀ ਭਰਾਵਾਂ ਵਿੱਚੋਂ ਛੋਟੇ ਭਰਾ ਮੁਹੰਮਦ ਅਲੀ ਨੂੰ 1916 ਵਿੱਚ ਜੇਲ੍ਹ ਵਿੱਚ ਰਹਿੰਦਿਆਂ ਹੀ ਮੁਸਲਿਮ ਲੀਗ ਦਾ ਪ੍ਰਧਾਨ ਚੁਣ ਲਿਆ ਗਿਆ ਸੀ ਅਤੇ ਫਿਰ 1923 ਵਿੱਚ ਉਹ ਕਾਂਗਰਸ ਦਾ ਪ੍ਰਧਾਨ ਬਣਿਆ। ਨਵੰਬਰ 1919 ਵਿੱਚ ਹੋਈ ਸੈਂਟਰਲ ਖ਼ਿਲਾਫ਼ਤ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਖ਼ੁਦ ਮਹਾਤਮਾ ਗਾਂਧੀ ਨੇ ਕੀਤੀ ਸੀ। ਇਸ ਕਮੇਟੀ ਵਿੱਚ ਮੌਲਾਨਾ ਆਜ਼ਾਦ ਵੀ ਮੌਜੂਦ ਸਨ ਅਤੇ ਇਸ ਅੰਦੋਲਨ ਨੇ ਪਹਿਲੀ ਵਾਰ ਮੁਸਲਮਾਨਾਂ ਨੂੰ ਵੱਡੀ ਗਿਣਤੀ ਵਿੱਚ ਕਾਂਗਰਸ ਨਾਲ ਜੋੜਿਆ, ਜੋ ਪੂਰੇ ਏਸ਼ੀਆ ਵਿੱਚ ਬਸਤੀਵਾਦੀ ਰਾਜ ਵਿਰੁੱਧ ਇਕਜੁੱਟ ਹੋ ਕੇ ਖੜ੍ਹੇ ਹੋਏ ਸਨ।

ਅੰਗਰੇਜ਼ ਰਾਜ ਵੇਲੇ ਦੀ ਸਿੱਖਿਆ ਦਾ ਇਹ ਦੁਖਾਂਤ ਰਿਹਾ ਹੈ ਕਿ ਅਸੀਂ ਜਿੰਨੇ ਜ਼ਿਆਦਾ ਪੱਛਮੀ ਰੰਗ ਵਿੱਚ ਰੰਗੇ ਗਏ, ਆਪਣੇ ਆਪ ਨੂੰ ਸਮਝਣ ਵਿੱਚ ਓਨੇ ਹੀ ਵੱਧ ਨਾਕਾਮ ਹੋਏ। ਇਸੇ ਨੂੰ ਪਾਕਿਸਤਾਨੀ ਇਤਿਹਾਸਕਾਰ ਆਇਸ਼ਾ ਜਲਾਲ ਵੱਲੋਂ ‘ਮਨ ਦੀ ਗ਼ੁਲਾਮੀ’ ਕਿਹਾ ਗਿਆ ਹੈ। ਹਾਲਾਂਕਿ ਮੈਨੂੰ ਸ਼ੱਕ ਹੈ ਕਿ ਉਹ ਇਸ ਗੱਲ ਨੂੰ ਕਬੂਲ ਕਰਨਗੇ ਕਿ ਭਾਰਤ ਨੂੰ ਵੰਡਣ ਵਾਲਾ ਦੋ-ਕੌਮਾਂ ਦਾ ਸਿਧਾਂਤ ਉਸੇ ਬਸਤੀਵਾਦੀ ਮਾਨਸਿਕਤਾ ਦਾ ਹੀ ਨਤੀਜਾ ਸੀ। ਜਵਾਹਰਲਾਲ ਨਹਿਰੂ ਦੀ ਕਿਤਾਬ ‘ਡਿਸਕਵਰੀ ਆਫ ਇੰਡੀਆ’ (ਭਾਰਤ ਦੀ ਖੋਜ) ਇਸ ਗੱਲ ਦੀ ਗਵਾਹੀ ਭਰਦੀ ਹੈ। ਇਸ ਵਿੱਚ ਹੈਰੋ ਸਕੂਲ ਦੀ ਪੜ੍ਹਾਈ ਕਾਰਨ ਇੱਕ ਤਰ੍ਹਾਂ ਨਾਲ ਅੰਗਰੇਜ਼ ਬਣ ਚੁੱਕੇ ਨਹਿਰੂ ਭਾਰਤ ਦੀ ਮਹਾਨਤਾ ਦੇ ਕਸੀਦੇ ਪੜ੍ਹਦੇ ਹਨ ਅਤੇ ਦਲੇਰੀ ਨਾਲ ਇਹ ਤਰਕ ਦਿੰਦੇ ਹਨ ਕਿ ਜੇਕਰ ਭਾਰਤ ਦੇ ਸਾਰੇ ਹਿੱਸਿਆਂ ਨੂੰ ਇੱਕ ਰਾਸ਼ਟਰ ਵਜੋਂ ਢਾਲ ਲਿਆ ਜਾਵੇ ਤਾਂ ਇਸ ਦਾ ਭਵਿੱਖ ਬਹੁਤ ਉੱਜਵਲ ਹੋਵੇਗਾ।

ਇਸ ਨਜ਼ਰੀਏ ਰਾਹੀਂ ਭਾਰਤ ਵਰਗੇ ਭੂਗੋਲਿਕ ਖਿੱਤੇ ਨੂੰ ਅਜਿਹੀਆਂ ਕਈ ਕੌਮਾਂ ਤੋਂ ਬਣਿਆ ਮੰਨ ਲਿਆ ਗਿਆ, ਜਿਹੜੀਆਂ ਆਪਸ ਵਿੱਚ ਲਗਾਤਾਰ ਖਹਿੰਦੀਆਂ ਰਹਿੰਦੀਆਂ ਸਨ। ਸੌਖੇ ਸ਼ਬਦਾਂ ਵਿੱਚ ਆਖੀਏ ਤਾਂ ਅਜਿਹਾ ਸਿੱਟਾ ਤੁਲਸੀਦਾਸ ਜੀ ਦੀ ‘ਰਾਮਚਰਿਤਮਾਨਸ’ ਦੇ ਵਿਸ਼ਾਲ ਪ੍ਰਤੀਕਵਾਦੀ ਸੁਨੇਹੇ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੰਦਾ ਹੈ। ਇਸ ਰਚਨਾ ਦੀ ਅਵਧੀ ਭਾਸ਼ਾ ਤੋਂ ਹੀ ਉਰਦੂ ਭਾਸ਼ਾ ਦਾ ਮੁੱਢ ਬੱਝਿਆ ਸੀ, ਜਿਸ ਨੂੰ 20ਵੀਂ ਸਦੀ ਦੇ ਮੱਧ ਵਿੱਚ ਵੰਡਵਾਦੀ ਤਰੀਕੇ ਨਾਲ ‘ਮੁਸਲਮਾਨਾਂ ਦੀ ਵਿਸ਼ੇਸ਼ ਭਾਸ਼ਾ’ ਵਜੋਂ ਪਛਾਣਿਆ ਜਾਣ ਲੱਗਾ। ਇਸ ਤੋਂ ਵੀ ਵੱਧ ਪ੍ਰਤੀਕਵਾਦ ਨਾਲ ਭਰਪੂਰ ਦੁਨੀਆ ਦੀ ਸਭ ਤੋਂ ਮਸ਼ਹੂਰ ਨਾਰੀ ਸ਼ਕਤੀ ਦਾ ਪ੍ਰਤੀਕ ਤਾਜ ਮਹਿਲ ਹੈ। ਇੱਕ ਕੱਟੜ ਸੁੰਨੀ ਮੁਸਲਮਾਨ ਬਾਦਸ਼ਾਹ ਵੱਲੋਂ (ਜੋ ਜਨਮ ਪੱਖੋਂ ਤੁਰਕ ਨਾਲੋਂ ਰਾਜਪੂਤ ਵੱਧ ਸੀ) ਆਪਣੀ ਸ਼ੀਆ ਮੁਸਲਮਾਨ ਮਹਾਰਾਣੀ ਲਈ ਬਣਾਇਆ ਗਿਆ ਤਾਜਮਹਿਲ ਆਪਣੀ ਸ਼ਾਨਦਾਰ ਵਾਸਤੂ ਕਲਾ, ਉਸਾਰੀ ਸਮੱਗਰੀ ਅਤੇ ਦੱਖਣੀ ਏਸ਼ੀਆ ਦੇ ਕੋਨੇ-ਕੋਨੇ ਤੋਂ ਹਰ ਨਸਲ ਦੇ ਕਾਰੀਗਰਾਂ ਵੱਲੋਂ ਲਿਆਂਦੇ ਗਏ ਰਤਨਾਂ ਨਾਲ ਸਜਾਵਟ ਜ਼ਰੀਏ ਭਾਰਤ ਦੇ ਬਹੁ-ਪੱਖੀ ਕਿਰਦਾਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਾ ਹੈ।

ਇਹੋ ਗੱਲ ਤਾਜਮਹਿਲ ਤੋਂ ਪਹਿਲਾਂ ਬਣੇ ਹਮਾਯੂੰ ਦੇ ਮਕਬਰੇ ਦੀ ਹਾਲ ਹੀ ਵਿੱਚ ਦਿੱਲੀ ਵਿੱਚ ਆਗਾ ਖ਼ਾਨ ਫਾਊਂਡੇਸ਼ਨ ਵੱਲੋਂ ਨੇਪਰੇ ਚਾੜ੍ਹੀ ਗਈ ਆਧੁਨਿਕ ਮੁਰੰਮਤ ਵੇਲੇ ਵੀ ਸਾਹਮਣੇ ਆਈ। ਇਸ ਤਰ੍ਹਾਂ, ਭਾਵੇਂ ਦੇਖਣ ਨੂੰ ਭਾਰਤ ਇਤਿਹਾਸਕ ਤੌਰ ’ਤੇ ਜਾਤਾਂ ਅਤੇ ਕਿੱਤਿਆਂ ਦੇ ਆਧਾਰ ’ਤੇ ਵੰਡਿਆ ਹੋਇਆ ਸਮਾਜ ਜਾਪਦਾ ਹੋਵੇ, ਪਰ ਇਹ ਸਾਰੇ ਭਾਈਚਾਰੇ ਆਪਣੀਆਂ ਰੋਜ਼ਮੱਰ੍ਹਾ ਦੀਆਂ ਲੋੜਾਂ ਲਈ ਇੱਕ-ਦੂਜੇ ਉੱਤੇ ਪੂਰੀ ਤਰ੍ਹਾਂ ਨਿਰਭਰ ਸਨ। ਇਹ ਸਾਰੇ ਮਿਲ ਕੇ ਇੱਕ ਅਜਿਹੇ ਅਖੰਡ ਰਾਸ਼ਟਰ ਦੀ ਸਿਰਜਣਾ ਕਰ ਰਹੇ ਸਨ, ਜਿਸ ਨੂੰ ਅੱਜ ਅਸੀਂ ਭਾਰਤ ਵਜੋਂ ਜਾਣਦੇ ਹਾਂ।

ਇਸ ਨਾਲ ਡੈਲਰਿੰਪਲ ਦੀ ਕਿਤਾਬ ਵਿੱਚ ਦੱਸੀ ਗਈ ਭਾਰਤ ਦੀ ਉਸ ਅਮੀਰੀ ਦਾ ਪਤਾ ਲੱਗਦਾ ਹੈ, ਜਿਸ ਨੇ ਦੇਸ਼ ਦੀਆਂ ਵੱਡੀਆਂ ਆਰਥਿਕ ਨਾਬਰਾਬਰੀਆਂ ਦੇ ਬਾਵਜੂਦ ਇੱਥੋਂ ਦੇ ਸਮਾਜਿਕ ਤਾਣੇ-ਬਾਣੇ ਨੂੰ ਬਚਾ ਕੇ ਰੱਖਿਆ। ਉਦਾਹਰਣ ਵਜੋਂ, ਡੈਲਰਿੰਪਲ ਭਾਰਤ ਦੀ ਪੁਰਾਣੀ ਰੇਸ਼ਮ ਸਨਅਤ ਦੀ ਖ਼ੂਬ ਤਾਰੀਫ਼ ਕਰਦੇ ਹਨ। ਅੱਜ ਉੱਤਰੀ ਭਾਰਤ ਵਿੱਚ ਕੱਪੜੇ ਦੇ ਬੁਣਕਰ ਮੁਸਲਮਾਨ ਹਨ ਜਦੋਂਕਿ ਕੁਝ ਸਮਾਂ ਪਹਿਲਾਂ ਤੱਕ ਰੰਗ-ਬਰੰਗੇ ਕੱਪੜਿਆਂ ਦਾ ਵਪਾਰ ਕਰਨ ਵਾਲੇ ਸਿਰਫ਼ ਹਿੰਦੂ ਹੀ ਹੁੰਦੇ ਸਨ। ਦਰਅਸਲ, ਵਪਾਰ ਕਰਨਾ ਮੁੱਖ ਤੌਰ ’ਤੇ ਹਿੰਦੂ ਬਾਣੀਆ ਭਾਈਚਾਰੇ ਦਾ ਕੰਮ ਸੀ ਜਦੋਂਕਿ ਪੂਰੇ ਭਾਰਤ ਵਿੱਚ ਕਾਰੀਗਰ ਵਰਗ ਵੱਡੇ ਪੱਧਰ ’ਤੇ ਇਸਲਾਮ ਕਬੂਲ ਕਰ ਚੁੱਕਾ ਸੀ।

ਇਸ ਦੇ ਬਾਵਜੂਦ ਉੱਤਰ ਪ੍ਰਦੇਸ਼ ਦੇ ਬਹੁਤੇ ਮੁਸਲਮਾਨਾਂ ਨੇ ਕਦੇ ਵੀ ਵੱਖਰੇ ਦੇਸ਼ (ਪਾਕਿਸਤਾਨ) ਦੇ ਵਿਚਾਰ ਦੀ ਹਮਾਇਤ ਨਹੀਂ ਕੀਤੀ ਸੀ। ਸੰਨ 1937 ਵਿੱਚ ਮੁਸਲਿਮ ਲੀਗ ਦੀ ਚੋਣਾਂ ’ਚ ਹੋਈ ਜਿੱਤ ਨੂੰ ਵੱਖਰੇ ਦੇਸ਼ ਦੀ ਹਮਾਇਤ ਵਜੋਂ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਉਸ ਸਮੇਂ ਵੋਟਰ ਮੁਸਲਮਾਨ ਸਮਾਜ ਦਾ ਉਹ ਜ਼ਿਮੀਂਦਾਰ ਵਰਗ ਸੀ, ਜੋ ਕਾਂਗਰਸ ਦੇ ਸਮਾਜਵਾਦ ਅਤੇ ਜ਼ਮੀਨੀ ਸੁਧਾਰਾਂ ਦੇ ਵਾਅਦਿਆਂ ਤੋਂ ਬਹੁਤ ਡਰਿਆ ਹੋਇਆ ਸੀ। ਸਿਆਸਤ ਵਿੱਚ ਸਰਗਰਮ ਮੇਰਾ ਆਪਣਾ ਪਰਿਵਾਰ, ਜੋ ਕਿ ਅਵਧ ਦੀ ਪੁਰਾਣੀ ਜਾਗੀਰਦਾਰੀ ਲੀਡਰਸ਼ਿਪ ਦਾ ਹਿੱਸਾ ਸੀ, 1947 ਵਿੱਚ ਭਾਰਤ, ਪਾਕਿਸਤਾਨ ਅਤੇ ਯੂ ਕੇ ਵਿੱਚ ਵੰਡਿਆ ਗਿਆ ਸੀ।

ਮੇਰੀ ਦਾਦੀ ਇਨਾਮ ਫਾਤਿਮਾ, ਜੋ ਕਿ ਇੰਡੀਅਨ ਮੁਸਲਿਮ ਲੀਗ ਦੀ ਇੱਕ ਅਗਾਂਹਵਧੂ ਆਗੂ ਸੀ, ਨੇ ਪਾਰਟੀ ਦੇ 1938 ਦੇ ਪਟਨਾ ਇਜਲਾਸ ਵਿੱਚ ਇਸ ਦੇ ਮਹਿਲਾ ਵਿੰਗ ਦੀ ਨੀਂਹ ਰੱਖੀ ਅਤੇ ਇਸ ਦੀ ਅਗਵਾਈ ਕੀਤੀ ਸੀ। ਆਪਣੇ ਬਚਪਨ ਦੀਆਂ ਗੱਲਾਂ ਦੌਰਾਨ ਉਹ ਆਪਣੇ ਮੰਨੇ-ਪ੍ਰਮੰਨੇ ਸਿਆਸੀ ਉਸਤਾਦ ਜਿਨਾਹ ਦਾ ਜ਼ਿਕਰ ਤਾਂ ਬਹੁਤ ਘੱਟ ਕਰਦੇ, ਪਰ ਅਲੀ ਭਰਾਵਾਂ ਨੂੰ ਬਹੁਤ ਮਾਣ ਨਾਲ ਯਾਦ ਕਰਦੇ ਸਨ। ਉਹ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਲਹਿਰ ਦੇ ਅਸਲ ਮਾਰਗਦਰਸ਼ਕ ਦੱਸਦੇ ਸਨ। ਵੰਡ ਨੂੰ ਲੈ ਕੇ ਪਰਿਵਾਰ ਵਿੱਚ ਹੋਣ ਵਾਲੀਆਂ ਤਲਖ਼ ਬਹਿਸਾਂ ਦਾ ਆਧਾਰ ਕਦੇ ਵੀ ਇਹ ਨਹੀਂ ਹੁੰਦਾ ਸੀ ਕਿ ਦੋ ਲੜ ਰਹੀਆਂ ਕੌਮਾਂ ਨੂੰ ਵੱਖ ਕਰਨ ਲਈ ਦੇਸ਼ ਦੀ ਵੰਡ ਲਾਜ਼ਮੀ ਸੀ ਸਗੋਂ ਬਹਿਸ ਦਾ ਮੁੱਦਾ ਹਮੇਸ਼ਾ ਇਹ ਹੁੰਦਾ ਸੀ ਕਿ ਪਾਕਿਸਤਾਨ ਦੇ ਬਣਨ ਨਾਲ ਕਿਹੜੇ-ਕਿਹੜੇ ਨਵੇਂ ਮੌਕੇ ਪੈਦਾ ਹੋਏ ਹਨ?

ਲੀਗ ਦੀ ਹਮਾਇਤ ਕਰਨ ਪਿੱਛੇ ਮੇਰੀ ਦਾਦੀ ਦਾ ਮੁੱਖ ਮਕਸਦ ਮੁਸਲਿਮ ਔਰਤਾਂ ਦੀ ਆਜ਼ਾਦੀ ਅਤੇ ਹੱਕਾਂ ਲਈ ਕੰਮ ਕਰਨਾ ਸੀ, ਜਿਸ ਵਿੱਚ ਉਨ੍ਹਾਂ ਨੂੰ ਜਿਨਾਹ ਦੀ ਪੂਰੀ ਹਮਾਇਤ ਹਾਸਿਲ ਸੀ। ਉਹ ਅਵਧ ਦੇ ਤਾਲੁਕਦਾਰ ਪਰਿਵਾਰਾਂ ਦੀਆਂ ਉਨ੍ਹਾਂ ਔਰਤਾਂ ਵਿੱਚੋਂ ਪਹਿਲੀ ਸਫ਼ ਵਿੱਚ ਸ਼ਾਮਿਲ ਸਨ (ਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਰਾਜਪੂਤ ਅਤੇ ਕਾਇਸਥ ਸਨ), ਜਿਨ੍ਹਾਂ ਨੇ ਪਰਦਾ ਪ੍ਰਥਾ ਨੂੰ ਤਿਆਗਿਆ ਸੀ। ਜਦੋਂ ਸਮਾਂ ਆਇਆ ਤਾਂ ਘਰ ਛੱਡਣਾ ਉਨ੍ਹਾਂ ਲਈ ਕੋਈ ਮਜਬੂਰੀ ਵਾਲਾ ਫ਼ੈਸਲਾ ਨਹੀਂ ਸੀ। ਨਾ ਹੀ ਯੂ ਪੀ (ਜਿੱਥੇ ਭਾਰਤ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਸਭ ਤੋਂ ਵੱਧ ਮੁਸਲਿਮ ਆਬਾਦੀ ਹੈ) ਦੇ ਬਹੁਤੇ ਮੁਸਲਿਮ ਭਾਈਚਾਰੇ ਨੇ ਵੰਡ ਤੋਂ ਬਾਅਦ ਦਬਾਅ ਹੇਠ ਉੱਥੋਂ ਹਿਜਰਤ ਕੀਤੀ ਸੀ।

ਹੁਣ ਸਵਾਲ ਇਹ ਉੱਠਦਾ ਹੈ ਕਿ ਉਸ ਸਮੇਂ ਭਾਰਤ ਦੀ ਮੁਸਲਿਮ ਲੀਡਰਸ਼ਿਪ ਦਾ ਕੀ ਰੁਖ਼ ਸੀ? ਵੀਹਵੀਂ ਸਦੀ ਦੇ ਮੁੱਢਲੇ ਸਾਲਾਂ ਵਿੱਚ ਲਾਰਡ ਕਰਜ਼ਨ ਨੇ ਇੱਕ ਵੱਖਰੀ ਭਾਰਤੀ ਮੁਸਲਿਮ ਕੌਮ ਦੇ ਵਿਚਾਰ ਨੂੰ ਅੱਗੇ ਵਧਾਇਆ, ਜਿਸ ਦੀ ਹਮਾਇਤ ਵੀਰ ਸਾਵਰਕਰ ਅਤੇ ਸਰ ਸੱਯਦ ਅਹਿਮਦ ਵਰਗੇ ਬੁੱਧੀਜੀਵੀਆਂ ਨੇ ਵੀ ਕੀਤੀ। ਉਸ ਸਮੇਂ ਪੜ੍ਹੇ-ਲਿਖੇ ਮੁਸਲਮਾਨਾਂ ਦੇ ਮੰਨੇ-ਪ੍ਰਮੰਨੇ ਆਗੂ ਸ਼ੌਕਤ ਅਲੀ ਅਤੇ ਮੁਹੰਮਦ ਅਲੀ ਭਰਾ ਸਨ, ਜੋ ਕਿ ਕਾਂਗਰਸ ਅਤੇ ਉਸ ਸਮੇਂ ਦੀ ਮੁਸਲਿਮ ਲੀਗ ਦੋਵਾਂ ਦੇ ਆਗੂ ਰਹੇ ਸਨ।

ਮੌਲਾਨਾ ਮੁਹੰਮਦ ਅਲੀ ਨੇ ਲੰਡਨ ਦੀ ਗੋਲ ਮੇਜ਼ ਕਾਨਫਰੰਸ ਵਿੱਚ ਭਾਰਤ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਕੀਤੀ ਸੀ ਅਤੇ ਉੱਥੋਂ ਕਦੇ ਵਾਪਸ ਭਾਰਤ ਨਹੀਂ ਪਰਤੇ। ਉਨ੍ਹਾਂ ਦਾ ਇਹ ਇਤਿਹਾਸਕ ਕਥਨ ਹੈ: “ਮੈਂ ਦੋ ਅਜਿਹੇ ਦਾਇਰਿਆਂ ਨਾਲ ਸਬੰਧ ਰੱਖਦਾ ਹਾਂ, ਜੋ ਆਕਾਰ ਵਿੱਚ ਤਾਂ ਬਰਾਬਰ ਹਨ ਪਰ ਇੱਕ-ਦੂਜੇ ਨਾਲ ਪੂਰੀ ਤਰ੍ਹਾਂ ਨਹੀਂ ਮਿਲਦੇ। ਇੱਕ ਦਾਇਰਾ ਭਾਰਤ ਹੈ ਅਤੇ ਦੂਜਾ ਮੁਸਲਿਮ ਜਗਤ ਹੈ... ਅਸੀਂ ਭਾਰਤੀ ਮੁਸਲਿਮ ਹੋਣ ਨਾਤੇ ਇਨ੍ਹਾਂ ਦੋਵਾਂ ਦਾਇਰਿਆਂ ਵਿੱਚ ਆਉਂਦੇ ਹਾਂ। ਅਸੀਂ ਤਿੰਨ-ਤਿੰਨ ਕਰੋੜ ਦੀ ਆਬਾਦੀ ਵਾਲੇ ਇਨ੍ਹਾਂ ਦੋਵਾਂ ਦਾਇਰਿਆਂ ਨਾਲ ਜੁੜੇ ਹੋਏ ਹਾਂ ਅਤੇ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਛੱਡ ਨਹੀਂ ਸਕਦੇ।” ਇੱਕ ਭਾਰਤੀ ਅਤੇ ਮੁਸਲਿਮ ਹੋਣ ਦੇ ਨਾਤੇ ਮੈਂ ਇਸ ਨਾਲ ਮੋਟੇ ਤੌਰ ’ਤੇ ਸਹਿਮਤ ਹਾਂ, ਪਰ ਭਾਰਤੀ ਦਾਇਰਾ ਪੇਸ਼ੇਵਰ ਵਖਰੇਵਿਆਂ ਦੇ ਤਾਣੇ-ਬਾਣੇ ਨਾਲ ਬੁਣਿਆ ਹੋਇਆ ਹੈ, ਜਿਸ ਨੂੰ ਅੱਜਕੱਲ੍ਹ ਪਾਸਮਾਂਦਾ (ਪਛੜੇ) ਅਤੇ ਅਸ਼ਰਾਫ਼ (ਖ਼ਾਸ ਜਾਂ ਉੱਚ ਵਰਗ) ਵਜੋਂ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਤ ਵਿੱਚ ਉਸ ਬਸਤੀਵਾਦੀ ਮਾਨਸਿਕਤਾ ਨੇ ਭਾਰਤ ਦੀ ਅਸਲ ਪਛਾਣ ਨੂੰ ਬੁਰੀ ਤਰ੍ਹਾਂ ਮਸਲਿਆ। ਵੰਡ ਦੇ ਇਸ ਇਤਿਹਾਸਕ ਡਰਾਮੇ ਵਿੱਚ ਮੁੱਖ ਭਾਰਤੀ ਬੁੱਧੀਜੀਵੀ ਦੂਰ-ਦ੍ਰਿਸ਼ਟੀ ਵਾਲੇ ਸਿਆਸਤਦਾਨ ਜਵਾਹਰਲਾਲ ਨਹਿਰੂ ਸਨ, ਜਿਨ੍ਹਾਂ ਨੇ ਕਿਰਤੀ ਵਰਗ ਦੀ ਏਕਤਾ ਵਿੱਚ ਭਾਰਤ ਦੇ ਲੋਕਾਂ ਨੂੰ ਇੱਕ ਸੂਤਰ ਵਿੱਚ ਪਰੋਣ ਦਾ ਸੁਪਨਾ ਦੇਖਿਆ ਸੀ; ਅਤੇ ਮੁਹੰਮਦ ਅਲੀ ਜਿਨਾਹ ਭਾਰਤ ਦੇ ਸਭ ਤੋਂ ਮਹਾਨ ਵਕੀਲ ਸਨ, ਜਿਨ੍ਹਾਂ ਨੇ ਭਾਰਤ ਨੂੰ ਦੋ ਕੌਮਾਂ (ਹਿੰਦੂ ਅਤੇ ਮੁਸਲਮਾਨ) ਵਜੋਂ ਦੇਖਿਆ- ਅਜਿਹੀਆਂ ਕੌਮਾਂ ਜੋ ਭੂਗੋਲਿਕ ਤੌਰ ’ਤੇ ਤਾਂ ਨੇੜੇ ਸਨ, ਪਰ ਇਸ ਤੋਂ ਵੱਧ ਉਨ੍ਹਾਂ ਦਾ ਆਪਸ ਵਿੱਚ ਕੋਈ ਅੰਦਰੂਨੀ ਮੇਲ ਨਹੀਂ ਸੀ।

ਦੋਵਾਂ ਨੇ ਧਰਮ-ਨਿਰਪੱਖਤਾ ਪ੍ਰਤੀ ਆਪਣੀ ਵਚਨਬੱਧਤਾ ਦਾ ਐਲਾਨ ਕੀਤਾ, ਪਰ ਦੋਵੇਂ ਇੱਕੋ ਬੁਨਿਆਦੀ ਗੱਲ ’ਤੇ ਖੜ੍ਹੇ ਸਨ ਕਿ ਭਾਰਤ, ਜੋ ਕਿ ਵੱਖ-ਵੱਖ ਹਿੱਸਿਆਂ ਦਾ ਇੱਕ ਮਹਾਂ-ਸਮੂਹ ਹੈ, ਨੂੰ ਇੱਕ ਰਾਸ਼ਟਰ ਵਜੋਂ ਘੜਨ ਦੀ ਲੋੜ ਹੈ। ਇਸੇ ਲਈ ਮਾਊਂਟਬੈਟਨ ਦੀ ਉਸ ਤਜਵੀਜ਼ ਅੱਗੇ ਉਨ੍ਹਾਂ ਦਾ ਇਹ ਜਵਾਬ ਸਾਹਮਣੇ ਆਇਆ। ਇਹ ਤਜਵੀਜ਼ ਕਿਸੇ ਅਲਟੀਮੇਟਮ ਵਰਗੀ ਸੀ ਕਿ ਜਾਂ ਤਾਂ ਦੇਸ਼ ਦੀ ਵੰਡ ਕਰਵਾ ਲਓ ਜਾਂ ਅੰਗਰੇਜ਼ਾਂ ਦਾ ਰਾਜ ਜਾਰੀ ਰਹਿਣ ਦਿਓ। ਇਹ ਅਲਟੀਮੇਟਮ ਉਸ ਸਰਕਾਰ ਵੱਲੋਂ ਦਿੱਤਾ ਗਿਆ ਸੀ ਜੋ ਉਸ ਜੰਗ ਵਿੱਚ ਹਾਰ ਚੁੱਕੀ ਸੀ ਜਿਸ ਨੂੰ ਯੂਰੋਪ ਵਿੱਚ ਸੋਵੀਅਤ ਯੂਨੀਅਨ ਅਤੇ ਏਸ਼ੀਆ ਵਿੱਚ ਅਮਰੀਕਾ ਨੇ ਜਿੱਤਿਆ ਸੀ।

ਦਰਅਸਲ, ਇਹ ਅਲਟੀਮੇਟਮ ਆਰਥਿਕ, ਫ਼ੌਜੀ ਅਤੇ ਸਿਆਸੀ ਤੌਰ ’ਤੇ ਕੰਗਾਲ ਹੋ ਚੁੱਕੀ ਥੱਕੀ-ਹਾਰੀ ਵਿਦੇਸ਼ੀ ਤਾਕਤ ਵੱਲੋਂ ਮੈਦਾਨ ਛੱਡ ਕੇ ਭੱਜਣ ਦੀ ਕਾਰਵਾਈ ਸੀ। ਆਖ਼ਰੀ ਬਰਤਾਨਵੀ ਵਾਇਸਰਾਏ, ਦਿਖਾਵਾ ਕਰਨ ਵਾਲੇ ਮਾਊਂਟਬੈਟਨ ਅਤੇ ਉਨ੍ਹਾਂ ਦੀ ਜ਼ਿੱਦੀ ਪਤਨੀ ਐਡਵਿਨਾ ਨੂੰ ਇਸ ਕੰਮ ਲਈ ਚੁਣਿਆ ਗਿਆ ਸੀ। ਇਸ ਤਰ੍ਹਾਂ ਮਹਾਤਮਾ ਗਾਂਧੀ ਦੀ ਆਪਣੀ ਪਾਰਟੀ ਦੀ ਕਾਰਜਕਾਰਨੀ ਨੂੰ ਕੀਤੀ ਗਈ ਉਸ ਅਪੀਲ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਵੇਂ ਅਸੀਂ ਵੰਡ ਲਈ ਮੰਨ ਵੀ ਜਾਈਏ ਪਰ ਇਸ ਦੀਆਂ ਬਾਰੀਕੀਆਂ ਅਤੇ ਵੇਰਵੇ ਆਪਸ ਵਿੱਚ ਬੈਠ ਕੇ ਤੈਅ ਕੀਤੇ ਜਾਣ। ਇਸ ਭਿਆਨਕ ਅਤੇ ਬੇਹੱਦ ਸੰਵੇਦਨਸ਼ੀਲ ਕੰਮ (ਜਿਸ ਵਿੱਚ ਦੰਗੇ, ਲੱਖਾਂ ਲੋਕਾਂ ਦਾ ਉਜਾੜਾ ਅਤੇ ਸੁਰੱਖਿਅਤ ਹਿਜਰਤ ਸ਼ਾਮਿਲ ਸੀ) ਨੂੰ ਹਾਰ ਚੁੱਕੇ ਬਸਤੀਵਾਦੀ ਵਿਚੋਲੇ ਵੱਲੋਂ ਨਿਯੁਕਤ ਕੀਤੇ ਗਏ ਪ੍ਰਸ਼ਾਸਨ ’ਤੇ ਛੱਡ ਦਿੱਤਾ ਗਿਆ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਦੇਸ਼ ਵਾਸੀ ਇੱਕ-ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ।

ਇਹ ਮੰਨਿਆ ਜਾ ਚੁੱਕਾ ਹੈ ਕਿ ਭਾਰਤ ਦੀ ਵੰਡ ਇੱਕ ਵੱਡੀ ਮਨੁੱਖੀ ਤ੍ਰਾਸਦੀ ਸੀ। ‘ਹੋਲੋਕਾਸਟ’ (ਯਹੂਦੀਆਂ ਦੇ ਘਾਣ) ਦੀ ਤ੍ਰਾਸਦੀ ਨੂੰ ਵੀ ਸਰਬ-ਵਿਆਪਕ ਤੌਰ ’ਤੇ ਇੱਕ ਅਜਿਹੇ ਅਪਰਾਧ ਵਜੋਂ ਸਵੀਕਾਰ ਕੀਤਾ ਗਿਆ ਹੈ। ਇਸ ਲਈ ਪੂਰੇ ਯੂਰੋਪ ਨੂੰ ਜਵਾਬਦੇਹ ਹੋਣਾ ਚਾਹੀਦਾ ਸੀ, ਹਾਲਾਂਕਿ ਅਜਿਹਾ ਨਹੀਂ ਹੋਇਆ। ਫਿਰ ਵੀ ਵੰਡ ਕਈ ਤਰ੍ਹਾਂ ਨਾਲ ਭਾਰਤ ਵੱਲੋਂ ਖ਼ੁਦ ਆਪਣੇ ਆਪ ਖ਼ਿਲਾਫ਼ ਕੀਤਾ ਗਿਆ ਇਸ ਤੋਂ ਵੀ ਵੱਡਾ ਅਪਰਾਧ ਸੀ, ਭਾਵੇਂ ਇਸ ਦਾ ਮੁੱਖ ਕਾਰਨ ਮਰ ਰਿਹਾ ਸਾਮਰਾਜ ਹੀ ਕਿਉਂ ਨਾ ਰਿਹਾ ਹੋਵੇ। ਭਾਰਤ (ਅਤੇ ਜੋ ਅੱਜ ਪਾਕਿਸਤਾਨ ਤੇ ਬੰਗਲਾਦੇਸ਼ ਹਨ) ਨੂੰ ਇਸ ਸਚਾਈ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਸਿਰਫ਼ ਤਾਂ ਹੀ ਅਸੀਂ ਉਸ ਜ਼ਖ਼ਮ ਨੂੰ ਭਰਨ ਵੱਲ ਕਦਮ ਵਧਾ ਸਕਦੇ ਹਾਂ, ਜੋ ਤਕਰੀਬਨ ਇੱਕ ਸਦੀ ਤੋਂ ਲਗਾਤਾਰ ਰਿਸ ਰਿਹਾ ਹੈ।

ਇੱਕ ਉੱਭਰਦੇ ਨੌਜਵਾਨ ਇਤਿਹਾਸਕਾਰ ਨੇ ਹਾਲ ਹੀ ਵਿੱਚ ਆਪਣੀ ਕਿਤਾਬ ‘ਸ਼ੈਟਰਡ ਲੈਂਡਜ਼’ ਵਿੱਚ ਇਹ ਸਪੱਸ਼ਟੀਕਰਨ ਦਿੱਤਾ ਹੈ ਕਿ ਭਾਰਤ ਦੀਆਂ ਸੱਤ ਵੰਡਾਂ ਹੋਈਆਂ ਸਨ। ਉਸ ਨੇ ਬਰਤਾਨਵੀ ਭਾਰਤੀ ਸਾਮਰਾਜ ਨਾਲ ਪ੍ਰਸ਼ਾਸਨਿਕ ਕਾਰਨਾਂ ਕਰਕੇ ਜੁੜੇ ਹੋਏ ਹਿੱਸਿਆਂ ਦੇ ਸਾਧਾਰਨ ਅਲੱਗ ਹੋਣ, ਜਿਨ੍ਹਾਂ ਨੂੰ ਬਰਤਾਨੀਆ ਦੇ ਇੰਡੀਆ ਔਫਿਸ ਦੁਆਰਾ ਚਲਾਇਆ ਜਾਂਦਾ ਸੀ, ਨੂੰ ਇੱਕ ਅਸਲ ਵੰਡ ਸਮਝਣ ਦੀ ਭੁੱਲ ਕੀਤੀ ਹੈ। ਦੇਸ਼ ਵਜੋਂ ਰਹੀ ਸਾਂਝੀ ਨਿਰੰਤਰਤਾ ਦਾ ਟੁੱਟਣਾ ਸਿਰਫ਼ ਭਾਰਤ ਉੱਤੇ ਹੀ ਲਾਗੂ ਹੁੰਦਾ ਹੈ। ਅਖ਼ੀਰ ਵਿੱਚ ਮੈਂ ਪਾਠਕਾਂ ਨੂੰ ਇਸ ਸਵਾਲ ਨਾਲ ਆਪਣੀ ਗੱਲ ਸਮਾਪਤ ਕਰਦਾ ਹਾਂ: ਕੀ ਮੈਂ ਇੱਕ ਭਾਰਤੀ ਮੁਸਲਮਾਨ ਵਜੋਂ; ਜੋ ਆਪਣੀ ਹਿੰਦੋਸਤਾਨੀ ਵਿਰਾਸਤ ’ਤੇ ਮਾਣ ਕਰਦਾ ਹੈ ਅਤੇ ਜਿਸ ਨੇ ਆਪਣੇ ਮਾਪਿਆਂ ਤੇ ਪੁਰਖਿਆਂ ਵਾਂਗ ਦੇਸ਼ ਦੀ ਸੇਵਾ ਵਿੱਚ ਆਪਣਾ ਬਣਦਾ ਹਿੱਸਾ ਪਾਇਆ ਹੈ; ਕਿਸੇ ਹੋਰ ਦੇਸ਼ ਦੀ ਸੰਤਾਨ ਹਾਂ, ਜੋ ਕਿਸੇ ਹੋਰ ਧਰਮ ਦੇ ਵਿਅਕਤੀ ਨਾਲੋਂ ਘੱਟ ਭਾਰਤੀ ਹੈ? ਅਤੇ ਕੀ ਇਹ ਸਿਰਫ਼ ਇਸ ਕਾਰਨ ਹੈ ਕਿ ਮੈਂ ਇੱਕ ਸੱਚਾ ਤੇ ਸਮਰਪਿਤ ਮੁਸਲਮਾਨ ਹਾਂ?

* ਭਾਰਤ ਦੇ ਸਾਬਕਾ ਮੁੱਖ ਸੂਚਨਾ ਕਮਿਸ਼ਨਰ।

Advertisement
×