ਪ੍ਰਿੰ. ਸਰਵਣ ਸਿੰਘ
1964 ਦੀ ਟੋਕੀਓ ਓਲੰਪਿਕ ਭਾਰਤੀ ਹਾਕੀ ਟੀਮ ਨੂੰ ਰਾਸ ਆ ਗਈ ਸੀ; ਲੱਗਦਾ, ਹੁਣ ਵਾਲੀ ਟੋਕੀਓ ਓਲੰਪਿਕ ਵੀ ਰਾਸ ਆ ਜਾਵੇਗੀ। ਕੁਆਰਟਰ ਫਾਈਨਲ ਵਿਚ ਭਾਰਤ ਦਾ ਬਰਤਾਨੀਆ ਨੂੰ 3-1 ਗੋਲਾਂ ਨਾਲ ਹਰਾਉਣਾ ਸ਼ੁਭ ਸੰਕੇਤ ਹੈ। 21 ਅਕਤੂਬਰ 1964 ਦਾ ਦਿਨ ਸੀ। ਮੈਂ ਕਲਕੱਤੇ ਕੈਂਪ ਵਿਚ ਸਾਂ। ਉੱਦਣ ਟੋਕੀਓ ਵਿਚ ਹਾਕੀ ਦੇ ਸੈਮੀ ਫਾਈਨਲ ਮੈਚ ਭਾਰਤ ਬਨਾਮ ਆਸਟਰੇਲੀਆ ਦੀ ਰੇਡੀਓ ਕੁਮੈਂਟਰੀ ਸੁਣੀ। ਭਾਰਤ ਨੇ ਉਹ ਮੈਚ 3-1 ਗੋਲਾਂ ਨਾਲ ਜਿੱਤਿਆ। 23 ਅਕਤੂਬਰ ਨੂੰ ਫਾਈਨਲ ਮੈਚ ਭਾਰਤ ਬਨਾਮ ਪਾਕਿਸਤਾਨ ਖੇਡਿਆ ਜਾਣਾ ਸੀ। ਉਸ ਦਿਨ ਮੈਂ ਕਲਕੱਤੇ ਤੋਂ ਦਿੱਲੀ ਨੂੰ ਰੇਲ ਦਾ ਸਫ਼ਰ ਕਰਨਾ ਸੀ। ਇਸ ਲਈ ਨਿੱਕਾ ਟਰਾਂਜਿ਼ਸਟਰ ਖਰੀਦ ਕੇ ਐਕਸਪ੍ਰੈਸ ਮੇਲ ਵਿਚ ਸਵਾਰ ਹੋਇਆ। ਸਫ਼ਰ ਕਰਦਿਆਂ ਟਰਾਂਜਿ਼ਸਟਰ ਕੰਨ ਨਾਲ ਲਾ ਕੇ ਮੈਚ ਦੀ ਕੁਮੈਂਟਰੀ ਸੁਣਦਾ ਗਿਆ। ਉਦੋਂ ਦੀ ਭਾਰਤੀ ਟੀਮ ਵਿਚ ਦੋ ਖਿਡਾਰੀ ਉਹ ਵੀ ਸਨ ਜਿਨ੍ਹਾਂ ਨਾਲ ਮੈਂ 1960 ਵਿਚ ਲੁਧਿਆਣੇ ਕੋਚਿੰਗ ਕੈਂਪ ਲਾ ਚੁੱਕਾ ਸਾਂ। ਭਾਰਤ ਨੇ ਪਾਕਿਸਤਾਨ ਨੂੰ 1-0 ਗੋਲ ਨਾਲ ਹਰਾਇਆ ਤਾਂ ਚਲਦੀ ਗੱਡੀ ਵਿਚ ਹੀ ਭੰਗੜੇ ਪੈਣ ਲੱਗੇ ਤੇ ਆਪਣੀ ਹਾਕੀ ਟੀਮ ਦੀ ਬੱਲੇ ਬੱਲੇ ਹੋਣ ਲੱਗੀ।
ਉਸ ਟੀਮ ਵਿਚ ਪਿਰਥੀਪਾਲ ਸਿੰਘ, ਗੁਰਬਖ਼ਸ਼ ਸਿੰਘ, ਧਰਮ ਸਿੰਘ, ਚਰਨਜੀਤ ਸਿੰਘ, ਮਹਿੰਦਰ ਲਾਲ, ਜਗਜੀਤ ਸਿੰਘ, ਬਲਬੀਰ ਸਿੰਘ ਕੁਲਾਰ, ਊਧਮ ਸਿੰਘ, ਹਰੀ ਪਾਲ, ਦਰਸ਼ਨ ਸਿੰਘ, ਜੋਗਿੰਦਰ ਸਿੰਘ ਤੇ ਹਰਬਿੰਦਰ ਸਿੰਘ 12 ਪੰਜਾਬੀ ਖਿਡਾਰੀ ਸਨ। ਪਾਕਿਸਤਾਨ ਦੀ ਟੀਮ ਵਿਚ ਵੀ ਇੰਨੇ ਹੀ ਪੰਜਾਬੀ ਖਿਡਾਰੀ ਸਨ। ਇਹ ਸਮਝ ਲਓ ਕਿ ਓਲੰਪਿਕ ਖੇਡਾਂ ਦਾ ਫਾਈਨਲ ਮੈਚ ਚੜ੍ਹਦੇ ਤੇ ਲਹਿੰਦੇ ਪੰਜਾਬ ਦਰਮਿਆਨ ਸੀ ਜਿਸ ਕਰਕੇ ਖੇਡ ਮੈਦਾਨ ਵਿਚ ‘ਲਈਂ ਨੂਰਿਆ, ਦੇਈਂ ਬੀਰਿਆ’ ਹੁੰਦੀ ਰਹੀ ਸੀ!
ਹੁਣ ਦੂਜੀ ਵਾਰ ਟੋਕੀਓ ਖੇਡ ਰਹੀ ਭਾਰਤੀ ਟੀਮ ਵਿਚ ਪੰਜਾਬੀ ਖਿਡਾਰੀ ਕਪਤਾਨ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਵਰੁਣ ਕੁਮਾਰ, ਵਿਵੇਕ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਤੇ ਮਨਦੀਪ ਸਿੰਘ ਖੇਡ ਰਹੇ ਹਨ। ਭਾਰਤੀ ਖੇਡ ਦਲ ਦਾ ਝੰਡਾਬਰਦਾਰ ਪੰਜਾਬ ਦਾ ਮਨਪ੍ਰੀਤ ਸਿੰਘ ਸੀ ਜੋ ਪਦਮਸ੍ਰੀ ਪਰਗਟ ਸਿੰਘ ਦੇ ਪਿੰਡ ਮਿੱਠਾਪੁਰ ਦਾ ਹੈ ਜਿਥੋਂ ਦੇ ਦੋ ਖਿਡਾਰੀ ਹੋਰ ਵੀ ਹਨ। ਇਕੋ ਪਿੰਡ ਦੇ ਤਿੰਨ ਖਿਡਾਰੀ!
ਇਹ ਹਕੀਕਤ ਹੈ ਕਿ ਭਾਰਤ ਦੀ ਓਲੰਪਿਕ ਖੇਡਾਂ ਵਿਚ ਹੋਂਦ ਹਾਕੀ ਕਰਕੇ ਹੈ ਤੇ ਭਾਰਤੀ ਹਾਕੀ ਦੀ ਹੋਂਦ ਪੰਜਾਬੀ ਖਿਡਾਰੀਆਂ ਕਰਕੇ ਹੈ। ਭਾਰਤ ਨੇ ਹਾਕੀ ਦੇ 8 ਸੋਨੇ, 1 ਚਾਂਦੀ ਤੇ 2 ਤਾਂਬੇ ਦੇ ਤਗ਼ਮੇ ਜਿੱਤੇ ਹਨ।
ਪੰਜਾਬ ਵਿਚ ਹਾਕੀ ਵਰਗੀ ਖੇਡ ਖਿੱਦੋ ਖੂੰਡੀ ਪਹਿਲਾਂ ਹੀ ਖੇਡੀ ਜਾਂਦੀ ਸੀ ਜਿਸ ਕਰਕੇ ਹਾਕੀ ਪੰਜਾਬੀਆਂ ਵਿਚ ਹਰਮਨ ਪਿਆਰੀ ਹੋ ਗਈ। ਪਹਿਲੀ ਵਾਰ 1928 ਦੀਆਂ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਭਾਗ ਲਿਆ ਤੇ ਸੋਨੇ ਦਾ ਤਗ਼ਮਾ ਜਿੱਤਿਆ। 1932 ਵਿਚ ਲਾਸ ਏਂਜਲਸ, 1936 ਵਿਚ ਬਰਲਿਨ, 1948 ਵਿਚ ਲੰਡਨ, 1952 ਵਿਚ ਹੇਲਸਿੰਕੀ ਤੇ 1956 ਵਿਚ ਮੈਲਬਰਨ ਦੀਆਂ ਓਲੰਪਿਕ ਖੇਡਾਂ ਵਿਚੋਂ ਭਾਰਤੀ ਹਾਕੀ ਟੀਮ ਲਗਾਤਾਰ ਸੋਨੇ ਦੇ ਤਗ਼ਮੇ ਜਿੱਤੀ। ਮੈਲਬਰਨ ਵਿਚ ਭਾਰਤੀ ਟੀਮ ਨੇ 38 ਗੋਲ ਕੀਤੇ ਪਰ ਆਪਣੇ ਸਿਰ ਇਕ ਵੀ ਗੋਲ ਨਾ ਹੋਣ ਦਿੱਤਾ! 1960 ਵਿਚ ਭਾਰਤੀ ਟੀਮ ਪਾਕਿਸਤਾਨ ਤੋਂ 1-0 ਗੋਲ ’ਤੇ ਹਾਰੀ ਪਰ ਟੋਕੀਓ-1964 ਵਿਚੋਂ ਫਿਰ ਸੋਨੇ ਦਾ ਤਗ਼ਮਾ ਜਿੱਤ ਲਿਆ। ਮਾਸਕੋ ਓਲੰਪਿਕ-1980 ਵਿਚੋਂ ਆਖ਼ਰੀ ਵਾਰ ਸੋਨੇ ਦਾ ਤਗ਼ਮਾ ਹਾਸਲ ਕੀਤਾ। ਉਸ ਪਿਛੋਂ ਚਾਲੀ ਸਾਲ ਭਾਰਤੀ ਹਾਕੀ ਵਿਚ ਸੋਕਾ ਪਿਆ ਰਿਹਾ। ਹੁਣ ਟੋਕੀਓ ਓਲੰਪਿਕ ਵਿਚ ਮੁੜ ਭਾਗ ਜਾਗੇ ਹਨ ਤੇ 1972 ਤੋਂ ਬਾਅਦ ਭਾਰਤੀ ਟੀਮ ਫਿਰ ਸੈਮੀ ਫਾਈਨਲ ਖੇਡ ਰਹੀ ਹੈ।
3 ਅਗਸਤ ਨੂੰ ਸੈਮੀ ਫਾਈਨਲ ਮੈਚ ਭਾਰਤ ਬਨਾਮ ਬੈਲਜੀਅਮ ਅਤੇ ਆਸਟਰੇਲੀਆ ਬਨਾਮ ਜਰਮਨੀ ਖੇਡੇ ਜਾਣਗੇ। ਚਾਰਾਂ ਵਿਚੋਂ ਕੋਈ ਵੀ ਦੋ ਟੀਮਾਂ ਫਾਈਨਲ ਵਿਚ ਪਹੁੰਚਣ ਦੀ ਸੰਭਾਵਨਾ ਰੱਖਦੀਆਂ ਹਨ। ਹੁਣ ਤਕ ਓਲੰਪਿਕ ਖੇਡਾਂ ਵਿਚੋਂ ਹਾਕੀ ਦੇ ਜਿੱਤੇ ਮੈਡਲਾਂ ’ਤੇ ਝਾਤ ਮਾਰੀਏ ਤਾਂ ਭਾਰਤ ਨੇ 8 ਸੋਨੇ, 1 ਚਾਂਦੀ ਤੇ 2 ਤਾਂਬੇ ਦੇ ਤਗ਼ਮੇ, ਜਰਮਨੀ ਨੇ 4+3+4, ਪਾਕਿਸਤਾਨ 3+3+2, ਬਰਤਾਨੀਆ 3+2+2, ਨੀਦਰਲੈਂਡਜ਼ 2+4+3, ਆਸਟਰੇਲੀਆ 1+3+5 ਅਤੇ ਨਿਊਜ਼ੀਲੈਂਡ ਤੇ ਅਰਜਨਟੀਨਾ ਨੇ 1-1 ਸੋਨ ਤਗ਼ਮਾ ਜਿੱਤਿਆ ਹੈ। ਸਪੇਨ ਨੇ 3 ਚਾਂਦੀ, 1 ਤਾਂਬੇ ਤੇ ਬੈਲਜੀਅਮ ਨੇ 1 ਚਾਂਦੀ ਤੇ 1 ਤਾਂਬੇ ਦੇ ਤਗ਼ਮੇ ਜਿੱਤੇ ਹਨ। ਗਰੇਡਿੰਗ ਅਨੁਸਾਰ ਆਸਟਰੇਲੀਆ ਤੇ ਬੈਲਜੀਅਮ ਸਰਬੋਤਮ ਟੀਮਾਂ ਮੰਨੀਆਂ ਜਾ ਰਹੀਆਂ ਹਨ। ਭਾਰਤੀ ਟੀਮ ਗਰੇਡ ਪੱਖੋਂ ਚੌਥੇ ਥਾਂ ਹੈ ਪਰ ਅਜੋਕੀ ਹਾਕੀ ਦਾ ਨਤੀਜਾ ਕੁਝ ਵੀ ਨਿਕਲ ਸਕਦਾ ਹੈ। ਕੁਆਰਟਰ ਫਾਈਨਲ ਵਿਚ ਬਰਤਾਨੀਆ ਦੀ ਟੀਮ ਨੂੰ ਵਾਰ ਵਾਰ ਪੈਨਲਟੀ ਕਾਰਨਰ ਮਿਲੇ ਪਰ ਉਹ ਇਕੋ ਗੋਲ ਕਰ ਸਕੀ ਜਦ ਕਿ ਭਾਰਤੀ ਟੀਮ ਕੋਈ ਪੈਨਲਟੀ ਕਾਰਨਰ ਨਹੀਂ ਲੈ ਸਕੀ, ਫਿਰ ਵੀ ਤਿੰਨ ਫੀਲਡ ਗੋਲ ਕਰਕੇ ਮੈਚ ਜਿੱਤ ਲਿਆ।
ਜੇਕਰ ‘ਗੋਲ ਕਿੰਗ’ ਬਲਬੀਰ ਸਿੰਘ ਜਿਊਂਦਾ ਹੁੰਦਾ ਤਾਂ ਭਾਰਤ ਦੀ ਬਰਤਾਨੀਆ ਉਤੇ ਹਾਕੀ ਦੀ ਜਿੱਤ ਦੇ ਸਦ ਬਲਿਹਾਰੇ ਜਾਂਦਾ। 1948 ਦੀ ਲੰਡਨ ਓਲੰਪਿਕ ਤੇ 1952 ਦੀ ਹੇਲਸਿੰਕੀ ਓਲੰਪਿਕ ਵਿਚ ਉਸ ਨੇ ਸਭ ਤੋਂ ਵੱਧ ਗੋਲ ਕੀਤੇ ਸਨ। ਹੈਲਸਿੰਕੀ ਦੇ ਫਾਈਨਲ ਮੈਚ ਵਿਚ ਉਸ ਦਾ 5 ਗੋਲ ਕਰਨ ਦਾ ਓਲੰਪਿਕ ਰਿਕਾਰਡ ਅਜੇ ਤਕ ਕਾਇਮ ਹੈ। ਟੋਕੀਓ ਵਿਚ ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਤੇ ਹਾਰਦਿਕ ਸਿੰਘ ਦੇ ਫੀਲਡ ਗੋਲਾਂ ਨੇ ਭਾਰਤੀ ਹਾਕੀ ਦਾ ਸ਼ਾਨਾਂਮੱਤਾ ਇਤਿਹਾਸ ਦੁਹਰਾਇਆ ਹੈ ਜਿਸ ਦੀਆਂ ਸਮੁੱਚੀ ਭਾਰਤੀ ਟੀਮ, ਗੋਲਕੀਪਰ ਸ੍ਰੀਜੇਸ਼ ਤੇ ਤਿੰਨੇ ਪੰਜਾਬੀ ਖਿਡਾਰੀਆਂ ਨੂੰ ਵਧਾਈਆਂ। ਅਜੇ ਵੀ ਪੰਜਾਬੀਆਂ ਅੰਦਰ ਕਣ ਹੈ ਜਿਸ ਨੂੰ ਸੰਭਾਲਣ ਤੇ ਉਤਸ਼ਾਹਿਤ ਕਰਨ ਦੀ ਲੋੜ ਹੈ। ਭਾਰਤੀ ਟੀਮ ਗੋਲਡ ਮੈਡਲ ਜਿੱਤ ਜਾਵੇ ਤਾਂ ਹਾਕੀ ਦੇ 11 ਪੰਜਾਬੀ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ 25 ਕਰੋੜ ਰੁਪਏ ਤੋਂ ਵੱਧ ਦੇ ਨਕਦ ਇਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਠ ਗੋਲਡ ਮੈਡਲ ਜਿੱਤਣ ਦੇ ਸੋਕੇ ਪਿਛੋਂ ਭਾਰਤੀ ਟੀਮ ਮੁੜ ਜਿੱਤ ਮੰਚ ’ਤੇ ਚੜ੍ਹਦੀ ਹੈ ਤਾਂ ਹਾਕੀ ਦਾ ‘ਗੋਲਡਨ ਹੈਟ ਟ੍ਰਿਕ’ ਮਾਰਨ ਵਾਲੇ ਬਲਬੀਰ ਸਿੰਘ ਦੀ ਰੂਹ ਨੂੰ ਵੀ ਸਕੂਨ ਮਿਲੇਗਾ ਜਿਹੜਾ 97 ਸਾਲ ਦੀ ਉਮਰ ਤਕ ਭਾਰਤੀ ਹਾਕੀ ਟੀਮ ਦੀ ਜਿੱਤ ਉਡੀਕਦਾ ਪਿਛਲੇ ਸਾਲ ਚਲਾਣਾ ਕਰ ਗਿਆ। ਕਾਸ਼ ਉਹਦੀ ਅਧੂਰੀ ਰਹਿ ਗਈ ਰੀਝ ਪੂਰੀ ਹੋ ਸਕੇ!
ਸੰਪਰਕ: principalsarwansingh@gmail.com