ਭਾਰਤੀ ਅਰਥਚਾਰਾ: ‘ਬੁਰੇ’ ਦਿਨ ਆਉਣ ਵਾਲ਼ੇ ਹਨ...

ਭਾਰਤੀ ਅਰਥਚਾਰਾ: ‘ਬੁਰੇ’ ਦਿਨ ਆਉਣ ਵਾਲ਼ੇ ਹਨ...

ਮਾਨਵ

ਪਿਛਲੇ ਦਿਨੀਂ ਮੀਡੀਆ ਅੰਦਰ ਚਰਚਾ ਚੱਲੀ ਕਿ ਭਾਰਤ ਦਾ ਅਰਥਚਾਰਾ ਆਉਂਦੇ ਸਾਲ ਮੁੜ ਵਧਾਰੇ ਵੱਲ ਜਾਵੇਗਾ, ਕਿ ਕਰੋਨਾ ਲੌਕਡਾਊਨ ਹੋਣ ਕਰ ਕੇ ਅਰਥਚਾਰੇ ਨੂੰ ਲੱਗੀਆਂ ਬਰੇਕਾਂ ਹੁਣ ਖੁੱਲ੍ਹਣ ਦੇ ਸੰਕੇਤ ਮਿਲ ਰਹੇ ਹਨ। ਵੱਖ ਵੱਖ ਦਰਜਾ ਏਜੰਸੀਆਂ ਜਿਵੇਂ ਮੌਰਗਨ ਸਟੈਨਲੇ, ਨੋਮੂਰਾ ਆਦਿ ਦਾ ਵੀ ਇਹੀ ਅਨੁਮਾਨ ਹੈ ਕਿ ਆਉਂਦੇ ਸਾਲ ਭਾਰਤ ਏਸ਼ੀਆ ਵਿਚ ਸਭ ਤੋਂ ਤੇਜ਼ ਵਾਧੇ ਵਾਲ਼ਾ ਅਰਥਚਾਰਾ ਬਣੇਗਾ। ਇਨ੍ਹਾਂ ਏਜੰਸੀਆਂ ਮੁਤਾਬਕ ਕੈਲੰਡਰ ਸਾਲ 2021 ਵਿਚ 9.9% ਦੇ ਵਾਧੇ ਨਾਲ ਭਾਰਤ ਚੀਨ ਦੀ 9% ਵਾਧਾ ਦਰ ਨੂੰ ਪਿੱਛੇ ਛੱਡ ਜਾਵੇਗਾ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਵੀ ਇਹੀ ਅਨੁਮਾਨ ਹਨ। ਕਹਿਣ ਦੀ ਲੋੜ ਨਹੀਂ ਕਿ ਮੋਦੀ ਸਰਕਾਰ ਨੇ ਇਨ੍ਹਾਂ ਅਨੁਮਾਨਾਂ ਨੂੰ ਆਪਣੇ ਹੱਕ ਵਿਚ ਭੁਗਤਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਪਰਦੇ ਤੇ ਇਹ ਜਿਹੜੇ ਅਨੁਮਾਨ, ਜਿਹੜੇ ਅੰਕੜੇ ਦਿਸ ਰਹੇ ਹਨ, ਇਨ੍ਹਾਂ ਦੀ ਪਰਦੇ ਪਿਛਲੀ ਸਚਾਈ ਕੁਝ ਹੋਰ ਹੈ।

ਇਹ ਜਾਂਚ ਏਜੰਸੀਆਂ ਅੰਕੜੇ ਵਿੱਤੀ ਸਾਲ ਮੁਤਾਬਕ ਇਕੱਠੇ ਕਰਦੀਆਂ ਹਨ, ਭਾਵ ਪਹਿਲੀ ਅਪਰੈਲ ਤੋਂ ਲੈ ਕੇ ਅਗਲੇ ਸਾਲ ਦੀ 31 ਮਾਰਚ ਤੱਕ ਇਨ੍ਹਾਂ ਦਾ ਇੱਕ ਵਿੱਤੀ ਵਰ੍ਹਾ ਪੂਰਾ ਹੁੰਦਾ ਹੈ। ਇਹ ਵਿੱਤੀ ਵਰ੍ਹਾ ਚਾਰ ਹਿੱਸਿਆਂ, ਭਾਵ ਚਾਰ ਤਿਮਾਹੀਆਂ ਵਿਚ ਵੰਡ ਕੇ ਹਰ ਤਿਮਾਹੀ ਦੇ ਵੱਖਰੇ ਅੰਕੜੇ ਪੇਸ਼ ਕੀਤੇ ਜਾਂਦੇ ਹਨ। ਹੁਣ ਜੇ ਇਸ ਹਿਸਾਬ ਨਾਲ਼ ਦੇਖੀਏ ਤਾਂ ਭਾਰਤ ਦੇ ਅਰਥਚਾਰੇ ਦੀ ਤਸਵੀਰ ਬਿਲਕੁਲ ਬਦਲ ਜਾਂਦੀ ਹੈ। ਵਿੱਤੀ ਵਰ੍ਹੇ 2021-22 ਦੌਰਾਨ ਤਿਮਾਹੀ ਮੁਤਾਬਕ ਭਾਰਤ ਦੇ ਅਰਥਚਾਰੇ ਦੀ ਵਾਧਾ ਦਰ ਕ੍ਰਮਵਾਰ 1.2%, 32.4%, 10.2% ਤੇ 4.6% ਰਹਿਣ ਦਾ ਅਨੁਮਾਨ ਹੈ; ਭਾਵ ਕਰੋਨਾ ਬੰਦ ਕਰ ਕੇ -23% ਤੱਕ ਜਿਹੜਾ ਅਰਥਚਾਰਾ ਡਿੱਗ ਚੁੱਕਾ ਸੀ, ਉਹ ਹੁਣ ਕੰਮ-ਧੰਦੇ ਖੁੱਲ੍ਹਣ ਨਾਲ਼ ਸੁਭਾਵਿਕ ਹੀ ਸੁਧਰ ਕੇ -1.2% ਦਾ ਘਾਟਾ ਹੀ ਰਹਿ ਜਾਵੇਗਾ। ਇਸ ਵਿਚ ਭਾਰਤ ਕੋਈ ਇਕੱਲਾ ਨਹੀਂ ਸਗੋਂ ਇਸ ਵੇਲ਼ੇ ਕੁੱਲ ਦੁਨੀਆ ਦੇ ਮੁਲਕਾਂ ਵਿਚ ਅਰਥਚਾਰੇ ਵਾਧੇ ਤੇ ਹਨ ਕਿਉਂਕਿ ਕਰੋਨਾ ਬੰਦ ਮਗਰੋਂ ਹੌਲ਼ੀ ਹੌਲ਼ੀ ਸਭ ਵਪਾਰ ਖੁੱਲ੍ਹ ਰਹੇ ਹਨ। ਇਸ ਮੁੜ-ਉਭਾਰ ਵਿਚ ਚੀਨ ਸਭ ਤੋਂ ਮੋਹਰੀ ਹੈ। ਇਸ ਤੋਂ ਅਗਲੀ ਦੂਜੀ ਤਿਮਾਹੀ ਵਿਚ ਰਿਕਾਰਡ 32.4% ਦਾ ਵਾਧਾ ਵੀ ਸਮਝ ਆਉਣ ਵਾਲ਼ਾ ਹੈ, ਕਿਉਂਕਿ ਇਹ ਆਰਥਿਕ ਤਬਾਹੀ ਤੋਂ ਮਗਰੋਂ ਨਵੀਂ ਉਸਾਰੀ ਦਾ ਸਮਾਂ ਹੈ ਜਿਸ ਕਰ ਕੇ ਵਾਧਾ ਦਰ ਬਹੁਤ ਉੱਚੀ ਨਜ਼ਰ ਆਉਂਦੀ ਹੈ ਪਰ ਪਿਛਲੀਆਂ ਦੋ ਤਿਮਾਹੀਆਂ ਭਾਰਤ ਦੇ ਅਰਥਚਾਰੇ ਦੀ ਅਸਲ ਤਸਵੀਰ ਹਨ। ਇਸ ਦੌਰਾਨ ਆਰਥਿਕ ਵਾਧਾ ਘਟਦਾ ਘਟਦਾ ਪਹਿਲਾਂ 10.2% ਤੇ ਫਿਰ 4.6% ਰਹਿ ਜਾਵੇਗਾ! ਯਕੀਨਨ ਉਸ ਤੋਂ ਅਗਲੇ ਵਰ੍ਹੇ ਵੀ ਗਿਰਾਵਟ ਦਾ ਰੁਝਾਨ ਹੋਰ ਤਿੱਖਾ ਹੋ ਕੇ ਸਾਹਮਣੇ ਆਵੇਗਾ ਪਰ ਇਸ ਬਾਰੇ ਫਿਲਹਾਲ ਕੋਈ ਚਰਚਾ ਨਹੀਂ ਕਰ ਰਿਹਾ। ਦੂਜੀ ਗੱਲ ਇਹ ਹੈ ਕਿ ਇਨ੍ਹਾਂ ਦਰਜਾ ਏਜੰਸੀਆਂ ਮੁਤਾਬਕ ਹੀ ਅਰਥਚਾਰੇ ਦਾ ਇਹ ਸੁਧਾਰ ਰੁਜ਼ਗਾਰ ਦੇ ਮਾਮਲੇ ਵਿਚ ਕੋਈ ਵੱਡੀ ਬਿਹਤਰੀ ਨਹੀਂ ਲਿਆਵੇਗਾ।

ਭਾਰਤ ਦੇ ਇਸ ਹਾਲਤ ਤੋਂ ਸਰਮਾਏਦਾਰ ਤਬਕਾ ਵੀ ਫਿ਼ਕਰਮੰਦ ਹੈ। ਆਰਥਿਕ ਅਖ਼ਬਾਰਾਂ ਨੇ ਇਹ ਸੁਰਖ਼ੀਆਂ ਪਿਛਲੇ ਦਿਨੀਂ ਲਾਈਆਂ ਕਿ ਜੁਲਾਈ-ਅਗਸਤ 2020 ਦੌਰਾਨ ਸਰਮਾਏਦਾਰਾਂ ਦੇ ਮੁਨਾਫ਼ੇ ਰਿਕਾਰਡ ਰਫ਼ਤਾਰ ਨਾਲ਼ ਵਧੇ ਹਨ। ਕਈ ਸਾਲਾਂ ਮਗਰੋਂ ਅਜਿਹਾ ਵਾਧਾ ਦਿਸਿਆ ਹੈ ਪਰ ਵੱਡਾ ਸਰਮਾਏਦਾਰ ਤਬਕਾ ਹੁਣ ਇਸ ਕਰ ਕੇ ਫਿ਼ਕਰਮੰਦ ਹੈ ਕਿ 2021 ਵਿਚ ਇਹ ਮੁਨਾਫੇ ਜਾਮ ਹੋਣਗੇ! ਕਿਉਂ?

ਅਸਲ ਵਿਚ ਕੋਈ ਵੀ ਸਰਮਾਏਦਾਰ ਮੋਟੇ ਤੌਰ ਤੇ ਤਿੰਨ ਤਰ੍ਹਾਂ ਦੇ ਖ਼ਰਚੇ ਕਰਦਾ ਹੈ - ਪਹਿਲਾ ਕੱਚੇ ਮਾਲ ਤੇ ਖ਼ਰਚਾ, ਦੂਜਾ ਇਸ ਕੱਚੇ ਮਾਲ ਨੂੰ ਵਸਤਾਂ ਵਿਚ ਢਾਲਣ ਲਈ ਮਜ਼ਦੂਰਾਂ ਤੇ ਹੁੰਦਾ ਉਜਰਤਾਂ ਦਾ ਖ਼ਰਚਾ ਤੇ ਤੀਜਾ ਇਸ ਸਭ ਕਾਸੇ ਲਈ ਸਰਮਾਏਦਾਰਾਂ ਵੱਲ਼ੋਂ ਬੈਂਕਾਂ ਤੋਂ ਲਏ ਕਰਜ਼ੇ ਤੇ ਲਗਦੇ ਵਿਆਜ ਦਾ ਖ਼ਰਚਾ। ਜੁਲਾਈ-ਅਗਸਤ 2020 ਵਿਚ ਸਰਮਾਏਦਾਰਾਂ ਦੇ ਹੋਏ ਰਿਕਾਰਡ ਮੁਨਾਫ਼ਿਆਂ ਦਾ ਕਾਰਨ ਸੀ ਇਨ੍ਹਾਂ ਤਿੰਨਾਂ ਹੀ ਖ਼ਰਚਿਆਂ ਵਿਚ ਹੋਈ ਗਿਰਾਵਟ। ਕਰੋਨਾ ਬੰਦ ਕਰ ਕੇ ਦੁਨੀਆ ਭਰ ਦੇ ਮੁਲਕਾਂ ਦੇ ਅਰਥਚਾਰੇ ਜਾਮ ਹੋ ਗਏ, ਪਿੱਛੇ ਧੱਕੇ ਗਏ ਜਿਸ ਨਾਲ਼ ਉਨ੍ਹਾਂ ਵੱਲ਼ੋਂ ਕੱਚੇ ਮਾਲ ਦੀ ਮੰਗ ਵੀ ਘਟ ਗਈ। ਕੱਚੇ ਮਾਲ ਦੇ ਸਭ ਤੋਂ ਵੱਡੇ ਖਪਤਕਾਰ ਮੁਲਕ ਚੀਨ ਦੀ ਵੀ ਮੰਗ ਘਟ ਗਈ। ਇਸ ਸਭ ਦਾ ਅਸਰ ਇਹ ਹੋਇਆ ਕਿ ਕੱਚੇ ਮਾਲ ਦੀਆਂ ਕੀਮਤਾਂ ਸੰਸਾਰ ਪੱਧਰ ਤੇ ਹੀ ਘਟ ਗਈਆਂ। ਦੂਜਾ ਇਹ ਕਿ ਸਰਮਾਏਦਾਰਾਂ ਦੇ ਉਜਰਤਾਂ ਦੇ ਬਿੱਲ ਵੀ ਘਟ ਗਏ, ਕਿਉਂਕਿ ਕਰੋਨਾ ਬੰਦ ਕਰ ਕੇ ਹੋਈ ਬੇਰੁਜ਼ਗਾਰੀ ਤੇ ਉਜਰਤਾਂ ਤੇ ਸਰਮਾਏਦਾਰਾਂ ਦੀ ਲਾਈ ਬੇਕਿਰਕ ਕਾਟ ਨੇ ਉਜਰਤਾਂ ਘਟਾ ਦਿੱਤੀਆਂ। ਇਸ ਨੇ ਇੱਕ ਪਾਸੇ ਤਾਂ ਆਮ ਲੋਕਾਂ ਲਈ ਹਾਲਾਤ ਹੋਰ ਮੁਸ਼ਕਿਲ ਕਰ ਦਿੱਤੇ, ਉੱਥੇ ਹੀ ਸਰਮਾਏਦਾਰਾਂ ਨੂੰ ਇਸ ਦਾ ਫਾਇਦਾ ਹੋਇਆ। ਤੀਜਾ ਇਹ ਕਿ ਕਰੋਨਾ ਬੰਦ ਦੌਰਾਨ, ਤੇ ਮਗਰੋਂ ਭਾਰਤ ਦੇ ਰਿਜ਼ਰਵ ਬੈਂਕ ਦੀ ਇਹ ਕੋਸ਼ਿਸ਼ ਰਹੀ ਕਿ ਬੈਂਕ ਕਰਜ਼ੇ ਦੀਆਂ ਵਿਆਜ ਦਰਾਂ ਘਟਾਈਆਂ ਜਾਣ ਤਾਂ ਜੋ ਸਰਮਾਏਦਾਰਾਂ ਨੂੰ ਸਸਤਾ ਕਰਜ਼ਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਸਕੇ, ਅਰਥਚਾਰੇ ਨੂੰ ਥੋੜ੍ਹਾ ਠੁੰਮਣਾ ਦਿੱਤਾ ਜਾ ਸਕੇ ਪਰ ਹੁਣ ਜਿਵੇਂ ਜਿਵੇਂ ਕੰਮ ਚਾਲ ਫੜਨ ਲੱਗਾ ਹੈ ਤਾਂ ਉਪਰੋਕਤ ਤਿੰਨੇ ਹੀ ਖ਼ਰਚੇ ਵਧ ਰਹੇ ਹਨ।

ਪਹਿਲਾ ਤਾਂ ਇਹ ਕਿ ਕੱਚੇ ਮਾਲ ਦੀ ਮੰਗ ਤੇਜ਼ ਹੋ ਗਈ ਹੈ, ਨਵੰਬਰ ਮਹੀਨੇ ਚੀਨ ਦੇ ਅਰਥਚਾਰੇ ਨੇ ਮੁੜ ਛਾਲ ਲਾਉਂਦਿਆਂ 7% ਵਾਧਾ ਦਰ ਨੂੰ ਛੋਹਿਆ। ਕੱਚੇ ਮਾਲ ਦੀ ਕੁੱਲ ਸੰਸਾਰ ਪੱਧਰ ਤੇ ਹੀ ਮੰਗ ਵਧਣ ਨਾਲ਼ ਇਸ ਦੀਆਂ ਕੀਮਤਾਂ ਵਧ ਰਹੀਆਂ ਹਨ। ਕੰਮ ਚਾਲੂ ਹੋਣ ਨਾਲ਼ ਮਜ਼ਦੂਰਾਂ ਦੀ ਮੰਗ ਵੀ ਵਧੀ ਹੈ ਜਿਸ ਕਰ ਕੇ ਉਜਰਤਾਂ ਦਾ ਦਬਾਅ ਸਰਮਾਏਦਾਰਾਂ ਤੇ ਵਧਣਾ ਸ਼ੁਰੂ ਹੋ ਗਿਆ ਹੈ ਤੇ ਤੀਜਾ ਇਹ ਕਿ ਭਾਰਤ ਦੇ ਕੇਂਦਰੀ ਰਿਜ਼ਰਵ ਬੈਂਕ ਤੇ ਇਹ ਦਬਾਅ ਬਣਿਆ ਹੋਇਆ ਹੈ ਕਿ ਉਹ ਵਿਆਜ ਦਰਾਂ ਹੋਰ ਨਾ ਘਟਾਵੇ ਸਗੋਂ ਪਿੱਛੇ ਜਿਹੇ ਉਸ ਨੇ ਬਿਆਨ ਵਿਚ ਕਿਹਾ ਕਿ ਵਿਆਜ ਦਰਾਂ ਘਟਾਉਣ ਨਾਲ਼ ਮਹਿੰਗਾਈ ਵਧਣਾ ਚਿੰਤਾ ਦਾ ਸਬਬ ਹੈ; ਭਾਵ ਇਹ ਇਸ਼ਾਰਾ ਰਿਜ਼ਰਵ ਬੈਂਕ ਨੇ ਕੀਤਾ ਹੈ ਕਿ ਮਹਿੰਗਾਈ ਹੋਰ ਵਧਣ ਦੀ ਸੂਰਤ ਵਿਚ ਆਉਂਦੇ ਸਮੇਂ ਉਹ ਵਿਆਜ ਦਰਾਂ ਘਟਾਉਣ ਦੀ ਥਾਵੇਂ ਵਧਾ ਸਕਦਾ ਹੈ। ਹੁਣ ਇਹ ਤਿੰਨੇ ਖ਼ਰਚੇ ਵਧਣ ਦਾ ਅਸਰ ਇਹ ਹੋਣਾ ਹੈ ਕਿ ਸਰਮਾਏਦਾਰਾਂ ਨੇ ਆਪਣੀਆਂ ਵਸਤਾਂ ਦੀਆਂ ਕੀਮਤਾਂ ਵਧਾ ਦੇਣੀਆਂ ਹਨ ਤੇ ਆਪਣੇ ਮੁਨਾਫੇ ਕਾਇਮ ਰੱਖਣ ਲਈ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਕਿਰਤੀਆਂ ਤੇ ਚੂੜੀ ਹੋਰ ਕੱਸੀ ਜਾਵੇ, ਉਨ੍ਹਾਂ ਦੀਆਂ ਉਜਰਤਾਂ ਘਟਾਈਆਂ ਜਾਣ ਜਾਂ ਉਨ੍ਹਾਂ ਦੀ ਲੁੱਟ ਹੋਰ ਤੇਜ਼ ਕੀਤੀ ਜਾਵੇ।

ਅਜਿਹੀ ਸੂਰਤ ਵਿਚ ਭਾਰਤ ਦੇ ਅਰਥਚਾਰੇ ਦਾ ਬੁਨਿਆਦੀ ਸੰਕਟ ਅਗਲੇ ਸਾਲ ਹੋਰ ਤਿੱਖਾ ਹੋਵੇਗਾ। ਸਰਮਾਏਦਾਰਾਂ ਦੀ ਕੋਸ਼ਿਸ਼ ਰਹੇਗੀ ਕਿ ਮਜ਼ਦੂਰਾਂ ਦੀਆਂ ਤਨਖ਼ਾਹਾਂ ਘਟਾ ਕੇ ਜਾਂ ਨਵੀਂ ਤਕਨੀਕ ਰਾਹੀਂ ਲੁੱਟ ਤਿੱਖੀ ਕਰ ਕੇ ਉਨ੍ਹਾਂ ਨੂੰ ਦਬਾਇਆ ਜਾਵੇ; ਦੂਜੇ ਬੰਨੇ ਕਰੋਨਾ ਦੇ ਨੁਕਸਾਨ ਤੋਂ ਮਗਰੋਂ ਮਜ਼ਦੂਰਾਂ ਦੀ ਜ਼ਿੰਦਗੀ ਅਗਲੇ ਸਾਲ ਤਾਈਂ ਹੌਲ਼ੀ ਹੌਲ਼ੀ ਲੀਹ ਤੇ ਆਉਣ ਨਾਲ਼ ਆਪਣੀ ਲੁੱਟ ਖਿਲਾਫ ਉਨ੍ਹਾਂ ਦੇ ਵਿਰੋਧ ਨਜ਼ਰ ਆਉਣਗੇ। ਪਿਛਲੇ ਦਿਨੀਂ ਐਪਲ ਕੰਪਨੀ ਨੂੰ ਸਮਾਨ ਬਣਾ ਕੇ ਦਿੰਦੀ ਬੰਗਲੌਰ ਨੇੜੇ ਦੀ ਵਿਸਟਰੌਨ ਕੰਪਨੀ ਦੇ ਵੱਡੇ ਕਾਰਖ਼ਾਨੇ ਵਿਚ ਹੋਈ ਭੰਨ-ਤੋੜ ਦਾ ਅਸਲ ਕਾਰਨ ਘੱਟ ਉਜਰਤਾਂ ਤੇ ਵਧ ਕੰਮ ਰਾਹੀਂ ਮਜ਼ਦੂਰਾਂ ਦੀ ਕੀਤੀ ਜਾ ਰਹੀ ਬੇਕਿਰਕ ਲੁੱਟ ਹੀ ਸੀ। ਆਉਂਦੇ ਸਾਲ ਅਸੀਂ ਅਰਥਚਾਰੇ ਦੀ ਰੀੜ੍ਹ ਸਨਅਤੀ ਮਜ਼ਦੂਰਾਂ ਦੀਆਂ ਆਪ-ਮੁਹਾਰੀਆਂ ਹੜਤਾਲਾਂ ਦੇਖ ਸਕਦੇ ਹਾਂ। ਅਜਿਹੇ ਮੌਕੇ ਕਿਰਤੀਆਂ ਦੇ ਇਸ ਆਪ-ਮੁਹਾਰੇ ਗੁੱਸੇ ਨੂੰ ਸਹੀ ਸੇਧ ਦੇਣ ਲਈ ਉਨ੍ਹਾਂ ਨੂੰ ਜਥੇਬੰਦ ਕਰਨ ਦੀ ਲੋੜ ਹੈ। ਅੱਜ ਸਮਾਂ ਸਾਰੇ ਸਮਾਜਿਕ ਕਾਰਕੁਨਾਂ ਅਤੇ ਸੁਹਿਰਦ ਨੌਜਵਾਨਾਂ ਤੋਂ ਇਹੀ ਆਸ ਕਰਦਾ ਹੈ ਕਿ ਉਹ ਆਉਂਦੇ ਸਮੇਂ ਦਾ ਇਸ਼ਾਰਾ ਸਮਝ ਕੇ ਇਸ ਅਸਲੋਂ ਇਨਕਲਾਬੀ ਜਮਾਤ ਨੂੰ ਜਥੇਬੰਦ ਕਰਨ ਵੱਲ ਆਪਣਾ ਧਿਆਨ ਲਾਉਣ।

ਸੰਪਰਕ: 98888-08188

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All