ਰਾਮਚੰਦਰ ਗੁਹਾ
ਪੰਝੀ ਸਤੰਬਰ ਨੂੰ ਇਕ ਅਜਿਹੇ ਕ੍ਰਿਕਟਰ ਦੀ ਪਝੱਤਰਵੀਂ ਜਨਮ ਵਰ੍ਹੇਗੰਢ ਲੰਘੀ ਹੈ ਜਿਸ ਨੂੰ ਮੈਂ ਆਪਣੇ ਸਭ ਤੋਂ ਵੱਧ ਸਤਿਕਾਰ ਦਾ ਪਾਤਰ ਗਿਣਦਾ ਹਾਂ। ਕ੍ਰਿਕਟ ਤੇ ਹੋਰਨਾਂ ਮੈਦਾਨਾਂ ’ਚ ਉਸ ਦੀਆਂ ਪ੍ਰਾਪਤੀਆਂ ਦਾ ਤਾਂ ਫਖ਼ਰਯੋਗ ਹਨ ਹੀ, ਪਰ ਹੁਣ ਤੱਕ ਉਸ ਨੇ ਜਿਸ ਢੰਗ ਨਾਲ ਆਪਣੀ ਜ਼ਿੰਦਗੀ ਬਿਤਾਈ ਹੈ, ਉਸ ਦੀ ਮਿਸਾਲ ਮਿਲਣੀ ਔਖੀ ਹੈ। ਇਕ ਮਹਾਨ ਕ੍ਰਿਕਟਰ ਦੇ ਨਾਲ ਨਾਲ ਉਹ ਬਹੁਤ ਹੀ ਵਧੀਆ ਇਨਸਾਨ ਦੀ ਦੁਰਲੱਭ ਮਿਸਾਲ ਹੈ।
ਬਿਸ਼ਨ ਸਿੰਘ ਬੇਦੀ ਨਾਲ ਮੇਰੀਆਂ ਯਾਦਾਂ ਦੀ ਲੜੀ ਉਸ ਦੀ ਬੱਲੇਬਾਜ਼ੀ ਕਰਕੇ ਜੁੜੀ ਸੀ। 1969 ਦਾ ਸਾਲ ਸੀ ਜਦੋਂ ਦਿੱਲੀ ਵਿਚ ਆਸਟਰੇਲੀਆ ਨਾਲ ਖੇਡੇ ਗਏ ਟੈਸਟ ਮੈਚ ਵਿਚ ਚੌਥੇ ਦਿਨ ਦੀ ਖੇਡ ਖਤਮ ਹੋਣ ਵਾਲੀ ਸੀ ਤਾਂ ਬੇਦੀ ਨੂੰ ‘ਨਾਈਟਵਾਚਮੈਨ’ ਦੇ ਤੌਰ ’ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਸੀ ਤੇ ਉਸ ਦਿਨ ਉਸ ਨੇ ਭਾਰਤੀ ਪਾਰੀ ਬਚਾ ਕੇ ਰੱਖੀ ਸੀ। ਅਗਲੀ ਸਵੇਰ ਉਹ ਅਜੀਤ ਵਾਡੇਕਰ ਨਾਲ ਮਿਲ ਕੇ ਕਰੀਬ ਡੇਢ ਘੰਟਾ ਬੱਲੇਬਾਜ਼ੀ ਕਰਦਾ ਰਿਹਾ ਅਤੇ ਇੰਝ ਇਕ ਵੱਡੀ ਜਿੱਤ ਦਾ ਮੁੱਢ ਬੰਨ੍ਹ ਦਿੱਤਾ। ਉਸ ਪਾਰੀ ਦੀ ਇਕ ਇਕ ਗੇਂਦ ਤੇ ਇਕ ਇਕ ਦੌੜ ਦੀ ਆਲ ਇੰਡੀਆ ਰੇਡੀਓ ’ਤੇ ਚਲਦੀ ਕੁਮੈਂਟਰੀ ਮੈਨੂੰ (ਲੱਖਾਂ ਹੋਰਨਾਂ ਨੂੰ ਵੀ) ਅਜੇ ਤੱਕ ਯਾਦ ਹੈ।
ਬੇਸ਼ੱਕ ਆਪਣੀ ਬੇਮਿਸਾਲ ਫਿਰਕੀ ਗੇਂਦਬਾਜ਼ੀ ਦੇ ਦਮ ’ਤੇ ਬਿਸ਼ਨ ਸਿੰਘ ਬੇਦੀ ਨੇ ਕ੍ਰਿਕਟ ਦੇ ਇਤਿਹਾਸ ਵਿਚ ਆਪਣਾ ਮੁਕਾਮ ਬਣਾਇਆ ਸੀ। ਮੈਂ ਉਸ ਨੂੰ ਟੈਸਟ ਕ੍ਰਿਕਟ ਅਤੇ ਰਣਜੀ ਟਰਾਫੀ ਕ੍ਰਿਕਟ ਵਿਚ ਅਕਸਰ ਖੇਡਦਿਆਂ ਦੇਖਦਾ ਸੀ, ਪਰ ਕਦੇ ਮਨ ਨਹੀਂ ਅੱਕਦਾ ਸੀ। ਉਸ ਦੇ ਬਾਕਮਾਲ ਗੇਂਦਬਾਜ਼ੀ ਐਕਸ਼ਨ, ਮੁਕੰਮਲ ਕੰਟਰੋਲ, ਉਛਾਲ ਤੇ ਫਿਰਕੀ ਦੀ ਤਾਕਤ ਅਤੇ ਹਰ ਕਿਸਮ ਦੀ ਵਿਕਟ ’ਤੇ ਦੁਨੀਆ ਦੇ ਬਿਹਤਰੀਨ ਗੇਂਦਬਾਜ਼ਾਂ ਨੂੰ ਨਚਾਉਣ ਦੀ ਕਾਬਲੀਅਤ ਸਦਕਾ ਉਸ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਸੀ। ਬੇਦੀ ਦੇ ਪਝੱਤਰਵੇਂ ਜਨਮ ਦਿਨ ’ਤੇ ਇਕ ਵੱਡੀ ਕਿਤਾਬ ਦੇ ਰੁੂਪ ਵਿਚ ਉਸ ਦੇ ਕ੍ਰਿਕਟ ਕਰੀਅਰ ਦਾ ਜਸ਼ਨ ਮਨਾਇਆ ਗਿਆ ਜਿਸ ਦਾ ਸਿਰਲੇਖ ਹੈ ‘ਦਿ ਸਰਦਾਰ ਆਫ ਸਪਿਨ’। ਇਸ ਕਿਤਾਬ ਦੇ ਲੇਖਕਾਂ ਵਿਚ ਉਸ ਦੇ ਖੇਡ ਕਰੀਅਰ ’ਤੇ ਕਰੀਬੀ ਨਜ਼ਰ ਰੱਖਣ ਵਾਲਿਆਂ (ਜਿਨ੍ਹਾਂ ਵਿਚ ਮੈਂ ਵੀ ਸ਼ਾਮਲ ਹਾਂ) ਤੋਂ ਇਲਾਵਾ ਉਸ ਦੇ ਸ਼ਾਗਿਰਦ ਤੇ ਨਿਸ਼ਠਾਵਾਨ ਨੌਜਵਾਨ ਪੀੜ੍ਹੀ ਦੇ ਖਿਡਾਰੀ ਸ਼ਾਮਲ ਹਨ। ਕਿਤਾਬ ਵਿਚ ਬੇਦੀ ਦੀ ਪੀੜ੍ਹੀ ਦੇ ਉਸ ਦੇ ਨਾਲ ਖੇਡਣ ਵਾਲੇ ਕ੍ਰਿਕਟਰਾਂ ਵੱਲੋਂ ਉਸ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਹ ਕਿਤਾਬ ਦਿੱਲੀ ਦੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵੈਂਕਟ ਸੁੰਦਰਮ ਦੇ ਦਿਮਾਗ਼ ਦੀ ਉਪਜ ਹੈ ਜੋ ਕਈ ਸਾਲ ਰਣਜੀ ਟਰਾਫੀ ਵਿਚ ਬਿਸ਼ਨ ਸਿੰਘ ਬੇਦੀ ਦੀ ਅਗਵਾਈ ਹੇਠ ਖੇਡਦਾ ਰਿਹਾ ਸੀ। ਉਹ ਬੜੇ ਚਾਅ ਨਾਲ ਬਿਸ਼ਨ ਸਿੰਘ ਬੇਦੀ ਦੀ ਅਗਵਾਈ ਵਾਲੀ ਦਿੱਲੀ ਦੀ ਟੀਮ ਬਾਰੇ ਦੱਸਦਾ ਹੈ ਜਿਸ ਨੇ ਪਹਿਲੀ ਵਾਰ 1979-80 ਵਿਚ ਇਹ ਚੈਂਪੀਅਨਸ਼ਿਪ ਜਿੱਤੀ ਸੀ ਤੇ ਉਹ ਖ਼ੁਦ ਵੀ ਉਸ ਦਾ ਹਿੱਸਾ ਸੀ। ਵੈਂਕਟ ਨੇ ਦੁਨੀਆ ਭਰ ’ਚੋਂ ਕਈ ਯੋਗਦਾਨੀ ਲੱਭੇ ਜਿਨ੍ਹਾਂ ਦੇ ਸਹਿਯੋਗ ਨਾਲ ਕਈ ਬਹੁਤ ਹੀ ਯਾਦਗਾਰੀ ਤਸਵੀਰਾਂ ਇਕੱਤਰ ਕੀਤੀਆਂ ਗਈਆਂ ਤੇ ਫਿਰ ਇਕ ਪ੍ਰਕਾਸ਼ਕ ਵੀ ਲੱਭ ਲਿਆ। ਇਹ ਉਸ ਦਾ ਵਡੱਪਣ ਤੇ ਅੰਦਰੂਨੀ ਖ਼ੂਬਸੂਰਤੀ ਹੀ ਹੈ ਕਿ ਉਸ ਨੇ ਕਿਤਾਬ ਦੇ ਕਵਰ ’ਤੇ ਆਪਣਾ ਨਾਂ ਨਹੀਂ ਦਿੱਤਾ।
ਮੈਂ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਨੂੰ ‘ਦਿ ਸਰਦਾਰ ਆਫ ਸਪਿਨ’ ਪੜ੍ਹਨ ਤੇ ਦੇਖਣ ਦੀ ਸ਼ਿਫਾਰਸ ਕਰਦਾ ਹਾਂ। ਕਿਤਾਬ ਦੀ ਪਹਿਲੀ ਪੜ੍ਹਤ ਦੌਰਾਨ ਹੀ ਮੈਂ ਗ੍ਰੈਗ ਚੈਪਲ ਅਤੇ ਮਾਈਕ ਬ੍ਰੇਅਲੀ ਵਰਗੇ ਬੇਦੀ ਬਰਖਿਲਾਫ਼ ਖੇਡਣ ਵਾਲੇ ਕਈ ਵਿਦੇਸ਼ੀ ਕ੍ਰਿਕਟਰਾਂ ਦੇ ਵਿਚਾਰ ਅਤੇ ਮੁਰਲੀ ਕਾਰਤਿਕ ਤੇ ਅਨਿਲ ਕੁੰਬਲੇ ਜਿਹੇ ਭਾਰਤੀ ਕ੍ਰਿਕਟਰਾਂ ਵੱਲੋਂ ਪ੍ਰਗਟਾਏ ਮਨੋਭਾਵ ਪੜ੍ਹ ਕੇ ਹਿੱਲ ਗਿਆ ਸਾਂ ਜਿਨ੍ਹਾਂ ਨੂੰ ਉਸ ਦੀ ਪ੍ਰੇਰਨਾ ਤੇ ਅਗਵਾਈ ਹਾਸਲ ਕਰਨ ਦਾ ਮੌਕਾ ਮਿਲਿਆ ਸੀ। ਸੁਰੇਸ਼ ਮੈਨਨ ਅਤੇ ਕਲੇਅਟਨ ਮੁਰਜ਼ੈਲੋ ਜਿਹੇ ਪੱਤਰਕਾਰਾਂ ਦੇ ਲੇਖ ਵੀ ਦਿਲਚਸਪ ਹਨ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਵਿਚ ਬੇਦੀ ਦੇ ਕਰੀਅਰ ਨੂੰ ਨਿੱਖਰਦਿਆਂ ਨੇੜਿਓਂ ਤੱਕਿਆ ਸੀ।
ਹਾਲਾਂਕਿ ਕਿਤਾਬ ਵਿਚਲਾ ਮੇਰਾ ਲੇਖ ਬੇਦੀ ਦੀ ਗੇਂਦਬਾਜ਼ੀ ਮੁਤੱਲਕ ਹੈ, ਪਰ ਇਸ ਲੇਖ ਵਿਚ ਮੈਂ ਉਸ ਦੇ ਮਾਨਵੀ ਪੱਖ ਦਾ ਜ਼ਿਕਰ ਕਰਾਂਗਾ। ਇਸ ਵਕਤ ਭਾਰਤੀ ਕ੍ਰਿਕਟ ਦਾ ਇਹ ਸਭ ਤੋਂ ਅਫ਼ਸੋਸਨਾਕ ਸੱਚ ਇਹ ਹੈ ਕਿ ਜਿੰਨਾ ਵੱਡਾ ਕੋਈ ਕ੍ਰਿਕਟਰ ਹੁੰਦਾ ਹੈ, ਓਨਾ ਹੀ ਜ਼ਿਆਦਾ ਉਹ ਮੌਕਾਪ੍ਰਸਤ ਤੇ ਬੇਗ਼ੈਰਤ ਇਨਸਾਨ ਵੀ ਹੁੰਦਾ ਹੈ। ਰੱਜੇ ਪੁੱਜੇ ਕ੍ਰਿਕਟਰ ਹਮੇਸ਼ਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਬੰਧਕਾਂ ਦੇ ਲਾਡਲੇ ਬਣੇ ਰਹਿੰਦੇ ਹਨ, ਅਕਸਰ ਸਿਆਸਤਦਾਨਾਂ ਦੀ ਚਾਪਲੂਸੀ ਕਰਦੇ ਰਹਿੰਦੇ ਹਨ ਤੇ ਨਿੱਜੀ ਇਖ਼ਲਾਕ ਤੇ ਸਿਆਸੀ ਅਸੂਲ ਦੇ ਸਵਾਲਾਂ ’ਤੇ ਕਦੇ ਕੋਈ ਸਟੈਂਡ ਨਹੀਂ ਲੈਂਦੇ। ਦਰਅਸਲ ਕੁਝ ਕੁ ਅਜਿਹੇ ਭਾਰਤੀ ਕ੍ਰਿਕਟਰ ਵੀ ਰਹੇ ਹਨ ਜਿਨ੍ਹਾਂ ਨੇ ਆਪਣੀ ਉਮਰ ਦੇ ਤੀਹਵਿਆਂ ਤੇ ਚਾਲੀਵਿਆਂ ਵਿਚ ਖੇਡ ਮੈਦਾਨ ਤੇ ਜ਼ਿੰਦਗੀ ਦੇ ਬਾਕੀ ਸ਼ੋਹਬਿਆਂ ਅੰਦਰ ਵਿਤਕਰਿਆਂ ਖਿਲਾਫ਼ ਜੱਦੋਜਹਿਦ ਕੀਤੀ ਸੀ, ਪਰ ਇਹ ਉਹ ਖਿਡਾਰੀ ਨਹੀਂ ਹਨ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਅਸਰ ਰਸੂਖ ਹੈ।
ਭਾਰਤੀ ਕ੍ਰਿਕਟ ਦੇ ਸਮੁੱਚੇ ਇਤਿਹਾਸ ਵਿਚ ਸ਼ਾਇਦ ਅਜਿਹੇ ਤਿੰਨ ਹੀ ਸ਼ਖ਼ਸ ਹਨ ਜਿਨ੍ਹਾਂ ਨੂੰ ਇਕੋ ਵੇਲੇ ਮਹਾਨ ਕ੍ਰਿਕਟਰ ਅਤੇ ਅਸੂਲਪ੍ਰਸਤ ਇਨਸਾਨ ਕਿਹਾ ਜਾ ਸਕਦਾ ਹੈ। ਸਮੇਂ ਦੇ ਲਿਹਾਜ਼ ਨਾਲ ਇਸ ਛੋਟੀ ਜਿਹੀ ਸ਼੍ਰੇਣੀ ਵਿਚ ਪਹਿਲਾ ਨਾਂ ਪਲਵਾਂਕਰ ਬਬਲੂ ਦਾ ਆਉਂਦਾ ਹੈ। ਉਨ੍ਹਾਂ ਦਾ ਜਨਮ 1875 ਵਿਚ ਇਕ ਦਲਿਤ ਪਰਿਵਾਰ ਵਿਚ ਹੋਇਆ ਸੀ। ਸੰਸਕਾਰਾਂ ਤੇ ਇਤਿਹਾਸ ਨੇ ਉਸ ਦੇ ਰਾਹ ਵਿਚ ਬਹੁਤ ਸਾਰੀਆਂ ਔਕੜਾਂ ਖੜ੍ਹੀਆਂ ਕੀਤੀਆਂ ਸਨ, ਪਰ ਉਸ ਨੇ ਉਨ੍ਹਾਂ ਸਭ ਔਕੜਾਂ ਨੂੰ ਸਰ ਕਰਦਿਆਂ ਦੇਸ਼ ਦਾ ਪਹਿਲਾ ਮਹਾਨ ਮੱਧਮ ਗਤੀ ਦਾ ਗੇਂਦਬਾਜ਼ ਬਣਨ ਦਾ ਮਾਣ ਪਾਇਆ ਸੀ। ਦਰਅਸਲ ਜੇ ਅਸੀਂ ਰਣਜੀਤਸਿੰਹਜੀ ਨੂੰ ਅੰਗਰੇਜ਼ ਕ੍ਰਿਕਟਰ ਗਿਣ ਲਈਏ ਜਿਵੇਂ ਕਿ ਉਹ ਹੈ ਵੀ ਸਨ ਤਾਂ ਉਹ (ਪਲਵਾਂਕਰ) ਪਹਿਲੇ ਮਹਾਨ ਭਾਰਤੀ ਕ੍ਰਿਕਟਰ ਵੀ ਸਨ। ਉਨ੍ਹਾਂ ਦੇ ਗੌਰਵ ਤੇ ਸਹਿਣਸ਼ੀਲਤਾ ਅਤੇ ਮੈਦਾਨ ’ਤੇ ਮਾਰੀਆਂ ਮੱਲਾਂ ਦੇ ਜ਼ਾਵੀਏ ਤੋਂ ਬਬਲੂ ਨੇ ਬਹੁਤ ਸਾਰੇ ਦਲਿਤ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਸੀ ਜਿਨ੍ਹਾਂ ਵਿਚ ਬੀ.ਆਰ. ਅੰਬੇਡਕਰ ਵੀ ਸ਼ਾਮਲ ਸਨ। ਬਬਲੂ ਨੇ 1911 ਵਿਚ ਆਲ ਇੰਡੀਆ ਟੀਮ ਦੇ ਪਹਿਲੇ ਇੰਗਲੈਂਡ ਦੌਰੇ ਦੌਰਾਨ 150 ਵਿਕਟਾਂ ਲੈਣ ਤੋਂ ਬਾਅਦ ਜਦੋਂ ਵਤਨ ਵਾਪਸੀ ਕੀਤੀ ਸੀ ਤਾਂ ਉਸ ਮੌਕੇ ‘ਡਿਪ੍ਰੈਸਡ ਕਲਾਸਿਜ਼ ਆਫ ਬੌਂਬੇ’ ਵੱਲੋਂ ਉਸ ਨੂੰ ਇਕ ਤਾਮਰ ਪੱਤਰ ਦਿੱਤਾ ਗਿਆ ਸੀ ਜੋ ਆਧੁਨਿਕ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਭਾਰਤੀਆਂ ’ਚ ਸ਼ੁਮਾਰ ਉਸ ਸ਼ਖ਼ਸ ਦਾ ਪਹਿਲਾ ਜਨਤਕ ਸਨਮਾਨ ਸੀ।
ਜੇ ਪਲਵਾਂਕਰ ਬਬਲੂ ਪਹਿਲਾ ਮਹਾਨ ਭਾਰਤੀ ਗੇਂਦਬਾਜ਼ ਸੀ ਤਾਂ ਵਿਜੈ ਮਰਚੈਂਟ ਯਕੀਨਨ ਭਾਰਤੀ ਸਰਜ਼ਮੀਨ ’ਤੇ ਪਲ਼ ਕੇ ਉੱਠਣ ਵਾਲਾ ਪਹਿਲਾ ਮਹਾਨ ਬੱਲੇਬਾਜ਼ ਸੀ। ਉਹ ਇਕ ਅਮੀਰ ਖ਼ਾਨਦਾਨ ਵਿਚ ਜੰਮਿਆ ਪਲ਼ਿਆ ਸੀ ਪਰ ਆਮ ਅਮੀਰਜ਼ਾਦਿਆਂ ਤੋਂ ਉਲਟ ਉਸ ਨੇ ਆਪਣੇ ਅਸੂਲ ਤੇ ਇਖ਼ਲਾਕ ਦੇ ਗੁਣ ਬਚਾ ਕੇ ਰੱਖੇ ਹੋਏ ਸਨ। ਉਸ ਨੂੰ 1932 ਵਿਚ ਇੰਗਲੈਂਡ ਦੇ ਦੌਰੇ ਲਈ ਟੀਮ ਵਿਚ ਚੁਣਿਆ ਗਿਆ ਸੀ ਪਰ ਮਹਾਤਮਾ ਗਾਂਧੀ ਤੇ ਹੋਰਨਾਂ ਦੇਸ਼ਭਗਤਾਂ ਨੂੰ ਜੇਲ੍ਹ ਵਿਚ ਬੰਦ ਕਰਨ ਦੇ ਰੋਸ ਵਜੋਂ ਉਸ ਨੇ ਇੰਗਲੈਂਡ ਜਾ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿਚ ਉਸ ਨੇ ਜਵਾਨੀ ਪਹਿਰੇ ਫ਼ੌਤ ਹੋ ਗਏ ਭਾਰਤੀ ਕ੍ਰਿਕਟਰਾਂ ਦੇ ਪਰਿਵਾਰਾਂ ਦੀ ਮਾਲੀ ਮਦਦ ਵੀ ਕੀਤੀ ਜਿਨ੍ਹਾਂ ਵਿਚ ਉਸ ਦੇ ਸਾਥੀ ਖਿਡਾਰੀਆਂ ਅਮਰ ਸਿੰਘ ਤੇ ਸਦਾਸ਼ਿਵ ਸ਼ਿੰਦੇ ਦੇ ਨਾਂ ਸ਼ਾਮਲ ਹਨ। ਕ੍ਰਿਕਟ ਤੋਂ ਸੰਨਿਆਸ ਲੈਣ ਮਗਰੋਂ ਵੀ ਮਰਚੈਂਟ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਮਦਦ ਲਈ ਦਿਨ ਰਾਤ ਕੰਮ ਕੀਤਾ ਅਤੇ ਨੈਸ਼ਨਲ ਸੁਸਾਇਟੀ ਫਾਰ ਦਿ ਇਕੁਅਲ ਅਪੌਰਚੁਨਿਟੀ ਫਾਰ ਦਿ ਫਿਜ਼ਿਕਲੀ ਹੈਂਡੀਕੈਪਡ ਨਾਮੀ ਸੰਸਥਾ ਕਾਇਮ ਕਰਨ ਵਿਚ ਅਹਿਮ ਯੋਗਦਾਨ ਦਿੱਤਾ ਸੀ।
ਬਬਲੂ ਤੇ ਮਰਚੈਂਟ ਭਾਰਤੀ ਖੇਡ ਇਤਿਹਾਸ ਦੀਆਂ ਉਹ ਹਸਤੀਆਂ ਹਨ ਜਿਨ੍ਹਾਂ ਨੇ ਆਪਣੀ ਕ੍ਰਿਕਟ ਦੀ ਸ਼ੋਹਰਤ ਨੂੰ ਕਦੇ ਵੀ ਥਿੜਕਣ ਜਾਂ ਆਪਣੇ ਕਿਰਦਾਰ ਨੂੰ ਦਾਗ਼ੀ ਨਹੀਂ ਹੋਣ ਦਿੱਤਾ। ਬਿਸ਼ਨ ਸਿੰਘ ਬੇਦੀ ਮੇਰੇ ਲਿਹਾਜ਼ ਤੋਂ ਤੀਜਾ ਤੇ ਸ਼ਾਇਦ ਆਖ਼ਰੀ ਮਹਾਨ ਭਾਰਤੀ ਕ੍ਰਿਕਟਰ ਹੈ ਜਿਸ ਦੇ ਹੌਸਲੇ ਦਾ ਸਾਨੀ ਲੱਭਣਾ ਨਾਮੁਮਕਿਨ ਹੈ। ਜਦੋਂ ਉਹ ਕ੍ਰਿਕਟ ਖੇਡ ਰਿਹਾ ਸੀ ਤਾਂ ਉਸ ਨੇ ਖਿਡਾਰੀਆਂ ਦੇ ਹੱਕਾਂ ਅਤੇ ਪ੍ਰਸ਼ਾਸਕਾਂ ਦੀਆਂ ਮਨਮਾਨੀਆਂ ਖਿਲਾਫ਼ ਡਟ ਕੇ ਲੜਾਈ ਲੜੀ ਜਿਸ ਦੀ ਉਸ ਨੂੰ ਕੀਮਤ ਵੀ ਤਾਰਨੀ ਪਈ ਸੀ। ਖੇਡ ਤੋਂ ਸੰਨਿਆਸ ਲੈਣ ਮਗਰੋਂ ਉਸ ਨੇ ਕੁਮੈਂਟਰੀ ਦੇ ਲਾਹੇਵੰਦ ਕਰਾਰ ਲੈਣ ਨਾਲੋਂ ਯੁਵਾ ਕ੍ਰਿਕਟਰਾਂ ਦੀ ਤਿਆਰੀ ਤੇ ਸਿਖਲਾਈ ਦੇ ਕਾਰਜ ਨੂੰ ਤਰਜੀਹ ਦਿੱਤੀ। ਦਿੱਲੀ ਦਾ ਕਪਤਾਨ ਹੁੰਦਿਆਂ ਉਸ ਨੇ ਕਈ ਅਣਪਰਖੇ ਖਿਡਾਰੀਆਂ ਦੇ ਦਮ ’ਤੇ ਰਣਜੀ ਟਰਾਫੀ ਜਿੱਤੀ ਸੀ ਤੇ ਫਿਰ ਪੰਜਾਬ ਦੀ ਟੀਮ ਦਾ ਕੋਚ ਹੁੰਦਿਆਂ ਵੀ ਇਸੇ ਤਰ੍ਹਾਂ ਦੇ ਤਜਰਬੇ ਕੀਤੇ ਸਨ। ਭਾਵੇਂ ਮੈਦਾਨ ’ਤੇ ਹੋਣ ਜਾਂ ਸੰਨਿਆਸ ਵਿਚ ਉਸ ਨੇ ਖੇਡ ਨੂੰ ਹਮੇਸ਼ਾ ਬੁਲੰਦੀ ’ਤੇ ਰੱਖਿਆ ਹੈ।
ਬਿਸ਼ਨ ਸਿੰਘ ਬੇਦੀ ਨੂੰ ਨਾ ਕੇਵਲ ਭਾਰਤੀ ਸਮਾਜ ਦੀ ਗਹਿਰੀ ਸਮਝ ਹੈ ਸਗੋਂ ਉਸ ਦਾ ਨੈਤਿਕ ਕੰਡਾ ਵੀ ਅਟੱਲ ਹੈ। ਖੇਡ ਮੈਦਾਨ ’ਤੇ ਉਸ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ ਉਹ ਜੱਗ ਜਾਣਦਾ ਹੈ ਪਰ ਇਸ ਦੇ ਨਾਲ ਹੀ ਬਤੌਰ ਇਕ ਦੋਸਤ ਉਸ ਨੇ ਜ਼ਿੰਦਗੀ ਤੇ ਮਨੁੱਖੀ ਵਿਹਾਰ ਬਾਰੇ ਮੈਨੂੰ ਜੋ ਕੁਝ ਸਿਖਾਇਆ ਸੀ, ਉਸ ਦੀ ਮੇਰੇ ਮਨ ’ਤੇ ਅੱਜ ਤੱਕ ਗਹਿਰੀ ਛਾਪ ਹੈ।
ਬਿਸ਼ਨ ਸਿੰਘ ਦਾ ਜਨਮ 25 ਸਤੰਬਰ 1946 ਨੂੰ ਹੋਇਆ। ਪਿਛਲੇ ਸਾਲ ਆਜ਼ਾਦੀ ਦਿਵਸ ਮੌਕੇ ਉਨ੍ਹਾਂ ‘ਇੰਡੀਅਨ ਐਕਸਪ੍ਰੈਸ’ ਵਿਚ ਸਾਡੇ ਦੇਸ਼ ਨੂੰ ਦਰਪੇਸ਼ ਵੱਡੇ ਸੰਕਟਾਂ ਬਾਰੇ ਇਕ ਭਾਵਪੂਰਤ ਲੇਖ ਲਿਖਿਆ ਸੀ ਅਤੇ ਹੁਣ ਉਹ ਖ਼ੁਦ ਇਨ੍ਹਾਂ ਸੰਕਟਾਂ ਨਾਲ ਦੋ ਚਾਰ ਹੈ। ਉਨ੍ਹਾਂ ਪਾਕਿਸਤਾਨ ਨਾਲ ਹੋਈਆਂ ਜੰਗਾਂ, ਸਿੱਖ ਕਤਲੇਆਮ ਅਤੇ ਹਾਲ ਹੀ ਵਿਚ ਮਹਾਮਾਰੀ ਦੇ ਚਲਦਿਆਂ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਦੇਸ਼ ਵਿਆਪੀ ਲੌਕਡਾਊਨ ਕਰਕੇ ਘੋਰ ਮੁਸੀਬਤਾਂ ਦੀਆਂ ਤਸਵੀਰਾਂ ਦਾ ਜ਼ਿਕਰ ਕੀਤਾ ਸੀ। ਬੇਦੀ ਨੇ ਲਿਖਿਆ: ‘ਇਹ ਦਿਖਾਉਂਦਾ ਹੈ ਕਿ ਜਿਨ੍ਹਾਂ ਸਿਆਸਤਦਾਨਾਂ ਨੇ ਯਕਦਮ ਤੇ ਮੁਕੰਮਲ ਲੌਕਡਾਊਨ ਦਾ ਐਲਾਨ ਕੀਤਾ ਹੈ, ਉਨ੍ਹਾਂ ਦੇ ਮਨਾਂ ’ਚ ਲੋਕਾਂ ਪ੍ਰਤੀ ਜ਼ਰਾ ਵੀ ਤੇਹ ਨਹੀਂ ਹੈ। ਹਾਲ ਇਹ ਹੈ ਕਿ ਕਰੋਨਾ ਵਾਇਰਸ ਦੇ ਅੰਕੜੇ ਦੇਣ ਵੇਲੇ ਵੀ ਕੋਈ ਇਮਾਨਦਾਰੀ ਤੇ ਪਾਰਦਰਸ਼ਤਾ ਨਹੀਂ ਵਰਤੀ ਜਾ ਰਹੀ।’
ਬੇਦੀ ਦਾ ਆਪਣਾ ਤੇ ਆਜ਼ਾਦ ਦੇਸ਼ ਦਾ ਸਫ਼ਰ ਲਗਭਗ ਇਕੋ ਸਮੇਂ ਸ਼ੁਰੂ ਹੋਇਆ ਸੀ ਜਿਸ ਕਰਕੇ ਉਨ੍ਹਾਂ ਟਿੱਪਣੀ ਕੀਤੀ ਸੀ ‘ਇਕ ਚੀਜ਼ ਜੋ ਇਸ ਦੇਸ਼ ਨੂੰ ਲੈ ਕੇ ਬਹਿ ਰਹੀ ਹੈ, ਉਹ ਹੈ ਚਮਚਾਗਿਰੀ। ਕਿਸੇ ਵੇਲੇ ਮੈਂ ਵੀ ਜ਼ਾਤੀ ਤੌਰ ’ਤੇ ਇਸ ਦਾ ਅਨੁਭਵ ਕੀਤਾ ਸੀ ਪਰ ਹੁਣ ਦੇਖਦਾ ਹਾਂ ਹਰ ਵਕਤ ਕੋਈ ਕਿਸੇ ਨਾ ਕਿਸੇ ਦੀ ਚਮਚਾਗਿਰੀ ਕਰ ਰਿਹਾ ਹੈ।’ ਉਸ ਨੇ ਇਸ ਤੱਥ ’ਤੇ ਅਫ਼ਸੋਸ ਜਤਾਇਆ ਕਿ ਯੁਵਾ ਤੇ ਪੜ੍ਹੇ ਲਿਖੇ ਲੋਕ ਵੀ ਸਿਆਸੀ ਵਬਾਅ ਦੀ ਲਪੇਟ ਵਿਚ ਆਉਂਦੇ ਜਾ ਰਹੇ ਹਨ ਤੇ ਉਹ ਵੀ ਆਪਣੀ ਆਵਾਜ਼ ਬੁਲੰਦ ਕਰਨ ਤੋਂ ਝਿਜਕਦੇ ਹਨ ਜਿਸ ਦਾ ਮੁੱਖ ਕਾਰਨ ਚਮਚਾਗਿਰੀ ਹੈ।’
ਬੇਦੀ ਦੇ ਲੇਖ ਦਾ ਆਖ਼ਰੀ ਪੈਰਾ ਇੰਝ ਹੈ: ਚੰਗੇ ਭਾਗੀਂ ਮੇਰੇ ਕੋਲ ਦਮਖ਼ਮ ਤੇ ਕਿਰਦਾਰ ਦੀ ਤਾਕਤ ਮੌਜੂਦ ਸੀ। ਜਦੋਂ ਮੈਂ ਜਵਾਨ ਸੀ ਤਾਂ ਭਾਰਤ ਵੀ ਜਵਾਨ ਹੋ ਚੁੱਕਿਆ ਸੀ ਤੇ ਮੈਂ ਖੜ੍ਹਾ ਹੋ ਕੇ ਆਪਣੀ ਗੱਲ ਸੁਣਾ ਸਕਦਾ ਸਾਂ। ਤੇ ਹੁਣ ਇੰਝ ਲੱਗਦਾ ਹੈ ਕਿ ਜ਼ਿੰਦਗੀ ’ਚ ਬਹੁਤ ਦੇਰ ਹੋ ਗਈ ਹੈ। ਪਰ ਫਿਰ ਵੀ ਮੈਂ ਨਿਰਾਸ਼ਾਵਾਦੀ ਨਹੀਂ ਹਾਂ, ਮੈਨੂੰ ਆਪਣੀ ਰੂਹਾਨੀਅਤ ’ਤੇ ਭਰੋਸਾ ਹੈ ਅਤੇ ਮਨ ’ਚ ਆਸ ਵੀ ਹੈ। ਅਸੀਂ ਜੰਗਾਂ ਤੇ ਹਮਲਿਆਂ ਦਾ ਸਾਹਮਣਾ ਕੀਤਾ ਸੀ ਅਤੇ ਅਸੀਂ ਇਸ ਸਿਆਸੀ ਮਹਾਮਾਰੀ ’ਚੋਂ ਵੀ ਉੱਭਰ ਜਾਵਾਂਗੇ।’
ਜੇ ਕਿਤੇ ਕਿਸੇ ਹੋਰ ਵੱਡੇ ਕ੍ਰਿਕਟ ਖਿਡਾਰੀ ਨੂੰ ਬਿਸ਼ਨ ਸਿੰਘ ਬੇਦੀ ਵਰਗੇ ਸੱਚੇ-ਸੁੱਚੇ ਕਿਰਦਾਰ ਦੀ ਮਾੜੀ ਮੋਟੀ ਪਾਣ ਵੀ ਚੜ੍ਹੀ ਹੁੰਦੀ ਤਾਂ ਅੱਜ ਭਾਰਤੀ ਕ੍ਰਿਕਟ ਦਾ ਮੁਹਾਂਦਰਾ ਕੁਝ ਹੋਰ ਹੀ ਹੋਣਾ ਸੀ। ਬਹਰਹਾਲ, ਬੇਦੀ ਵਰਗੇ ਬੰਦੇ ਭਾਰਤੀ ਕ੍ਰਿਕਟ ’ਚ ਤਾਂ ਕੀ ਭਾਰਤੀ ਸਿਆਸਤ ਤੇ ਜਨਤਕ ਜੀਵਨ ਵਿਚ ਵੀ ਕਦੇ ਕਦਾਈਂ ਤੇ ਵਿਰਲੇ ਟਾਂਵੇਂ ਹੀ ਮਿਲਦੇ ਹਨ। ਸਾਡੇ ਗਣਰਾਜ ਦੀ ਇਹ ਸਭ ਤੋਂ ਵੱਡੀ ਤ੍ਰਾਸਦੀ ਹੈ।