ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ : The Tribune India

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਔਨਿੰਦਿਓ ਚੱਕਰਵਰਤੀ

ਔਨਿੰਦਿਓ ਚੱਕਰਵਰਤੀ

ਰੀਬ ਮੁਲਕਾਂ ਅੰਦਰ ਲੋਕ ਉਜਰਤੀ ਕੰਮਾਂ ਲਈ ਮਾਰੇ ਮਾਰੇ ਫਿਰ ਰਹੇ ਹਨ। ਅਕਸਰ ਉਹ ਆਪਣੇ ਬੱਚਿਆਂ ਨੂੰ ਕੰਮਕਾਜ ਕਰਨ ਦੀ 15 ਸਾਲ ਦੀ ਉਮਰ ਹੱਦ ਪਾਰ ਕਰਨ ਤੋਂ ਪਹਿਲਾਂ ਹੀ ਕੰਮ ਕਰਨ ਲਈ ਤੋਰ ਦਿੰਦੇ ਹਨ। ਕੌਮਾਂਤਰੀ ਕਿਰਤ ਅਦਾਰੇ (ਆਈਐੱਲਓ) ਦਾ ਕਹਿਣਾ ਹੈ ਕਿ ਘੱਟ ਆਮਦਨ ਵਾਲੇ ਮੁਲਕਾਂ ਅੰਦਰ ਕੰਮਕਾਜੀ ਆਬਾਦੀ ਦਾ ਔਸਤਨ 66 ਫ਼ੀਸਦ ਹਿੱਸਾ ਕੰਮ ਕਰਦਾ ਹੈ ਜਾਂ ਕੰਮ ਦੀ ਭਾਲ ਕਰ ਰਿਹਾ ਹੁੰਦਾ ਹੈ। ਉਚ ਆਮਦਨ ਵਾਲੇ ਮੁਲਕਾਂ ਅੰਦਰ ਇਹ ਔਸਤ 60 ਫ਼ੀਸਦ ਰਹਿ ਜਾਂਦੀ ਹੈ। ਇਹ ਗੱਲ ਸਮਝ ਪੈਣ ਵਾਲੀ ਹੈ ਕਿ ਗ਼ਰੀਬ ਲੋਕਾਂ ਦੀ ਉਮਰ ਭਾਵੇਂ ਕੋਈ ਵੀ ਹੋਵੇ, ਉਨ੍ਹਾਂ ਨੂੰ ਕੰਮ ਕਰਨਾ ਹੀ ਪੈਂਦਾ ਹੈ ਜਦਕਿ ਰੱਜੇ ਪੁੱਜੇ ਵਰਗ ਦੇ ਲੋਕ ਉਮਰ ਦਰਾਜ਼ ਹੋਣ ’ਤੇ ਕਿਰਤ ਸ਼ਕਤੀ ਨੂੰ ਅਲਵਿਦਾ ਕਹਿ ਸਕਦੇ ਹਨ।

ਜਦੋਂ ਭਾਰਤ ਦੀ ਗੱਲ ਆਉਂਦੀ ਹੈ ਤਾਂ ਇਹ ਤਰਕ ਮੂਧੇ ਮੂੰਹ ਡਿਗਿਆ ਦਿਖਾਈ ਦਿੰਦਾ ਹੈ। ਭਾਰਤ ਦੀ ਸਿਰਫ਼ 46 ਫ਼ੀਸਦ ਕੰਮਕਾਜੀ ਆਬਾਦੀ ਹੀ ਕੰਮ ਕਰਦੀ ਹੈ ਜਾਂ ਕੰਮ ਦੀ ਭਾਲ ਕਰ ਰਹੀ ਹੈ। ਇਹ ਆਈਐੱਲਓ ਦੇ ਅੰਕੜੇ ਹਨ; ਜੇ ਅਸੀਂ ਸੈਂਟਰ ਫਾਰ ਮੌਨਿਟ੍ਰਿੰਗ ਇੰਡੀਅਨ ਇਕੌਨਮੀ (ਸੀਐੱਮਆਈਈ) ਦੇ ਅੰਕੜਿਆਂ ’ਤੇ ਝਾਤ ਮਾਰੀਏ ਤਾਂ ਇਹ ਹੋਰ ਵੀ ਜ਼ਿਆਦਾ ਹੈਰਾਨਕੁਨ ਹਨ। ਕੋਵਿਡ-19 ਮਹਾਮਾਰੀ ਦੀ ਆਮਦ ਤੋਂ ਪਹਿਲਾਂ ਫਰਵਰੀ 2020 ਵਿਚ ਸਿਰਫ਼ 44 ਫ਼ੀਸਦ ਭਾਰਤੀ ਕੰਮ ਭਾਲਦੇ ਸਨ। ਅਕਤੂਬਰ 2020 ਵਿਚ ਇਹ ਦਰ ਘਟ ਕੇ 40 ਫ਼ੀਸਦ ਰਹਿ ਗਈ ਸੀ; ਮਤਲਬ, ਕੰਮਕਾਜੀ ਉਮਰ ਦੇ ਵਰਗ ਵਿਚ ਆਉਂਦੇ 60 ਫ਼ੀਸਦ ਭਾਰਤੀ ਉਜਰਤ ’ਤੇ ਕੰਮ ਨਹੀਂ ਕਰ ਰਹੇ ਹਨ ਜਾਂ ਉਹ ਕੰਮ ਦੀ ਤਲਾਸ਼ ਹੀ ਨਹੀਂ ਕਰ ਰਹੇ।

ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਕੰਮਕਾਜੀ ਉਮਰ ਵਾਲੀਆਂ ਔਰਤਾਂ ਦਾ ਮਾਮੂਲੀ ਜਿਹਾ ਹਿੱਸਾ ਹੀ ਉਜਰਤੀ ਕੰਮ ਦੀ ਭਾਲ ਕਰ ਰਿਹਾ ਹੈ। ਆਈਐੱਲਓ ਦਾ ਡੇਟਾ ਸਾਨੂੰ ਦੱਸਦਾ ਹੈ ਕਿ 1990 ਤੋਂ 2006 ਵਿਚਕਾਰ ਕੰਮਕਾਜੀ ਉਮਰ ਵਰਗ ਦੀਆਂ ਸਿਰਫ਼ 32 ਫ਼ੀਸਦ ਔਰਤਾਂ ਹੀ ਕਿਰਤ ਸ਼ਕਤੀ ਦਾ ਹਿੱਸਾ ਬਣ ਸਕੀਆਂ ਹਨ ਜਿਨ੍ਹਾਂ ਕੋਲ ਉਜਰਤੀ ਕੰਮ ਸੀ ਜਾਂ ਉਹ ਇਸ ਦੀ ਭਾਲ ਕਰ ਰਹੀਆਂ ਸਨ। 2019 ਆਉਂਦਿਆਂ ਇਹ ਅਨੁਪਾਤ ਘਟ ਕੇ 22 ਫ਼ੀਸਦ ਰਹਿ ਗਿਆ ਸੀ। ਸੀਐੱਮਆਈਈ ਦੇ ਅੰਕੜੇ ਹੋਰ ਵੀ ਡਰਾਉਣੇ ਹਨ ਜਿਨ੍ਹਾਂ ਮੁਤਾਬਕ ਕੋਵਿਡ ਲੌਕਡਾਊਨ ਤੋਂ ਐਨ ਪਹਿਲਾਂ ਕੰਮਕਾਜੀ ਉਮਰ ਵਰਗ ਵਾਲੀਆਂ ਔਰਤਾਂ ਵਿਚੋਂ ਮਹਿਜ਼ 12

ਫ਼ੀਸਦ ਔਰਤਾਂ ਹੀ ਕੰਮ ਕਰ ਰਹੀਆਂ ਸਨ ਜਾਂ ਕੰਮ ਲੱਭ ਰਹੀਆਂ ਸਨ ਤੇ ਅਕਤੂਬਰ 2020 ਵਿਚ ਇਹ ਅਨੁਪਾਤ ਘਟ ਕੇ 10 ਫ਼ੀਸਦ ਰਹਿ ਗਿਆ ਸੀ। ਇਸ ਦੇ ਮੁਕਾਬਲੇ ਚੀਨ ਵਿਚ ਕੰਮ ਕਾਜੀ ਔਰਤਾਂ ਦਾ 69 ਫ਼ੀਸਦ ਹਿੱਸਾ ਕਿਰਤ ਸ਼ਕਤੀ ਵਿਚ ਹਿੱਸਾ ਲੈਂਦਾ ਹੈ।

ਮਾਹਿਰਾਂ ਦਾ ਖਿਆਲ ਹੈ ਕਿ ਅਮੀਰੀ ਵਧਣ ਕਰ ਕੇ ਕਿਰਤ ਸ਼ਕਤੀ ਵਿਚ ਔਰਤਾਂ ਦੀ ਹਿੱਸੇਦਾਰੀ ਦੀ ਮਾੜੀ ਦਸ਼ਾ ਹੋਈ ਹੈ। ਭਾਰਤੀ ਮਰਦ ਔਰਤਾਂ ਦੇ ਘਰਾਂ ਤੋਂ ਬਾਹਰ ਕੰਮ ਕਰਨ ਨੂੰ ਬਹੁਤਾ ਪਸੰਦ ਨਹੀਂ ਕਰਦੇ ਪਰ ਜਦੋਂ ਪੈਸੇ ਦੀ ਲੋੜ ਪੈਂਦੀ ਹੈ ਤਾਂ ਮਜਬੂਰੀ ਬਣ ਜਾਂਦੀ ਹੈ। ਇਸ ਲਈ ਮੰਨਿਆ ਜਾਂਦਾ ਹੈ ਕਿ ਜਿਵੇਂ ਜਿਵੇਂ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਗ਼ਰੀਬੀ ’ਚੋਂ ਬਾਹਰ ਆ ਰਹੇ ਹਨ ਤਾਂ ਔਰਤਾਂ ਕੰਮ ਛੱਡ ਦਿੰਦੀਆਂ ਹਨ ਤੇ ਮੁੜ ਘਰ ਦਾ ਕੰਮ ਸੰਭਾਲ ਲੈਂਦੀਆਂ ਹਨ। ਸਾਨੂੰ ਦੱਸਿਆ ਜਾਂਦਾ ਹੈ ਕਿ ਅਮੀਰੀ ਦੇ ‘ਸੰਸਕਾਰਾਂ’ ਦਾ ਗ਼ਰੀਬਾਂ ’ਤੇ ਵੀ ਪ੍ਰਭਾਵ ਪੈਂਦਾ ਹੈ ਕਿ ਜਿਵੇਂ ਜਿਵੇਂ ਉਨ੍ਹਾਂ ਦੀ ਆਮਦਨ ਵਧਦੀ ਹੈ ਤਾਂ ਉਹ ਆਪਣੀਆਂ ਔਰਤਾਂ ਪ੍ਰਤੀ ਜ਼ਿਆਦਾ ਰੂੜ੍ਹੀਵਾਦੀ ਨਜ਼ਰੀਆ ਅਪਣਾਉਣ ਲੱਗ ਪੈਂਦੇ ਹਨ।

ਦਿਲ ਨੂੰ ਧਰਵਾਸ ਦੇਣ ਵਾਲੀ ਇਸ ਤਸਵੀਰ ਦੀਆਂ ਦੋ ਦਿੱਕਤਾਂ ਹਨ। ਪਹਿਲੀ ਇਹ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਜਿਸ ਤੋਂ ਇਹ ਸੰਕੇਤ ਮਿਲਦਾ ਹੋਵੇ ਕਿ ਭਾਰਤੀ ਪਰਿਵਾਰਾਂ ਦੇ ਪਿਰਾਮਿਡ ਦਾ ਹੇਠਲਾ ਵਰਗ 2005-06 ਤੋਂ ਲੈ ਕੇ ਹੁਣ ਤੱਕ ਜ਼ਿਆਦਾ ਧਨਵਾਨ ਹੋ ਗਿਆ ਹੈ ਜਦੋਂਕਿ ਉਦੋਂ ਕਿਰਤ ਸ਼ਕਤੀ ਵਿਚ ਭਾਰਤੀ ਔਰਤਾਂ ਦੀ ਹਿੱਸੇਦਾਰੀ ਹੁਣ ਨਾਲੋਂ ਕਿਤੇ ਜ਼ਿਆਦਾ ਸੀ। ਜੇ ਕੋਈ ਸਬੂਤ ਮਿਲਿਆ ਹੈ ਤਾਂ ਇਹੀ ਕਿ ਉਦੋਂ ਦੇ ਮੁਕਾਬਲੇ ਹੁਣ ਹਾਲਾਤ ਬਦਤਰ ਹੋ ਗਏ ਹਨ। ਦੂਜੀ ਇਹ ਕਿ ਜੇ ਉਜਰਤ ਵਾਲਾ ਕੰਮ ਲੱਭਣ ਵਾਲੀਆਂ ਔਰਤਾਂ ਦੀ ਸੰਖਿਆ ਘਟੀ ਹੈ ਤਾਂ ਉਨ੍ਹਾਂ ਨੂੰ ਕੰਮ ਮਿਲਣ ਵਿਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਜਦਕਿ ਇਸ ਤੋਂ ਬਿਲਕੁੱਲ ਉਲਟਾ ਹੋ ਰਿਹਾ ਹੈ। ਸੀਐੱਮਆਈਈ ਦੇ ਅਕਤੂਬਰ ਦੇ ਸੱਜਰੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਦੀ ਬੇਰੁਜ਼ਗਾਰੀ ਦਰ 30 ਫ਼ੀਸਦ ਚੱਲ ਰਹੀ ਹੈ ਜੋ ਪੁਰਸ਼ਾਂ ਅੰਦਰ 8.6 ਫ਼ੀਸਦ ਬੇਰੁਜ਼ਗਾਰੀ ਦਰ ਨਾਲੋਂ ਤਿੰਨ ਗੁਣਾ ਤੋਂ ਵੀ ਵੱਧ ਹੈ। ਇਸ ਦਾ ਮਤਲਬ ਹੈ ਕਿ ਭਾਰਤ ਵਿਚ ਹਰ 100 ਕੰਮਕਾਜੀ ਉਮਰ ਵਰਗ ਦੀਆਂ ਔਰਤਾਂ ਵਿਚੋਂ ਸਿਰਫ਼ 10 ਔਰਤਾਂ ਹੀ ਕੰਮ ਲੱਭਦੀਆਂ ਹਨ ਜਿਨ੍ਹਾਂ ਵਿਚੋਂ ਵੀ ਸਿਰਫ਼ ਸੱਤ ਔਰਤਾਂ ਨੂੰ ਉਜਰਤ ਵਾਲਾ ਕੰਮ ਮਿਲਦਾ ਹੈ।

ਹਕੀਕਤ ਇਹ ਹੈ ਕਿ ਔਰਤਾਂ ਕੰਮ ਹੀ ਨਹੀਂ ਲੱਭਦੀਆਂ ਕਿਉਂਕਿ ਉਨ੍ਹਾਂ ਨੇ ਕੰਮ ਮਿਲਣ ਦੀਆਂ ਸਾਰੀਆਂ ਆਸਾਂ ਹੀ ਛੱਡ ਦਿੱਤੀਆਂ ਹਨ। ਜਦੋਂ ਉਹ ਘਰੇਲੂ ਕੰਮ ’ਤੇ ਵਾਪਸ ਆ ਜਾਂਦੀਆਂ ਹਨ ਤਾਂ ਪਰਿਵਾਰ ਦੀ ਆਮਦਨ ਘਟ ਜਾਂਦੀ ਹੈ ਜਿਸ ਕਰ ਕੇ ਉਨ੍ਹਾਂ ਨੂੰ ਘਰ ਦੇ ਖਰਚਿਆਂ ਵਿਚ ਕਟੌਤੀ ਕਰਨੀ ਪੈਂਦੀ ਹੈ। ਇਸ ਤਰ੍ਹਾਂ ਔਰਤਾਂ ਦੀ ਬੇਰੁਜ਼ਗਾਰੀ ਦੀ ਦੂਹਰੀ ਮਾਰ ਪੈਂਦੀ ਹੈ। ਜੇ ਔਰਤਾਂ ਉਜਰਤੀ ਕੰਮ ’ਤੇ ਜਾਣ ਲੱਗ ਪੈਦੀਆਂ ਹਨ ਤਾਂ ਹੇਠਲੇ ਮੱਧ ਵਰਗੀ ਪਰਿਵਾਰ ਘਰੇਲੂ ਕੰਮ ਲਈ ਕਿਸੇ ਨੂੰ ਨੌਕਰ ਰੱਖ ਲੈਂਦੇ ਹਨ। ਜਦੋਂ ਔਰਤਾਂ ਕਿਰਤ ਸ਼ਕਤੀ ਤੋਂ ਬਾਹਰ ਹੋ ਕੇ ਘਰੇਲੂ ਕੰਮ ਸੰਭਾਲ ਲੈਂਦੀਆਂ ਹਨ ਤਾਂ ਸਭ ਤੋਂ ਪਹਿਲਾਂ ਘਰੇਲੂ ਨੌਕਰ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ। ਅਕਸਰ ਇਹ ਨੌਕਰ ਗ਼ਰੀਬ ਔਰਤ ਹੀ ਹੁੰਦੀ ਹੈ ਜਿਸ ਕਰ ਕੇ ਔਰਤਾਂ ਦੀ ਬੇਰੁਜ਼ਗਾਰੀ ਦਰ ਹੋਰ ਵਧ ਜਾਂਦੀ ਹੈ।

ਜਿੱਥੋਂ ਤੱਕ ਪੁਰਸ਼ ਕਿਰਤ ਸ਼ਕਤੀ ਦਾ ਸਵਾਲ ਹੈ ਤਾਂ ਕੋਵਿਡ-19 ਤੋਂ ਪਹਿਲਾਂ 2019 ਵਿਚ ਆਈਐੱਲਓ ਦੇ ਅੰਕੜਿਆਂ ਮੁਤਾਬਕ ਕੰਮਕਾਜੀ ਉਮਰ ਵਰਗ ਦੇ 73 ਫ਼ੀਸਦ ਭਾਰਤੀ ਪੁਰਸ਼ ਕਿਰਤ ਸ਼ਕਤੀ ਦਾ ਹਿੱਸਾ ਬਣੇ ਹੋਏ ਸਨ ਜੋ ਘੱਟ ਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਵਿਚਲੀ 74 ਫ਼ੀਸਦ ਦਰ ਨਾਲੋਂ ਮਾਮੂਲੀ ਜਿਹਾ ਹੀ ਘੱਟ ਹੈ। 2019 ਦੇ ਮੱਧ ਬਾਬਤ ਸੀਐੱਮਆਈਈ ਦੇ ਅੰਕੜੇ ਵੀ 72 ਤੋਂ 73 ਫ਼ੀਸਦ ਅੰਕਦੇ ਹਨ। ਅਕਤੂਬਰ 2022 ਵਿਚ ਇਹ ਘਟ ਕੇ 66 ਫ਼ੀਸਦ ਰਹਿ ਗਈ ਸੀ।

ਫਰਵਰੀ 2020 (ਕੋਵਿਡ-19 ਲੌਕਡਾਊਨ ਤੋਂ ਪਹਿਲਾਂ) ਅਤੇ ਅਕਤੂਬਰ 2022 ਵਿਚਕਾਰ ਭਾਰਤ ਵਿਚ ਪੁਰਸ਼ਾਂ ਦੀ ਕੰਮਕਾਜੀ ਉਮਰ ਵਰਗ ਦੀ ਆਬਾਦੀ ਵਧ ਕੇ 4 ਕਰੋੜ 60 ਲੱਖ ਹੋ ਗਈ ਸੀ। ਜੇ ਕਿਰਤ ਸ਼ਕਤੀ ਹਿੱਸੇਦਾਰੀ ਦੀ ਦਰ ਉਵੇਂ ਹੀ ਬਰਕਰਾਰ ਹੈ ਤਾਂ 3 ਕਰੋੜ 30 ਲੱਖ ਹੋਰ ਕੰਮਕਾਜੀ ਪੁਰਸ਼ ਕੰਮ ਦੀ ਭਾਲ ਕਰਨੀ ਹੋਣੀ ਚਾਹੀਦੀ ਸੀ ਪਰ ਇਹ ਅੰਕੜਾ ਮਹਿਜ਼ 1 ਕਰੋੜ 30 ਲੱਖ ਹੀ ਹੋਇਆ ਹੈ। ਇੰਝ ਕਰੀਬ 3 ਕਰੋੜ 20 ਲੱਖ ਕੰਮਕਾਜੀ ਪੁਰਸ਼ ਕਿਰਤ ਸ਼ਕਤੀ ਵਿਚੋਂ ਬਾਹਰ ਹੋ ਗਏ।

ਇਸ ਦੀ ਸਫ਼ਾਈ ਇਹ ਦਿੱਤੀ ਜਾਂਦੀ ਹੈ ਕਿ ਭਾਰਤ ਅੰਦਰ ਗ਼ਰੀਬਾਂ ਲਈ ਜਿਹੋ ਜਿਹੇ ਕੰਮ ਉਪਲਬਧ ਹਨ, ਉਨ੍ਹਾਂ ਦੇ ਮੱਦੇਨਜ਼ਰ ਉਹ ਕੰਮ ਕਰਨ ਦੇ ਯੋਗ ਨਹੀਂ ਹਨ। ਦੇਸ਼ ਅੰਦਰ ਮਿਲਦੇ ਕੁੱਲ ਕੰਮਾਂ ਦਾ ਲਗਭਗ ਤਿੰਨ ਚੁਥਾਈ ਹਿੱਸਾ ਖੇਤੀਬਾੜੀ, ਉਸਾਰੀ ਅਤੇ ਵਪਾਰ ਦੇ ਖਾਤੇ ਪੈਂਦਾ ਹੈ। ਇਨ੍ਹਾਂ ਤਿੰਨਾਂ ਖੇਤਰਾਂ ਵਿਚ ਉਜਰਤਾਂ ਨੀਵੀਆਂ ਹਨ ਜਦਕਿ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਯੂਰੋਪ ਵਿਚ ਕੀਤੇ ਗਏ ਅਧਿਐਨਾਂ ਤੋਂ ਪਤਾ ਚਲਦਾ ਹੈ ਕਿ ਅੱਠ ਘੰਟੇ ਆਪਣੇ ਖੇਤਾਂ ਵਿਚ ਕੰਮ ਕਰਨ ਵਾਲਾ ਕਿਸਾਨ ਕਰੀਬ 4500 ਕਿਲੋ ਕੈਲਰੀਆਂ ਦੀ ਖਪਤ ਕਰਦਾ ਹੈ ਜਦਕਿ ਇਕ ਉਸਾਰੀ ਕਾਮਾ ਇੰਨੇ ਹੀ ਸਮੇਂ ਵਿਚ 4000 ਕਿਲੋ ਕੈਲਰੀਆਂ ਦੀ ਖਪਤ ਕਰਦਾ ਹੈ। ਭਾਰਤ ਵਿਚ ਉਸਾਰੀ ਲਈ ਬਹੁਤ ਜ਼ਿਆਦਾ ਕਿਰਤੀਆਂ ਦੀ ਲੋੜ ਪੈਂਦੀ ਹੈ ਅਤੇ ਇਸ ਲਈ ਊਰਜਾ ਦੀ ਲੋੜ ਵੀ ਵਧਣ ਦੇ ਆਸਾਰ ਹਨ। ਇਹ ਦਿਹਾਤੀ ਭਾਰਤ ਲਈ ਸੁਝਾਈਆਂ ਪ੍ਰਤੀ ਦਿਨ 2400 ਕਿਲੋ ਕੈਲਰੀਆਂ ਨਾਲੋਂ ਕਿਤੇ ਜ਼ਿਆਦਾ ਹੈ।

ਖੁਰਾਕ ਤੇ ਖੇਤੀਬਾੜੀ ਸੰਗਠਨ (ਐੱਫਏਓ) ਦਾ ਅਨੁਮਾਨ ਹੈ ਕਿ 16 ਫ਼ੀਸਦ ਤੋਂ ਵੱਧ ਭਾਰਤੀ ਕੁਪੋਸ਼ਣ ਦਾ ਸ਼ਿਕਾਰ ਹਨ। ਇਸ ਦਾ ਭਾਵ ਹੈ ਕਿ ਕੰਮਕਾਜੀ ਉਮਰ ਵਰਗ ਵਿਚਲੇ ਗ਼ਰੀਬ ਲੋਕਾਂ ਦੇ ਇਕ ਵੱਡੇ ਹਿੱਸੇ ਨੂੰ ਮਿਹਨਤ ਮੁਸ਼ੱਕਤ ਦਾ ਕੰਮ ਕਰਨ ਲਈ ਦਰਕਾਰ ਅੱਧੀਆਂ ਕੈਲਰੀਆਂ ਵੀ ਨਹੀਂ ਮਿਲਦੀਆਂ। ਉਹ ਮੁਫ਼ਤ ਅਨਾਜ, ਸਰਕਾਰ ਅਤੇ ਪੇਂਡੂ ਭਾਈਚਾਰੇ ਤੋਂ ਮਿਲਣ ਵਾਲੀ ਦਸਤੀ ਸਹਾਇਤਾ ਦੇ ਆਸਰੇ ਜਿਊਂਦੇ ਹਨ। ਇਹ ਕੁਚੱਕਰ ਹੈ; ਸਰਕਾਰੀ ਰਾਸ਼ਨ ਨਾਲ ਮਸਾਂ ਢਿੱਡ ਭਰਿਆ ਜਾ ਸਕਦਾ ਹੈ ਅਤੇ ਇਸ ਕਿਸਮ ਦੇ ਪੋਸ਼ਣ ਦੇ ਸਹਾਰੇ ਗ਼ਰੀਬ ਲੋਕ ਕੰਮ ਹਾਸਲ ਕਰਨ ਦੇ ਯੋਗ ਨਹੀਂ ਬਣ ਸਕਦੇ। ਇਸ ਲਈ ਉਨ੍ਹਾਂ ਕੋਲ ਪੱਕੇ ਤੌਰ ’ਤੇ ਉਨ੍ਹਾਂ ਸਹੂਲਤਾਂ ਦਾ ਮੁਥਾਜ ਬਣਨ ਤੋਂ ਬਿਨਾ ਹੋਰ ਕੋਈ ਚਾਰਾ ਨਹੀਂ ਹੈ ਜਿਨ੍ਹਾਂ ਨੂੰ ਅੱਜ ਕੱਲ੍ਹ ਸਾਡੇ ਮੀਡੀਏ ਵਲੋਂ ‘ਰਿਓੜੀ ਕਲਚਰ’ ਜਾਂ ‘ਮੁਫ਼ਤਖੋਰੀ’

ਵਜੋਂ ਪ੍ਰਚਾਰਿਆ ਜਾਂਦਾ ਹੈ।

ਮੁਲਕ ਨੇ ਜਦੋਂ ਆਜ਼ਾਦੀ ਹਾਸਲ ਕੀਤੀ ਸੀ ਤਾਂ ਇਸ ਨੇ ਇਸ ਤੋਂ ਬਿਲਕੁੱਲ ਵੱਖਰਾ ਰਾਹ ਅਖ਼ਤਿਆਰ ਕੀਤਾ ਸੀ। ਕਾਮਿਆਂ ਨੂੰ ਸਖ਼ਤ ਜਿਸਮਾਨੀ ਕੰਮਕਾਜ ਤੋਂ ਫੈਕਟਰੀ ਫਲੋਰਾਂ ’ਤੇ ਮਸ਼ੀਨੀ ਕੰਮਕਾਜ ਵੱਲ ਤਬਦੀਲ ਕਰਨ ਦੀ ਬਜਾਇ ਅੱਜ ਰੁਜ਼ਗਾਰ ਦੇ ਜ਼ਿਆਦਾਤਰ ਅਵਸਰ ਸਖ਼ਤ ਜਿਸਮਾਨੀ ਕੰਮਕਾਜ ਵਾਲੇ ਹੀ ਰਹਿ ਗਏ ਹਨ। ਇਸ ਵਿਚੋਂ ਬਾਹਰ ਨਿਕਲਣ ਦਾ ਇਕੋ ਰਾਹ ਇਹ ਹੈ ਕਿ ਫੌਰੀ ਮੁਨਾਫ਼ਿਆਂ ਦੀ ਬਲੀ ਦਿੰਦੇ ਹੋਏ ਅਰਥਚਾਰੇ ਨੂੰ ਵਧੇਰੇ ਰੁਜ਼ਗਾਰ, ਬਿਹਤਰ ਕੰਮਕਾਜੀ ਹਾਲਾਤ ਅਤੇ ਰੁਜ਼ਗਾਰ ਵਧਾਊ ਮਸ਼ੀਨੀਕਰਨ

ਦੀ ਲੀਹ ’ਤੇ ਪਾਇਆ ਜਾਵੇ। ਇਸ ਤੋਂ ਬਗ਼ੈਰ ਭਾਰਤ ਆਪਣੇ ਵੱਡੀ ਤਾਦਾਦ ਲੋਕਾਂ ਲਈ ਦਿਨ ਕਟੀ ਦਾ ਅਰਥਚਾਰਾ ਹੀ ਬਣਿਆ ਰਹੇਗਾ।

*ਲੇਖਕ ਸੀਨੀਅਰ ਆਰਥਿਕ ਸਮੀਖਿਅਕ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All