DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਵੇ ਕੋਈ ਠੰਢੀ ਹਵਾ ਦਾ ਬੁੱਲਾ

ਬਰਤਾਨਵੀ ਬਸਤੀਵਾਦੀ ਹਕੂਮਤ ਨੇ ਹਿੰਦੋਸਤਾਨ ’ਤੇ ਲੰਮਾ ਸਮਾਂ ਰਾਜ ਕੀਤਾ। ਇਸ ਦੌਰਾਨ ਚੱਲੇ ਸੰਘਰਸ਼ ਤੇ ਕੀਤੀਆਂ ਕੁਰਬਾਨੀਆਂ ਸਦਕਾ ਵਿਦੇਸ਼ੀ ਰਾਜ ਦਾ ਅੰਤ ਹੋਇਆ, ਪਰ ਆਜ਼ਾਦੀ ਦੌਰਾਨ ਇੱਕ ਮੁਲਕ ਨੂੰ ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਗਿਆ।...

  • fb
  • twitter
  • whatsapp
  • whatsapp
Advertisement

ਬਰਤਾਨਵੀ ਬਸਤੀਵਾਦੀ ਹਕੂਮਤ ਨੇ ਹਿੰਦੋਸਤਾਨ ’ਤੇ ਲੰਮਾ ਸਮਾਂ ਰਾਜ ਕੀਤਾ। ਇਸ ਦੌਰਾਨ ਚੱਲੇ ਸੰਘਰਸ਼ ਤੇ ਕੀਤੀਆਂ ਕੁਰਬਾਨੀਆਂ ਸਦਕਾ ਵਿਦੇਸ਼ੀ ਰਾਜ ਦਾ ਅੰਤ ਹੋਇਆ, ਪਰ ਆਜ਼ਾਦੀ ਦੌਰਾਨ ਇੱਕ ਮੁਲਕ ਨੂੰ ਭਾਰਤ ਅਤੇ ਪਾਕਿਸਤਾਨ ਨਾਂ ਦੇ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਗਿਆ। ਕੁਝ ਦਿਨ ਪਹਿਲਾਂ ਭਾਰਤ ਅਤੇ ਪਾਕਿਸਤਾਨ ਨੇ ਆਪੋ ਆਪਣਾ ਆਜ਼ਾਦੀ ਦਿਹਾੜਾ ਮਨਾਇਆ ਹੈ। ਉਨ੍ਹਾਂ ਸਮਿਆਂ ਦੌਰਾਨ ਹੋਈ ਕਤਲੋਗਾਰਤ ਅਤੇ ਉਜਾੜੇ ਨੂੰ ਯਾਦ ਕਰ ਕੇ ਅੱਜ ਵੀ ਦੋਹੇਂ ਪਾਸੇ ਸਹੀ ਸੋਚ ਵਾਲੇ ਲੋਕ ਉਦਾਸ ਹੋ ਜਾਂਦੇ ਹਨ।

ਜਦੋਂ ਵੀ ਕਦੇ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਸੰਵਾਦ ਅਤੇ ਮੇਲ-ਮਿਲਾਪ ਦੀ ਗੱਲ ਤੁਰਦੀ ਹੈ ਤਾਂ ਇਹ ਠੰਢੀ ਹਵਾ ਦੇ ਬੁੱਲ੍ਹੇ ਵਾਂਗ ਪ੍ਰਤੀਤ ਹੁੰਦੀ ਹੈ। ਬੀਤੇ ਦਿਨੀਂ ਅਜਿਹੀ ਹੀ ਇੱਕ ਚੰਗੀ ਖ਼ਬਰ ਪੜ੍ਹਨ ਨੂੰ ਮਿਲੀ ਕਿ ਭਾਰਤ ਤੇ ਪਾਕਿਸਤਾਨ ਦੇ ਸੌ ਤੋਂ ਵੱਧ ਮੋਹਤਬਰ ਵਿਅਕਤੀਆਂ ਨੇ ਸਾਂਝੇ ਦਸਤਖ਼ਤ ਕਰਕੇ ਦੋਵੇਂ ਮੁਲਕਾਂ ਦੇ ਹਾਕਮਾਂ ਨੂੰ ਅਪੀਲ ਕੀਤੀ ਹੈ ਕਿ ਆਪਸੀ ਸਬੰਧ ਸੁਧਾਰਨ ਦੀ ਦਿਸ਼ਾ ਵੱਲ ਕਦਮ ਚੁੱਕੇ ਜਾਣ। ਸ਼ਾਇਦ ਪਿਛਲੇ ਕਈ ਸਾਲਾਂ ਬਾਅਦ ਹਾਲ ਹੀ ਵਿੱਚ ਇਸ ਪੱਧਰ ’ਤੇ ਕੋਈ ਅਜਿਹਾ ਉਪਰਾਲਾ ਸਾਹਮਣੇ ਆਇਆ ਹੈ। ਇਹ ਪਹਿਲਕਦਮੀ ਪ੍ਰਸ਼ੰਸਾਯੋਗ ਹੈ, ਪਰ ਸਾਨੂੰ ਵੇਖਣਾ ਪਵੇਗਾ ਕਿ ਇਸ ਵੇਲੇ ਹਕੀਕੀ ਹਾਲਾਤ ਕੀ ਹਨ, ਕਿਸ ਹੱਦ ਤੱਕ ਇਸ ਦਿਸ਼ਾ ਵਿੱਚ ਕਾਮਯਾਬੀ ਹਾਸਲ ਹੋ ਸਕਦੀ ਹੈ ਤੇ ਇਸ ਦਰਖ਼ਾਸਤ ਤੋਂ ਬਾਅਦ ਅਗਲਾ ਮੁਮਕਿਨ ਕਦਮ ਕੀ ਹੋ ਸਕਦਾ ਹੈ?

Advertisement

ਇਸ ਵੇਲੇ ਦੋਵੇਂ ਮੁਲਕਾਂ ਦਰਮਿਆਨ ਕੜਵਾਹਟ ਕਾਫ਼ੀ ਜ਼ਿਆਦਾ ਹੈ। ਸਫ਼ਾਰਤੀ ਰਿਸ਼ਤੇ ਕਰੀਬ ਕਰੀਬ ਰੁਕੇ ਹੋਏ ਹਨ, ਹਾਈ ਕਮਿਸ਼ਨਰ ਮੌਜੂਦ ਨਹੀਂ ਹਨ, ਨਾਗਰਿਕਾਂ ਦਾ ਏਧਰ-ਓਧਰ ਆਉਣਾ ਜਾਣਾ ਬੰਦ ਹੈ। ਦੋਵੇਂ ਮੁਲਕਾਂ ਨੂੰ ਕਿਸੇ ਤੀਜੇ ਮੁਲਕ ਦੀ ਵਿਚੋਲਗੀ ਹਾਸਿਲ ਨਹੀਂ ਤੇ ਇਹ ਉਸ ਤੋਂ ਇਨਕਾਰੀ ਵੀ ਹਨ। ਦੋ ਮੁਲਕਾਂ ਦੇ ਝਗੜੇ ਨਿਪਟਾਉਣ ਤੇ ਅਮਨ ਸਥਾਪਤ ਕਰਨ ਵਾਲੀਆਂ ਕੌਮਾਂਤਰੀ ਸੰਸਥਾਵਾਂ ਵੀ ਇਸ ਵੇਲੇ ਕਾਰਗਰ ਨਹੀਂ ਲੱਗਦੀਆਂ। ਦੋਵੇਂ ਮੁਲਕਾਂ ਦੇ ਮੀਡੀਆ ਦੇ ਵੱਡੇ ਹਿੱਸੇ ਵਿੱਚ ਵੀ ਨਫ਼ਰਤਾਂ ਹੀ ਪਲ ਰਹੀਆਂ ਹਨ। ਇਨ੍ਹਾਂ ਹਾਲਾਤ ਵਿੱਚ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕਰਨ ਵਾਲੇ ਜਨਤਕ ਪਲੈਟਫਾਰਮਾਂ ਵਾਸਤੇ ਵੀ ਬਹੁਤ ਮੁਸ਼ਕਿਲ ਤੇ ਪੇਚੀਦਾ ਕੰਮ ਹੋਵੇਗਾ। ਇਹ ਪਤਾ ਲਗਾਉਣਾ ਪਵੇਗਾ ਕਿ ਇਸ ਦੀ ਸ਼ੁਰੂਆਤ ਕਿੱਥੋਂ ਕੀਤੀ ਜਾ ਸਕਦੀ ਹੈ। ਦੁਵੱਲੇ ਸਬੰਧ ਚੰਗੇ ਬਣਾਉਣ ਵਾਸਤੇ ਜ਼ੋਰ ਦੇਣ ਵਾਲਿਆਂ ਸਾਹਮਣੇ ਦੋ ਮੁੱਖ ਮੁੱਦੇ ਜਾਂ ਮੁੱਖ ਰੁਕਾਵਟਾਂ ਆਉਣਗੀਆਂ।

Advertisement

ਭਾਰਤ ਵਾਸਤੇ ਜੰਮੂ ਕਸ਼ਮੀਰ ਵਿਚਲੀ ਦਹਿਸ਼ਤਗਰਦੀ ਮੁੱਖ ਮਸਲਾ ਹੈ ਤੇ ਪਾਕਿਸਤਾਨ ਵਾਸਤੇ ਸਿੰਧੂ ਜਲ ਸਮਝੌਤੇ ਦਾ ਮੁਅੱਤਲ ਕੀਤਾ ਜਾਣਾ। ਜੰਮੂ ਕਸ਼ਮੀਰ ਵਿੱਚ ਦਹਿਸ਼ਤਗਰਦੀ ਦੀਆਂ ਘਟਨਾਵਾਂ ਬੀਤੇ 70 ਜਾਂ 80 ਸਾਲਾਂ ਤੋਂ ਹੀ ਚੱਲਦੀਆਂ ਆਈਆਂ ਹਨ, ਕਦੇ ਇਹ ਬਹੁਤ ਤੇਜ਼ ਤੇ ਕਦੇ ਕਈ ਕਈ ਸਾਲ ਬਿਲਕੁਲ ਘੱਟ ਹੁੰਦੀਆਂ ਰਹੀਆਂ ਹਨ। ਭਾਰਤ ਵੱਲੋਂ ਇਸ ਨੂੰ ‘ਸੀਮਾ ਪਾਰ ਦੀ ਦਹਿਸ਼ਤਗਰਦੀ’ ਜਾਂ ‘ਪ੍ਰੌਕਸੀ ਵਾਰ’ ਅਤੇ ਪਾਕਿਸਤਾਨ ਵੱਲੋਂ ਇਸ ਨੂੰ ਜੰਮੂ ਕਸ਼ਮੀਰ ਦੇ ਲੋਕਾਂ ਦਾ ਆਜ਼ਾਦੀ ਵਾਸਤੇ ਕੀਤਾ ਜਾ ਰਿਹਾ ਹਥਿਆਰਬੰਦ ਸੰਘਰਸ਼ ਕਿਹਾ ਜਾਂਦਾ ਰਿਹਾ।

ਇਸ ਦੇ ਬਾਵਜੂਦ ਦੋਵੇੇਂ ਮੁਲਕਾਂ ਦੇ ਸਫ਼ਾਰਤੀ ਰਿਸ਼ਤੇ ਕਾਫ਼ੀ ਹੱਦ ਤੱਕ ਨਿਰਵਿਘਨ ਚੱਲਦੇ ਰਹੇ। ਦਿੱਲੀ ਤੋਂ ਲਾਹੌਰ ਦਰਮਿਆਨ ‘ਸਮਝੌਤਾ ਐਕਸਪ੍ਰੈੱਸ’ ਰੇਲਗੱਡੀ ਤੇ ‘ਸਦਾ-ਏ-ਸਰਹੱਦ’ ਨਾਮ ਦੀ ਬੱਸ ਚੱਲਦੀ ਰਹੀ। ਇਸੇ ਤਰ੍ਹਾਂ ‘ਥਾਰ ਐਕਸਪ੍ਰੈੱਸ’ ਵੀ ਚੱਲਦੀ ਰਹੀ ਸੀ। ਇਹ ਸਵਾਰੀਆਂ ਨਾਲ ਭਰੀਆਂ ਚੱਲਦੀਆਂ ਸਨ ਤੇ ਹੋਰ ਚਲਾਏ ਜਾਣ ਦੀ ਲੋੜ ਮਹਿਸੂਸ ਹੁੰਦੀ ਰਹਿੰਦੀ ਸੀ। ਓਧਰ ਕਸ਼ਮੀਰ ਵਿੱਚ ਸ੍ਰੀਨਗਰ ਤੋਂ ਮੁਜ਼ੱਫਰਾਬਾਦ ਦਰਮਿਆਨ ਬੱਸ ਦਾ ਚੱਲਣਾ ਇੱਕ ਇਤਿਹਾਸਕ ਪ੍ਰਾਪਤੀ ਸੀ। ਦੋ ਹੋਰ ਰੂਟਾਂ ’ਤੇ ਵੀ ਬੱਸਾਂ ਚੱਲੀਆਂ ਸਨ ਤੇ ਕੰਟਰੋਲ ਰੇਖਾ ਦੇ ਆਰ-ਪਾਰ ਕਸ਼ਮੀਰ ਦੇ ਦੋਵੇਂ ਹਿੱਸਿਆਂ ਦਰਮਿਆਨ ਵਪਾਰ ਵੀ ਹੋਣ ਲੱਗਿਆ ਸੀ।

ਅਫ਼ਗ਼ਾਨਿਸਤਾਨ ਤੋਂ ਟਰੱਕ ਵਾਹਗਾ ਬਾਰਡਰ ਤੱਕ ਆਉਂਦੇ ਅਤੇ ਅੱਗੋਂ ਉਹ ਸਾਮਾਨ ਏਧਰ ਇਸ ਮੁਲਕ ਵਿੱਚ ਆਉਂਦਾ ਸੀ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਦਹਿਸ਼ਤਗਰਦੀ ਦੀ ਸਮੱਸਿਆ ਦੇ ਬਾਵਜੂਦ ਖੁੱਲ੍ਹ ਗਿਆ ਸੀ। ਕਦੇ-ਕਦੇ ਸਾਰਕ ਮੁਲਕਾਂ ਦੀਆਂ ਮੀਟਿੰਗਾਂ ਵੀ ਹੁੰਦੀਆਂ ਸਨ, ਜੋ ਹੁਣ ਠੱਪ ਹੋ ਗਈਆਂ ਹਨ।

ਅਪਰੈਲ 2025 ’ਚ ਪਹਿਲਗਾਮ ਦਹਿਸ਼ਤੀ ਹਮਲਾ ਵੱਖਰੀ ਤਰ੍ਹਾਂ ਦੀ ਬਹੁਤ ਹੀ ਦਰਦਨਾਕ, ਘਿਣਾਉਣੀ ਤੇ ਭਿਆਨਕ ਕਾਰਵਾਈ ਸੀ। ਇਸ ਨੂੰ ਕਿਸੇ ਵੀ ਤਰ੍ਹਾਂ ਕਿਸੇ ਹਥਿਆਰਬੰਦ ਸੰੰਘਰਸ਼ ਨਾਲ ਨਹੀਂ ਜੋੜਿਆ ਜਾ ਸਕਦਾ।

ਇਸ ਦਾ ਜੰਮੂ ਕਸ਼ਮੀਰ ਦੇ ਕਥਿਤ ਵੱਖਵਾਦੀ ਅੰਦੋਲਨ ਨਾਲ ਕੋਈ ਵਾਹ ਨਹੀਂ ਹੋ ਸਕਦਾ। ਇਹ ਬੇਹੱਦ ਸ਼ਰਮਨਾਕ ਸੀ। ਏਧਰ ਪਾਕਿਸਤਾਨ ਦਾ ਟੀ ਵੀ ਨਹੀਂ ਆਉਂਦਾ, ਪਰ ਯੂ-ਟਿਊਬ ’ਤੇ ਚੱਲਦੇ ਪਾਕਿਸਤਾਨੀ ਚੈਨਲਾਂ ਤੇ ਵਿਦੇਸ਼ਾਂ ਵਿਚਲੇ ਪਾਕਿਸਤਾਨੀ ਚੈਨਲਾਂ ਨੇ ਇਸ ਦੀ ਨਿੰਦਾ ਕੀਤੀ। ਇਸ ਅਤਿ-ਪੀੜਾਦਾਇਕ ਘਟਨਾ ਦੀ ਪੂਰੀ ਗਹਿਰਾਈ ਤੇ ਪਾਰਦਰਸ਼ਤਾ ਨਾਲ ਜਾਂਚ ਨਹੀਂ ਹੋ ਸਕੀ। ਹਾਲਾਂਕਿ, ਤੀਜੇ ਦਿਨ ਹੀ ਪਹਿਲਗਾਮ ਨੇੜੇ ਅਨੰਤਨਾਗ ਦੇ ਇਲਾਕੇ ਵਿੱਚ ਚਾਰ ਕਥਿਤ ਦਹਿਸ਼ਤਗਰਦਾਂ ਦੇ ਮਕਾਨ ਬਾਰੂਦ ਨਾਲ ਉਡਾ ਦਿੱਤੇ ਗਏ ਸਨ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ‘ਆਪਰੇਸ਼ਨ ਸਿੰਧੂਰ’ ਕੀਤਾ ਗਿਆ, ਜਿਸ ਨਾਲ ਪਾਕਿਸਤਾਨ ਵਿੱਚ ਕਈ ਥਾਵਾਂ ’ਤੇ ਮਿਜ਼ਾਈਲਾਂ ਨਾਲ ਹਮਲੇ ਹੋਏ।

ਮ੍ਰਿਤਕਾਂ ਦੀ ਸਟੀਕ ਗਿਣਤੀ ਕਿਸੇ ਪਾਸਿਉਂ ਨਹੀਂ ਦੱਸੀ ਗਈ। ਇਸ ਐਕਸ਼ਨ ਬਾਰੇ ਵਿਸਥਾਰ ਵਿੱਚ ਜਾਣਾ ਇਸ ਲੇਖ ਦਾ ਵਿਸ਼ਾ ਨਹੀਂ ਹੋ ਸਕਦਾ, ਸਿਰਫ਼ ਇੰਨਾ ਕਿਹਾ ਜਾ ਸਕਦਾ ਹੈ ਕਿ ਕੁਝ ਬੇਕਸੂਰ ਲੋਕਾਂ ਦੇ ਮਾਰੇ ਜਾਣ ਬਦਲੇ ਹੋਰ ਜ਼ਿਆਦਾ ਬੇਕਸੂਰ ਲੋਕਾਂ ਦਾ ਮਾਰਿਆ ਜਾਣਾ ਵਾਜਬ ਨਹੀਂ ਤੇ ਨਾ ਹੀ ਅਜਿਹੇ ਐਕਸ਼ਨ ਦੁਖਾਂਤਾਂ ਦੀ ਰੋਕਥਾਮ ਵਿੱਚ ਸਹਾਈ ਹੋ ਸਕਦੇ ਹਨ। ਇਸ ਆਪਰੇਸ਼ਨ ਦੇ ਨਾਲ ਹੀ ਭਾਰਤ ਸਰਕਾਰ ਨੇ 48 ਘੰਟੇ ਅੰਦਰ ਹੀ ਵਾਹਗਾ ਬਾਰਡਰ ਬੰਦ ਕਰਨ ਅਤੇ ਇੰਨੇ ਸਮੇਂ ਵਿੱਚ ਇਧਰ ਰਹਿ ਰਹੇ ਪਾਕਿਸਤਾਨ ਦੇ ਸਭ ਨਾਗਰਿਕਾਂ ਨੂੰ ਵਾਪਸ ਜਾਣ ਦਾ ਹੁਕਮ ਦੇ ਦਿੱਤਾ।

ਇਸ ਦੇ ਨਾਲ ਹੀ ਦੋਵੇਂ ਦੇਸ਼ਾਂ ਵਿਚਾਲੇ ਹੋਇਆ ਸਿੰਧੂ ਜਲ ਸਮਝੌਤਾ ਮੁਅੱਤਲ ਕਰ ਦਿੱਤਾ ਗਿਆ, ਭਾਵ ਉਸ ’ਤੇ ਅਮਲ ਉੱਤੇ ਕੁਝ ਵਕਤ ਲਈ ਰੋਕ ਲਾ ਦਿੱਤੀ ਗਈ। ਉਧਰ ਪਾਕਿਸਤਾਨ ਨੇ ਅਜਿਹਾ ਹੀ ਫ਼ੈਸਲਾ ਸ਼ਿਮਲਾ ਸਮਝੌਤੇ ਬਾਰੇ ਕੀਤਾ। ਪਹਿਲਗਾਮ ਦਾ ਦਹਿਸ਼ਤੀ ਹਮਲਾ ਬਹੁਤ ਘਿਣਾਉਣਾ ਤੇ ਤਕਲੀਫ਼ਦੇਹ ਸੀ, ਪਰ ਭਾਰਤ ਤੇ ਪਾਕਿਸਤਾਨ ਵਿਚਲੇ ਰਿਸ਼ਤੇ ਇਸ ਤੋਂ ਪਹਿਲਾਂ ਹੀ ਵਿਗੜ ਚੁੱਕੇ ਸਨ। ਇੱਕ ਆਲਮੀ ਕਾਨਫਰੰਸ ਵਿੱਚ ਹਿੱਸਾ ਲੈਣ ਵਾਸਤੇ ਦਿੱਲੀ ਆਏ ਪਾਕਿਸਤਾਨ ਦੇ ਤਤਕਾਲੀ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਬਾਰੇ ਸਾਡੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਸੀ ਕਿ ਦਹਿਸ਼ਤ ਫੈਲਾਉਣ ਵਾਲੇ ਤੇ ਉਸ ਦੀ ਮਾਰ ਝੱਲਣ ਵਾਲੇ ਇਕੱਠੇ ਨਹੀਂ ਬੈਠ ਸਕਦੇ। ਓਧਰ ਪਾਕਿਸਤਾਨ ਵੀ ਆਪਣੇ ਆਪ ਨੂੰ ਦਹਿਸ਼ਤਗਰਦੀ ਦਾ ਵੱਡਾ ਪੀੜਤ ਦੱਸਦਾ ਹੈ। ਦਹਿਸ਼ਤੀ ਘਟਨਾਵਾਂ ਕਾਰਨ ਪਾਕਿਸਤਾਨ ਵਿੱਚ ਹਰ ਸਾਲ ਵੱਡੀ ਗਿਣਤੀ ਮੌਤਾਂ ਹੁੰਦੀਆਂ ਹਨ। ਪਾਕਿਸਤਾਨੀ ਫ਼ੌਜ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੁੰਦਾ ਹੈ।

ਪਾਕਿਸਤਾਨ ਆਪਣੇ ਮੁਲਕ ਅੰਦਰ ਦਹਿਸ਼ਤੀ ਕਾਰਵਾਈਆਂ ਲਈ ਅਫ਼ਗ਼ਾਨਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਅਤੇ ਕਦੇ ਕਦੇ ਭਾਰਤੀ ਦਖ਼ਲ ਦੇ ਇਲਜ਼ਾਮ ਵੀ ਲਗਾਉਂਦਾ ਹੈ। ਜਿਵੇਂ ਭਾਰਤ ਨੇ ਪਾਕਿਸਤਾਨ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ’ਤੇ ਕੰਡਿਆਲੀ ਤਾਰ ਲਾਈ ਹੈ, ਉਸੇ ਤਰ੍ਹਾਂ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਨਾਲ ਲੱਗਦੀ ਸਰਹੱਦ ’ਤੇ ਕੰਡਿਆਲੀ ਤਾਰ ਲਾਈ ਹੋਈ ਹੈ। ਹੁਣ ਤਾਂ ਹਾਲਾਤ ਹੋਰ ਵੀ ਖ਼ਰਾਬ ਹੋ ਚੁਕੇ ਹਨ। ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ’ਤੇ ਹਵਾਈ ਹਮਲੇ ਕੀਤੇ। ਉਧਰੋਂ ਅਫ਼ਗ਼ਾਨਿਸਤਾਨ ਨੇ ਵੀ ਫ਼ੌਜੀ ਕਾਰਵਾਈਆਂ ਕੀਤੀਆਂ। ਇਹ ਗੱਲ ਸਾਡੇ ਸਾਰੇ ਖਿੱਤੇ ਵਾਸਤੇ ਚਿੰਤਾਜਨਕ ਹੈ। ਸਮਝਣ ਦੀ ਲੋੜ ਹੈ ਕਿ ਹਵਾਈ ਹਮਲਿਆਂ ਨਾਲ ਦਹਿਸ਼ਤਗਰਦੀ ਨੂੰ ਰੋਕਿਆ ਨਹੀਂ ਜਾ ਸਕਦਾ। ਅਜੇ ਕੁਝ ਸਮਾਂ ਪਹਿਲਾਂ ਹੀ ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਦਾ ਦੌਰਾ ਕੀਤਾ ਸੀ। ਉਨ੍ਹਾਂ ਭਾਰਤ, ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿਚਾਲੇ ਚੰਗੇ ਸਬੰਧਾਂ ਤੇ ਅਫ਼ਗ਼ਾਨਿਸਤਾਨ ਤੋਂ ਵਾਹਗਾ ਬਾਰਡਰ ਰਾਹੀਂ ਭਾਰਤ ਨਾਲ ਵਪਾਰ ਦੀ ਗੱਲ ਵੀ ਕੀਤੀ ਸੀ। ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦੇ ਵਾਪਸ ਪਹੁੰਚਦਿਆਂ ਹੀ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਕਸ਼ੀਦਗੀ ਵਧ ਗਈ।

ਭਲੇ ਵੇਲਿਆਂ ਵਿੱਚ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗ਼ਾਨਿਸਤਾਨ ਨੂੰ ਦੱਖਣੀ ਏਸ਼ੀਆ ਦੇ ਮੁਲਕਾਂ ਦੀ ਸੰਸਥਾ ‘ਸਾਰਕ’ ਦਾ ਸਹਿਯੋਗੀ ਮੈਂਬਰ ਬਣਾਉਣ ਤੇ ਕਾਬੁਲ ਤੋਂ ਢਾਕਾ ਤੱਕ ਦੀ ਰੇਲਵੇ ਲਾਈਨ ਦੀ ਤਜਵੀਜ਼ ਰੱਖੀ ਸੀ। ਇਹ ਵਿਚਾਰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਲੋੜ ਹੈ। ਸਿੰਧੂ ਜਲ ਸਮਝੌਤੇ ਬਾਰੇ ਪਾਕਿਸਤਾਨ ਦੇ ਹਾਕਮ ਹਮੇਸ਼ਾ ਧਮਕੀਆਂ ਤੇ ਜੰਗਾਂ ਦੀਆਂ ਗੱਲਾਂ ਕਰਦੇ ਹਨ। ਭੂਗੋਲਿਕ ਹਾਲਾਤ ਮੁਤਾਬਿਕ ਭਾਰਤ ਕਿੰਨਾ ਪਾਣੀ ਰੋਕ ਸਕਦਾ ਹੈ ਤੇ ਕਿੰਨਾ ਨਹੀਂ ਇਹ ਵੱਖਰੀ ਗੱਲ ਹੈ, ਪਰ ਇਸ ਦਾ ਹੱਲ ਗੱਲਬਾਤ ਜਾਂ ਕਾਨੂੰਨੀ ਚਾਰਜੋਈ ਰਾਹੀਂ ਹੀ ਹੋ ਸਕਦਾ ਹੈ। ਲੜਾਈ ਲੜ ਕੇ ਪਾਕਿਸਤਾਨ ਕਦੇ ਪਾਣੀ ਦੇ ਮਸਲੇ ਦਾ ਕੋਈ ਹੱਲ ਨਹੀਂ ਕਰ ਸਕਦਾ। ਦਹਿਸ਼ਤਗਰਦੀ ਵੀ ਵੱਡਾ ਮੁੱਦਾ ਹੈ ਤੇ ਪਾਣੀ ਵੀ। ਦੋਵਾਂ ਦਾ ਹੱਲ ਆਪਸੀ ਗੱਲਬਾਤ ਹੈ। ਜੇ ਕੁਝ ਕਾਰਨਾਂ ਕਰਕੇ ਗੱਲਬਾਤ ਵਿੱਚ ਰੁਕਾਵਟਾਂ ਹਨ ਤਾਂ ਇਸ ਦੀ ਸਜ਼ਾ ਭਾਰਤ ਤੇ ਪਾਕਿਸਤਾਨ ਦੇ ਆਮ ਲੋਕਾਂ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਲੋਕਾਂ ਦਾ ਆਪਸ ਵਿੱਚ ਮਿਲਣਾ-ਜੁਲਣਾ ਮਸਲੇ ਹੱਲ ਕਰਨ ਵਿੱਚ ਸਹਾਈ ਹੁੰਦਾ ਹੈ।

ਜਿਨ੍ਹਾਂ ਸੌ ਤੋਂ ਵੱਧ ਵਿਅਕਤੀਆਂ ਨੇ ਦੋਵੇਂ ਮੁਲਕਾਂ ਨੂੰ ਅਪੀਲ ਕੀਤੀ ਹੈ, ਉਸ ਦਾ ਚੰਗਾ ਹੁੰਗਾਰਾ ਹਾਲੇ ਤੱਕ ਤਾਂ ਨਹੀਂ ਮਿਲਿਆ, ਪਰ ਉਮੀਦ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਸੁਹਿਰਦ ਲੋਕਾਂ ਨੂੰ ਵੀ ਅਪੀਲ ਹੈ ਕਿ ਇਸ ਉਪਰਾਲੇ ਨੂੰ ਇੱਥੇ ਹੀ ਬੰਦ ਨਾ ਕੀਤਾ ਜਾਵੇ ਸਗੋਂ ਅੱਗੇ ਵਧਾਇਆ ਜਾਵੇ। ਹੋਰ ਲੋਕਾਂ ਨੂੰ ਨਾਲ ਲੈ ਕੇ ਆਵਾਜ਼ ਉਠਾਈ ਜਾਵੇ। ਜੇਕਰ ਇਨ੍ਹਾਂ ਮੁਲਕਾਂ ਵਿੱਚ ਸਾਂਝੀਆਂ ਕਾਨਫਰੰਸਾਂ ਸੰਭਵ ਨਹੀਂ ਤਾਂ ਕਿਸੇ ਗੁਆਂਢੀ ਮੁਲਕ ਜਾਂ ਯੂਰੋਪ, ਅਮਰੀਕਾ ਵਰਗੇ ਸਥਾਨਾਂ ’ਤੇ ਕੀਤੀਆਂ ਜਾਣ। ਇਸ ਨੂੰ ਇੱਕ ਅੰਦੋਲਨ ਦਾ ਰੂਪ ਦੇਣ ਦੀ ਲੋੜ ਹੈ।

ਸੰਪਰਕ: 98783-75903

Advertisement
×