ਜੀ ਪਾਰਥਾਸਾਰਥੀ
ਪਾਕਿਸਤਾਨ ਨਾਲ ਭਾਰਤ ਦਾ ਇੱਟ-ਖੜੱਕਾ ਕੋਈ ਨਵੀਂ ਗੱਲ ਨਹੀਂ। ਫਿਰ ਵੀ ਕੀ ਅਸੀਂ ਲੰਮੇ ਅਰਸੇ ਬਾਅਦ ਅਜਿਹਾ ‘ਨਵਾਂ ਪਾਕਿਸਤਾਨ’ ਉਭਰਦਾ ਦੇਖ ਰਹੇ ਹਾਂ ਜੋ ਆਪਣੀ ਧੁਰੋਂ ਭਾਰਤ ਨਾਲ ਖਾਰ ਖਾਣ ਵਾਲੀ ਫ਼ੌਜ ਦੇ ਹੁੰਦਿਆਂ ਸੁੰਦਿਆਂ ਉਸ ਨਾਲ ਠੰਢ ਠੰਢਾਅ ਕਰਨਾ ਚਾਹ ਰਿਹਾ ਹੈ? ਹਾਲੀਆ ਦਿਨਾਂ ਵਿਚ ਇਹ ਅਹਿਸਾਸ ਹੁੰਦਾ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚ ਇਸ ਗੱਲ ਦੇ ਕੁਝ ਚੌਕਸੀ ਭਰੇ ਉਤਸ਼ਾਹ ਦੇ ਕਾਫੀ ਕਾਰਨ ਹਨ ਕਿ ਦੋਵੇਂ ਮੁਲਕ ਮਿਲ ਜੁਲ ਕੇ ਰਹਿਣ ਲਈ ਗੱਲਬਾਤ ਕਰ ਸਕਦੇ ਹਨ। ਬਹੁਤੇ ਭਾਰਤੀ ਮਹਿਸੂਸ ਕਰਦੇ ਹਨ ਕਿ ਭਾਰਤ ਨੂੰ ਪਿਛਲੇ ਚਾਰ ਸਾਲਾਂ ਤੋਂ ਪਾਕਿਸਤਾਨ ਦੇ ਸਭ ਤੋਂ ਜ਼ਿੱਦੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਸਿੱਝਣਾ ਪੈ ਰਿਹਾ ਹੈ ਜਿਸ ਦਾ ਵਿਚਾਰਧਾਰਕ ਸਾਂਚਾ ਕੱਟੜ, ਭਾਰਤ ਵਿਰੋਧੀ ਅਤੇ ਆਈਐੱਸਆਈ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਹਾਮਿਦ ਗ਼ੁਲ ਨੇ ਤਿਆਰ ਕੀਤਾ ਸੀ। ਪਾਕਿਸਤਾਨ ਅਤੇ ਹੋਰਨਾਂ ਥਾਵਾਂ ਦੇ ਲੋਕੀਂ ਵੀ ਇਮਰਾਨ ਖ਼ਾਨ ਨੂੰ ਮਜ਼ਾਹੀਆ ਢੰਗ ਨਾਲ ‘ਤਾਲਿਬਾਨ ਖ਼ਾਨ’ ਸੱਦਦੇ ਹਨ।
ਸੁਭਾਵਿਕ ਹੈ ਕਿ ਪਾਕਿਸਤਾਨ ਦਾ ‘ਸਦਾਬਹਾਰ ਦੋਸਤ’ ਚੀਨ ਇਮਰਾਨ ਖ਼ਾਨ ਦੇ ਭਾਰਤ ਵਿਰੋਧੀ ਪ੍ਰਚਾਰ ਨੂੰ ਵਰਦਾਨ ਵਾਂਗ ਲੈਂਦਾ ਹੈ। ਚੀਨ ਵਲੋਂ ਨਿੱਤ ਦੇ ਭਾਰਤ ਵਿਰੋਧੀ ਪ੍ਰਚਾਰ ਦੀ ਖੁਰਾਕ ਪੇਈਚਿੰਗ ਦੇ ਸਰਕਾਰੀ ਅਖਬਾਰ ‘ਦਿ ਗਲੋਬਲ ਟਾਈਮਜ਼’ ਵਿਚ ਪਰੋਸੀ ਜਾਂਦੀ ਹੈ। ਇਸ ਸਭ ਕਾਸੇ ਦਾ ਪਾਕਿਸਤਾਨ ਦੇ ਅੰਦਰ ਪ੍ਰਭਾਵ ਪੈਂਦਾ ਹੈ ਜਿੱਥੇ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਇਹ ਸਮਝਦੇ ਹਨ ਕਿ ਚਲੰਤ ਮਹਾਮਾਰੀ ਨਾਲ ਸਿੱਝਣ ਲਈ ਫੌਰੀ ਤੌਰ ਤੇ ਆਰਥਿਕ ਹਕੀਕਤ ਅਨੁਸਾਰ ਚੱਲਣ ਦੀ ਲੋੜ ਹੈ। ਪਾਕਿਸਤਾਨੀਆਂ ਨੇ ਇਹ ਗੱਲ ਜ਼ਰੂਰ ਨੋਟ ਕੀਤੀ ਹੋਵੇਗੀ ਕਿ ਮੁਲਕ ਦਾ ਵਿਦੇਸ਼ੀ ਮੁਦਰਾ ਭੰਡਾਰ ਸਿਰਫ 14.8 ਅਰਬ ਡਾਲਰ ਰਹਿ ਗਿਆ ਹੈ ਜਦਕਿ ਬੰਗਲਾਦੇਸ਼ ਜਿਸ ਨੂੰ ਉਸ ਦੇ ਪੱਛਮੀ ਪਾਕਿਸਤਾਨ ਦੇ ਭਰਾਵਾਂ ਵਲੋਂ ਬੇਕਦਰੀ ਦੀ ਨਜ਼ਰ ਨਾਲ ਤੱਕਿਆ ਜਾਂਦਾ ਸੀ, ਦੇ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ 44 ਅਰਬ ਡਾਲਰ ਹੋ ਗਏ ਹਨ। ਬੰਗਲਾਦੇਸ਼ ਦਾ ਅਰਥਚਾਰਾ ਤੇਜ਼ੀ ਨਾਲ ਵਧ ਫੁੱਲ ਰਿਹਾ ਹੈ ਅਤੇ ਕਰੀਬ ਅੱਧੀ ਸਦੀ ਬਾਅਦ ਹੀ ਇਸ ਨੇ ਵਿੱਤੀ, ਸਮਾਜਿਕ ਤੇ ਆਰਥਿਕ, ਹਰ ਪੈਮਾਨੇ ਤੋਂ ਪਾਕਿਸਤਾਨ ਨੂੰ ਪਛਾੜ ਦਿੱਤਾ ਹੈ।
ਅਜਿਹੇ ਹਾਲਾਤ ਵਿਚ ਪਾਕਿਸਤਾਨ ਅੰਦਰ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਇਹ ਵਿਸ਼ਵਾਸ ਕਰਦੇ ਹਨ ਕਿ ਮੁਲਕ ਨੂੰ ਆਪਣੇ ਗੁਆਂਢੀਆਂ ਨਾਲ ਅਮਨ ਅਤੇ ਇਕਸੁਰਤਾ ਬਣਾ ਕੇ ਆਰਥਿਕ ਵਿਕਾਸ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਪਾਕਿਸਤਾਨ ਦੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਆਪਣੇ ਤੋਂ ਪਹਿਲੇ ਮੁਖੀ ਵਾਂਗ ਪਾਕਿਸਤਾਨ ਦੇ ਅਸਲ ਸ਼ਾਸਕ ਹਨ ਅਤੇ ਉਨ੍ਹਾਂ ਵੱਖ ਵੱਖ ਖੇਤਰਾਂ ਅੰਦਰ ਵਪਾਰ ਅਤੇ ਰਾਬਤੇ ਨੂੰ ਹੱਲਾਸ਼ੇਰੀ ਦੇਣ ਲਈ ਕਦਮ ਉਠਾਉਣ ਦਾ ਸੱਦਾ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਦੇ ਡੀਜੀਐੱਮਓਜ਼ (ਡਾਇਰੈਕਟਰ ਜਨਰਲ ਆਫ ਮਿਲਟਰੀ ਅਪਰੇਸ਼ਨਜ਼) ਨੇ ਅਸਲ ਕੰਟਰੋਲ ਰੇਖਾ ਤੇ ਗੋਲੀਬੰਦੀ ਬਾਰੇ ਸਮਝੌਤਾ ਸਹੀਬੰਦ ਕੀਤਾ ਸੀ। ਇਸ ਦੌਰਾਨ ਇਮਰਾਨ ਖ਼ਾਨ ਦੀ ਕੈਬਨਿਟ ਦੀ ਆਰਥਿਕ ਤਾਲਮੇਲ ਬਾਰੇ ਕਮੇਟੀ ਨੇ ਸਿਫ਼ਾਰਸ਼ ਕੀਤੀ ਕਿ ਖਾਸਕਰ ਕੱਪੜਾ ਅਤੇ ਖੇਤੀਬਾੜੀ ਖੇਤਰਾਂ ਵਿਚ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਭਾਰਤ ਨਾਲ ਵਪਾਰ ਮੁੜ ਖੋਲ੍ਹਿਆ ਜਾਵੇ।
ਪਾਕਿਸਤਾਨ ਦੀ ਕੈਬਨਿਟ ਨੇ ਅਗਲੇ ਦਿਨ ਹੀ ਤਾਲਮੇਲ ਕਮੇਟੀ ਦੀ ਸਿਫ਼ਾਰਸ਼ ਰੱਦ ਕਰ ਦਿੱਤੀ। ਰੱਦ ਕਰਨ ਵਾਲਿਆਂ ਵਿਚ ਮੁੱਖ ਤੌਰ ਤੇ ਮਨੁੱਖੀ ਹਕੂਕ ਬਾਰੇ ਮੰਤਰੀ ਸ਼ੀਰੀਨ ਮਾਜ਼ਰੀ, ਜਿਨ੍ਹਾਂ ਦਾ ਭਾਰਤ ਵਿਰੋਧੀ ਲਿਖਤਾਂ ਅਤੇ ਬਿਆਨਾਂ ਦਾ ਲੰਮਾ ਇਤਿਹਾਸ ਰਿਹਾ ਹੈ, ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਸ਼ਾਮਲ ਸਨ। ਸ਼ੀਰੀਨ ਮਾਜ਼ਰੀ ਨੇ ਠੋਕ ਕੇ ਆਖਿਆ: “ਕੈਬਨਿਟ ਨੇ ਸਪੱਸ਼ਟ ਤੌਰ ਤੇ ਬਿਆਨ ਕੀਤਾ ਹੈ ਕਿ ਭਾਰਤ ਨਾਲ ਕੋਈ ਵਪਾਰ ਨਹੀਂ ਹੋਵੇਗਾ।” ਪ੍ਰਧਾਨ ਮੰਤਰੀ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਭਾਰਤ ਵਲੋਂ ਜੰਮੂ ਕਸ਼ਮੀਰ ਸਬੰਧੀ ਕੀਤੇ ਗ਼ੈਰ-ਕਾਨੂੰਨੀ ਫ਼ੈਸਲੇ ਵਾਪਸ ਨਹੀਂ ਹੁੰਦੇ, ਉਦੋਂ ਤੱਕ ਉਸ ਨਾਲ ਸਬੰਧ ਆਮ ਵਾਂਗ ਬਹਾਲ ਨਹੀਂ ਹੋ ਸਕਦੇ। ਇਮਰਾਨ ਖ਼ਾਨ ਨੇ ਭਾਰਤ ਨਾਲ ਤਲਖ਼ੀ ਘਟਾਉਣ ਲਈ ਜਨਰਲ ਬਾਜਵਾ ਵਲੋਂ ਵਿੱਢੀ ਗਈ ਕਾਰਵਾਈ ਦਾ ਮਜ਼ਾਕ ਉਡਾਉਣ ਦਾ ਤਹੱਈਆ ਕੀਤਾ ਹੋਇਆ ਹੈ। ਲਿਹਾਜ਼ਾ, ਉਹ ਇਹ ਸੰਦੇਸ਼ ਦੇ ਰਹੇ ਹਨ ਕਿ ਉਹ ਜੰਮੂ ਕਸ਼ਮੀਰ ਮੁੱਦੇ ਨੂੰ ਲੈ ਕੇ ਆਪਣਾ ਕੱਟੜ ਸਟੈਂਡ ਨਹੀਂ ਛੱਡਣਗੇ। ਬਿਨਾਂ ਸ਼ੱਕ, ਉਹ ਫ਼ੌਜ ਅੰਦਰ ਜਨਰਲ ਬਾਜਵਾ ਵਿਰੋਧੀ ਖੇਮੇ ਦੀਆਂ ਅੱਖਾਂ ਦਾ ਤਾਰਾ ਬਣ ਜਾਣਗੇ ਜਿਸ ਵਿਚ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਵੀ ਸ਼ਾਮਲ ਦੱਸੇ ਜਾਂਦੇ ਹਨ ਜੋ ਬਾਜਵਾ ਦੀ ਥਾਂ ਫ਼ੌਜ ਦੇ ਅਗਲੇ ਮੁਖੀ ਬਣਨ ਦੀ ਦੌੜ ਵਿਚ ਸ਼ਾਮਲ ਹਨ। ਇਸ ਦੇ ਨਾਲ ਹੀ ਬਿਨਾਂ ਸ਼ੱਕ, ਆਈਐੱਸਆਈ ਦੇ ਮੁਖੀ ਨੇ ਫ਼ੌਜ ਦੇ ਮੁਖੀ ਨਾਲ ਵਫ਼ਾਦਾਰੀ ਦਾ ਹਲਫ਼ ਲਿਆ ਹੁੰਦਾ ਹੈ।
ਇਹ ਗੱਲ ਠੀਕ ਹੈ ਕਿ ਇਮਰਾਨ ਖ਼ਾਨ ਦੇ ਇਸ ਕਦਮ ਨਾਲ ਉਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ (ਇਮਰਾਨ ਖ਼ਾਨ) ਦੀ ਪੁਜ਼ੀਸ਼ਨ ਮਜ਼ਬੂਤ ਹੋ ਗਈ ਹੈ ਜੋ ਜਨਰਲ ਬਾਜਵਾ ਦੇ ਵਿਰੋਧੀ ਗਿਣੇ ਜਾਂਦੇ ਹਨ ਪਰ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਉੁਨ੍ਹਾਂ ਪਾਕਿਸਤਾਨ ਦੇ ਅੰਦਰ ਪੀਪੀਪੀ ਦੇ ਆਸਿਫ਼ ਅਲੀ ਜ਼ਰਦਾਰੀ ਅਤੇ ਜਮੀਅਤ ਉਲ ਇਸਲਾਮ ਦੇ ਮੌਲਾਨਾ ਫ਼ਜ਼ਲੁਰ ਰਹਿਮਾਨ ਕੱਟੜਪੰਥੀ ਆਗੂਆਂ ਵਲੋਂ ਉਨ੍ਹਾਂ ਦੇ ਵਿਰੋਧੀ ਆਗੂ ਨਵਾਜ਼ ਸ਼ਰੀਫ਼ ਨੂੰ ਗੰਭੀਰ ਸਿਆਸੀ ਚੁਣੌਤੀ ਦੇਣ ਦਾ ਰਾਹ ਖੋਲ੍ਹ ਦਿੱਤਾ ਹੈ। ਇਹ ਵੀ ਬਿਲਕੁਲ ਸਾਫ਼ ਹੋ ਗਿਆ ਹੈ ਕਿ ਇਸ ਵੇਲੇ ਜਨਰਲ ਬਾਜਵਾ ਨਾਲ ਉਨ੍ਹਾਂ ਦੇ ਸਬੰਧ ਪਹਿਲਾਂ ਵਾਂਗ ਸੁਖਾਵੇਂ ਨਹੀਂ ਰਹੇ ਅਤੇ ਇਮਰਾਨ ਖ਼ਾਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪਾਕਿਸਤਾਨ ਦੇ ਸਿਖਰਲੇ ਫ਼ੌਜੀ ਨਿਜ਼ਾਮ ਅੰਦਰੋਂ ਉਨ੍ਹਾਂ ਨੂੰ ਹਮਾਇਤ ਮਿਲਦੀ ਰਹੇ। ਇਸ ਦੇ ਨਾਲ ਹੀ, ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਗੱਲ ਲਈ ਕਾਇਲ ਕਰਨ ਲਈ ਕੰਮ ਕਰ ਰਹੇ ਹਨ ਕਿ ਉਹ ਅਫ਼ਗਾਨਿਸਤਾਨ ਵਿਚੋਂ ਅਮਰੀਕੀ ਫ਼ੌਜ ਦੀ ਸੁਚਾਰੂ ਢੰਗ ਨਾਲ ਵਾਪਸੀ ਲਈ ਰਾਹ ਪੱਧਰਾ ਕਰਨਗੇ ਜਦਕਿ ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਚੀਨੀ ਨੇਤਾ ਸ਼ੀ ਜਿਨਪਿੰਗ ਦੇ ਵਫ਼ਾਦਾਰ ਬਣੇ ਰਹਿਣਗੇ। ਜ਼ਾਹਿਰ ਹੈ ਕਿ ਅਫ਼ਗਾਨਿਸਤਾਨ ਦੇ ਬੇਅੰਤ ਖਣਿਜ ਪਦਾਰਥਾਂ ਦੇ ਭੰਡਾਰਾਂ ਤੇ ਚੀਨ ਅਤੇ ਰੂਸ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।
ਭਾਰਤ ਨੂੰ ਅਜਿਹੇ ਜਟਿਲ ਹਾਲਾਤ ਵਿਚ ਆਪਣੇ ਪੱਤੇ ਬਹੁਤ ਹੀ ਸੰਭਲ ਕੇ ਚੱਲਣੇ ਪੈਣਗੇ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਜੋ 1980ਵਿਆਂ ਦੇ ਸ਼ੁਰੂ ਵਿਚ ਇਸਲਾਮਾਬਾਦ ਵਿਚਲੇ ਭਾਰਤੀ ਦੂਤਾਵਾਸ ਵਿਚ ਤਾਇਨਾਤ ਰਹੇ ਸਨ, ਨੇ ਪਾਕਿਸਤਾਨ ਦੇ ਅੰਦਰੂਨੀ ਹਾਲਾਤ ਦੀ ਜਟਿਲਤਾ ਬਾਰੇ ਖਾਸ ਸਮਝ ਤਿਆਰ ਕੀਤੀ ਸੀ। ਉਨ੍ਹਾਂ ਦਾ ਖਿਆਲ ਸੀ ਕਿ ਕਿਸੇ ਵੀ ਕਿਸਮ ਦੀ ਅਗਲੀ ਪੇਸ਼ਕਦਮੀ ਵਾਸਤੇ ਇਕ ਦੂਜੇ ਦੇ ਮੁਲ਼ਕ ਅੰਦਰ ਰਾਜਦੂਤ ਹੋਣੇ ਚਾਹੀਦੇ ਹਨ। ਪਾਕਿਸਤਾਨ ਨਾਲ ਅੰਦਰਖਾਤੇ ਚੱਲ ਰਹੀ ਵਾਰਤਾ ਦਾ ਮਾਰਗ ਦਰਸ਼ਨ ਕਰਨਾ ਸ੍ਰੀ ਡੋਵਾਲ ਲਈ ਬਿਲਕੁਲ ਸੁਭਾਵਿਕ ਗੱਲ ਹੈ। ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਰਹਿ ਚੁੱਕੇ ਬਹੁਤ ਹੀ ਸਤਿਕਾਰਯੋਗ ਸਤਿੰਦਰ ਲਾਂਬਾ ਨੇ 2003 ਦੀ ਕਸ਼ਮੀਰ ਗੋਲੀਬੰਦੀ ਤੋਂ ਬਾਅਦ ਵਿਸ਼ੇਸ਼ ਦੂਤ ਵਜੋਂ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਕਰੀਬੀ ਤਾਰਿਕ ਅਜ਼ੀਜ਼ ਨਾਲ ਅਜਿਹੀਆਂ ਵਾਰਤਾਵਾਂ ਚਲਾ ਕੇ ਸ਼ਾਨਦਾਰ ਕੰਮ ਕੀਤਾ ਸੀ। ਮੁਸ਼ੱਰਫ਼ ਤੋਂ ਬਾਅਦ ਥਾਪੇ ਗਏ ਫ਼ੌਜ ਦੇ ਨਵੇਂ ਮੁਖੀ ਜਨਰਲ ਅਸ਼ਫ਼ਾਕ ਕਿਆਨੀ ਨੇ ਇਨ੍ਹਾਂ ਕਾਰਜਾਂ ਉੱਤੇ ਪਾਣੀ ਫੇਰ ਦਿੱਤਾ ਸੀ। ਇਮਰਾਨ ਖ਼ਾਨ ਨੂੰ ਨੇਕ ਸਲਾਹ ਇਹ ਦੇਣੀ ਚਾਹੀਦੀ ਹੈ ਕਿ ਉਹ ਹਰ ਮੌਕੇ ਤੇ ਭਾਰਤ ਵੱਲ ਨਿਸ਼ਾਨਾ ਸੇਧਣ ਦੀ ਬਜਾਇ ਉਨ੍ਹਾਂ ਵਾਰਤਾਵਾਂ ਦੇ ਕੰਮ ਦਾ ਜ਼ਰੂਰ ਅਧਿਐਨ ਕਰਨ। ਉਹ ਵਾਰਤਾ ਉਸ ਵੇਲੇ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਇਸ ਸਹਿਜ ਧਾਰਨਾ ਤੇ ਆਧਾਰਿਤ ਸੀ: “ਸਰਹੱਦਾਂ ਨਹੀਂ ਬਦਲੀਆਂ ਜਾ ਸਕਦੀਆਂ ਪਰ ਅਸੀਂ ਅਜਿਹੇ ਕੰਮ ਕਰ ਸਕਦੇ ਹਾਂ ਕਿ ਉਹ ਅਸੰਗਤ ਹੋ ਕੇ ਰਹਿ ਜਾਣ ਜਾਂ ਫਿਰ ਮਹਿਜ਼ ਨਕਸ਼ੇ ਤੇ ਵਾਹੀਆਂ ਲੀਕਾਂ ਬਣ ਕੇ ਰਹਿ ਜਾਣ।” ਇਸ ਦੇ ਨਾਲ ਹੀ ਉਨ੍ਹਾਂ ਆਖਿਆ ਸੀ: “ਅਸਲ ਕੰਟਰੋਲ ਰੇਖਾ ਦੇ ਦੋਵੇਂ ਪਾਸੀਂ ਲੋਕਾਂ ਨੂੰ ਆਜ਼ਾਦੀ ਨਾਲ ਆਉਣ ਜਾਣ ਅਤੇ ਇਕ ਦੂਜੇ ਨਾਲ ਵਣਜ ਵਪਾਰ ਕਰਨ ਦੇ ਯੋਗ ਬਣਾਇਆ ਜਾਵੇ।”
ਸਾਡੀਆਂ ਸਰਹੱਦਾਂ ਤੇ ਅਮਨ ਚੈਨ ਬਰਕਰਾਰ ਰੱਖਣ ਦਾ ਅਗਲਾ ਰਾਹ ਬਹੁਤ ਜਟਿਲ ਹੋਣ ਵਾਲਾ ਹੈ। ਕੁਝ ਲੋਕਾਂ ਨੂੰ ਆਸ ਹੈ ਕਿ ਬਾਇਡਨ ਪ੍ਰਸ਼ਾਸਨ ਇਰਾਨ ਤੋਂ ਪਾਬੰਦੀਆਂ ਹਟਾ ਕੇ ਸਿਆਣਪ ਅਤੇ ਦੂਰਅੰਦੇਸ਼ੀ ਦਾ ਮੁਜ਼ਾਹਰਾ ਕਰੇਗਾ। ਤਹਿਰਾਨ ਨੂੰ ਵੀ ਇਸ ਗੱਲ ਦੀ ਚੰਗੀ ਸਮਝ ਹੈ ਕਿ ਉਸ ਅਫ਼ਗਾਨਿਸਤਾਨ ਨਾਲ ਲਗਦੀ ਉਸ ਦੀ ਪੂਰਬੀ ਸਰਹੱਦ ਤੇ ਆਈਐੱਸਆਈ ਦੀ ਹਮਾਇਤ ਯਾਫ਼ਤਾ ਕੱਟੜ ਵਹਾਬੀ ਇਸਲਾਮੀ ਪੈਰੋਕਾਰਾਂ ਦਾ ਹੁਕਮ ਨਾ ਚੱਲੇ। ਜੰਮੂ ਕਸ਼ਮੀਰ ਵਿਚ ਹਾਲਾਤ ਸੁਖਾਵੇਂ ਹੋਣ ਤੇ ਜੰਮੂ ਖੇਤਰ ਅਤੇ ਕਸ਼ਮੀਰ ਵਾਦੀ ਲਈ ਰਾਜ ਦੇ ਦਰਜੇ ਦੀ ਬਹਾਲੀ ਨਾਲ ਉੱਥੇ ਜਮਹੂਰੀ ਅਮਲ ਮੁੜ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਦੌਰਾਨ, ਅਮਨ ਤੇ ਸਥਿਰਤਾ ਦੇ ਖ਼ੈਰ-ਖਵਾਹਾਂ ਵਲੋਂ ਪਾਕਿਸਤਾਨ ਨੂੰ ਅਸਲ ਕੰਟਰੋਲ ਰੇਖਾ ਰਾਹੀਂ ਘੁਸਪੈਠ ਮੁੜ ਸ਼ੁਰੂ ਕਰਵਾਉਣ ਦੇ ਕਿਸੇ ਵੀ ਤਰ੍ਹਾਂ ਦੇ ਕਦਮ ਤੋਂ ਖ਼ਬਰਦਾਰ ਕੀਤਾ ਜਾਣਾ ਚਾਹੀਦਾ ਹੈ। ਇਹ ਪ੍ਰਕਿਰਿਆ ਲਈ ਰਾਹ ਤਾਂ ਹੀ ਸਾਫ਼ ਹੋ ਸਕਦਾ ਹੈ ਜੇ ਚੀਨ ਲਦਾਖ ਵਿਚ ਭਾਰਤੀ ਇਲਾਕੇ ‘ਹੜੱਪਣ’ ਦੀਆਂ ਆਪਣੀਆਂ ਕੋਸ਼ਿਸ਼ਾਂ ਤੇ ਵਿਰਾਮ ਲਾਵੇਗਾ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ
ਹਾਈ ਕਮਿਸ਼ਨਰ ਰਹਿ ਚੁੱਕਾ ਹੈ।