ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਡਾ. ਸੁਖਦੇਵ ਸਿੰਘ

ਡਾ. ਸੁਖਦੇਵ ਸਿੰਘ

ਸੰਸਾਰ ਪ੍ਰਸੰਨਤਾ ਰਿਪੋਰਟ 2021 ਮੁਤਾਬਿਕ, 149 ਮੁਲਕਾਂ ਦੇ ਮਨੁੱਖੀ ਜੀਵਨ ਵਿਚ ਖੁਸ਼ੀ ਪੱਖੋਂ ਕੀਤੀ ਖੋਜ ਆਧਾਰਿਤ ਦਰਜਾਬੰਦੀ ਵਿਚ ਭਾਰਤ ਦਾ 139ਵਾਂ ਸਥਾਨ ਹੈ। ਯੂਰੋਪੀਅਨ ਮੁਲਕ ਫਿਨਲੈਂਡ ਇਸ ਪੱਖੋਂ ਦੁਨੀਆ ਵਿਚ ਪਹਿਲੇ, ਆਇਸਲੈਂਡ ਦੂਜੇ ਤੇ ਡੈਨਮਾਰਕ ਤੀਜੇ ਨੰਬਰ ਤੇ ਹਨ। ਖਾਨਾਜੰਗੀ ਵਿਚ ਘਿਰਿਆ ਅਫ਼ਗ਼ਾਨਿਸਤਾਨ ਸਭ ਤੋਂ ਪਿਛੇ ਹੈ। ਏਸ਼ਿਆਈ ਮੁਲਕਾਂ ਵਿਚੋਂ ਚੀਨ 84ਵੇਂ, ਬੰਗਲਾਦੇਸ਼ 101ਵੇਂ ਤੇ ਪਾਕਿਸਤਾਨ 105ਵੇਂ ਸਥਾਨ ਤੇ ਹਨ। ਅਫਰੀਕੀ ਮੁਲਕ ਰਵਾਂਡਾ 147 ਅਤੇ ਜਿ਼ੰਬਾਬਵੇ 148ਵੇਂ ਸਥਾਨ ਤੇ ਹਨ। ਸੰਯੁਕਤ ਰਾਸ਼ਟਰ ਦੀ ਰਾਹਨੁਮਾਈ ਹੇਠ ਤਿਆਰ ਰਿਪੋਰਟ ਵਿਚ ਗੈਲਪ ਵਰਲਡ ਪੋਲ ਦੀ ਵਿਧੀ ਆਧਾਰਿਤ ਹੈ ਜਿਸ ਵਿਚ ਮਨੁੱਖੀ ਜੀਵਨ ਲਈ ਅਨਾਜ ਤੱਕ ਪਹੁੰਚ, ਰੁਜ਼ਗਾਰ, ਸਿਹਤ, ਸਮਾਜਿਕ ਸੁਰੱਖਿਆ, ਘਰੇਲੂ ਉਤਪਾਦਨ, ਮਨੋਵਿਗਿਆਨ ਅਤੇ ਸਮੁੱਚੇ ਕਲਿਆਣ ਜਿਹੇ ਪੱਖ ਲਏ ਗਏ ਹਨ। ਇਸ ਰਿਪੋਰਟ ਵਿਚ ਕਰੋਨਾ ਜਾਂ ਕੋਵਿਡ ਦੇ ਅਸਰ ਵੀ ਵਿਚਾਰੇ ਹਨ।

ਪ੍ਰਸੰਨਤਾ, ਸੁਖ, ਜਾਂ ਖੁਸ਼ੀ ਦੀ ਕੋਈ ਸਰਵਵਿਆਪਕ ਪਰਿਭਾਸ਼ਾ ਨਹੀਂ ਕਿਉਂਕਿ ਹਰ ਸ਼ਖ਼ਸ, ਕਬੀਲੇ, ਸਮੂਹ ਅਤੇ ਸਮਾਜ ਦੇ ਆਪਣੇ ਜੀਵਨ ਢੰਗਾਂ, ਮੌਜੂਦ ਸਾਜ਼ੋ-ਸਮਾਨ, ਸਭਿਆਚਾਰਕ ਬਣਤਰ, ਸਮਾਜਿਕ ਮੁੱਲਾਂ, ਮਿਆਰਾਂ, ਆਸ਼ਾਵਾਂ, ਪ੍ਰਾਪਤੀਆਂ ਨੂੰ ਮਹਿਸੂਸ ਕਰਨ ਦੇ ਆਪਣੇ ਢੰਗ ਤਰੀਕੇ ਹਨ। ਕੋਈ ਨਿਰੋਗ ਕਾਇਆ ਨੂੰ ਸੁਖ ਮੰਨਦਾ ਹੈ, ਕੋਈ ਧਨ ਪ੍ਰਾਪਤੀ ਨੂੰ; ਕੋਈ ਚੰਗੇ ਰੁਜ਼ਗਾਰ ਨੂੰ, ਕੋਈ ਸਮਾਜਿਕ ਇੱਕਜੁਟਤਾ ਨੂੰ; ਕੋਈ ਬੰਦਸ਼ਾਂ ਤੋਂ ਖਲਾਸੀ ਨੂੰ ਤੇ ਕਈ ਬੰਦਸ਼ਾਂ ਵਿਚ ਰਹਿਣ ਨੂੰ; ਕੋਈ ਸਮੁੱਚੇ ਸਮਾਜ ਦੇ ਵਿਕਾਸ ਨੂੰ ਤੇ ਕੁਝ ਸੰਸਾਰ ਤਿਆਗਣ ਨੂੰ; ਕੋਈ ਚੰਗੇ ਕੰਮਾਂ ਵਿਚ, ਕੋਈ ਮੰਦੇ ਕੰਮਾਂ ਵਿਚ; ਕੋਈ ਨਸ਼ਾ ਕਰਨ ਤੇ ਕਈ ਨਸ਼ਾ ਛੱਡਣ ਆਦਿ ਨੂੰ ਸੁਖ ਮੰਨਦੇ ਹਨ। ਆਮ ਭਾਸ਼ਾ ਵਿਚ ਪ੍ਰਸੰਨਤਾ ਸਕਾਰਾਤਮਿਕ ਮਨੋਭਾਵਾਂ ਜਾਂ ਸੰਵੇਦਨਸ਼ੀਲਤਾ ਦੀ ਉਹ ਹਾਲਤ ਹੈ ਜਿਥੇ ਮਨੁੱਖੀ ਜੀਵਨ ਵਿਚ ਹੁਲਾਸ, ਸੰਤੁਸ਼ਟੀ, ਤ੍ਰਿਪਤੀ ਅਤੇ ਆਸ਼ਾਵਾਂ ਦੀ ਪ੍ਰਾਪਤੀ ਦਾ ਅਹਿਸਾਸ ਹੈ। ਨੋਬੇਲ ਇਨਾਮ ਜੇਤੂ ਵਿਦਵਾਨ ਬਰਟੰਡ ਰੱਸਲ ਆਪਣੀ ਕਿਤਾਬ ‘ਦਿ ਕੌਨਕੁਐਸਟ ਆਫ ਹੈਪੀਨੈਸ’ (ਖੁਸ਼ੀ ਦੀ ਜਿੱਤ) ਵਿਚ ਖੁਸ਼ੀ ਅਤੇ ਨਾ-ਖੁਸ਼ੀ ਦੇ ਅਨੇਕ ਕਾਰਨ ਦਰਸਾਉਂਦਾ ਹੈ ਤੇ ਕਿਸੇ ਸ਼ੈਅ ਨੂੰ ਸਦੀਵੀ ਖੁਸ਼ੀ ਦਾ ਸ੍ਰੋਤ ਮੰਨਣਾ ਨਾਮੁਮਕਿਨ ਦੱਸਦਾ ਹੈ।

ਜਿਉਂ ਜਿਉਂ ਸਮਾਜ ਤੱਰਕੀ ਕਰਦਾ ਹੈ ਤਾਂ ਤੱਵਕੋ ਹੁੰਦੀ ਹੈ, ਮਨੁੱਖੀ ਲੋੜਾਂ (ਜਿਵੇਂ ਰੁਜ਼ਗਾਰ, ਸਿਹਤ, ਸਿੱਖਿਆ ਤੇ ਮੂਲ ਢਾਂਚਾ ਸਹੂਲਤਾਂ) ਮੁਹੱਈਆ ਹੋਣ ਨਾਲ ਜੀਵਨ ਪੱਧਰ ਉੱਚਾ ਹੋਵੇਗਾ, ਘਰਾਂ ਵਿਚ ਵਧੇਰੇ ਖੁਸ਼ੀ ਖੇੜੇ ਹੋਣਗੇ। ਫਿਨਲੈਂਡ ਵਿਚ ਬਹੁਤ ਜੀਵਨ ਸੰਤੁਸ਼ਟੀ, ਹਾਸੇ ਖੇੜੇ, ਘੱਟ ਜੁਰਮ, ਸਭ ਲਈ ਖੁਰਾਕ, ਸਿਹਤ ਤੇ ਸਿਖਿਆ ਸਹੂਲਤਾਂ, ਰੁਜ਼ਗਾਰ ਦੇ ਮੌਕੇ, ਸੁਰੱਖਿਆ, ਸਾਫ ਵਾਤਾਵਰਨ ਆਦਿ ਹਨ। ਭਾਰਤ ਵਿਚ ਅਤੇ ਇਸ ਵਰਗੇ ਬਹੁਤ ਸਾਰੇ ਮੁਲਕਾਂ ਵਿਚ ਅਜਿਹਾ ਨਹੀਂ ਵਾਪਰ ਰਿਹਾ ਬਲਕਿ ਇਸ ਤੋਂ ਉਲਟ ਹੋ ਰਿਹਾ ਹੈ। ਪੁਰਾਣੇ ਵੇਲਿਆਂ ਵਿਚ ਭਾਰਤ ਵਿਚ ਜੀਵਨ ਬਿਹਤਰ ਸੀ, ਕੁਦਰਤ ਦੇ ਨੇੜੇ ਸਾਦਾ ਜੀਵਨ। ਤਕਸ਼ਿਲਾ ਤੇ ਨਾਲੰਦਾ ਵਰਗੇ ਉੱਚ ਸਿੱਖਿਆ ਅਦਾਰਿਆਂ ਬਾਰੇ ਅੱਜ ਵੀ ਗੱਲਾਂ ਹੁੰਦੀਆਂ ਹਨ। ਆਜ਼ਾਦੀ ਤੋਂ ਬਾਅਦ ਕੁਝ ਅਜਿਹੇ ਪ੍ਰੋਗਰਾਮ ਉਲੀਕੇ ਜਿਨ੍ਹਾਂ ਤੋਂ ਲਗਦਾ ਸੀ ਕਿ ਹਰ ਮੁਲਕ ਵਾਸੀ ਨੂੰ ਵਿਕਾਸ ਤੋਂ ਬਣਦਾ ਲਾਭ ਮਿਲੇਗਾ ਅਤੇ ਜੀਵਨ ਖੁਸ਼ਹਾਲ ਹੋਵੇਗਾ। ਪਬਲਿਕ ਸੈਕਟਰ ਅਧੀਨ ਵੱਡੇ ਉਦਯੋਗ ਲਾਏ। ਸਿੱਖਿਆ ਤੇ ਸਿਹਤ ਸੰਸਥਾਵਾਂ ਦਾ ਜਾਲ ਵਿਛਾਇਆ। ਖੇਤੀ ਵਿਕਾਸ ਦੇ ਕੰਮ ਹੋਏ। ਕੋਆਪਰੇਟਿਵ ਸੰਸਥਾਵਾਂ ਹੋਰ ਫੈਲਾਈਆਂ। ਫਿਰ ਹਰੇ ਇਨਕਲਾਬ ਨੇ ਮੁਲਕ ਦੀ ਵਿਦੇਸ਼ੀ ਅਨਾਜ ਤੇ ਨਿਰਭਰਤਾ ਤੋਂ ਨਿਜਾਤ ਦਿਵਾਈ।

1980 ਤੱਕ ਪੇਂਡੂ ਤੇ ਸ਼ਹਿਰੀ ਜੀਵਨ ਵਿਚ ਸੰਤੁਸ਼ਟੀ ਸੀ। ਇਸ ਤੋਂ ਬਾਅਦ ਕਈ ਕਾਰਨਾਂ ਕਰਕੇ ਨਿੱਜੀਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਅਤੇ 1991-92 ਵਿਚ ਨਵੀਆਂ ਆਰਥਿਕ ਨੀਤੀਆਂ ਤਹਿਤ ਉਦਾਰੀਕਰਨ ਤੇ ਸੰਸਾਰੀਕਰਨ ਦੀ ਆਮਦ ਸਦਕਾ ਨਿੱਜੀਕਰਨ ਦੀ ਪ੍ਰਕਿਰਆ ਵਿਚ ਤੇਜ਼ੀ ਆਈ। ਉਸ ਵਕਤ ਕਿਹਾ ਗਿਆ ਸੀ ਕਿ ਪ੍ਰਾਈਵੇਟ ਖੇਤਰ ਵਿਚ ਵਧੇਰੇ ਸੁਯੋਗ ਕੰਮ ਹੋਵੇਗਾ, ਰੁਜ਼ਗਾਰ ਦੇ ਹੋਰ ਮੌਕੇ ਪੈਦਾ ਹੋਣਗੇ, ਅਵਾਮ ਨੂੰ ਵੀ ਲਾਭ ਪੁੱਜੇਗਾ ਪਰ ਅਜਿਹਾ ਨਹੀਂ ਵਾਪਰਿਆ ਸਗੋਂ ਮੁਲਕ ਦੀ ਧਨ-ਦੌਲਤ ਕੁਝ ਲੋਕਾਂ ਦੇ ਹੱਥਾਂ ਵਿਚ ਆ ਗਈ ਤੇ ਆ ਰਹੀ ਹੈ ਅਤੇ ਆਬਾਦੀ ਦਾ ਵੱਡਾ ਭਾਗ ਗਰੀਬੀ ਵੱਲ ਜਾ ਰਿਹਾ ਹੈ। ਖੇਤੀ ਸਮੇਤ ਸਾਰੇ ਸੈਕਟਰਾਂ ਵਿਚ ਰੁਜ਼ਗਾਰ ਦੇ ਮੌਕੇ ਘਟ ਗਏ ਹਨ। ਕਰੋਨਾ ਨੇ ਬਲਦੀ ਤੇ ਤੇਲ ਪਾਇਆ ਹੈ। ਸਮਾਜ ਵਿਗਿਆਨੀ ਜਾਨ ਬਰੀਮੈਨ ਭਾਰਤ ਦੀ 76% ਆਬਾਦੀ ਨੂੰ ਗਰੀਬੀ ਦੀ ਰੇਖਾ ਤੋਂ ਥੱਲੇ ਦੱਸਦਾ ਹੈ, ਇਨ੍ਹਾਂ ਵਿਚੋਂ 25% ਅਤਿ ਗਰੀਬ ਹਨ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਰਹਿੰਦੇ ਹਨ। ਕਰੋਨਾ ਦੀ ਮਾਰ ਕਾਰਨ ਪ੍ਰਾਈਵੇਟ ਖੇਤਰਾਂ/ਕੰਪਨੀਆਂ ਵਿਚੋਂ ਕਰੋੜਾਂ ਲੋਕਾਂ ਦਾ ਰੁਜ਼ਗਾਰ ਚਲਾ ਗਿਆ ਹੈ, ਬਹੁਤ ਸਾਰਿਆਂ ਦੀ ਤਨਖਾਹਾਂ ਵਿਚ ਭਾਰੀ ਕਟੌਤੀ ਹੋਈ ਹੈ। ਮਹਿੰਗਾਈ, ਬੇਰੁਜ਼ਗਾਰੀ ਤੇ ਗਰੀਬੀ ਕਾਰਨ ਵੱਖ ਵੱਖ ਤਰ੍ਹਾਂ ਦੀ ਖਪਤ ਘਟ ਗਈ ਹੈ। ਆਮਦਨ ਘਟਣ ਸਦਕਾ ਲੋਕਾਂ ਨੇ ਖਾਣ-ਪੀਣ, ਪਹਿਨਣ, ਸਕੂਟਰਾਂ, ਕਾਰਾਂ, ਨਿਰਮਾਣ ਤੇ ਹੋਰ ਘਰੇਲੂ ਯੰਤਰਾਂ ਦੀ ਵਰਤੋਂ ਘਟਾ ਦਿੱਤੀ ਹੈ; ਮਸਲਨ ਸਰੋਂ ਦਾ ਤੇਲ ਮਹਿੰਗਾ ਹੋਣ ਕਰਕੇ ਯੂਪੀ, ਬਿਹਾਰ ਆਦਿ ਰਾਜਾਂ ਵਿਚ ਸਬਜ਼ੀ ਭਾਜੀ ਬਣਾਉਣ ਲਈ ਤੇਲ ਦੀ ਥਾਂ ਪਾਣੀ ਦੀ ਵਰਤੋਂ ਦੀਆਂ ਖਬਰਾਂ ਹਨ। ਗੈਸ ਦੀ ਬਜਾਇ ਲੋਕ ਲੱਕੜਾਂ ਜਾਂ ਪਾਥੀਆਂ ਨਾਲ ਚੁੱਲ੍ਹਾ ਬਾਲ਼ ਰਹੇ ਹਨ। ਮੁਲਕ ਦੇ ਕਈ ਹਿੱਸਿਆਂ ਵਿਚ ਘਰੇਲੂ ਸੋਨਾ ਚਾਂਦੀ ਵੇਚਣ ਬਾਰੇ ਵੀ ਕਨਸੋਅ ਹੈ। ਸੋਨੇ ਦੀ ਕੀਮਤ ਵਿਚ ਗਿਰਾਵਟ ਦਾ ਕਾਰਨ ਇਸੇ ਨੂੰ ਮੰਨਿਆ ਜਾ ਰਿਹਾ ਹੈ। ਵਧੇਰੇ ਪੇਂਡੂ ਲੋਕ ਮਗਨਰੇਗਾ ਵਰਗੇ ਪ੍ਰੋਗਰਾਮ ਵਿਚ ਕੰਮ ਕਰਕੇ ਨਿਗੂਣੀ ਆਮਦਨ ’ਤੇ ਗੁਜ਼ਾਰਾ ਕਰ ਰਹੇ ਹਨ। ਪੰਜਾਬ ਵਿਚ ਬੇਰੁਜ਼ਗਾਰੀ ਅਤੇ ਕੁਝ ਹੋਰ ਕਾਰਨਾਂ ਕਰਕੇ ਨੌਜਵਾਨ ਬਾਹਰਲੇ ਮੁਲਕਾਂ ਵੱਲ ਵਹੀਰਾਂ ਘੱਤ ਰਹੇ ਹਨ। ਅਜਿਹੇ ਹਾਲਾਤ ਵਿਚ ਖੁਸ਼ੀ ਖੇੜੇ ਦੀ ਗੱਲ ਕਰਨਾ ਅਸੰਭਵ ਹੈ। ਭਾਰਤ ਵਰਗੇ ਗਰੀਬ ਮੁਲਕ ਵਿਚ ਜਿਥੇ ਕੁਝ ਧਨ ਕੁਬੇਰਾਂ ਦੀ ਗਿਣਤੀ ਵਧ ਰਹੀ ਹੈ, ਉਥੇ ਗਰੀਬਾਂ ਦੀ ਗਿਣਤੀ ਵਿਚ ਅਥਾਹ ਵਾਧਾ ਹੋ ਰਿਹਾ ਹੈ। ਵੱਡੇ ਕਾਰੋਬਾਰੀਆਂ ਦੀ ਇੱਕ ਦਿਨ ਦੀ ਕਮਾਈ 400 ਕਰੋੜ ਰੁਪਏ ਤੱਕ ਦਸੀ ਜਾਂਦੀ ਹੈ, ਦੂਜੇ ਬੰਨੇ ਮਜ਼ਦੂਰ 400 ਰੁਪਏ ਮਸਾਂ ਕਮਾ ਰਿਹਾ ਹੈ। ਆਰਥਿਕ ਨਾ-ਬਰਾਬਰੀ ਸਿਖਰ ਤੇ ਹੈ। ਪ੍ਰਾਈਵੇਟ ਕਾਰੋਬਾਰੀਆਂ ਦੀ ਅੱਖ ਹੁਣ ਖੇਤੀ ਅਤੇ ਅਨਾਜ ਖੇਤਰ ਤੇ ਹੈ, ਨਤੀਜਾ ਇਹ ਹੈ ਕਿ ਅੱਜ ਲੱਖਾਂ ਕਿਸਾਨ ਸੜਕਾਂ ਤੇ ਬੈਠੇ ਹਨ ਜਿਨ੍ਹਾਂ ਦੇ ਹੱਕ ਵਿਚ ਸਿਰਮੌਰ ਚਿੰਤਕ ਨੌਮ ਚੌਮਸਕੀ ਨੇ ਵੀ ਆਵਾਜ਼ ਬੁਲੰਦ ਕੀਤੀ ਹੈ। 2019 ਦੀ ਇਕ ਰਿਪੋਰਟ ਮੁਤਾਬਿਕ, ਪਿਛਲੇ ਪੰਜ ਸਾਲਾਂ ਵਿਚ ਖੇਤੀ ਕਰਜ਼ਾ ਔਸਤਨ 57% ਵਧਿਆ ਹੈ।

ਕਿਸੇ ਵੀ ਸਮਾਜ ਦੀ ਤਰੱਕੀ ਲਈ ਅਤਿ ਜ਼ਰੂਰੀ ਹੁੰਦਾ ਹੈ ਉਥੋਂ ਦਾ ਸਿਆਸੀ, ਸਮਾਜਿਕ ਤੇ ਮਨੋਵਿਗਿਆਨਕ ਉਸਾਰ। ਅੱਜ ਸਾਡੇ ਮੁਲਕ ਦੀ ਸਿਆਸੀ ਦਸ਼ਾ ਅਤੇ ਦਿਸ਼ਾ ਕਿਸੇ ਤੋਂ ਛੁਪੀ ਨਹੀਂ। ਸਿਆਸਤ ਨੇ ਅੱਜ ਮੁਲਕ ਨੂੰ ਰਸਾਤਲ ਵੱਲ ਧੱਕ ਦਿਤਾ ਹੈ। ਲੋਕ ਭਲਾਈ ਤੋਂ ਉਲਟ ਨਿੱਜੀ ਮੁਫਾਦਾਂ ਖਾਤਰ ਸਿਆਸਤਦਾਨ ਕਿਸੇ ਵੀ ਹੱਦ ਤਕ ਜਾ ਰਹੇ ਹਨ। ਬਹੁਤ ਸਾਰੇ ਸਿਆਸਤਦਾਨਾਂ ਦਾ ਅਪਰਾਧਿਕ ਪਿਛੋਕੜ ਹੈ। ਸੰਜੇ ਬਾਰੂ ਦੀ ਕਿਤਾਬ ‘ਇੰਡੀਆ’ਜ਼ ਪਾਵਰ ਇਲੀਟ’ ਦੱਸਦੀ ਹੈ ਕਿ ਆਜ਼ਾਦ ਭਾਰਤ ਵਿਚ ਵੀ ਤਕਰੀਬਨ ਉਹੀ ਲੋਕ ਸੱਤਾ ਵਿਚ ਹਨ ਜਿਹੜੇ ਪੁਰਾਣੇ ਰਜਵਾੜੇ ਸਨ ਜਾਂ ਅੰਗਰੇਜ਼ਾਂ ਦੇ ਨੇੜੇ ਸਨ। ਅਜਿਹੇ ਮਹੌਲ ਵਿਚ ਖੁਸ਼ੀ ਤਲਾਸ਼ਣੀ ਅਸੰਭਵ ਹੈ। ਸਮਾਜ ਵਿਚ ਵਧ ਰਿਹਾ ਹਿੰਸਕ ਵਰਤਾਰਾ, ਆਮ ਲੋਕਕਾਂ ਦੇ ਬਣਦੇ ਹੱਕਾਂ ਤੇ ਸਨਮਾਨ ਦੀ ਅਣਦੇਖੀ, ਜੁਰਮ, ਚੋਰੀਆਂ, ਕਤਲ, ਲੜਕੀਆਂ ਨਾਲ ਛੇੜਖਾਨੀ, ਬਲਾਤਕਾਰ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਨਸ਼ਿਆਂ ਕਰਕੇ ਮੌਤਾਂ ਬਾਰੇ ਛਪਦੀਆਂ ਖਬਰਾਂ, ਸਮਾਜਿਕ ਇਕਜੁਟਤਾ ਨੂੰ ਪੂੰਜੀਵਾਦ ਦੁਆਰਾ ਹੜੱਪਣਾ, ਧਰਮਾਂ ਦੇ ਨਾਮ ਤੇ ਉਲਝਣਾਂ ਆਮ ਲੋਕਾਂ ਨੂੰ ਮਾਨਸਿਕ ਪੱਖੋਂ ਚਿੰਤਤ ਕਰ ਰਹੀਆਂ ਹਨ। ਇਸੇ ਸਦਕਾ ਹਰ ਸੰਵੇਦਨਸ਼ੀਲ ਇਨਸਾਨ ਖੁਸ਼ ਹੋਣ ਦੀ ਬਜਾਇ ਦੁਖੀ ਹੁੰਦਾ ਹੈ। ਡਿਪਰੈਸ਼ਨ ਦਾ ਰੋਗ ਵਧ ਰਿਹਾ ਹੈ, ਅੱਜ 6 ਕਰੋੜ ਦੇ ਕਰੀਬ ਭਾਰਤੀ ਇਸ ਤੋਂ ਪੀੜਤ ਹਨ, ਜੋ ਰਿਕਾਰਡ ਵਿਚ ਨਹੀਂ ਆਏ, ਉਹ ਅਲਗ ਹਨ। ਕਰੋਨਾ ਨੇ ਮਨੁੱਖੀ ਜੀਵਨ ਦੇ ਸਮਾਜਿਕ ਤੇ ਮਨੋਵਿਗਿਆਨਕ ਪੱਖ ਨੂੰ ਢਾਹ ਲਾਈ ਹੈ। ਵਾਤਾਵਰਨ ਪੱਖੋਂ ਵੀ ਅਸੀਂ ਬੁਹਤ ਪਛੜ ਰਹੇ ਹਾਂ। ਕੁਦਰਤੀ ਵਸੀਲਿਆਂ ਦੀ ਹੱਦੋਂ ਵੱਧ ਵਰਤੋਂ, ਦਰਖੱਤਾਂ ਦੀ ਕਟਾਈ, ਵਧੇਰੇ ਮਸ਼ੀਨਰੀ ਦੀ ਆਮਦ ਤੇ ‘ਖਾਊਵਾਦੀ’ ਸਭਿਆਚਾਰਕ ਜੀਵਨ ਢੰਗਾਂ ਦੀ ਆਮਦ ਨੇ ਵਤਾਤਵਰਨ ਪਲੀਤ ਕਰ ਦਿੱਤਾ ਹੈ।

ਖੁਸ਼ੀ ਦੇ ਸਿਖਰਲੇ ਡੰਡੇ ਤੇ ਨਾ ਸਹੀ ਪਰ ਸੰਤੁਸ਼ਟ ਤੇ ਮਾਣ ਭਰਿਆ ਜੀਵਨ ਬਸਰ ਕਰਨ ਲਈ ਲੋੜ ਹੈ ਕਿ ਆਰਥਿਕ ਵਸੀਲਿਆਂ ਦੇ ਨਾਲ ਨਾਲ ਲੋਕਾਂ ਨੂੰ ਸਮਾਜਿਕ ਸੁਰੱਖਿਆ ਤੇ ਮਨੋਵਿਗਿਆਨਕ ਸਹਾਰਾ ਮੁਹੱਈਆ ਕਰਵਾਇਆ ਜਾਵੇ। ਜੀਵਨ ਦੀਆਂ ਮੁਢਲੀਆਂ ਲੋੜਾਂ, ਭਾਵ ਖੁਰਾਕ ਦੀ ਸੁਰੱਖਿਆ, ਸਿਹਤ, ਸਿੱਖਿਆ ਤੇ ਮੂਲ ਢਾਂਚਾ ਸਹੂਲਤਾਂ ਸਾਵੇਂ ਜੀਵਨ ਲਈ ਜ਼ਰੂਰੀ ਹਨ। ਇਹ ਤਦ ਹੀ ਸੰਭਵ ਹੈ, ਜੇ ਸਮਾਜ ਵਿਚ ਮੋਹਰੀ ਲੋਕ, ਖਾਸਕਰ ਸਿਆਸਤਦਾਨ ਇੱਛਾ ਸ਼ਕਤੀ ਦਿਖਾਉਣ। ਅੱਜ ਮੀਡੀਆ ਦਾ ਯੱੱਗ ਹੈ, ਸੰਸਾਰ ਵਿਚ ਕਿਤੇ ਵੀ ਵਾਪਰ ਰਹੇ ਮਾੜੇ ਚੰਗੇ ਹਾਲਾਤ ਦਾ ਫੌਰੀ ਪਤਾ ਲੱਗ ਜਾਂਦਾ ਹੈ। ਇਸ ਲਈ ਆਪਣੇ ਮੁਲਕ ਦੀ ਸਾਖ ਉੱਚੀ ਰੱਖਣ ਹਿੱਤ ਹਰ ਇੱਕ ਨੂੰ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਸਰਬੱਤ ਦੇ ਭਲੇ ਵਿਚ ਹੀ ਆਪਣਾ ਅਤੇ ਮੁਲਕ ਦਾ ਭਲਾ ਹੈ।

ਸੰਪਰਕ: 94177-15730

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All