1931 ਦੀ ਮਰਦਮਸ਼ੁਮਾਰੀ ਤੋਂ ਪਹਿਲਾਂ 26 ਫਰਵਰੀ, 1930 ਨੂੰ ਜਦੋਂ ਪੰਜਾਬ ਵਿਚ ਆਦਿ ਧਰਮ ‘ਨਵੇਂ ਧਰਮ’ ਵਜੋਂ ਰਜਿਸਟਰਡ (ਵੇਰਵੇ ਲਈ ਦੇਖੋ: ਸੈਂਸਜ਼ ਆਫ ਇੰਡੀਆ 1931, ਜਿਲਦ XVII, ਪੰਜਾਬ, ਪਾਰਟ-1, ਚੈਪਟਰ- XI, ਪੰਨਾ 289, ਪ੍ਰਕਾਸ਼ਨ ਸਾਲ 1933) ਹੋਇਆ ਤਾਂ ਹਿੰਦੂ-ਸਿੱਖਾਂ ਵੱਲੋਂ ਆਖੇ ਜਾਂਦੇ ਅਛੂਤ ਭਾਈਚਾਰਿਆਂ ਉੱਤੇ ਜ਼ੁਲਮ ਦਾ ਜਥੇਬੰਦਕ ਰੂਪ ਦੇਖਣ ਨੂੰ ਮਿਲਿਆ। ਇਸ ਨਵੇਂ ਧਰਮ ਨੂੰ ਭਾਵੇਂ ਅਪਰੈਲ, 1932 ਵਿਚ ਮਾਨਤਾ ਮਿਲੀ ਜਦੋਂ ਲਾਰਡ ਲੋਥੀਅਨ ਕਮੇਟੀ, ਲਾਹੌਰ ਵਿਖੇ ਆਈ (ਵੇਰਵੇ ਲਈ ਦੇਖੋ: ਇੰਡੀਅਨ ਫਰੈਂਚਾਈਜ਼ ਕਮੇਟੀ, ਜਿਲਦ-V)। ਮੁੱਖ ਵਜ੍ਹਾ: ਹਿੰਦੂਆਂ-ਸਿੱਖਾਂ ਨੇ ਆਪਣੀ ਹੇਠੀ ਸਮਝੀ, ਸਦੀਆਂ ਤੋਂ ਜਿਨ੍ਹਾਂ ਤੋਂ ਪੀੜ੍ਹੀ-ਦਰ-ਪੀੜ੍ਹੀ ਗ਼ੁਲਾਮਗਿਰੀ ਕਰਵਾਈ ਜਾਂਦੀ ਸੀ, ਉਹ ਬਰਾਬਰ ਦੇ ਸ਼ਰੀਕ ਬਣ ਕੇ ਖੜ੍ਹ ਗਏ ਸਨ। ਗ਼ਦਰੀ ਬਾਬਾ ਮੰਗੂ ਰਾਮ ਦੀ ਅਗਵਾਈ ਹੇਠ ਆਦਿ ਧਰਮ ਲਹਿਰ ਨੇ 1925-26 ਤੋਂ ਬੀੜਾ ਚੁੱਕਿਆ ਸੀ ਕਿ ਅਛੂਤ, ਭਾਵ ਹਿੰਦੋਸਤਾਨ ਦੇ ਬਾਸ਼ਿੰਦਿਆਂ ਦੀਆਂ ਔਲਾਦਾਂ, ਆਦਿਵਾਸੀ, ਮੂਲ-ਨਿਵਾਸੀ ਹਿੰਦੂ-ਸਿੱਖ, ਈਸਾਈ ਤੇ ਮੁਸਲਮਾਨ ਨਹੀਂ ਸਗੋਂ ਵੱਖਰੇ (ਏ ਸੈਪਰੇਟ ਐਲੀਮੈਂਟ) ਹਨ। ਬਾਹਰੋਂ ਆਏ ਹਮਲਾਵਰਾਂ ਨੇ ਉਨ੍ਹਾਂ ਦੀ ਧਰਤੀ, ਧਨ ਅਤੇ ਧਰਮ ਖੋਹ ਲਿਆ ਹੈ। ਨਤੀਜੇ ਵਜੋਂ, ਮਹਾਂ ਪੰਜਾਬ ਦੇ ਅਛੂਤਾਂ ਦੀਆਂ ਦਰਬੰਦੀਆਂ, ਨਾਕਾਬੰਦੀਆਂ ਕੀਤੀਆਂ ਗਈਆਂ; ਘਰਾਂ ਅੱਗੇ ਛਾਪੇ ਗੱਡੇ ਗਏ। ਉਨ੍ਹਾਂ ਨੂੰ ਘਰਾਂ ਅੰਦਰ ਤੇ ਘਰਾਂ ਦੀਆਂ ਛੱਤਾਂ ਉੱਤੇ ਟੱਟੀ-ਪਿਸ਼ਾਬ ਕਰਨ ਲਈ ਮਜਬੂਰ ਕੀਤਾ ਗਿਆ।
ਆਦਿ ਧਰਮ ਦੀ ਚੜ੍ਹਤ ਅਤੇ ਸਰਗਰਮੀਆਂ ਬਾਰੇ ਚਾਨਣ ਲਾਲ ਮਾਣਕ ਨੇ ਪੰਜਾਬੀ ਵਿਚ (ਰਵਿਦਾਸ ਪੱਤ੍ਰਿਕਾ, ਜਲੰਧਰ) ਲੜੀਵਾਰ ਲੇਖ ਲਿਖੇ। ਮਗਰੋਂ ਪ੍ਰੋਫੈਸਰ ਮਾਰਕ ਜੁਏਰਗਨਜ਼ ਮੇਅਰ ਨੇ ਆਪਣੀ ਪੁਸਤਕ ‘ਰੀਲੀਜੀਅਸ ਰੈਬਲਜ਼ ਇਨ ਪੰਜਾਬ’ ਵਿਚ ਹਵਾਲੇ ਦਿੱਤੇ ਹਨ। ਮਾਣਕ ਅਨੁਸਾਰ, ‘ਸਾਡੀਆਂ ਮਾਵਾਂ, ਭੈਣਾਂ ਤੇ ਬਹੂ-ਬੇਟੀਆਂ ਦੀ ਇੱਜ਼ਤ ਨੂੰ ਪੈਰਾਂ ਵਿਚ ਰੋਲਿਆ ਗਿਆ। ਥਾਂ ਥਾਂ ਸਾਡੇ ਉੱਤੇ ਹਮਲੇ ਕੀਤੇ ਗਏ।’ ਹਵਾਲੇ ਮਿਲਦੇ ਹਨ ਕਿ ਮਰਦਮਸ਼ੁਮਾਰੀ ਦੇ ਪ੍ਰਚਾਰ ਮਗਰੋਂ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਅੱਟੀ ਵਿਚ ਇਕ ਮਾਸੂਮ ਬੱਚੀ ਨੂੰ ਇਸ ਕਿੜ੍ਹ ਵਿਚ ਮਾਰਿਆ ਗਿਆ ਕਿ ਉਸ ਦੇ ਪਰਿਵਾਰ ਨੇ ਆਪਣੇ-ਆਪ ਨੂੰ ਆਦਿ ਧਰਮੀ ਲਿਖਵਾਇਆ ਹੈ। ਜ਼ਿਲ੍ਹਾ ਸ਼ੇਖੂਪੁਰ ਦੇ ਪਿੰਡ ਕਰਮਾਂਵਾਲੀ ਦੇ ਇਕ ਮੋਹਤਬਰ ਜੱਟ ਨੇ ਸ਼ਾਨ ਨਾਲ ਘੋੜੇ ਉੱਤੇ ਸਵਾਰ ਹੋ ਕੇ ਆਲੇ-ਦੁਆਲੇ ਦੇ ਪਿੰਡਾਂ ਵਿਚ ਦਰਬੰਦੀਆਂ ਕਰਵਾਈਆਂ। ਨਨਕਾਣਾ ਸਾਹਿਬ ਵਿਚਲੀ ਦਿਲ-ਕੰਬਾਊ ਘਟਨਾ ਨੇ ਅਛੂਤਾਂ ਦੇ ਮਨਾਂ ਵਿਚ ਪੱਕੀ ਛਾਉਣੀ ਪਾਈ ਹੋਈ ਹੈ। ਦਰਅਸਲ, ਆਦਿ ਧਰਮ ਦੇ ਆਗੂਆ ਨੇ ਉੱਥੇ 1931 ਵਿਚ ਮੀਟਿੰਗ ਰੱਖੀ ਸੀ। ਉੱਥੇ ਕੁਝ ਤਥਾ-ਕਥਿਤ ਉੱਚੀ ਜਾਤਾਂ ਵਾਲੇ ਲੋਕਾਂ ਨੇ ਦਲਿਤਾਂ ਦੀ ਕੁੱਟ-ਮਾਰ ਕੀਤੀ ਅਤੇ ਚੌਲਾਂ ਦੇ ਉੱਬਲ ਰਹੇ ਦੇਗਿਆਂ ਤੇ ਕੜਾਹਿਆਂ ਵਿਚ ਮਿੱਟੀ ਤੇ ਸੁਆਹ ਪਾਈ। ਉਨ੍ਹਾਂ ਲਾਗਲੇ ਪਿੰਡਾਂ ਵਿਚ ਜਾ ਕੇ ਅਛੂਤਾਂ, ਆਦਿ ਧਰਮੀਆਂ ਦੀਆਂ ਨਾਕਾਬੰਦੀਆਂ ਕਰਵਾਈਆਂ।
ਇਸ ਮਰਦਮਸ਼ੁਮਾਰੀ ਨਾਲ ਸਬੰਧਤ ਦਲਿਤ ਸਾਕਾ ਹੋਰ ਗੂੜ੍ਹਾ ਹੋ ਗਿਆ ਜਦੋਂ ਝਗੜੂ ਰਾਮ ਫ਼ਿਰੋਜ਼ਪੁਰ ਅਤੇ ਰਲਾ ਰਾਮ ਲੁਧਿਆਣਾ ਨੇ ਆਪਣੇ-ਆਪ ਨੂੰ ਆਦਿ ਧਰਮੀ ਲਿਖਾਉਣ ਬਦਲੇ ਸ਼ਹੀਦ ਕੀਤਾ। ਝਗੜੂ ਰਾਮ ਨੂੰ ਜਿਊਂਦੇ ਨੂੰ ਅੱਗ ਲਾ ਕੇ ਸਾੜਿਆ ਗਿਆ ਸੀ। ਪਿੰਡਾਂ ਵਿਚ ਕਈ ਜਾਤ ਅਭਿਮਾਨੀ ਭਾਵੇਂ ਉਹ ਸਿੱਖ ਧਰਮ ਨਾਲ ਸਬੰਧ ਰੱਖਦੇ ਸਨ, ਮੂਹਰੇ ਹੋ ਕੇ ਅਜਿਹੇ ਗ਼ੈਰ-ਇਨਸਾਨੀ ਕਾਰੇ ਪਿੰਡਾਂ ਵਿਚ ਟੋਲੇ ਬਣਾ ਕੇ ਨਿਹੱਥੇ ਤੇ ਨਿਮਾਣਿਆਂ ਉੱਤੇ ਜ਼ੁਲਮ ਕਰਦੇ ਸਨ। ਆਦਿ ਧਰਮ ਦੇ ਪ੍ਰਚਾਰਕ ਸਾਫ਼ ਲਫ਼ਜ਼ਾਂ ਵਿਚ ਕਹਿੰਦੇ ਸਨ ਕਿ ਇਨ੍ਹਾਂ ਲੋਕਾਂ ਨੇ ਸਿਰਫ਼ ਬਾਣਾ ਬਦਲਿਆ ਹੈ, ਮਾਨਸਿਕਤਾ ਨਹੀਂ।
ਪੰਜਾਬ ’ਚ ਅਛੂਤਾਂ ’ਤੇ ਬੇਕਿਰਕ ਜ਼ੁਲਮਾਂ ਦੇ ਬੇਸ਼ੁਮਾਰ ਸਾਕੇ ਹਨ। ਅੰਗਰੇਜ਼ਾਂ ਦੇ ਰਾਜ ਤੋਂ ਪਹਿਲਾਂ ਜਦੋਂ ਜਾਗੀਰਦਾਰੀ ਸਿਖਰਾਂ ਉੱਤੇ ਸੀ ਤਾਂ ਅਛੂਤਾਂ ਤੋਂ ਜ਼ਬਰਦਸਤੀ, ਮੁਫ਼ਤ ਬੇਗਾਰ ਕਰਵਾਈ ਗਈ। ਬੇਗਾਰ ਕਰਨ ਲਈ ਲਿਜਾਏ ਗਏ ਕਈ ਅਛੂਤ ਕਾਲੇ ਅਫ਼ਰੀਕੀ ਗ਼ੁਲਾਮਾਂ ਵਾਂਗ ਕਦੀ ਘਰਾਂ ਨੂੰ ਪਰਤ ਕੇ ਨਾ ਆ ਸਕੇ। ਉਨ੍ਹਾਂ ਤੋਂ ਪਸ਼ੂਆਂ ਵਾਂਗ ਕੰਮ ਲਿਆ ਗਿਆ।
ਹੁਸ਼ਿਆਰਪੁਰ ਤੇ ਕਾਂਗੜਾ, ਪੰਜਾਬ ਵਿਚ ਜਾਤ-ਪਾਤ ਤੇ ਛੂਤ-ਛਾਤ ਦੇ ਗੜ੍ਹ ਸਨ। ਹਕੀਕਤ ਸਾਂਝੀ ਕਰਨੀ ਵਾਜਬਿ ਹੋਵੇਗੀ ਕਿ ਆਦਿ ਧਰਮ ਨੇ ਕਾਂਗੜਾ ਜ਼ਿਲ੍ਹੇ ਦੀ ਤਹਿਸੀਲ ਨੂਰਪੁਰ ਵਿਚ ਪੈਂਦੇ ਪਿੰਡ ਘੁੰਡਰਾਵਾਂ ਵਿਚ ਜਲਸਾ ਰੱਖਿਆ ਅਤੇ ਦਰੱਖਤਾਂ ਤੇ ਦੀਵਾਰਾਂ ਉੱਤੇ ਇਸ਼ਤਿਹਾਰ ਚਿਪਕਾਏ। ਰਜਵਾੜਿਆਂ ਅਤੇ ਜਾਤ ਅਭਿਮਾਨੀਆਂ ਨੇ ਇਸ ਨੂੰ ਰੋਕਣ ਲਈ ਧਮਕੀਆਂ ਦਿੱਤੀਆਂ। ਰਾਮ ਸਿੰਘ ਰਜਵਾੜੇ ਨੇ ਜਲਸੇ ਦੇ ਪ੍ਰਬੰਧਕ ਮੱਲੂ ਨੂੰ ਕਿਹਾ ਕਿ ਜਲਸਾ ਨਾ ਹੋਵੇ, ਨਹੀਂ ਤਾਂ ਪਿੰਡੋਂ ਉਜਾੜ ਦਿਆਂਗੇ। ਤੇ ਫਿਰ ਪਾਣੀ ਭਰਨ ਗਈਆਂ ਅਛੂਤ ਔਰਤਾਂ ਦੇ ਘੜੇ ਭੰਨੇ ਗਏ, ਛੱਪੜਾਂ ਵਿਚੋਂ ਵੀ ਪਾਣੀ ਨਾ ਭਰਨ ਦਿੱਤਾ ਗਿਆ ਤੇ ਤਿੰਨ ਤਿੰਨ ਮੀਲ ਤੋਂ ਪੀਣ ਲਈ ਪਾਣੀ ਢੋਣ ਤੋਂ ਰੋਕਿਆ ਗਿਆ। ਆਖਿਰ ਉਨ੍ਹਾਂ ਨੂੰ ਪਿੰਡ ਛੱਡਣਾ ਪਿਆ ਅਤੇ ਪਠਾਨਕੋਟ ਜਾ ਕੇ ਵਸਣਾ ਪਿਆ। ਇਹ ਵੱਖਰੀ ਗੱਲ ਹੈ ਕਿ ਜਦੋਂ ਮੰਗੂ ਰਾਮ ਸ਼ਿਕਾਇਤ ਲੈ ਕੇ ਕਮਿਸ਼ਨਰ ਪੰਜਾਬ ਨੂੰ ਲਾਹੌਰ ਜਾ ਕੇ ਮਿਲਿਆ ਤਾਂ ਅਛੂਤਾਂ ਨੂੰ ਮੁੜ ਘੁੰਡਰਾਵਾਂ ਪਿੰਡ ਲਿਆ ਕੇ ਵਸਾਇਆ ਗਿਆ।
ਰਾਜਪੂਤਾਂ ਦੇ ਪਿੰਡਾਂ ਵਿਚ ਅਛੂਤਾਂ ਨੂੰ ਭਰ ਗਰਮੀਆਂ ਵਿਚ ਛੱਤਾਂ ਉੱਤੇ ਸੌਣ ਨਾ ਦਿੱਤਾ ਜਾਂਦਾ ਅਤੇ ਵਿਆਹਾਂ ਵਿਚ ਬਰਾਤਾਂ ਨੂੰ ਮਠਿਆਈ (ਪੱਕੀ ਰੋਟੀ) ਦੇਣ ਦੀ ਮਨਾਹੀ ਸੀ। ਵਿਆਹ ਦੀ ਰਸਮ ਵੇਲੇ ਵਾਜਾ ਵਜਾਉਣ ਅਤੇ ਵਹੁਟੀ ਨੂੰ ਡੋਲੀ ਵਿਚ ਪਾ ਕੇ ਲਿਜਾਣ ਦੀ ਮਨਾਹੀ ਸੀ; ਜਿਵੇਂ ਅੱਜ ਵੀ ਕਈ ਥਾਵਾਂ ਉੱਤੇ ਇਨ੍ਹਾਂ ਮਸਲਿਆਂ ਨੂੰ ਲੈ ਕੇ ਖ਼ੂਨ-ਖਰਾਬਾ ਹੁੰਦਾ ਰਹਿੰਦਾ ਹੈ। ਇੱਥੋਂ ਤੱਕ ਕਿ ਉੱਚੀਆਂ ਜਾਤਾਂ ਦੇ ਲੋਕ ਜਦੋਂ ਆਪਸ ਵਿਚ ਲੜ ਕੇ ਮਰ ਜਾਂਦੇ ਤਾਂ ਲਾਸ਼ਾਂ ਅਛੂਤਾਂ ਤੋਂ ਚੁਕਵਾ ਕੇ ਜ਼ਿਲ੍ਹਾ ਹੈੱਡਕੁਆਰਟਰ ਪਹੁੰਚਾਈਆਂ ਜਾਂਦੀਆਂ। ਇਹ ਫ਼ਾਸਲਾ ਕਈ ਵਾਰ ਵੀਹ ਵੀਹ ਮੀਲ ਹੁੰਦਾ। ਜੇ ਕੋਈ ਅਛੂਤ ਬੇਗਾਰੀ ਦੌਰਾਨ ਬਿਮਾਰ ਹੋ ਜਾਂਦਾ ਤਾਂ ਉਹਦੀ ਪਤਨੀ ਨੂੰ ਲਾਸ਼ ਢੋਣ ਵਾਲਿਆਂ ਨਾਲ ਲਿਜਾਇਆ ਜਾਂਦਾ। ਸਰਕਾਰੀ ਮੁਲਾਜ਼ਮ ਜਿਵੇਂ ਪਟਵਾਰੀ, ਸਿਪਾਹੀ ਜਾਂ ਠਾਣੇਦਾਰ ਲਈ ਬੋਝਾ-ਬੇਗਾਰ ਕਰਵਾਈ ਜਾਂਦੀ। ਠਾਣੇਦਾਰ ਤੇ ਲੰਬੜਦਾਰ ਦੀਆਂ ਘੋੜੀਆਂ ਲਈ ਘਾਹ ਦਾ ਪ੍ਰਬੰਧ ਕਰਨਾ ਕੰਮੀਆਂ-ਕਮੀਣਾਂ ਦਾ ਕੰਮ ਸੀ। ਘੋੜੀ ਦੀਆਂ ਵਾਗਾਂ ਫੜਨੀਆਂ, ਨਾਲ ਨਾਲ ਤੇਜ਼ ਤੇਜ਼ ਤੁਰਨਾ ਜਾਂ ਦੌੜਨਾ ਤੇ ਹੁੱਕਾ ਸਿਰ ਉੱਤੇ ਸੰਤੁਲਿਤ ਬਣਾ ਕੇ ਰੱਖਣਾ ਉਹਦੀ ਜ਼ਿੰਮੇਵਾਰੀ ਹੁੰਦੀ। ਜੇ ਉਪਰਲੇ ਕੰਮ ਕਰਦਿਆਂ ਕਿਸੇ ਨਾਲ ਕੱਪੜਾ ਛੋਹ ਜਾਂਦਾ ਤਾਂ ਅਛੂਤਾਂ ਦੀ ਸ਼ਾਮਤ ਆ ਜਾਂਦੀ। ਪੁੱਤਾਂ ਵਾਂਗ ਵਿਹੜੇ ਵਿਚ ਪਾਲੇ ਰੁੱਖ ਜ਼ਿਮੀਂਦਾਰ ਵੱਢ ਲਿਜਾਂਦੇ ਅਤੇ ਇਹ ਲੋਕ ਕੁਦਰਤ ਦੀ ਨਿਹਮਤ, ਛਾਂ ਤੋਂ ਵੀ ਵਿਰਵੇ ਹੋ ਜਾਂਦੇ।
ਗ਼ਦਰੀ ਬਾਬਾ ਮੰਗੂ ਰਾਮ ਅਤੇ ਪੰਡਤ ਬਖ਼ਸ਼ੀ ਰਾਮ ਦੀਆਂ ਸਵੈ-ਜੀਵਨੀਆਂ ਵਿਚਲੇ ਦਿਲ-ਵਿੰਨ੍ਹਵੇਂ ਵੇਰਵੇ ਸਮਾਜ ਨੂੰ ਝੰਜੋੜਨ ਵਾਲੇ ਹਨ।
ਜੇ ਪਿਛਲਝਾਤ ਮਾਰੀਏ ਤਾਂ 17ਵੀਂ ਤੋਂ 19ਵੀਂ ਸਦੀ ਦੌਰਾਨ ਸੰਤ ਮਤ ਜੋ ਸਾਧ ਮਤ ਵਜੋਂ ਪ੍ਰਚੱਲਿਤ ਹੈ, ਨੇ ਜਾਤ-ਪਾਤ ਅਤੇ ਛੂਆ-ਛਾਤ ਖ਼ਿਲਾਫ਼ ਤੇ ਸਮਾਜਿਕ ਬਰਾਬਰੀ ਲਈ ਅਨੇਕਾਂ ਸ਼ਹਾਦਤਾਂ ਦਿਤੀਆਂ; ਜਿਵੇਂ ਉਦੇ ਦਾਸ (ਵਿਸਥਾਰ ਲਈ ਦੇਖੋ: ਇਨਫਲੂਐਂਸ ਆਫ ਇਸਲਾਮ ਆਨ ਇੰਡੀਅਨ ਕਲਚਰ – ਤਾਰਾ ਚੰਦ ਹਿਸਟੋਰੀਅਨ) ਨੂੰ ਸ਼ਹੀਦ ਕੀਤਾ ਗਿਆ। ਉਸ ਦੇ ਅਗਲੇਰੇ ਤੇ ਪੁੱਤਰ ਜੋਗੀਦਾਸ ਸੰਚਾਲਕ ਸਤਨਾਮੀ ਲਹਿਰ ਨੂੰ ਸ਼ਹੀਦ ਕੀਤਾ ਗਿਆ ਅਤੇ ਉਹਦੇ 2000 ਸਮਰਥਕ ਵੀ ਮੌਤ ਦੇ ਘਾਟ ਉਤਾਰੇ ਗਏ। ਮਗਰੋਂ ਇਹ ਲਹਿਰ ਬਿਖਰ ਗਈ। ਲਹਿਰ ਦੇ ਦੋ ਆਗੂ ਜਗਜੀਵਨ ਰਾਮ ਬਾਰਾਬਾਂਕੀ ਅਤੇ ਗੁਰੂ ਘਾਸੀ ਦਾਸ ਛੱਤੀਸਗੜ੍ਹ ਵਿਚ ਜਾ ਟਿਕੇ। ਗੁਰੂ ਘਾਸੀ ਦਾਸ ਨੂੰ ਮਾਰਨ ਮਗਰੋਂ ਉਹਦੇ ਪੁੱਤਰ ਬਾਲਕ ਦਾਸ ਨੂੰ ਸਮਾਜਿਕ ਬਰਾਬਰੀ ਦੇ ਪ੍ਰਚਾਰ ਤੇ ਪ੍ਰਸਾਰ ਕਰਨ ਖਾਤਰ ਮਾਰਿਆ ਗਿਆ। ਸੰਤ ਪਲਟੂ ਦਾਸ ਜਿਨ੍ਹਾਂ ਨੂੰ ਆਪਣੇ ਰੈਡੀਕਲ ਵਿਚਾਰਾਂ ਕਰ ਕੇ ਦੂਜੇ ਕਬੀਰ ਦਾ ਦਰਜਾ ਹਾਸਲ ਹੈ, ਨੂੰ ਸੁੱਤੇ ਪਏ ਨੂੰ ਅਯੁੱਧਿਆ ਵਿਚ ਕਤਲ ਕਰ ਦਿੱਤਾ ਗਿਆ। (ਵੇਰਵੇ ਲਈ ਦੇਖੋ: ਆਰ ਹੈਨਰੀ ਫਿਸ਼ਰ, ਵਿਲੀਅਮ ਟਰਾਟ ਤੇ ਡਬਲਿਊਐਲ ਐਲੀਸਨ ਦੀਆਂ ਖੋਜ ਪੁਸਤਕਾਂ)। ਮੱਧਕਾਲ ਦੀ ਭਗਤੀ ਲਹਿਰ ਦੇ ਸੰਚਾਲਕਾਂ ਦੀਆਂ ਕੁਰਬਾਨੀਆਂ ਨੂੰ ਜੱਗ ਜਾਣਦਾ ਹੈ। ਸੰਤ ਰਾਮਾਨੰਦ ਡੇਰਾ ਬੱਲਾਂ ਦੀ ਸ਼ਹਾਦਤ 21ਵੀਂ ਸਦੀ ਦੀ ਨਾ ਭੁੱਲਣ ਵਾਲੀ ਘਟਨਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਨਿਮਨ ਆਖੀਆਂ ਜਾਂਦੀਆਂ ਜਾਤੀਆਂ ਕੀ ਆਪਣੀ ਸਮਾਜਿਕ ਬਰਾਬਰੀ ਲਈ ਸੰਘਰਸ਼ ਕਰ ਕੇ ਸ਼ਹਾਦਤਾਂ ਦਿੰਦੀਆਂ ਰਹਿਣਗੀਆਂ? ਸੁਖ-ਆਰਾਮ ਭੋਗਦੇ ਉੱਚ-ਕੁਲ ਵਰਗ ਵਿਚੋਂ ਚਾਰਵਾਕ ਜਿਹਾ ਚਿੰਤਕ ਕਦੋਂ ਪੈਦਾ ਹੋਵੇਗਾ? ਵਿਚਾਰ ਅਤੇ ਹਥਿਆਰ ਸਦੀਆਂ ਤੋਂ ਟਕਰਾਅ ਰਹੇ ਹਨ, ਇਨ੍ਹਾਂ ਦਾ ਹੱਲ ਕਦੋਂ ਹੋਵੇਗਾ? ਦੇਸ਼ ਦੇ ਬੁੱਧੀਜੀਵੀ, ਪ੍ਰਗਤੀਵਾਦੀ ਅਤੇ ਕ੍ਰਾਂਤੀ ਦੇ ਦਾਅਵੇਦਾਰ ਗੂੜ੍ਹੀ ਨੀਂਦ ਤੋਂ ਉੱਠ ਕੇ ਸਮਾਜਿਕ ਕ੍ਰਾਂਤੀ ਦਾ ਬਿਗਲ ਕਦੋਂ ਵਜਾਉਣਗੇ? ਜਾਂ ਇਉਂ ਹੀ ਮੂਕ ਦਰਸ਼ਕ ਬਣ ਕੇ ਇਸ ‘ਸਾਂਝੇ ਮੋਰਚੇ’ ਦਾ ਸਮਰਥਨ ਕਰਦੇ ਰਹਿਣਗੇ? ਗੁਰਮਤਿ ਵਿਚਾਰਧਾਰਾ ਦੇ ਕੇਂਦਰ ਗੁਰਦੁਆਰੇ ਵਿਚੋਂ ਦਲਿਤਾਂ ਖ਼ਿਲਾਫ਼ ਦੁਰਮਤੇ ਪਾਸ ਨਹੀਂ ਹੋਣੇ ਚਾਹੀਦੇ। ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਇਤਿਹਾਸ ਭਰਿਆ ਪਿਆ ਹੈ।
ਇਸ ਦੇ ਨਾਲ ਹੀ ਗੱਲ ਕਰਨੀ ਬਣਦੀ ਹੈ ਕਿ ਜੌਰਜ ਫਲਾਇਡ ਦੀ ਧੌਣ ਉੱਤੇ ਗੋਡਾ ਰੱਖ ਕੇ ਮਾਰਨ ਅਤੇ ਇਕ ਹੋਰ ਸ਼ਖ਼ਸ ਨੂੰ ਪੁਲੀਸ ਗੋਲੀ ਨਾਲ ਉਡਾਉਣ ਮਗਰੋਂ ਕਾਲੇ ਲੋਕਾਂ ਦੇ ਹੱਕ ਤੇ ਹਿੱਤ ਵਿਚ, ਭਾਵ ਨਸਲਵਾਦ ਵਿਰੁੱਧ ਪੱਛਮੀ ਅਤੇ ਯੂਰੋਪੀਅਨ ਦੇਸ਼ਾਂ ਵਿਚ ਰੋਸ ਅਤੇ ਤਲਖ਼ ਪ੍ਰਦਰਸ਼ਨ ਹੋ ਰਹੇ ਹਨ। ਗੋਰੇ ਖੁਦ ਵੱਡੀ ਗਿਣਤੀ ਵਿਚ ਮੋਹਰੀ ਹਨ। ਜੌਹਨ ਪਾਲ ਪੋਪ-2 ਨੇ ਸੰਨ 1985 ਵਿਚ ਕਾਲੇ ਅਫ਼ਰੀਕੀ ਲੋਕਾਂ ਤੋਂ ਗ਼ੁਲਾਮਗਿਰੀ ਦੀ ਪ੍ਰਥਾ ਬਦਲੇ ਮੁਆਫ਼ੀ ਮੰਗੀ ਅਤੇ ਉਨ੍ਹਾਂ ਉਤੇ ਹੁੰਦੇ ਅੱਤਿਆਚਾਰ ਬੰਦ ਕਰਨ ਲਈ ਆਖਿਆ। ਭਾਰਤ ਵਿਚ ਉੱਚ-ਕੁਲ ਅਤੇ ਪ੍ਰੋਹਿਤਵਾਦੀ, ਬਹੁਜਨਾਂ ਜਿਨ੍ਹਾਂ ਦੀ ਗਿਣਤੀ ਪਚਾਸੀ ਫ਼ੀਸਦੀ ਹੈ, ਤੋਂ ਕਦੋਂ ਖ਼ਿਮਾ ਮੰਗਣਗੇ?
ਕਰੋਨਾ ਦੇ ਕਹਿਰ ਵਿਚ ਗ਼ਰੀਬ-ਮਾਰ ਦੇ ਅਕਹਿ ਅਤੇ ਅਸਹਿ ਵਾਕਿਆ ਕਿਸੇ ਤੋਂ ਗੁੱਝੇ ਨਹੀਂ। ਦਲਿਤਾਂ ਦੀ ਕਤਲੋਗ਼ਾਰਤ, ਘਰਾਂ ਨੂੰ ਅੱਗਾਂ ਅਤੇ ਬਲਾਤਕਾਰ ਦੀਆਂ ਅਣਮਨੁੱਖੀ ਘਟਨਾਵਾਂ ਨੂੰ ਕਦੋਂ ਠੱਲ੍ਹ ਪਵੇਗੀ? ਕੀ ਕੁਝ ਕੁ ਲੇਖਕ, ਪੱਤਰਕਾਰ ਅਤੇ ਹੋਰ ਸੁਹਿਰਦ ਸਮਾਜ ਸੇਵੀ ਹੀ ਸੰਘਰਸ਼ ਕਰਦੇ ਰਹਿਣਗੇ? ਲੋੜ ਹੈ ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਤਾਂ ਕਿ ਕਿਧਰੇ ਵੀ ਦਲਿਤ ਸਾਕੇ ਨਾ ਵਾਪਰਨ।
ਸੰਪਰਕ: 93505-48100