ਸ਼ਿਆਮ ਸਰਨ
ਅਮਰੀਕਾ ਪਿਛਲੇ ਕੁਝ ਸਾਲਾਂ ਤੋਂ ਚੀਨ ਦੇ ਉਭਾਰ ਨੂੰ ਆਪਣੀ ਆਲਮੀ ਚੌਧਰ ਲਈ ਹੋਂਦ ਦੇ ਖ਼ਤਰੇ ਵਜੋਂ ਦੇਖ ਰਿਹਾ ਸੀ। ਦੋਵਾਂ ਦੇਸ਼ਾਂ ਵਿਚਕਾਰ ਤਾਕਤ ਦੇ ਸਮਤੋਲ ਵਿਚ ਪਾੜਾ ਲਗਾਤਾਰ ਘਟ ਰਿਹਾ ਹੈ ਅਤੇ ਆਰਥਿਕ, ਫ਼ੌਜੀ ਤੇ ਤਕਨੀਕੀ, ਹਰ ਲਿਹਾਜ਼ ਤੋਂ ਇਹ ਪਾੜਾ ਘਟ ਰਿਹਾ ਹੈ। ਚੀਨ ਦੁਨੀਆ ਦਾ ਦੂਜਾ ਸਭ ਤੋਂ ਵੱਧ ਤਾਕਤਵਰ ਦੇਸ਼ ਹੈ ਅਤੇ ਅਮਰੀਕਾ ਨੂੰ ਪਾਇਦਾਨ ਤੋਂ ਹਟਾ ਕੇ ਅੱਵਲ ਨੰਬਰ ਬਣਨ ਦੀ ਆਪਣੀ ਖਾਹਸ਼ ਜ਼ਾਹਿਰ ਕਰਨ ਵਿਚ ਕੋਈ ਲੱਗ ਲਪੇਟ ਨਹੀਂ ਵਰਤ ਰਿਹਾ। ਇਸ ਲਈ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਢਾਂਚਾਗਤ ਬਣ ਗਿਆ। ਚੀਨ ਨੂੰ ਪੂਰਾ ਯਕੀਨ ਹੈ ਕਿ ਭੂ-ਰਾਜਸੀ ਨਿਜ਼ਾਮ ਬਦਲ ਰਿਹਾ ਹੈ ਅਤੇ ਉਹ ਇਸ ਦਾ ਮਰਕਜ਼ ਬਣ ਰਿਹਾ ਹੈ। ਅਮਰੀਕਾ ਭਾਵੇਂ ਇਸ ਨੂੰ ਪੁੱਠਾ ਮੋੜਾ ਨਾ ਦੇ ਸਕੇ ਪਰ ਉਹ ਇਸ ਸੰਭਾਵੀ ਸਿੱਟੇ ਨੂੰ ਠੱਲ੍ਹ ਪਾਉਣ ਲਈ ਆਪਣਾ ਟਿੱਲ ਲਾ ਰਿਹਾ ਹੈ। ਫਿਲਹਾਲ ਇਹ ਸਪਸ਼ਟ ਨਹੀਂ ਕਿ ਕੌਣ ਅੰਤਿਮ ਜੇਤੂ ਬਣ ਕੇ ਨਿਕਲੇਗਾ ਪਰ ਇਸ ਸਿੱਟੇ ਦੇ ਦੁਨੀਆ, ਖਾਸਕਰ ਏਸ਼ੀਆ ਦੇ ਦੇਸ਼ਾਂ ‘ਤੇ ਪ੍ਰਭਾਵ ਪਾਉਣਗੇ। ਇਸ ਲਈ ਅਮਰੀਕਾ-ਚੀਨ ਸਬੰਧਾਂ ਦੀਆਂ ਘਟਨਾਵਾਂ ਨੂੰ ਗਹੁ ਨਾਲ ਵਾਚਣ ਦੀ ਲੋੜ ਹੈ ਕਿਉਂਕਿ ਉਹ ਭਾਰਤ ਦੀਆਂ ਭੂ-ਰਾਜਸੀ ਸੰਭਾਵਨਾਵਾਂ ‘ਤੇ ਕਾਫ਼ੀ ਅਸਰਅੰਦਾਜ਼ ਹੋਣਗੀਆਂ।
ਆਓ, ਪਹਿਲਾਂ ਭਾਰਤ ਦੇ ਪ੍ਰਸੰਗ ਦੀ ਗੱਲ ਕਰ ਲੈਂਦੇ ਹਾਂ। ਅਮਰੀਕਾ ਅਤੇ ਚੀਨ ਵਿਚਕਾਰ ਮੁਕੰਮਲ ਟਕਰਾਅ ਅਤੇ ਆਪਸੀ ਸਾਂਝ ਭਿਆਲੀ ਦੇ ਸਮੁੱਚੇ ਤਾਣੇ ਦੇ ਆਰ ਪਾਰ ਕੋਈ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਟਕਰਾਅ ਦੇ ਨੇੜੇ ਪਹੁੰਚਦਾ ਦੇਖ ਸਕਦਾ ਹੈ ਪਰ ਜੇ ਮੁਕੰਮਲ ਟਕਰਾਅ ਛਿੜ ਜਾਂਦਾ ਹੈ ਤਾਂ ਇਸ ਨਾਲ ਭਾਰਤ ਲਈ ਵਿਚਰਨ ਦੀ ਥਾਂ ਘਟ ਜਾਵੇਗੀ। ਭਾਰਤ ‘ਤੇ ਦੋਵਾਂ ਧਿਰਾਂ ਦਾ ਦਬਾਅ ਬਣੇਗਾ ਕਿ ਉਹ ‘ਉਨ੍ਹਾਂ ਵਿਚੋਂ ਕਿਸੇ ਇਕ ਦੇ ਪਾਲ਼ੇ ਵਿਚ ਖਲੋਣ ਦੀ ਚੋਣ ਕਰੇ’। ਇਹ ਵੀ ਸੰਭਵ ਹੈ ਕਿ ਦਾਅ-ਪੇਚਕ ਕਾਰਨਾਂ ਕਰ ਕੇ ਅਮਰੀਕਾ ਤੇ ਚੀਨ ਆਪੋ-ਆਪਣੇ ਪ੍ਰਭਾਵ ਖੇਤਰਾਂ ਦੀ ਵੰਡ ਦੇ ਫ਼ੈਸਲੇ ਕਰ ਕੇ ਵੀ ਇਹ ਗੁਪਤ ਭਿਆਲੀ ਕਰ ਲੈਣ। ਅਮਰੀਕਾ ਅਤੇ ਉਸ ਵੇਲੇ ਦੇ ਸੋਵੀਅਤ ਸੰਘ ਵਿਚਕਾਰ ਸੀਤ ਯੁੱਧ ਦੌਰਾਨ ਇਹੀ ਹੋਇਆ ਸੀ। ਇਸ ਤਰ੍ਹਾਂ ਦੀ ਸੰਭਾਵਨਾ ਵਿਚ ਚੀਨ ਪੂਰਬ ਵਿਚ ਆਪਣੀ ਸਰਦਾਰੀ ਪੱਕੀ ਕਰ ਲਵੇਗਾ ਜਦਕਿ ਪੱਛਮੀ ਗੋਲਾਰਧ ਵਿਚ ਉਹ ਅਮਰੀਕਾ ਦੇ ਦਬਦਬੇ ਨੂੰ ਪ੍ਰਵਾਨ ਕਰ ਲਵੇ। ਚੀਨੀ ਰਣਨੀਤੀਕਾਰ ਅਕਸਰ ਇਸ ਕਿਸਮ ਦੀ ਵੰਡ ਦਾ ਸੰਕੇਤ ਦਿੰਦੇ ਰਹਿੰਦੇ ਹਨ ਜਿਸ ਤਹਿਤ ਪੱਛਮੀ ਪ੍ਰਸ਼ਾਂਤ ਦੇ ਅੱਧ ਵਿਚਕਾਰ ਰੇਖਾ ਮਿੱਥੀ ਗਈ ਹੈ ਜਿਸ ਨਾਲ ਹਿੰਦ ਪ੍ਰਸ਼ਾਂਤ ਖੇਤਰ ਚੀਨ ਦੇ ਪ੍ਰਭਾਵ ਹੇਠ ਆ ਜਾਵੇਗਾ। ਭਾਰਤ ਲਈ ਇਹ ਗੱਲ ਪ੍ਰਵਾਨ ਕਰਨੀ ਬਹੁਤ ਔਖੀ ਹੋਵੇਗੀ। ਹਾਲਾਂਕਿ ਫ਼ੌਰੀ ਤੌਰ ‘ਤੇ ਅਜਿਹੀ ਸੰਭਾਵਨਾ ਨਹੀਂ ਲਗਦੀ ਪਰ ਇਸ ਨੂੰ ਪੂਰੀ ਤਰ੍ਹਾਂ ਰੱਦ ਵੀ ਨਹੀਂ ਕੀਤਾ ਜਾ ਸਕਦਾ।
ਇਸ ਪ੍ਰਸੰਗ ਵਿਚ ਅਮਰੀਕਾ-ਚੀਨ ਸਬੰਧਾਂ ਵਿਚ ਹੋਈਆਂ ਹਾਲੀਆ ਘਟਨਾਵਾਂ ਦੀ ਕੀ ਅਹਿਮੀਅਤ ਬਣਦੀ ਹੈ? 10 ਅਤੇ 11 ਮਈ ਨੂੰ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸਲੀਵਾਨ ਨੇ ਵੀਏਨਾ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ ਹੈ। ਰਿਪੋਰਟਾਂ ਮੁਤਾਬਕ ਵ੍ਹਾਈਟ ਹਾਊਸ ਦਾ ਕਹਿਣਾ ਹੈ- “ਦੋਵਾਂ ਧਿਰਾਂ ਵਿਚਕਾਰ ਅਮਰੀਕਾ ਤੇ ਚੀਨ ਦੇ ਦੁਵੱਲੇ, ਕੌਮਾਂਤਰੀ ਅਤੇ ਖੇਤਰੀ ਸੁਰੱਖਿਆ ਨਾਲ ਜੁੜੇ ਅਹਿਮ ਮੁੱਦਿਆਂ, ਯੂਕਰੇਨ ਖਿਲਾਫ ਰੂਸੀ ਹਮਲੇ ਅਤੇ ਜਲਡਮਰੂ ਪਾਰ ਦੇ ਮੁੱਦਿਆਂ ਅਤੇ ਕੁਝ ਹੋਰਨਾਂ ਵਿਸ਼ਿਆਂ ਉਪਰ ਚੰਗੇ ਮਾਹੌਲ ਵਿਚ ਠੋਸ ਤੇ ਉਸਾਰੂ ਗੱਲਬਾਤ ਹੋਈ ਹੈ।” ਚੀਨ ਦੀ ਖ਼ਬਰ ਏਜੰਸੀ ਸਿਨਹੂਆ ਨੇ ਵੀ ਵਾਰਤਾ ਲਈ ਇਹ ਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ ਕਿ “ਚੀਨ ਅਮਰੀਕਾ ਸਬੰਧਾਂ ਵਿਚ ਆਏ ਅਡਿ਼ੱਕੇ ਹਟਾ ਕੇ ਇਨ੍ਹਾਂ ਨੂੰ ਸਥਿਰ ਕਰਨ ਲਈ ਗਹਿਰੀ, ਠੋਸ ਤੇ ਉਸਾਰੂ ਗੱਲਬਾਤ ਹੋਈ ਹੈ।”
ਇਸ ਨਾਲ ਅਮਰੀਕਾ ਅਤੇ ਚੀਨ ਵਿਚਕਾਰ ਦੁਵੱਲੇ ਸਬੰਧਾਂ ਅਤੇ ਵੱਖ ਵੱਖ ਪੱਧਰਾਂ ‘ਤੇ ਅੰਤਰ-ਕਿਰਿਆ ਤੇ ਗੱਲਬਾਤ ਮੁੜ ਸ਼ੁਰੂ ਹੋਣ ਦਾ ਰਾਹ ਸਾਫ਼ ਹੋ ਗਿਅ ਹੈ। ਇਹ ਵੀ ਸੁਣਨ ਵਿਚ ਆਇਆ ਹੈ ਕਿ ਜਲਵਾਯੂ ਤਬਦੀਲੀ ਬਾਰੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜੌਹਨ ਕੈਰੀ ਨੂੰ ਚੀਨ ਦਾ ਦੌਰਾ ਕਰਨ ਦਾ ਸੱਦਾ ਦਿੱਤਾ ਗਿਆ ਹੈ। ਅਮਰੀਕੀ ਵਪਾਰ ਦੀ ਪ੍ਰਤੀਨਿਧ ਕੈਥਰੀਨ ਤਾਈ 25 26 ਮਈ ਨੂੰ ਡਿਟ੍ਰਾਏ ਵਿਖੇ ‘ਐਪੈਕ’ ਦੇ ਵਪਾਰ ਮੰਤਰੀਆਂ ਦੀ ਮੀਟਿੰਗ ਵਿਚ ਚੀਨ ਦੇ ਵਣਜ ਮੰਤਰੀ ਵਾਂਗ ਵਿਨਤਾਓ ਨਾਲ ਮੁਲਾਕਾਤ ਕਰਨਗੇ ਅਤੇ ਜੂਨ ਮਹੀਨੇ ਸਿੰਗਾਪੁਰ ਵਿਚ ਸ਼ੰਗਰੀ-ਲਾ ਸੰਵਾਦ ਮੌਕੇ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਵਲੋਂ ਆਪਣੇ ਚੀਨੀ ਹਮਰੁਤਬਾ ਜਨਰਲ ਲੀ ਸ਼ਾਂਗਫੂ ਨਾਲ ਗੱਲਬਾਤ ਹੋਣ ਦੇ ਆਸਾਰ ਹਨ। ਅਮਰੀਕਾ ਚੀਨ ਦੇ ਨਵੇਂ ਰਾਜਸੀ ਢਾਂਚੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦਾ ਹੈ। ਚੀਨ ਵਿਚ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਆਈ ਹੈ ਜਿਸ ਦੇ ਕਈ ਚਿਹਰੇ ਨਵੇਂ ਹਨ। ਚੀਨ ਵੀ ਇਸ ਮਾਮਲੇ ਵਿਚ ਅਗਾਂਹ ਕਦਮ ਵਧਾ ਰਿਹਾ ਹੈ।
ਅਮਰੀਕਾ ਅਤੇ ਚੀਨ ਦੇ ਸਬੰਧਾਂ ਵਿਚ ਇਸ ਨਵੇਂ ਪੜਾਅ ਦਾ ਸੰਕੇਤ ਉਦੋਂ ਮਿਲਿਆ ਸੀ ਜਦੋਂ ਅਮਰੀਕਾ ਦੀ ਖਜ਼ਾਨਾ ਮੰਤਰੀ ਜੈਨੇਟ ਯੈਲਨ ਨੇ ਲੰਘੀ 20 ਅਪਰੈਲ ਨੂੰ ਜੌਹਨ ਹੌਪਕਿਨਜ਼ ਯੂਨੀਵਰਸਿਟੀ ਵਿਚ ਭਾਸ਼ਣ ਦਿੰਦਿਆਂ ਕਾਫ਼ੀ ਸੰਜਮੀ ਸ਼ਬਦਾਂ ਦੀ ਵਰਤੋਂ ਕੀਤੀ ਸੀ। ਯੈਲਨ ਨੇ ਆਖਿਆ ਕਿ ਅਮਰੀਕਾ ਚੀਨ ਦੀ ਵਧ ਰਹੀ ਖੁਸ਼ਹਾਲੀ ਨੂੰ ਖ਼ਤਰੇ ਵਜੋਂ ਨਹੀਂ ਲੈਂਦਾ ਕਿਉਂਕਿ ਖੁਸ਼ਹਾਲ ਚੀਨ ਅਮਰੀਕਾ ਅਤੇ ਬਾਕੀ ਦੁਨੀਆ ਲਈ ਲਾਹੇਵੰਦ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਸੀ ਕਿ ਅਮਰੀਕਾ ਆਪਣੇ ਅਰਥਚਾਰੇ ਦੀਆਂ ਤੰਦ ਚੀਨ ਨਾਲੋਂ ਤੋੜਨੀਆਂ ਨਹੀਂ ਚਾਹੁੰਦਾ ਅਤੇ ਜੇ ਸਾਡੇ ਅਰਥਚਾਰੇ ਅਲੱਗ ਥਲੱਗ ਹੋਣ ਨਾਲ ਦੋਵਾਂ ਮੁਲਕਾਂ ਲਈ ਭਿਆਨਕ ਸਿੱਟੇ ਨਿਕਲਣਗੇ ਅਤੇ ਬਾਕੀ ਦੁਨੀਆ ਵੀ ਅਸਥਿਰ ਹੋ ਜਾਵੇਗੀ। ਇਸ ਨੁਕਤੇ ‘ਤੇ ਜ਼ੋਰ ਦਿੰਦਿਆਂ ਬੀਬੀ ਯੈਲਨ ਨੇ ਆਖਿਆ ਕਿ ਅਮਰੀਕਾ ਅਤੇ ਚੀਨ ਵਿਚਕਾਰ ਇਸ ਵੇਲੇ 750 ਅਰਬ ਡਾਲਰ ਦਾ ਵਪਾਰ ਹੋ ਰਿਹਾ ਹੈ।
ਇਨ੍ਹਾਂ ਟਿੱਪਣੀਆਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਦੋਵਾਂ ਧਿਰਾਂ ਦੀ ਸੁਰ ਤੇ ਲਹਿਜ਼ਾ ਹੁਣ ਕਾਫ਼ੀ ਬਦਲ ਗਿਆ ਹੈ ਜਦਕਿ ਪਿਛਲੇ ਕੁਝ ਅਰਸੇ ਤੋਂ ਵਾਸ਼ਿੰਗਟਨ ਤੋਂ ਉਪਜਦੇ ਬਿਰਤਾਂਤ ਦਾ ਲਬੋ-ਲਬਾਬ ਕਾਫ਼ੀ ਤਿੱਖਾ ਹੋਇਆ ਕਰਦਾ ਸੀ। ਯੈਲਨ ਨੇ ਚੀਨ ਨੂੰ ਉਚ ਤਕਨੀਕੀ ਬਰਾਮਦਾਂ ‘ਤੇ ਲਾਈਆਂ ਕੁਝ ਪਾਬੰਦੀਆਂ ਹਟਾਉਣ ਦੀ ਸੰਭਾਵਨਾ ਨਹੀਂ ਦਰਸਾਈ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਪਾਬੰਦੀਆਂ ਕੌਮੀ ਸੁਰੱਖਿਆ ਦੇ ਸਰੋਕਾਰਾਂ ਨੂੰ ਮੁੱਖ ਰੱਖ ਕੇ ਲਾਈਆਂ ਗਈਆਂ ਸਨ ਅਤੇ ਇਨ੍ਹਾਂ ਦਾ ਦਾਇਰਾ ਬਹੁਤ ਸੀਮਤ ਹੈ।
ਇਸ ਸਭ ਕਾਸੇ ਦਾ ਕੀ ਮਤਲਬ ਨਿਕਲਦਾ ਹੈ? ਦੇਖਣ ਲਾਇਕ ਗੱਲ ਇਹ ਹੈ ਕਿ ਯੂਕਰੇਨ ਖਿਲਾਫ਼ ਜੰਗ ਵਿਚ ਰੂਸ ਦੀ ਟੇਢੇ ਢੰਗ ਨਾਲ ਮਦਦ ਕਰਨ ਦੇ ਬਾਵਜੂਦ ਅਮਰੀਕਾ ਨੇ ਚੀਨ ਨਾਲ ਆਪਣੇ ਸਬੰਧਾਂ ਨੂੰ ਭਾਵੇਂ ਬਿਹਤਰ ਨਾ ਕਹੋ ਪਰ ਇਨ੍ਹਾਂ ਨੂੰ ਸਥਿਰ ਕਰਨ ਦੀ ਪਹਿਲ ਵਿਚ ਕੋਈ ਝਿਜਕ ਨਹੀਂ ਦਿਖਾਈ। ਤਾਇਵਾਨ ਮੁੱਦਾ ਜੋ ਪਿਛਲੇ ਕੁਝ ਸਮੇਂ ਤੋਂ ਟਕਰਾਅ ਦਾ ਕੇਂਦਰ ਬਣ ਰਿਹਾ ਸੀ, ਵਿਚ ਕੁਝ ਨਰਮਾਈ ਆਉਣ ਦੇ ਆਸਾਰ ਹਨ। ਚੀਨੀ ਧਿਰ ਦੀ ਤਰਫ਼ੋਂ ਕੁਝ ਟਿੱਪਣੀਆ ਆ ਰਹੀਆਂ ਸਨ ਜਿਨ੍ਹਾਂ ਵਿਚ ਦਲੀਲ ਦਿੱਤੀ ਗਈ ਸੀ ਕਿ ਭਾਵੇਂ ਤਾਇਵਾਨ ਦਾ ਦਰਜਾ ਅਜਿਹੀ ‘ਬੌਟਮ ਲਾਈਨ’ ਗਿਣਿਆ ਜਾਂਦਾ ਹੈ ਜਿਸ ਨੂੰ ਪਾਰ ਨਹੀਂ ਕੀਤਾ ਜਾ ਸਕਦਾ ਪਰ ਇਹ ਅਮਰੀਕਾ ਤੇ ਚੀਨ ਦੇ ਸਬੰਧਾਂ ਨੂੰ ਸਮੁੱਚੇ ਰੂਪ ਵਿਚ ਪਰਿਭਾਸ਼ਤ ਨਹੀਂ ਕਰਦੀ। ਸਾਫ਼ ਪਤਾ ਲੱਗਦਾ ਹੈ ਕਿ ਦੋਵੇਂ ਧਿਰਾਂ ਨੇ ਤਾਇਵਾਨ ਜਲਡਮਰੂ ਵਿਚ ਸੰਭਾਵੀ ਤੌਰ ‘ਤੇ ਖ਼ਤਰਨਾਕ ਟਕਰਾਅ ਦਾ ਰੂਪ ਧਾਰਨ ਕਰਨ ਵਾਲੀ ਸਥਿਤੀ ਤੋਂ ਵਾਪਸ ਆਉਣ ਦਾ ਫ਼ੈਸਲਾ ਕਰ ਲਿਆ ਹੈ।
ਅਮਰੀਕਾ ਦੀ ਇਹ ਪਹਿਲ ਪਿਛਲੇ ਮਹੀਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਦੀ ਸਫਲ ਚੀਨ ਫੇਰੀ ਤੋਂ ਬਾਅਦ ਸਾਹਮਣੇ ਆਈ ਹੈ। ਯੂਕਰੇਨ ਦੇ ਸਵਾਲ ‘ਤੇ ਚੀਨ ਦੇ ਸਟੈਂਡ ਨੂੰ ਦੇਖਦਿਆਂ ਅਮਰੀਕਾ ਦੀ ਪਹਿਲ ਨੂੰ ਚੀਨ ਦੇ ‘ਤੁਸ਼ਟੀਕਰਨ’ ਵਜੋਂ ਦੇਖਿਆ ਜਾ ਰਿਹਾ ਹੈ। ਫਰਾਂਸ ਅਤੇ ਜਰਮਨੀ ਹਾਲਾਂਕਿ ਦੋਵੇਂ ਚੀਨ ਨੂੰ ਵਿਵਸਥਾ ਦੇ ਤੌਰ ‘ਤੇ ਵਿਰੋਧੀ ਮੰਨਦੇ ਹਨ ਪਰ ਉਹ ਇਸ ਨਾਲ ਸੰਪਰਕ ਬਣਾ ਕੇ ਰੱਖਣ ਦੀ ਅਹਿਮੀਅਤ ਦਰਸਾਉਂਦੇ ਰਹੇ ਹਨ। ਹੁਣ ਅਮਰੀਕਾ ਵੀ ਇਸੇ ਰਾਹ ‘ਤੇ ਆ ਗਿਆ ਹੈ।
ਕੀ ਭਾਰਤ ਨੂੰ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ? ਸ਼ਾਇਦ ਇਸ ਪੜਾਅ ‘ਤੇ ਚਿੰਤਾ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਅਜੇ ਇਹ ਗੱਲ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਘਟਨਾਵਾਂ ਦੀ ਪਰਵਾਜ਼ ਕਿਹੋ ਜਿਹੀ ਰਹਿੰਦੀ ਹੈ ਅਤੇ ਕੀ ਮੌਜੂਦਾ ਜਾਂ ਕਿਸੇ ਹੋਰ ਵਿਵਾਦਪੂਰਨ ਮੁੱਦੇ ਕਰ ਕੇ ਇਹ ਪ੍ਰਕਿਰਿਆ ਲੀਹੋਂ ਨਹੀਂ ਲੱਥ ਜਾਵੇਗੀ। ਉਂਝ, ਅੱਗੇ ਚੱਲ ਕਿ ਉਨ੍ਹਾਂ ਦੇ ਸਬੰਧ ਕਿਹੋ ਜਿਹਾ ਰੂਪ ਧਾਰਦੇ ਹਨ, ਇਸ ਦਾ ਭਾਰਤ ਦੇ ਹਿੱਤਾਂ ‘ਤੇ ਅਸਰ ਪਵੇਗਾ ਅਤੇ ਇਸ ਨੂੰ ਧਿਆਨ ਨਾਲ ਵਾਚ ਕੇ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਸਬਬੀਂ, ਅਮਰੀਕਾ ਵਿਚ ਇਹ ਗੱਲ ਵੀ ਚੱਲ ਰਹੀ ਹੈ ਕਿ ਚੀਨ ਨਾਲ ਸੰਭਾਵੀ ਹਥਿਆਰਬੰਦ ਟਕਰਾਅ ਦੀ ਸੂਰਤ ਵਿਚ ਭਾਰਤ ‘ਤੇ ਇਹ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ
ਅਮਰੀਕਾ ਦਾ ਸਾਥ ਦੇਵੇਗਾ। ਇਸ ਤੋਂ ਇਹ ਅੰਦਾਜ਼ਾ ਲਾਇਆ ਗਿਆ ਕਿ ਅਮਰੀਕਾ ਨੂੰ ਚੀਨ ਨਾਲ ਆਪਣਾ ਤਣਾਅ ਘਟਾਉਣ ਬਾਬਤ ਭਾਰਤ ਦੇ ਰੱਦੇ-ਅਮਲ ਦੀ ਬਹੁਤੀ ਪ੍ਰਵਾਹ ਕਰਨ ਦੀ ਲੋੜ ਨਹੀਂ ਹੈ।
*ਲੇਖਕ ਸਾਬਕਾ ਵਿਦੇਸ਼ ਸਕੱਤਰ ਅਤੇ ਸੀਪੀਆਰ ਦੇ ਆਨਰੇਰੀ ਫੈਲੋ ਹਨ।