DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ਾਲਸਾ ਸਾਜਨਾ ਦਿਵਸ ਦਾ ਮਹੱਤਵ

ਖ਼ਾਲਸਾ ਸਾਜਨਾ ਦਿਵਸ ਸਿੱਖ ਇਤਿਹਾਸ ਦਾ ਇਕ ਮਹੱਤਵਪੂਰਨ ਅਧਿਆਇ ਹੈ, ਜਦੋਂ ਸੰਨ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਹ ਇਤਿਹਾਸ ਕੌਮ ਲਈ ਇਕ ਗੌਰਵਮਈ ਗਾਥਾ ਹੈ, ਜਿਸ ਨਾਲ ਹਰ ਸਿੱਖ...

  • fb
  • twitter
  • whatsapp
  • whatsapp
Advertisement

ਖ਼ਾਲਸਾ ਸਾਜਨਾ ਦਿਵਸ ਸਿੱਖ ਇਤਿਹਾਸ ਦਾ ਇਕ ਮਹੱਤਵਪੂਰਨ ਅਧਿਆਇ ਹੈ, ਜਦੋਂ ਸੰਨ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਹ ਇਤਿਹਾਸ ਕੌਮ ਲਈ ਇਕ ਗੌਰਵਮਈ ਗਾਥਾ ਹੈ, ਜਿਸ ਨਾਲ ਹਰ ਸਿੱਖ ਅੰਦਰ ਵਿਲੱਖਣ ਅਤੇ ਨਿਰਾਲੀ ਹੋਂਦ ਹਸਤੀ ਦਾ ਅਹਿਸਾਸ ਪੈਦਾ ਹੁੰਦਾ ਹੈ। ਖ਼ਾਲਸਾ ਆਦਰਸ਼ਕ ਮਨੁੱਖ ਹੈ, ਜਿਸ ਦਾ ਜੀਵਨ ਸਮਾਜ ਲਈ ਪ੍ਰੇਰਣਾਮਈ ਹੋਣ ਦੇ ਨਾਲ-ਨਾਲ ਹੱਕ ਸੱਚ ਦੀ ਰਖਵਾਲੀ ਲਈ ਵੀ ਮਿਸਾਲੀ ਹੈ। ਖ਼ਾਲਸੇ ਦੀ ਘਾੜਤ ਵਿੱਚ ਦਸ ਗੁਰੂ ਸਾਹਿਬਾਨ ਦੀ ਪਵਿੱਤਰ ਵਿਚਾਰਧਾਰਾ ਸ਼ਾਮਲ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਖ਼ਾਲਸਾ ਰੂਪੀ ਆਦਰਸ਼ਕ ਮਨੁੱਖ ਲਈ ਪਹਿਲੀ ਸ਼ਰਤ ਇਹ ਨਿਸ਼ਚਤ ਕੀਤੀ ਸੀ:

ਜਉ ਤਉ ਪ੍ਰੇਮ ਖੇਲਣ ਕਾ ਚਾਉ

Advertisement

ਸਿਰੁ ਧਰਿ ਤਲੀ ਗਲੀ ਮੇਰੀ ਆਉ

Advertisement

ਇਤੁ ਮਾਰਗਿ ਪੈਰੁ ਧਰੀਜੈ

ਸਿਰੁ ਦੀਜੈ ਕਾਣਿ ਨ ਕੀਜੈ।

(ਅੰਗ 1412)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਧਰਮ ਖੇਤਰ ਅੰਦਰ ਪ੍ਰਵਾਨ ਚੜ੍ਹਨ ਵਾਲਿਆਂ ਲਈ ਆਦਰਸ਼ ਹਨ। ਇਸ ਵਿੱਚ ਆਪਾ ਨਿਛਾਵਰ ਕਰਨ ਦੀ ਜੁਗਤ ਅਤੇ ਪ੍ਰੇਰਣਾ ਦਰਜ ਹੈ। ਪਹਿਲੇ ਪਾਤਸ਼ਾਹ ਤੋਂ ਬਾਅਦ ਬਾਕੀ ਗੁਰੂ ਸਾਹਿਬਾਨ ਨੇ ਵੀ ਸਿੱਖਾਂ ਨੂੰ ਇਹੋ ਪਾਠ ਦ੍ਰਿੜ ਕਰਵਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਨੂੰ ਵਿਸਾਖੀ ਦੇ ਦਿਹਾੜੇ ’ਤੇ ਖਾਲਸੇ ਦੀ ਸਿਰਜਣਾ ਕਰਕੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਅਰਥ ਪ੍ਰਦਾਨ ਕੀਤੇ। ਦਸਵੇਂ ਪਾਤਸ਼ਾਹ ਦੇ ਇਸ ਅਦੁੱਤੀ ਕਾਰਨਾਮੇ ਨੇ ਸਦੀਆਂ ਤੋਂ ਲਤਾੜੇ, ਗੁਲਾਮੀ ਵਾਲਾ ਜੀਵਨ ਜੀਅ ਰਹੇ ਲੋਕਾਂ ਨੂੰ ਆਤਮ-ਵਿਸ਼ਵਾਸੀ ਬਣਾਇਆ। ਸ੍ਰੀ ਅਨੰਦਪੁਰ ਸਾਹਿਬ ਵਿਖੇ 1699 ਦੀ ਵਿਸਾਖੀ ਦਾ ਇਹ ਦਿਨ ਜਬਰ, ਜ਼ੁਲਮ, ਬੇਇਨਸਾਫੀ, ਵਿਤਕਰੇ, ਝੂਠ, ਪਾਖੰਡ, ਅਨਿਆਂ ਆਦਿ ਵਿਰੁੱਧ ਸੰਘਰਸ਼ ਦਾ ਇੱਕ ਬਿਗਲ ਬਣਿਆ। ਇਹ ਦਿਹਾੜਾ ਅਨੋਖਾ ਨਜ਼ਾਰਾ ਪੇਸ਼ ਕਰਨ ਵਾਲਾ ਵੀ ਹੈ, ਕਿਉਂਕਿ ਇਸ ਦਿਨ ਜਿਥੇ ਇੱਕ ਪਾਸੇ ਗੁਰੂ ਜੀ ਵੱਲੋਂ ਸਾਜੇ ਪੰਜ ਪਿਆਰੇ ਗੁਰੂ ਸਾਹਿਬ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਨਿਹਾਲ ਹੋਏ, ਉਥੇ ਹੀ ਦੂਜੇ ਪਾਸੇ ਗੁਰੂ ਸਾਹਿਬ ਨੇ ਵੀ ਖ਼ਾਲਸੇ ਪਾਸੋਂ ਆਪ ਅੰਮ੍ਰਿਤਪਾਨ ਕਰਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਨਿਵੇਕਲੀ ਮਿਸਾਲ ਕਾਇਮ ਕੀਤੀ। ਇਸ ਨਾਲ ਗੁਰੂ ਤੇ ਚੇਲੇ ਦਾ ਅਜਿਹਾ ਨਵਾਂ ਰੂਪ ਸਾਹਮਣੇ ਆਇਆ ਜਿਸ ਵਿੱਚ ਗੁਰੂ-ਚੇਲੇ ਵਿੱਚ ਕੋਈ ਭਿੰਨ-ਭੇਦ ਨਹੀਂ ਹੈ। ਭਾਈ ਗੁਰਦਾਸ ਜੀ ਇਸ ਦ੍ਰਿਸ਼ ਨੂੰ ਵਾਹ-ਵਾਹ ਕਹਿ ਕੇ ਵਡਿਆਉਂਦੇ ਹਨ:

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ

ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਸਾਜਿਆ ਖ਼ਾਲਸਾ ਹਰ ਕਿਸਮ ਦੀ ਸ਼ਖ਼ਸੀ ਗੁਲਾਮੀ ਤੋਂ ਆਜ਼ਾਦ ਹੋ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਸਿੱਧੇ ਰੂਪ ਵਿੱਚ ਸਬੰਧਿਤ ਹੈ, ਜੋ ਪਰਮਾਤਮਾ ਦੀ ਆਪਣੀ ਰਜ਼ਾ ਵਿਚੋਂ ਹੀ ਪ੍ਰਗਟ ਹੋਇਆ ਹੈ:

ਖ਼ਾਲਸਾ ਅਕਾਲ ਪੁਰਖ ਕੀ ਫੌਜ।

ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।

ਖ਼ਾਲਸੇ ਦਾ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਤੋਂ ਹੈ। ਖ਼ਾਲਸਾ ਝੂਠ, ਬੇਈਮਾਨੀ, ਵਲ਼-ਫਰੇਬ ਤੋਂ ਦੂਰ ਮਨੁੱਖਤਾ ਦਾ ਸੱਚਾ ਹਮਦਰਦ ਹੈ। ਇਹ ਇਕ ਅਕਾਲ ਪੁਰਖ ਦਾ ਪੁਜਾਰੀ ਹੈ। ਖ਼ਾਲਸਾ ਪੰਜ ਕਕਾਰੀ ਰਹਿਣੀ ਦਾ ਧਾਰਨੀ ਹੈ। ਸੱਚਾ ਤੇ ਧਰਮੀ ਜੀਵਨ ਜਿਊਣਾ ਖ਼ਾਲਸੇ ਦਾ ਨੇਮ ਹੈ। ਧਰਮ ਅਤੇ ਸਦਾਚਾਰ ਦੇ ਸੁਮੇਲ ਖ਼ਾਲਸੇ ਦੀ ਆਵਾਜ਼ ਹਮੇਸ਼ਾ ਹੀ ਹੱਕ ਤੇ ਸੱਚ ਲਈ ਉੱਠਦੀ ਹੈ। ਜਬਰ ਤੇ ਜ਼ੁਲਮ ਵਿਰੁੱਧ ਡਟਣਾ ਖ਼ਾਲਸੇ ਦਾ ਪਰਮ ਧਰਮ ਕਰਤੱਵ ਹੈ। ਉੱਚੀ-ਸੁੱਚੀ ਜੀਵਨ-ਜਾਚ ਇਸ ਦੀ ਲਖਾਇਕ ਹੈ। ਦਸਮੇਸ਼ ਪਿਤਾ ਨੇ ਖ਼ਾਲਸੇ ਦੀ ਸਿਰਜਣਾ ਕਰਕੇ ਸੰਸਾਰ ਨੂੰ ਸੰਤ-ਸਿਪਾਹੀ ਦਾ ਅਜਿਹਾ ਨਵੀਨ, ਸ਼ਕਤੀਸ਼ਾਲੀ ਤੇ ਵਿਲੱਖਣ ਜੀਵਨ-ਸਿਧਾਂਤ ਦਿੱਤਾ, ਜਿਹੜਾ ਹੁਣ ਤਕ ਸ਼ਹਾਦਤਾਂ ਤੇ ਕੁਰਬਾਨੀਆਂ ਦੀਆਂ ਨਿੱਤ-ਨਵੀਆਂ ਸਿਖਰਾਂ ਛੋਂਹਦਾ ਆ ਰਿਹਾ ਹੈ।

ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ, ਸਿੱਖ ਰਹਿਤ ਦੀ ਪਰਪੱਕਤਾ ਅਤੇ ਗੁਰਮਤਿ ਸਿਧਾਂਤਾਂ ਦੀ ਪਹਿਰੇਦਾਰੀ ਖ਼ਾਲਸਈ ਜੀਵਨ ਦਾ ਅਹਿਮ ਵਿਧਾਨ ਹੈ। ਇਸੇ ਰੌਸ਼ਨੀ ਵਿੱਚ ਜੀਵਨ ਜਿਊਣਾ ਹਰ ਸਿੱਖ ਦਾ ਫ਼ਰਜ਼ ਹੈ। ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਮੌਕੇ ’ਤੇ ਮੈਂ ਸੰਗਤ ਨੂੰ ਮੁਬਾਰਕਬਾਦ ਦਿੰਦਾ ਹੋਇਆ ਅਪੀਲ ਕਰਦਾ ਹਾਂ ਕਿ ਆਓ! ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਬਖ਼ਸ਼ਿਸ਼ ਕੀਤੀ ਖੰਡੇ-ਬਾਟੇ ਦੀ ਪਾਹੁਲ ਛਕ ਕੇ ਖ਼ਾਲਸਈ ਰਹਿਣੀ ਦੇ ਧਾਰਨੀ ਬਣੀਏ ਕਿਉਂਕਿ ਆਪਣੇ ਇਤਿਹਾਸ ਅਤੇ ਵਿਰਸੇ ਤੋਂ ਟੁੱਟ ਕੇ ਕੋਈ ਵੀ ਆਪਣੀ ਪਛਾਣ ਨਾਲ ਅੱਗੇ ਨਹੀਂ ਵਧ ਸਕਦਾ। ਵਿਸ਼ਵ ਵਿੱਚ ਵਿਚਰਦਿਆਂ ਆਪਣੇ ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਅਗਵਾਈ ਹੀ ਮਨੁੱਖ ਨੂੰ ਆਪਣੇ ਵਿਸ਼ੇਸ਼ ਹੋਣ ਦਾ ਮਾਣ ਦਿਵਾ ਸਕਦੀ ਹੈ।

ਸਿੱਖ ਕੌਮ ਦੇ ਇਤਿਹਾਸਕ, ਸਿਧਾਂਤਕ ਅਤੇ ਵਿਰਾਸਤੀ ਗੁਣਾਂ ਦੀ ਅਮੀਰੀ ਦਾ ਮਾਣ ਹਰ ਸਿੱਖ ਨੂੰ ਸਵੈਮਾਣ ਅਤੇ ਇੱਜ਼ਤ ਨਾਲ ਜਿਊਣ ਦੀ ਪ੍ਰੇਰਣਾ ਦਿੰਦਾ ਹੈ। ਵੱਖ-ਵੱਖ ਸਮਿਆਂ ਵਿੱਚ ਆਈਆਂ ਮੁਸੀਬਤਾਂ ਸਮੇਂ ਸਿੱਖ ਕੌਮ ਨੇ ਪੀੜਤ ਮਾਨਵਤਾ ਨਾਲ ਖੜ੍ਹ ਕੇ ਇਹ ਸਿੱਧ ਕੀਤਾ ਹੈ ਕਿ ਮਨੁੱਖੀ ਬਰਾਬਰਤਾ ਅਤੇ ਇਕਸਾਰਤਾ ਦਾ ਜੋ ਪਾਠ ਖ਼ਾਲਸੇ ਨੂੰ ਗੁਰੂ ਸਾਹਿਬ ਨੇ ਪੜ੍ਹਾਇਆ ਉਹ ਵਿਸ਼ਵ ਦੇ ਧਰਮ ਇਤਿਹਾਸ ਵਿੱਚ ਮੋਹਰੀ ਹੈ, ਵਿਲੱਖਣ ਹੈ। ਅੱਜ ਸਿੱਖ ਨੌਜਵਾਨ ਵਰਗ ਨੂੰ ਆਪਣੇ ਇਸ ਖ਼ਾਲਸਈ ਵਿਰਸੇ ਪ੍ਰਤੀ ਜਾਗਰੂਕ ਅਤੇ ਸੁਚੇਤ ਕਰਦੇ ਰਹਿਣਾ ਹੋਰ ਵੀ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਹੈ, ਕਿਉਂਕਿ ਵਰਤਮਾਨ ਸਮੇਂ ਤਕਨੀਕ ਅਤੇ ਸੰਚਾਰ ਸਾਧਨਾਂ ਦੀ ਤੇਜ਼ੀ ਮਨੁੱਖ ਨੂੰ ਨੈਤਿਕਤਾ ਨਾਲੋਂ ਤੋੜਨ ਵਾਲੇ ਪਾਸੇ ਲਿਜਾ ਰਹੀ ਹੈ। ਸਿੱਖੀ ਦੇ ਵਿਲੱਖਣ ਸਿਧਾਂਤ ਅਤੇ ਮਾਨਵ ਹਿੱਤਕਾਰੀ ਫ਼ਲਸਫ਼ਾ ਅਜੋਕੀਆਂ ਮਨੁੱਖੀ ਚਿੰਤਾਵਾਂ ਦੇ ਖਾਤਮੇ ਦਾ ਸਫ਼ਲ ਮਾਰਗ-ਦਰਸ਼ਕ ਹੈ। ਲੋੜ ਇਸ ਗੱਲ ਦੀ ਹੈ ਕਿ ਅਸੀਂ ਸਮੂਹਿਕ ਯਤਨਾਂ ਨਾਲ ਖ਼ਾਲਸਈ ਵਿਚਾਰਧਾਰਾ ਨੂੰ ਅੱਗੇ ਵਧਾਈਏ।

ਸੋ ਆਓ, ਖਾਲਸਾ ਸਾਜਨਾ ਦਿਵਸ ਮੌਕੇ ਪ੍ਰਣ ਕਰੀਏ ਕਿ ਜਿਥੇ ਹਰ ਸਿੱਖ ਨੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਖ਼ਾਲਸਈ ਰਹਿਣੀ ਦਾ ਧਾਰਨੀ ਬਣਨਾ ਹੈ, ਉਥੇ ਹੀ ਗੁਰੂ ਸਾਹਿਬ ਦੀ ਵਿਚਾਰਧਾਰਾ ਅਨੁਸਾਰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੇ ਸੰਦੇਸ਼ ਨੂੰ ਹਿਰਦੇ ਵਿੱਚ ਵਸਾ ਕੇ ਮਾਨਵਤਾ ਲਈ ਮਦਦਗਾਰ ਬਣੇ ਰਹਿਣਾ ਹੈ। ਇਸ ਦਿਹਾੜੇ ’ਤੇ ਪੰਥਕ ਸੰਸਥਾਵਾਂ ਦੀ ਪਹਿਰੇਦਾਰੀ ਦਾ ਪ੍ਰਣ ਕਰਨਾ ਵੀ ਹਰ ਸਿੱਖ ਦਾ ਫ਼ਰਜ਼ ਹੈ, ਤਾਂ ਜੋ ਕੌਮੀ ਇਕਜੁੱਟਤਾ ਨਾਲ ਸਿੱਖ ਮਾਮਲਿਆਂ ਦਾ ਹੱਲ ਕਰਵਾਇਆ ਜਾ ਸਕੇ।

* ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

Advertisement
×