ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਜੀ ਪਾਰਥਾਸਾਰਥੀ

ਜੀ ਪਾਰਥਾਸਾਰਥੀ

ਅਫ਼ਗਾਨਿਸਤਾਨ ਵਿਚ ਆਈਐੱਸਆਈ ਦੀ ਸ਼ਹਿ ਵਾਲੇ ਤਾਲਿਬਾਨ ਸ਼ਾਸਨ ਵੱਲੋਂ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਨੇ ਅਜਿਹਾ ਸੁਭਾਵਿਕ ਮਾਰਗ ਅਖ਼ਤਿਆਰ ਕੀਤਾ ਹੈ ਜੋ ਕਦੇ ਕਦਾਈਂ ਹੀ ਇਸਤੇਮਾਲ ਕੀਤਾ ਗਿਆ ਸੀ। ਨਵੀਂ ਦਿੱਲੀ ਅਫ਼ਗਾਨਿਸਤਾਨ ਦੇ ਪੱਛਮੀ ਗੁਆਂਢੀ ਮੁਲਕਾਂ ਨਾਲ ਨੇੜਿਓਂ ਮਿਲ ਕੇ ਕੰਮ ਕਰਦੀ ਰਹੀ ਹੈ। ਅਫ਼ਗਾਨਿਸਤਾਨ ਦੇ ਪੱਛਮ ਵੱਲ ਪੈਂਦੇ ਇਨ੍ਹਾਂ ਮੁਲਕਾਂ ਵਿਚ ਤਾਜਿਕਸਤਾਨ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਕਿਰਗਿਜ਼ਸਤਾਨ ਅਤੇ ਕਜ਼ਾਖਿਸਤਾਨ ਸ਼ਾਮਲ ਹਨ। ਕਿਸੇ ਸਮੇਂ ਇਹ ਸੋਵੀਅਤ ਸੰਘ ਦਾ ਹਿੱਸਾ ਰਹੇ ਹੋਣ ਕਰ ਕੇ ਇਨ੍ਹਾਂ ਮੁਲਕਾਂ ਨੂੰ ਰੂਸ ਤੋਂ ਹਮਾਇਤ ਤੇ ਸੁਰੱਖਿਆ ਦੀ ਜ਼ਾਮਨੀ ਮਿਲਦੀ ਰਹੀ ਹੈ। ਇਨ੍ਹਾਂ ਮੁਲਕਾਂ ਦੇ ਇਰਾਨ ਨਾਲ ਵੀ ਇਤਿਹਾਸਕ ਸੰਬੰਧ ਰਹੇ ਹਨ। ਅਮਰੀਕਾ ਵੱਲੋਂ ਅਫ਼ਗਾਨਿਸਤਾਨ ਤੇ ਧਾਵਾ ਬੋਲਣ ਤੋਂ ਪਹਿਲਾਂ ਵੀ ਆਈਐੱਸਆਈ ਦੀ ਹਮਾਇਤ ਵਾਲੇ ਤਾਲਿਬਾਨ ਦੇ ਸ਼ਾਸਨ ਨਾਲ ਨਜਿੱਠਣ ਲਈ ਭਾਰਤ, ਇਰਾਨ ਅਤੇ ਰੂਸ ਵੱਲੋਂ ਮਿਲ ਕੇ ਕੰਮ ਕਰਨ ਦਾ ਇਤਿਹਾਸ ਮਿਲਦਾ ਹੈ। ਜ਼ਾਹਿਰ ਹੈ ਕਿ ਰੂਸ ਅਤੇ ਇਰਾਨ ਨੇ ਭਾਰਤੀ ਸੱਦਾ ਸਵੀਕਾਰ ਕਰ ਲਿਆ ਪਰ ਚੀਨ ਤੇ ਪਾਕਿਸਤਾਨ ਨੇ ਹੁੰਗਾਰਾ ਨਹੀਂ ਭਰਿਆ। ਹਾਲਾਂਕਿ ਤਾਲਿਬਾਨ ਤੇ ਪਖ਼ਤੂਨਾਂ ਦਾ ਦਬਦਬਾ ਹੈ ਪਰ ਅਫ਼ਗਾਨਿਸਤਾਨ ਜਾਂ ਪਾਕਿਸਤਾਨ ਅੰਦਰਲੇ ਪਖ਼ਤੂਨਾਂ ਵਿਚ ਇਨ੍ਹਾਂ ਦਾ ਕੋਈ ਖਾਸ ਸਿਆਸੀ ਆਧਾਰ ਨਹੀਂ ਅਤੇ ਇਨ੍ਹਾਂ ਨੂੰ ਤਾਜਿਕ, ਉਜ਼ਬੇਕ, ਹਜ਼ਾਰਾ, ਬਲੋਚ ਅਤੇ ਹੋਰ ਫਿਰਕਿਆਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਦੀ ਅਫ਼ਗਾਨਿਸਤਾਨ ਵਿਚ ਸੰਖਿਆ 55 ਫ਼ੀਸਦ ਦੇ ਕਰੀਬ ਬਣਦੀ ਹੈ।

ਭਾਰਤ ਅਤੇ ਅਫ਼ਗਾਨਿਸਤਾਨ ਦੇ ਪੱਛਮੀ ਗੁਆਂਢੀ ਇਸ ਗੱਲੋਂ ਫਿ਼ਕਰਮੰਦ ਹਨ ਕਿ ਤਾਲਿਬਾਨ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਹਨ ਜਿਸ ਕਰ ਕੇ ਨਸਲੀ ਘੱਟਗਿਣਤੀਆਂ, ਖ਼ਾਸਕਰ ਤਾਜਿਕ ਭਾਈਚਾਰੇ ਨੂੰ ਆਸ ਪਾਸ ਦੇ ਮੁਲ਼ਕਾਂ ਅੰਦਰ ਸ਼ਰਨ ਲੈਣੀ ਪੈ ਰਹੀ ਹੈ। ਇਰਾਨ ਮਹਿਸੂਸ ਕਰਦਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਵੱਲੋਂ ਸ਼ੀਆ ਹਜ਼ਾਰਾ ਭਾਈਚਾਰੇ ਦੇ ਕੀਤੇ ਜਾ ਰਹੇ ਦਮਨ ਦਾ ਉਸ ਤੇ ਅਸਰ ਪੈ ਰਿਹਾ ਹੈ। ਅਫ਼ਗਾਨਿਸਤਾਨ ਦੇ ਪੱਛਮੀ ਗੁਆਂਢੀ ਮੁਲਕਾਂ ਲਈ ਇਹ ਵੀ ਖ਼ਾਸੀ ਚਿੰਤਾ ਦਾ ਵਿਸ਼ਾ ਹੈ ਕਿ ਅਮਰੀਕੀ ਫ਼ੌਜ ਜਾਣ ਸਮੇਂ ਜੋ ਹਥਿਆਰਾਂ ਤੇ ਸਾਜ਼ੋ-ਸਾਮਾਨ ਦਾ ਜ਼ਖ਼ੀਰਾ ਛੱਡ ਗਈ ਸੀ, ਉਹ ਤਾਲਿਬਾਨ ਦੇ ਹੱਥ ਆ ਗਿਆ ਹੈ। ਸ਼ੰਘਾਈ ਸਹਿਯੋਗ ਸੰਘ (ਐੱਸਸੀਓ) ਦੇ ਮੈਂਬਰ ਹੋਣ ਦੇ ਨਾਤੇ ਅਫ਼ਗਾਨਿਸਤਾਨ ਦੇ ਇਨ੍ਹਾਂ ਗੁਆਂਢੀ ਮੁਲਕਾਂ ਨਾਲ ਭਾਰਤ ਦਾ ਲਗਾਤਾਰ ਰਾਬਤਾ ਹੈ। ਰੂਸ ਦੇ ਭਾਵੇਂ ਆਪਣੇ ਕੁਝ ਸਰੋਕਾਰ ਹਨ ਪਰ ਉਹ ਅਫ਼ਗਾਨਿਸਤਾਨ ਦੇ ਮੁੱਦੇ ਤੇ ਚੀਨ ਨੂੰ ਨਾਰਾਜ਼ ਨਹੀਂ ਕਰਨਾ ਚਾਹੇਗਾ। ਪਾਕਿਸਤਾਨ ਅਫ਼ਗਾਨਿਸਤਾਨ ਅੰਦਰ ‘ਰਣਨੀਤਕ ਗਹਿਰਾਈ’ ਪਾਉਣੀ ਚਾਹੁੰਦਾ ਹੈ ਅਤੇ ਅਫ਼ਗਾਨ ਸਰਜ਼ਮੀਨ ਨੂੰ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਜਿਹੀਆਂ ਦਹਿਸ਼ਤਗਰਦ ਜਥੇਬੰਦੀਆਂ ਲਈ ਪਨਾਹਗਾਹ ਦੇ ਤੌਰ ਤੇ ਵਰਤਣਾ ਚਾਹੁੰਦਾ ਹੈ।

ਤਾਲਿਬਾਨ ਅੰਦਰ ਆਈਐੱਸਆਈ ਦੀ ਘੁਸਪੈਠ ਉਦੋਂ ਜੱਗ ਜ਼ਾਹਰ ਹੋ ਗਈ ਸੀ ਜਦੋਂ ਉਸ ਵੇਲੇ ਦਾ ਆਈਐੱਸਆਈ ਮੁਖੀ ਲੰਘੀ 15 ਅਗਸਤ ਨੂੰ ਕਾਬੁਲ ਵਿਚ ਤਾਲਿਬਾਨ ਦੀ ਸੱਤਾ ਦੇ ਪੈਰ ਜਮਾਉਣ ਸਮੇਂ ਕੌਮਾਂਤਰੀ ਨਜ਼ਰਾਂ ਹੇਠ ਆ ਗਿਆ ਸੀ। ਹਰ ਥਾਈਂ ਨਜ਼ਰ ਆਉਣ ਵਾਲਾ ਉਸ ਵੇਲੇ ਦਾ ਆਈਐੱਸਆਈ ਦਾ ਮੁਖੀ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਜਦੋਂ ਕਾਬੁਲ ਪਹੁੰਚਿਆ ਸੀ ਤਾਂ ਇੰਜ ਵਿਚਰ ਰਿਹਾ ਸੀ, ਜਿਵੇਂ ਉਹ ਕੋਈ ਅਫ਼ਗਾਨ ਸ਼ਹਿਜ਼ਾਦਾ ਹੋਵੇ। ਬਿਨਾ ਸ਼ੱਕ ਉਹ ਜੇਤੂ ਸਰੂਰ ਵਿਚ ਸੀ, ਕਿਉਂਕਿ ਉਸ ਨੇ ਨਾਮਜ਼ਦ ਪ੍ਰਧਾਨ ਮੰਤਰੀ ਮੁੱਲ੍ਹਾ ਅਬਦੁਲ ਗ਼ਨੀ ਬਰਾਦਰ ਨੂੰ ਖਦੇੜਨ ਵਿਚ ਕਾਮਯਾਬੀ ਹਾਸਲ ਕਰ ਲਈ ਸੀ ਜਿਸ ਨੂੰ ਕਾਬੁਲ ਤੋਂ ਭੱਜ ਕੇ ਕੰਧਾਰ ਜਾਣਾ ਪੈ ਗਿਆ ਸੀ, ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਨਾਮਜ਼ਦ ਗ੍ਰਹਿ ਮੰਤਰੀ ਤੇ ਬਦਨਾਮ ਤਾਲਿਬਾਨ ਕਮਾਂਡਰ ਸਿਰਾਜੂਦੀਨ ਹੱਕਾਨੀ ਦੇ ਗੁੰਡੇ ਉਸ ਦੀ ਹੱਤਿਆ ਨਾ ਕਰ ਦੇਣ। ਬਾਅਦ ਵਿਚ ਬਰਾਦਰ ਕਾਬੁਲ ਪਰਤਿਆ ਪਰ ਉਸ ਦਾ ਅਹੁਦਾ ਘਟਾ ਕੇ ਉਪ ਪ੍ਰਧਾਨ ਮੰਤਰੀ ਦਾ ਕਰ ਦਿੱਤਾ ਗਿਆ ਅਤੇ ਤਾਲਿਬਾਨ ਦੇ ਬਾਨੀਆਂ ਵਿਚ ਸ਼ੁਮਾਰ ਮੁੱਲ੍ਹਾ ਮੁਹੰਮਦ ਹਸਨ ਅਖੁੰਦ ਨੂੰ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ। ਅਖੁੰਦ ਦਾ ਨਾਂ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਦਹਿਸ਼ਤਗਰਦਾਂ ਦੀ ਸੂਚੀ ਵਿਚ ਦਰਜ ਹੈ। ਮੁੱਲ੍ਹਾ ਹੈਬਤੁੱਲ੍ਹਾ ਅਖੁੰਦਜ਼ਾਦਾ ਨੂੰ ਪਹਿਲਾਂ ਤਾਲਿਬਾਨ ਦਾ ਸਿਰਮੌਰ ਆਗੂ ਨਾਮਜ਼ਦ ਕੀਤਾ ਗਿਆ ਸੀ ਜੋ ਹੁਣ ਕੰਧਾਰ ਵਿਚ ਨਿੱਖੜਿਆ ਬੈਠਾ ਹੈ।

ਇਸ ਵੇਲੇ ਅਫ਼ਗਾਨਿਸਤਾਨ ਦੀ ਸਰਕਾਰ ਵਿਚ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਗ੍ਰਹਿ ਮੰਤਰੀ ਸਿਰਾਜੂਦੀਨ ਹੱਕਾਨੀ ਹੈ। ਉਹ ਅਫ਼ਗਾਨਿਸਤਾਨ ਵਿਚ ਅਮਰੀਕੀ ਫ਼ੌਜ ਤੇ ਸਭ ਤੋਂ ਵੱਧ ਹਮਲੇ ਕਰਨ ਲਈ ਜ਼ਿੰਮੇਵਾਰ ਹੈ। ਉਹ ਉਸਾਮਾ ਬਿਨ-ਲਾਦਿਨ ਅਤੇ ਅਲ-ਕਾਇਦਾ ਨਾਲ ਵੀ ਜੁੜਿਆ ਰਿਹਾ ਸੀ। ਹੱਕਾਨੀ ਨੱੈਟਵਰਕ ਦਾ ਆਧਾਰ ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਵਿਚ ਹੈ ਜੋ ਖ਼ੈਬਰ ਪਖ਼ਤੂਨਖਵਾ ਪ੍ਰਾਂਤ ਦਾ ਪਖਤੂਨਾਂ ਦੀ ਬਹੁਗਿਣਤੀ ਵਾਲਾ ਸੂਬਾ ਹੈ। ਪਖ਼ਤੂਨ ਡੂਰੰਡ ਲਾਈਨ ਦੇ ਆਰ-ਪਾਰ ਆਜ਼ਾਦਾਨਾ ਢੰਗ ਨਾਲ ਵਿਚਰਦੇ ਰਹੇ ਹਨ। ਕਾਬੁਲ ਦੇ ਪ੍ਰਸ਼ਾਸਨ ਦੀ ਵਾਗਡੋਰ ਇਸ ਸਮੇਂ ਸਿਰਾਜੂਦੀਨ ਹੱਕਾਨੀ ਦੇ ਭਰਾ ਖ਼ਲੀਲ-ਉਰ-ਰਹਿਮਾਨ ਦੇ ਹੱਥ ਹੈ। ਸਿਰਾਜੂਦੀਨ ਦੇ ਸਿਰ ਤੇ 50 ਲੱਖ ਡਾਲਰ ਦਾ ਇਨਾਮ ਹੈ ਅਤੇ ਉਸ ਦੇ ਉਸਾਮਾ ਬਿਨ-ਲਾਦਿਨ ਨਾਲ ਵੀ ਕਰੀਬੀ ਸੰਬੰਧ ਰਹੇ ਹਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਉਸ ਦਾ ਘਰ ਉੱਤਰੀ ਵਜ਼ੀਰਿਸਤਾਨ ਵਿਚ ਮੌਜੂਦ ਹੈ ਜੋ ਅਫ਼ਗਾਨਿਸਤਾਨ ਤੇ ਪਾਕਿਸਤਾਨ ਨੂੰ ਵੱਖ ਕਰਨ ਵਾਲੀ ਡੂਰੰਡ ਲਾਈਨ ਤੇ ਸਥਿਤ ਹੈ। ਉਸ ਦੇ ਪਰਿਵਾਰ ਦੇ ਜੀਅ ਲੰਮੇ ਅਰਸੇ ਤੋਂ ਆਈਐੱਸਆਈ ਲਈ ਕੰਮ ਕਰਦੇ ਰਹੇ ਹਨ।

ਅਫ਼ਗਾਨਿਸਤਾਨ ਵਿਚ ਚੀਨ ਤੇ ਪਾਕਿਸਤਾਨ ਦੇ ਵੀ ਆਪੋ-ਆਪਣੇ ਹਿੱਤ ਹਨ। ਤਾਲਿਬਾਨ ਪਾਕਿਸਤਾਨ ਨੂੰ ‘ਰਣਨੀਤਕ ਗਹਿਰਾਈ’ ਮੁਹੱਈਆ ਕਰਵਾਉਂਦਾ ਹੈ ਅਤੇ ਭਾਰਤ ਦੇ ਖਿਲਾਫ਼ ਇਸ ਦੇ ਜਹਾਦੀਆਂ ਨੂੰ ਅਫ਼ਗਾਨਿਸਤਾਨ ਵਿਚ ਹਥਿਆਰ ਤੇ ਸਿਖਲਾਈ ਮੁਹੱਈਆ ਕਰਵਾਉਣ ਵਿਚ ਮਦਦਗਾਰ ਹੁੰਦਾ ਹੈ। ਇਸ ਤੋਂ ਇਲਾਵਾ ਤਾਲਿਬਾਨ ਨੇ ਅੰਗਰੇਜ਼ਾਂ ਦੀ ਖਿੱਚੀ ਡੂਰੰਡ ਲਾਈਨ ਵਾਲੀ ਸਰਹੱਦ ਤੇ ਪਾਕਿਸਤਾਨ ਵਲੋਂ ਕੀਤੇ ਜਾਂਦੇ ਦਾਅਵਿਆਂ ਤੇ ਕੋਈ ਉਜ਼ਰ ਨਹੀਂ ਕੀਤਾ ਹੈ। ਉਂਜ, ਪਾਕਿਸਤਾਨ ਨੂੰ ਹੁਣ ਤਾਲਿਬਾਨ ਦੇ ਇਕ ਗਰੁੱਪ ਤਹਿਰੀਕ-ਏ-ਤਾਲਿਬਾਨ ਤੋਂ ਕੁਝ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਡੂਰੰਡ ਲਾਈਨ ਨੂੰ ਮੰਨਣ ਤੋਂ ਇਨਕਾਰੀ ਹੈ। ਤਹਿਰੀਕ ਦਾ ਦਾਅਵਾ ਹੈ ਕਿ ਅਫ਼ਗਾਨਿਸਤਾਨ ਦੀ ਸਰਹੱਦ ਅਟਕ ਨੇੜੇ ਸਿੰਧ ਦਰਿਆ ਦੇ ਕੰਢੇ ਤੱਕ ਜਾਂਦੀ ਹੈ। ਪਖ਼ਤੂਨ ਭਾਈਚਾਰੇ ਅੰਦਰਲਾ ਰੋਹ ਉਦੋਂ ਸਿਖਰ ਤੇ ਪਹੁੰਚ ਗਿਆ ਸੀ ਜਦੋਂ ਪਾਕਿਸਤਾਨੀ ਫ਼ੌਜ ਨੇ ਹਵਾਈ ਸੈਨਾ ਦੀ ਮਦਦ ਨਾਲ ਪਖਤੂਨ ਕਸਬਿਆਂ ਤੇ ਪਿੰਡਾਂ ਤੇ ਭਾਰੀ ਹਮਲਾ ਕੀਤਾ ਸੀ। ਹਜ਼ਾਰਾਂ ਪਖਤੂਨਾਂ ਨੂੰ ਆਪਣਾ ਘਰ ਬਾਰ ਛੱਡ ਕੇ ਭੱਜਣਾ ਪਿਆ ਸੀ।

ਭਾਰਤ ਇਸ ਵੇਲੇ ਇਰਾਨ ਅਤੇ ਅਫ਼ਗਾਨਿਸਤਾਨ ਦੇ ਪੰਜ ਮੱਧ ਏਸ਼ਿਆਈ ਗੁਆਂਢੀਆਂ ਨਾਲ ਇਕਸੁਰ ਹੈ ਜਿਨ੍ਹਾਂ ਦੇ ਪਾਕਿਸਤਾਨ ਦੀਆਂ ਨੀਤੀਆਂ ਨੂੰ ਲੈ ਕੇ ਗੰਭੀਰ ਸਰੋਕਾਰ ਹਨ। ਲੰਘੀ 10 ਨਵੰਬਰ ਨੂੰ ਨਵੀਂ ਦਿੱਲੀ ਵਿਚ ਹੋਈ ਮੀਟਿੰਗ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਅਫ਼ਗਾਨਿਸਤਾਨ ਦੀ ਸਰਜ਼ਮੀਨ ਨੂੰ ਦਹਿਸ਼ਤਗਰਦ ਸਰਗਰਮੀਆਂ ਲਈ ਪਨਾਹ, ਸਿਖਲਾਈ ਜਾਂ ਵਿੱਤੀ ਇਮਦਾਦ ਦੇਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ। ਇਸ ਮੀਟਿੰਗ ਨੇ ਇਹ ਵੀ ਸੱਦਾ ਦਿੱਤਾ ਕਿ ਕੱਟੜਪੁਣੇ ਅਤੇ ਦਹਿਸ਼ਤਗਰਦੀ ਦੇ ਢਾਂਚਿਆਂ ਨੂੰ ਤੋੜਨ ਲਈ ਆਪਸੀ ਸਹਿਯੋਗ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਅਹਿਮ ਗੱਲ ਇਹ ਸੀ ਕਿ ਮੱਧ ਏਸ਼ਿਆਈ ਮੁਲਕਾਂ ਤੇ ਇਰਾਨ ਨੇ ਅਫ਼ਗਾਨਿਸਤਾਨ ਦੇ ਸਾਰੇ ਤਬਕਿਆਂ ਦੇ ਲੋਕਾਂ ਲਈ ਬਿਨਾ ਕਿਸੇ ਪੱਖਪਾਤ ਤੇ ਅੜਿੱਕੇ ਤੋਂ ਇਨਸਾਨੀ ਇਮਦਾਦ ਪਹੁੰਚਾਉਣ ਦੀ ਵਿਵਸਥਾ ਕਰਨ ਦੀ ਅਪੀਲ ਕੀਤੀ। ਅਫ਼ਗਾਨਿਸਤਾਨ ਦੇ ਲੋਕਾਂ ਨੂੰ ਅਨਾਜ ਅਤੇ ਦਵਾਈਆਂ ਦੀ ਫ਼ੌਰੀ ਲੋੜ ਹੈ। ਭਾਰਤ ਨੇ ਆਪਣੇ ਕਦਮ ਵਧਾਉਂਦਿਆਂ ਅਫ਼ਗਾਨਿਸਤਾਨ ਦੇ ਲੋਕਾਂ ਲਈ 50 ਹਜ਼ਾਰ ਟਨ ਕਣਕ ਅਤੇ ਜ਼ਰੂਰੀ ਦਵਾਈਆਂ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਵਲੋਂ ਇਸ ਸਮੱਗਰੀ ਲਈ ਲਾਂਘਾ ਦੇਣ ਵਾਸਤੇ ਪਾਕਿਸਤਾਨ ਕੋਲ ਵੀ ਪਹੁੰਚ ਕੀਤੀ ਹੈ। ਕੁਝ ਦੇਰ ਜੱਕੋਤੱਕੀ ਵਿਚ ਰਹਿਣ ਤੋਂ ਬਾਅਦ ਪਾਕਿਸਤਾਨ ਨੇ ਸੰਕੇਤ ਦਿੱਤਾ ਹੈ ਕਿ ਰਾਹਤ ਸਮੱਗਰੀ ਲਈ ਲਾਂਘਾ ਦੇ ਦਿੱਤਾ ਜਾਵੇਗਾ। ਅਫ਼ਗਾਨਿਸਤਾਨ ਅਤੇ ਕੌਮਾਂਤਰੀ ਭਾਈਚਾਰੇ ਨੂੰ ਇਸ ਕਿਸਮ ਦੇ ਨੁਕਸ ਕੱਢਣ ਤੇ ਅੜਿੱਕੇ ਡਾਹੁਣ ਵਾਲੇ ਪਾਕਿਸਤਾਨ ਦੇ ਤੌਰ ਤਰੀਕਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ।

ਤਾਲਿਬਾਨ ਨੇ 50 ਹਜ਼ਾਰ ਟਨ ਕਣਕ ਭੇਜਣ ਦੀ ਭਾਰਤ ਦੀ ਪੇਸ਼ਕਸ਼ ਦਾ ਸਵਾਗਤ ਕੀਤਾ ਹੈ ਅਤੇ ਉਨ੍ਹਾਂ ਪਾਕਿਸਤਾਨ ਨੂੰ ਢੋਆ ਢੁਆਈ ਲਈ ਰਾਹ ਸਾਫ਼ ਕਰਨ ਦੀ ਅਪੀਲ ਕੀਤੀ ਹੈ। ਉਹ ਬਾਖ਼ਬਰ ਹਨ ਕਿ ਚੀਨ ਉਨ੍ਹਾਂ ਦੇ ਕਰੀਬ ਇਕ ਖਰਬ ਡਾਲਰ ਮੁੱਲ ਦੇ ਕੁਦਰਤੀ ਸਰੋਤਾਂ ਨੂੰ ਹਥਿਆਉਣ ਦੀਆਂ ਖਾਹਸ਼ਾਂ ਪਾਲੀ ਬੈਠਾ ਹੈ। ਇਨ੍ਰਾਂ ਕੁਦਰਤੀ ਸਰੋਤਾਂ ਵਿਚ ਬੇਸ਼ਕੀਮਤੀ ਪੱਥਰ, ਯੂਰੇਨੀਅਮ, ਕ੍ਰੋਮੀਅਮ, ਤਾਂਬਾ, ਲੀਥੀਅਮ, ਬਾਕਸਾਈਟ, ਕੋਬਾਲਟ, ਲੋਹਾ ਆਦਿ ਸ਼ਾਮਲ ਹਨ। ਚੀਨ ਇਨ੍ਹਾਂ ਵਿਚੋਂ ਜ਼ਿਆਦਾਤਰ ਸਰੋਤਾਂ ਤੱਕ ਰਸਾਈ ਲਈ ਸਿਆਸੀ ਤੇ ਰਣਨੀਤਕ ਸਪੇਸ ਹਾਸਲ ਕਰਨੀ ਚਾਹੁੰਦਾ ਹੈ। ਇਸ ਦੀ ਮੂਲ ਸਮੱਸਿਆ ਇਹ ਹੈ ਕਿ ਉਸ ਵਲੋਂ ਆਪਣੇ ਸ਼ਿਨਜਿਆਂਗ ਖੇਤਰ ਵਿਚ ਮੁਸਲਿਮ ਆਬਾਦੀ ਨਾਲ ਧੱਕਾ ਕੀਤਾ ਜਾ ਰਿਹਾ ਹੈ। ਦੁਨੀਆ ਭਰ ਵਿਚ ਇਸਲਾਮੀ ਕਾਜ਼ ਦੀ ਝੰਡਾਬਰਦਾਰੀ ਕਰਨ ਵਾਲਾ ਤਾਲਿਬਾਨ ਕਿੰਨੀ ਕੁ ਦੇਰ ਅਫ਼ਗਾਨਿਸਤਾਨ ਦੀ ਸਰਹੱਦ ਦੇ ਦੂਜੇ ਪਾਸੇ ਹੋ ਰਹੀਆਂ ਘਟਨਾਵਾਂ ਪ੍ਰਤੀ ਮੂੰਹ ਫੇਰ ਕੇ ਬੈਠਾ ਰਹੇਗਾ? ਅਫ਼ਗਾਨਿਸਤਾਨ ਆਪਣੀ ਸਰਹੱਦਾਂ ਤੇ ਤਣਾਅ ਸਮੇਤ ਅਸਥਿਰਤਾ, ਕਸ਼ਮਕਸ਼ ਅਤੇ ਹਿੰਸਾ ਦੇ ਇਕ ਲੰਮੇ ਦੌਰ ਲਈ ਤਿਆਰ ਹੋ ਰਿਹਾ ਹੈ। ਇਸ ਦੌਰਾਨ, ਇਮਰਾਨ ਖ਼ਾਨ ਦੀਆਂ ਮੁਸ਼ਕਿਲਾਂ ਦਾ ਸਾਰ ਪੇਸ਼ ਕਰਦਿਆਂ ਹਾਲ ਹੀ ਵਿਚ ਉੱਘੇ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਧਿਆਨ ਦਿਵਾਇਆ ਸੀ: ਇਮਰਾਨ ਖ਼ਾਨ ਕਿਸੇ ਵੀ ਕੀਮਤ ਤੇ ਦੂਜੀ ਪਾਰੀ ਹਾਸਲ ਕਰਨ ਲਈ ਦ੍ਰਿੜ ਜਾਪਦੇ ਹਨ। ਜਨਰਲ ਬਾਜਵਾ ਵੀ ਆਪਣਾ ਕਾਰਜਕਾਲ ਵਧਾਉਣ ਦੇ ਖਾਹਸ਼ਮੰਦ ਹੋ ਸਕਦੇ ਹਨ। ਲੈਫਟੀਨੈਂਟ ਜਨਰਲ ਹਮੀਦ ਉਨ੍ਹਾਂ ਦੀ ਥਾਂ ਲੈਣਾ ਚਾਹੁੰਦੇ ਹਨ ਪਰ ਜਰਨੈਲਾਂ ਦੀ ਇਹ ਸਹਿਹੋਂਦ ਜ਼ਿਆਦਾ ਦੇਰ ਚੱਲਣ ਵਾਲੀ ਨਹੀਂ। ਪ੍ਰਧਾਨ ਮੰਤਰੀ ਨੂੰ ਬਾਜਵਾ ਜਾਂ ਹਮੀਦ ਵਿਚੋਂ ਕਿਸੇ ਇਕ ਦੀ ਚੋਣ ਕਰਨੀ ਪਵੇਗੀ ਪਰ ਉਨ੍ਹਾਂ ਲਈ ਅਮਨ ਕਾਨੂੰਨ ਅਤੇ ਲਾਕਾਨੂੰਨੀ ਦਰਮਿਆਨ ਕੋਈ ਚੋਣ ਨਹੀਂ ਹੋ ਸਕਦੀ।
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All