DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੁੱਖ ਲਈ ਧਰਮ ਕਿੰਨਾ ਜ਼ਰੂਰੀ ?

ਸਾਡੇ ਮੁਲਕ ਵਿਚ ਸਧਾਰਣ ਹੀ ਇਹ ਤਸੱਵਰ ਕੀਤਾ ਜਾਂਦਾ ਹੈ ਕਿ ਹਰ ਵਿਅਕਤੀ ਦਾ ਕੋਈ ਨਾ ਕੋਈ ਧਰਮ ਹੁੰਦਾ ਹੈ। ਰੇਲ ਗੱਡੀ ਵਿਚ ਸਫ਼ਰ ਕਰਦਿਆਂ ਕਈ ਵਾਰ ਸਵਾਰੀਆਂ ਇਕ ਦੂਜੇ ਨੂੰ ਪੁੱਛ ਲੈਂਦੀਆਂ ਹਨ ਕਿ ਤੁਸੀਂ ਕੌਣ ਹੁੰਦੇ ਹੋ ਤਾਂ...

  • fb
  • twitter
  • whatsapp
  • whatsapp
Advertisement

ਸਾਡੇ ਮੁਲਕ ਵਿਚ ਸਧਾਰਣ ਹੀ ਇਹ ਤਸੱਵਰ ਕੀਤਾ ਜਾਂਦਾ ਹੈ ਕਿ ਹਰ ਵਿਅਕਤੀ ਦਾ ਕੋਈ ਨਾ ਕੋਈ ਧਰਮ ਹੁੰਦਾ ਹੈ। ਰੇਲ ਗੱਡੀ ਵਿਚ ਸਫ਼ਰ ਕਰਦਿਆਂ ਕਈ ਵਾਰ ਸਵਾਰੀਆਂ ਇਕ ਦੂਜੇ ਨੂੰ ਪੁੱਛ ਲੈਂਦੀਆਂ ਹਨ ਕਿ ਤੁਸੀਂ ਕੌਣ ਹੁੰਦੇ ਹੋ ਤਾਂ ਅਗਲਾ ਆਪਣਾ ਧਰਮ ਜਾਂ ਜਾਤ ਦੱਸਦਾ ਹੈ। ਲੋਕਾਂ ਵਿਚ ਏਕਤਾ ਦੀ ਲੋੜ ਦਰਸਾਉਣ ਵਾਸਤੇ ਅਸੀਂ ‘ਹਿੰਦੂ, ਮੁਸਲਿਮ, ਸਿੱਖ, ਈਸਾਈ ਆਪਸ ਵਿਚ ਹਨ ਭਾਈ ਭਾਈ’ ਦਾ ਨਾਅਰਾ ਲਗਾਉਂਦੇ ਹਾਂ। ਨਾਅਰਾ ਬਹੁਤ ਪਿਆਰਾ ਹੈ, ਸਹੀ ਵੀ ਹੈ ਪਰ ਅਸੀਂ ਘੱਟ ਹੀ ਸੋਚਦੇ ਹਾਂ ਕਿ ਕੋਈ ਬੰਦਾ ਅਜਿਹਾ ਵੀ ਹੁੰਦਾ ਹੋਵੇਗਾ ਜੋ ਇਹਨਾਂ ਵਿਚੋਂ ਕਿਸੇ ਵਰਗ ਵਿਚ ਵੀ ਨਹੀਂ ਆਉਂਦਾ। ਅਜਿਹਾ ਵੀ ਘੱਟ ਹੀ ਤਸੱਵਰ ਕੀਤਾ ਜਾਂਦਾ ਹੈ ਕਿ ਅਜਿਹੇ ਲੋਕ ਵੀ ਹੋਣਗੇ ਜੋ ਰੱਬ ਵਿਚ ਯਕੀਨ ਨਹੀਂ ਰੱਖਦੇ। ਲੇਕਿਨ ਯੂਰੋਪ, ਆਸਟ੍ਰੇਲੀਆ, ਅਮਰੀਕਾ ਤੇ ਹੋਰ ਵਿਕਸਤ ਦੇਸ਼ਾਂ ਵਿਚ ਅਜਿਹਾ ਨਹੀਂ। ਉਥੇ ਆਮ ਤੌਰ ’ਤੇ ਲੋਕਾਂ ਦੇ ਦੋ ਗਰੁੱਪ ਮੰਨੇ ਜਾਂਦੇ ਹਨ, ਇਕ ‘ਬਿਲੀਵਰ’ ਜੋ ਰੱਬ ਨੂੰ ਮੰਨਦੇ ਹਨ ਤੇ ਦੂਜਾ ‘ਨਾਨ-ਬਿਲੀਵਰ’ ਜੋ ਨਹੀਂ ਮੰਨਦੇ ਮਤਲਬ ਕਿ ਨਾਸਤਿਕ ਹੁੰਦੇ ਹਨ। ਸਾਡੇ ਮੁਲਕ ਵਿਚ ਅਜਿਹੀ ਚਰਚਾ ਤਾਂ ਹੁੰਦੀ ਰਹਿੰਦੀ ਹੈ ਕਿ ਲੋਕਾਂ ਦੇ ਰੱਬ ਨੂੰ ਮੰਨਣ ਦੇ ਵੱਖੋ ਵੱਖਰੇ ਤਰੀਕੇ ਹੁੰਦੇ ਹਨ, ਹਰ ਧਰਮ ਦੀ ਵੱਖੋ ਵੱਖਰੀ ਆਸਥਾ ਹੁੰਦੀ ਹੈ, ਪਰ ਕੋਈ ਆਸਥਾ ਹੀ ਨਾ ਹੁੰਦੀ ਹੋਵੇ ਤੇ ਕੋਈ ਲੋਕ ਰੱਬ ਹੀ ਨਹੀਂ ਮੰਨਦੇ ਇਸ ਦਾ ਅਜੇ ਤਸੱਵਰ ਹੀ ਨਹੀਂ ਕੀਤਾ ਜਾਂਦਾ।

ਹੁਣੇ ਜਿਹੇ ਸਾਡੀ ਪਾਰਲੀਮੈਂਟ ਵਿਚ ‘ਵੰਦੇ ਮਾਤਰਮ’ ਗੀਤ ਦੇ 150 ਸਾਲ ਪੂਰੇ ਹੋਣ ਮੌਕੇ ਬਾਰੇ ਬਹਿਸ ਹੋ ਰਹੀ ਸੀ। ਬਹਿਸ ਵਿਚ ਹਿੱਸਾ ਲੈਂਦਿਆਂ ਹੈਦਰਾਬਾਦ ਤੋਂ ਚੁਣ ਕੇ ਆਏ ਪਾਰਲੀਮੈਂਟ ਮੈਂਬਰ ਸ੍ਰੀ ਅਸਦੂਦੀਨ ਓਵੈਸੀ ਨੇ ਕਿਹਾ ਕਿ ਇਸ ਮੁਲਕ ਵਿਚ ਵੱਖ ਵੱਖ ਵਿਸ਼ਵਾਸ ਰੱਖਣ ਵਾਲੇ ਲੋਕ ਰਹਿੰਦੇ ਹਨ, ਇਥੇ ਹਿੰਦੂ ਹਨ, ਮੁਸਲਿਮ ਹਨ, ਸਿੱਖ ਹਨ, ਈਸਾਈ ਹਨ ਤੇ ਨਾਸਤਿਕ ਵੀ ਹਨ। ਇਸ ਤਰ੍ਹਾਂ ਉਹਨਾਂ ਨੇ ਨਾਸਤਿਕਤਾ ਨੂੰ ਵੀ ਬਾਕੀ ਵਿਸ਼ਵਾਸਾਂ ਦੀ ਸੂਚੀ ਵਿਚ ਇਕ ਵਿਸ਼ਵਾਸ ਮੰਨਿਆ ਹੈ। ਉਹਨਾਂ ਨੇ ਇਹਨਾਂ ਸਭਨਾਂ ਦੇ ਅਕੀਦੇ ਤੇ ਭਾਵਨਾਵਾਂ ਦਾ ਆਦਰ ਕਰਨ ਦੀ ਲੋੜ ਉਪਰ ਜ਼ੋਰ ਦਿੱਤਾ। ਉਹਨਾਂ ਦੀ ਇਹ ਗੱਲ ਸਾਧਾਰਣ ਤੌਰ ’ਤੇ ਪ੍ਰਚੱਲਤ ਧਾਰਨਾਂ ਦੇ ਵਿਰੁੱਧ ਹੈ। ਪ੍ਰਚੱਲਤ ਧਾਰਨਾ ਵਿਚ ਵੱਖ ਵੱਖ ਧਰਮਾਂ ਦੀ ਗੱਲ ਹੀ ਕੀਤੀ ਜਾਂਦੀ ਹੈ, ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਜਿਹੜੇ ਕੋਈ ਵੀ ਧਾਰਮਿਕ ਵਿਸ਼ਵਾਸ ਨਹੀਂ ਰੱਖਦੇ। ਫਿਰ ਵੀ ਓਵੈਸੀ ਦੀ ਗੱਲ ਅਰਥ ਭਰਪੂਰ ਹੈ। ਅਸਲ ਵਿਚ ‘ਧਰਮ ਨਿਰਪੱਖਤਾ’ ਦਾ ਸਿਧਾਂਤ ਓਨੀ ਦੇਰ ਤੱਕ ਸੰਪੂਰਨ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਨਾਸਤਿਕਤਾ ਨੂੰ ਵੀ ਸਭ ਧਰਮਾਂ ਦੇ ਬਰਾਬਰ ਦਾ ਸਤਿਕਾਰ ਨਹੀਂ ਦਿੱਤਾ ਜਾਂਦਾ।

Advertisement

ਸਾਡੇ ਗੁਆਂਢੀ ਮੁਲਕ ਪਾਕਿਸਤਾਨ ਤੇ ਦੁਨੀਆ ਦੇ ਕਈ ਹੋਰ ਮੁਲਕਾਂ ਵਿਚ ਨਾਗਰਿਕ ਦੀ ਕਾਨੂੰਨੀ ਪਛਾਣ ਧਰਮ ਨਾਲ ਜੁੜੀ ਹੁੰਦੀ ਹੈ, ਉਹਨਾਂ ਦੇ ਪਛਾਣ ਪੱਤਰਾਂ ਤੇ ਪਾਸਪੋਰਟਾਂ ਉਪਰ ਧਰਮ ਦਾ ਨਾਮ ਲਿਖਿਆ ਹੁੰਦਾ ਹੈ। ਸਾਡੇ ਵਾਸਤੇ ਇਹ ਬਹੁਤ ਮਾਣ ਦੀ ਗੱਲ ਹੈ ਕਿ ਇਸ ਮੁਲਕ ਵਿਚ ਆਧਾਰ ਕਾਰਡ ਜਾਂ ਪਾਸਪੋਰਟ ਵਗੈਰਾ ਬਣਾਉਣ ਵੇਲੇ ਕਿਸੇ ਦਾ ਧਰਮ ਨਹੀਂ ਪੁੱਛਿਆ ਜਾਂਦਾ ਤੇ ਨਾ ਹੀ ਉਸ ਦਾ ਜ਼ਿਕਰ ਅਜਿਹੇ ਦਸਤਾਵੇਜ਼ਾਂ ਵਿਚ ਹੁੰਦਾ ਹੈ। ਲੇਕਿਨ ਫਿਰ ਵੀ ਕੁਝ ਮਾਮਲਿਆਂ ਵਿਚ ਅਜੇ ਵੀ ਸਾਡੇ ਮੁਲਕ ਵਿਚ ਵਿਅਕਤੀਗਤ ਧਰਮਾਂ ਦਾ ਜ਼ਿਕਰ ਹੁੰਦਾ ਹੈ ਜਿਵੇਂ ਵਿਆਹ ਦੀ ਰਜਿਸਟ੍ਰੇਸ਼ਨ ਤੇ ਪਿਤਾ ਪੁਰਖੀ ਜਾਇਦਾਦ ਦੀ ਤਕਸੀਮ ਵੇਲੇ। ਹਾਲਾਂਕਿ ਸਾਡੇ ਮੁਲਕ ਵਿਚ ਇਕ ‘ਭਾਰਤੀ ਵਿਆਹ ਕਾਨੂੰਨ’ ਵੀ ਹੈ ਪਰ ਉਸ ਦੇ ਤਹਿਤ ਸ਼ਾਦੀਆਂ ਦੀ ਰਜਿਸਟ੍ਰੇਸ਼ਨ ਕਰਵਾਏ ਜਾ ਸਕਣ ਦੀ ਵਿਵਸਥਾ ਨਹੀਂ, ਇਸ ਵਾਸਤੇ ਲੋਕਾਂ ਨੂੰ ‘ਹਿੰਦੂ ਵਿਆਹ ਕਾਨੂੰਨ’ ਜਾਂ ਮੁਸਲਿਮ ਪਰਸਨਲ ਲਾਅ ਦੇ ਤਹਿਤ ਸ਼ਾਦੀਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ।

Advertisement

ਸਿਧਾਂਤਕ ਤੌਰ ’ਤੇ ਇਕ ਸੈਕੁਲਰ ਮੁਲਕ ਦੇ ਦਸਤਾਵੇਜ਼ਾਂ ਵਿਚ ਇਸ ਤਰ੍ਹਾਂ ਵਿਅਕਤੀਗਤ ਧਰਮਾਂ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ ਹੈ। ਕਾਮਨ ਸਿਵਿਲ ਕੋਡ ਦਾ ਵਿਸ਼ਾ ਤਾਂ ਵੱਖਰਾ ਪਰ ਕੁਝ ਸੁਧਾਰ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ। ਜਦੋਂ ਸਾਡੇ ਮੁਲਕ ਵਿਚ ‘ਭਾਰਤੀ ਵਿਆਹ ਕਾਨੂੰਨ’ ਹੈ ਤਾਂ ਇਸ ਦੇ ਮੁਤਾਬਕ ਹੀ ਸਭ ਵਿਆਹਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਹਾਂ, ਉਸ ਵਿਚ ਇਕ ਖਾਨਾ ਬਣਾ ਦਿੱਤਾ ਜਾ ਸਕਦਾ ਹੈ ਕਿ ਕੀ ਇਸ ਵਿਆਹ ਵਿਚ ਕੋਈ ਧਾਰਮਿਕ ਰਸਮ ਅਦਾ ਕੀਤੀ ਗਈ ਸੀ ਜਾਂ ਨਹੀਂ। ਅਗਰ ‘ਹਾਂ’ ਲਿਖਿਆ ਜਾਵੇ ਤਾਂ ਅੱਗੇ ਵਰਨਣ ਹੋ ਸਕਦਾ ਹੈ ਕਿ ਨਿਕਾਹ ਕੀਤਾ ਗਿਆ ਜਾਂ ਅਗਨੀ ਦੁਆਲੇ ਫੇਰੇ ਜਾਂ ਆਨੰਦ ਕਾਰਜ ਜਾਂ ਕਿਸੇ ਵੀ ਕਿਸਮ ਦੀ ਕੋਈ ਹੋਰ ਧਾਰਮਿਕ ਰਸਮ ਨਿਭਾਈ ਗਈ। ਬੇਸ਼ੱਕ ਸਾਡੇ ਆਪਣੇ ਪਛਾਣ ਪੱਤਰਾਂ ਅਤੇ ਪਾਸਪੋਰਟਾਂ ਉਪਰ ਧਰਮਾਂ ਦੇ ਨਾਮ ਨਹੀਂ ਲਿਖੇ ਜਾਂਦੇ ਪਰ ਜੇ ਕੋਈ ਬਾਹਰਲੇ ਦੇਸ਼ ਦਾ ਨਾਗਰਿਕ ਸਾਡੇ ਮੁਲਕ ਵਿਚ ਆਉਣ ਵਾਸਤੇ ਵੀਜ਼ੇ ਦੀ ਦਰਖ਼ਾਸਤ ਦਿੰਦਾ ਹੈ ਤਾਂ ਉਸ ਦਾ ਧਰਮ ਪੁੱਛਿਆ ਜਾਂਦਾ ਹੈ। ਵਿਦੇਸ਼ ਵਿਭਾਗ ਵੱਲੋਂ ਜਾਰੀ ਕੀਤੇ ਗਏ ਵੀਜ਼ਾ ਫਾਰਮਾਂ ਵਿਚ ਧਰਮ ਦੇ ਖਾਨੇ ਅੱਗੇ ਚੋਣ ਵੀ ਦਿੱਤੀ ਗਈ ਹੈ ਕਿ ਹਿੰਦੂ, ਮੁਸਲਿਮ, ਸਿੱਖ, ਈਸਾਈ ਜਾਂ ਹੋਰ। ਜੇ ਕੋਈ ‘ਹੋਰ’ ਅੱਗੇ ਟਿੱਕ ਕਰਦਾ ਹੈ ਤਾਂ ਉਸ ਤੋਂ ਇਸ ਦਾ ਵਿਸਥਾਰ ਪੁੱਛਿਆ ਜਾਂਦਾ ਹੈ। ਇਹ ਠੀਕ ਹੈ ਕਿ ਜੇ ਕੋਈ ਇਸ ਦੇ ਜਵਾਬ ਵਿਚ ‘ਕੋਈ ਨਹੀਂ’ ਜਾਂ ‘ਨਿਲ’ ਲਿਖਦਾ ਹੈ ਤਾਂ ਵੀ ਉਸ ਦੀ ਦਰਖਾਸਤ ਵਿਚਾਰ ਅਧੀਨ ਰੱਖ ਲਈ ਜਾਂਦੀ ਹੈ।

ਕਈ ਵਾਰ ਖ਼ਿਆਲ ਆਉਂਦਾ ਹੈ ਕਿ ਜਦੋਂ ਸਾਡੇ ਮੁਲਕ ਵਿਚ ਧਰਮ ਅਧਾਰਿਤ ਕੋਈ ਰਿਜ਼ਰਵੇਸ਼ਨ ਵਗੈਰਾ ਨਹੀਂ ਤੇ ਨਾ ਹੀ ਸਰਕਾਰੀ ਸਹੂਲਤਾਂ ਇਸ ਹਿਸਾਬ ਨਾਲ ਮਿਲਣੀਆਂ ਹੁੰਦੀਆਂ ਹਨ ਤਾਂ ਜਨ ਗਣਨਾ ਵਿਚ ਧਰਮ ਦਾ ਖਾਨਾ ਕਿਉਂ ਰੱਖਿਆ ਜਾਂਦਾ ਹੈ। ਚਲੋ, ਜੇ ਸਿਰਫ਼ ਜਾਣਕਾਰੀ ਵਾਸਤੇ ਇਹ ਗਿਣਤੀ ਕਰਨੀ ਹੈ ਤਾਂ ਇਸ ਵਿਚ ਹਿੰਦੂ, ਮੁਸਲਿਮ, ਸਿੱਖ, ਈਸਾਈ ਤੇ ਹੋਰ ਦੇ ਪੰਜ ਖਾਨੇ ਰੱਖਣ ਦੀ ਬਜਾਏ ਧਰਮ ਦਾ ਇਕ ਹੀ ਖਾਨਾ ਹੋਣਾ ਚਾਹੀਦਾ ਹੈ ਜਿਸ ਵਿਚ ਹਰ ਕੋਈ ਆਪਣੀ ਮਰਜ਼ੀ ਦਾ ਨਾਮ ਲਿਖਾ ਸਕੇ। ਗਿਣਤੀ ਦਾ ਮਤਲਬ ਇਹ ਹੈ ਕਿ ਜੇ ਬੋਧੀ, ਜੈਨੀ, ਪਾਰਸੀ ਤੇ ਯਹੂਦੀ ਵਗੈਰਾ ਧਰਮਾਂ ਦੀ ਗਿਣਤੀ ਕਿੰਨੀ ਵੀ ਥੋੜ੍ਹੀ ਕਿਉਂ ਨਾ ਹੋਵੇ, ਉਸ ਦਾ ਸਹੀ ਵਰਨਣ ਹੋਣਾ ਚਾਹੀਦਾ ਹੈ, ਉਹਨਾਂ ਨੂੰ ‘ਹੋਰ’ ਦੇ ਖਾਨੇ ਵਿਚ ਨਹੀਂ ਗਿਣਨਾ ਚਾਹੀਦਾ। ਇਕ ਵਾਰ ਸਾਡੇ ਤਰਕਸ਼ੀਲ ਸਾਥੀਆਂ ਨੇ ਆਪਣਾ ਧਰਮ ‘ਇਨਸਾਨੀਅਤ’ ਲਿਖਵਾਉਣ ਵਾਸਤੇ ਅਪੀਲ ਕੀਤੀ ਸੀ ਪਰ ਇਹ ਲਿਖਵਾਉਣ ਵਾਲਿਆਂ ਦੀ ਗਿਣਤੀ ਬੋਧੀ, ਜੈਨੀ ਵਗੈਰਾ ਨਾਲ ‘ਹੋਰ’ ਵਿਚ ਕੀਤੀ ਗਈ। ਇਸ ਤਰ੍ਹਾਂ ਉਹਨਾਂ ਦੀ ਗਿਣਤੀ ਵੀ ਧਰਮਾਂ ਵਾਲਿਆਂ ਵਿਚ ਹੀ ਹੋ ਗਈ।

ਕਈ ਹੋਰ ਮੁਲਕਾਂ ਜਿਵੇਂ ਕਿ ਆਸਟ੍ਰੇਲੀਆ ਵਿਚ ਇਹ ਗਿਣਤੀ ਬਹੁਤ ਬਾਰੀਕੀ ਨਾਲ ਹੁੰਦੀ ਹੈ। ਇਸੇ ਕਰਕੇ ਆਸਟ੍ਰੇਲੀਆ ਦੇ ਅਖ਼ਬਾਰ ਵਿਚ ਇਕ ਲੇਖ ਸੀ ਕਿ ਇਸ ਮੁਲਕ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੇ ਧਰਮ ਦਾ ਨਾਮ ‘ਨਿੱਲ’ ਹੈ, ਯਾਨੀ ਕਿ ਕੋਈ ਨਹੀਂ, ਅੱਜ ਇਹ ਇਥੋਂ ਦਾ ਦੂਜਾ ਵੱਡਾ ਧਰਮ ਬਣ ਗਿਆ ਹੈ ਤੇ ਛੇਤੀ ਹੀ ਪਹਿਲਾ ਵੀ ਬਣ ਸਕਦਾ ਹੈ। ਕਾਰਨ ਇਹ ਹੈ ਕਿ ਧਰਮਾਂ ਦੇ ਵਧਣ ਜਾਂ ਘਟਣ ਦਾ ਸੰਬੰਧ ਉਹਨਾਂ ਦੀ ਆਬਾਦੀ ਦੇ ਵਧਣ, ਘਟਣ ਨਾਲ ਹੈ ਪਰ ਇਸ ਦਾ ਸੰਬੰਧ ਇਨਸਾਨਾਂ ਦੇ ਸੋਚ ਵਿਚਾਰ ਤੇ ਸੂਝ-ਬੂਝ ਨਾਲ ਹੈ। ਇਸ ਉਪਰ ਧਰਮ ਪਰਿਵਰਤਨ ਦਾ ਕਾਨੂੰਨ ਵੀ ਲਾਗੂ ਨਹੀਂ ਹੁੰਦਾ।

ਅਖੀਰ ਵਿਚ ਇਕ ਗੱਲ ਮੰਨਣੀ ਪਵੇਗੀ ਕਿ ਅਸਦੂਦੀਨ ਓਵੈਸੀ ਵੱਲੋਂ ਪਾਰਲੀਮੈਂਟ ਵਿਚ ਦਿੱਤੇ ਗਏ ਭਾਸ਼ਣ ਨਾਲ ਧਰਮ ਨਿਰਪੱਖਤਾ ਦੀ ਮੁਕੰਮਲ ਸਮਝ ਸਾਹਮਣੇ ਆਈ ਹੈ ਕਿ ਸਭ ਧਰਮ ਇਕ ਦੂਜੇ ਦੇ ਧਰਮ ਦਾ ਸਤਿਕਾਰ ਕਰਨ ਤੇ ਜੋ ਲੋਕ ਕਿਸੇ ਧਰਮ ਨੂੰ ਨਹੀਂ ਮੰਨਦੇ, ਉਹਨਾਂ ਦਾ ਵੀ ਸਤਿਕਾਰ ਹੋਵੇ। ਇਹ ਸਰਬ-ਪ੍ਰਵਾਨਿਤ ਨਿਯਮ ਹੈ ਕਿ ਹਰ ਧਰਮ ਵਾਲੇ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਹੈ ਪਰ ਕਿਸੇ ਦੂਸਰੇ ਧਰਮ ਦੀ ਨਿੰਦਾ ਕਰਨ ਦੀ ਨਹੀਂ, ਨਫ਼ਰਤ ਕਰਨ ਦੀ ਨਹੀਂ। ਇਸੇ ਤਰ੍ਹਾਂ ਜੋ ਕਿਸੇ ਧਰਮ ਨੂੰ ਨਹੀਂ ਮੰਨਦੇ, ਰੱਬ ਵਿਚ ਆਸਥਾ ਨਹੀਂ ਰੱਖਦੇ, ਉਹ ਵੀ ਆਪਣਾ ਪ੍ਰਚਾਰ ਕਰ ਸਕਦੇ ਹਨ ਪਰ ਬਾਕੀ ਵਿਸ਼ਵਾਸਾਂ ਦੀ ਵੀ ਪੂਰੀ ਕਦਰ ਦੇ ਨਾਲ।

ਇਹ ਚਰਚਾ ਸਾਡੇ ਕੌਮੀ ਗੀਤ ‘ਵੰਦੇ ਮਾਤਰਮ’ ਤੋਂ ਸ਼ੁਰੂ ਹੋਈ ਸੀ। ਇਹ ਹਕੀਕਤ ਹੈ ਕਿ ਇਸ ਦੀ ਸ਼ਬਦਾਵਲੀ ਅਜਿਹੀ ਹੈ ਕਿ ਸਾਡੇ ਮੁਸਲਿਮ ਭਰਾ ਤੇ ਭੈਣਾਂ ਆਪਣੇ ਧਾਰਮਿਕ ਅਕੀਦਿਆਂ ਕਾਰਨ ਇਸ ਨੂੰ ਪਰਵਾਨ ਕਰਨ ਤੋਂ ਝਿਜਕਦੇ ਹਨ। ਪਹਿਲਾਂ ਵੀ ਸਾਡੇ ਬਹੁਤੇ ਨੇਤਾਵਾਂ ਨੇ ਇਸ ਸੰਬੰਧੀ ਲਚਕਤਾ ਵਰਤਣ ਵਾਸਤੇ ਕਿਹਾ ਹੈ ਤੇ ਇਹ ਵਰਤੀ ਵੀ ਜਾਣੀ ਚਾਹੀਦੀ ਹੈ। ਕੌਮੀ ਗੀਤਾਂ ਦਾ ਮਕਸਦ ਕੌਮ ਦੇ ਸਾਰੇ ਵਰਗਾਂ ਨੂੰ ਜੋੜ ਕੇ ਰੱਖਣਾ ਹੁੰਦਾ ਹੈ, ਤੋੜਨਾ ਨਹੀਂ। ਚੰਗਾ ਹੋਵੇ ਕਿ ਜਿੱਥੇ ਪਹਿਲਾਂ ਦੋ ਗੀਤ ਰੱਖੇ ਹਨ ਇਕ ਤੀਸਰਾ ਗੀਤ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਵੀ ਬਰਾਬਰ ਰੱਖਿਆ ਜਾਵੇ।

ਸੰਪਰਕ 98783-75903

Advertisement
×