DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਚਿੱਟੀਆਂ ਚਾਦਰਾਂ ਦੇ ਓਹਲੇ ਓਹਲੇ...

ਸ਼ਨਿੱਚਰਵਾਰ ਸਵੇਰੇ ਨਵੀਂ ਦਿੱਲੀ ਦੇ ਜੰਤਰ ਮੰਤਰ ’ਤੇ ਪੇਪਰ ਲੀਕ ਮਾਮਲੇ ’ਚ ਪਿਛਲੇ ਵੀਹ ਦਿਨਾਂ ਤੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੇ ਉੱਘੇ ਸਿੱਖਿਆ ਸ਼ਾਸਤਰੀ, ਵਾਤਾਵਰਣ ਪ੍ਰੇਮੀ,...

  • fb
  • twitter
  • whatsapp
  • whatsapp
Advertisement

ਸ਼ਨਿੱਚਰਵਾਰ ਸਵੇਰੇ ਨਵੀਂ ਦਿੱਲੀ ਦੇ ਜੰਤਰ ਮੰਤਰ ’ਤੇ ਪੇਪਰ ਲੀਕ ਮਾਮਲੇ ’ਚ ਪਿਛਲੇ ਵੀਹ ਦਿਨਾਂ ਤੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ’ਤੇ ਬੈਠੇ ਉੱਘੇ ਸਿੱਖਿਆ ਸ਼ਾਸਤਰੀ, ਵਾਤਾਵਰਣ ਪ੍ਰੇਮੀ, ਖੋਜੀ ਅਤੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਸਾਦੇ ਕੱਪੜਿਆਂ ’ਚ ਆਏ ਦਿੱਲੀ ਪੁਲੀਸ ਦੇ ਜਵਾਨ ਚਿੱਟੀਆਂ ਚਾਦਰਾਂ ਦੇ ਓਹਲੇ ਓਹਲੇ ਚੁੱਕ ਕੇ ਲੈ ਗਏ। ਪੁਲੀਸ ਨੇ ਇਹ ਕਾਰਵਾਈ ਉਦੋਂ ਕੀਤੀ ਹੈ ਜਦੋਂ 20 ਜੁਲਾਈ ਨੂੰ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਇੱਥੋਂ ਸੰਸਦ ਭਵਨ ਤੱਕ ਰੋਸ ਮਾਰਚ ਕੀਤਾ ਜਾਣਾ ਸੀ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਹੋਰ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਜੰਤਰ ਮੰਤਰ ਜਾ ਕੇ ਸੋਨਮ ਵਾਂਗਚੁਕ ਦੀ ਹਮਾਇਤ ਕਰਦਿਆਂ ਉਨ੍ਹਾਂ ਦੀ ਵਿਗੜ ਰਹੀ ਸਿਹਤ ’ਤੇ ਲਗਾਤਾਰ ਫ਼ਿਕਰਮੰਦੀ ਜ਼ਾਹਿਰ ਕੀਤੀ ਜਾ ਰਹੀ ਸੀ।

ਅਜੇ ਬੀਤੇ ਦਿਨ ਹੀ ਦਿੱਲੀ ਦੇ ਪੁਲੀਸ ਕਮਿਸ਼ਨਰ ਸਤੀਸ਼ ਗੋਲਚਾ ਨੂੰ ਅਚਾਨਕ ਹਟਾ ਕੇ ਅਨੁਰਾਗ ਕੁਮਾਰ ਨੂੰ ਉਨ੍ਹਾਂ ਦੀ ਥਾਂ ਨਵਾਂ ਪੁਲੀਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ ਅਤੇ ਅੱਜ ਤੜਕੇ ਸੱਤ ਵਜੇ ਦੇ ਕਰੀਬ ਦਿੱਲੀ ਪੁਲੀਸ ਦਾ ਵੱਡਾ ਦਸਤਾ ਪੂਰੇ ਲਾਮ ਲਸ਼ਕਰ ਅਤੇ ਵੱਡੇ ਅਧਿਕਾਰੀਆਂ ਨਾਲ ਜੰਤਰ ਮੰਤਰ ’ਤੇ ਮੌਜੂਦ ਸੀ। ਸਾਦੇ ਕੱਪੜਿਆਂ ’ਚ ਆਏ ਇਹ ਪੁਲੀਸ ਮੁਲਾਜ਼ਮ ਜਦੋਂ ਮੰਚ ’ਤੇ ਕਾਬਜ਼ ਹੋਣ ਲੱਗੇ ਤਾਂ ਪ੍ਰਦਰਸ਼ਨਕਾਰੀਆਂ ਨੇ ਇਸ ਦਾ ਵਿਰੋਧ ਕੀਤਾ, ਪਰ ਇਹ ਉਨ੍ਹਾਂ ਨੂੰ ਪਿੱਛੇ ਧੱਕ ਕੇ ਸੋਨਮ ਵਾਂਗਚੁਕ ਨੂੰ ਚੁੱਕ ਕੇ ਲਿਜਾਣ ਲੱਗੇ। ਕੌਣ ਕਹਿੰਦੈ ਕਿ ਵਾਂਗਚੁਕ ਨੂੰ ਲਿਜਾਣ ਵੇਲੇ ਪੁਲੀਸ ਨੇ ਧੱਕਾ ਕੀਤੈ? ਪੁਲੀਸ ਨੇ ਚਾਰੋਂ ਪਾਸੇ ਘੇਰਾ ਬਣਾ ਕੇ ਇਹਤਰਾਮ ਵਜੋਂ ਵੱਡੀਆਂ ਚਿੱਟੀਆਂ ਚਾਦਰਾਂ ਤਾਣੀਆਂ ਤਾਂ ਸਨ। ਐਵੇਂ ਕਿਤੇ ਕੋਈ ਉਸ ਮੌਕੇ ਉਨ੍ਹਾਂ ਨੂੰ ਚਾਦਰ ’ਚ ਤੁੱਥ-ਮੁੱਥ ਕਰ ਕੇ ਸੁੱਟਦਿਆਂ ਦੀ ਤਸਵੀਰ ਲੈ ਲਵੇ ਜਾਂ ਵੀਡੀਓ ਬਣਾ ਲਵੇ, ਜਿਸ ਨੂੰ ਦੇਖ ਕੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਜਾਵੇ ਜਾਂ ਕਿਤੇ ਜਮਹੂਰੀਅਤ ਦੀ ਹੀ ਨਜ਼ਰ ਪੈ ਜਾਵੇ ਅਤੇ ਇਹ ਸ਼ਰਮਿੰਦੀ ਸ਼ਰਮਿੰਦੀ ਹੋਈ ਲੋਕਾਂ ਤੇ ਆਪਣੇ ਆਪ ਤੋਂ ਕਿਤੇ ਲੁਕਦੀ ਫਿਰੇ।

Advertisement

ਜਮਹੂਰੀਅਤ ਦੇ ਸ਼ਰਮਿੰਦਾ ਹੋਣ ਦਾ ਕੋਈ ਇੱਕ ਸਬੱਬ ਥੋੜ੍ਹਾ ਹੈ! ਇੱਕ ਅੰਦਾਜ਼ੇ ਮੁਤਾਬਿਕ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਦੌਰਾਨ ਲੀਕ ਹੋਈਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਗਿਣਤੀ 89 ਤੋਂ ਵੱਧ ਹੈ, ਜਿਸ ਕਾਰਨ ਕਰੋੜਾਂ ਵਿਦਿਆਰਥੀਆਂ ਦੇ ਭਵਿੱਖ ’ਤੇ ਅਸਰ ਪਿਆ ਹੈ। ਇਨ੍ਹਾਂ ਪ੍ਰੀਖਿਆਵਾਂ ਵਿੱਚ ਕੇਂਦਰੀ ਅਤੇ ਸੂਬਾਈ ਪੱਧਰ ਦੀ ਭਰਤੀ ਦੇ ਨਾਲ-ਨਾਲ ਵੱਖ-ਵੱਖ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖ਼ਲੇ ਲਈ ਲਏ ਜਾਂਦੇ ਇਮਤਿਹਾਨ ਵੀ ਸ਼ਾਮਿਲ ਹਨ। ਹਾਲ ਹੀ ਵਿੱਚ ਹੋਇਆ ‘ਨੀਟ’ ਪੇਪਰ ਲੀਕ ਇਸ ਦੀ ਸਭ ਤੋਂ ਉੱਘੜਵੀਂ ਉਦਾਹਰਣ ਹੈ। ਇਹ ਪੇਪਰ ਲੀਕ ਹੋਣ ਮਗਰੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਕੇ 22 ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ। ਹਾਲਾਂਕਿ ਸਾਲ 2024 ਵਿੱਚ ਕੇਂਦਰ ਸਰਕਾਰ ਨੇ ਨਕਲ ਰੋਕਣ ਲਈ ਕਾਨੂੰਨ ਵੀ ਬਣਾਇਆ, ਜਿਸ ਤਹਿਤ ਪ੍ਰੀਖਿਆਵਾਂ ਦੌਰਾਨ ਗ਼ਲਤ ਢੰਗ-ਤਰੀਕੇ ਵਰਤਣ ਵਾਲੇ ਵਿਅਕਤੀਆਂ ਅਤੇ ਹੋਰਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਵਿਵਸਥਾ ਕੀਤੀ ਗਈ। ਇਸ ਕਾਨੂੰਨ ਦੇ ਬਾਵਜੂਦ ਅਜੇ ਤੱਕ ਇਨ੍ਹਾਂ ਮਾਮਲਿਆਂ ’ਚ ਛੋਟੀਆਂ-ਮੋਟੀਆਂ ਮੱਛੀਆਂ ਹੀ ਫੜੀਆਂ ਗਈਆਂ ਜਦੋਂਕਿ ਵੱਡੇ ਮਗਰਮੱਛ ਬਚ ਕੇ ਸਾਫ਼ ਨਿਕਲ ਗਏ ਜਾਂ ਫਿਰ ਉਨ੍ਹਾਂ ਨੂੰ ਨਿਕਲ ਜਾਣ ਦਿੱਤਾ ਗਿਆ? ਸ਼ਾਇਦ ਇਸੇ ਲਈ ਬਾਅਦ ਵਿੱਚ ਵੀ ਪੇਪਰ ਲੀਕ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ।

Advertisement

ਇਹ ਵੀ ਅਜੀਬ ਗੱਲ ਹੈ ਕਿ ਜਿਸ ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ ਧਰਨਾ ਤੇ ਰੋਸ ਪ੍ਰਦਰਸ਼ਨ ਸੀ, ਉਸ ਬਾਰੇ ਬੁਨਿਆਦੀ ਸਵਾਲਾਂ ਨੂੰ ਨਾ ਤਾਂ ਮੁਖ਼ਾਤਬ ਹੋਇਆ ਗਿਆ ਅਤੇ ਨਾ ਹੀ ਪੀੜਤ ਵਿਦਿਆਰਥੀਆਂ ਨੂੰ ਸਮੁੱਚੇ ਪ੍ਰਬੰਧ ’ਚ ਸੁਧਾਰ ਬਾਰੇ ਕੋਈ ਭਰੋਸਾ ਦਿਵਾਇਆ ਗਿਆ। ਕੀ ਦੇਸ਼ ਦੇ ਵਿਦਿਆਰਥੀਆਂ ਪ੍ਰਤੀ ਸੱਤਾ ਤੇ ਸ਼ਾਸਨ ਦੀ ਕੋਈ ਜ਼ਿੰਮੇਵਾਰੀ ਨਹੀਂ?

ਸ਼ਨਿੱਚਰਵਾਰ ਸਵੇਰ ਦਿੱਲੀ ਪੁਲੀਸ ਨੇ ਸੋਨਮ ਵਾਂਗਚੁਕ ਨੂੰ ਚੁੱਕਣ ਲਈ ਦਿੱਲੀ ਹਾਈਕੋਰਟ ਵੱਲੋਂ ਦਿੱਤੇ ਗਏ ਆਦੇਸ਼ ਨੂੰ ਆਪਣੀ ਢਾਲ ਬਣਾਇਆ। ਦਿੱਲੀ ਦੇ ਡੀ ਸੀ ਪੀ ਸਚਿਨ ਸ਼ਰਮਾ ਵੱਲੋਂ ਬਾਕਾਇਦਾ ਪ੍ਰੈੱਸ ਬਿਆਨ ’ਚ ਕਿਹਾ ਗਿਆ ਕਿ ਦਿੱਲੀ ਹਾਈਕੋਰਟ ਦੇ ਆਦੇਸ਼ ਅਤੇ ਚਿਕਿਤਸਕ ਮਾਹਿਰਾਂ ਦੀ ਸਲਾਹ ਅਨੁਸਾਰ ਵਾਂਗਚੁਕ ਦੀ ਲਗਾਤਾਰ ਵਿਗੜ ਰਹੀ ਸਿਹਤ ਕਾਰਨ ਮੈਡੀਕਲ ਦੇਖਭਾਲ ਲਈ ਉਨ੍ਹਾਂ ਨੂੰ ਸਫ਼ਦਰਗੰਜ ਹਸਪਤਾਲ ਤਬਦੀਲ ਕੀਤਾ ਗਿਆ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਕਾਰਨ ਉੱਥੇ ਹਫ਼ੜਾ-ਦਫ਼ੜੀ ਵਾਲੀ ਸਥਿਤੀ ਪੈਦਾ ਹੋ ਗਈ, ਪਰ ਪੁਲੀਸ ਨੇ ਸੰਜਮ ਬਣਾਈ ਰੱਖਿਆ। ਵਾਂਗਚੁਕ ਨਾਲ ਬੈਠੇ ਵਿਦਿਆਰਥੀਆਂ- ਨੇਹਾ, ਆਮੀਨ ਅਤੇ ਮਨੀਸ਼ ਦੀ ਭੁੱਖ ਹੜਤਾਲ ਅਜੇ ਵੀ ਜਾਰੀ ਹੈ। ਕੌਕਰੋਚ ਜਨਤਾ ਪਾਰਟੀ ਦੇ ਜਿਸ ਮੰਚ ਤੋਂ ਵਾਂਗਚੁਕ ਨੂੰ ਚੁੱਕ ਕੇ ਲਿਜਾਇਆ ਗਿਆ, ਉਸ ਦੇ ਸੰਸਥਾਪਕ ਅਭਿਜੀਤ ਦੀਪਕੇ ਉਸ ਵੇਲੇ ‘ਫਰੈੱਸ਼’ ਹੋਣ ਲਈ ਆਪਣੇ ਮਿੱਤਰ ਦੇ ਘਰ ਗਏ ਹੋਏ ਸਨ। ਦੀਪਕੇ ਦਾ ਕਹਿਣਾ ਹੈ ਕਿ ਉਸ ਨੂੰ ਵੀ ਮਿੱਤਰ ਦੇ ਘਰ ਡੱਕ ਲਿਆ ਗਿਆ ਸੀ ਅਤੇ ਉਸ ਨਾਲ ਬਦਸਲੂਕੀ ਵੀ ਕੀਤੀ ਗਈ। ਖ਼ੈਰ, ਸੋਨਮ ਵਾਂਗਚੁਕ ਨਾਲ ਹੋਏ ਵਿਹਾਰ ਕਾਰਨ ਉਸ ਦੀਆਂ ਮੰਚ ’ਤੇ ਰੋਂਦੇ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹਨ। ਕੌਕਰੋਚ ਜਨਤਾ ਪਾਰਟੀ ਹੁਣ ਧਰਮਿੰਦਰ ਪ੍ਰਧਾਨ ਦੇ ਨਾਲ ਨਾਲ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਵੀ ਮੰਗ ਰਹੀ ਹੈ।

ਇਸ ਸਮੁੱਚੇ ਘਟਨਾਕ੍ਰਮ ਦੇ ਸੰਦਰਭ ਵਿੱਚ ਕਈ ਤਰ੍ਹਾਂ ਦੇ ਬਿਰਤਾਂਤ ਸਾਹਮਣੇ ਆ ਰਹੇ ਹਨ। ਇੱਕ ਬਿਰਤਾਂਤ ਦੇਹਰਾਦੂਨ ’ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਕਾਂਗਰਸ ਦੇ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਨਾਲ ਜੋੜਿਆ ਜਾ ਰਿਹਾ ਹੈ। ਪਹਿਲਾਂ ਤਾਂ ਦੇਹਰਾਦੂਨ ਪਰੇਡ ਗਰਾਊਂਡ ਵਿੱਚ ਪਾਰਟੀ ਨੂੰ ਇਹ ਪ੍ਰੋਗਰਾਮ ਕਰਨ ਦੀ ਪ੍ਰਵਾਨਗੀ ਦਿੱਤੀ ਗਈ, ਪਰ ਅਖ਼ੀਰ ਵਿੱਚ ਕੇਂਦਰ ਦੇ ਕਿਸੇ ਪ੍ਰੋਗਰਾਮ ਦਾ ਹਵਾਲਾ ਦੇ ਕੇ ਕਾਂਗਰਸ ਦੇ ਪ੍ਰੋਗਰਾਮ ਦੀ ਜਗ੍ਹਾ ਸ਼ਹਿਰ ਤੋਂ ਬਾਹਰ ਪੈਂਦੇ ਬੰਨੂ ਗਰਾਊਂਡ ’ਚ ਤਬਦੀਲ ਕਰ ਦਿੱਤੀ ਗਈ। ਫਿਰ ਇਹ ਗੱਲ ਸਾਹਮਣੇ ਆਈ ਕਿ ਪਰੇਡ ਗਰਾਊਂਡ ’ਚ ਉੱਘੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ, ਜੋ ਫਿਲਮ ‘ਧੁਰੰਦਰ’ ਦੇ ਹਿੱਟ ਗਾਣਿਆਂ ਕਾਰਨ ਨੌਜਵਾਨਾਂ ਵਿੱਚ ਬਹੁਤ ਲੋਕਪ੍ਰਿਯ ਹੈ, ਦਾ ਸ਼ੋਅ ਕਰਵਾਇਆ ਗਿਆ। ਇਸ ਗਾਇਕਾ ਦੇ ਲਾਈਵ ਸ਼ੋਅ ਲਈ ਟਿਕਟ ਵਾਸਤੇ ਹਜ਼ਾਰਾਂ ਰੁਪਏ ਖਰਚਣੇ ਪੈਂਦੇ ਹਨ, ਪਰ ਦਿਲਚਸਪ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਵਿੱਚ ਦਾਖ਼ਲਾ ਮੁਫ਼ਤ ਸੀ। ਇਸ ਸ਼ੋਅ ਦਾ ਸਮਾਂ ਵੀ ਲਗਭਗ ‘ਛਾਤਰੋਂ ਕੀ ਗੂੰਜ’ ਵਾਲਾ ਹੀ ਸੀ, ਪਰ ਫਿਰ ਵੀ ਕਾਂਗਰਸ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿਦਿਆਰਥੀ, ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਸ਼ਾਮਿਲ ਹੋਏ। ਕੌਕਰੋਚ ਜਨਤਾ ਪਾਰਟੀ ਦੇ ਸੰਘਰਸ਼ ਨੂੰ ਜੰਤਰ ਮੰਤਰ ’ਤੇ ਹਮਾਇਤ ਦੇਣ ਪੁੱਜੇ ਅਭਿਨਯ ਸਰ ਨੇ ਦੇਹਰਾਦੂਨ ਦੇ ਮੰਚ ’ਤੇ ਵੀ ਇੱਕ ਅਧਿਆਪਕ ਵਜੋਂ ਵਿਦਿਆਰਥੀਆਂ ਦੇ ਹੱਕਾਂ ਅਤੇ ਉਨ੍ਹਾਂ ਦੇ ਭਵਿੱਖ ਨਾਲ ਜੁੜੇ ਵੱਡੇ ਸਵਾਲ ਉਠਾਏ। ਉਨ੍ਹਾਂ ਨੇ ਇਸ ਗੱਲ ’ਤੇ ਫ਼ਿਕਰ ਜਤਾਇਆ ਕਿ ਪੇਪਰ ਲੀਕ ਹੁਣ ‘ਉਦਯੋਗ’ ਬਣ ਚੁੱਕਾ ਹੈ ਅਤੇ ਜੇਕਰ ਇਸ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਤਬਾਹ ਹੋ ਜਾਵੇਗਾ। ਉਨ੍ਹਾਂ ਨੇ ਕੌਮੀ ਪ੍ਰੀਖਿਆ ਏਜੰਸੀ (ਐੱਨ ਟੀ ਏ) ਦੀ ਕਾਰਜ ਪ੍ਰਣਾਲੀ ਅਤੇ ਮੁਕਾਬਲੇ ਦੇ ਇਮਤਿਹਾਨਾਂ ’ਚ ਲਗਾਤਾਰ ਸਾਹਮਣੇ ਆ ਰਹੇ ਪੇਪਰ ਲੀਕ ਮਾਮਲਿਆਂ ’ਤੇ ਸਵਾਲ ਉਠਾਉਂਦਿਆਂ ਇਨ੍ਹਾਂ ਬਾਰੇ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ।

ਇਸ ਸਾਰੇ ਘਟਨਾਕ੍ਰਮ ਦੌਰਾਨ ਇੱਕ ਪਾਸੇ ਕੁਝ ਲੋਕ ਤਾਂ ਦਿੱਲੀ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਸੋਨਮ ਵਾਂਗਚੁਕ ਲਈ ਬਹੁਤ ਫ਼ਿਕਰਮੰਦ ਹਨ ਜਦੋਂਕਿ ਦੂਜੇ ਪਾਸੇ ਕੁਝ ਆਲੋਚਕ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਅਤੇ ਲੱਦਾਖ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਵਜੋਂ ਮਾਨਤਾ ਦਿੱਤੇ ਜਾਣ ਵੇਲੇ ਸੋਨਮ ਵਾਂਗਚੁਕ ਦੀਆਂ ਉਹ ਪੁਰਾਣੀਆਂ ਕਲਿਪਸ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਰਹੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਲੱਦਾਖ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਜੰਮੂ ਕਸ਼ਮੀਰ ਨਾਲੋਂ ਵੱਖ ਹੋਣ ਦੀ ਮੰਗ ਪੂਰੀ ਕੀਤੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਸੀ। ਇਸੇ ਤਰ੍ਹਾਂ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਲਾਗੂ ਕੀਤੇ ਜਾਣ ਮਗਰੋਂ ਵੀ ਵਾਂਗਚੁਕ ਨੇ ਬਾਕਾਇਦਾ ਬਿਆਨ ਜਾਰੀ ਕਰ ਕੇ ਆਖਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਮੂਲੀ ਫੇਰਬਦਲ ਕਰਨ ਦੀ ਥਾਂ ਸਮੁੱਚੀ ਵਿਦਿਅਕ ਪ੍ਰਣਾਲੀ ਦਾ ਕਾਇਆ-ਕਲਪ ਕਰ ਦਿੱਤਾ ਹੈ, ਜਿਸ ਰਾਹੀਂ ਉਨ੍ਹਾਂ ਨੇ ਭਾਰਤੀ ਭਾਸ਼ਾਵਾਂ ਤੇ ਹੁਨਰ (ਸਕਿੱਲ) ਦੇ ਵਿਕਾਸ ਦੇ ਨਾਲ-ਨਾਲ ਸੰਸਥਾਵਾਂ ਦੀ ਖ਼ੁਦਮੁਖਤਿਆਰੀ ਨੂੰ ਵੀ ਉਤਸ਼ਾਹਿਤ ਕੀਤਾ ਹੈ।

ਬੀਤੇ ਦਿਨੀਂ ਇੱਕ ਇੰਟਰਵਿਊ ’ਚ ਵਾਂਗਚੁਕ ਨੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਦੇ ਜੰਤਰ ਮੰਤਰ ’ਤੇ ਆਉਣ ਬਾਰੇ ਇਹ ਆਖਿਆ ਸੀ ਕਿ ਜੇਕਰ ਉਹ ਨਾ ਆਏ ਅਤੇ ਕੌਮੀ ਹਿੱਤਾਂ ਦੀ ਬਜਾਏ ਆਪਣੇ ਸੌੜੇ ਸਿਆਸੀ ਹਿੱਤਾਂ ਨੂੰ ਤਰਜੀਹ ਦਿੰਦੇ ਰਹੇ ਤਾਂ ਇਹ ਉਨ੍ਹਾਂ ਦਾ ‘ਛੋਟਾਪਣ’ ਹੋਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਕੌਕਰੋਚ ਜਨਤਾ ਪਾਰਟੀ, ਜਿਸ ਦੇ ਮੰਚ ਤੋਂ ਇਹ ਭੁੱਖ ਹੜਤਾਲ ਕੀਤੀ ਜਾ ਰਹੀ ਸੀ, ਵੱਲੋਂ ਇਹ ਸਪੱਸ਼ਟ ਤੌਰ ’ਤੇ ਆਖਿਆ ਗਿਆ ਸੀ ਕਿ ਉਨ੍ਹਾਂ ਦੇ ਮੰਚ ’ਤੇ ਕਿਸੇ ਵੀ ਸਿਆਸੀ ਪਾਰਟੀ ਦਾ ਸਵਾਗਤ ਨਹੀਂ। ਫਿਰ ਅਚਾਨਕ ਪੈਂਤੜੇ ’ਚ ਇਕਦਮ ਆਈ ਇਸ ਤਬਦੀਲੀ ਦਾ ਤਰਕ ਕਿਸੇ ਨੂੰ ਸਮਝ ਨਹੀਂ ਆਇਆ। ਸ਼ਨਿੱਚਰਵਾਰ ਨੂੰ ਵਾਂਗਚੁਕ ਨੂੰ ਚੁੱਕੇ ਜਾਣ ਮਗਰੋਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਆਖਿਆ ਹੈ ਕਿ ‘ਸੋਨਮ ਵਾਂਗਚੁਕ ਜੀ ਨੂੰ ਜੰਤਰ ਮੰਤਰ ਤੋਂ ਚੁੱਕ ਕੇ ਲਿਜਾਣਾ ਗ਼ਲਤ ਹੈ ਅਤੇ ਕੇਂਦਰ ਸਰਕਾਰ ਨੇ ਸ਼ਾਂਤਮਈ ਪ੍ਰਦਰਸ਼ਨ ਉੱਤੇ ਬਲ ਦੀ ਵਰਤੋਂ ਕੀਤੀ ਹੈ’। ਇਉਂ ਦੇਸ਼ ਦੀਆਂ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ’ਤੇ ਦੋਸ਼ ਅਤੇ ਜਵਾਬੀ ਦੋਸ਼ ਲਗਾਉਣ ਦਾ ਨਵਾਂ ਸਿਲਸਿਲਾ ਸ਼ੁਰੂ ਹੋ ਗਿਆ ਹੈ।

ਵਿਦਿਆਰਥੀਆਂ ਦੇ ਅਹਿਮ ਮਸਲਿਆਂ ਜਿਵੇਂ ਪੇਪਰ ਲੀਕ, ਮਹਿੰਗੀ ਹੁੰਦੀ ਸਿੱਖਿਆ ਅਤੇ ਖ਼ੁਦਕੁਸ਼ੀਆਂ ਬਾਰੇ ਗੰਭੀਰ ਵਿਚਾਰ ਚਰਚਾ ਦੀ ਬਜਾਏ ਹੁਣ ਸਾਰਾ ਬਿਰਤਾਂਤ ਸੋਨਮ ਵਾਂਗਚੁਕ ਦੁਆਲੇ ਤਾਣੀਆਂ ਚਿੱਟੀਆਂ ਚਾਦਰਾਂ ਦੇ ਓਹਲੇ ਲੁਕਾ ਦਿੱਤਾ ਗਿਆ ਹੈ। ਵਿਗਿਆਨਕ ਤੱਥ ਹੈ ਕਿ ਚਿੱਟਾ ਰੰਗ ਸਾਰੇ ਰੰਗਾਂ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦਾ ਹੈ। ਜਾਪਦੈ, ਫਿਲਹਾਲ ਇਨ੍ਹਾਂ ਚਿੱਟੀਆਂ ਚਾਦਰਾਂ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਸਾਰੇ ਵੱਡੇ ਸਵਾਲ ਆਪਣੇ ਅੰਦਰ ਜਜ਼ਬ ਕਰ ਲਏ ਹਨ।

Advertisement
×