ਸ਼ਾਸਤਰੀ ਤੋਂ ਮਿਸ਼ਰਾ ਤਕ : ਨੈਤਿਕਤਾ ਦਾ ਪਤਨ

ਸ਼ਾਸਤਰੀ ਤੋਂ ਮਿਸ਼ਰਾ ਤਕ : ਨੈਤਿਕਤਾ ਦਾ ਪਤਨ

ਲਾਲ ਬਹਾਦਰ ਸ਼ਾਸਤਰੀ, ਕੇ.ਡੀ. ਮਾਲਵੀਆ, ਵੀ.ਪੀ. ਸਿੰਘ, ਅਜੈ ਕੁਮਾਰ ਮਿਸ਼ਰਾ ਟੈਨੀ

ਸਵਰਾਜਬੀਰ

ਸਵਰਾਜਬੀਰ

ਅਗਸਤ 1956 ਵਿਚ ਤਿਲੰਗਾਨਾ (ਉਸ ਵੇਲੇ ਆਂਧਰਾ ਪ੍ਰਦੇਸ਼) ਦੇ ਸ਼ਹਿਰ ਮਹਿਬੂਬਨਗਰ ਵਿਖੇ ਹੋਏ ਰੇਲ ਹਾਦਸੇ ਵਿਚ 112 ਲੋਕਾਂ ਦੀ ਜਾਨ ਚਲੀ ਗਈ। ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤਤਕਾਲੀਨ ਰੇਲ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਅਸਤੀਫ਼ਾ ਦੇ ਦਿੱਤਾ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਬਹੁਤ ਜ਼ੋਰ ਲਾ ਕੇ ਸ਼ਾਸਤਰੀ ਨੂੰ ਮਨਾਇਆ ਕਿ ਉਹ ਆਪਣਾ ਅਸਤੀਫ਼ਾ ਵਾਪਸ ਲੈ ਲਏ। ਕੁਝ ਮਹੀਨਿਆਂ ਬਾਅਦ (ਨਵੰਬਰ 1956) ਤਾਮਿਲ ਨਾਡੂ ਦੇ ਅਰਿਯਾਲੁਰ ਵਿਚ ਇਕ ਹੋਰ ਭਿਅੰਕਰ ਰੇਲ ਹਾਦਸੇ ਵਿਚ 142 ਲੋਕ ਮਾਰੇ ਗਏ। ਲਾਲ ਬਹਾਦਰ ਸ਼ਾਸਤਰੀ ਨੇ ਫਿਰ ਅਸਤੀਫ਼ਾ ਦਿੱਤਾ ਅਤੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਸ ਨੂੰ ਜਲਦੀ ਮਨਜ਼ੂਰ ਕਰ ਲਿਆ ਜਾਵੇ। ਨਹਿਰੂ ਅਤੇ ਕਾਂਗਰਸ ਦੇ ਹੋਰ ਸਿਆਸੀ ਆਗੂਆਂ ਦਾ ਖ਼ਿਆਲ ਸੀ ਕਿ ਸ਼ਾਸਤਰੀ ਨੂੰ ਅਸਤੀਫ਼ਾ ਨਹੀਂ ਦੇਣਾ ਚਾਹੀਦਾ ਪਰ ਸ਼ਾਸਤਰੀ ਦਾ ਮੱਤ ਸੀ ਕਿ ਕਿਸੇ ਨਾ ਕਿਸੇ ਨੂੰ ਤਾਂ ਨੈਤਿਕ ਜ਼ਿੰਮੇਵਾਰੀ ਲੈਣੀ ਪੈਣੀ ਹੈ ਅਤੇ ਉਸ ਦੇ ਜ਼ੋਰ ਪਾਉਣ ’ਤੇ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ। ਨਹਿਰੂ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਉਸ ਦੇ ਤੇਲ ਮੰਤਰੀ ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਅੰਦੋਲਨ ਨਾਲ ਜੁੜੇ ਆਗੂ ਕੇ.ਡੀ. ਮਾਲਵੀਆ (ਜਿਸ ਨੇ ਜਨਤਕ ਖੇਤਰ ਵਿਚ ਤੇਲ ਸਨਅਤ ਦੀਆਂ ਨੀਹਾਂ ਮਜ਼ਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ) ਅਤੇ ਰੱਖਿਆ ਮੰਤਰੀ ਵੀ.ਕੇ. ਕ੍ਰਿਸ਼ਨਾ ਮੈਨਨ (ਜਿਸ ਨੇ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀਆਂ ਨੀਤੀਆਂ ਦਾ ਭਰਪੂਰ ਵਿਰੋਧ ਕੀਤਾ ਸੀ) ਨੇ ਨੈਤਿਕ ਆਧਾਰ ’ਤੇ ਅਸਤੀਫ਼ੇ ਦਿੱਤੇ ਜੋ ਮਨਜ਼ੂਰ ਕਰ ਲਏ ਗਏ। 1980ਵਿਆਂ ਵਿਚ ਰਾਜੀਵ ਗਾਂਧੀ ਦੀ ਸਰਕਾਰ ਵਿਚ ਕੇਂਦਰੀ ਮੰਤਰੀ ਵੀ.ਪੀ. ਸਿੰਘ ਨੇ ਵੀ ਨੈਤਿਕ ਆਧਾਰ ’ਤੇ ਅਸਤੀਫ਼ਾ ਦਿੱਤਾ ਸੀ।

ਉਹ ਸਮੇਂ ਵੱਖਰੇ ਸਨ ਅਤੇ ਸਿਆਸਤਦਾਨ ਜਨਤਕ ਜੀਵਨ ਵਿਚ ਨੈਤਿਕ ਮਾਪਦੰਡਾਂ ’ਤੇ ਪੂਰਾ ਉਤਰਨ ਨੂੰ ਆਪਣਾ ਫ਼ਰਜ਼ ਸਮਝਦੇ ਸਨ। ਹੁਣ ਦਾ ਸਮਾਂ ਵੱਖਰਾ ਹੈ… ਇਹ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਟੈਨੀ ਦਾ ਸਮਾਂ ਹੈ, ਜੋ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਧਮਕੀਆਂ ਦਿੰਦਾ ਹੈ ਕਿ ਉਹ ਪਲੀਆ (ਕਲਾਂ) ਤੋਂ ਲੈ ਕੇ ਲਖੀਮਪੁਰ ਖੀਰੀ ਤਕ ਕਿਸਾਨਾਂ ਨੂੰ ਦੋ ਮਿੰਟਾਂ ਵਿਚ ਖਦੇੜ ਦੇਵੇਗਾ; ਜਿਸ ਦੇ ਪੁੱਤਰ ਦੀਆਂ ਗੱਡੀਆਂ ਨੇ ਲਖੀਮਪੁਰ ਖੀਰੀ ਵਿਚ ਚਾਰ ਕਿਸਾਨਾਂ ਨੂੰ ਦਰੜ ਦਿੱਤਾ ਅਤੇ ਜਿਹੜਾ ਬਹੁਤ ਅਸੰਵੇਦਨਸ਼ੀਲਤਾ ਨਾਲ ਟੈਲੀਵਿਜ਼ਨ ਚੈਨਲਾਂ ਅਤੇ ਅਖ਼ਬਾਰਾਂ ਨੂੰ ਕਹਿੰਦਾ ਹੈ, ‘‘ਮੈਂ ਅਸਤੀਫ਼ਾ ਕਿਉਂ ਦੇਵਾਂ?’’

ਸਿਆਸੀ ਨੈਤਿਕਤਾ ਦੇ ਖੇਤਰ ਵਿਚ ਬਹੁਤ ਵਾਰ ਅਰਸਤੂ ਅਤੇ ਮੈਕਿਆਵੈਲੀ (Machiavelli) ਦੇ ਸਿਧਾਂਤਾਂ ਵਿਚਲੇ ਅੰਤਰ ਨੂੰ ਘੋਖਦਿਆਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਜਿੱਥੇ ਅਰਸਤੂ ਦੀ ਧਾਰਨਾ ਇਹ ਸੀ ਕਿ ਸਿਆਸਤਦਾਨਾਂ ਨੂੰ ਸਮਾਜ ਨੂੰ ਸਚਿਆਰੇ ਬਣਾਉਣ ਵਿਚ ਯੋਗਦਾਨ ਪਾਉਣਾ ਅਤੇ ਸਚਿਆਰੀ ਜ਼ਿੰਦਗੀ ਜਿਊਣੀ ਚਾਹੀਦੀ ਹੈ, ਉੱਥੇ ਮੈਕਿਆਵੈਲੀ ਦਾ ਮੱਤ ਸੀ ਕਿ ਸਿਆਸਤਦਾਨਾਂ ਨੂੰ ਆਪਣੀ ਸੱਤਾ ਕਾਇਮ ਰੱਖਣ ਲਈ ਕਈ ਵਾਰ ਅਨੈਤਿਕ ਕੰਮ ਕਰਨੇ ਪੈਂਦੇ ਹਨ ਅਤੇ ਸਿਆਸੀ ਦ੍ਰਿਸ਼ਟੀਕੋਣ ਤੋਂ ਇਹ ਕੋਈ ਖ਼ਰਾਬ ਗੱਲ ਨਹੀਂ; ਇਹ ਸਿਆਸਤ ਦਾ ਯਥਾਰਥ ਹੈ। ਮੈਕਿਆਵੈਲੀ ਤੋਂ ਕਈ ਸਦੀਆਂ ਪਹਿਲਾਂ ਚਾਣਕਿਆ ਨੇ ਵੀ ਅਜਿਹੇ ਵਿਚਾਰ ਪ੍ਰਗਟਾਏ ਸਨ ਅਤੇ ਰਾਜਨੀਤੀ ਵਿਚ ਸਫਲਤਾ ਪ੍ਰਾਪਤ ਕਰਨ ਲਈ ਸਾਮ, ਦਾਮ, ਦੰਡ ਤੇ ਭੇਦ ਦੀ ਨੀਤੀ (ਸਾਮ: ਕਿਸੇ ਤੋਂ ਆਪਣਾ ਕੰਮ ਕਰਵਾਉਣ ਲਈ ਉਸ ਨੂੰ ਕਹਿਣਾ, ਬੇਨਤੀ ਕਰਨੀ ਆਦਿ; ਦਾਮ: ਪੈਸੇ ਦੇ ਕੇ ਕੰਮ ਕਰਵਾਉਣਾ; ਦੰਡ: ਸਜ਼ਾ ਦਾ ਡਰ ਦੇ ਕੇ ਦਮਨਕਾਰੀ ਢੰਗ ਨਾਲ ਕੰਮ ਕਰਵਾਉਣ ਲਈ ਮਜਬੂਰ ਕਰਨਾ; ਭੇਦ: ਵਿਰੋਧੀਆਂ ’ਚ ਮੱਤਭੇਦ ਵਧਾਉਣਾ ਜਾਂ ਉਨ੍ਹਾਂ ਦੇ ਭੇਤ ਜਾਣ ਕੇ ਉਨ੍ਹਾਂ ਨੂੰ ਆਪਣੇ ਕੰਮ ਕਰਨ ਲਈ ਮਜਬੂਰ ਕਰਨਾ) ਅਪਣਾਉਣ ਨੂੰ ਜਾਇਜ਼ ਦੱਸਿਆ ਸੀ। ਚਾਣਕਿਆ ਅਤੇ ਮੈਕਿਆਵੈਲੀ ਦੇ ਸਿਧਾਂਤਾਂ ਨੂੰ ਸਿਆਸੀ ਯਥਾਰਥ ਦੇ ਸਿਧਾਂਤ ਮੰਨਿਆ ਜਾਂਦਾ ਹੈ; ਉਹ ਸਿਆਸੀ ਪ੍ਰਕਿਰਿਆ ਦੇ ਸਿਧਾਂਤ ਹਨ ਅਤੇ ਇਸ ਬਹਿਸ ਨੂੰ ਸਿਆਸੀ ਕੰਮ ਕਰਨ ਦੇ ਢੰਗ-ਤਰੀਕਿਆਂ (Means) ਅਤੇ ਸਿਆਸੀ ਟੀਚਿਆਂ (Ends) ਦੀ ਬਹਿਸ ਨਾਲ ਵੀ ਜੋੜਿਆ ਜਾਂਦਾ ਹੈ। ਕੁਝ ਚਿੰਤਕਾਂ ਦਾ ਖ਼ਿਆਲ ਹੈ ਕਿ ਸਿਆਸੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਿਰਫ਼ ਚੰਗੇ, ਵਧੀਆ ਤੇ ਨੈਤਿਕ ਢੰਗ-ਤਰੀਕੇ ਹੀ ਅਪਣਾਏ ਜਾਣੇ ਚਾਹੀਦੇ ਹਨ ਜਦੋਂਕਿ ਕੁਝ ਚਿੰਤਕਾਂ ਅਨੁਸਾਰ ਜੇ ਟੀਚਾ ਵਾਜਬ ਤੇ ਸਹੀ ਹੋਵੇ ਤਾਂ ਉਸ ਨੂੰ ਪ੍ਰਾਪਤ ਕਰਨ ਲਈ ਕਈ ਵਾਰ ਉਹ ਢੰਗ- ਤਰੀਕੇ, ਜਿਨ੍ਹਾਂ ਨੂੰ ਰਵਾਇਤੀ ਤੌਰ ’ਤੇ ਸਹੀ ਨਹੀਂ ਮੰਨਿਆ ਜਾਂਦਾ, ਅਪਣਾਉਣ ਵਿਚ ਗੁਰੇਜ਼ ਨਹੀਂ ਕਰਨਾ ਚਾਹੀਦਾ। ਅਰਸਤੂ ਦੇ ਆਦਰਸ਼ਾਤਮਕ ਮੰਨੇ ਜਾਂਦੇ ਵਿਚਾਰਾਂ ਦੀ ਵਰਤਮਾਨ ਸਿਆਸੀ ਜੀਵਨ ਵਿਚ ਕੋਈ ਥਾਂ ਦਿਖਾਈ ਨਹੀਂ ਦਿੰਦੀ। ਇੱਥੇ ਮੁੱਦਾ ਅਰਸਤੂ, ਚਾਣਕਿਆ ਅਤੇ ਮੈਕਿਆਵੈਲੀ ਦੀ ਸਿਆਸੀ ਪ੍ਰਕਿਰਿਆ ਵਿਚਲੀ ਨੈਤਿਕਤਾ ਦੀ ਬਹਿਸ ਦਾ ਨਹੀਂ ਹੈ ਸਗੋਂ ਪ੍ਰਮੁੱਖ ਤੌਰ ’ਤੇ ਸਿਆਸੀ ਜੀਵਨ ਵਿਚ ਨਿੱਜੀ ਨੈਤਿਕਤਾ ਦਾ ਹੈ ਕਿ ਕੀ ਅਜਿਹਾ ਸੱਤਾਧਾਰੀ ਸਿਆਸਤਦਾਨ, ਜਿਸ ’ਤੇ ਗੰਭੀਰ ਦੋਸ਼ ਲੱਗੇ ਹੋਣ, ਨੂੰ ਆਪਣੇ ਅਹੁਦੇ ’ਤੇ ਬਣੇ ਰਹਿਣਾ ਚਾਹੀਦਾ ਹੈ ਜਾਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। (ਇਸ ਵਰਤਾਰੇ ਨੂੰ ਸਿਆਸੀ ਪ੍ਰਕਿਰਿਆ ਦੀ ਨੈਤਿਕਤਾ ਨਾਲੋਂ ਪੂਰੀ ਤਰ੍ਹਾਂ ਵਿਛੋੜਿਆ ਵੀ ਨਹੀਂ ਜਾ ਸਕਦਾ।)

ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਅਜੋਕੇ ਸੰਸਾਰ ਵਿਚ ਨਿੱਜੀ ਨੈਤਿਕਤਾ ਅਤੇ ਦਿਆਨਤਦਾਰੀ ਲਈ ਥਾਂ (Space) ਬਹੁਤ ਘਟ ਗਈ ਹੈ। ਇਸ ਸਬੰਧ ਵਿਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਕਈ ਹੋਰ ਤਾਕਤਵਰ ਸਿਆਸਤਦਾਨਾਂ ਦੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਟਰੰਪ ਦੇ ਰਾਜਕਾਲ ਵਿਚ ਉਸ ’ਤੇ ਕਈ ਗੰਭੀਰ ਇਲਜ਼ਾਮ ਲੱਗੇ ਅਤੇ ਉਨ੍ਹਾਂ ਦੇ ਸਬੂਤ ਵੀ ਪ੍ਰਾਪਤ ਹੋਏ। ਅਮਰੀਕਾ ਦੇ ਹੇਠਲੇ ਸਦਨ ‘ਹਾਊਸ ਆਫ਼ ਰਿਪਰੈਜ਼ੈਂਟੇਟਿਵਜ਼’ ਨੇ ਦੋ ਵਾਰ ਉਸ ’ਤੇ ਮਹਾਂਦੋਸ਼ ਲਗਾਏ ਤੇ ਪਾਸ ਕੀਤੇ: ਪਹਿਲੀ ਵਾਰ ਯੂਕਰੇਨ ਦੇ ਰਾਸ਼ਟਰਪਤੀ ਵੀ. ਜੈਲਿੰਸਕੀ (Zelensky) ਨਾਲ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੇਟਿਕ ਉਮੀਦਵਾਰ ਜੋਇ ਬਾਇਡਨ ਅਤੇ ਉਸ ਦੇ ਪੁੱਤਰ ਨੂੰ ਬਦਨਾਮ ਕਰਨ ਲਈ ਸਾਜ਼-ਬਾਜ਼ ਕਰਨ ਅਤੇ ਅਮਰੀਕੀ ਸਦਨਾਂ ਤੋਂ ਸੱਚ ਛੁਪਾਉਣ ਲਈ ਅਤੇ ਦੂਸਰੀ ਵਾਰ ਰਾਸ਼ਟਰਪਤੀ ਚੋਣਾਂ ਵਿਚ ਹਾਰ ਤੋਂ ਬਾਅਦ ਲੋਕਾਂ ਨੂੰ ਰਾਜਧਾਨੀ ਵਿਚ ਹੁੱਲੜਬਾਜ਼ੀ ਕਰਨ ਲਈ ਉਕਸਾਉਣ ਲਈ। ਦੋਵੇਂ ਵਾਰ ਹੇਠਲੇ ਸਦਨ (ਹਾਊਸ ਆਫ਼ ਰਿਪਰੈਜ਼ੈਂਟੇਟਿਵਜ਼) ਨੇ ਉਸ ਨੂੰ ਦੋਸ਼ੀ ਮੰਨਿਆ ਪਰ ਮਜਾਲ ਹੈ ਕਿ ਟਰੰਪ ਦੇ ਚਿਹਰੇ ’ਤੇ ਪਛਤਾਵੇ ਜਾਂ ਗੁਨਾਹਗਾਰ ਹੋਣ ਦੀ ਕੋਈ ਭਾਵਨਾ ਦਿਖਾਈ ਦਿੱਤੀ ਹੋਵੇ। ਟਰੰਪ ਦੀ ਆਪਣੀ ਰਿਪਬਲਿਕਨ ਪਾਰਟੀ ਅਤੇ ਤਿੰਨ ਅਮਰੀਕੀ ਰਾਸ਼ਟਰਪਤੀਆਂ ਨਾਲ ਕੰਮ ਕਰਨ ਵਾਲੇ ਸਲਾਹਕਾਰ ਪੀਟਰ ਵੈਹਨਰ ਨੇ ਕਿਹਾ ਸੀ, ‘‘ਇਸ ਤੋਂ ਪਹਿਲਾਂ ਕੋਈ ਅਜਿਹਾ ਰਾਸ਼ਟਰਪਤੀ ਨਹੀਂ ਹੋਇਆ ਜੋ ਨੈਤਿਕ ਮਾਪਦੰਡਾਂ ਨੂੰ ਤਬਾਹ ਕਰਨ ਵਿਚ ਮਾਨਸਿਕ ਖ਼ੁਸ਼ੀ ਪ੍ਰਾਪਤ ਕਰਦਾ ਹੋਵੇ ਜਾਂ ਨੈਤਿਕਤਾ ਨੂੰ ਇਕ ਸਿਧਾਂਤ ਵਜੋਂ ਭੰਡਦਾ ਹੋਵੇ।’’

ਸਾਡੇ ਦੇਸ਼ ਵਿਚ ਬਹੁਤ ਸਾਰੇ ਆਗੂ ਟਰੰਪ ਨੂੰ ਆਪਣਾ ਆਦਰਸ਼ ਮੰਨਦੇ ਹਨ। ਸਾਡੇ ਪ੍ਰਧਾਨ ਮੰਤਰੀ ਨੇ ਤਾਂ ‘ਇਸ ਵਾਰ ਟਰੰਪ ਸਰਕਾਰ’ ਦਾ ਨਾਅਰਾ ਲਾਉਂਦਿਆਂ ਟਰੰਪ ਨੂੰ ਜਿਤਾਉਣ ਲਈ ਜ਼ੋਰ ਵੀ ਲਗਾਇਆ ਸੀ। ਅਮਰੀਕਾ ਦੇ ਮੀਡੀਆ ਚੈਨਲ ਸੀਐੱਨਐੱਨ ਦੇ ਸਿਆਸੀ ਵਿਸ਼ਲੇਸ਼ਕ ਜੌਹਨ ਹਾਰਵੁਡ ਅਨੁਸਾਰ ਟਰੰਪ ਨੂੰ ਅਮਰੀਕੀ ਇਤਿਹਾਸ ਵਿਚ ਉਸ ਦੀ ਅਨੈਤਿਕਤਾ ਕਾਰਨ ਯਾਦ ਰੱਖਿਆ ਜਾਵੇਗਾ। ਇਹ ਗੱਲ ਭਾਰਤ ਦੇ ਬਹੁਤ ਸਾਰੇ ਸਿਆਸਤਦਾਨਾਂ ਬਾਰੇ ਵੀ ਕਹੀ ਜਾ ਸਕਦੀ ਹੈ। ਕਿਸਾਨ ਅੰਦੋਲਨ ਸਮੇਂ ਲਖੀਮਪੁਰ ਖੀਰੀ ਵਿਚ ਹੋਈ ਘਟਨਾ ਤੋਂ ਬਾਅਦ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਟੈਨੀ ਦੇ ਵਿਵਹਾਰ ਨੂੰ ਵੀ ਸਿਆਸੀ ਅਤੇ ਨਿੱਜੀ ਅਨੈਤਿਕਤਾ ਦੇ ਇਤਿਹਾਸ ਵਿਚ ਯਾਦ ਰੱਖਿਆ ਜਾਵੇਗਾ। 25 ਸਤੰਬਰ ਨੂੰ ਉਸ ਨੇ ਕਿਸਾਨਾਂ ਅਤੇ ਕਿਸਾਨ ਆਗੂਆਂ ਨੂੰ ਕਿਹਾ ਸੀ, ‘‘ਸੁਧਰ ਜਾਓ, ਨਹੀਂ ਤਾਂ ਸਾਹਮਣਾ ਕਰੋ ਆ ਕੇ, ਅਸੀਂ ਤੁਹਾਨੂੰ ਸੁਧਾਰ ਦੇਵਾਂਗੇ, ਦੋ ਮਿੰਟ ਨਹੀਂ ਲੱਗਣਗੇ।’’ ਇਹ ਹੈ ਇਕ ਕੇਂਦਰੀ ਮੰਤਰੀ ਦੀ ਭਾਸ਼ਾ ਜਿਸ ਵਿਚ ਪਈ ਹਿੰਸਾ ਅਤੇ ਨਫ਼ਰਤ ਸਪੱਸ਼ਟ ਦਿਖਾਈ ਦਿੰਦੀ ਹੈ। ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਰਾਸ਼ਟਰੀ ਸਵੈਮਸੇਵਕ ਸੰਘ ਨਾਲ ਜੁੜੀਆਂ ਸੰਸਥਾਵਾਂ ਅਤੇ ਸਿਆਸੀ ਪਾਰਟੀਆਂ (ਪਹਿਲਾਂ ਜਨਸੰਘ ਤੇ ਹੁਣ ਭਾਰਤੀ ਜਨਤਾ ਪਾਰਟੀ) ਦੇ ਆਗੂ ਅਜਿਹੀ ਭਾਸ਼ਾ ਹਮੇਸ਼ਾ ਵਰਤਦੇ ਆਏ ਹਨ; ਅਜਿਹੀ ਭਾਸ਼ਾ ਤੇ ਵਿਚਾਰਧਾਰਾ ਹੀ ਦੇਸ਼ ਦੀ ਵੰਡ ਅਤੇ ਮਹਾਤਮਾ ਗਾਂਧੀ ਦੇ ਕਤਲ ਦਾ ਕਾਰਨ ਬਣੀ; ਅਜਿਹੇ ਪ੍ਰਵਚਨ ਵਿਚ ਨਿਹਿਤ ਭਾਵਨਾਵਾਂ ਕਾਰਨ ਹੀ ਨੱਥੂ ਰਾਮ ਗੋਡਸੇ ਨੂੰ ਨਾਇਕ ਬਣਾਇਆ ਜਾ ਰਿਹਾ ਹੈ ਅਤੇ ਜੇ ਨੱਥੂ ਰਾਮ ਗੋਡਸੇ ਨਾਇਕ ਬਣ ਸਕਦਾ ਹੈ ਤਾਂ ਭਾਜਪਾ ਆਗੂ ਕਪਿਲ ਮਿਸ਼ਰਾ (ਜਿਸ ਦੇ ਬਿਆਨ ਤੋਂ ਬਾਅਦ ਫਰਵਰੀ 2020 ਵਿਚ ਦਿੱਲੀ ਵਿਚ ਹਿੰਸਾ ਭੜਕੀ) ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨਾਇਕ ਕਿਉਂ ਨਹੀਂ ਬਣ ਸਕਦੇ? ਸਿਆਸੀ ਅਨੈਤਿਕਤਾ ਦੀ ਰਾਹ ’ਤੇ ਚੱਲਣ ਵਾਲਿਆਂ ਨੂੰ ਅਨੈਤਿਕ ਨਾਇਕਾਂ ਦੀ ਲੋੜ ਹੁੰਦੀ ਹੈ। ਕਰੋੜਾਂ ਲੋਕ ਹਿਟਲਰ ਤੇ ਮੁਸੋਲਿਨੀ ਨੂੰ ਆਪਣਾ ਨਾਇਕ ਮੰਨਦੇ ਰਹੇ ਹਨ ਪਰ ਇਹ ਯਾਦ ਰੱਖਣ ਦੀ ਵੀ ਜ਼ਰੂਰਤ ਹੈ ਕਿ ਜਦੋਂ ਅਨੈਤਿਕ ਆਗੂਆਂ ਨੂੰ ਨਾਇਕ ਮੰਨਿਆ ਜਾਂਦਾ ਹੈ ਤਾਂ ਸਮਾਜ ਖ਼ੁਦ ਅਨੈਤਿਕਤਾ ਦੀ ਖਾਈ ਵਿਚ ਜਾ ਡਿੱਗਦਾ ਹੈ; ਅਨੈਤਿਕ ਆਗੂਆਂ ਨੂੰ ਪ੍ਰਵਾਨਗੀ ਦੇ ਕੇ ਅਸੀਂ ਸਮਾਜਿਕ ਤੇ ਸਿਆਸੀ ਬਰਬਾਦੀ ਵੱਲ ਵਧ ਰਹੇ ਹੁੰਦੇ ਹਾਂ। ਹੁਣ ਵਾਲੀ ਘਟਨਾ ਵਿਚ ਉੱਤਰ ਪ੍ਰਦੇਸ਼ ਸਰਕਾਰ ਤੇ ਪੁਲੀਸ ਵੱਲੋਂ ਦਿਖਾਈ ਗਈ ਅਸੰਵੇਦਨਸ਼ੀਲਤਾ ਅਤੇ ਅਨੈਤਿਕਤਾ ਏਦਾਂ ਦੀ ਹੈ/ਸੀ ਕਿ ਸੁਪਰੀਮ ਕੋਰਟ ਨੂੰ ਖ਼ੁਦ ਮਾਮਲੇ ਵਿਚ ਦਖ਼ਲ ਦੇਣਾ ਪਿਆ।

ਨਿੱਜੀ ਨੈਤਿਕਤਾ ਦੇ ਨਾਲ ਸਿਆਸੀ ਨੈਤਿਕਤਾ ਦੇ ਮਾਪਦੰਡ ਵੀ ਮੰਗ ਕਰਦੇ ਹਨ ਕਿ ਅਜੈ ਮਿਸ਼ਰਾ ਅਸਤੀਫ਼ਾ ਦੇਵੇ। ਉਸ ਦਾ ਪੁੱਤਰ ਆਸ਼ੀਸ਼ ਮਿਸ਼ਰਾ ਲਖੀਮਪੁਰ ਘਟਨਾ ਵਿਚ ਨਾਮਜ਼ਦ ਮੁਲਜ਼ਮ ਹੈ। ਉਸ ਦੇ ਮੰਤਰੀ ਬਣੇ ਰਹਿਣ ਨਾਲ ਜਾਂਚ ਦਾ ਪ੍ਰਭਾਵਿਤ ਹੋਣਾ ਲਾਜ਼ਮੀ ਹੈ ਅਤੇ ਇਹ ਉੱਤਰ ਪ੍ਰਦੇਸ਼ ਪੁਲੀਸ ਦੀ ਕਾਰਵਾਈ ਵਿਚ ਦਿਖਾਈ ਵੀ ਦੇ ਰਿਹਾ ਹੈ। ਜੋ ਕੁਝ ਵੀ ਹੋਇਆ ਹੈ, ਉਹ ਕਿਸਾਨ ਅੰਦੋਲਨ ਅਤੇ ਹੋਰ ਵਰਗਾਂ ਦੇ ਲੋਕਾਂ ਦੇ ਦਬਾਅ ਕਾਰਨ ਹੋਇਆ ਹੈ। ਸੁਪਰੀਮ ਕੋਰਟ ਦੇ ਸਾਬਕਾ ਜੱਜ ਐਮ.ਬੀ. ਲੋਕੁਰ ਨੇ ਬਹੁਤ ਪ੍ਰਭਾਵਸ਼ੀਲ ਦਲੀਲਾਂ ਦੇ ਕੇ ਕਿਹਾ ਹੈ ਕਿ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਜੇ ਉਹ ਨਾ ਦੇਵੇ ਤਾਂ ਪ੍ਰਧਾਨ ਮੰਤਰੀ ਨੂੰ ਉਹਨੂੰ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ ਪਰ ਏਦਾਂ ਦਾ ਕੁਝ ਵੀ ਨਹੀਂ ਹੋਇਆ।

ਕਿਸਾਨ ਅੰਦੋਲਨ ਆਪਣੇ ਉਲੀਕੇ/ਮਿੱਥੇ ਹੋਏ ਸ਼ਾਂਤਮਈ ਰਾਹ ’ਤੇ ਚੱਲ ਰਿਹਾ ਹੈ। ਇਸ ਅੰਦੋਲਨ ਨੇ ਉੱਚੇ ਨੈਤਿਕ ਮਾਪਦੰਡ ਕਾਇਮ ਕਰ ਕੇ ਸਰਕਾਰਾਂ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ। ਦੂਸਰੇ ਪਾਸੇ ਅਜੈ ਮਿਸ਼ਰਾ ਨੇ ਸਿਖਰਾਂ ਦੀ ਅਨੈਤਿਕਤਾ ਦਾ ਮੁਜ਼ਾਹਰਾ ਕੀਤਾ ਹੈ। ਭਾਰਤ ਦੇ ਸਿਆਸੀ ਜੀਵਨ ਵਿਚ ਆਈ ਨੈਤਿਕ ਗਿਰਾਵਟ ਦਾ ਅਨੁਮਾਨ 1956 ਵਿਚ ਤਤਕਾਲੀਨ ਰੇਲ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੁਆਰਾ ਦਿੱਤੇ ਗਏ ਅਸਤੀਫ਼ੇ ਤੋਂ 65 ਸਾਲ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਵੱਲੋਂ ਅਸਤੀਫ਼ਾ ਦੇਣ ਦੇ ਇਨਕਾਰ ਤੋਂ ਲਗਾਇਆ ਜਾ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All