DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਕਟਾਂ ’ਚ ਘਿਰੀ ਵਿਦੇਸ਼ ਨੀਤੀ

ਭਾਰਤ ਦੇ 1998 ਦੇ ਪ੍ਰਮਾਣੂ ਪ੍ਰੀਖਣਾਂ ਮਗਰੋਂ ਅਮਰੀਕਾ ਨੇ ਸਾਡੇ ਦੇਸ਼ ’ਤੇ ਕੁਝ ਪਾਬੰਦੀਆਂ ਲਗਾਈਆਂ ਤਾਂ ਦੋਵਾਂ ਸਰਕਾਰਾਂ ਦੀ ਇੱਕ ਦੂਜੇ ਨਾਲ ਗੱਲਬਾਤ ਇੱਕ ਤਰ੍ਹਾਂ ਬੰਦ ਹੋ ਗਈ ਸੀ। ਉਸ ਤੋਂ ਬਾਅਦ ਹੁਣ ਪਹਿਲੀ ਵਾਰ ਭਾਰਤ ਦੇ ਆਪਣੇ ਸਭ ਤੋਂ...

  • fb
  • twitter
  • whatsapp
  • whatsapp
Advertisement

ਭਾਰਤ ਦੇ 1998 ਦੇ ਪ੍ਰਮਾਣੂ ਪ੍ਰੀਖਣਾਂ ਮਗਰੋਂ ਅਮਰੀਕਾ ਨੇ ਸਾਡੇ ਦੇਸ਼ ’ਤੇ ਕੁਝ ਪਾਬੰਦੀਆਂ ਲਗਾਈਆਂ ਤਾਂ ਦੋਵਾਂ ਸਰਕਾਰਾਂ ਦੀ ਇੱਕ ਦੂਜੇ ਨਾਲ ਗੱਲਬਾਤ ਇੱਕ ਤਰ੍ਹਾਂ ਬੰਦ ਹੋ ਗਈ ਸੀ। ਉਸ ਤੋਂ ਬਾਅਦ ਹੁਣ ਪਹਿਲੀ ਵਾਰ ਭਾਰਤ ਦੇ ਆਪਣੇ ਸਭ ਤੋਂ ਸ਼ਕਤੀਸ਼ਾਲੀ ਭਾਈਵਾਲ ਨਾਲ ਸਬੰਧ ਖ਼ਤਰਨਾਕ ਹੱਦ ਤੱਕ ਨਿੱਘਰ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਵ੍ਹਾਈਟ ਹਾਊਸ ਦੇ ਸਭ ਤੋਂ ਉੱਚੇ ਪੱਧਰ ਤੋਂ ਮਿਹਣੇ ਮਾਰੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਬੇਨਤੀ ਕਰਨ ਵਾਲੇ ਵਜੋਂ ਦਰਸਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਡੋਨਲਡ ਟਰੰਪ ਤੋਂ ਇਉਂ ਇਜਾਜ਼ਤ ਮੰਗਣ ਦੀ ਕਲਪਨਾ ਕੀਤੀ ਗਈ ਹੈ, ‘‘ਸਰ, ਕੀ ਮੈਂ ਤੁਹਾਨੂੰ ਫੋਨ ਕਾਲ ਕਰ ਸਕਦਾ ਹਾਂ?’’ ਅਮਰੀਕਾ ਦੀ ਗੋਰਿਆਂ ਦੀ ਸਰਬਉੱਚਤਾ ਵਾਲੀ ਹਉਂ ਨੇ ਜ਼ਰੂਰ ‘‘ਹਾਂ’’ ਵਿੱਚ ਜਵਾਬ ਦਿੱਤਾ ਹੋਵੇਗਾ।

ਪਿਛਲੀ ਵਾਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਇੱਕ ਅਮਰੀਕੀ ਰਾਸ਼ਟਰਪਤੀ ਅੱਗੇ ਇੱਕ ਤਰ੍ਹਾਂ ਨਾਲ ਸਿਜਦਾ ਕਰਦਿਆਂ ਦੇਖਿਆ ਗਿਆ ਸੀ (ਜਦੋਂ ਉਨ੍ਹਾਂ ਸਾਲ 2008 ਵਿੱਚ ਰਾਸ਼ਟਰਪਤੀ ਜਾਰਜ ਬੁਸ਼ ਨੂੰ ਕਿਹਾ ਸੀ, ‘‘ਭਾਰਤ ਤੁਹਾਨੂੰ ਪਿਆਰ ਕਰਦਾ ਹੈ’’) ਤਾਂ ਦੇਸ਼ ਗੁੱਸੇ ਨਾਲ ਭੜਕ ਉੱਠਿਆ ਸੀ। ਜਨਵਰੀ 2026 ਦੀ ਗੱਲ ਕਰੀਏ ਤਾਂ ਸਿਰਫ਼ 24 ਘੰਟੇ ਪਹਿਲਾਂ ਵਿਦੇਸ਼ ਮੰਤਰਾਲੇ ਨੇ ਮੋਦੀ ਦੇ ਕਥਿਤ ਕਾਲਪਨਿਕ ਬਿਆਨ ਦਾ ਖੰਡਨ ਕੀਤਾ ਸੀ, ਪਰ ਕੂਟਨੀਤੀ ਦਾ ਰਸਾਤਲ ਤੱਕ ਅਜਿਹਾ ਨਿਘਾਰ ਦੇਖਣਾ ਬਹੁਤ ਖ਼ੌਫ਼ਨਾਕ ਹੈ।

Advertisement

ਭਾਰਤ ਦੀ ਪ੍ਰਾਚੀਨ ਸੱਭਿਅਤਾ ਦੇ ਵਿਲੱਖਣ ਅਤੇ ਉੱਤਮ ਕੁਲੀਨ ਵਾਰਿਸਾਂ ਦਾ ਅਮਰੀਕਾ ਦੁਆਰਾ ਮਖੌਲ ਉਡਾਏ ਜਾਣਾ ਦੇਖਣਾ ਬੇਚੈਨ ਕਰਦਾ ਹੈ ਕਿਉਂਕਿ ਇਸ ਮਾਮਲੇ ਵਿੱਚ ਕੁਝ ਖੇਤੀਬਾੜੀ ਉਤਪਾਦਾਂ ’ਤੇ ਟੈਰਿਫ ਘਟਾਉਣ ਅਤੇ ਸਸਤਾ ਰੂਸੀ ਤੇਲ ਖਰੀਦਣਾ ਬੰਦ ਕਰਨ ਤੋਂ ਇਨਕਾਰ ਕਰ ਕੇ ਦਿੱਲੀ ਨੇ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਕਰਨ ਦੀ ਹਿੰਮਤ ਦਿਖਾਈ ਸੀ। ਅਮਰੀਕੀ ਵਣਜ ਸਕੱਤਰ ਹਾਵਰਡ ਲੁਟਨਿਕ ਨੇ ਇੱਕ ਪੱਤਰਕਾਰ ਨੂੰ ਦੱਸਿਆ ਸੀ, ‘‘ਅਮਰੀਕਾ ਨੇ ਭਾਰਤ ਨੂੰ ਦੁਵੱਲੇ ਵਪਾਰ ਸਮਝੌਤੇ ’ਤੇ ਸਹਿਮਤ ਹੋਣ ਲਈ ‘ਤਿੰਨ ਸ਼ੁੱਕਰਵਾਰ’ ਜਾਂ ਕਹਿ ਲਓ ਤਿੰਨ ਹਫ਼ਤੇ ਦਿੱਤੇ ਸਨ।’’ ਮੋਦੀ ਨੂੰ ਨਿੱਜੀ ਤੌਰ ’ਤੇ ਟਰੰਪ ਨੂੰ ਫੋਨ ਕਰਕੇ ਇਸ ਸਮਝੌਤੇ ’ਤੇ ਦਸਤਖ਼ਤ ਕਰਨੇ ਚਾਹੀਦੇ ਸਨ, ਪਰ ਪ੍ਰਧਾਨ ਮੰਤਰੀ ਨੇ ਟਰੰਪ ਨੂੰ ਫੋਨ ਨਹੀਂ ਕੀਤਾ। ਜਦੋਂ ਭਾਰਤ ਨੇ ਅੰਤ ਵਿੱਚ ਜਵਾਬ ਦਿੱਤਾ ਤਾਂ ਲੁਟਨਿਕ ਨੇ ਉਨ੍ਹਾਂ ਨੂੰ ਕਿਹਾ ਕਿ ਹੁਣ ਤਾਂ ‘ਬਹੁਤ ਦੇਰ’ ਹੋ ਗਈ ਹੈ।

Advertisement

ਬੇਸ਼ੱਕ, ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਪੱਛਮੀ ਨੇਤਾਵਾਂ ਨੂੰ ਬਾਦਸ਼ਾਹਾਂ ਵਾਂਗ ਵਿਹਾਰ ਕਰਦਿਆਂ ਅਤੇ ਆਪਣੇ ਦਬਦਬੇ ਦਾ ਪ੍ਰਦਰਸ਼ਨ ਕਰਦਿਆਂ ਦੇਖਣ ਦਾ ਭਾਰਤ ਆਦੀ ਹੈ। ਵਿਦੇਸ਼ ਮੰਤਰਾਲੇ ਦੇ ਅੰਦਰ ਬਾਹਰ ਹਰ ਕੋਈ ਵੱਡੀਆਂ ਸ਼ਕਤੀਆਂ ਦੇ ਦੰਭ ਨੂੰ ਸਮਝਦਾ ਸੀ, ਖ਼ਾਸਕਰ ਸ਼ੀਤ ਯੁੱਧ ਦੌਰਾਨ ਮੀਡੀਆ ਵੱਲੋਂ ਉਨ੍ਹਾਂ ਦਾ ਪਰਦਾਫਾਸ਼ ਕੀਤਾ ਜਾਂਦਾ ਸੀ।

ਸਮੱਸਿਆ ਇਹ ਹੈ ਕਿ ਘੱਟੋ-ਘੱਟ ਪਿਛਲੇ ਵੀਹ ਸਾਲਾਂ ਤੋਂ ਭਾਰਤੀ ਆਗੂਆਂ ਨੂੰ ਲੱਗਦਾ ਰਿਹਾ ਹੈ ਕਿ ਉਹ ਅਮਰੀਕਾ ਦੀ ਧਿਰ ਹੀ ਹਨ। ਇਸ ਨੂੰ ਅੰਤਿਮ ਸੱਚ ਮੰਨਦਿਆਂ ਸਾਡੇ ਬੱਚੇ ਉਨ੍ਹਾਂ ਦੇ ਸਕੂਲਾਂ ਵਿੱਚ ਪੜ੍ਹੇ, ਭਾਰਤੀ ਮਾਪਿਆਂ ਨੇ ਪਾਈ ਪਾਈ ਜੋੜਦਿਆਂ ਮਹਿੰਗੇ ਮੁੱਲ ਡਾਲਰ ਖਰੀਦੇ ਤਾਂ ਜੋ ਆਪਣੇ ਬੱਚਿਆਂ ਨੂੰ ਅਮਰੀਕਾ ਭੇਜ ਸਕਣ ਤੇ ਸਾਡੀ ਪੀੜ੍ਹੀ ਦੇ ਆਈਟੀ ਮਾਹਿਰਾਂ, ਜਿਨ੍ਹਾਂ ਨੇ ਐੱਚ1-ਬੀ ਵੀਜ਼ਾ ਮਿਲਣ ਨੂੰ ਲਾਟਰੀ ਸਮਝਿਆ, ਦੇ ਸਿਰ ’ਤੇ ਹੀ ਅਮਰੀਕਾ ਵਾਰ-ਵਾਰ ਮਹਾਨ ਬਣਿਆ। ਅਸੀਂ ਬਰਾਬਰ ਸੀ ਜਾਂ ਘੱਟੋ-ਘੱਟ ਅਸੀਂ ਤਾਂ ਅਜਿਹਾ ਹੀ ਸੋਚਦੇ ਸਾਂ।

ਮੋਦੀ ਕੈਬਨਿਟ ਦੇ ਸਭ ਤੋਂ ਸੂਝਵਾਨ ਵਿਅਕਤੀਆਂ ਵਿੱਚੋਂ ਇੱਕ ਮੰਨੇ ਜਾਂਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪੁਰਾਣੇ ਭਾਰਤ ਨੂੰ ਨਵਾਂ ਭਾਰਤ ਬਣਾਉਣ ਵਾਲਿਆਂ ਵਿੱਚ ਸ਼ੁਮਾਰ ਸਨ ਕਿਉਂਕਿ ਭਾਰਤ ਦੇ ਇੱਕ ਚੋਟੀ ਦੇ ਡਿਪਲੋਮੈਟ ਹੋਣ ਕਾਰਨ ਉਨ੍ਹਾਂ ਨੂੰ ਦੋਵਾਂ ਪਾਸਿਆਂ ਦੇ ਲੋਕਾਂ ਨਾਲ ਦੋਸਤੀ ਕਰਨ ਵਿੱਚ ਮੁਹਾਰਤ ਹਾਸਲ ਹੈ। ਐੱਸ. ਜੈਸ਼ੰਕਰ ਦੇ ਪਿਤਾ ਕੇ. ਸੁਬਰਾਮਣੀਅਮ ਨੇ 1971 ਵਿੱਚ ਬੰਗਲਾਦੇਸ਼ ਯੁੱਧ ਤੋਂ ਪਹਿਲਾਂ ਪਾਕਿਸਤਾਨ ਦਾ ਪੱਖ ਪੂਰਨ ਬਾਰੇ ਆਖ ਕੇ ਹੈਨਰੀ ਕਿਸਿੰਜਰ ਦੀ ਨਾਰਾਜ਼ਗੀ ਸਹੇੜ ਲਈ ਸੀ। (ਜ਼ਿਕਰਯੋਗ ਹੈ ਕਿ ਸੁਬਰਾਮਨੀਅਮ ਨੇ ਕਿਸਿੰਜਰ ਨੂੰ ਪੁੱਛਿਆ, ‘‘ਜਦੋਂ ਲੱਖਾਂ ਪੂਰਬੀ ਪਾਕਿਸਤਾਨੀ ਤੇ ਹੁਣ ਤੱਕ ਲਗਭਗ ਇੱਕ ਕਰੋੜ ਲੋਕ ਪਾਕਿਸਤਾਨ ਦੀ ਫ਼ੌਜ ਵੱਲੋਂ ਕੀਤੇ ਜਾ ਰਹੇ ਕਤਲੇਆਮ ਕਾਰਨ ਡਰ ਕੇ ਭਾਰਤ ਵੱਲ ਆ ਰਹੇ ਹਨ, ਕੀ ਫਿਰ ਵੀ ਤੁਸੀਂ ਪਾਕਿਸਤਾਨ ਦਾ ਪੱਖ ਪੂਰੋਗੇ ਅਤੇ ਕੀ ਤੁਹਾਨੂੰ ਯਾਦ ਨਹੀਂ ਕਿ ਤੁਹਾਡੇ ਆਪਣੇ ਯਹੂਦੀ ਭਾਈਚਾਰੇ ਨੇ ਹਿਟਲਰ ਦੇ ਰਾਜ ਵੇਲੇ ਕੀ ਕੀ ਦੁੱਖ-ਕਸ਼ਟ ਝੱਲੇ ਸਨ?’’) ਨਵੀਂ ਵਿਸ਼ਵ ਵਿਵਸਥਾ ਵਿੱਚ ਲੰਮੇ ਬਸਤੀਵਾਦੀ ਸ਼ਾਸਨ ਦੀਆਂ ਯਾਦਾਂ ਵਾਲੇ ਇੱਕ ਪ੍ਰਾਚੀਨ ਰਾਸ਼ਟਰ ਵਜੋਂ ਭਾਰਤ ਦੀ ਵਿਲੱਖਣ ਸਥਿਤੀ ਬਾਰੇ ਸਮਝਾਉਣ ਦੀ ਜ਼ਿੰਮੇਵਾਰੀ ਜੈਸ਼ੰਕਰ ਨੂੰ ਸੌਂਪੀ ਗਈ ਸੀ। ਹਾਲਾਂਕਿ, ਇਸ ਨਵੀਂ ਵਿਸ਼ਵ ਵਿਵਸਥਾ ਵਿੱਚ ਟਰੰਪ ਨੇ ਉਥਲ-ਪੁਥਲ ਮਚਾਈ ਹੋਈ ਹੈ। ਫਿਰ ਗ਼ਲਤੀ ਕੀ ਹੋਈ? ਟਰੰਪ ਦਾ ਅਮਰੀਕਾ ਮੋਦੀ ਦੇ ਭਾਰਤ ’ਤੇ ਕਿਉਂ ਹੱਸ ਰਿਹਾ ਹੈ ਜਦੋਂਕਿ ਚੀਨ ਤੋਂ ਦੁਨੀਆ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਸਾਨੂੰ ਇੱਕੋ ਪਾਸੇ ਖੜੋਣਾ ਚਾਹੀਦਾ ਸੀ? ਸਾਡੇ ਨਵੇਂ ਮਿੱਤਰ ਹੀ ਸਾਡੇ ਵਿਰੁੱਧ ਕਿਉਂ ਹੋ ਰਹੇ ਹਨ? ਇਸ ਦੇ ਬਹੁਤ ਸਾਰੇ ਜਵਾਬ ਹਨ, ਕੁਝ ਸੁਖਾਵੇਂ ਤੇ ਕੁਝ ਬਹੁਤੇ ਸੁਖਾਵੇਂ ਨਹੀਂ। ਪਹਿਲਾ, ਟਰੰਪ ਦੀ ਹਉਮੈ ਜੋ ਇਹ ਸੋਚਦਾ ਹੈ ਕਿ ਸਾਰੀ ਦੁਨੀਆ ਹਮੇਸ਼ਾ ਉਸ ਦੇ ਹੁਕਮਾਂ ਦੀ ਤਾਮੀਲ ਕਰੇ। ਜਦੋਂ ਮੋਦੀ ਨੇ ਵਪਾਰ ਸਮਝੌਤੇ ’ਤੇ ਦਸਤਖਤ ਕਰਨ ਲਈ ਟਰੰਪ ਨੂੰ ਫੋਨ ਨਾ ਕੀਤਾ ਤਾਂ ਅਮਰੀਕਾ ਨੇ ਵੱਖਰੇ ਢੰਗ ਨਾਲ ਦਬਾਅ ਪਾਇਆ। ਅਮਰੀਕਾ ਨੇ ਐਲਾਨ ਕੀਤਾ ਕਿ ਹੁਣ ਅਜਿਹਾ ਕੋਈ ਸੌਦਾ ਨਹੀਂ ਹੋਵੇਗਾ ਅਤੇ ਰੂਸੀ ਤੇਲ ਖਰੀਦਣ ਕਰਕੇ ਭਾਰਤ ’ਤੇ 500 ਫ਼ੀਸਦੀ ਟੈਰਿਫ ਲਗਾਇਆ ਜਾਵੇਗਾ।

ਇਸ ਕਾਰਨ ਭਾਰਤ ਇੰਨਾ ਘਬਰਾ ਗਿਆ ਕਿ ਹੋਰ ਗੱਲਾਂ ਦੇ ਨਾਲ ਨਾਲ ਇਸ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਅਮਰੀਕੀ ਹਿਰਾਸਤ ਦੀ ਖੁੱਲ੍ਹ ਕੇ ਨਿੰਦਾ ਵੀ ਨਾ ਕੀਤੀ। ‘ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ’ ਸ਼ਬਦ ਦਹਾਕਿਆਂ ਤੋਂ ਭਾਰਤ ਦਾ ਨੈਤਿਕ ਸਿਧਾਂਤ ਰਹੇ ਹਨ। ਇਨ੍ਹਾਂ ਸਿਧਾਂਤਾਂ ਦੇ ਆਧਾਰ ’ਤੇ ਭਾਰਤ ਨੇ ਯੂਕਰੇਨ ’ਤੇ ਹਮਲੇ ਵੇਲੇ ਰੂਸ ਦੀ ਵੀ ਆਲੋਚਨਾ ਕੀਤੀ ਸੀ, ਪਰ ਹੁਣ ਅਮਰੀਕਾ ਦੀ ਖੁੱਲ੍ਹੇਆਮ ਨਿੰਦਾ ਕਰਨ ਤੋਂ ਇਸ ਨੇ ਟਾਲਾ ਵੱਟ ਲਿਆ ਹੈ।

ਦੂਜਾ, ਟਰੰਪ ਦੇ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਕੋਈ ਅਹਿਮੀਅਤ ਨਹੀਂ ਜਾਪਦੀ। ਉਸ ਨੂੰ ਭਾਰਤ ਵਿੱਚ ਉਸ ਤਰ੍ਹਾਂ ਦੀ ਕੋਈ ਦਿਲਚਸਪੀ ਨਹੀਂ, ਜਿਵੇਂ ਦਹਾਕਿਆਂਬੱਧੀ ਅਮਰੀਕੀ ਸਰਕਾਰਾਂ ਦੀ ਰਹੀ ਹੈ। ਇਨ੍ਹਾਂ ਵਿੱਚ ਡੈਮੋਕਰੇਟਸ ਵੀ ਸ਼ਾਮਲ ਸਨ, ਜਿਨ੍ਹਾਂ ਨੇ 2008 ’ਚ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤਾ ਸਹੀਬੰਦ ਕਰਕੇ ਭਾਰਤ ਨੂੰ ਪ੍ਰਮਾਣੂ ਸ਼ਕਤੀਆਂ ਵਿੱਚ ਸ਼ਾਮਿਲ ਕਰਵਾਇਆ ਤਾਂ ਜੋ ਇਹ ਚੀਨ ਦਾ ਮੁਕਾਬਲਾ ਕਰਨ ਲਈ ਇੱਕ ਮਜ਼ਬੂਤ ਖੇਤਰੀ ਤਾਕਤ ਬਣ ਸਕੇ। ਯਕੀਨਨ, ਟਰੰਪ ਚੀਨ ਦੇ ਵਧਦੇ ਪ੍ਰਭਾਵ ਬਾਰੇ ਫ਼ਿਕਰਮੰਦ ਹੈ, ਪਰ ਉਸ ਨੇ ਜਨਤਕ ਤੌਰ ’ਤੇ ਕਿਹਾ ਹੈ ਕਿ ਉਹ ਪੇਈਚਿੰਗ ਨਾਲ ਸਿੱਧਾ ਸੰਪਰਕ ਕਰੇਗਾ।

ਤੀਜਾ, ਟਰੰਪ ਨੂੰ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਕਿ ਇੱਕ ਪੁਰਾਣਾ ਦੋਸਤ, ਸਹਿਯੋਗੀ ਅਤੇ ਉੱਭਰ ਰਹੀ ਖੇਤਰੀ ਸ਼ਕਤੀ ਭਾਰਤ ਪਰੇਸ਼ਾਨ ਹੈ। ਉਸ ਨੂੰ ਇਹ ਵੀ ਯਾਦ ਨਹੀਂ ਹੈ ਕਿ ਮੋਦੀ ਨੇ 2019 ’ਚ ਅਮਰੀਕੀ ਰਾਸ਼ਟਰਪਤੀ ਦੀ ਚੋਣ ’ਚ ‘ਅਬਕੀ ਬਾਰ, ਟਰੰਪ ਸਰਕਾਰ’ ਦੇ ਨਾਅਰੇ ਨਾਲ ਪਰਵਾਸੀ ਭਾਰਤੀਆਂ ਨੂੰ ਉਤਸ਼ਾਹਿਤ ਕਰਕੇ ਉਸ ਦੀ ਮਦਦ ਕੀਤੀ ਸੀ। ਸਾਲ 2024 ਵਿੱਚ ਜਦੋਂ ਬਾਇਡਨ ਨਾਲ ਮੁਲਾਕਾਤ ਲਈ ਮੋਦੀ ਅਮਰੀਕਾ ਗਏ ਸਨ ਤਾਂ ਟਰੰਪ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਟਰੰਪ ਨੂੰ ਇਹ ਗੱਲ ਭੁੱਲੀ ਨਹੀਂ। ਟਰੰਪ ਨੂੰ ਇਹ ਗੱਲ ਵੀ ਸਖ਼ਤ ਨਾਪਸੰਦ ਹੈ ਕਿ ਭਾਰਤ ਨੇ ਜਨਤਕ ਤੌਰ ’ਤੇ ਕਈ ਵਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਆਪਰੇਸ਼ਨ ਸਿੰਧੂਰ ਵੇਲੇ ਭਾਰਤ ਤੇ ਪਾਕਿਸਤਾਨ ਦਰਮਿਆਨ ਟਕਰਾਅ ਰੋਕਣ ’ਚ ਟਰੰਪ ਨੇ ਕੋਈ ਭੂਮਿਕਾ ਨਿਭਾਈ ਹੈ।

ਵਿਦੇਸ਼ ਨੀਤੀ ਪੱਖੋਂ ਭਾਰਤ ਹੁਣ ਕਸੂਤੀ ਸਥਿਤੀ ਵਿੱਚ ਫਸਿਆ ਹੋਇਆ ਹੈ। ਅਮਰੀਕੀ ਭਾਰਤ ਨਾਲ ਖੇਡਾਂ ਖੇਡ ਰਹੇ ਜਾਪਦੇ ਹਨ। ਉੱਤਰੀ ਸਰਹੱਦ ’ਤੇ ਚੀਨ ਘਾਤ ਲਾਈ ਬੈਠਾ ਹੈ। ਭਾਰਤ ਨੇ ਬੰਗਲਾਦੇਸ਼ ਦੀ ਕਾਇਮੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਹੋ ਦੇਸ਼ ਹੁਣ ਭਾਰਤ ਨਾਲ ਇਸ ਗੱਲੋਂ ਖ਼ਫ਼ਾ ਹੈ ਕਿ ਇਸ ਦੇ ਚੋਟੀ ਦੇ ਖਿਡਾਰੀ ਨੂੰ ਆਈਪੀਐੱਲ ਟੀਮ ’ਚੋਂ ਕੱਢ ਦਿੱਤਾ ਗਿਆ। ਇਸ ਲਈ ਬੰਗਲਾਦੇਸ਼ ਨੇ ਭਾਰਤ ਵਿੱਚ ਟੀ20 ਵਿਸ਼ਵ ਕੱਪ ਦੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਓਧਰ ਪਾਕਿਸਤਾਨ ਅਮਰੀਕਾ ਦੇ ਨੇੜੇ ਨੇੜੇ ਢੁੱਕ ਰਿਹਾ ਹੈ। ਯੂ ਏ ਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਏਦ ਅਲ ਨਾਹਯਾਨ ਨੇ ਦਸੰਬਰ ਦੇ ਆਖ਼ਰੀ ਹਫ਼ਤੇ ਪਹਿਲੀ ਵਾਰ ਪਾਕਿਸਤਾਨ ਦਾ ਦੌਰਾ ਕੀਤਾ। ਵੈਨੇਜ਼ੁਏਲਾ ਦੇ ਮਾਮਲੇ ਵਿੱਚ ਭਾਰਤ ਵੱਲੋਂ ਖੁੱਲ੍ਹ ਕੇ ਨਾ ਬੋਲਣ ਨੂੰ ਦੱਖਣੀ ਅਮਰੀਕਾ ਵੀ ਨਹੀਂ ਭੁੱਲੇਗਾ। ਨੇਪਾਲ ਸੰਕਟਗ੍ਰਸਤ ਮੁਲਕ ਹੈ।

ਅਜਿਹੇ ਹਾਲਾਤ ਵਿੱਚ ਰੂਸ, ਪੱਛਮੀ ਯੂਰੋਪ ਅਤੇ ਇਰਾਨ ਤੇ ਇਜ਼ਰਾਈਲ ਬਚੇ ਹਨ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਗਾਰਚੀ ਦੇ ਅਗਲੇ ਹਫ਼ਤੇ ਦਿੱਲੀ ਆਉਣ ਦੀ ਸੰਭਾਵਨਾ ਹੈ। ਸ਼ਾਇਦ ਇਸ ਨਾਲ ਦਿੱਲੀ ਰਸਾਤਲ ਵਿੱਚੋਂ ਉੱਭਰ ਹੀ ਆਵੇ। ਪਰ ਅਜਿਹਾ ਕਰਨ ਨਾਲ ਇੱਕ ਹੋਰ ਮੁਸੀਬਤ ਖੜ੍ਹੀ ਹੋ ਸਕਦੀ ਹੈ ਕਿ ਟਰੰਪ ਹੋਰ ਵੀ ਗੁੱਸੇ ਹੋ ਸਕਦਾ ਹੈ। ਦਿੱਲੀ ਲਈ ਨਵਾਂ ਸਾਲ ਪਹਿਲਾਂ ਹੀ ਪੁਰਾਣਾ ਹੋ ਗਿਆ ਜਾਪਦਾ ਹੈ।

* ਲੇਖਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।

Advertisement
×