DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਫਾਇਰ ... ... ... !

ਕੋਈ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਜਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਦੇਸ਼ ਵਾਸੀਆਂ ਅਤੇ ਖ਼ਾਸਕਰ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਅੱਜ ਵੀ ਅੱਲੇ ਜ਼ਖ਼ਮ ਵਾਂਗ ਰਿਸਦਾ ਹੈ। ਮਨੁੱਖਤਾ ਦੇ ਇਤਿਹਾਸ ਦੇ ਅਜਿਹੇ ਖ਼ੂਨੀ ਪੰਨੇ ਸਾਨੂੰ ਸਮੇਂ...

  • fb
  • twitter
  • whatsapp
  • whatsapp
Advertisement

ਕੋਈ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਜਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਦੇਸ਼ ਵਾਸੀਆਂ ਅਤੇ ਖ਼ਾਸਕਰ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਅੱਜ ਵੀ ਅੱਲੇ ਜ਼ਖ਼ਮ ਵਾਂਗ ਰਿਸਦਾ ਹੈ। ਮਨੁੱਖਤਾ ਦੇ ਇਤਿਹਾਸ ਦੇ ਅਜਿਹੇ ਖ਼ੂਨੀ ਪੰਨੇ ਸਾਨੂੰ ਸਮੇਂ ਦੀਆਂ ਹਵਾਵਾਂ ਨਾਲ ਅੱਜ ਵੀ ਉਸ ਦੌਰ ’ਚ ਲਿਆ ਖੜ੍ਹਾ ਕਰਦੇ ਹਨ ਜਦੋਂ ਇੱਕ ਭੀੜੇ ਜਿਹੇ ਦਾਖਲਾ ਰਾਹ ਵਾਲਾ ਜਲ੍ਹਿਆਂਵਾਲਾ ਬਾਗ਼ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ ਅਤੇ ਉਸ ਜਲਸੇ ਵਿੱਚ ਲੋਕ ਆਪਣੇ ਮਹਿਬੂਬ ਨੇਤਾਵਾਂ ਦੇ ਭਾਸ਼ਣ ਸੁਣ ਰਹੇ ਸਨ, ਜੋ ਬਸਤੀਵਾਦੀ ਸ਼ਾਸਕਾਂ ਵੱਲੋਂ ਹਿੰਦੋਸਤਾਨੀਆਂ ਦੇ ਦਮਨ ਲਈ ਬਣਾਏ ਗਏ ਨਵੇਂ ਰੌਲੈੱਟ ਐਕਟ ਦਾ ਵਿਰੋਧ ਕਰ ਰਹੇ ਸਨ, ਜਿਸ ਅਧੀਨ ਬਿਨਾਂ ਵਕੀਲ, ਬਿਨਾਂ ਦਲੀਲ ਅਤੇ ਬਿਨਾਂ ਅਪੀਲ ਕਿਸੇ ਨੂੰ ਵੀ ਜੇਲ੍ਹ ’ਚ ਸੁੱਟਿਆ ਜਾ ਸਕਦਾ ਸੀ। ਜਲ੍ਹਿਆਂਵਾਲਾ ਬਾਗ਼ ’ਚ ਉਸ ਵੇਲੇ ਹਾਜ਼ਰ ਸਭ ਲੋਕਾਂ ਦੇ ਮਨਾਂ ਵਿੱਚ ਦੇਸ਼ ਦੀ ਆਜ਼ਾਦੀ ਦੀ ਹੀ ਤਾਂਘ ਸੀ। ਉਸ ਜਲਸੇ

ਵਿੱਚ ਸ਼ਾਮਿਲ ਲੋਕਾਂ ਨੂੰ ਹਿੰਦੂ, ਸਿੱਖ ਅਤੇ ਮੁਸਲਮਾਨਾਂ ਵਿੱਚ ਵੰਡ ਕੇ ਨਹੀਂ ਸੀ ਦੇਖਿਆ ਜਾ ਸਕਦਾ। ਉਹ

Advertisement

ਸਾਰੇ ਹਿੰਦੋਸਤਾਨੀ ਸਨ, ਜੋ ਆਪਣੇ ਦੇਸ਼ ਨੂੰ ਆਜ਼ਾਦ ਦੇਖਣਾ ਚਾਹੁੰਦੇ ਸਨ।

Advertisement

ਇਤਿਹਾਸ ਦੇ ਉਹ ਪੰਨੇ ਜਦੋਂ ਤੁਹਾਡੇ ਮਨ ਦੀਆਂ ਅੱਖਾਂ ਸਾਹਵੇਂ ਆਉਂਦੇ ਹਨ ਤਾਂ ਤੁਹਾਨੂੰ ਜਲ੍ਹਿਆਂਵਾਲੇ ਬਾਗ਼ ਵਿਚਲਾ ਭਾਰੀ ਇਕੱਠ ਨਜ਼ਰ ਪੈਂਦਾ ਹੈ ਅਤੇ ਮੰਚ ਤੋਂ ਦੇਸ਼ ਪ੍ਰੇਮ ਵਿੱਚ ਰੰਗੇ ਭਾਸ਼ਣ ਸੁਣਾਈ ਦਿੰਦੇ ਹਨ। ਉਸ ਦਿਨ ਵਿਸਾਖੀ ਸੀ ਅਤੇ ਬਹੁਤ ਸਾਰੇ ਸ਼ਰਧਾਲੂ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਇਸ ਸ਼ਾਂਤ ਜਲਸੇ, ਜਿਸ ਵਿੱਚ ਅੰਗਰੇਜ਼ਾਂ ਵੱਲੋਂ ਬਣਾਏ ਦਮਨਕਾਰੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਵਿੱਚ ਸ਼ਾਮਿਲ ਹੋਣ ਲਈ ਪੁੱਜੇ ਸਨ। ਉੱਥੇ ਹਾਜ਼ਰ ਸਾਰੇ ਹਿੰਦੋਸਤਾਨੀ ਸ਼ਾਂਤੀ ਨਾਲ ਆਪਣੇ ਆਗੂਆਂ ਦੇ ਭਾਸ਼ਣ ਸੁਣ ਰਹੇ ਸਨ ਕਿ ਅਚਾਨਕ ਜਲ੍ਹਿਆਂਵਾਲੇ ਬਾਗ਼ ਦੇ ਬਾਹਰ ਸਿਪਾਹੀਆਂ ਦੇ ਭਾਰੇ ਬੂਟਾਂ ਦੀ ਆਵਾਜ਼ ਸੁਣਾਈ ਦਿੱਤੀ। ਇਹ ਸਿਪਾਹੀ ਜਨਰਲ ਰੇਜੀਨਲਡ ਡਾਇਰ ਦੀ ਅਗਵਾਈ ਹੇਠ ਉੱਥੇ ਆਏ ਸਨ। ਦਰਅਸਲ, ਜਨਰਲ ਰੇਜੀਨਲਡ ਡਾਇਰ ਇੱਕ ਸਾਲ ਪਹਿਲਾਂ ਮਾਰਚ 1918 ਵਿੱਚ ਜਲੰਧਰ ਸਥਿਤ 45ਵੀਂ ਇਨਫੈਂਟਰੀ ਬ੍ਰਿਗੇਡ ਦਾ ਜਨਰਲ ਬਣ ਕੇ ਆਇਆ ਸੀ ਅਤੇ ਸਰਕਾਰ ਨੇ ਅੰਮ੍ਰਿਤਸਰ ਨੂੰ 1918 ਵਿੱਚ ਹੀ ਡਾਇਰ ਦੇ ਅਧਿਕਾਰ ਖੇਤਰ ਹੇਠ ਲਿਆਂਦਾ ਸੀ। ਡਾ. ਸਤਿਆਪਾਲ ਅਤੇ ਡਾ. ਕਿਚਲੂ ਦੀ ਗ੍ਰਿਫ਼ਤਾਰੀ ਵਿਰੁੱਧ ਰੋਸ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਬਰਤਾਨਵੀ ਹਕੂਮਤ ਨੇ ਉਸ ਨੂੰ ਫੌਰੀ ਸਥਿਤੀ ਸੰਭਾਲਣ ਲਈ ਜਲੰਧਰ ਤੋਂ ਅੰਮ੍ਰਿਤਸਰ ਪਹੁੰਚਣ ਦੀ ਹਦਾਇਤ ਦਿੱਤੀ। ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ਼ ਪੁੱਜ ਕੇ ਲੋਕਾਂ ਨੂੰ ਬਿਨਾਂ ਕੋਈ ਚਿਤਾਵਨੀ ਦਿੱਤਿਆਂ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ, ‘‘ਫਾਇਰ... ... ... !’’ ਅਤੇ ਅਚਾਨਕ ਚਾਰੋਂ ਪਾਸਿਓਂ ਬੇਗੁਨਾਹ ਹਿੰਦੋਸਤਾਨੀਆਂ ’ਤੇ ਗੋਲੀਆਂ ਦਾ ਮੀਂਹ ਵਰ੍ਹਨ ਲੱਗਿਆ। ਬਾਗ਼ ਦੇ ਇੱਕੋ ਇੱਕ ਭੀੜੇ ਰਾਹ ’ਤੇ ਵੀ ਰਾਈਫਲਾਂ ਨਾਲ ਲੈਸ ਸਿਪਾਹੀ ਖੜੋਤੇ ਸਨ, ਜੋ ਲਗਾਤਾਰ ਗੋਲੀਆਂ ਦਾ ਮੀਂਹ ਵਰ੍ਹਾ ਰਹੇ ਸਨ। ਲੱਗਦਾ ਸੀ ਜਿਵੇਂ ਉਨ੍ਹਾਂ ਧਾਰਿਆ ਹੋਵੇ ਕਿ ਉਹ ਕਿਸੇ ਵੀ ਹਿੰਦੋਸਤਾਨੀ ਨੂੰ ਜਿਊਂਦਾ ਬਚ ਕੇ ਨਹੀਂ ਜਾਣ ਦੇਣਗੇ। ਚਾਰੋਂ ਪਾਸੇ ਵਰ੍ਹਦੀਆਂ ਗੋਲੀਆਂ ਅਤੇ ਬਾਹਰ ਜਾਣ ਵਾਲਾ ਹਰ ਰਾਹ ਬੰਦ... ...। ਕਈਆਂ ਨੇ ਉਸ ਬਾਗ਼ ਦੀ ਕੰਧ ਤੋਂ ਟੱਪ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਰਲੇ-ਟਾਵੇਂ ਖੁਸ਼ਕਿਸਮਤ ਹੀ ਜਾਨ ਬਚਾਉਣ ’ਚ ਸਫ਼ਲ ਹੋਏ ਅਤੇ ਬਹੁਤੇ ਲੋਕ ਕੰਧ ’ਤੇ ਚੜ੍ਹਨ ਵੇਲੇ ਸਿਪਾਹੀਆਂ ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ। ਗੋਲੀਆਂ ਲਗਾਤਾਰ ਚੱਲ ਰਹੀਆਂ ਸਨ ਅਤੇ ਜਿਊਂਦੇ-ਜਾਗਦੇ ਮਨੁੱਖ ਪਲਾਂ ਵਿੱਚ ਹੀ ਲਾਸ਼ਾਂ ’ਚ ਬਦਲਦੇ ਜਾ ਰਹੇ ਸਨ। ਕਈਆਂ ਨੇ ਗੋਲੀਆਂ ਦੀ ਵਾਛੜ ਤੋਂ ਬਚਣ ਲਈ ਬਾਗ਼ ਵਿਚਲੇ ਖੂਹ ਵਿੱਚ ਛਾਲ ਮਾਰ ਦਿੱਤੀ। ਇਸ ਤਰ੍ਹਾਂ ਇੱਕ ਤੋਂ ਬਾਅਦ ਦੂਜਾ ਵਿਅਕਤੀ ਖੂਹ ’ਚ ਛਾਲ ਮਾਰਦਾ ਗਿਆ ਅਤੇ ਖੂਹ ਅੰਦਰ ਵੀ ਮਨੁੱਖੀ ਸਰੀਰਾਂ ਦਾ ਢੇਰ ਲੱਗ ਗਿਆ। ਕੁਝ ਗੋਲੀ ਲੱਗਣ ਅਤੇ ਕੁਝ ਦਮ ਘੁਟਣ ਕਾਰਨ ਮਾਰੇ ਗਏ। ਇਸ ਖੂਹ ਵਿੱਚੋਂ 120 ਲਾਸ਼ਾਂ ਨਿਕਲੀਆਂ ਸਨ। ਰੇਜੀਨਲਡ ਡਾਇਰ ਅਤੇ ਉਸ ਦੇ ਸਿਪਾਹੀਆਂ ਨੇ ਜਲ੍ਹਿਆਂਵਾਲਾ ਬਾਗ਼ ਵਿੱਚ ਲਗਾਤਾਰ ਦਸ ਮਿੰਟ ਮੌਤ ਦਾ ਤਾਂਡਵ ਕੀਤਾ। ਸਮੁੱਚਾ ਮੈਦਾਨ ਲਾਸ਼ਾਂ ਨਾਲ ਭਰ ਗਿਆ। ਕਿਹਾ ਜਾਂਦਾ ਹੈ ਕਿ ਉਸ ਦਿਨ ਮੈਦਾਨ ’ਚ ਇਕੱਠੇ ਹੋਏ ਬੇਗੁਨਾਹ ਲੋਕਾਂ ’ਤੇ 1650 ਰਾਊਂਡ ਗੋਲੀਆਂ ਚਲਾਈਆਂ ਗਈਆਂ ਅਤੇ ਇਹ ਸਿਲਸਿਲਾ ਉਦੋਂ ਰੁਕਿਆ ਜਦੋਂ ਡਾਇਰ ਅਤੇ ਉਸ ਦੇ ਸਿਪਾਹੀਆਂ ਕੋਲ ਗੋਲੀਆਂ ਖ਼ਤਮ ਹੋ ਗਈਆਂ। ਜਿਸ ਮੈਦਾਨ ਵਿੱਚ ਦਸ ਮਿੰਟ ਪਹਿਲਾਂ ਜਿਊਂਦੇ-ਜਾਗਦੇ ਲੋਕ ਸਨ, ਉਹੀ ਮੈਦਾਨ ਫਿਰ ਹਜ਼ਾਰਾਂ ਲੋਕਾਂ ਦੀਆਂ ਆਖ਼ਰੀ ਚੀਕਾਂ, ਸਿਸਕੀਆਂ ਤੇ ਟੁੱਟਦੇ ਸਾਹਾਂ ਦੀ ਡੋਰ ਦਾ ਗਵਾਹ ਬਣਿਆ। ਉਨ੍ਹਾਂ ਦੇ ਖ਼ੂਨ ਨਾਲ ਭਿੱਜੀ ਉਸ ਮੈਦਾਨ ਦੀ ਭੂਰੀ ਮਿੱਟੀ ਆਪਣੀ ਰੰਗਤ ਬਦਲ ਕੇ ਸੂਹਾ ਰੰਗ ਅਖ਼ਤਿਆਰ ਕਰ ਗਈ। ਮੈਦਾਨ ਵਿੱਚ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ। ਸਿਰਫ਼ ਮਰਦ ਤੇ ਔਰਤਾਂ ਹੀ ਨਹੀਂ, ਨਿੱਕੇ-ਨਿੱਕੇ ਬਾਲਾਂ ਦੀਆਂ ਲਾਸ਼ਾਂ ਵੀ ਉੱਥੇ ਨਜ਼ਰ ਪੈਂਦੀਆਂ ਸਨ। ਲਾਸ਼ਾਂ ਦੇ ਇਸ ਅੰਬਾਰ ਵਿੱਚ ਕਿਤੇ-ਕਿਤੇ ਕਿਸੇ ਦੇ ਸਾਹ ਚੱਲ ਵੀ ਰਹੇ ਸਨ। ਚਾਰੇ ਪਾਸੇ ਬਦਹਵਾਸੀ ਛਾਈ ਹੋਈ ਸੀ। ਉਨ੍ਹਾਂ ਦੀ ਮਦਦ ਕਰਨ ਵਾਲਾ ਵੀ ਕੋਈ ਨਹੀਂ ਸੀ ਬਚਿਆ। ਜਿਸ ਕਿਸੇ ਬੱਚੇ ਦੇ ਮਾਪੇ ਗੋਲੀਆਂ ਦੇ ਸ਼ਿਕਾਰ ਹੋ ਚੁੱਕੇ ਸਨ, ਉਹ ਉਨ੍ਹਾਂ ਦੀਆਂ ਲਾਸ਼ਾਂ ਦੇ ਕੋਲ ਬੈਠਾ ਸੀ। ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਮਦਦ ਲਈ ਉਹ ਕਿਸ ਨੂੰ ਆਵਾਜ਼ ਮਾਰੇ। ਆਲੇ-ਦੁਆਲੇ ਤਾਂ ਕੋਈ ਜਿਊਂਦਾ-ਜਾਗਦਾ ਮਨੁੱਖ ਹੀ ਨਹੀਂ ਸੀ, ਸਾਰੀਆਂ ਤਾਂ ਲਾਸ਼ਾਂ ਸਨ। ਬਿਲਕੁਲ ਹੀ ਉਸ ਦੇ ਮਾਪਿਆਂ ਵਰਗੀਆਂ। ਅਜਿਹੇ ਬਾਲਾਂ ਦੇ ਰੋ-ਰੋ ਕੇ ਹੰਝੂ ਸੁੱਕ ਚੁੱਕੇ ਸਨ ਅਤੇ ਸੰਘ ਬੈਠ ਚੁੱਕਾ ਸੀ। ਅੰਕੜਿਆਂ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਜਾਂਚ ਟੀਮ ਦੀ ਰਿਪੋਰਟ ਅਨੁਸਾਰ ਇਸ ਸਾਕੇ ਵਿੱਚ 530 ਤੋਂ ਵਧੇਰੇ ਲੋਕ ਮਾਰੇ ਗਏ। ਬਰਤਾਨਵੀ ਹਕੂਮਤ ਦੀ ਰਿਪੋਰਟ ’ਚ ਮ੍ਰਿਤਕਾਂ ਦੀ ਗਿਣਤੀ 379 ਅਤੇ ਜ਼ਖ਼ਮੀਆਂ ਦੀ ਗਿਣਤੀ 1200 ਦੱਸੀ ਗਈ। ਸਵਾਮੀ ਸ਼ਰਧਾ ਨੰਦ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ 1500 ਅਤੇ ਮਦਨ ਮੋਹਨ ਮਾਲਵੀਆ ਅਨੁਸਾਰ ਇਹ ਗਿਣਤੀ 1900 ਸੀ। ਚਸ਼ਮਦੀਦ ਗਵਾਹਾਂ ਅਨੁਸਾਰ ਘੱਟ ਤੋਂ ਘੱਟ 2000 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਮੇਜਰ ਐੱਫ ਸੀ ਬ੍ਰਿਗਸ ਦੇ ਬਿਆਨ ਅਨੁਸਾਰ 13 ਅਪਰੈਲ 1919 ਵਾਲੇ ਦਿਨ ਬਾਗ਼ ਵਿੱਚ 25000 ਤੋਂ ਵੱਧ ਲੋਕ ਇਕੱਤਰ ਹੋਏ ਸਨ।

ਹਜ਼ਾਰਾਂ ਬੇਦੋਸ਼ੇ ਲੋਕਾਂ ਦੇ ਖ਼ੂਨ ਨਾਲ ਆਪਣੇ ਹੱਥ ਰੰਗਣ ਵਾਲੇ ਜਨਰਲ ਰੇਜੀਨਲਡ ਡਾਇਰ ਦੇ ਆਪਣੇ ਸਰੀਰ ਵਿੱਚ ਵੀ ਖ਼ੂਨ ਦਾ ਦੌਰਾ ਆਖ਼ਰ ਸਾਵਾਂ ਨਾ ਰਿਹਾ, ਜਿਸ ਕਾਰਨ ਉਸ ਨੂੰ ਦਿਮਾਗ਼ੀ ਹੈਮਰੇਜ, ਅਧਰੰਗ ਅਤੇ ਧਮਣੀਆਂ ਦੇ ਅਕੜਾਅ ਜਿਹੀਆਂ ਬਿਮਾਰੀਆਂ ਲੱਗ ਗਈਆਂ ਅਤੇ ਅੰਤ 23 ਜੁਲਾਈ 1927 ਨੂੰ ਤੜਫ਼ ਤੜਫ਼ ਕੇ ਉਸ ਦੀ ਮੌਤ ਹੋ ਗਈ।

ਇਨ੍ਹਾਂ ਘਟਨਾਵਾਂ ਤੋਂ ਸਭ ਵਾਕਫ਼ ਹਨ, ਪਰ ਇਤਿਹਾਸ ਦੇ ਇਹ ਖ਼ੂਨੀ ਪੰਨੇ ਸਾਨੂੰ ਵਾਰ-ਵਾਰ ਯਾਦ ਦਿਵਾਉਂਦੇ ਨੇ ਕਿ ਇਹ ਆਜ਼ਾਦੀ ਸਾਨੂੰ ਕੋਈ ਖ਼ੈਰਾਤ ’ਚ ਨਹੀਂ ਮਿਲੀ, ਦੇਸ਼ ਦੇ ਲੋਕਾਂ ਨੇ ਆਪਣੇ ਲਹੂ ਨਾਲ ਇਸ ਦੀ ਕੀਮਤ ਤਾਰੀ ਹੈ। ਕਿਸੇ ਵੀ ਸੂਰਤ ਸਾਨੂੰ ਇਹ ਗੱਲ ਭੁੱਲਣੀ

ਨਹੀਂ ਚਾਹੀਦੀ।

Advertisement
×