ਕਿਸਾਨ ਸੰਘਰਸ਼ ਅਤੇ ਪੰਜਾਬ ਦੇ ਗਾਇਕ

ਕਿਸਾਨ ਸੰਘਰਸ਼ ਅਤੇ ਪੰਜਾਬ ਦੇ ਗਾਇਕ

ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਕਵਿਤਾ ਪੜ੍ਹਦੇ ਹੋਏ। ਫੋਟੋ ਲਈ ਧੰਨਵਾਦ: ਅਮਰਜੀਤ ਚੰਦਨ।

ਸਵਰਾਜਬੀਰ

ਪਿਛਲੀ ਸਦੀ ਦੇ ਉਰਦੂ ਦੇ ਉੱਘੇ ਸ਼ਾਇਰ ਫ਼ੈਜ਼ ਅਹਿਮਦ ਫ਼ੈਜ਼ ਦੀ ਜੀਵਨ ਕਹਾਣੀ ਲਿਖਣ ਵਾਲਾ ਅਲੀ ਮਦੀਹ ਹਾਸ਼ਮੀ (ਫ਼ੈਜ਼ ਦਾ ਦੋਹਤਾ) ਫ਼ੈਜ਼ ਅਹਿਮਦ ਫ਼ੈਜ਼ ਦੇ ਅੰਮ੍ਰਿਤਸਰ, ਜਿੱਥੇ ਉਹ ਮੁਹੰਮਦਨ ਐਂਗਲੋ-ਓਰੀਐਂਟਲ (Mohammadent Anglo-Orientiental - ਮੇਓ) ਕਾਲਜ ਵਿਚ ਪ੍ਰਾਧਿਆਪਕ ਸੀ, ਵਿਚ 1930ਵਿਆਂ ਦੌਰਾਨ ਬਿਤਾਏ ਦਿਨਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ: ‘‘ਇਸ ਅਸਾਧਾਰਨ ਜੋੜੀ (ਮਹਿਮੂਦ-ਉਜ਼-ਜ਼ਫ਼ਰ ਅਤੇ ਉਸ ਦੀ ਪਤਨੀ ਡਾ. ਰਸ਼ੀਦ ਜਹਾਂ) ਨੌਜਵਾਨ ਫ਼ੈਜ਼ ਨੂੰ ਕਮਿਊਨਿਸਟ ਵਿਚਾਰਾਂ ਨਾਲ ਪਰੀਚੈ ਕਰਾਉਣ ਨਾਲ ਉਸ ਦੇ ਮਿੱਤਰ ਤੇ ਸਲਾਹਕਾਰ ਬਣ ਗਏ।

ਕਮਿਊਨਿਸਟ ਪਾਰਟੀ ਦੇ ਮੈਂਬਰ ਅਤੇ ਊਰਜਾਵਾਨ ਸਮਾਜਵਾਦੀ ਹੋਣ ਕਰ ਕੇ ਮਹਿਮੂਦ ਅਤੇ ਰਸ਼ੀਦ ਨੇ ਫ਼ੈਜ਼ ਨੂੰ ਗ਼ਰੀਬਾਂ ਵਿਚ ਕੰਮ ਕਰਨਾ ਸਿਖਾਇਆ। ਰਸ਼ੀਦ ਫ਼ੈਜ਼ ਨੂੰ ਨਾਲ ਦੇ ਪਿੰਡ ਲੈ ਜਾਂਦੀ ਜਿੱਥੇ ਉਹ ਮਰੀਜ਼ਾਂ ਦਾ ਇਲਾਜ ਕਰਦੀ ਅਤੇ ਫ਼ੈਜ਼ ਉਨ੍ਹਾਂ ਮਜ਼ਦੂਰਾਂ ਦੀਆਂ ਅਰਜ਼ੀਆਂ ਲਿਖਦਾ ਜਿਨ੍ਹਾਂ ਦੀਆਂ ਨੌਕਰੀਆਂ ਖੋਹ ਲਈਆਂ ਗਈਆਂ ਸਨ। ਹੋਰ ਸਮਿਆਂ ’ਤੇ ਫ਼ੈਜ਼ ਮਹਿਮੂਦ ਦੇ ਦਫ਼ਤਰ ਦੇ ਕੋਨੇ ਵਿਚ ਚੁੱਪ-ਚਾਪ ਬੈਠਾ ਰਹਿੰਦਾ ਜਦੋਂਕਿ ਮਹਿਮੂਦ ਆਪਣੇ ਸਾਥੀਆਂ ਨਾਲ ਹਿੰਦੋਸਤਾਨ ਦੇ ਸਿਆਸੀ ਹਾਲਾਤ ਜਾਂ ਅੰਮ੍ਰਿਤਸਰ ਵਿਚ ਹੋਣ ਵਾਲੀ ਕਿਸਾਨ ਕਾਨਫਰੰਸ ਬਾਰੇ ਗੱਲਬਾਤ ਕਰਦਾ। ਮਹਿਮੂਦ ਨੇ ਮਾਰਕਸਵਾਦੀ ਵਿਚਾਰ ਮੰਚ ਬਣਾਇਆ ਜਿਸ ਦੇ ਮੈਂਬਰਾਂ ਵਿਚ ਮਜ਼ਦੂਰ ਵੀ ਸ਼ਾਮਲ ਸਨ। ਫ਼ੈਜ਼ ਨੇ ਇਸ ਗਰੁੱਪ ਦੀਆਂ ਮੀਟਿੰਗਾਂ ਵਿਚ ਜਾਣਾ ਸ਼ੁਰੂ ਕੀਤਾ ਅਤੇ ਉਸ ਨੂੰ ਖ਼ੁਦ ਹੈਰਾਨੀ ਹੋਈ ਕਿ ਉਹ ਸਿਆਸਤ ਵਿਚ ਦਿਲਚਸਪੀ ਲੈਣ ਲੱਗਾ।… ਅੰਮ੍ਰਿਤਸਰ ਵਿਚ ਹੀ ਫ਼ੈਜ਼ ਨੂੰ ਦਿਹਾੜੀਦਾਰਾਂ ਅਤੇ ਸਨਅਤੀ ਕਾਮਿਆਂ ਨਾਲ ਕੰਮ ਕਰਨ ਦਾ ਪਹਿਲਾ ਮੌਕਾ ਮਿਲਿਆ… ਉਨ੍ਹਾਂ ਵਿਚੋਂ ਬਹੁਤੇ ਭੱਠਿਆਂ ਵਿਚ ਕੰਮ ਕਰਨ ਵਾਲੇ ਕਾਮੇ ਸਨ ਜਿਹੜੇ ਕਈ ਪੀੜ੍ਹੀਆਂ ਤੋਂ ਬੰਧੂਆਂ ਮਜ਼ਦੂਰਾਂ ਵਾਂਗ ਕੰਮ ਕਰਦੇ ਆ ਰਹੇ ਸਨ… ਉਸ ਨੂੰ ਮਜ਼ਦੂਰਾਂ ਨਾਲ ਕੰਮ ਕਰਨ ਦਾ ਕੋਈ ਤਜਰਬਾ ਨਹੀਂ ਸੀ ਅਤੇ ਇਸ ਲਈ ਉਹ ਅੰਮ੍ਰਿਤਸਰ ਦੇ ਮਸ਼ਹੂਰ ਮਜ਼ਦੂਰ ਆਗੂ ਫਜ਼ਲ ਇਲਾਹੀ ਕੁਰਬਾਨ ਨੂੰ ਮਿਲਿਆ। ਕਮਿਊਨਿਸਟ ਪਾਰਟੀ ’ਤੇ ਪਾਬੰਦੀ ਲੱਗੀ ਹੋਈ ਸੀ ਅਤੇ ਬਹੁਤ ਸਾਰੇ ਕਮਿਊਨਿਸਟ ਆਗੂ, ਜਿਨ੍ਹਾਂ ਵਿਚ ਫਜ਼ਲ ਇਲਾਹੀ ਕੁਰਬਾਨ ਵੀ ਸ਼ਾਮਲ ਸਨ, ਅੰਡਰਗਰਾਊਂਡ ਸਨ। ਫਜ਼ਲ ਇਲਾਹੀ ਫ਼ੈਜ਼ ਨੂੰ ਮਿਲ ਕੇ ਖੁਸ਼ ਹੋਇਆ ਅਤੇ ਉਸ ਨੇ ਉਸ (ਫ਼ੈਜ਼) ਦੀ ਮੁਲਾਕਾਤ ਇਕ ਹੋਰ ਉੱਘੇ ਮਜ਼ਦੂਰ ਆਗੂ ਅਤੇ ਅੰਮ੍ਰਿਤਸਰ ਟੈਕਸਟਾਈਲ ਵਰਕਰਜ਼ ਦੇ ਸਕੱਤਰ ਬਸ਼ੀਰ ਅਹਿਮਦ ਬਖ਼ਤਿਆਰ ਨਾਲ ਕਰਾਈ।… ਫ਼ੈਸਲਾ ਹੋਇਆ ਕਿ ਫ਼ੈਜ਼ ਮਜ਼ਦੂਰਾਂ ਨੂੰ ਪੜ੍ਹਾਵੇ।’’

ਫ਼ੈਜ਼ ਨੇ ਅੰਮ੍ਰਿਤਸਰ ਦੀ ਬਸਤੀ ਇਸਲਾਮਾਬਾਦ ਵਿਚ ਪੜ੍ਹਾਉਣਾ ਸ਼ੁਰੂ ਕੀਤਾ। ਅੰਮ੍ਰਿਤਸਰ ਦੀਆਂ ਟੈਕਸਟਾਈਲ ਮਿੱਲਾਂ ਵਿਚ ਜ਼ਿਆਦਾ ਮਜ਼ਦੂਰ ਸਿੱਖ ਸਨ। ਫ਼ੈਜ਼ ਲਿਖਦਾ ਹੈ, ‘‘ਮੈਂ ਸ਼ਾਮ ਦੇ 7-8 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤਕ ਪੜ੍ਹਾਉਂਦਾ ਸਾਂ।’’ ਬਾਅਦ ਵਿਚ ਉਰਦੂ ਦਾ ਇਕ ਹੋਰ ਉੱਘਾ ਸ਼ਾਇਰ ਹਾਫਿਜ਼ ਕਸ਼ਮੀਰੀ ਵੀ ਇਸੇ ਕੰਮ ਵਿਚ ਸ਼ਾਮਲ ਹੋ ਗਿਆ।

ਫ਼ੈਜ਼ ਨੇ ਬਾਅਦ ਵਿਚ ਪੱਤਰਕਾਰ ਮੁਹੰਮਦ ਸ਼ਫੀ (ਮੀਮ ਸ਼ੀਨ ਦੇ ਨਾਂ ਨਾਲ ਮਸ਼ਹੂਰ) ਨੂੰ ਦੱਸਿਆ ਕਿ ਉਹ ਅੰਮ੍ਰਿਤਸਰ ਲੇਬਰ ਫੈਡਰੇਸ਼ਨ ਦਾ ਮੈਂਬਰ ਬਣ ਗਿਆ ਜਿਸ ਦਾ ਸਬੰਧ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ, ਸੀਪੀਆਈ ਦੀ ਮਜ਼ਦੂਰ ਯੂਨੀਅਨ) ਨਾਲ ਸੀ। ਉਦੋਂ ਹੀ ਫ਼ੈਜ਼ ਅਹਿਮਦ ਫ਼ੈਜ਼ ਪ੍ਰਗਤੀਸ਼ੀਲ ਲੇਖਕ ਸੰਘ ਦਾ ਆਗੂ ਅਤੇ ਇਸ ਦੀ ਪੰਜਾਬ ਬਰਾਂਚ ਦਾ ਜਨਰਲ ਸਕੱਤਰ ਬਣਿਆ। ਉਹ ਪਾਕਿਸਤਾਨ ਵਿਚ ਡਾਕਖਾਨੇ ਦੇ ਮੁਲਾਜ਼ਮਾਂ ਦੀ ਯੂਨੀਅਨ ਦਾ ਪ੍ਰਧਾਨ ਬਣਿਆ; ਅਮਨ ਲਹਿਰ ਵਿਚ ਹਿੱਸਾ ਲਿਆ; ਉਸ ਨੇ ਰੇਲ ਮਜ਼ਦੂਰਾਂ ਅਤੇ ਤਾਂਗਾ ਚਲਾਉਣ ਵਾਲਿਆਂ ਦੀ ਯੂਨੀਅਨ ਵਿਚ ਕੰਮ ਕੀਤਾ। ਪਾਕਿਸਤਾਨ ਸਰਕਾਰ ਨੇ ਉਸ ’ਤੇ ਸਰਕਾਰ ਵਿਰੁੱਧ ਸਾਜ਼ਿਸ਼ ਕਰਨ ਦਾ ਕੇਸ ਬਣਾ ਕੇ ਉਸ ਨੂੰ ਜੇਲ੍ਹ ਵਿਚ ਡੱਕ ਦਿੱਤਾ।

ਇਹ ਸੀ ਫ਼ੈਜ਼ ਅਹਿਮਦ ਫ਼ੈਜ਼। ਉਰਦੂ ਅਤੇ ਪੰਜਾਬੀ ਦਾ ਕਵੀ, ਟਰੇਡ ਯੂਨੀਅਨਨਿਸਟ, ਪੱਤਰਕਾਰ ਜਿਸ ਨੇ ਸਾਰੀ ਉਮਰ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਦੇ ਹੱਕਾਂ ਲਈ ਸ਼ਾਇਰੀ ਕੀਤੀ, ਜਿਸ ਨੇ ਲਿਖਿਆ, ‘‘ਏ ਖਾਕਨਸ਼ੀਨੋਂ, ਉੱਠ ਬੈਠੋ, ਵਹ ਵਕਤ ਕਰੀਬ ਆ ਪਹੁੰਚਾ ਹੈ/ਜਬ ਤਖ਼ਤ ਗਿਰਾਏ ਜਾਏਂਗੇ, ਜਬ ਤਾਜ ਉਛਾਲੇ ਜਾਏਂਗੇ/ਕਟਤੇ ਭੀ ਚਲੋ, ਬੜਤੇ ਭੀ ਚਲੋ, ਬਾਜੂ ਭੀ ਬਹੁਤ ਹੈ, ਸਰ ਭੀ ਬਹੁਤ/ਚਲਤੇ ਹੀ ਚਲੋ ਕਿ : ਅਬ ਡੇਰੇ ਮੰਜ਼ਲ ਹੀ ਪੇ ਡਾਲੇ ਜਾਏਂਗੇ’’ ਅਤੇ ਫਿਰ ਲਿਖਿਆ, ‘‘ਹਮ ਮਿਹਨਤਕਸ਼ ਜਗ ਵਾਲੋਂ ਸੇ ਜਬ ਆਪਣਾ ਹਿੱਸਾ ਮਾਂਗੇਗੇ/ਇਕ ਖੇਤ ਨਹੀਂ ਇਕ ਦੇਸ਼ ਨਹੀਂ ਹਮ ਪੂਰੀ ਦੁਨੀਆ ਮਾਂਗੇਗੇ।’’ ਇਹ ਸੀ ਫ਼ੈਜ਼ ਜਿਸ ਨੇ ‘ਹਮ ਦੇਖੇਂਗੇ…’ ਜਿਹੀ ਨਜ਼ਮ ਲਿਖੀ ਜਿਹੜੀ ਇਕਬਾਲ ਬਾਨੋ ਨੇ ਗਾਈ ਅਤੇ ਜੋ ਅੱਜ ਸਾਰੇ ਹਿੰਦੋਸਤਾਨ ਵਿਚ ਗੂੰਜ ਰਹੀ ਹੈ। ਇਕਬਾਲ ਬਾਨੋ ਨੇ ਇਹ ਨਜ਼ਮ ਉਦੋਂ ਗਾਈ ਜਦ ਹਕੂਮਤ ਨੇ ਫ਼ੈਜ਼ ਅਹਿਮਦ ਫ਼ੈਜ਼ ਦੇ ਗੀਤਾਂ ਨੂੰ ਗਾਉਣ ’ਤੇ ਪਾਬੰਦੀ ਲਾਈ ਹੋਈ ਸੀ।

ਪੰਜਾਬੀ ਸਾਹਿਤਕਾਰਾਂ ਅਤੇ ਕਲਾਕਾਰਾਂ ਵਿਚ ਵੀ ਫ਼ੈਜ਼ ਅਹਿਮਦ ਫ਼ੈਜ ਤੇ ਉਰਦੂ ਲੇਖਕਾਂ ਜਿਹੀ ਪਰੰਪਰਾ ਉਨ੍ਹਾਂ ਹੀ ਸਮਿਆਂ ਤੋਂ ਚੱਲੀ। ਗ਼ਦਰ ਲਹਿਰ ਨਾਲ ਜੁੜੇ ਸ਼ਾਇਰਾਂ ਤੋਂ ਬਾਅਦ ਫੀਰੋਜ਼ਦੀਨ ਸਰਫ਼, ਗੁਰਮੁਖ ਸਿੰਘ ਮੁਸਾਫ਼ਿਰ, ਹੀਰਾ ਸਿੰਘ ਦਰਦ, ਅਰਜਨ ਸਿੰਘ ਗੜਗੱਜ, ਮਾਸਟਰ ਤਾਰਾ ਸਿੰਘ (ਉਹ ਨਾਵਲਕਾਰ ਤੇ ਕਵੀ ਵੀ ਸਨ) ਅਤੇ ਹੋਰਨਾਂ ਨੇ ਵੀ ਜੇਲ੍ਹਾਂ ਕੱਟੀਆਂ। ਬਾਵਾ ਬਲਵੰਤ, ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਪ੍ਰੋਫ਼ੈਸਰ ਮੋਹਨ ਸਿੰਘ, ਸੰਤ ਸਿੰਘ ਸੇਖੋਂ, ਪ੍ਰੋ. ਕਿਸ਼ਨ ਸਿੰਘ, ਸੁਜਾਨ ਸਿੰਘ, ਗੁਰਚਰਨ ਸਿੰਘ ਰਾਮਪੁਰੀ, ਗੁਰਦਾਸ ਰਾਮ ਆਲਮ, ਨਵਤੇਜ ਸਿੰਘ ਪ੍ਰੀਤਲੜੀ ਅਤੇ ਬਹੁਤ ਸਾਰੇ ਲੇਖਕਾਂ ਨੇ ਲੋਕ-ਸੰਘਰਸ਼ਾਂ ਵਿਚ ਹਿੱਸਾ ਲਿਆ ਅਤੇ ਹਮੇਸ਼ਾਂ ਲੋਕ-ਪੱਖੀ ਸਾਹਿਤ ਰਚਿਆ। ਕਲਾਕਾਰਾਂ ਵਿਚੋਂ ਬਲਰਾਜ ਸਾਹਨੀ, ਸਾਗਰ ਸਰਹੱਦੀ, ਪ੍ਰੇਮ ਧਵਨ, ਅਮਰਜੀਤ ਗੁਰਦਾਸਪੁਰੀ, ਸੁਰਿੰਦਰ ਕੌਰ ਅਤੇ ਹੋਰ ਸਰਬ ਹਿੰਦ ਨੌਜਵਾਨ ਸਭਾ ਤੋਂ ਲੈ ਕੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਵਿਚ ਸਰਗਰਮ ਰਹੇ। ਬਲਰਾਜ ਸਾਹਨੀ, ਸੰਤੋਖ ਸਿੰਘ ਧੀਰ, ਹਰਭਜਨ ਸਿੰਘ ਹੁੰਦਲ ਅਤੇ ਹੋਰ ਕਈ ਲੇਖਕ ਤੇ ਕਲਾਕਾਰ ਜੇਲ੍ਹ ਵੀ ਗਏ। ਪੰਜਾਬ ਵਿਚ ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਜੋਗਿੰਦਰ ਬਾਹਰਲਾ, ਮੱਲ ਸਿੰਘ ਰਾਮਪੁਰੀ, ਅਮਰਜੀਤ ਗੁਰਦਾਸਪੁਰੀ, ਸੁਰਿੰਦਰ ਕੌਰ ਅਤੇ ਹੋਰ ਨੇ ਇਪਟਾ ਵਿਚ ਕੰਮ ਕੀਤਾ। ਮੁੰਬਈ ਵਿਚ ਇਪਟਾ ਦਾ ਨਜ਼ਾਰਾ ਵੱਖਰਾ ਸੀ। ਉੱਥੇ ਖਵਾਜਾ ਅਹਿਮਦ ਅੱਬਾਸ, ਮਜੁਰੂਹ ਸੁਲਤਾਨਪੁਰੀ, ਕੈਫ਼ੀ ਆਜ਼ਮੀ, ਸੱਜਾਦ ਜ਼ਹੀਰ, ਸ਼ੈਲੰਦਰ, ਪੰਡਿਤ ਰਵੀਸ਼ੰਕਰ, ਸਾਹਿਰ ਲੁਧਿਆਣਵੀ, ਜਾਂ ਨਿਸਾਰ ਖਾਂ ਅਖ਼ਤਰ, ਮੁਲਕ ਰਾਜ ਆਨੰਦ ਅਤੇ ਹੋਰ ਬਹੁਤ ਸਾਰੇ ਲੇਖਕ ਤੇ ਕਲਾਕਾਰ ਇਪਟਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੈਂਬਰ ਹੋਣ ਦੇ ਨਾਲ ਨਾਲ ਮਜ਼ਦੂਰ ਤਹਿਰੀਕ ਵਿਚ ਹਿੱਸਾ ਲੈਂਦੇ ਤੇ ਗ੍ਰਿਫ਼ਤਾਰੀਆਂ ਦਿੰਦੇ ਰਹੇ। ਹਿੰਦੋਸਤਾਨ ਦੇ ਕੋਨੇ ਕੋਨੇ ਵਿਚ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਕਿਸਾਨ-ਮਜ਼ਦੂਰ ਤਹਿਰੀਕਾਂ ਵਿਚ ਹਿੱਸਾ ਲਿਆ ਅਤੇ ਕੁਰਬਾਨੀਆਂ ਦਿੱਤੀਆਂ। ਪੰਜਾਬ ਵਿਚ 1970ਵਿਆਂ ਦੀ ਜੁਝਾਰੂ ਲਹਿਰ ਵਿਚ ਪਾਸ਼, ਅਮਰਜੀਤ ਚੰਦਨ, ਹਰਭਜਨ ਹਲਵਾਰਵੀ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਦਰਸ਼ਨ ਖਟਕੜ, ਅਤਰਜੀਤ, ਵਰਿਆਮ ਸੰਧੂ ਅਤੇ ਹੋਰ ਕਈ ਲੇਖਕ ਲੋਕ-ਸੰਘਰਸ਼ ਵਿਚ ਕੁੱਦੇ, ਪੁਲੀਸ ਤਸ਼ੱਦਦ ਸਹੇ ਅਤੇ ਜੇਲ੍ਹਾਂ ਕੱਟੀਆਂ। ਇਕ ਲੇਖ ਵਿਚ ਹਿੰਦੋਸਤਾਨ ਦੇ ਕੀ, ਪੰਜਾਬ ਦੇ ਪੂਰੇ ਲੇਖਕਾਂ ਅਤੇ ਕਲਾਕਾਰਾਂ ਦੇ ਨਾਮ ਦੇਣੇ ਮੁਸ਼ਕਿਲ ਹਨ ਜਿਨ੍ਹਾਂ ਨੇ ਲੋਕ-ਸੰਘਰਸ਼ਾਂ ਵਿਚ ਹਿੱਸਾ ਲਿਆ, ਜੇਲ੍ਹ ਗਏ ਅਤੇ ਕਈ ਅਤਿਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਵੀ ਹੋਏ। ਭਾ’ਜੀ ਗੁਰਸ਼ਰਨ ਸਿੰਘ ਨੇ ਲੋਕ-ਸੰਘਰਸ਼ਾਂ ਵਿਚ ਹਿੱਸਾ ਲੈਣ ਵਾਲੇ ਕਲਾਕਾਰਾਂ ਦੇ ਵੱਡੇ ਕਾਫ਼ਲੇ ਦੀ ਅਗਵਾਈ ਕੀਤੀ ਜਿਨ੍ਹਾਂ ਵਿਚੋਂ ਬਹੁਤੇ ਅੱਜਕੱਲ੍ਹ ਨਾਟਕ, ਟੀਵੀ ਅਤੇ ਫ਼ਿਲਮਾਂ ਦੇ ਖੇਤਰ ਵਿਚ ਸਰਗਰਮ ਹਨ।

ਇਸ ਤਰ੍ਹਾਂ ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਲੋਕ-ਸੰਘਰਸ਼ਾਂ ਨਾਲ ਡੂੰਘਾ ਨਾਤਾ ਹੁੰਦਾ ਹੈ। ਉਹ ਲੋਕ-ਸੰਘਰਸ਼ਾਂ ਨੂੰ ਹਮਾਇਤ ਨਹੀਂ ਦਿੰਦੇ, ਉਨ੍ਹਾਂ ਦਾ ਹਿੱਸਾ ਹੁੰਦੇ ਹਨ। ਇਸ ਵੇਲੇ ਦੇ ਪੰਜਾਬ ਦੇ ਕਿਸਾਨ ਅੰਦੋਲਨ ਦੇ ਉਭਾਰ ਨੂੰ ਵੇਖ ਕੇ ਕੁਝ ਕਲਾਕਾਰ ਅਤੇ ਗਾਇਕ ਸੰਘਰਸ਼ ਨੂੰ ਹਮਾਇਤ ਦੇਣ ਲਈ ਸਾਹਮਣੇ ਆਏ ਹਨ। ਇਹ ਚੰਗਾ ਤੇ ਲੋਕ-ਪੱਖੀ ਰੁਝਾਨ ਹੈ। ਇਨ੍ਹਾਂ ਕਲਾਕਾਰਾਂ ਅਤੇ ਗਾਇਕਾਂ ਦਾ ਸਵਾਗਤ ਹੈ ਪਰ ਕਈ ਗਾਇਕਾਂ ਅਤੇ ਕਲਾਕਾਰਾਂ ਦੀ ਨਜ਼ਰ ਲੋਕ-ਸੰਘਰਸ਼ ਦਾ ਹਿੱਸਾ ਬਣਨ ਅਤੇ ਹਮਾਇਤ ਕਰਨ ਵੱਲ ਨਹੀਂ ਸੀ ਸਗੋਂ ਲੋਕ-ਉਭਾਰ ਦੇ ਸਿਰ ’ਤੇ ਖ਼ੁਦ ਆਗੂ ਬਣਨ ਦੀ ਹੈ। ਇਨ੍ਹਾਂ ਵਿਚੋਂ ਕਈ ਗਾਇਕਾਂ ਨੂੰ ਆਪਣੇ ਪਿਛਲੇ ਰਿਕਾਰਡ ’ਤੇ ਨਜ਼ਰ ਮਾਰਨੀ ਚਾਹੀਦੀ ਹੈ। ਉਨ੍ਹਾਂ ਨੇ ਮਸਨੂਈ ਜੱਟਵਾਦ, ਹਿੰਸਾ ਅਤੇ ਹਥਿਆਰਾਂ ਨੂੰ ਵਡਿਆਉਂਦੇ ਗੀਤ ਲਿਖੇ ਤੇ ਗਾਏ ਹਨ। ਅਜਿਹੇ ਗੀਤ ਗਾ ਕੇ ਉਨ੍ਹਾਂ ਦੁਆਰਾ ਵੱਡੀਆਂ ਕਮਾਈਆਂ ਕਰਨੀਆਂ ਤਾਂ ਵੱਖਰੀ ਗੱਲ ਹੈ ਪਰ ਹਿੰਸਾ, ਹਥਿਆਰਾਂ, ਫੋਕੀਆਂ ਟੌਹਰਾਂ ਅਤੇ ਮਸਨੂਈ ਜੱਟਵਾਦ ਨੂੰ ਉਭਾਰ ਕੇ ਉਨ੍ਹਾਂ ਨੇ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਵਰਗਲਾਇਆ ਅਤੇ ਉਨ੍ਹਾਂ ਦਾ ਬੌਧਿਕ ਨੁਕਸਾਨ ਕੀਤਾ ਹੈ, ਉਸ ਦੀ ਪੂਰਤੀ ਕੌਣ ਕਰੇਗਾ? ਕਈ ਗਾਇਕਾਂ ਦੇ ਗੀਤ ਸੁਣ ਕੇ ਪੰਜਾਬੀਅਤ ਅਤੇ ਪੰਜਾਬੀ ਵਿਰਸੇ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ। ਅਜਿਹੇ ਗਾਇਕਾਂ ਨੇ ਪੰਜਾਬੀ ਸੱਭਿਆਚਾਰ ਦਾ ਘਾਣ ਕਰਨ ਵਿਚ ਵੱਡਾ ਹਿੱਸਾ ਪਾਇਆ ਹੈ।

ਲਹਿੰਦੇ ਪੰਜਾਬ ਵਿਚ ਨੂਰਜਹਾਂ, ਇਕਬਾਲ ਬਾਨੋ, ਮਹਿਦੀ ਹਸਨ, ਗੁਲਾਮ ਅਲੀ ਅਤੇ ਹੋਰ ਗਾਇਕ ਹਮੇਸ਼ਾਂ ਇਹ ਉਡੀਕ ਕਰਦੇ ਕਿ ਫ਼ੈਜ਼ ਅਹਿਮਦ ਫ਼ੈਜ਼, ਅਹਿਮਦ ਨਦੀਮ ਕਾਸਮੀ, ਮੁਨੀਰ ਨਿਆਜ਼ੀ ਅਤੇ ਹੋਰ ਸ਼ਾਇਰ ਕੀ ਲਿਖ ਰਹੇ ਹਨ ਅਤੇ ਕਈ ਵਾਰ ਜਾ ਕੇ ਉਨ੍ਹਾਂ ਨੂੰ ਪੁੱਛਦੇ ਤੇ ਸਲਾਹ ਵੀ ਲੈਂਦੇ। ਚੜ੍ਹਦੇ ਪੰਜਾਬ ਵਿਚ ਇਹ ਸੱਭਿਆਚਾਰ ਨਹੀਂ ਪਨਪਿਆ। ਇਸੇ ਲਈ ਕਈ ਗਾਇਕਾਂ ਦੇ ਹੁਣ ਵੀ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਗਾਏ ਗੀਤਾਂ ’ਚੋਂ ਵੀ ਹਿੰਸਾ, ਹਥਿਆਰਾਂ ਅਤੇ ਬਦਲਾਲਊ ਭਾਵਨਾ ਪ੍ਰਤੱਖ ਝਲਕਦੀ ਹੈ। ਲੋਕ-ਸੰਘਰਸ਼ ਵਿਚ ਹਿੱਸਾ ਲੈਣ ਮਹਾਰਾਸ਼ਟਰ ਦੇ ਗਾਇਕਾਂ ਸਾਗਰ ਗੋਰਖੇ, ਰਮੇਸ਼ ਗਾਇਚੋਰ ਅਤੇ ਜਿਓਤੀ ਜਗਤਾਪ ਨੇ ਇਸ ਦਹਾਕੇ ਵਿਚ ਜੇਲ੍ਹ ਕੱਟੀ ਹੈ ਅਤੇ ਕੁਝ ਹੁਣ ਵੀ ਜੇਲ੍ਹਾਂ ਵਿਚ ਹਨ। ਸਾਡੇ ਗਾਇਕਾਂ ਨੂੰ ਉਨ੍ਹਾਂ ਦੇ ਗੀਤ ਸੁਣਨੇ ਅਤੇ ਉਨ੍ਹਾਂ ਦੀ ਜ਼ਿੰਦਗੀ ਤੋਂ ਕੁਝ ਸਿੱਖਣਾ ਚਾਹੀਦਾ ਹੈ। ਸਾਰੀ ਉਮਰ ਐਸ਼-ਪ੍ਰਸਤੀ ਵਾਲੇ ਗਾਣੇ ਗਾਉਣ ਵਾਲੇ ਝੱਟ ਇਕ ਦਿਨ ਵਿਚ ਉਹ ਲੋਕ ਸੰਘਰਸ਼ਾਂ ਦੇ ਗਾਇਕ ਨਹੀਂ ਬਣ ਸਕਦੇ। ਉਨ੍ਹਾਂ ਨੂੰ ਨਿਮਰਤਾ ਨਾਲ ਲੋਕ-ਸੰਘਰਸ਼ਾਂ ਵਿਚ ਹਿੱਸਾ ਪਾਉਣਾ ਚਾਹੀਦਾ ਹੈ; ਸਿਰਫ਼ ਜੱਟਾਂ ਦੇ ਪੁੱਤ ਹੋਣ ਨੇ ਉਨ੍ਹਾਂ ਨੂੰ ਕਿਸਾਨਾਂ ਦੇ ਹਮਾਇਤੀ ਨਹੀਂ ਬਣਾ ਦੇਣਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All