DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪ੍ਰਿਥੀਪਾਲ ਸਿੰਘ ਦੀ ਜੀਵਨ ਸਾਥਣ ਚਰਨਜੀਤ ਕੌਰ ਨੂੰ ਅਲਵਿਦਾ

1947 ਦੀ ਮਾਰ ਧਾਡ਼ ਤੋਂ ਪ੍ਰਿਥੀਪਾਲ ਬਚ ਨਿਕਲਿਆ ਸੀ ਪਰ ਯੂਨੀਵਰਸਿਟੀ ’ਚ ਬਚ ਨਾ ਸਕਿਆ। ਪਿੱਛੇ ਉਸ ਦੀ ਵਿਧਵਾ ਪਤਨੀ ਚਰਨਜੀਤ ਕੌਰ, ਗੋਦ ਲਈ ਬੱਚੀ ਤੇ ਵੱਡੇ ਭਰਾ ਦੇ ਬੱਚੇ ਰਹਿ ਗਏ ਸਨ।

  • fb
  • twitter
  • whatsapp
  • whatsapp
Advertisement

ਪ੍ਰਿਥੀਪਾਲ ਸਿੰਘ ਦੀ ਪਤਨੀ ਸਰਦਾਰਨੀ ਚਰਨਜੀਤ ਕੌਰ 90 ਸਾਲ ਦੀ ਉਮਰੇ ਅਕਾਲ ਚਲਾਣਾ ਕਰ ਗਏ। 21 ਜਨਵਰੀ ਨੂੰ ਲੁਧਿਆਣਾ ’ਚ ਰਣਧੀਰ ਸਿੰਘ ਨਗਰ ਦੇ ਗੁਰੂ ਘਰ ਵਿੱਚ ਉਨ੍ਹਾਂ ਨਮਿੱਤ ਭੋਗ ਪਾ ਕੇ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ। ਸ੍ਰੀਮਤੀ ਚਰਨਜੀਤ ਕੌਰ ਬੜੇ ਨੇਕ ਸੁਭਾਅ ਦੇ ਸਨ ਜੋ ਪ੍ਰਿਥੀਪਾਲ ਸਿੰਘ ਨੂੰ ਮਿਲਣ ਆਏ ਸੱਜਣਾਂ ਮਿੱਤਰਾਂ ਦਾ ਪੂਰਾ ਆਦਰ ਮਾਣ ਕਰਦੇ ਸਨ। ਮੈਂ ਉਨ੍ਹਾਂ ਦੀ ਪ੍ਰਾਹੁਣਚਾਰੀ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਵਿਚ ਮਾਣੀ ਤੇ ਲੁਧਿਆਣੇ ਵੀ ਮਾਣਦਾ ਰਿਹਾ। ਉਨ੍ਹਾਂ ਨੇ ਜੀਵਨ ਵਿੱਚ ਸੁਖ ਦੇ ਦਿਨ ਵੀ ਮਾਣੇ ਤੇ ਡਾਢੇ ਦੁੱਖ ਵੀ ਕੱਟਣੇ ਪਏ। ਉਨ੍ਹਾਂ ਨੇ ਇਕ ਬੇਟੀ ਗੋਦ ਲਈ ਹੋਈ ਸੀ ਜੋ ਉਨ੍ਹਾਂ ਦਾ ਆਸਰਾ ਬਣੀ ਰਹੀ। ਉਨ੍ਹਾਂ ਨੇ ਹਾਕੀ ਦੇ ਹੀਰੇ ਪ੍ਰਿਥੀਪਾਲ ਸਿੰਘ ਦੀਆਂ ਕੁਝ ਯਾਦਗਾਰੀ ਨਿਸ਼ਾਨੀਆਂ ਸੰਭਾਲ ਰੱਖੀਆਂ ਸਨ, ਜਿਨ੍ਹਾਂ ਨੂੰ ਕਿਸੇ ਅਜਾਇਬ ਘਰ ਵੱਲੋਂ ਪ੍ਰਦਰਸ਼ਿਤ ਕਰਨ ਦਾ ਉਪਾਅ ਹੋਣਾ ਚਾਹੀਦੈ। ਫੁੱਟਬਾਲ ਦੇ ਦੀਵਾਨੇ ਪੇਲੇ ਵੱਲੋਂ ਹੰਢਾਏ ਬੂਟ ਤੇ ਪਹਿਨੀਆਂ ਜਰਸੀਆਂ ਦੀਆਂ ਲੀਰਾਂ ਵੀ ਸਾਂਭੀ ਬੈਠੇ ਹਨ। ਪ੍ਰਿਥੀਪਾਲ ਵੀ ਤਾਂ ਹਾਕੀ ਦਾ ਪੇਲੇ ਹੀ ਸੀ। ਪਰ ਸਾਡੇ ਲੋਕਾਂ ’ਚ ਹਾਲੇ ਰੀਤ ਨਹੀਂ ਤੁਰੀ ਕਿ ਅਸੀਂ ਆਪਣੇ ਮਹਾਨ ਖਿਡਾਰੀਆਂ ਦੀਆਂ ਨਿਸ਼ਾਨੀਆਂ ਦੀ ਸਾਂਭ-ਸੰਭਾਲ ਕਰੀਏ, ਹਿੱਕ ਨਾਲ ਲਾਈਏ ਤੇ ਉਨ੍ਹਾਂ ਦੀਆਂ ਯਾਦਗਾਰਾਂ ਕਾਇਮ ਕਰੀਏ। ਉਨ੍ਹਾਂ ਦੇ ਮੇਲੇ ਲਾਈਏ, ਐਵਾਰਡ ਰੱਖੀਏ ਤੇ ਉਨ੍ਹਾਂ ਦੀ ਮਹਾਨਤਾ ਦੀਆਂ ਵਾਰਾਂ ਗਾਈਏ। ਹਾਕੀ ਦੇ ਦੀਵਾਨੇ ਹੁਣ ਵੀ ਆਪਣੇ ਮਹਾਨ ਖਿਡਾਰੀਆਂ ਦੀਆਂ ਨਿਸ਼ਾਨੀਆਂ ਸੰਭਾਲ ਲੈਣ ਤਾਂ ਸ਼ੁਕਰ ਮਨਾਵਾਂਗੇ। ਸਾਡੀ ਘਰ ਦੇ ਜੋਗੀਆਂ ਨੂੰ ਜੋਗੜੇ ਤੇ ਬਾਹਰਲੇ ਜੋਗੀਆਂ ਨੂੰ ਸਿੱਧ ਸਮਝਣ ਵਾਲੀ ਸੋਚ ਪਤਾ ਨਹੀਂ ਕਦੋਂ ਪਾਸਾ ਪਰਤੇਗੀ?

ਹਾਕੀ ਦੇ ਫੁੱਲਬੈਕ ਪ੍ਰਿਥੀਪਾਲ ਸਿੰਘ ਨੂੰ ਚੀਨ ਦੀ ਕੰਧ ਕਿਹਾ ਜਾਂਦਾ ਸੀ। ਭਾਰਤੀ ਹਾਕੀ ਦਾ ਥੰਮ੍ਹ ਸੀ ਉਹ। ਉਸ ਨੇ 1960, 64 ਤੇ 68 ਦੀਆਂ ਓਲੰਪਿਕ ਖੇਡਾਂ ਵਿਚ ਹਰ ਵਾਰ ਸਭ ਤੋਂ ਵੱਧ ਗੋਲ ਕੀਤੇ ਸਨ। ਉਹ ਹਾਕੀ ਦਾ ਹੀਰਾ ਸੀ। ਉਸ ਨੂੰ ਵਿਸ਼ਵ ਦਾ ਬਿਹਤਰੀਨ ਫੁੱਲ ਬੈਕ ਖਿਡਾਰੀ ਮੰਨਿਆ ਗਿਆ ਸੀ ਜਿਸ ਨੂੰ ਪੈਨਲਟੀ ਕਾਰਨਰ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਉਹ ਤਿੰਨ ਓਲੰਪਿਕਸ ਖੇਡਿਆ ਤੇ ਤਿੰਨ ਓਲੰਪਿਕ ਮੈਡਲ ਜਿੱਤੇ। ਉਸ ਦੀ ਜ਼ੋਰਦਾਰ ਹਿੱਟ ਮੂਹਰੇ ਗੋਲਕੀਪਰਾਂ ਦੀ ਪੇਸ਼ ਨਹੀਂ ਸੀ ਜਾਂਦੀ। ਕਈ ਵਾਰ ਉਹ ਨੈੱਟ ਪਾੜ ਕੇ ਲੰਘ ਜਾਂਦੀ। ਉਸ ਦੀ ਜ਼ੋਰਦਾਰ ਹਿੱਟ ’ਤੇ ਕਾਬੂ ਪਾਉਣ ਲਈ ਐੱਫ ਆਈ ਐੱਚ ਨੇ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਹੀ ਬਦਲ ਦਿੱਤੇ ਸਨ !

Advertisement

ਮੈਂ ਪਹਿਲੀ ਵਾਰ ਉਸ ਬਾਰੇ ਲੇਖ ਲਿਖਿਆ ਤਾਂ ਲੇਖ ਦਾ ਨਾਂ ‘ਗੁਰੂ ਨਾਨਕ ਦਾ ਗਰਾਂਈਂ’ ਰੱਖਿਆ ਸੀ ਕਿਉਂਕਿ ਉਹ ਨਨਕਾਣਾ ਸਾਹਿਬ ਦਾ ਜੰਮਪਲ ਸੀ। ਉਥੋਂ ਦੇ ਗੁਰੂ ਨਾਨਕ ਖਾਲਸਾ ਸਕੂਲ ਵਿੱਚ ਉਸ ਦੇ ਪਿਤਾ ਜੀ ਮਾਸਟਰ ਸਨ ਤੇ ਪ੍ਰਿਥੀਪਾਲ ਦਾ ਖੇਡ ਕਰੀਅਰ ਉਸ ਸਕੂਲ ਦੇ ਖੇਡ ਮੈਦਾਨ ’ਚੋਂ ਹੀ ਸ਼ੁਰੂ ਹੋਇਆ ਸੀ। ਮੈਂ ਉਸ ਨੂੰ ਪਹਿਲੀ ਵਾਰ 1965 ’ਚ ਦਿੱਲੀ ਦੇ ਸ਼ਿਵਾਜੀ ਸਟੇਡੀਅਮ ਵਿੱਚ ਮਿਲਿਆ ਸਾਂ ਤੇ ਫਿਰ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਰ ਕੈਂਪਸ ਵਿੱਚ ਉਨ੍ਹਾਂ ਕੋਲ ਰਾਤ ਰਿਹਾ ਸਾਂ। ਜਦੋਂ ਉਹ ਲੁਧਿਆਣੇ ਆ ਗਏ ਤਾਂ ਸਾਡਾ ਆਮ ਹੀ ਮੇਲ ਮਿਲਾਪ ਹੋਣ ਲੱਗ ਪਿਆ ਸੀ। ਉਹ ਸਾਡੇ ਪਿੰਡ ਚਕਰ ਤੇ ਢੁੱਡੀਕੇ ਕਾਲਜ ਵਿੱਚ ਆਏ ਤੇ ਮੈਂ ਉਨ੍ਹਾਂ ਦੇ ਨਵਾਂ ਪਿੰਡ ਭੱਟ ਮਾਜਰਾ ਜਾ ਆਇਆ।

Advertisement

1969 ਵਿੱਚ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਉਤਸਵ ’ਤੇ ਮੈਂ ਨਨਕਾਣਾ ਸਾਹਿਬ ਗਿਆ ਤਾਂ ਉਸ ਦੀ ਇੱਛਾ ਅਨੁਸਾਰ ਉਸ ਦੇ ਪਹਿਲੇ ਖੇਡ ਮੈਦਾਨ ਦੀ ਮਿੱਟੀ ਲੈ ਆਇਆ। ਪ੍ਰਿਥੀਪਾਲ ਦੇ ਪਰਿਵਾਰ ਨੂੰ ਉਨ੍ਹਾਂ ਦੇ ਪੁਰਾਣੇ ਘਰ, ਸਕੂਲ ਤੇ ਹੱਟੀਆਂ ਭੱਠੀਆਂ ਦਾ ਹਾਲ ਚਾਲ ਦੱਸਿਆ। ਦੱਸਿਆ ਕਿ ਉਨ੍ਹਾਂ ਦੇ ਘਰ ’ਚ ਹੁਣ ਨਕੋਦਰ ਦੇ ਜੁਲਾਹੇ ਰਹਿੰਦੇ ਹਨ। ਉਨ੍ਹਾਂ ਨੇ ਤੁਹਾਨੂੰ ਸਲਾਮ ਆਖੀ ਹੈ। ਨਨਕਾਣਾ ਸਾਹਿਬ ਦੀਆਂ ਗੱਲਾਂ ਸੁਣਦਿਆਂ ਪ੍ਰਿਥੀਪਾਲ ਦੀਆਂ ਅੱਖਾਂ ’ਚ ਹੰਝੂ ਆ ਗਏ ਸਨ। ਪੁਰਾਣੀਆਂ ਯਾਦਾਂ ਵੀ ਕਿਆ ਯਾਦਾਂ ਹੁੰਦੀਆਂ ਨੇ! ਤਦੇ ਤਾਂ ਕਿਹਾ ਜਾਂਦੈ ਕਿ ਬੰਦੇ ਦਾ ਬਚਪਨ ਭਾਵੇਂ ਕਿਹੋ ਜਿਹਾ ਵੀ ਗੁਜ਼ਰਿਆ ਹੋਵੇ, ਹੁਲਾਰਾ ਜਿਹਾ ਆ ਜਾਂਦੈ ਬਚਪਨ ਨੂੰ ਯਾਦ ਕਰ ਕੇ। ਪ੍ਰਿਥੀਪਾਲ ਵੀ ਬਚਪਨ ਦੀਆਂ ਗੱਲਾਂ ਕਰਦਾ-ਸੁਣਦਾ ਬੱਚਾ ਬਣ ਜਾਂਦਾ ਸੀ!

1982 ਵਿੱਚ ਨਵੀਂ ਦਿੱਲੀ ਦੀਆਂ ਏਸ਼ਿਆਈ ਖੇਡਾਂ ਸਮੇਂ ਲੂਧਿਆਣੇ ਹੋਈ ਗੱਲਬਾਤ ਮੈਨੂੰ ਮੁੜ-ਮੁੜ ਯਾਦ ਆ ਜਾਂਦੀ ਹੈ। ਉਦੋਂ ਉਸ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਦੀ ਇਕ ਕਾਪੀ ਮੈਨੂੰ ਦਿੱਤੀ ਸੀ। ਉਸ ਵਿਚ ਲਿਖਿਆ ਸੀ ਕਿ ਦਿੱਲੀ ਏਸ਼ਿਆਡ ਦੇ ਅਧਿਕਾਰੀਆਂ ਨੇ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜੇਤੂਆਂ ਨੂੰ ਵੀ ਸੱਦਾ ਪੱਤਰ ਨਹੀਂ ਸੀ ਭੇਜੇ। ਪ੍ਰਿਥੀਪਾਲ ਸਿੰਘ ਨੂੰ ਕੋਈ ਸੱਦਾ ਪੱਤਰ ਨਹੀਂ ਸੀ ਪੁੱਜਿਆ ਜਿਸ ਦਾ ਉਸ ਨੂੰ ਦਿਲੀ ਅਫ਼ਸੋਸ ਸੀ।

ਹੋਣੀ ਦਾ ਭਾਣਾ ਵੇਖੋ ਕਿ ਯੂਨੀਵਰਸਿਟੀ ਵਿੱਚ ਵਿਦਿਆਰਥੀ ਗੁੱਟਾਂ ਦੇ ਝਗੜੇ ਸੁਲਝਾਉਂਦਿਆਂ ਉਹ ਇਕ ਗੁੱਟ ਦੀ ਹਿੱਟ ਲਿਸਟ ’ਤੇ ਆ ਗਿਆ। 20 ਜਨਵਰੀ 1983 ਦੇ ਦਿਨ ਕਾਤਲ ਮੋਟਰਸਾਈਕਲ ’ਤੇ ਆਏ ਤੇ ਕੈਂਪਸ ਵਿੱਚ ਗੋਲੀਆਂ ਚਲਾ ਕੇ ਰੂਪੋਸ਼ ਹੋ ਗਏ। 1947 ਦੀ ਮਾਰ ਧਾੜ ’ਚੋਂ ਤਾਂ ਪ੍ਰਿਥੀਪਾਲ ਬਚ ਨਿਕਲਿਆ ਸੀ ਪਰ ਆਪਣੀ ਯੂਨੀਵਰਸਿਟੀ ਵਿੱਚ ਬਚ ਨਾ ਸਕਿਆ। ਪਿੱਛੇ ਉਸ ਦੀ ਵਿਧਵਾ ਪਤਨੀ ਚਰਨਜੀਤ ਕੌਰ, ਗੋਦ ਲਈ ਬੱਚੀ ਤੇ ਵੱਡੇ ਭਰਾ ਦੇ ਬੱਚੇ ਰਹਿ ਗਏ। ਵੱਡਾ ਭਰਾ ਪਹਿਲਾਂ ਹੀ ਸੜਕ ਹਾਦਸੇ ’ਚ ਗੁਜ਼ਰ ਚੁੱਕਾ ਸੀ।

ਯੂਨੀਵਰਸਿਟੀ ਵਿੱਚ ਉਸ ਨੂੰ ਸ਼ਰਧਾਂਜਲੀ ਦੇਣ ਸਮੇਂ ਬੜਾ ਵੱਡਾ ਇਕੱਠ ਹੋਇਆ ਸੀ। ਉਸ ਦੀ ਯਾਦ ਵਿੱਚ ਪ੍ਰਿਥੀਪਾਲ ਸਿੰਘ ਸਪੋਰਟਸ ਕੰਪਲੈਕਸ ਬਣਾਇਆ ਗਿਆ ਜਿਥੇ ਹਾਕੀ ਦਾ ਆਸਟ੍ਰੋ ਟਰਫ਼ ਲਾਇਆ ਗਿਆ। ਉਸ ਦੀ ਯਾਦ ਵਿੱਚ ਹਾਕੀ ਦਾ ਟੂਰਨਾਮੈਂਟ ਹੁੰਦਾ ਹੈ। ਕੁਝ ਸਾਲ ਪਹਿਲਾਂ ਮੈਂ ਕੈਨੇਡਾ ਤੋਂ ਪੰਜਾਬ ਗਿਆ ਤਾਂ ਪ੍ਰਿਥੀਪਾਲ ਸਿੰਘ ਦੇ ਭਤੀਜੇ ਤਰਲੋਚਨ ਸਿੰਘ ਦਾ ਫੋਨ ਆਇਆ। ਉਸ ਨੇ ਸੱਦਾ ਦਿੱਤਾ ਕਿ ਮੈਂ ਉਨ੍ਹਾਂ ਦੇ ਪਿੰਡ ਆਵਾਂ ਤੇ ਆਪਣੇ ਮਿੱਤਰ ਦਾ ਘਰ ਵੇਖਾਂ।

ਮੈਂ ਉਨ੍ਹਾਂ ਦੇ ਘਰ ਗਿਆ ਤਾਂ ਨਿੰਮ ਕੋਲ ਮੱਝਾਂ ਬੱਝੀਆਂ ਹੋਈਆਂ ਸਨ। ਇਕ ਬੰਨੇ ਖੁਰਲੀਆਂ ਬਣੀਆਂ ਹੋਈਆਂ ਤੇ ਖੇਤੀਬਾੜੀ ਦੇ ਸੰਦ ਪਏ ਸਨ। ਪ੍ਰਿਥੀਪਾਲ ਸਿੰਘ ਦੀ ਭੈਣ ਤੇ ਭਤੀਜੇ ਮੌਜੂਦ ਸਨ। ਉਹ ਬੈਠਕ, ਜਿਥੇ ਹਾਕੀ ਦੇ ਓਲੰਪੀਅਨ ਤੇ ਅਫਸਰ ਆਉਂਦੇ ਜਾਂਦੇ ਰਹੇ ਸਨ, ਵੀਰਾਨ ਪਈ ਸੀ। ਉਸ ਵਿਚ ਕੁਝ ਖੇਡ ਨਿਸ਼ਾਨੀਆਂ ਜ਼ਰੂਰ ਪਈਆਂ ਸਨ ਜੋ ਚੇਤਾ ਕਰਾਉਂਦੀਆਂ ਸਨ ਕਿ ਇਹ ਪੈਨਲਟੀ ਕਾਰਨਰ ਦੇ ਬਾਦਸ਼ਾਹ ਦੀ ਬੈਠਕ ਸੀ!

ਈ-ਮੇਲ: principalsarwansingh@gmail.com

Advertisement
×