ਸ਼ਬਦਾਂ ਦੀ ਮਰਿਆਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਇਸ ਗੱਲੋਂ ਬਹੁਤ ਫ਼ਿਕਰਮੰਦ ਹਨ ਕਿ ਦੇਸ਼ ਦੇ ਬੱਚਿਆਂ ਨੂੰ ਸ਼ਬਦਾਂ ਦੀ ਮਰਿਆਦਾ ਦਾ ਕੋਈ ਪਾਸ ਨਹੀਂ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਪੇਪਰ ਲੀਕ ਦੇ ਮੁੱਦੇ ’ਤੇ ਜੰਤਰ ਮੰਤਰ ਵਿਖੇ ਹੋਏ ਪ੍ਰਦਰਸ਼ਨ ਦੌਰਾਨ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹੀਂ ਦਿਨੀਂ ਇਸ ਗੱਲੋਂ ਬਹੁਤ ਫ਼ਿਕਰਮੰਦ ਹਨ ਕਿ ਦੇਸ਼ ਦੇ ਬੱਚਿਆਂ ਨੂੰ ਸ਼ਬਦਾਂ ਦੀ ਮਰਿਆਦਾ ਦਾ ਕੋਈ ਪਾਸ ਨਹੀਂ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਪੇਪਰ ਲੀਕ ਦੇ ਮੁੱਦੇ ’ਤੇ ਜੰਤਰ ਮੰਤਰ ਵਿਖੇ ਹੋਏ ਪ੍ਰਦਰਸ਼ਨ ਦੌਰਾਨ ਗਾਲ੍ਹਾਂ ਕੱਢਣ ਵਾਲੇ ਵਿਦਿਆਰਥੀਆਂ ਨੂੰ ਸਜ਼ਾ ਦੀ ਨਹੀਂ ਸਗੋਂ ਸਹੀ ਰਾਹ ਦਿਖਾਉਣ ਦੀ ਲੋੜ ਹੈ, ਪਰ ਇਸੇ ਦੌਰਾਨ ਪ੍ਰਦਰਸ਼ਨਕਾਰੀ ਜੈੱਨ-ਜ਼ੀ ਬੇਟੀਆਂ ਵੱਲੋਂ ਕੱਢੀਆਂ ਗਈਆਂ ਗਾਲ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਸੱਭਿਆਚਾਰਕ ਸਦਮੇ ’ਚ ਹਨ। ਉਹ ਹੈਰਾਨ-ਪ੍ਰੇਸ਼ਾਨ ਹਨ ਕਿ ਸਾਡੀਆਂ ਧੀਆਂ ਏਨੀਆਂ ਭੱਦੀਆਂ ਗਾਲ੍ਹਾਂ ਕਿਵੇਂ ਕੱਢ ਸਕਦੀਆਂ ਹਨ? ਓਧਰ, ਸਮਾਨਤਾ ਦੇ ਅਧਿਕਾਰ ਤੋਂ ਜਾਣੂ ਧੀਆਂ ਇਸ ਗੱਲੋਂ ਖ਼ਫ਼ਾ ਹਨ ਕਿ ਉਨ੍ਹਾਂ ਦਾ ਜ਼ਿਕਰ ਉਘਾੜ ਕੇ ਕਿਉਂ ਕੀਤਾ ਗਿਆ ਹੈ?
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਆਪਣੇ ਨਵੇਂ ਬਣੇ ਜੈੱਨ-ਜ਼ੀ ‘ਫਰੈਂਡਜ਼’ ਲਈ ਸ਼ੁੱਕਰਵਾਰ ਦੇਰ ਰਾਤ ਇੱਕ ਇੰਸਟਾਗ੍ਰਾਮ ਰੀਲ ਪੋਸਟ ਕੀਤੀ। ਇਸ ਰੀਲ ਵਿੱਚ ਉਨ੍ਹਾਂ ਨੇ ਆਪਣੇ ਇਨ੍ਹਾਂ ਸ਼ਰਾਰਤੀ ਅਤੇ ਅੱਥਰੇ ਫਰੈਂਡਜ਼ ਦੀ ਭਾਸ਼ਾ ’ਤੇ ਵੱਡਾ ਹੋਣ ਨਾਤੇ ਫ਼ਿਕਰ ਜ਼ਾਹਿਰ ਕੀਤਾ ਤੇ ਨਾਲ ਹੀ ਵੱਡਾ ਦਿਲ ਦਿਖਾਉਂਦਿਆਂ ਉਨ੍ਹਾਂ ਦੀ ‘ਭੈੜੀ’ ਭਾਸ਼ਾ ਲਈ ਉਨ੍ਹਾਂ ਨੂੰ ਮੁਆਫ਼ ਕਰਨ ਦਾ ਐਲਾਨ ਵੀ ਕੀਤਾ। ਪਿਛਲੇ ਕੁਝ ਦਿਨਾਂ ਦੌਰਾਨ ਉਨ੍ਹਾਂ ਦੀ ਆਪਣੇ ਇਨ੍ਹਾਂ ਫਰੈਂਡਜ਼ ਲਈ ਪੋਸਟ ਕੀਤੀ ਗਈ ਇਹ ਪੰਜਵੀਂ ਰੀਲ ਹੈ। ਉਂਜ ਆਪਣੇ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਉਹ ਬਹੁਤ ਵਾਰ ਬੱਚਿਆਂ ਨੂੰ ਪੇਪਰਾਂ ਕਾਰਨ ਹੁੰਦੇ ਤਣਾਅ ਨੂੰ ਦੂਰ ਕਰਨ ਦੇ ਢੰਗ ਤਰੀਕੇ ਦੱਸ ਚੁੱਕੇ ਹਨ, ਪਰ ਉਨ੍ਹਾਂ ਦੇ ਫਰੈਂਡਜ਼ ਦਾ ਮਸਲਾ ਪੇਪਰ ਦੇਣ ਨਾਲ ਨਹੀਂ ਸੀ ਜੁੜਿਆ ਹੋਇਆ। ਮਸਲਾ ਤਾਂ ਪੇਪਰ ਲੀਕ ਹੋਣ ਦਾ ਸੀ, ਜਿਸ ਕਾਰਨ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਅਸਰਅੰਦਾਜ਼ ਹੋਇਆ ਅਤੇ ਵੀਹ ਤੋਂ ਵੱਧ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕਰ ਲਈ।
ਇਸੇ ਦੌਰਾਨ ਜੈੱਨ-ਜ਼ੀ ਧੀਆਂ ਨੇ ਉਨ੍ਹਾਂ ਦੀ ਭਾਸ਼ਾ ਬਾਰੇ ਫ਼ਿਕਰ ਕਰਨ ਦੇ ਨਾਲ ਨਾਲ ਆਰ ਐੱਸ ਐੱਸ ਦੇ ਕੇਰਲਮ ਸੂਬੇ ਦੇ ਸਵੈਮ-ਸੇਵਕ ਟੀ ਜੀ ਮੋਹਨਦਾਸ ਨੂੰ ਵੀ ਸ਼ਬਦਾਂ ਦੀ ਮਰਿਆਦਾ ਦਾ ਪਾਸ ਸਮਝਾਏ ਜਾਣ ਦਾ ਵਾਸਤਾ ਪਾਇਆ ਹੈ। ਦਰਅਸਲ, ਜੰਤਰ ਮੰਤਰ ’ਤੇ ਚੱਲ ਰਹੇ ਪ੍ਰਦਰਸ਼ਨ ਮੌਕੇ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਟੀ ਜੀ ਮੋਹਨਦਾਸ ਨੇ ਯੂਟਿਊਬ ’ਤੇ ਪਾਈਆਂ ਵੀਡੀਓਜ਼ ’ਚ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਦੇ ਸੰਦਰਭ ਵਿੱਚ ਬਿਆਨ ਦਿੱਤਾ ਸੀ, ‘‘ਜੇ ਪ੍ਰਦਰਸ਼ਨ ਵਾਲੀ ਥਾਂ ਤੋਂ ਪੁਲੀਸ ਹਟਾ ਲਈ ਜਾਂਦੀ ਹੈ ਤਾਂ ਉੱਥੇ ਸਮੂਹਿਕ ਬਲਾਤਕਾਰ ਹੋਣਗੇ। ਇਹ ਉਹ ਕੁੜੀਆਂ ਹਨ, ਜੋ ਬਲਾਤਕਾਰ ਪਸੰਦ ਕਰਦੀਆਂ ਹਨ।’’ ਕੀ 70 ਸਾਲਾ ਟੀ ਜੀ ਮੋਹਨਦਾਸ ਨੇ ਧੀਆਂ ਬਾਰੇ ਅਜਿਹੀ ਭੱਦੀ ਟਿੱਪਣੀ ਕਰਦਿਆਂ ਸ਼ਬਦਾਂ ਦੀ ਮਰਿਆਦਾ ਦਾ ਪਾਸ ਰੱਖਿਆ ਹੈ?
ਇੰਨਾ ਹੀ ਨਹੀਂ, ਉਨ੍ਹਾਂ ਨੇ ਇਹ ਵੀ ਕਿਹਾ, ‘‘ਜੇਕਰ ਮੇਰੀ ਜ਼ਿੰਮੇਵਾਰੀ ਹੁੰਦੀ ਤਾਂ ਮੈਂ ਉੱਥੇ ਕਰਫਿਊ ਲਾ ਦਿੰਦਾ। ਭੀੜ ਨੂੰ ਤਿੰਨ ਵਾਰੀ ਚਿਤਾਵਨੀ ਦਿੰਦਾ। ਜੇਕਰ ਉਹ ਫਿਰ ਵੀ ਨਾ ਖਿੰਡਦੀ ਤਾਂ ਉੱਥੇ ਗੋਲੀਆਂ ਚਲਾਉਣ ਦਾ ਹੁਕਮ ਦਿੰਦਾ। ਇਉਂ ਲੋਕਾਂ ਨੂੰ ਉੱਥੋਂ ਖਿੰਡਾਇਆ ਤੇ ਦੌੜਾਇਆ ਜਾ ਸਕਦਾ ਸੀ। ਚਾਰ ਘੰਟਿਆਂ ਦੇ ਅੰਦਰ ਹੀ ਸਥਿਤੀ ਕਾਬੂ ਹੇਠ ਆ ਜਾਣੀ ਸੀ ਤੇ ਉੱਥੋਂ ਲਾਸ਼ਾਂ ਚੁੱਕ ਕੇ ਹਸਪਤਾਲਾਂ ’ਚ ਪਹੁੰਚਾ ਦਿੱਤੀਆਂ ਜਾਣੀਆਂ ਸਨ।’’
ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਮਗਰੋਂ ਨਿਯੁਕਤ ਦੇਸ਼ ਦੇ ਨਵੇਂ ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਬਿਲਕੀਸ ਬਾਨੋ ਦੇ ਬਲਾਤਕਾਰੀਆਂ ਦੀ ਰਿਹਾਈ ਬਾਰੇ ਦਿੱਤੇ ਗਏ ਪੁਰਾਣੇ ਬਿਆਨ ਦੀ ਵੀ ਇਨ੍ਹੀਂ ਦਿਨੀਂ ਬਹੁਤ ਚਰਚਾ ਹੈ। ਉਨ੍ਹਾਂ ਨੇ ਬਲਾਤਕਾਰੀਆਂ ਦੀ ਰਿਹਾਈ ਮਗਰੋਂ ਦਿੱਤੇ ਇੱਕ ਬਿਆਨ ’ਚ ਕਿਹਾ ਸੀ ਕਿ ਇਹ ਸਰਕਾਰ ਦਾ ਫ਼ੈਸਲਾ ਹੈ ਅਤੇ ਉਨ੍ਹਾਂ ਨੂੰ ਇਸ ਵਿੱਚ ਕੁਝ ਵੀ ਗ਼ਲਤ ਨਜ਼ਰ ਨਹੀਂ ਆਉਂਦਾ। ਵਰਣਨਯੋਗ ਹੈ ਕਿ ਸਾਲ 2002 ਦੇ ਗੁਜਰਾਤ ਦੰਗਿਆਂ ਵੇਲੇ ਬਿਲਕੀਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ, ਉਦੋਂ ਉਸ ਦੀ ਉਮਰ ਮਸਾਂ 21 ਸਾਲ ਸੀ ਅਤੇ ਉਹ ਪੰਜ ਮਹੀਨਿਆਂ ਦੀ ਗਰਭਵਤੀ ਸੀ। ਉਸ ਦੀਆਂ ਅੱਖਾਂ ਸਾਹਮਣੇ ਉਸ ਦੀ ਤਿੰਨ ਸਾਲ ਦੀ ਧੀ ਸਣੇ ਉਸ ਦੇ ਪਰਿਵਾਰ ਦੇ ਸੱਤ ਜੀਅ ਕਤਲ ਕਰ ਦਿੱਤੇ ਗਏ ਸਨ। ਕੀ ਦੇਸ਼ ਦੀ ਕਿਸੇ ਧੀ ਦੇ ਬਲਾਤਕਾਰੀਆਂ ਦੀ ਰਿਹਾਈ ’ਚ ‘ਕੁਝ ਵੀ ਗ਼ਲਤ’ ਨਜ਼ਰ ਨਾ ਆਉਣ ਦਾ ਮਤਲਬ ਇਨਸਾਨੀਅਤ, ਨੈਤਿਕਤਾ ਤੇ ਮਰਿਆਦਾ ਦਾ ਪਾਸ ਰੱਖਣਾ ਹੈ?
ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਨੇ ਵੀ ਤਿੱਖੇ ਸ਼ਬਦਾਂ ਵਿੱਚ ਪ੍ਰਦਰਸ਼ਨਕਾਰੀ ਜੈੱਨ-ਜ਼ੀ ਦੀ ਆਲੋਚਨਾ ਕੀਤੀ ਹੈ। ਉਸ ਨੇ ਇੰਸਟਾਗ੍ਰਾਮ ’ਤੇ ਪਾਈਆਂ ਪੋਸਟਾਂ ਵਿੱਚ ਹਿੰਦੂ ਧੀਆਂ ਦੀ ਭਾਸ਼ਾ ’ਤੇ ਸਵਾਲ ਉਠਾਉਂਦਿਆਂ ਉਨ੍ਹਾਂ ਦੇ ਵਿਹਾਰ ਪ੍ਰਤੀ ਘ੍ਰਿਣਾ ਪ੍ਰਗਟਾਈ ਹੈ। ਉਸ ਨੇ ਲਿਖਿਆ ਹੈ ਕਿ ‘ਪੱਛਮੀ ਪ੍ਰਭਾਵ ਹੇਠ ਆਈਆਂ ਇਹ ਨਵੀਂ ਪੀੜ੍ਹੀ ਦੀਆਂ ਕੁੜੀਆਂ ‘ਜੈਨਰੇਸ਼ਨ ਗਟਰ’ ਹਨ। ਨਾ ਤਾਂ ਇਹ ਪੜ੍ਹਨ ਨੂੰ ਚੰਗੀਆਂ ਨੇ ਤੇ ਨਾ ਹੀ ਚੰਗੀਆਂ ਸੁਆਣੀਆਂ ਬਣ ਸਕਦੀਆਂ ਹਨ। ਬੇਸ਼ਰਮੀ ਨਾਲ ਇਹ ਆਪਣੇ ਮਾਪਿਆਂ ਦੀ ਕਮਾਈ ’ਤੇ ਜਿਊਂਦੀਆਂ ਹਨ ... ਜੇ ਤੁਸੀਂ ਬਿਨਾਂ ਜਵਾਬਦੇਹੀ ਤੋਂ ਆਜ਼ਾਦੀ ਨਾਲ ਜਿਊਂਦੀਆਂ ਹੋ ਤਾਂ ਤੁਸੀਂ ਗਟਰ ਛਾਪ ਹੋ।’ ਉਹ ਇੱਥੇ ਹੀ ਨਹੀਂ ਰੁਕੀ। ਉਸ ਨੇ ਇਹ ਵੀ ਲਿਖਿਆ ਕਿ ‘ਜੈੱਨ-ਜ਼ੀ ਦੀਆਂ ਇਹ ਰੀਲਾਂ ਦੇਖ ਕੇ ਮੈਨੂੰ ਉਲਟੀ ਆਉਂਦੀ ਹੈ। ਮੈਨੂੰ ਹੁਣ ‘ਡਿਜੀਟਲ ਡੀਟੌਕਸ’ ਦੀ ਲੋੜ ਹੈ।’ ਕੰਗਣਾ ਵੱਲੋਂ ਹਿੰਦੂ ਕੁੜੀਆਂ ਬਾਰੇ ਕੀਤੀਆਂ ਗਈਆਂ ਇਨ੍ਹਾਂ ਟਿੱਪਣੀਆਂ ’ਚ ਵਰਤੀ ਗਈ ਸ਼ਬਦਾਵਲੀ ਕੀ ਸਾਡੇ ਸੰਸਕਾਰਾਂ ਮੁਤਾਬਿਕ ਹੈ?
ਸਾਡੇ ਸਤਿਕਾਰਯੋਗ ਸੰਸਦ ਮੈਂਬਰ ਵਿੱਚੋਂ ਕਈ ਸਦਨ ਵਿੱਚ ਵੀ ਇਹੋ ਜਿਹੀ ਅਸੱਭਿਅਕ ਭਾਸ਼ਾ ਵਰਤਦੇ ਹਨ ਕਿ ਉਹ ਲਗਭਗ ਗਾਲੀ-ਗਲੋਚ ਦੇ ਦਾਇਰੇ ’ਚ ਆਉਂਦੀ ਹੈ। ਸਵਾਲ ਤਾਂ ਇਹ ਹੈ ਕਿ ਉਦੋਂ ਕਿਸੇ ਨੂੰ ਸ਼ਬਦਾਂ ਦੀ ਮਰਿਆਦਾ ਦਾ ਪਾਠ ਕਿਉਂ ਨਹੀਂ ਪੜ੍ਹਾਇਆ ਜਾਂਦਾ?
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਪ੍ਰਧਾਨ ਨੇਹਾ ਬੋਰਾ ਦਾ ਕਹਿਣਾ ਹੈ ਕਿ ਅੰਦੋਲਨਕਾਰੀਆਂ ਦੀ ਭਾਸ਼ਾ ’ਤੇ ਇਸ ਲਈ ਸਵਾਲ ਉਠਾਏ ਜਾ ਰਹੇ ਹਨ ਤਾਂ ਕਿ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੁਲੀਸ ਕਾਰਵਾਈ ਦੀ ਜਵਾਬਦੇਹੀ ਦੇ ਮੁੱਦੇ ਨੂੰ ਦਬਾਇਆ ਜਾ ਸਕੇ। ਨੇਹਾ ਦਾ ਸਵਾਲ ਇਹ ਹੈ ਕਿ ਨਾਬਾਲਗ ਮੁਜ਼ਾਹਰਾਕਾਰੀਆਂ ਖ਼ਿਲਾਫ਼ ਤਾਂ ਅਸੱਭਿਅਕ ਭਾਸ਼ਾ ਨੂੰ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਪਰ ਸ਼ਾਂਤਮਈ ਅੰਦੋਲਨਕਾਰੀਆਂ ਨੂੰ ‘ਅਤਿਵਾਦੀ’ ਅਤੇ ‘ਵਾਇਰਸ’ ਆਖਣ ਵਾਲੇ ਧਰਮੇਂਦਰ ਪ੍ਰਧਾਨ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਖ਼ਿਲਾਫ਼ ਐੱਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਗਈ?’’ ਇਹ ਵੀ ਸਾਹਮਣੇ ਆਇਆ ਹੈ ਕਿ ਜੈੱਨ-ਜ਼ੀ ਦੀ ਭਾਸ਼ਾ ’ਤੇ ਸਵਾਲ ਉਠਾਉਣ ਵਾਲਿਆਂ ਵੱਲੋਂ ਵੱਖ-ਵੱਖ ਸਮੇਂ ’ਤੇੇ ਕੀਤੀਆਂ ਗਈਆਂ ਟਿੱਪਣੀਆਂ ਦੀਆਂ ਪੁਰਾਣੀਆਂ ਵੀਡੀਓ ਕਲਿੱਪਸ ਨੂੰ ਨਵੀਂ ਪੀੜ੍ਹੀ ਵੱਲੋਂ ਤੇਜ਼ੀ ਨਾਲ ਵਾਇਰਲ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਸੰਸਕਾਰਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।
ਬੇਸ਼ੱਕ, ਜੰਤਰ ਮੰਤਰ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਕਈ ਵਾਰ ਵਰਤੀ ਗਈ ਭਾਸ਼ਾ ਪੁਰਾਣੀ ਪੀੜ੍ਹੀ ਨੂੰ ਅਸਹਿਜ ਕਰਦੀ ਹੈ ਅਤੇ ਉਹ ਨੰਗੇ ਫਿਕਰੇ ਸੁਣ ਕੇ ਤੁਸੀਂ ਪ੍ਰੇਸ਼ਾਨ ਜ਼ਰੂਰ ਹੁੰਦੇ ਹੋ। ਖ਼ੈਰ, ਉਹ ਤਾਂ ਕਮਉਮਰ ਹਨ, ਪਰ ਵੱਡੀ ਉਮਰ ਦੇ ਸਿਆਸੀ ਆਗੂਆਂ ਵੱਲੋਂ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਲਈ ਦੇਸ਼ ਕਿਸ ਤੋਂ ਜਵਾਬਦੇਹੀ ਮੰਗੇ?

