ਇਮੋਸ਼ਨਲ ... ... ... ਫੂਲ !
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ’ਚ ਹੁਣ ਕੋਈ ਬਹੁਤਾ ਸਮਾਂ ਨਹੀਂ ਰਿਹਾ। ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਸਿਆਸੀ ਆਗੂ ਆਪਣੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਦਿੱਤੇ ਜਾਂਦੇ ਬਿਆਨਾਂ ਤੇ ਕੀਤੀਆਂ ਜਾਂਦੀਆਂ ਟਿੱਪਣੀਆਂ ਉੱਤੇ ਤਿੱਖੀ ਨਜ਼ਰ ਰੱਖ...
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ’ਚ ਹੁਣ ਕੋਈ ਬਹੁਤਾ ਸਮਾਂ ਨਹੀਂ ਰਿਹਾ। ਸਿਆਸੀ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਸਿਆਸੀ ਆਗੂ ਆਪਣੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਦਿੱਤੇ ਜਾਂਦੇ ਬਿਆਨਾਂ ਤੇ ਕੀਤੀਆਂ ਜਾਂਦੀਆਂ ਟਿੱਪਣੀਆਂ ਉੱਤੇ ਤਿੱਖੀ ਨਜ਼ਰ ਰੱਖ ਰਹੇ ਹਨ। ਇਹੋ ਜਿਹੇ ਗਹਿਗੱਚ ਸਿਆਸੀ ਮਾਹੌਲ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਗ਼ਲਤ ਸ਼ਬਦ ਜਾਂ ਫ਼ਿਕਰਾ ਬੋਲਣ ਦਾ ਜੋਖ਼ਮ ਨਹੀਂ ਉਠਾਇਆ ਜਾ ਸਕਦਾ, ਪਰ ਜਦੋਂ ਕਿਸੇ ਕੋਲੋਂ ਅਜਿਹੀ ਉਕਾਈ ਹੋ ਜਾਂਦੀ ਹੈ ਤਾਂ ਉਹ ਤੁਰੰਤ ਵਿਰੋਧੀ ਪਾਰਟੀਆਂ ਦੀ ਫਾਇਰਿੰਗ ਦੀ ਜ਼ੱਦ ’ਚ ਆ ਜਾਂਦਾ ਹੈ। ਓਦਾਂ ਵੀ ਸਮਾਜਿਕ ਵਿਹਾਰ ਦਾ ਤਕਾਜ਼ਾ ਹੁੰਦਾ ਹੈ ਕਿ ਕੋਈ ਵੀ ਅਜਿਹੀ ਗੱਲ ਨਾ ਕੀਤੀ ਜਾਵੇ ਜੋ ਹੋਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ। ਇਹ ਨਿਯਮ ਸਭ ਤੋਂ ਵੱਧ ਸਿਆਸਤਦਾਨਾਂ ’ਤੇ ਲਾਗੂ ਹੁੰਦਾ ਹੈੈ।
ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਹਾਲ ਹੀ ਵਿੱਚ ਪੰਜਾਬ ਯੂਨੀਵਰਿਸਟੀ ’ਚ ਕਰਵਾਏ ਗਏ ‘ਖੇਲੋ ਚੰਡੀਗੜ੍ਹ ਗੇਮਜ਼-2026’ ਦੇ ਸਮਾਪਤੀ ਸਮਾਗਮ ਦੌਰਾਨ ਇਨਾਮਾਂ ਦੀ ਵੰਡ ਕਰਨ ਮੌਕੇ ਦਿੱਤੇ ਭਾਸ਼ਣ ਵਿੱਚ ਕਿਹਾ, ‘‘ਜੋ ਪੰਜਾਬੀ ਹੋਤੇ ਹੈ ਨਾ, ਵੋ ਇਮੋਸ਼ਨਲ ਬਲੱਡੀ ਫੂਲ ਹੋਤੇ ਹੈ।’’ ਜਦੋਂ ਕਿਸੇ ਜਨਤਕ ਮੰਚ ’ਤੇ ਖੜ੍ਹੇ ਹੋ ਕੇ ਤੁਸੀਂ ਪੰਜਾਬੀਆਂ ਲਈ ਅਜਿਹੇ ਸ਼ਬਦ ਵਰਤ ਲਏ ਤਾਂ ਵਿਰੋਧੀ ਸਿਆਸੀ ਪਾਰਟੀਆਂ ਨੇ ਤਾਂ ਅਜਿਹੇ ਬਿਆਨ ਨੂੰ ਚੁੱਕਣਾ ਹੀ ਸੀ ਅਤੇ ਉਨ੍ਹਾਂ ਚੁੱਕ ਵੀ ਲਿਆ। ਸਮੁੱਚੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਪੰਜਾਬੀਆਂ ਦੇ ਵਿਰੋਧੀ ਹੋਣ ਦਾ ਰੌਲਾ ਪੈ ਗਿਆ। ਵੱਖ ਵੱਖ ਚੈਨਲਾਂ ਨੇ ਉਨ੍ਹਾਂ ਤੋਂ ਇਸ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਆਪਣੇ ਜਵਾਬ ’ਚ ਬਥੇਰੀਆਂ ਦਲੀਲਾਂ ਅਤੇ ਸਫ਼ਾਈਆਂ ਦਿੱਤੀਆਂ, ‘‘ਮੈਂ ਤਾਂ ਖ਼ੁਦ ਪੰਜਾਬੀ ਹਾਂ, ਮੈਂ ਤਾਂ ਆਪਣੇ ਬਾਰੇ ਕਿਹਾ ਸੀ ਕਿ ਪੰਜਾਬੀ ਇਮੋਸ਼ਨਲ (ਭਾਵੁਕ) ਹੁੰਦੇ ਨੇ।’’ ਪਰ ਐਂਕਰ ਘੁਮਾ ਫਿਰਾ ਕੇ ਫਿਰ ਉਹੀ ਸਵਾਲ ਕਰਨ ਕਿ ਤੁਸੀਂ ਤਾਂ ‘ਪੰਜਾਬੀਆਂ’ ਬਾਰੇ ਟਿੱਪਣੀ ਕੀਤੀ ਹੈ। ਜਦੋਂ ਤੁਸੀਂ ਪੰਜਾਬੀਆਂ ਦੇ ਸੰਦਰਭ ’ਚ ‘ਬਲੱਡੀ ਫੂਲ’ ਕਹੋਗੇ ਤਾਂ ਇਹ ਸਮੁੱਚੇ ਪੰਜਾਬੀਆਂ ’ਤੇ ਹੀ ਲਾਗੂ ਮੰਨਿਆ ਜਾਵੇਗਾ।
ਜਤਿੰਦਰ ਪਾਲ ਮਲਹੋਤਰਾ ਵੱਲੋਂ ਵਾਰ ਵਾਰ ਇਹੀ ਕਿਹਾ ਜਾਂਦਾ ਰਿਹਾ, ‘‘ਮੈਂ ਖ਼ੁਦ ਪੰਜਾਬੀ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਪੰਜਾਬੀ ਏਦਾਂ ਦੇ ਹੀ ਹੁੰਦੇ ਹਾਂ। ਮੈਨੂੰ ਗੇਮਾਂ ਕਰਵਾਉਣ ਲਈ ਕਿਹਾ ਗਿਆ ਸੀ ਤੇ ਆਪਾਂ ਇਮੋਸ਼ਨਲ ਹੋ ਕੇ ਵੇਖੋ ਏਨੀਆਂ ਵੱਡੀਆਂ ਗੇਮਾਂ ਕਰਵਾ ਦਿੱਤੀਆਂ। ਮੈਂ ਕਿਸੇ ਕਮਿਊਨਿਟੀ (ਪੰਜਾਬੀ ਭਾਈਚਾਰਾ) ਨੂੰ ਨਹੀਂ ਕਿਹਾ, ਮੈਂ ਤਾਂ ਆਪਣੇ ਆਪ ਨੂੰ ਹੀ ਕਿਹਾ ਹੈ।’’
ਐਂਕਰ ਨੇ ਜਦੋਂ ਮੁੜ ਉਨ੍ਹਾਂ ਨੂੰ ਘੇਰ ਕੇ ਪੁੱਛਿਆ ਕਿ ‘ਬਲੱਡੀ ਫੂਲ’ ਦਾ ਕੀ ਮਤਲਬ ਹੁੰਦਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ, ‘‘ਬਲੱਡੀ ਫੂਲ ਸਾਡੇ ਵਰਗੇ ਹੁੰਦੇ ਨੇ ਮੂਰਖ ਬੰਦੇ ਜਿਹੜੇ ਲੱਗੇ ਰਹਿੰਦੇ ਨੇ (ਕੰਮ ਕਰਨ)।’’ ਵਿਰੋਧੀ ਪਾਰਟੀਆਂ ਦਾ ਕਹਿਣਾ ਸੀ ਕਿ ਅਸਲ ’ਚ ਪੰਜਾਬੀਆਂ ਪ੍ਰਤੀ ਉਨ੍ਹਾਂ ਦੀ ਪਾਰਟੀ ਦੀ ਸੋਚ ਹੀ ਇਹੋ ਹੈ, ਜੋ ਉਸ ਸਮਾਗਮ ਦੌਰਾਨ ਜਤਿੰਦਰ ਪਾਲ ਮਲਹੋਤਰਾ ਦੀ ਜ਼ੁਬਾਨ ’ਤੇ ਆ ਗਈ ਹੈ।
ਪੰਜਾਬ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਸੂਬੇ ’ਚ ਆਪਣੇ ਸਾਰੇ ਘੋੜੇ ਖੋਲ੍ਹੇ ਹੋਏ ਹਨ। ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਦੇ ਤਿੰਨ ਰੋਜ਼ਾ ਦੌਰੇ ਤਹਿਤ ਸ਼ਨਿਚਰਵਾਰ ਦੀ ਸ਼ਾਮ ਅੰਮ੍ਰਿਤਸਰ ਪੁੱਜ ਕੇ ਪੰਜਾਬੀਆਂ ਦਾ ਦਿਲ ਪਾਰਟੀ ਪ੍ਰਤੀ ਮਾਇਲ ਕਰਨ ਲਈ ਆਪਣੀ ਫੇਰੀ ਦੀ ਸ਼ੁਰੂਆਤ ਦਰਬਾਰ ਸਾਹਿਬ ਮੱਥਾ ਟੇਕ ਕੇ ਕੀਤੀ। ਮੱਥਾ ਟੇਕਣ ਤੋਂ ਪਹਿਲਾਂ ਉਨ੍ਹਾਂ ਦੇ ਬਾਕਾਇਦਾ ਦਸਤਾਰ ਵੀ ਸਜਾਈ ਗਈ। ਉਨ੍ਹਾਂ ਦੀ ਪੰਜਾਬ ਫੇਰੀ ਦਾ ਮਕਸਦ ਪਾਰਟੀ ਦੇ ਸੂਬਾਈ ਆਗੂਆਂ ਨਾਲ ਮਿਲ ਬੈਠ ਕੇ ਸੂਬੇ ’ਚ ਜਿੱਤ ਦੇ ਰਾਹ ਪੈਣ ਲਈ ਰਣਨੀਤੀ ਉਲੀਕਣਾ ਹੈ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤਾਂ ਜਦੋਂ ਵੀ ਕਿਸੇ ਸਮਾਗਮ ’ਚ ਹਿੱਸਾ ਲੈਣ ਲਈ ਪੰਜਾਬ ਆਉਂਦੇ ਹਨ ਤਾਂ ਅਕਸਰ ਪੱਗ ਬੰਨ੍ਹ ਕੇ ਹੀ ਆਉਂਦੇ ਹਨ ਅਤੇ ਪੰਜਾਬੀਆਂ ਨਾਲ ਬਹੁਤ ਤੇਹ-ਮੋਹ ਜਤਾਉਂਦੇ ਹਨ। ਅਸਲ ਵਿੱਚ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਉਣ ਲਈ ਸੰਘਰਸ਼ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਉਦੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ’ਚ ਦਾਖ਼ਲ ਨਹੀਂ ਸੀ ਹੋਣ ਦਿੱਤਾ ਅਤੇ ਇਸ ਮਗਰੋਂ ਚੋਣਾਂ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਵੀ ਭਾਜਪਾ ਆਗੂਆਂ ਨੂੰ ਪਿੰਡਾਂ ’ਚ ਪੈਰ ਨਹੀਂ ਸੀ ਧਰਨ ਦਿੱਤਾ। ਪਰ ਹੁਣ ਭਾਜਪਾ ਪੰਜਾਬੀਆਂ ਅਤੇ ਉਨ੍ਹਾਂ ਦੀਆਂ ਵੋਟਾਂ ਤੱਕ ਪਹੁੰਚ ਬਣਾਉਣ ਲਈ ਹਰ ਹੀਲਾ ਵਸੀਲਾ ਵਰਤ ਰਹੀ ਹੈ। ਪਾਰਟੀ ਦਾ ਕੋਈ ਆਗੂ ਜਦੋਂ ਜਨਤਕ ਮੰਚ ਤੋਂ ਇਸ ਤਰ੍ਹਾਂ ਦਾ ਬਿਆਨ ਦੇ ਦੇਵੇ ਤਾਂ ਪਾਰਟੀ, ਜੋ ਆਪਣਾ ਅਕਸ ਬਦਲਣ ਅਤੇ ਖ਼ੁਦ ਨੂੰ ਪੰਜਾਬ ਹਿਤੈਸ਼ੀ ਦੱਸਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੋਵੇ, ਦੇ ਯਤਨਾਂ ਨੂੰ ਢਾਹ ਲੱਗਣੀ ਯਕੀਨੀ ਹੈ। ਇਸ ਵਿਵਾਦ ਨੂੰ ਵਧਦਾ ਦੇਖ ਅਤੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਜਤਿੰਦਰ ਪਾਲ ਮਲਹੋਤਰਾ ਨੇ ਵਾਰ ਵਾਰ ਆਪਣੇ ਸਹੀ ਹੋਣ ਦੇ ਦਾਅਵਿਆਂ ਦੇ ਬਾਵਜੂਦ ਇਹ ਕਹਿੰਦਿਆਂ ਮੁਆਫ਼ੀ ਮੰਗ ਲਈ ਹੈ ਕਿ ਜੇਕਰ ਇਸ ਨਾਲ ਕਿਸੇ ਦਾ ਦਿਲ ਦੁਖਿਆ ਹੈ ਜਾਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਉਸ ਲਈ ਮੁਆਫ਼ੀ ਮੰਗਦਾ ਹੈ।
ਅਜਿਹੇ ਭਾਜਪਾ ਆਗੂਆਂ ਦੀਆਂ ਕਲਾਸਾਂ ਲਗਾ ਕੇ ਉਨ੍ਹਾਂ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀ ਅਟਲ ਬਿਹਾਰੀ ਵਾਜਪਾਈ ਦੇ ਭਾਸ਼ਨ ਸੁਣਾ ਕੇ ਇਹ ਗੱਲ ਸਿਖਾਈ ਜਾਣੀ ਚਾਹੀਦੀ ਹੈ ਕਿ ਆਪਣੀ ਗੱਲ ਨਫ਼ਾਸਤ ਤੇ ਸਲੀਕੇ ਨਾਲ ਕਿਵੇਂ ਕਰਨੀ ਹੁੰਦੀ ਹੈ। ਹੁਣ ਵਾਂਗ ‘ਘਰ ਮੇਂ ਘੁਸ ਕੇ ਮਾਰੇਂਗੇ’ ਵਾਲੇ ਬਿਰਤਾਂਤ ਦੀ ਬਜਾਏ ‘ਘਰ ਮੇਂ ਘੁਸ ਕੇ’ ਮਿੱਠੇ ਮਿੱਠੇ ਲਫ਼ਜ਼ਾਂ ਨਾਲ ਆਪਣੇ ਵਿਰੋਧੀ ਨੂੰ ਇਵੇਂ ਮਾਰਿਆ ਜਾਵੇ ਕਿ ਉਹ ਵੀ ਦਾਦ ਦੇਣੋਂ ਨਾ ਰਹਿ ਸਕੇ।
20 ਫਰਵਰੀ 1999 ਨੂੰ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਵੀਂ ਦਿੱਲੀ ਤੋਂ ਲਾਹੌਰ ਤੱਕ ਬੱਸ ਲੈ ਕੇ ਗਏ ਸਨ। ਵਾਹਗਾ ਸਰਹੱਦ ’ਤੇ ਪੁੱਜਣ ਤੋਂ ਪਹਿਲਾਂ ਹੀ ਦਹਿਸ਼ਤਗਰਦਾਂ ਨੇ ਜੰਮੂ ਡਿਵੀਜ਼ਨ ਵਿੱਚ 26 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਇਨ੍ਹਾਂ ਹੱਤਿਆਵਾਂ ਦੇ ਖੌਫ਼ਨਾਕ ਸਾਏ ਹੇਠ ਹੀ ਉਹ ਪਾਕਿਸਤਾਨ ’ਚ ਦਾਖ਼ਲ ਹੋਏ। ਉਨ੍ਹਾਂ ਦੇ ਸਵਾਗਤੀ ਸਮਾਰੋਹ ਵਿੱਚ ਪਾਕਿਸਤਾਨੀ ਫ਼ੌਜ ਦੀਆਂ ਤਿੰਨੋਂ ਸੈਨਾਵਾਂ ਦੇ ਮੁਖੀ ਹਾਜ਼ਰ ਤਾਂ ਸਨ, ਪਰ ਉਨ੍ਹਾਂ ਨੇ ਵਾਜਪਾਈ ਨੂੰ ਸਲਾਮੀ ਨਾ ਦਿੱਤੀ। ਗੱਲ ਇੱਥੇ ਹੀ ਨਾ ਮੁੱਕੀ, ਵਾਜਪਾਈ ਦੇ ਮਾਣ ’ਚ ਲਾਹੌਰ ਦੇ ਕਿਲੇ ’ਚ ਦਾਅਵਤ ਰੱਖੀ ਗਈ ਸੀ। ਪ੍ਰਧਾਨ ਮੰਤਰੀ ਜਿੱਥੇ ਠਹਿਰੇ ਸੀ, ਉੱਥੇ ਉਨ੍ਹਾਂ ਨੂੰ ਕਿਲੇ ਵੱਲ ਰਵਾਨਾ ਹੋਣ ਲਈ ਕੋਈ ਦੋ ਘੰਟੇ ਉਡੀਕ ਕਰਨੀ ਪਈ। ਪਤਾ ਲੱਗਿਆ ਕਿ ਅਟਲ ਬਿਹਾਰੀ ਵਾਜਪਾਈ ਦੀ ਲਾਹੌਰ ਬੱਸ ਯਾਤਰਾ ਵਿਰੁੱਧ ਰੋਸ ਪ੍ਰਗਟਾਉਣ ਲਈ ਜਮਾਤ-ਏ-ਇਸਲਾਮੀ ਦੇ ਕਾਰਕੁਨਾਂ ਨੇ ਕਿਲੇ ਵੱਲ ਜਾਣ ਵਾਲੀ ਸੜਕ ਨੂੰ ਰੋਕਿਆ ਹੋਇਆ ਸੀ ਤੇ ਪਥਰਾਅ ਵੀ ਕੀਤਾ ਗਿਆ ਸੀ।
ਖ਼ੈਰ, ਇਨ੍ਹਾਂ ਸਾਰੀਆਂ ਘਟਨਾਵਾਂ ਦੇ ਮੱਦੇਨਜ਼ਰ ਅਗਲੇ ਦਿਨ ਹੋਣ ਵਾਲੇ ਸਵਾਗਤੀ ਸਮਾਰੋਹ ’ਚ ਵਾਜਪਾਈ ਵੱਲੋਂ ਦਿੱਤੇ ਗਏ ਭਾਸ਼ਨ ਵਿੱਚ ਕੋਈ ਤਲਖ਼ੀ, ਕੋਈ ਕੌੜਾ ਲਫਜ਼ ਸੁਣਨ ਨੂੰ ਨਹੀਂ ਮਿਲਿਆ। ਉਨ੍ਹਾਂ ਦਾ ਭਾਸ਼ਨ ਕੁਝ ਇਉਂ ਸੀ: ‘‘ਮੁਝੇ ਆਪ ਕੇ ਬੀਚ ਆ ਕਰ ਬਹੁਤ ਖੁਸ਼ੀ ਹੁਈ ਹੈ। ਜਿਸ ਵਕਤ ਮੈਨੇ ਗਾਰਡ ਔਫ ਔਨਰ ਕਾ ਮੁਆਇਨਾ ਕੀਆ ਔਰ ਢਲਤੇ ਹੁਏ ਸੂਰਜ ਕਾ ਨਜ਼ਾਰਾ ਦੇਖਾ, ਉਸ ਵਕਤ ਮੇਰੇ ਦਿਲ ਮੇਂ ਮਿਲੇ ਜੁਲੇ ਜਜ਼ਬਾਤ ਉਠੇ। ਮੁਝੇ ਇਸ ਬਾਤ ਕੀ ਖੁਸ਼ੀ ਥੀ ਕਿ ਮੈਂ 21 ਸਾਲ ਕੇ ਬਾਅਦ (ਇਸ ਤੋਂ ਪਹਿਲਾਂ ਉਨ੍ਹਾਂ ਵਿਦੇਸ਼ ਮੰਤਰੀ ਵਜੋਂ ਫਰਵਰੀ 1978 ’ਚ ਪਾਕਿਸਤਾਨ ਦਾ ਦੌਰਾ ਕੀਤਾ ਸੀ) ਫਿਰ ਸੇ ਅਮਨ ਔਰ ਦੋਸਤੀ ਕਾ ਪੈਗਾਮ ਲੇਕਰ ਆਪ ਕੇ ਬੀਚ ਆ ਰਹਾ ਹੂੰ, ਲੇਕਿਨ ਅਫਸੋਸ ਇਸ ਲੀਏ ਥਾ ਕਿ ਹਮਨੇ ਇਤਨਾ ਵਕਤ ਆਪਸੀ ਰੰਜਿਸ਼ ਔਰ ਕੜਵਾਹਟ ਮੇਂ ਬਿਤਾ ਦੀਆ।’’
ਅੱਜ ਜਦੋਂ ਅਸੀਂ ਪਾਕਿਸਤਾਨ ਦੀ ਭੰਡੀ ਕਰਦਿਆਂ ਉਸ ਨੂੰ ‘ਦਲਾਲ’ ਮੁਲਕ ਕਹਿੰਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਅਸੀਂ ਉਸ ਨੂੰ ਠਿੱਠ ਕਰ ਦਿੱਤਾ ਹੈ ਪਰ ਵਾਜਪਾਈ ਨੇ ਆਪਣੇ ਸਾਰੇ ਤਲਖ਼ ਤਜਰਬਿਆਂ ’ਚੋਂ ਗੁਜ਼ਰਨ ਦੇ ਬਾਵਜੂਦ, ਉਸ ਮੌਕੇ ਜੋ ਕਿਹਾ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸੇ ਨੂੰ ਨੀਵਾਂ ਦਿਖਾਏ ਬਗ਼ੈਰ ਆਪਣਾ ਕੱਦ ਬੁੱਤ ਕਿਵੇਂ ਉੱਚਾ ਕੀਤਾ ਜਾਂਦਾ ਹੈ। ਵਾਜਪਾਈ ਨੇ ਉਸ ਮੌਕੇ ਕਿਹਾ, ‘‘ਭਾਰਤ ਔਰ ਪਾਕਿਸਤਾਨ ਜੈਸੇ ਦੋ ਮਹਾਨ ਦੇਸ਼ੋਂ ਕੇ ਬੀਚ 50 ਸਾਲੋਂ ਤੱਕ ਮਨਮੁਟਾਵ ਚਲਤਾ ਰਹੇ ਯੇਹ ਸ਼ੋਭਾ ਨਹੀਂ ਦੇਤਾ। ਹਮੇਂ ਇਸ ਬਾਤ ਕਾ ਖ਼ਿਆਲ ਰਖਨਾ ਹੋਗਾ ਕਿ ਐਸਾ ਕੋਈ ਸਵਾਲ ਨਹੀਂ ਜਿਸੇ ਸੀਧੀ ਬਾਤਚੀਤ ਕੇ ਜ਼ਰੀਏ ਸੁਲਝਾਇਆ ਨਾ ਜਾ ਸਕੇ। ਮੁਸ਼ਕਿਲ ਔਰ ਬਕਾਇਆ ਮਸਲੋਂ ਕਾ ਹੱਲ ਏਕ ਸਾਫ਼ ਸੁਥਰੇ ਮਾਹੌਲ ਮੇਂ ਔਰ ਏਕ ਸੰਤੁਲਨ, ਨਰਮੀ ਔਰ ਸਚਾਈ ਦਾ ਰਾਸਤਾ ਅਪਨਾ ਕਰ ਹੀ ਕੀਆ ਜਾ ਸਕਤਾ ਹੈ।’’ ਪਾਕਿਸਤਾਨ ਵਿੱਚ ਉੱਥੋਂ ਦੀ ਚੋਟੀ ਦੀ ਸਿਆਸੀ ਲੀਡਰਸ਼ਿਪ ਅਤੇ ਪਤਵੰਤਿਆਂ ਦੀ ਹਾਜ਼ਰੀ ’ਚ ਉਨ੍ਹਾਂ ਦੇ ਮੂੰਹ ’ਤੇ ਦਹਿਸ਼ਤਗਰਦੀ ਨੂੰ ਹਵਾ ਅਤੇ ਪਨਾਹ ਦੇਣ ਵਾਲਿਆਂ ’ਤੇ ਟਿੱਪਣੀ ਕਰਦਿਆਂ ਵਾਜਪਾਈ ਨੇ ਕਿਹਾ, ‘‘ਜੋ ਲੋਗ ਹਿੰਸਾ ਕੀ ਵਕਾਲਤ ਕਰਤੇ ਹੈਂ, ਹਿੰਸਾ ਕਾ ਰਾਸਤਾ ਅਪਨਾਤੇ ਹੈਂ ਔਰ ਹਿੰਸਾ ਕੋ ਬੜਾਵਾ ਦੇਤੇ ਹੈਂ, ਉਨ ਸੇ ਮੁਝੇ ਏਕ ਹੀ ਬਾਤ ਕਹਿਨੀ ਹੈ ਕਿ ਵੋ ਅਮਨ ਔਰ ਸਮਝ ਬੂਝ ਕੇ ਰਾਸਤੇ ਕੀ ਸਚਾਈ ਕੋ ਸਮਝੇਂ। ਹਮ ਅਪਨੇ ਬੱਚੋਂ ਕੇ ਬੱਚੋਂ ਔਰ ਆਨੇ ਵਾਲੀ ਕਈ ਪੀੜ੍ਹੀਓਂ ਕੀ ਭਲਾਈ ਕੇ ਬਾਰੇ ਮੇਂ ਸੋਚੇਂ। ਮੈਂ ਹਿੰਦੁਸਤਾਨ ਸੇ ਏਕ ਹੀ ਸੰਦੇਸ਼ ਲਾਇਆ ਹੂੰ, ਹਮ ਏਕ ਐਸਾ ਰਿਸ਼ਤਾ ਬਨਾ ਕਰ ਜਾਏਂ ਜਿਸ ਸੇ ਬੇਇਤਬਾਰੀ ਦੂਰ ਹੋ, ਵਿਰੋਧ ਔਰ ਆਪਸੀ ਮਤਭੇਦ ਮਿਟੇਂ ਤਥਾ ਪੁਖ਼ਤਾ ਅਮਨ ਚੈਨ ਕਾਇਮ ਹੋ, ਦੋਸਤੀ, ਭਾਈਚਾਰੇ ਕਾ ਮਾਹੌਲ ਬਨੇ। ਮੁਝੇ ਉਮੀਦ ਹੈ ਕਿ ਹਮ ਇਕੱਠੀ ਕੋਸ਼ਿਸ਼ੋਂ ਕੇ ਜ਼ਰੀਏ ਐਸਾ ਕਰਨੇ ਮੇਂ ਕਾਮਯਾਬ ਹੋਂਗੇ।’’
ਉਨ੍ਹਾਂ ਨੇ ਉਸ ਦਿਨ ਦਿੱਤੇ ਭਾਸ਼ਨ ਵਿੱਚ ਕਿਤੇ ਵੀ ਪਾਕਿਸਤਾਨ ਨੂੰ ਛੁਟਿਆਇਆ ਜਾਂ ਛੋਟਾ ਮੁਲਕ ਨਹੀਂ ਦੱਸਿਆ ਸਗੋਂ ਭਾਰਤ ਦੇ ਨਾਲ ਨਾਲ ਉਸ ਨੂੰ ਵੀ ਮਹਾਨ ਮੁਲਕ ਦੱਸਿਆ ਅਤੇ ਆਖਿਆ ਕਿ ਪਾਕਿਸਤਾਨ ਨੂੰ ਕਿਸੇ ਤੋਂ ਮਾਨਤਾ ਲੈਣ ਦੀ ਲੋੜ ਨਹੀਂ ਕਿਉਂਕਿ ਉਸ ਦੀ ਆਪਣੀ ਇੱਕ ਵੱਖਰੀ ਪਛਾਣ ਅਤੇ ਹਸਤੀ ਹੈ। ਆਪਣੇ ਉਸ ਦੌਰੇ ਦੌਰਾਨ ਉਨ੍ਹਾਂ ਮੀਨਾਰ-ਏ-ਪਾਕਿਸਤਾਨ (ਜਿਥੇ ਪਾਕਿਸਤਾਨ ਦਾ ਮਤਾ ਪਾਸ ਕੀਤਾ ਗਿਆ ਸੀ) ਵਿਚਲੀ ਸੈਲਾਨੀ ਪੁਸਤਕਾ ’ਤੇ ਵੀ ਲਿਖਿਆ ਸੀ, ‘‘ਭਾਰਤ ਦੀ ਇੱਕਜੁੱਟਤਾ ਅਤੇ ਖੁਸ਼ਹਾਲੀ ਪਾਕਿਸਤਾਨ ਦੀ ਇੱਕਜੁੱਟਤਾ ਅਤੇ ਖੁਸ਼ਹਾਲੀ ’ਤੇ ਨਿਰਭਰ ਕਰਦੀ ਹੈ।’’ ਪਾਕਿਸਤਾਨ ਵੱਲੋਂ ਦਿੱਤੇ ਗਏ ਧੋਖਿਆਂ ਦੇ ਬਾਵਜੂਦ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਜੋ ਕੁਝ ਉਥੇ ਬੋਲਿਆ ਗਿਆ, ਉਸ ਉੱਤੇ ਅੱਜ ਵੀ ਦੇਸ਼ ਵਾਸੀਆਂ ਨੂੰ ਮਾਣ ਮਹਿਸੂਸ ਹੁੰਦਾ ਹੈ। ਕੋਈ ਵੱਡਾ ਆਗੂ ਇਸੇ ਤਰ੍ਹਾਂ ਦਾ ਹੁੰਦਾ ਹੈ ਜੋ ਇਨਸਾਨੀਅਤ ਦੀ ਗੱਲ ਕਰਦਾ ਹੈ। ਜਦੋਂ ਸੋਸ਼ਲ ਮੀਡੀਆ ’ਤੇ ਤੁਸੀਂ ਉਨ੍ਹਾਂ ਦੇ ਪਾਕਿਸਤਾਨ ਵਿੱਚ ਦਿੱਤੇ ਗਏ ਇਨ੍ਹਾਂ ਭਾਸ਼ਨਾਂ ਦੀਆਂ ਵੀਡੀਓਜ਼ ਦੇਖਦੇ ਹੋ ਤਾਂ ਉਸ ਦੇ ਥੱਲੇ ਪਾਕਿਸਤਾਨ ਵਿਚਲੇ ਉਨ੍ਹਾਂ ਦੇ ਢੇਰਾਂ ਪ੍ਰਸ਼ੰਸਕਾਂ ਦੀਆਂ ਟਿੱਪਣੀਆਂ ਮਿਲਦੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਬਿਹਤਰੀਨ ਸਿਆਸਤਦਾਨ ਅਤੇ ਮਨੁੱਖਤਾ ਦੀ ਕਦਰ ਕਰਨ ਵਾਲਾ ਆਗੂ ਦੱਸਿਆ ਗਿਆ ਹੈ। ਪਾਕਿਸਤਾਨੀਆਂ ਦੀਆਂ ਇਹ ਟਿੱਪਣੀਆਂ ਪੜ੍ਹ ਕੇ ਨਿਸ਼ਚੇ ਹੀ ਇੱਕ ਭਾਰਤੀ ਵਜੋਂ ਤੁਹਾਨੂੰ ਇਹ ਲੱਗਦਾ ਹੈ ਕਿ ਤੁਹਾਡਾ ਲੀਡਰ ਇਹੋ ਜਿਹਾ ਹੀ ਹੋਣਾ ਚਾਹੀਦਾ ਹੈ।
ਭਾਜਪਾ ਦੀ ਨਵੀਂ ਪੀੜ੍ਹੀ ਦੇ ਆਗੂਆਂ ਨੂੰ ਆਪਣੇ ਇਸ ਲੀਡਰ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।
