ਸੁਖਦੇਵ ਸਿੰਘ ਸਿਰਸਾ
ਸਿਰਸਾ ਦੇ ਭਾਦਰਾ ਬਾਜ਼ਾਰ ਵਿਚ ਅਸਲੇ ਦੀ ਮੁਰੰਮਤ ਕਰਨ ਵਾਲਾ ਮਕੈਨਿਕ ਹਰਿਭਜਨ ਸਿੰਘ ਰੈਣੂ ਗੰਭੀਰ ਮੁਦਰਾ ਵਾਲਾ ਅਮਨ-ਪਸੰਦ ਕਵੀ ਸੀ। ਉਹ ਸੁਕਰਾਤ, ਬੁੱਧ, ਚਾਰਵਾਕ, ਸਾਯਣ, ਏਕਲਵਯ, ਮਨਸੂਰ, ਸ਼ਬਿਲੀ, ਨਚੀਕੇਤਾ, ਗੁਰੂ ਨਾਨਕ, ਕਬੀਰ, ਬੁੱਲ੍ਹੇ ਸ਼ਾਹ ਅਤੇ ਸ਼ਹੀਦ ਭਗਤ ਸਿੰਘ ਦੇ ਕਬੀਲੇ ਦਾ ਬੰਦਾ ਸੀ। ਦਿਲਦਾਰ ਤੇ ਮੂੰਹ-ਮੁਲਾਹਜ਼ੇ ਪਾਲਣ ਵਾਲਾ ਰੈਣੂ ਰਚਨਾਕਾਰੀ ਸਮੇਂ ਪੂਰਾ ਬੇਬਾਕ ਤੇ ਬੇਲਿਹਾਜ਼ ਸੀ। ਉਹ ਰਾਜ-ਸੱਤਾ, ਬਾਜ਼ਾਰ ਤੇ ਸੰਸਥਾਈ ਦਮਨ ਦੇ ਇਸ ਹਿੰਸਕ ਤੇ ਛਲੀਏ ਦੌਰ ਵਿਚ ਵੇਦਾਂ ਦੇ ਗਿਆਤਾ ਤੇ ਭਾਸ਼ਾਕਾਰ ਆਚਾਰੀਆ ਸਾਯਣ ਵਾਂਗ ਖ਼ਾਮੋਸ਼ ਨਹੀਂ ਸੀ ਹੋਇਆ। ਉਹ ਸੁਕਰਾਤ, ਚਾਰਵਾਕ, ਨਚੀਕੇਤਾ ਤੇ ਏਕਲਵਯ ਵਾਂਗ ਗੁਸਤਾਖ਼ ਪ੍ਰਸ਼ਨ ਪੁੱਛਦਾ ਸੀ, ਕਬੀਰ ਵਾਂਗ ‘ਮੂੰਹ ਆਈਆਂ’ ਮਾਰਦਾ ਤੇ ‘ਦਿਲ ਆਈਆਂ’ ਲਿਖਦਾ ਸੀ। ਦੁਸ਼ਵਾਰ ਰਾਹਾਂ ਉੱਤੇ ਕਬੀਰ ਵਾਂਗ ਅਡੋਲ ਇਕੱਲਾ ਤੁਰਨ ਵਾਲਾ ਰੈਣੂ ਭੀੜ ਅਤੇ ਸਾਹਿਤ ਦੀ ਸਿਆਸਤ ਤੋਂ ਬੇਨਿਆਜ਼ ਰਿਹਾ। ਉਹ ਤਰਕਵਾਦੀ ਨਾਸਤਿਕ ਸੀ, ਪਰ ਸੂਫ਼ੀ, ਭਗਤੀ ਤੇ ਸਿੱਖ ਲਹਿਰ ਦੇ ਇਤਿਹਾਸਕ ਲੋਕ ਪੱਖੀ ਰੋਲ ਨੂੰ ਸਮਝਣ ਵਾਲਾ ਸੁਚੇਤ ਕਵੀ। ਹਰਿਭਜਨ ਸਿੰਘ ਰੈਣੂ ਸੱਤਾ ਦੇ ਵਿਚਾਰਧਾਰਕ ਪਰਪੰਚ ਅਤੇ ਭਾਰੂ ਸੱਭਿਆਚਾਰਕ ਮੁਹਾਵਰੇ ਦੇ ਫ਼ਰੇਬੀ ਚੱਕਰਵਿਊ ਨੂੰ ਗੁਸੈਲ ਸੁਆਲ ਕਰਨ ਵਾਲਾ ‘ਕਾਫ਼ਰ’ ਕਵੀ ਸੀ। ਉਸ ਨੂੰ ਨਾ ਅੰਗੂਠਾ ਕਟਾ ਕੇ ਰਣਭੂਮੀ ਤੋਂ ਬਾਹਰ ਬਹਿਣਾ ਮਨਜ਼ੂਰ ਸੀ, ਨਾ ਸਾਯਣ ਵਾਂਗ ਮੌਨ ਹੋਣਾ ਅਤੇ ਨਾ ਹੀ ਮਹਾਭਾਰਤ ਦੇ ਪਾਤਰ ‘ਬਰਬਰੀਕ’ ਵਾਂਗ ਇਤਿਹਾਸ ਦਾ ਮੂਕ ਦਰਸ਼ਕ ਬਣਨਾ।
ਹਰਿਭਜਨ ਸਿੰਘ ਰੈਣੂ ਦਾ ਜਨਮ 7 ਮਈ, 1941 ਨੂੰ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਅਰਜਾਦਾ ਵਿਚ ਪਿਤਾ ਸਾਧੂ ਸਿੰਘ ਦੇ ਘਰ ਕਿਰਤੀ ਪਰਿਵਾਰ ’ਚ ਹੋਇਆ। ਬਚਪਨ ਵਿਚ ਮਾਂ ਗੁਜ਼ਰ ਗਈ। ਦਾਦੀ ਦੇ ਦੁੱਧ ’ਤੇ ਪਲਿਆ। ਕਦੇ ਕਦੇ ਮੁਹੱਲੇ ਦੀਆਂ ਸੁਆਣੀਆਂ ਮਾਂ-ਮਹਿੱਟਰ ਵਿਲਕਦੇ ਰੈਣੂ ਨੂੰ ਦੁੱਧ ਚੁੰਘਾ ਕੇ ਵਰਾ ਦਿੰਦੀਆਂ। ਬਾਲ ਉਮਰੇ ਦੇਸ ਵੰਡਿਆ ਗਿਆ। ਜਨਮ-ਦਾਤੀ ਮਾਂ ਤੇ ਮਾਂ-ਭੂਮੀ ਗੁਆ ਕੇ ਰੈਣੂ ਆਪਣੇ ਪਰਿਵਾਰ ਨਾਲ ਸਿਰਸੇ ਆ ਟਿਕਿਆ। ਉਸ ਦਾ ਚਾਚਾ ਪਿਆਰਾ ਸਿੰਘ ਕਵਿਤਾ ਦਾ ਰਸੀਆ ਸੀ। ਗੁਆਂਢੀ ਬਜ਼ੁਰਗ ਜੁਗਲ ਕਿਸ਼ੋਰ ਦੀ ਸੰਗਤ ਵਿਚ ਰੈਣੂ ਨੇ ਰੂਪ ਬਸੰਤ, ਪੂਰਨ ਭਗਤ ਆਦਿ ਦੇ ਕਿੱਸੇ ਤੇ ਤੁਲਸੀ ਦੀ ਰਮਾਇਣ ਪੜ੍ਹੀ। ਘਰ ਦੀ ਮੰਦਹਾਲੀ ਕਰਕੇ ਸਕੂਲੀ ਪੜ੍ਹਾਈ ਅਧਵਾਟੇ ਛੱਡਣੀ ਪਈ ਤੇ ਚਾਚੇ ਨਾਲ ਅਸਲਾ ਮੁਰੰਮਤ ਦੀ ਦੁਕਾਨ ਉੱਤੇ ਬਹਿ ਗਿਆ। ਕਿਸ਼ੋਰ ਉਮਰੇ ਰੈਣੂ ਨੇ ਮੁਹੱਬਤ ਦਾ ਸੁਪਨਾ ਲਿਆ, ਪਰ ਗ਼ਰੀਬੀ ਤੇ ਜਾਤੀ ਵਿਤਕਰਿਆਂ ਵਾਲੇ ਸਮਾਜ ਨੇ ਪਿਆਰ ਦੀ ਪਹਿਲੀ ਤੰਦ ਹੀ ਤੋੜ ਦਿੱਤੀ। ਰੈਣੂ ਆਪਣੇ ਬਚਪਨ ਦੀਆਂ ਦੁਸ਼ਵਾਰੀਆਂ ਤੇ ਉਸ ਵੇਲੇ ਦੇ ਭਾਰਤੀ ਬਸ਼ਰ ਦੀ ਗਹਿਰੀ ਅਵਚੇਤਨੀ ਪੀੜਾ ਨੂੰ – ‘ਜੰਗਲੀ ਮਿਰਗ ਦੇ ਕੌੜ-ਤੁੰਮੇ ਦੀ ਵੇਲ ਦੇ ਸੁਆਦ ਚੱਖਣ’ ਨਾਲ ਤਸ਼ਬੀਹ ਦਿੰਦਾ ਹੈ। ਜੰਮਣਹਾਰੀ, ਜੰਮਣ-ਭੋਇੰ, ਪਹਿਲੀ ਮੁਹੱਬਤ ਤੋਂ ਮਹਿਰੂਮ, ਉਜਾੜੇ ਤੇ ਥੁੜ੍ਹਾਂ ਮਾਰੀ ਜ਼ਿੰਦਗੀ ਦੇ ਤਲਖ਼ ਅਹਿਸਾਸ ਨਾਲ ਵਿੰਨ੍ਹਿਆ ਰੈਣੂ ਕਵਿਤਾ ਦੀ ਸ਼ਰਣ ਵਿਚ ਆ ਗਿਆ। ਜ਼ਿੰਦਗੀ ਤੇ ਕਵਿਤਾ ਉਸ ਲਈ ਸੁਕੋਮਲ ਮਖ਼ਮਲੀ ਵਿਛੌਣਾ ਨਹੀਂ ਸੀ। ਕਾਵਿ ਸਿਰਜਣਾ ਉਸ ਲਈ ਤਲਖ਼ ਬੰਦੇ ਦਾ ਆਤਮ-ਚਿੰਤਨ, ਖ਼ੁਦ-ਫ਼ਰੇਬੀ ਅਤੇ ਸਵੈ ਨਾਲ ਭੇੜ ਸੀ। ਸਾਢੇ ਕੁ ਚਾਰ ਦਹਾਕਿਆਂ ਵਿਚ ਉਸ ਨੇ ਸੱਤ ਕਾਵਿ-ਸੰਗ੍ਰਹਿ ਸ਼ਾਇਆ ਕਰਕੇ ਚਿੰਤਨੀ ਮੁਦਰਾ ਵਾਲੇ ਪ੍ਰਤਬਿੱਧ ਕਵੀ ਵਜੋਂ ਆਪਣੀ ਪੈਂਠ ਬਣਾਈ। ਉਸ ਦੇ ਕਾਵਿ-ਸੰਗ੍ਰਹਿਆਂ ਦੀ ਤਫ਼ਸੀਲ ਹੈ – ‘ਭੁੱਖ’ (1970), ‘ਅਗਨ ਪੰਖੇਰੂ’ (1975), ‘ਮਸਤਕ ਅੰਦਰ ਸੂਰਜ’ (1982), ‘ਐਨਟੀਨੇ ਤੇ ਬੈਠੀ ਸੋਨ ਚਿੜੀ’ (1999), ‘ਸੁਕਰਾਤ ਨੂੰ ਮਿਲਣ ਜਾਣੈ’ (2006), ‘ਭੂਮਿਕਾ ਤੋਂ ਬਗੈਰ’ (2007) ਅਤੇ ‘ਮੇਰੇ ਹਿੱਸੇ ਦੇ ਵਰਕੇ’ (2011)।
ਹਰਿਭਜਨ ਸਿੰਘ ਰੈਣੂ ਵੀ ਕਬੀਰ ਵਾਂਗ ‘ਉਮੀ’ ਸੀ, ਰਸਮੀ ਸਿੱਖਿਆ ਤੇ ਇਮਤਿਹਾਨੀ ਡਿਗਰੀਆਂ ਤੋਂ ਵਾਂਝਾ, ਪਰ ਜ਼ਿੰਦਗੀ ਦੀ ਪਾਠਸ਼ਾਲਾ ਵਿਚ ਗੁੜ੍ਹਿਆ ਗਿਆਨੀ-ਧਿਆਨੀ। ਭਾਰਤੀ ਦਰਸ਼ਨ ਪਰੰਪਰਾ, ਧਰਮ ਸ਼ਾਸਤਰੀ ਚਿੰਤਨ ਅਤੇ ਸਥਾਨਕ ਗਿਆਨ ਪਰੰਪਰਾਵਾਂ ਨੂੰ ਉਸ ਨੇ ਸਹਿਜ ਰੂਪ ਵਿਚ ਆਤਮਸਾਤ ਕੀਤਾ ਹੋਇਆ ਸੀ। ਵੇਦ, ਪੁਰਾਣ, ਉਪਨਿਸ਼ਦ, ਸਿਮਰਤੀਆਂ, ਰਮਾਇਣ ਅਤੇ ਮਹਾਂਭਾਰਤ ਦੇ ਅਨੇਕਾਂ ਪ੍ਰਸੰਗ ਉਸ ਦੇ ਕੰਠ ਸਨ। ਵੈਦਿਕ ਸਾਹਿਤ ਵਾਂਗ ਉਹ ਭਾਰਤੀ ਦਰਸ਼ਨ ਦੀ ਪਦਾਰਥਵਾਦੀ ਚਿੰਤਨ-ਧਾਰਾ (ਬੁੱਧ, ਚਾਰਵਾਕ, ਆਜੀਵਕ, ਸ਼੍ਰਮਕ ਆਦਿ) ਦੇ ਗੂੜ੍ਹ ਰਹੱਸਾਂ/ਰਮਜ਼ਾਂ ਦਾ ਵੀ ਗਿਆਤਾ ਸੀ। ਬੌਧ ਦਰਸ਼ਨ, ਲੋਕਾਇਤਾ, ਆਜੀਵਕਾਂ, ਸ਼੍ਰਮਕਾਂ, ਸਿੱਧ-ਨਾਥਾਂ ਤੇ ਸੂਫ਼ੀ-ਭਗਤੀ ਚਿੰਤਨ ਤੋਂ ਲੈ ਕੇ ਪ੍ਰਗਤੀਵਾਦੀ ਵਿਚਾਰਧਾਰਾ ਤਕ ਉਸ ਦੀ ਰਸਾਈ ਦੇਖ ਕੇ ਹੈਰਾਨੀ ਜ਼ਰੂਰ ਹੁੰਦੀ ਹੈ। ਭਾਰਤੀ ਤੇ ਪੱਛਮੀ ਦਾਰਸ਼ਨਿਕਾਂ, ਚਿੰਤਨ ਪਰੰਪਰਾਵਾਂ, ਪੌਰਾਣਿਕ ਸਾਹਿਤ ਅਤੇ ਰਮਾਇਣ, ਮਹਾਂਭਾਰਤ ਦੀਆਂ ਅਨੇਕਾਂ ਮਿੱਥਾਂ ਦੇ ਹਵਾਲੇ ਉਸ ਦੀ ਕਵਿਤਾ ਵਿਚ ਸਮੋਏ ਹੋਏ ਹਨ। ਬਾਵਾ ਬਲਵੰਤ ਤੋਂ ਬਾਅਦ ਉਹ ਪੰਜਾਬੀ ਦਾ ਦੂਜਾ ਅਹਿਮ ਕਵੀ ਹੈ, ਜੋ ਪੰਜਾਬੀ ਕਵਿਤਾ ਨੂੰ ਭਾਰਤੀ ਅਵਚੇਤਨ ਤਕ ਵਿਸਤਾਰਦਾ ਹੈ। ਨਿਰਸੰਦੇਹ, ਰੈਣੂ ਸੁਚੇਤ ਰਾਜਸੀ ਕਵੀ ਸੀ ਅਤੇ ਉਸ ਦੀ ਆਵਾਮ ਤੇ ਆਪਣੇ ਦੌਰ ਦੇ ਮਸਲਿਆਂ ਨਾਲ ਪ੍ਰਤੀਬੱਧਤਾ ਵੀ ਰਸਮੀ ਭਾਂਤ ਦੀ ਨਹੀਂ ਸੀ। ਪਰ ਉਹ ਆਪਣੇ ਬਹੁਤੇ ਸਮਕਾਲੀਆਂ ਵਾਂਗ ਬੜਬੋਲਾ ਕਵੀ ਨਹੀਂ ਸੀ। ਉਸ ਨੇ ਸਮਕਾਲੀ ਪ੍ਰਗਤੀਵਾਦੀ ਪੰਜਾਬੀ ਕਵਿਤਾ ਦੇ ਖ਼ਮੀਰ ਨੂੰ ਜੇ ਬਦਲਿਆ ਨਹੀਂ, ਤਾਂ ਉਸ ਦੇ ਮਿਜ਼ਾਜ ਨੂੰ ਨਵਾਂ ਰੰਗ ਜ਼ਰੂਰ ਦਿੱਤਾ।
ਵਿਚਾਰਧਾਰਕ ਸਾਫ਼ਗੋਈ, ਅਡੋਲ ਅਕੀਦੇ ਅਤੇ ਹਾਸ਼ੀਏ ਦੇ ਸਮਾਜ ਨਾਲ ਸੱਚੀ ਸਮਬੱਧਤਾ ਕਰਕੇ ਰੈਣੂ ਦੀ ਕਵਿਤਾ ਆਪਣੇ ਦੌਰ ਦੇ ਆਰਥਿਕ, ਰਾਜਸੀ, ਸਮਾਜ-ਸੱਭਿਆਚਾਰਕ ਅਤੇ ਨੈਤਿਕ ਮਸਲਿਆਂ ਨੂੰ ਬੇਬਾਕੀ ਨਾਲ ਮੁਖ਼ਾਤਬਿ ਹੁੰਦੀ ਹੈ। ਵਿਚਾਰਧਾਰਕ ਸੰਵਾਦ ਅਤੇ ਕਲਾਤਮਿਕ ਸੁਹਜ ਪੱਖੋਂ ਉਸ ਦੇ ਆਖ਼ਰੀ ਚਾਰ ਕਾਵਿ-ਸੰਗ੍ਰਹਿ ਪੰਜਾਬੀ ਕਵਿਤਾ ਦਾ ਹਾਸਲ ਹਨ। ‘ਐਨਟੀਨੇ ਤੇ ਬੈਠੀ ਸੋਨ ਚਿੜੀ’ ਦੀ ਕਵਿਤਾ ਨਾਲ ਉਹ ਵਿਸ਼ਵੀਕਰਨ ਦੇ ਵਰਤਾਰੇ ਅਤੇ ਸੂਚਨਾ-ਕ੍ਰਾਂਤੀ ਪਿੱਛੇ ਛੁਪੀ ਨਵ-ਸਾਮਰਾਜਵਾਦੀ ਸਿਆਸਤ ਨੂੰ ਬੇਨਕਾਬ ਕਰਦਾ ਹੈ। ਪੂੰਜੀਵਾਦੀ ਤਰਜ਼ ਦਾ ਤਕਨੀਕੀ ਵਿਕਾਸ ਪੱਛੜੇ ਮੁਲਕਾਂ ਵਿਚ ਉਜਾੜਾ ਕਿਵੇਂ ਪਰੋਸਦਾ ਹੈ? ਰੈਣੂ ਦੀ ਕਵਿਤਾ ‘ਬੁੱਧ ਫਿਰ ਮੁਸਕਰਾਇਆ ਹੈ’ ਪੋਖਰਣ ਪਰਮਾਣੂ ਧਮਾਕੇ ਦੇ ਹਵਾਲੇ ਨਾਲ ਇਸੇ ਬਿਰਤਾਂਤ ਨੂੰ ਰੂਪਮਾਨ ਕਰਦੀ ਹੈ। ‘ਸੁਕਰਾਤ ਨੂੰ ਮਿਲਣ ਜਾਣੈ’ ਕਾਵਿ ਸੰਗ੍ਰਹਿ ਵਿਚ ਉਹ ਵਿਸ਼ਵੀਕਰਨ, ਬਾਜ਼ਾਰਵਾਦ ਤੇ ਉਪਭੋਗੀ ਸੱਭਿਆਚਾਰ ਨੂੰ ਸਵੈ-ਘਾਤੀ ਅਮਲ ਕਹਿੰਦਾ ਹੈ। ਕਾਰਪੋਰੇਟਸ ਦੀ ਆਵਾਰਾ ਪੂੰਜੀ ਦੁਆਰਾ ਸੰਚਾਲਿਤ ਬਾਜ਼ਾਰ ਤੇ ਉਪਭੋਗੀ ਸੱਭਿਆਚਾਰ ਨੇ ਇਨਸਾਨ ਨੂੰ ਸੰਵੇਦਨ-ਵਿਹੂਣੀ ਭੀੜ ਵਿਚ ਬਦਲ ਦਿੱਤਾ ਹੈ। ਨਵ-ਦੌਲਤੀਏ ਦੁਨੀਆਂ ਸਿਰ ਇਕ ਨਵਾਂ ‘ਅਸ਼ਵਮੇਧ’ ਮੜ੍ਹ ਰਹੇ ਨੇ, ਕੌਮਾਂ ਤੇ ਮੁਲਕਾਂ ਨੂੰ ਜਿੱਤਣ ਲਈ ਪੂੰਜੀ ਤੇ ਬਾਜ਼ਾਰ ਦਾ ਛਲੇਡਾ ਕੀ ਕੀ ਰੰਗ ਵਿਖਾਉਂਦਾ ਹੈ – ‘ਅਸ਼ਵਮੇਧ’ (ਭੂਮਿਕਾ ਤੋਂ ਬਗੈਰ) ਕਵਿਤਾ ਇਸੇ ਦਾ ਖ਼ੁਲਾਸਾ ਹੈ। ‘ਮੈਂ ਤੇ ਗਲੋਬ’ (ਆਪਣੇ ਹਿੱਸੇ ਦੇ ਵਰਕੇ) ਨਜ਼ਮ ਵਿਸ਼ਵੀਕਰਨ ਪਿੱਛੇ ਛੁਪੀ ਸੱਤਾ ਸਿਆਸਤ ਤੇ ਆਰਥਿਕ ਨੀਤੀਆਂ ਉੱਪਰ ਸੂਖਮ ਕਟਾਖਸ਼ ਹੈ। ਧਰਤੀ ਅਤੇ ਕੁਦਰਤੀ ਸੰਸਾਧਨਾਂ ਉੱਪਰ ਕਬਜ਼ੇ ਲਈ ਸੱਤਾਧਾਰੀਆਂ ਦੀ ਹਿੰਸਾ ਅਤੇ ਗਲ ਵੱਢਵੇਂ ਮੁਕਾਬਲੇ ਵਾਲੇ ਛਲੀਏ ਬਾਜ਼ਾਰ ਦੇ ਸੰਮੋਹਨ ਬਾਰੇ ਸੁਚੇਤ ਕਵੀ ਰੈਣੂ ਦਾ ਕਾਵਿ-ਪਾਤਰ ਕਦੇ ਏਕਲਵਯ ਵਾਂਗ ਅੰਗੂਠਾ ਦੇਣ ਤੋਂ ਇਨਕਾਰੀ ਹੈ, ਕਦੇ ਨਚਿਕੇਤਾ ਤੇ ਕਬੀਰ ਵਾਂਗ ਤਲਖ਼ ਸੁਆਲ ਕਰਦਾ ਹੈ ਅਤੇ ਕਦੇ ‘ਆਪਣੇ ਹਿੱਸੇ ਦੇ ਵਰਕੇ’ (ਜਲ, ਜੰਗਲ, ਜ਼ਮੀਨ) ਮੰਗਦਾ ਹੈ। ਰੈਣੂ ਜਾਣਦਾ ਸੀ ਕਿ ਲੋਕਾਂ ਨੂੰ ਆਪਣੇ ਹਿੱਸੇ ਦੀ ਜੰਗ ਖ਼ੁਦ ਹੀ ਲੜਨੀ ਪੈਣੀ ਹੈ। ਇਸੇ ਲਈ ਉਹ ਕਹਿੰਦਾ ਸੀ:
ਕਦੋਂ/ਜਾਗੇਂਗਾ/ਜਵਾਲਾਮੁਖੀ? ਚਿਰਾਂ ਤੋਂ ਸ਼ਾਂਤ ਸੁੱਤੇ
ਨਿਰਲੇਪ ਜਵਾਲਾਮੁਖੀ/ਜਾਗ/ਤੂੰ ਜਾਗੇਂ
ਤਾਂ ਨਵੇਂ ਸੋਮੇ ਫੁੱਟਣ
ਭੋਂਅ ਹੋਏ ਜ਼ਰਖ਼ੇਜ਼/ਸਰਦ ਪੌਣਾਂ ਗਰਮਾਣ…
ਸੰਪਰਕ: 98156-36565