ਜਹਾਲਤ ਦੇ ਹਨੇਰੇ ’ਚ ਰੁਲਦੀ ਸਿੱਖਿਆ
ਕਿਸੇ ਵੀ ਸਮਾਜ, ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਬਿਹਤਰੀਨ ਸਿੱਖਿਆ ਪ੍ਰਣਾਲੀ ਦਾ ਹੋਣਾ ਬੁਨਿਆਦੀ ਅਤੇ ਲਾਜ਼ਮੀ ਲੋੜ ਹੈ। ਸਿੱਖਿਆ ਮਨੁੱਖ ਨੂੰ ਬੌਧਿਕ ਤੌਰ ’ਤੇ ਤਰਕਸ਼ੀਲ, ਗਿਆਨਵਾਨ, ਬੁੱਧੀਮਾਨ, ਸੂਝਵਾਨ ਤੇ ਜ਼ਹੀਨ ਇਨਸਾਨ ਬਣਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ...
ਕਿਸੇ ਵੀ ਸਮਾਜ, ਦੇਸ਼ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਬਿਹਤਰੀਨ ਸਿੱਖਿਆ ਪ੍ਰਣਾਲੀ ਦਾ ਹੋਣਾ ਬੁਨਿਆਦੀ ਅਤੇ ਲਾਜ਼ਮੀ ਲੋੜ ਹੈ। ਸਿੱਖਿਆ ਮਨੁੱਖ ਨੂੰ ਬੌਧਿਕ ਤੌਰ ’ਤੇ ਤਰਕਸ਼ੀਲ, ਗਿਆਨਵਾਨ, ਬੁੱਧੀਮਾਨ, ਸੂਝਵਾਨ ਤੇ ਜ਼ਹੀਨ ਇਨਸਾਨ ਬਣਾਉਣ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹੀ ਕਾਰਨ ਹੈ ਕਿ ਹਰ ਚੇਤੰਨ ਸਮਾਜ ਇਹ ਯਕੀਨੀ ਬਣਾਉਂਦਾ ਹੈ ਕਿ ਸਿੱਖਿਆ ਦਾ ਮਿਆਰ ਕਾਇਮ ਰਹੇ ਅਤੇ ਇਸ ’ਤੇ ਕਿਸੇ ਕਿਸਮ ਦੀ ਸੌੜੀ ਫ਼ਿਰਕੂ ਰੰਗਤ ਨਾ ਚੜ੍ਹੇ। ਸਿੱਖਿਆ ਕਿਸੇ ਮਨੁੱਖ ਦੀ ਜ਼ਿੰਦਗੀ ਨੂੰ ਸੰਵਾਰਨ ਅਤੇ ਉਸ ਵਿੱਚ ਤਬਦੀਲੀ ਲਿਆਉਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਲਈ ਸਮਾਜ ਦਾ ਸਿੱਖਿਆ ਦੇ ਮਿਆਰ ਅਤੇ ਸੁਚੱਜੇ ਪ੍ਰਬੰਧ ਬਾਰੇ ਚੌਕਸ ਰਹਿਣਾ ਬਣਦਾ ਹੈ।
ਆਦਰਸ਼ਕ ਸਥਿਤੀ ਤਾਂ ਇਹ ਹੈ ਕਿ ਸਿੱਖਿਆ ਇੱਕ ਆਜ਼ਾਦਾਨਾ ਵਰਤਾਰਾ ਹੋਵੇ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਸੰਸਥਾਗਤ, ਰਾਜਸੀ, ਸਰਕਾਰੀ ਜਾਂ ਧਾਰਮਿਕ ਦਖ਼ਲਅੰਦਾਜ਼ੀ ਹਰਗਿਜ਼ ਨਾ ਹੋਵੇ। ਦੁਖਾਂਤ ਇਹ ਹੈ ਕਿ ਮੌਜੂਦਾ ਹਾਲਾਤ ਇਸ ਬੁਨਿਆਦੀ ਸਿਧਾਂਤ ਤੋਂ ਦੂਰ ਜਾਂਦੇ ਦਿਸਦੇ ਹਨ। ਕੀ ਕਦੇ ਕਿਸੇ ਹਿੰਦੂ ਸੰਸਥਾ ਵੱਲੋਂ ਚਲਾਏ ਜਾਂਦੇ ਕਿਸੇ ਕਾਲਜ ਵਿੱਚ ਮੁਸਲਮਾਨ, ਸਿੱਖ, ਇਸਾਈ ਜਾਂ ਹੋਰ ਧਰਮਾਂ ਨਾਲ ਸਬੰਧਿਤ ਵਿਦਿਆਰਥੀਆਂ ਨੇ ਸਿੱਖਿਆ ਪ੍ਰਾਪਤ ਨਹੀਂ ਕੀਤੀ? ਜਵਾਬ ਹੈ, ‘ਬਿਲਕੁਲ ਕੀਤੀ ਹੈ।’ ਇਉਂ ਹੀ ਹੋਰ ਧਰਮਾਂ ਨਾਲ ਜੁੜੀਆਂ ਸਿੱਖਿਆ ਸੰਸਥਾਵਾਂ ਬਾਰੇ ਵੀ ਇਹੋ ਸੱਚ ਹੈ। ਸਾਡੀ ਪੀੜ੍ਹੀ ਦਾ ਤਜਰਬਾ ਰਿਹਾ ਹੈ ਕਿ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਦਿਆਂ ਆਪਣੇ ਸਹਿਪਾਠੀਆਂ ਦੇ ਧਰਮਾਂ ਵੱਲ ਕਦੇ ਕਿਸੇ ਦਾ ਧਿਆਨ ਨਹੀਂ ਗਿਆ, ਪਰ ਪਿਛਲੇ ਕੁਝ ਸਮੇਂ ਤੋਂ ਧਰਮ ਅਤੇ ਸਿਆਸਤ ਇਸ ਕਦਰ ਰਲਗੱਡ ਹੋ ਗਏ ਹਨ ਕਿ ਇਹ ਮਿਲ ਕੇ ਵਿਦਿਅਕ ਸੰਸਥਾਵਾਂ ਦੇ ਬੌਧਿਕ ਮਾਹੌਲ ਵਿੱਚ ਵੀ ਜ਼ਹਿਰ ਘੋਲਣ ਲੱਗ ਪਏ ਹਨ ਅਤੇ ਸ੍ਰੀ ਮਾਤਾ ਵੈਸ਼ਨੋ ਦੇਵੀ ਟਰੱਸਟ ਵੱਲੋਂ ਚਲਾਏ ਜਾ ਰਹੇ ਮੈਡੀਕਲ ਕਾਲਜ ’ਚ ਦਾਖ਼ਲਿਆਂ ਉਪਰੰਤ ਪੈਦਾ ਹੋਏ ਵਿਵਾਦ ਅਤੇ ਯੋਜਨਾਬੱਧ ਅੰਦੋਲਨ ਮਗਰੋਂ ਇਸ ਮੈਡੀਕਲ ਕਾਲਜ ਦੀ ਮਾਨਤਾ ਰੱਦ ਹੋਣਾ ਇਸ ਦੀ ਤਾਜ਼ਾ ਉਦਾਹਰਣ ਹੈ।
ਅਸਲ ਵਿੱਚ ਕਿਸੇ ਵਿਦਿਅਕ ਸੰਸਥਾ ਵਿੱਚ ਦਾਖ਼ਲਿਆਂ ਦੇ ਖ਼ਾਸ ਮਾਪਦੰਡ ਹੁੰਦੇ ਹਨ ਅਤੇ ਸਬੰਧਿਤ ਸੰਸਥਾਵਾਂ ਇਨ੍ਹਾਂ ਮਾਪਦੰਡਾਂ ਅਨੁਸਾਰ ਹੀ ਯੋਗ ਵਿਦਿਆਰਥੀਆਂ ਨੂੰ ਮੈਰਿਟ ਦੇ ਆਧਾਰ ’ਤੇ ਦਾਖ਼ਲਾ ਦਿੰਦੀਆਂ ਹਨ, ਜਿਸ ਨਾਲ ਇਨ੍ਹਾਂ ਦੇ ਵੱਕਾਰ ਵਿੱਚ ਵਾਧਾ ਹੁੰਦਾ ਹੈ। ਦਾਖ਼ਲਿਆਂ ਨਾਲ ਸਬੰਧਿਤ ਪ੍ਰਕਿਰਿਆ ਵੇਲੇ ਇਹ ਨਹੀਂ ਦੇਖਿਆ ਜਾਂਦਾ ਕਿ ਵਿਦਿਆਰਥੀ ਕਿਸ ਧਰਮ ਨਾਲ ਸਬੰਧਿਤ ਹੈ, ਹਾਲਾਂਕਿ ਜਾਤੀ ਤੇ ਵਰਗ ਆਧਾਰਿਤ ਰਾਖਵਾਂਕਰਨ ਜ਼ਰੂਰ ਹੁੰਦਾ ਹੈ, ਉਹ ਵੀ ਸੰਵਿਧਾਨ ਦੇ ਮੁਤਾਬਿਕ। ਦਰਅਸਲ, ਸਮਾਜ ਦੇ ਦੱਬੇ-ਕੁਚਲੇ ਤੇ ਕਮਜ਼ੋਰ ਵਰਗਾਂ ਨੂੰ ਮੁੱਖ ਧਾਰਾ ਵਿੱਚ ਬਰਾਬਰੀ ਦੇ ਮੌਕੇ ਪ੍ਰਦਾਨ ਕਰਨ ਲਈ ਸੰਵਿਧਾਨ ਵਿੱਚ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਸੀ।
ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਸ੍ਰੀ ਮਾਤਾ ਵੈਸ਼ਨੋ ਦੇਵੀ ਮੈਡੀਕਲ ਕਾਲਜ ਦੀ ਐੱਮ ਬੀ ਬੀ ਐੱਸ ਦੀ ਮਾਨਤਾ ਰੱਦ ਹੋ ਗਈ ਅਤੇ ਮੈਡੀਕਲ ਕਾਲਜ ਦੀ ਬੈਂਕ ਗਾਰੰਟੀ ਵੀ ਜ਼ਬਤ ਹੋ ਗਈ। ਇਹ ਹੈਰਾਨੀ ਦੀ ਗੱਲ ਹੈ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਦੀ ਟੀਮ ਨੇ ਅਚਾਨਕ ਇਸ ਮੈਡੀਕਲ ਕਾਲਜ ਦੀ ਇੰਸਪੈਕਸ਼ਨ ਕਰਕੇ ਇਸ ਦੇ ਤੈਅ ਮਾਪਦੰਡਾਂ ’ਤੇ ਖ਼ਰਾ ਨਾ ਉਤਰਨ ਬਾਰੇ ਆਪਣੀ ਰਿਪੋਰਟ ਦਿੱਤੀ ਸੀ, ਜਿਸ ਮਗਰੋਂ ਇਸ ਦੀ ਮਾਨਤਾ ਰੱਦ ਕਰ ਦਿੱਤੀ ਗਈ। ਇਸ ਕਾਲਜ ਨੂੰ ਪਹਿਲੇ 2025-26 ਦੇ ਬੈਚ ਲਈ 50 ਸੀਟਾਂ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਵਿਵਾਦ ਦੀ ਸ਼ੁਰੂਆਤ ਇੱਥੋਂ ਹੋਈ ਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਮੈਡੀਕਲ ਕਾਲਜ ਦੀਆਂ 50 ਸੀਟਾਂ ’ਤੇ ਦਾਖ਼ਲਾ ਲੈਣ ਵਾਲਿਆਂ ਵਿੱਚੋਂ 42 ਵਿਦਿਆਰਥੀ ਮੁਸਲਮਾਨ ਸਨ, 7 ਹਿੰਦੂ ਤੇ ਇੱਕ ਸਿੱਖ। ਕੁਝ ਹਿੰਦੂ ਸੰਗਠਨਾਂ ਨੇ ਸ੍ਰੀ ਮਾਤਾ ਵੈਸ਼ਨੋ ਦੇਵੀ ਦੇ ਨਾਂ ’ਤੇ ਖੁੱਲ੍ਹੇ ਇਸ ਮੈਡੀਕਲ ਕਾਲਜ ’ਚ ਏਨੀ ਗਿਣਤੀ ਵਿੱਚ ਮੁਸਲਮਾਨ ਵਿਦਿਆਰਥੀਆਂ ਦੇ ਦਾਖ਼ਲੇ ਦਾ ਵਿਰੋਧ ਕਰਦਿਆਂ ਸੀਟਾਂ ਦੀ ਵੰਡ ’ਚ ਭੇਦ-ਭਾਵ ਹੋਣ ਦਾ ਦੋਸ਼ ਲਾਉਂਦਿਆਂ ਇਹ ਦਾਖ਼ਲਾ ਸੂਚੀ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦੀ ਦਲੀਲ ਬੜੀ ਸਿੱਧੀ ਤੇ ਸਪੱਸ਼ਟ ਸੀ ਕਿ ਜਦੋਂ ਕਾਲਜ ਸ੍ਰੀ ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਦੇ ਚੜ੍ਹਾਵੇ ਨਾਲ ਚੱਲਦਾ ਹੈ ਤਾਂ ਇਸ ਵਿੱਚ ਹਿੰਦੂ ਵਿਦਿਆਰਥੀਆਂ ਨੂੰ ਹੀ ਤਰਜੀਹ ਮਿਲਣੀ ਚਾਹੀਦੀ ਹੈ ਜਾਂ ਫਿਰ ਇਸ ਕਾਲਜ ਨੂੰ ਬੰਦ ਕਰ ਦਿੱਤਾ ਜਾਣਾ ਹੈ। ਸ੍ਰੀ ਮਾਤਾ ਵੈਸ਼ਨੋ ਦੇਵੀ ਸੰਘਰਸ਼ ਸਮਿਤੀ ਦੇ ਇਸ ਦਾਅਵੇ ਦੇ ਜਵਾਬ ਵਿੱਚ ਜੰਮੂ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ ਦੇ ਨੈਸ਼ਨਲ ਕਨਵੀਨਰ ਨਾਸਿਰ ਖੁਆਮੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਸ ਸੰਸਥਾ ਨੂੰ 2017-18 ਵਿੱਚ ਦਸ ਲੱਖ; 2018-19 ਵਿੱਚ 50 ਲੱਖ; 2019-20 ਵਿੱਚ ਪੰਜ ਕਰੋੜ; 2020-21 ਵਿੱਚ 19.70 ਕਰੋੜ; 2024-25 ਵਿੱਚ 28 ਕਰੋੜ ਰੁਪਏ ਦਿੱਤੇ ਗਏ ਅਤੇ ਕੁੱਲ ਮਿਲਾ ਕੇ 121 ਕਰੋੜ ਰੁਪਏ ਦਾ ਸਰਕਾਰੀ ਫੰਡ ਸੰਸਥਾ ਨੂੰ ਹਾਸਲ ਹੋਇਆ।
ਖ਼ੈਰ, ਮੈਡੀਕਲ ਕਾਲਜ ਦੀ ਮਾਨਤਾ ਰੱਦ ਕਰਵਾਉਣ ਲਈ ‘ਸ੍ਰੀ ਮਾਤਾ ਵੈਸ਼ਨੋ ਦੇਵੀ ਸੰਘਰਸ਼ ਸਮਿਤੀ’ ਨੇ ਬਾਕਾਇਦਾ ਵਿਰੋਧ ਪ੍ਰਦਰਸ਼ਨ ਅਤੇ ਸੰਘਰਸ਼ ਦਾ ਰਾਹ ਅਖ਼ਤਿਆਰ ਕੀਤਾ ਤਾਂ ਜੋ ਦਾਖ਼ਲੇ ਰੱਦ ਕਰਵਾਏ ਜਾ ਸਕਣ। ਹਾਲਾਂਕਿ, ਇਸ ਕਾਲਜ ਵਿੱਚ ਵਿਦਿਆਰਥੀਆਂ ਨੂੰ ਬਾਕਾਇਦਾ ਕੇਂਦਰੀ ਪੱਧਰ ’ਤੇ ਹੋਈ ਦਾਖ਼ਲਾ ਪ੍ਰੀਖਿਆ ‘ਨੀਟ’ ਦੀ ਮੈਰਿਟ ਸੂਚੀ ਦੇ ਆਧਾਰ ’ਤੇ ਸੀਟਾਂ ਮਿਲੀਆਂ ਸਨ। ਕੀ ਕੇਂਦਰੀ ਪੱਧਰ ’ਤੇ ਹੋਈ ਇਸ ਪ੍ਰੀਖਿਆ ਦੀ ਮੈਰਿਟ ਸੂਚੀ ਸਹੀ ਨਹੀਂ ਸੀ? ਨੈਸ਼ਨਲ ਮੈਡੀਕਲ ਕਮਿਸ਼ਨ ਦਾ ਖ਼ੁਦ ਮੰਨਣਾ ਹੈ ਕਿ ਦਾਖ਼ਲੇ ਮੈਰਿਟ ’ਤੇ ਹੋਏ ਅਤੇ ਇਸ ਵਿੱਚ ਕਿਸੇ ਕਿਸਮ ਦੀ ਕੋਈ ਬੇਨੇਮੀ ਨਹੀਂ ਹੋਈ।
ਕੀ ਕਾਲਜ ਨੂੰ ਮਾਨਤਾ ਦੇਣ ਵਾਲੀ ਸੰਸਥਾ ਨੈਸ਼ਨਲ ਮੈਡੀਕਲ ਕੌਂਸਲ ਦੀ ਜਵਾਬਦੇਹੀ ਨਹੀਂ ਬਣਦੀ ਕਿ ਉਸ ਨੇ ਚਾਰ ਮਹੀਨੇ ਪਹਿਲਾਂ ਕਿਹੜੇ ਮਾਪਦੰਡਾਂ ਦੇ ਆਧਾਰ ’ਤੇ ਇਸ ਕਾਲਜ ਨੂੰ ਮਾਨਤਾ ਦਿੱਤੀ ਸੀ ਅਤੇ ਹੁਣ ਦਾਖ਼ਲਿਆਂ ਤੋਂ ਬਾਅਦ ਅਚਾਨਕ ਅਜਿਹਾ ਕੀ ਵਾਪਰਿਆ ਕਿ ਮੈਡੀਕਲ ਕਾਲਜ ਦੀ ਮਾਨਤਾ ਹੀ ਰੱਦ ਕਰ ਦਿੱਤੀ? ਜਦੋਂ ਨੈਸ਼ਨਲ ਮੈਡੀਕਲ ਕਮਿਸ਼ਨ ਨੂੰ ਹੁਣ ਇਹ ਸਵਾਲ ਪੁੱਛੇ ਜਾ ਰਹੇ ਹਨ ਕਿ ਕੀ ਉਨ੍ਹਾਂ ਹਿੰਦੂ ਜਥੇਬੰਦੀਆਂ ਦੇ ਦਬਾਅ ਹੇਠ ਆ ਕੇ ਅਜਿਹਾ ਕੀਤਾ ਹੈ ਤਾਂ ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਅਜਿਹਾ ਹਰਗਿਜ਼ ਨਹੀਂ, ਇਹ ਫ਼ੈਸਲਾ ਤਾਂ ਮਾਪਦੰਡਾਂ ’ਤੇ ਪੂਰੇ ਨਾ ਉਤਰਨ ਕਾਰਨ ਲਿਆ ਗਿਆ ਹੈ। ਫਿਰ ਕਮਿਸ਼ਨ ਵੱਲੋਂ ਤਫ਼ਸੀਲ ਨਾਲ ਉਸ ਇੰਸਪੈਕਸ਼ਨ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਜੋ ਇਸ ਫ਼ੈਸਲੇ ਦਾ ਸਬੱਬ ਬਣੀ। ਇਸ ਰਿਪੋਰਟ ’ਚ ਢੇਰਾਂ ਖ਼ਾਮੀਆਂ ਦਾ ਜ਼ਿਕਰ ਹੈ ਜਿਵੇਂ ਕਾਲਜ ਵਿੱਚ ਅਧਿਆਪਕਾਂ ਦੀ ਗਿਣਤੀ 39 ਫ਼ੀਸਦੀ ਘੱਟ ਹੈ; ਟਿਊਟਰ ਡਿਮੌਂਸਟਰੇਟਰ, ਸੀਨੀਅਰ ਡਾਕਟਰਾਂ ਦੀ ਗਿਣਤੀ ਤੈਅ ਮਾਪਦੰਡ ਤੋਂ 65 ਫ਼ੀਸਦੀ ਘੱਟ ਹੈ; ਮਰੀਜ਼ਾਂ ਦੀ ਨਿਰਧਾਰਿਤ ਗਿਣਤੀ ਜੋ ਇੱਕ ਦਿਨ ’ਚ ਦੁਪਹਿਰ 1 ਵਜੇ ਤੱਕ ਘੱਟੋ ਘੱਟ 400 ਹੋਣੀ ਚਾਹੀਦੀ ਸੀ, ਉਹ ਸਿਰਫ਼ 182 ਸੀ (ਅਚਾਨਕ ਇੰਸਪੈਕਸ਼ਨ ਵਾਲੇ ਦਿਨ); ਔਰਤਾਂ ਅਤੇ ਮਰਦਾਂ ਲਈ ਅਲੱਗ ਅਲੱਗ ਵਾਰਡ ਵੀ ਨਹੀਂ ਸਨ; ਮਰੀਜ਼ਾਂ ਦੇ ਬੈੱਡ ਸਿਰਫ਼ 45 ਫ਼ੀਸਦੀ ਭਰੇ ਹੋਏ ਸਨ ਜਦੋਂਕਿ ਘੱਟੋ ਘੱਟ 80 ਫ਼ੀਸਦੀ ਭਰੇ ਹੋਏ ਹੋਣੇ ਚਾਹੀਦੇ ਸਨ; ਕਈ ਵਿਭਾਗਾਂ ’ਚ ਰਿਸਰਚ ਲੈਬ ਵੀ ਨਹੀਂ ਸੀ; ਲੈਕਚਰ ਥੀਏਟਰ ਵੀ ਤੈਅ ਮਾਪਦੰਡਾਂ ਅਨੁਸਾਰ ਨਹੀਂ ਸਨ; ਲਾਇਬ੍ਰੇਰੀ ’ਚ ਵੀ ਸਿਰਫ਼ 744 ਪੁਸਤਕਾਂ ਸਨ ਜਦੋਂਕਿ ਘੱਟੋ ਘੱਟ 1500 ਪੁਸਤਕਾਂ ਹੋਣੀਆਂ ਚਾਹੀਦੀਆਂ ਸਨ; ਇੱਥੇ ਸਿਰਫ਼ ਦੋ ਅਪਰੇਸ਼ਨ ਥੀਏਟਰ ਕੰਮ ਕਰ ਰਹੇ ਹਨ ਜਦੋਂਕਿ 5 ਅਪਰੇਸ਼ਨ ਥੀਏਟਰ ਕੰਮ ਕਰਦੇ ਹੋਣੇ ਚਾਹੀਦੇ ਹਨ। ਕਮਿਸ਼ਨ ਅਨੁਸਾਰ ਏਨੀਆਂ ਘੋਰ ਉਲੰਘਣਾਵਾਂ ਤੇ ਖ਼ਾਮੀਆਂ ਕਾਰਨ ਮੈਡੀਕਲ ਕਾਲਜ ਦੀ ਮਾਨਤਾ ਰੱਦ ਕੀਤੀ ਗਈ ਹੈ। ਖ਼ੈਰ, ਠੀਕ ਹੈ ਏਨੀਆਂ ਵਿਆਪਕ ਉਲੰਘਣਾਵਾਂ ਤੇ ਖ਼ਾਮੀਆਂ ਕਾਰਨ ਇਸ ਕਾਲਜ ਦੀ ਮਾਨਤਾ ਰੱਦ ਹੋਣੀ ਹੀ ਚਾਹੀਦੀ ਸੀ, ਪਰ ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ ਕਿ ਏਨੀਆਂ ਖ਼ਾਮੀਆਂ ਅਤੇ ਮਾਪਦੰਡਾਂ ’ਤੇ ਖ਼ਰੇ ਨਾ ਉਤਰਨ ਵਾਲੇ ਮੈਡੀਕਲ ਕਾਲਜ ਨੂੰ ਮਹਿਜ਼ ਚਾਰ ਮਹੀਨੇ ਪਹਿਲਾਂ ਮਾਨਤਾ ਕਿਸ ਆਧਾਰ ’ਤੇ ਦਿੱਤੀ ਗਈ ਸੀ? ਨਾਲ ਹੀ ਇਹ ਸਵਾਲ ਵੀ ਉੱਠਦਾ ਹੈ ਕਿ ਕੀ ਤੈਅ ਨਿਯਮਾਂ ਅਨੁਸਾਰ ਮੈਡੀਕਲ ਕਾਲਜ ਨੂੰ ਉਪਰੋਕਤ ਖ਼ਾਮੀਆਂ ਦੂਰ ਕਰਨ ਲਈ ਕੋਈ ਸਮਾਂ ਦਿੱਤਾ ਗਿਆ ਜਾਂ ਫਿਰ ਇਸ ਰਿਪੋਰਟ ਮਗਰੋਂ ਤੱਟ-ਫੱਟ ਹੀ ਮਾਨਤਾ ਰੱਦ ਕਰਨ ਦਾ ਫ਼ੈਸਲਾ ਲੈ ਲਿਆ ਗਿਆ? ਇਸ ਸਾਰੇ ਵਿਵਾਦ ਦੀ ਘੁੰਮਣਘੇਰੀ ਵਿੱਚ ਇਨ੍ਹਾਂ ਸਵਾਲਾਂ ਦੇ ਜਵਾਬਾਂ ਦਾ ਵੇਰਵਾ ਗਾਇਬ ਹੈ।
ਕੋਈ ਸੰਸਥਾ ਖੁੱਲ੍ਹਵਾਉਣ ਲਈ ਸੰਘਰਸ਼ ਹੁੰਦੇ ਤਾਂ ਵੇਖੇ ਗਏ ਸਨ ਪਰ ਇਹ ਪਹਿਲੀ ਵਾਰ ਦੇਖਣ
ਵਿੱਚ ਆਇਆ ਹੈ ਕਿ ਕਿਸੇ ਸੰਸਥਾ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕੀਤਾ ਗਿਆ। ਸਿੱਖਿਆ ਜਹਾਲਤ
ਦਾ ਹਨੇਰਾ ਦੂਰ ਕਰ ਕੇ ਜ਼ਿੰਦਗੀਆਂ ਨੂੰ ਗਿਆਨ
ਨਾਲ ਰੌਸ਼ਨ ਕਰਦੀ ਹੈ। ਜਦੋਂ ਕੋਈ ਸਿੱਖਿਆ ਸੰਸਥਾ ਬੰਦ ਹੁੰਦੀ ਹੈ ਤਾਂ ਲਾਜ਼ਮੀ ਹੈ ਕਿ ਕਿਸੇ ਵੀ ਸੰਵੇਦਨਸ਼ੀਲ ਮਨੁੱਖ ਨੂੰ ਦੁੱਖ ਹੁੰਦਾ ਹੈ ਪਰ ਉਦੋਂ ਤੁਹਾਨੂੰ ਹੋਰ ਵੀ ਡੂੰਘੀ ਉਦਾਸੀ ਘੇਰ ਲੈਂਦੀ ਹੈ ਜਦੋਂ ਇਸ ਤਰ੍ਹਾਂ ਦੀ ਪੇਸ਼ੇਵਰ ਸਿੱਖਿਆ ਦੇਣ ਵਾਲੀ ਸੰਸਥਾ ਦੀ ਮਾਨਤਾ ਰੱਦ ਹੋਣ ’ਤੇ ਢੋਲ ਵਜਾ ਕੇ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਹੋਣ, ਭੰਗੜੇ ਪਾਏ ਜਾ ਰਹੇ ਹੋਣ ਅਤੇ ਮਠਿਆਈਆਂ ਵੰਡ ਕੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ
ਹੋਣ। ਇਹੋ ਜਿਹੇ ਜਸ਼ਨ ਤਾਂ ਪਹਿਲਾਂ ਸਿੱਖਿਆ ਅਦਾਰੇ ਦੇ ਖੁੱਲ੍ਹਣ ’ਤੇ ਮਨਾਏ ਜਾਂਦੇ ਸਨ ਪਰ ਇਸ ਨਵੇਂ
ਦੌਰ ਵਿੱਚ ਅਸੀਂ ਇਹ ਨਵੇਂ ਹੀ ਰੰਗ ਦੇਖ ਹਾਂ।
ਅਜਿਹੇ ਜਸ਼ਨਾਂ ਦੀਆਂ ਤਸਵੀਰਾਂ ਵਾਕਈ ਬਹੁਤ ਪ੍ਰੇਸ਼ਾਨ ਕਰਨ ਵਾਲੀਆਂ ਹਨ।
ਗੱਲ ਇੱਥੇ ਹੀ ਨਹੀਂ ਮੁੱਕਦੀ। ਹੁਣ ਆਖਿਆ ਜਾ ਰਿਹਾ ਹੈ ਕਿ ਮੈਡੀਕਲ ਕਾਲਜ ਦੀ ਥਾਂ ਉੱਥੇ ਗੁਰੂਕੁਲ ਖੋਲ੍ਹਿਆ ਜਾਵੇ ਤਾਂ ਜੋ ਬੱਚੇ ਸਨਾਤਨ ਧਰਮ ਦੀ ਸਿੱਖਿਆ ਹਾਸਲ ਕਰ ਸਕਣ। ਸਨਾਤਨ ਧਰਮ ਦੀ ਬੁਨਿਆਦੀ ਸਿੱਖਿਆ ਹੈ, ‘ਵਸੂਧੈਵ ਕਟੁੰਬਕਮ’ (ਸਮੁੱਚਾ ਵਿਸ਼ਵ ਇੱਕ ਪਰਿਵਾਰ ਹੈ)। ਅਸੀਂ ਸਨਾਤਨ ਦੀ ਇਸੇ ਬੁਨਿਆਦੀ ਸਿੱਖਿਆ ਬਾਰੇ ਕੁੱਲ ਜਹਾਨ ਨੂੰ ਦੱਸਦੇ ਹਾਂ ਕਿ ਕਿਸੇ ਨਾਲ ਵੀ ਵਿਤਕਰਾ ਕਰਨਾ ਸਾਡੇ ਸੁਭਾਅ ’ਚ ਸ਼ਾਮਲ ਨਹੀਂ ਕਿਉਂਕਿ ਆਪਣੇ ਅਕੀਦੇ ਅਨੁਸਾਰ ਅਸੀਂ ਸਭ ਨੂੰ ਆਪਣੇ ਭੈਣ-ਭਰਾ ਤੇ ਪਰਿਵਾਰ ਦੇ ਜੀਅ ਮੰਨਦੇ ਹਾਂ ਪਰ ਹਕੀਕੀ ਰੂਪ ’ਚ ਅਸੀਂ ਆਪਣੇ ਬੱਚਿਆਂ ਵਿੱਚ ਹਿੰਦੂ, ਮੁਸਲਮਾਨ, ਸਿੱਖ, ਇਸਾਈ ਆਦਿ ਦੀਆਂ ਵੰਡੀਆਂ ਪਾ ਰਹੇ ਹਾਂ ਅਤੇ ਸਨਾਤਨ ਦੀ ਬੁਨਿਆਦੀ ਸਿੱਖਿਆ ਤੋਂ ਦੂਰ ਜਾ ਰਹੇ ਹਾਂ।
ਕੀ ਅਸੀਂ ਇੱਕ ਵਿੱਦਿਅਕ ਅਦਾਰੇ ਦੇ ਬੰਦ ਹੋਣ ’ਤੇ ਆਪਣੀ ਭਵਿੱਖ ਦੀ ਪੀੜ੍ਹੀ ਨੂੰ ਜਹਾਲਤ ਦੇ ਹਨੇਰੇ ’ਚ ਧੱਕਣ ਦੇ ਜਸ਼ਨ ਮਨਾ ਰਹੇ ਹਾਂ? ਜਦੋਂ ਕੋਈ ਸਮਾਜ ਅਜਿਹੇ ਰਾਹ ਤੁਰ ਪਵੇ ਤਾਂ ਉਸ ਦੇ ਭਵਿੱਖ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੁੰਦਾ।

