ਖ਼ਿਆਲ-ਦਰ-ਖ਼ਿਆਲ

ਮਹਾਨਤਾ ਦੇ ਸੁਪਨੇ

ਮਹਾਨਤਾ ਦੇ ਸੁਪਨੇ

ਸਵਰਾਜਬੀਰ

  • ਮੁਜੱਫ਼ਰਾਬਾਦ (ਬਿਹਾਰ) ਰੇਲਵੇ ਸਟੇਸ਼ਨ : ਗੁਜਰਾਤ ਤੋਂ ਰੇਲਗੱਡੀ ’ਤੇ ਚੜ੍ਹੀ ਮਾਂ ਆਪਣੇ ਬੱਚੇ ਨਾਲ ਰੇਲਗੱਡੀ ਤੋਂ ਉੱਤਰੀ ਹੈ। ਪਤਾ ਨਹੀਂ ਉਹ ਕਿੰਨਾ ਥੱਕ ਗਈ ਹੈ। ਉਹ ਪਲੇਟਫਾਰਮ ’ਤੇ ਲੰਮੀ ਪੈ ਗਈ ਹੈ। ਉਹ ਸੌਂ ਗਈ ਹੈ।
  • 2-3 ਸਾਲ ਦਾ ਬੱਚਾ ਉਹਦੇ ਸਰੀਰ ’ਤੇ ਪਿਆ ਕੱਪੜਾ ਖਿੱਚਦਾ ਹੈ। ਉਹ ਮਾਂ ਨੂੰ ਜਗਾਉਣਾ ਚਾਹੁੰਦਾ ਹੈ। ਮਾਂ ਜਾਗਦੀ ਨਹੀਂ। ਮਾਂ ਮਰ ਚੁੱਕੀ ਹੈ। ਬੱਚੇ ਨੂੰ ਪਤਾ ਨਹੀਂ ਲੱਗਦਾ। ਉਹ ਵਾਰ ਵਾਰ ਚਾਦਰ ਖਿੱਚਦਾ ਹੈ। ਮਾਂ ਮੋਹ ਤੇ ਦੁੱਖ ਤੋਂ ਮੁਕਤ ਹੋ ਗਈ ਹੈ।
  • ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੀ 12 ਸਾਲਾਂ ਦੀ ਧੀ ਧਿਆਣੀ ਤਿਲੰਗਾਨਾ ਦੇ ਇਕ ਪਿੰਡ ਤੋਂ 15 ਅਪਰੈਲ ਨੂੰ ਤੁਰੀ। ਉਹ ਆਪਣੇ ਪਰਿਵਾਰ ਨਾਲ ਉੱਥੇ ਮਿਰਚਾਂ ਦੇ ਖੇਤਾਂ ’ਚ ਕੰਮ ਕਰਦੀ ਸੀ। ਉਹ ਤਿੰਨ ਦਿਨ ਪੈਦਲ ਤੁਰਨ ਬਾਅਦ ਘਰ ਪਹੁੰਚਣ ਵਾਲੀ ਸੀ। ਘਰ ਸਿਰਫ਼ 14 ਕਿਲੋਮੀਟਰ ਦੂਰ ਰਹਿ ਗਿਆ ਸੀ। ਉਹ ਮਰ ਗਈ। ਉਹਦੇ ਪਿਉ ਨੇ ਦੱਸਿਆ, ਉਸ ਨੂੰ ਢਿੱਡ ਪੀੜ ਹੁੰਦੀ ਸੀ ਤੇ ਉਲਟੀਆਂ ਆਉਂਦੀਆਂ ਰਹੀਆਂ।
  • ਉਹ ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਮੱਧ ਪ੍ਰਦੇਸ਼ ਦੇ ਧਰ ਜ਼ਿਲ੍ਹੇ ਵਿਚ ਕੰਮ ਕਰਦੀ ਹੈ। ਉਹ ਆਪਣੇ ਸਾਥੀਆਂ ਨਾਲ ਪੈਦਲ ਤੁਰ ਪਈ। ਉਹ ਗਰਭਵਤੀ ਸੀ। ਸੈਂਕੜੇ ਕਿਲੋਮੀਟਰ ਤੁਰਨ ਤੋਂ ਬਾਅਦ ਗਰਭ ਪੀੜਾ ਸ਼ੁਰੂ ਹੋ ਗਈਆਂ। ਉਹਨੇ ਸੜਕ ਕੰਢੇ ਬੱਚੀ ਨੂੰ ਜਨਮ ਦਿੱਤਾ।
  • ਉੱਤਰ ਪ੍ਰਦੇਸ਼ ਦਾ 60 ਸਾਲਾਂ ਦਾ ਵਿਕਰਮ ਆਪਣੇ ਸਾਥੀਆਂ ਤੇ ਪਰਿਵਾਰ ਨਾਲ ਮਹਾਰਾਸ਼ਟਰ ਤੋਂ ਇਕ ਟਰੱਕ ’ਤੇ ਚੜ੍ਹਿਆ। ਉਹ ਕਨੌਜ ਪਹੁੰਚ ਗਏ ਤੇ ਹਰਦੋਈ ਪਹੁੰਚਣ ਲਈ ਪੈਦਲ ਤੁਰੇ। ਉਨ੍ਹਾਂ ਨੇ ਚੱਜ ਨਾਲ ਖਾਣਾ ਟਰੱਕ ’ਤੇ ਚੜ੍ਹਨ ਤੋਂ ਪਹਿਲਾਂ ਖਾਧਾ ਸੀ। ਉਸ ਗੱਲ ਨੂੰ 6 ਦਿਨ ਹੋ ਗਏ ਸਨ। ਅਜੇ ਵਿਕਰਮ ਇਕ ਕਿਲੋਮੀਟਰ ਵੀ ਨਹੀਂ ਸੀ ਤੁਰਿਆ, ਉਹ ਡਿੱਗ ਪਿਆ ਤੇ ਮਰ ਗਿਆ।
  • ਪੈਦਲ ਤੁਰੇ ਜਾਂਦੇ ਤੇ ਟਰੱਕਾਂ ਵਿਚ ਆ ਰਹੇ ਸੈਂਕੜੇ ਕਿਰਤੀ ਹਾਦਸਿਆਂ ਵਿਚ ਮਰ ਗਏ।
  • ਖ਼ਬਰਾਂ ਅਨੁਸਾਰ ਪਿਛਲੇ ਦੋ ਦਿਨਾਂ ਵਿਚ ਸ਼੍ਰਮਿਕ ਰੇਲ ਗੱਡੀਆਂ ਵਿਚ ਸਫ਼ਰ ਕਰ ਰਹੇ 9 ਮੁਸਾਫ਼ਿਰਾਂ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।
  • ਮਧੂਬਨੀ ਜਾ ਰਿਹਾ 58 ਸਾਲਾ ਮੁਸਾਫ਼ਿਰ ਸਾਵਿਕ ਕੁਮਾਰ ਸਿੰਘ ਨੂੰ ਦਵਾਈ ਖਾਣ ਲਈ ਪਾਣੀ ਨਾ ਮਿਲਿਆ ਤੇ ਉਹ ਰੇਲ ਗੱਡੀ ਵਿਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।

ਕਹਾਣੀਆਂ ? ਖ਼ਬਰਾਂ ? ਅਫ਼ਵਾਹਾਂ ? ਇਹ ਕੀ ਹਨ ? ਇਹ ਸਭ ਕੁਝ ਉਸ ਦੇਸ਼ ਵਿਚ ਹੋ ਰਿਹਾ ਹੈ ਜਿੱਥੇ ਆਜ਼ਾਦੀ ਤੋਂ ਬਾਅਦ ਦੇ ਸਮਿਆਂ ਵਿਚ ਸਭ ਤੋਂ ਮਜ਼ਬੂਤ ਸਰਕਾਰ ਬਣੀ ਹੈ; ਜਦ ਇਕ ਮਹਾਨ ਵਿਕਾਸ-ਪੁਰਸ਼ ਸਾਡੇ ਦੇਸ਼ ਦਾ ਆਗੂ ਹੈ ਜਿਸ ਨੇ ਸਾਢੇ ਤਿੰਨ ਸਾਲ ਪਹਿਲਾਂ ਨੋਟਬੰਦੀ ਕਰਕੇ ਦੇਸ਼ ਵਿਚੋਂ ਭ੍ਰਿਸ਼ਟਾਚਾਰ, ਅਤਿਵਾਦ ਤੇ ਕਾਲਾ ਧਨ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ; ਜਿਸ ਨੇ ਸਵੱਛ ਭਾਰਤ ਬਣਾਉਣ ਦਾ ਦਾਅਵਾ ਕੀਤਾ ਸੀ; ਜਿਹੜਾ ਭਾਰਤ ਨੂੰ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਵਿਚ ਸੀਟ ਦਿਵਾਉਣ ਲਈ ਵੱਡੇ ਯਤਨ ਕਰ ਰਿਹਾ ਹੈ ਤਾਂ ਕਿ ਭਾਰਤ ਹੋਰ ਵੀ ਮਹਾਨ ਬਣ ਜਾਏ। ਭਾਰਤ ਦੇ ਇਕ ਪ੍ਸਿੱਧ ਅਦਾਰੇ ਵਿਚ ਕੰਮ ਕਰ ਰਹੇ ਚਿੰਤਕ ਨੇ ਜਨਤਾ ਕਰਫਿਊ ਤੋਂ ਪਹਿਲਾਂ ਦਿੱਤੇ ਉਸ ਦੇ ਭਾਸ਼ਨ ਬਾਰੇ 20 ਮਾਰਚ 2020 ਨੂੰ ਲਿਖਿਆ- ‘‘ਮੇਰੇ ਖਿਆਲ ਵਿਚ ਇਹ (ਜਨਤਾ ਕਰਫ਼ਿਊ) ਉਸ ਦੇ ਭਾਸ਼ਨ ਤੇ ਰਣਨੀਤੀ ਦਾ ਸਭ ਤੋਂ ਗੁਣਵਾਨ ਹਿੱਸਾ ਸੀ, ਇਸ ਨੇ ਲੋਕਾਂ ਵਿਚ ਏਕਤਾ ਪੈਦਾ ਕੀਤੀ ਤੇ ਉਨ੍ਹਾਂ ਨੂੰ ਰਾਸ਼ਟਰੀ ਕਾਰਜ ਅਤੇ ਸੇਧ ਦਾ ਅਹਿਸਾਸ ਕਰਾਇਆ… ਉਸ ਨੇ ਲੋਕਾਂ ਨੂੰ ਆਸ ਤੇ ਪ੍ਰੇਰਨਾ ਨਾਲ ਭਰ ਦਿੱਤਾ।’’

ਸਾਨੂੰ ਕਿਸ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ; ਪਹਿਲਾਂ ਦਿੱਤੀਆਂ ਖ਼ਬਰਾਂ ’ਤੇ, ਜਾਂ ਇਸ ਚਿੰਤਕ ਦੇ ਸ਼ਬਦਾਂ ’ਤੇ? ਇਸ ਚਿੰਤਕ ਦੇ ਲੇਖ ਨੂੰ ਇਕ ਪੋਰਟਲ ਨੇ ਇਸ ਸੁਰਖ਼ੀ ਨਾਲ ਸਜਾਇਆ ਸੀ- ‘‘ਆਪਣੇ ਭਾਸ਼ਨ ਨਾਲ ਮੋਦੀ ਨੇ ਉਹ ਕਰ ਵਿਖਾਇਆ ਜੋ ਸ਼ੀ ਤੇ ਟਰੰਪ ਨਾ ਕਰ ਸਕੇ… (ਉਸਨੇ) ਭਾਰਤ ਨੂੰ ਮਹਾਮਾਰੀ ਤੋਂ ਕਿਤੇ ਜ਼ਿਆਦਾ ਮਹਾਨ ਬਣਾ ਦਿੱਤਾ।’’ ਸਾਨੂੰ ਸਾਰਿਆਂ ਨੂੰ ਇਹ ਲੇਖ ਪੜ੍ਹਨਾ ਤੇ ਇਸ ’ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਖ਼ਬਰਾਂ ਦਾ ਕੀ ਹੈ; ਖ਼ਬਰਾਂ ਤਾਂ ਆਉਂਦੀਆਂ ਰਹਿੰਦੀਆਂ ਹਨ।

137 ਕਰੋੜ ਦੇ ਸਾਡੇ ਦੇਸ਼ ਵਿਚ 2011 ਦੀ ਮਰਦਮਸ਼ੁਮਾਰੀ ਅਨੁਸਾਰ 45 ਕਰੋੜ ਪਰਵਾਸੀ ਸਨ, ਭਾਵ ਉਹ ਆਪਣੇ ਘਰਾਂ ਤੋਂ ਦੂਰ ਦੁਰੇਡੀਆਂ ਥਾਵਾਂ ’ਤੇ ਰਹਿੰਦੇ ਸਨ। ਅੰਦਾਜ਼ਿਆਂ ਅਨੁਸਾਰ ਇਨ੍ਹਾਂ ਵਿਚੋਂ ਪਰਵਾਸੀ ਮਜ਼ਦੂਰਾਂ ਦੀ ਗਿਣਤੀ 4 ਕਰੋੜ ਤੋਂ 10 ਕਰੋੜ ਦੇ ਵਿਚਕਾਰ ਹੈ। ਪਰਵਾਸੀ ਹੋਣਾ ਕੋਈ ਮਿਹਣਾ ਨਹੀਂ। ਪਰਵਾਸੀ ਮਿਹਨਤੀ ਹੁੰਦਾ ਹੈ, ਉਹ ਦਿਨ ਰਾਤ ਮੁਸ਼ੱਕਤ ਕਰਕੇ ਆਪਣੇ ਪਰਿਵਾਰ ਦਾ ਪੇਟ ਭਰਦਾ ਹੈ; ਦੇਸ਼ ਲਈ ਸਰਮਾਏ ਦਾ ਨਿਰਮਾਣ ਕਰਦਾ ਹੈ। ਮਿਹਣਾ ਇਸ ਗੱਲ ਦਾ ਹੈ ਕਿ ਉਹ ਕਿਨ੍ਹਾਂ ਹਾਲਾਤ ਵਿਚ ਰਹਿੰਦਾ ਹੈ, ਉਸ ਨੂੰ ਕਿੰਨੀ ਮਜ਼ਦੂਰੀ ਮਿਲਦੀ ਹੈ, ਉਸ ਦੀ ਸਮਾਜਿਕ ਸੁਰੱਖਿਆ ਲਈ ਸਰਕਾਰ ਨੇ ਕੀ ਕੀਤਾ ਹੈ? ਕੀ ਉਸ ਦੀ ਸਿਹਤ ਸੰਭਾਲ ਲਈ ਸਰਕਾਰ ਜਾਂ ਉਸ ਦੇ ਮਾਲਕ ਨੇ ਜ਼ਿੰਮੇਵਾਰੀ ਲਈ ਹੈ? ਇਨ੍ਹਾਂ ਸਭਨਾਂ ਪ੍ਰਸ਼ਨਾਂ ਦਾ ਉੱਤਰ ਹੈ ‘ਨਹੀਂ’। ਉਸ ਨੂੰ ਮਨੁੱਖ ਸਮਝਿਆ ਹੀ ਨਹੀਂ ਜਾਂਦਾ। ਉਸ ਨੂੰ ਨੌਕਰੀ ਤੋਂ ਕਦੀ ਵੀ ਜਵਾਬ ਮਿਲ ਸਕਦਾ ਹੈ। ਉਸ ਕੋਲ ਕੋਈ ਸਮਾਜਿਕ ਸੁਰੱਖਿਆ ਨਹੀਂ। ਉਹ ਮਘੋਰਿਆਂ ਵਾਲੇ ਘਰਾਂ ਵਿਚ ਰਹਿੰਦਾ ਹੈ। ਉਹਦੇ ਜੀਵਨ ਦੇ ਹਾਲਾਤ ਅਮਨੁੱਖੀ ਹਨ। ਜਿਹੜੇ ਆਗੂ ਮਨੁੱਖਾਂ ਨੂੰ ਅਮਨੁੱਖੀ ਹਾਲਾਤ ਵਿਚ ਰੱਖ ਕੇ ਮਹਾਨਤਾ ਦੇ ਸੁਪਨੇ ਲੈਂਦੇ ਹਨ, ਉਨ੍ਹਾਂ ਨੂੰ ਕੀ ਕਿਹਾ ਜਾ ਸਕਦਾ ਹੈ; ਉਹ ਨਿਸ਼ਚੇ ਹੀ ਮਹਾਨ ਹਨ।

ਮਹਾਨਤਾ ਦੇ ਸੁਪਨਿਆਂ ਨਾਲੋਂ ਹਕੀਕਤ ਵੱਲ ਪਰਤਣਾ ਜ਼ਰੂਰੀ ਹੈ। ਇਕ ਅਨੁਮਾਨ ਅਨੁਸਾਰ ਇਸ ਲੌਕਡਾਊਨ ਦੌਰਾਨ 12 ਕਰੋੜ ਨੌਕਰੀਆਂ ਖ਼ਤਮ ਹੋਈਆਂ ਹਨ। ਇਹ ਗੱਲ 12 ਕਰੋੜ ਲੋਕਾਂ ਦੀ ਨਹੀਂ, 12 ਕਰੋੜ ਪਰਿਵਾਰਾਂ ਦੀ ਹੈ। ਮਹਾਨ ਆਗੂ ਨੇ ਕਿਹਾ ਸੀ ਕਿ ਕਿਸੇ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ, ਸਭ ਨੂੰ ਤਨਖ਼ਾਹ ਦਿੱਤੀ ਜਾਵੇ ਤੇ ਉਨ੍ਹਾਂ ਲਈ ਭੋਜਨ ਦਾ ਪ੍ਰਬੰਧ ਕੀਤਾ ਜਾਵੇ। ਹਕੀਕਤ ਵਿਚ ਲੋਕ ਭੁੱਖੇ ਮਰ ਰਹੇ ਹਨ; ਕਿਸੇ ਥਾਂ ’ਤੇ ਲੰਗਰ ਲੱਗਣ ਜਾਂ ਭੋਜਨ ਕਰਾਉਣ ਦੀ ਕੋਈ ਬੰਦੋਬਸਤ ਕਰਾਏ ਜਾਣ ’ਤੇ ਓਥੇ ਭੀੜਾਂ ਲੱਗ ਜਾਂਦੀਆਂ ਹਨ। ਕੁਝ ਥਾਵਾਂ ’ਤੇ ਲੋਕਾਂ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਹਾਸਿਲ ਕਰਾਉਣ ਲਈ ਲੁੱਟ ਖਸੁੱਟ ਕੀਤੀ। ਇਕ ਸਰਵੇਖਣ ਅਨੁਸਾਰ ਆਮ ਹਾਲਾਤ ਵਿਚ ਵੀ ਇਸ ਦੇਸ਼ ਦੇ 19 ਕਰੋੜ ਲੋਕਾਂ ਨੂੰ ਭਰ ਪੇਟ ਖਾਣਾ ਨਹੀਂ ਮਿਲਦਾ। ਅੱਜ ਉਨ੍ਹਾਂ ਦੀ ਗਿਣਤੀ ਕਿੰਨੀ ਹੋਵੇਗੀ?

ਰੇਲ ਗੱਡੀਆਂ ਵਿਚ ਹੋਈਆਂ ਮੌਤਾਂ ਬਾਰੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਚੋਂ ਬਹੁਤੇ ਪਹਿਲਾਂ ਹੀ ਬਿਮਾਰ ਸਨ। ਮੁਜ਼ੱਫਰਪੁਰ ਰੇਲਵੇ ਸਟੇਸ਼ਨ ’ਤੇ ਹੋਈ ਮਾਂ ਦੀ ਮੌਤ ਬਾਰੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਸ ਨੂੰ ਦਿਲ ਦੀ ਬਿਮਾਰੀ ਸੀ। ਉਨ੍ਹਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਿਸੇ ਸਭਿਅਕ ਦੇਸ਼ ਵਿਚ ਮਰੀਜ਼ਾਂ ਦੀ ਮੌਤ ਪਲੇਟਫਾਰਮਾਂ ਤੇ ਰੇਲ ਗੱਡੀਆਂ ਵਿਚ ਹੁੰਦੀ ਹੈ?

ਕੇਂਦਰੀ ਸਰਕਾਰ ਤੇ ਰੇਲਵੇ ਵਿਭਾਗ ਵੱਲੋਂ ਕੀਤੀ ਜਾ ਰਹੀ ਕਾਰਵਾਈ ਵੇਖ ਕੇ ਸਾਨੂੰ ਹੋਰ ਸ਼ਰਮਸਾਰ ਹੋਣਾ ਪੈਂਦਾ ਹੈ। ਜਦ ਕਈ ਹਫ਼ਤਿਆਂ ਬਾਅਦ ਪਰਵਾਸੀ ਮਜ਼ਦੂਰਾਂ ਲਈ ਰੇਲ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਰੋਜ਼ਾਨਾ ਇਹ ਦੱਸਿਆ ਜਾਂਦਾ ਰਿਹਾ ਹੈ ਕਿ ਸੈਂਕੜੇ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ, ਜਿਵੇਂ ਲੋਕਾਂ ’ਤੇ ਅਹਿਸਾਨ ਕੀਤਾ ਜਾ ਰਿਹਾ ਹੋਵੇ। ਇਨ੍ਹਾਂ ਵਿਚੋਂ ਕਈ ਰੇਲ ਗੱਡੀਆਂ 24 ਤੋਂ 72 ਘੰਟੇ ਤਕ ਲੇਟ ਹੋਈਆਂ। ਲਗਭੱਗ 40 ਰੇਲ ਗੱਡੀਆਂ ਆਪਣੀ ਮੰਜ਼ਿਲ ਦੀ ਥਾਂ ਪਹੁੰਚਣ ’ਤੇ ਕਿਤੇ ਹੋਰ ਪਹੁੰਚ ਗਈਆਂ। ਕੜਕਦੀ ਧੁੱਪ ਵਿਚ ਮਜ਼ਦੂਰ ਘੰਟਿਆਂ ਬੱਧੀ ਰੇਲ ਵਿਚ ਬਹਿਣ ਦਾ ਇੰਤਜ਼ਾਰ ਕਰਦੇ ਹਨ। ਰੇਲ ਵਿਭਾਗ ਆਮ ਦਿਨਾਂ ਵਿਚ 13452 ਮੁਸਾਫ਼ਿਰ ਗੱਡੀਆਂ ਚਲਾ ਕੇ 2.3 ਕਰੋੜ ਮੁਸਾਫ਼ਿਰਾਂ ਨੂੰ ਸਫ਼ਰ ਲਈ ਸਹੂਲਤਾਂ ਮੁਹੱਈਆ ਕਰਾਉਂਦਾ ਹੈ। ਜਦ ਇਹ ਸਵਾਲ ਪੁੱਛਿਆ ਗਿਆ ਕਿ ਪਰਵਾਸੀ ਮਜ਼ਦੂਰਾਂ ਲਈ ਏਨੀਆਂ ਘੱਟ ਰੇਲ ਗੱਡੀਆਂ ਕਿਉਂ ਚਲਾਈਆਂ ਗਈਆਂ ਹਨ ਤਾਂ ਜਵਾਬ ਦਿੱਤੇ ਜਾਂਦੇ ਹਨ ਕਿ ਏਨੀਆਂ ਹੀ ਬਹੁਤ ਹਨ; ਪਰਵਾਸੀ ਮਜ਼ਦੂਰਾਂ ਦੇ ਜੱਦੀ ਸੂਬੇ ਜ਼ਿਆਦਾ ਲੋਕਾਂ ਦੇ ਵਾਪਸ ਪਰਤਣ ’ਤੇ ਇਤਰਾਜ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਇਕਾਂਤਵਾਸ ਲਈ ਸਹੂਲਤਾਂ ਨਹੀਂ ਹਨ, ਇਤਿਆਦ। ਸ਼ਾਇਦ ਮਹਾਨ ਦੇਸ਼ਾਂ ਵਿਚ ਆਪਣੇ ਕਿਰਤੀਆਂ ਨਾਲ ਏਦਾਂ ਦਾ ਵਿਹਾਰ ਹੀ ਕੀਤਾ ਜਾਂਦਾ ਹੈ।

ਦੇਸ਼ ਨੂੰ ਮਹਾਨਤਾ ਦੇ ਸੁਪਨਿਆਂ ਤੋਂ ਬਚਣ ਤੇ ਹਕੀਕਤ ਦੇ ਰੂਬਰੂ ਹੋਣ ਦੀ ਜ਼ਰੂਰਤ ਹੈ। ਅਖੌਤੀ ਮਹਾਨਤਾ ਦੇ ਸੁਪਨੇ ਵੇਚਣ ਵਾਲੇ ਆਗੂਆਂ ਕਾਰਨ ਦੇਸ਼ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਲੋਕਾਂ ਨੂੰ ਭਰਮਾਉਣ ਲਈ ਮਸਨੂਈ ਮਹਾਨਤਾ ਦੇ ਇੰਦਰਜਾਲ ਬੁਣ ਕੇ ਵਾਰ ਵਾਰ ਛਲਿਆ ਜਾਂਦਾ ਹੈ। ਲੋਕਾਂ ਨੂੰ ਇਨ੍ਹਾਂ ਫ਼ਰੇਬਾਂ ਤੋਂ ਮੁਕਤ ਕਰਾਉਣ ਦੀ ਜ਼ਿੰਮੇਵਾਰੀ ਕਿਰਤੀਆਂ ਦੀਆਂ ਜਥੇਬੰਦੀਆਂ, ਚਿੰਤਕਾਂ, ਪੱਤਰਕਾਰਾਂ ਤੇ ਵਿਦਵਾਨਾਂ ’ਤੇ ਹੈ ਪਰ ਇਸ ਦੇ ਨਾਲ ਨਾਲ ਲੋਕਾਂ ਵਿਚ ਵੀ ਇਹ ਚੇਤਨਾ ਜਾਗਣੀ ਜ਼ਰੂਰੀ ਹੈ ਕਿ ਉਹ ਕਿੰਨਾ ਚਿਰ ਅਖੌਤੀ ਮਹਾਨਤਾ ਦੇ ਸੁਪਨਿਆਂ ਦੇ ਫਰੇਬ ਵਿਚ ਫਸੇ ਰਹਿਣਗੇ; ਕੀ ਉਹ ਆਪਣੇ ਆਗੂਆਂ ਨੂੰ ਹਕੀਕੀ ਹਾਲਾਤ ਬਾਰੇ ਸਵਾਲ ਪੁੱਛ ਕੇ ਉਨ੍ਹਾਂ ਨੂੰ ਜਵਾਬਦੇਹ ਬਣਾਉਣਗੇ ਜਾਂ ਫਿਰ ਉਨ੍ਹਾਂ ਦੇ ਭਰਮਜਾਲ ਵਿਚ ਫਸ ਕੇ ਉਨ੍ਹਾਂ ਦੀ ਮਹਾਨਤਾ ਦੇ ਨਾਹਰੇ ਲਾਉਂਦੇ ਰਹਿਣਗੇ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਦਿੱਲੀ ਨੂੰ ਮਿਲਿਆ 10000 ਬਿਸਤਰਿਆਂ ਦਾ ਹਸਪਤਾਲ

ਉਪ ਰਾਜਪਾਲ ਨੇ ਕੀਤਾ ਉਦਘਾਟਨ; ਕੇਂਦਰ ਤੇ ਦਿੱਲੀ ਦੇ ਆਗੂਆਂ ਨੇ ਲਿਆ ਕੋਵ...

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਜਲੰਧਰ ’ਚ ਕਰੋਨਾ ਧਮਾਕਾ; 71 ਨਵੇਂ ਕੇਸ

ਲੁਧਿਆਣਾ ਜੇਲ੍ਹ ਵਿੱਚ 26 ਕੈਦੀਆਂ ਤੇ ਹਵਾਲਾਤੀਆਂ ਨੂੰ ਕਰੋਨਾ

ਸ਼ਹਿਰ

View All