
ਟੀਐੱਨ ਨੈਨਾਨ
ਟੀਐੱਨ ਨੈਨਾਨ
ਜੌਨੀ ਡੈਪ-ਐਂਬਰ ਹਰਡ ਦੇ ਕੇਸਾਂ ਦੇ ਫ਼ੈਸਲਿਆਂ, ਰਾਸ਼ਟਰਪਤੀ ਰਹਿ ਚੁੱਕੇ ਆਗੂ ਦੇ ਬਾਗ਼ੀ ਹੋ ਜਾਣ ਦੇ ਬਾਵਜੂਦ ਅਮਰੀਕਾ ਦੀ ਰਿਪਬਲਿਕਨ ਪਾਰਟੀ ਉੱਤੇ ਮਜ਼ਬੂਤ ਪਕੜ ਬਣਾਈ ਰੱਖਣ ਅਤੇ ਬਰਤਾਨੀਆ ਦੇ ਭੂਰੇ ਵਾਲਾਂ ਵਾਲੇ ਝੂਠੇ ਤੇ ਸੰਭਾਵੀ ਸਮਝੌਤਾ ਤੋੜਨ ਵਾਲੇ ਵਿਅਕਤੀ ਦੇ ਮੁਲਕ ਦਾ ਪ੍ਰਧਾਨ ਮੰਤਰੀ ਬਣੇ ਰਹਿਣ ਮਗਰੋਂ ਇਹ ਸਵਾਲ ਪੁੱਛਣਾ ਜਾਇਜ਼ ਹੈ: ਕੀ ਸਾਖ਼ ਜਾਂ ਅਕਸ ਕੋਈ ਮਾਅਨੇ ਰੱਖਦੇ ਹਨ? ਜਾਂ ਫਿਰ ਅਜਿਹੀਆਂ ਗੱਲਾਂ ਉੱਤੇ ਗ਼ੌਰ ਕੀਤੀ ਜਾਂਦੀ ਹੈ? ਬੀਤੀ 17 ਜੂਨ ਨੂੰ ‘ਬਿਜ਼ਨਸ ਸਟੈਂਡਰਡ’ ਦੇ ਕੌਮਾਂਤਰੀ ਖ਼ਬਰਾਂ ਵਾਲੇ ਸਫ਼ੇ ਉੱਤੇ ਕੁਝ ਖ਼ਬਰਾਂ ਸਨ: ਗੂਗਲ ਨੂੰ ਜੁਰਮਾਨਾ...; ਮੈਕਡੌਨਲਡ’ਜ਼ ਨੂੰ (ਟੈਕਸ ਚੋਰੀ ਮਾਮਲੇ ਵਿਚ) ਜੁਰਮਾਨੇ ਵਜੋਂ 1.3 ਅਰਬ ਡਾਲਰ ਅਦਾ ਕਰਨੇ ਪੈਣਗੇ; ਤੋਸ਼ੀਬਾ ਤੇ ਸੋਨੀ (ਕਾਰੋਬਾਰੀ ਸਾਜ਼-ਬਾਜ਼ ਦੇ ਮੁੱਦੇ ’ਤੇ) ਅਦਾਲਤੀ ਕੇਸ ਹਾਰੇ; ਅਤੇ ਐਪਲ ਉੱਤੇ ਆਈਫੋਨ ਵਰਤੋਂਕਾਰਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲੱਗੇ। ਇਕ ਹੋਰ ਪੰਜਵੀਂ ਖ਼ਬਰ ਵੀ ਸੀ: ਮੈਟਾ (ਫੇਸਬੁੱਕ, ਵਟਸਐਪ ਦੀ ਮਾਲਕ ਕੰਪਨੀ), ਗੂਗਲ, ਟਵਿੱਟਰ ਵੱਲੋਂ ਮੁੱਲ ਦੀਆਂ ਖ਼ਬਰਾਂ ਖ਼ਿਲਾਫ਼ ਲੜਾਈ ਦਾ ‘ਅਹਿਦ’, ਨਹੀਂ ਤਾਂ ਜੁਰਮਾਨੇ ਹੋਣ ਦਾ ਖ਼ਤਰਾ। ਚੰਗੀ ਗੱਲ ਇਹ ਹੈ ਕਿ ਮੈਟਾ ਦਾ ਇਕ ਹੋਰ ਖ਼ਬਰ ਵਿਚ ਵੀ ਜ਼ਿਕਰ ਹੋਇਆ ਜਿਸ ਮੁਤਾਬਿਕ ਇਸ ਨੇ ਔਨਲਾਈਨ ਇਸ਼ਤਿਹਾਰਾਂ ਪ੍ਰਤੀ ਬੇਭਰੋਸਗੀ ਸਬੰਧੀ ਫਰਾਂਸ ਦੇ ਤੌਖ਼ਲਿਆਂ ਨੂੰ ਦੂਰ ਕਰਨ ਦਾ ‘ਅਹਿਦ’ ਲਿਆ।
ਕਿਸੇ ਕੰਪਨੀ ਦੀ ਸਾਖ਼ ਹੀ ਉਸ ਦਾ ਸਭ ਤੋਂ ਕੀਮਤੀ ਅਸਾਸਾ ਹੁੰਦੀ ਹੈ। ਪਰ ਇਨ੍ਹਾਂ ਵਿਚੋਂ ਕਿੰਨੀਆਂ ਕੁ ਕੰਪਨੀਆਂ ਨੂੰ ਲਗਾਤਾਰ ਅਪਰਾਧ ਕਰਦੇ ਰਹਿਣ ਦੇ ਬਾਵਜੂਦ ਕੋਈ ਨੁਕਸਾਨ ਹੋਵੇਗਾ? ਜੋ ਵੀ ਹੋਵੇ, ਜਿਹੜੇ ਅਖ਼ਬਾਰ ਆਪਣੇ ਖ਼ਬਰੀ ਕਾਲਮਾਂ ਨੂੰ ਵੇਚ ਕੇ ਕਮਾਈਆਂ ਕਰਦੇ ਹਨ ਭਾਵ ਮੁੱਲ ਦੀਆਂ ਖ਼ਬਰਾਂ ਛਾਪਦੇ ਹਨ, ਉਨ੍ਹਾਂ ਦੇ ਲੱਖਾਂ ਪਾਠਕ ਬਣੇ ਰਹਿੰਦੇ ਹਨ; ਅਕਾਊਂਟਿੰਗ (ਲੇਖਾ) ਕੰਪਨੀਆਂ ਹਿੱਤਾਂ ਦੇ ਪ੍ਰਤੱਖ ਟਕਰਾਅ ਦੇ ਬਾਵਜੂਦ ਸਬੰਧਿਤ ਕਾਰੋਬਾਰ ਕਰਦੀਆਂ ਤੇ ਉਨ੍ਹਾਂ ਨੂੰ ਵਧਾਉਂਦੀਆਂ ਰਹਿੰਦੀਆਂ ਹਨ; ਅਤੇ ਇਸੇ ਤਰ੍ਹਾਂ ਡੀ ਬੀਅਰਜ਼ (De Beers) ਆਪਣੇ ‘ਖ਼ੂਨੀ ਹੀਰਿਆਂ’ (ਜੰਗ ਪ੍ਰਭਾਵਿਤ ਖੇਤਰਾਂ ਵਿਚ ਹਥਿਆਰ ਦੇ ਕੇ ਹੀਰੇ ਲੈਣ) ਦੇ ਇਤਿਹਾਸ ਦੇ ਬਾਵਜੂਦ ਅੱਜ ਵੀ ਬਾਜ਼ਾਰ ਵਿਚ ਦਬਦਬਾ ਰੱਖਦੀ ਹੈ। ਕਦੇ-ਕਦਾਈਂ ਭੇਤ ਖੋਲ੍ਹੇ ਜਾਣ ਉੱਤੇ ਐਨਰੌਨ ਵਰਗੀ ਕੰਪਨੀ ਤਾਸ਼ ਦੇ ਮਹਿਲ ਵਾਂਗ ਢਹਿ ਢੇਰੀ ਹੋ ਜਾਂਦੀ ਹੈ, ਪਰ ਦੂਜੇ ਪਾਸੇ ਮੈਕੈਂਜ਼ੀ (McKinsey) ਵਰਗਾ ਵੱਡਾ ਨਾਂ ਘਪਲਿਆਂ ਵਿਚ ਸ਼ਾਮਲ ਕਈ ਕੰਪਨੀਆਂ ਨਾਲ ਜੁੜਿਆ ਸੀ, ਪਰ ਇਸ ਨੂੰ ਹਾਲੇ ਵੀ ਸਲਾਹਕਾਰੀ ਕਾਰੋਬਾਰ ਵਿਚ ਖ਼ਾਲਸ ਸੋਨਾ ਸਮਝਿਆ ਜਾਂਦਾ ਹੈ।
ਕਾਰਪੋਰੇਟੀ ਦੁਰਾਚਾਰ ਦਾ ਘਪਲੇ ਵਜੋਂ ਸ਼ੁਰੂ ਹੋਣ ਅਤੇ ਲੋਕਗਾਥਾਵਾਂ ਬਣ ਜਾਣ ਦਾ ਇਤਿਹਾਸ ਹੈ - ਅਮਰੀਕੀ ਲੁਟੇਰੇ ਕਾਰੋਬਾਰੀਆਂ (ਜਿਨ੍ਹਾਂ ਵਿਚੋਂ ਇਕ ਨੇ ਇਕ ਰੇਲ ਲਾਈਨ ਦਾ ਪ੍ਰਾਜੈਕਟ ਪਾਸ ਕਰਾਉਣ ਲਈ ਪੈਨਸਿਲਵੇਨੀਆ ਸੂਬੇ ਦੇ ਬਹੁਗਿਣਤੀ ਵਿਧਾਇਕਾਂ ਨੂੰ ਖ਼ਰੀਦ ਲਿਆ ਸੀ) ਤੋਂ ਲੈ ਕੇ ਧੀਰੂਭਾਈ ਅੰਬਾਨੀ ਦੇ ਸ਼ੁਰੂਆਤੀ ਕਾਰਨਾਮਿਆਂ ਤੱਕ ਅਤੇ ਹੁਣ ਗੌਤਮ ਅਡਾਨੀ ਦਾ ਪ੍ਰਤੱਖ ਦਬਦਬਾ। ਭਾਰਤ ਵਿਚ ਗੈਸ ਕੀਮਤਾਂ ਦੀ ਲੜਾਈ ਅਤੇ ਟੈਲੀਕਾਮ ਚੋਰੀ ਬਾਰੇ ਕਿਤਾਬਾਂ ਆਈਆਂ ਹਨ। ਪਰ ਸਾਡੇ ਦੇਸ਼ ਵਿਚ ਘਪਲਿਆਂ ਦਾ ਅਕਸਰ ਬਿਲਕੁਲ ਉਸੇ ਤਰ੍ਹਾਂ ਕੋਈ ਦੋਸ਼ੀ ਨਹੀਂ ਹੁੰਦਾ ਜਿਵੇਂ ਅਮਰੀਕਾ ਦੀਆਂ ਵੱਡੀਆਂ ਵਿੱਤੀ ਹਸਤੀਆਂ ਤੇ ਕਾਰੋਬਾਰੀਆਂ ਵਿਚੋਂ ਕੋਈ ਵੀ ਜਾਣਬੁੱਝ ਕੇ ਗੁੰਮਰਾਹਕੁਨ ਪ੍ਰਚਾਰ ਦੀ ਮਦਦ ਨਾਲ ਵਿਕਰੀ ਕਰਨ ਅਤੇ ਵਿੱਤੀ ਪਤਨ ਦੀ ਸਾਜ਼ਿਸ਼ ਕਰਨ ਵਰਗੇ ਮੁਜਰਮਾਨਾ ਕਾਰਿਆਂ ਦੇ ਬਾਵਜੂਦ ਕਦੇ ਜੇਲ੍ਹ ਨਹੀਂ ਗਿਆ। ਹਾਂ, ਦਰਮਿਆਨੇ ਦਰਜੇ ਦੇ ਬੌਂਡ ਫ਼ਰੋਸ਼ਾਂ ਨਾਲ ਜ਼ਰੂਰ ਨਿਊਯਾਰਕ ਤੇ ਹੋਰਨੀਂ ਥਾਈਂ ਅਜਿਹਾ ਵਾਪਰਿਆ।
ਜੇ ਕੋਈ ਇਸ ਵਰਤਾਰੇ ਦੇ ਵਰਗੀਕਰਨ ਦੇ ਅਧਿਐਨ ਵਿਚ ਜਾਣਾ ਚਾਹੁੰਦਾ ਹੋਵੇ ਤਾਂ ਇਹ ਇਉਂ ਹੋ ਸਕਦਾ ਹੈ: ਜੇ ਤੁਸੀਂ ਇਕ ਤੇਜ਼-ਤਰਾਰ ਕਾਰੋਬਾਰੀ ਦੇ ਤੌਰ ’ਤੇ ਜਾਣੇ ਜਾਂਦੇ ਹੋ ਤਾਂ ਆਪਣੇ ਤੇਜ਼ ਢੰਗ-ਤਰੀਕਿਆਂ ਦੇ ਜ਼ਾਹਰ ਹੋ ਜਾਣ ਦੇ ਬਾਵਜੂਦ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ - ਬਿਲਕੁਲ ਉਸੇ ਤਰ੍ਹਾਂ ਜਿਵੇਂ ਹਿੰਦੂਤਵ ਨੂੰ ਅੱਗੇ ਵਧਾਉਣ ਵਾਲੀ ਕੋਈ ਪਾਰਟੀ ਜੇ ਕਿਸੇ ਹੋਰ ਧਰਮ ਪ੍ਰਤੀ ਅਸ਼ਿਸ਼ਟ ਰਵੱਈਆ ਅਪਣਾਉਂਦੀ ਹੈ ਤਾਂ ਉਸ ਨੂੰ ਖ਼ਾਸ ਖ਼ਤਰਾ ਨਹੀਂ ਹੁੰਦਾ। ਪਰ ਜੇਕਰ ਲੋਕਾਂ ਦੇ ਮਨਾਂ ਵਿਚ ਤੁਹਾਡੀ ਕੰਪਨੀ ਦੀ ਚੰਗੀ ਸਾਖ਼ ਹੋਵੇ ਤਾਂ ਤੁਹਾਨੂੰ ਕਿਸੇ ਘਪਲੇ ਕਾਰਨ ਨੁਕਸਾਨ ਹੋ ਸਕਦਾ ਹੈ - ਹਾਲਾਂਕਿ ਕੁਝ ਕੀਮਤ ਤਾਰ ਕੇ ਅਜਿਹੇ ਹਾਲਾਤ ਨੂੰ ਸੰਭਾਲਿਆ ਜਾ ਸਕਦਾ ਹੈ, ਜਿਵੇਂ ਫੋਕਸਵੈਗਨ, ਟੋਯੋਟਾ ਤੇ ਹੋਰਨਾਂ ਕੰਪਨੀਆਂ ਦੇ ਮਾਮਲਿਆਂ ਵਿਚ ਵਾਪਰਿਆ ਹੈ। ਪਰ ਜੇ ਤੁਹਾਡੀ ਕੰਪਨੀ ਸ਼ੁਰੂ ਤੋਂ ਹੀ ਮਾੜੀ ਹਾਲਤ ਵਿਚ ਸੀ ਤਾਂ ਕੋਈ ਵੀ ਘਪਲਾ ਇਸ ਦਾ ਭੋਗ ਪਾ ਸਕਦਾ ਹੈ। ਇਸ ਸੂਰਤ ਵਿਚ ਬੁਨਿਆਦੀ ਸਵਾਲ ਇਹ ਹੋ ਸਕਦਾ ਹੈ: ਕੀ ਕੋਈ ਘਪਲਾ ਕਿਸੇ ਕੰਪਨੀ ਜਾਂ ਕਿਸੇ ਵਿਅਕਤੀ ਜਾਂ ਸਿਆਸੀ ਪਾਰਟੀ ਪ੍ਰਤੀ ‘ਜਨਤਕ’ ਨਜ਼ਰੀਏ ਨੂੰ ਬੁਨਿਆਦੀ ਤੌਰ ’ਤੇ ਬਦਲ ਦਿੰਦਾ ਹੈ। ਜੇ ਨਹੀਂ ਤਾਂ ਡੋਨਲਡ ਟਰੰਪ ਅਤੇ ਬੋਰਿਸ ਜੌਹਨਸਨ ਵਾਂਗ ਤੁਹਾਡੇ ਜਨਤਕ ਜੀਵਨ ਦੀ ਲੰਬੀ ਮਿਆਦ ਹੋਵੇਗੀ।
ਅਸਲ ਵਿਚ ਸਾਡੀ ਜਨਤਾ ਵੀ ਕਈ ਕਿਸਮਾਂ ਦੀ ਹੈ, ਇਸ ਲਈ ‘ਸਾਖ਼’ ਵੀ ਕਈ ਤਰ੍ਹਾਂ ਦੇ ਜਲਵਿਆਂ ਵਾਲੀ ਚੀਜ਼ ਹੈ। ਨਿਵੇਸ਼ਕਾਰ, ਖ਼ਪਤਕਾਰ, ਮੁਲਾਜ਼ਮ, ਵਿਕਰੇਤਾ, ਡਿਸਟਰੀਬਿਊਟਰ - ਭਾਵ ਵੱਖੋ-ਵੱਖ ਤਰ੍ਹਾਂ ਦੇ ਹਿੱਤ-ਧਾਰਕ - ਕਿਸੇ ਵੀ ਕੰਪਨੀ ਦੇ ਵੱਖੋ-ਵੱਖਰੇ ਪੱਖ ਦੇਖਦੇ ਹਨ। ਕੀ ਇਹ ਵਧੀਆ ਰੁਜ਼ਗਾਰਦਾਤਾ ਹੈ? ਕੀ ਇਹ ਕੰਪਨੀ ਆਪਣੇ ਬਿਲਾਂ ਦੀ ਅਦਾਇਗੀ ਵੇਲੇ ਸਿਰ ਕਰਦੀ ਹੈ? ਕੀ ਇਸ ਦਾ ਸਟੋਰ ਸੁਖਾਲਿਆਂ ਪਹੁੰਚਣਯੋਗ ਤੇ ਕਰੀਬੀ ਸਥਾਨ ਉੱਤੇ ਹੈ? ਕੀ ਇਹ ਤੁਹਾਡੀ ਯੂਨੀਵਰਸਿਟੀ ਦੇ ਵਿਭਾਗ ਦੇ ਖੋਜ ਕਾਰਜਾਂ ਲਈ ਮਾਲੀ ਇਮਦਾਦ ਦਿੰਦੀ ਹੈ? ਕੀ ਇਸ ਦਾ ਲੈਣ-ਦੇਣ ਵਧੀਆ ਹੈ? ਇਸ ਲਈ ਰਾਲਫ ਨੇਡਰ (Ralph Nader) ਦੇ ਕਹਿਣ ਕਿ ਕਾਰਾਂ ‘ਕਿਸੇ ਵੀ ਰਫ਼ਤਾਰ ’ਤੇ’ ਅਸੁਰੱਖਿਅਤ ਹਨ ਜਾਂ ਰੇਚਲ ਕਾਸਨ (Rachel Carson) ਦੀ ‘ਸਾਈਲੈਂਟ ਸਪਰਿੰਗ’ (Silent Spring - ਖ਼ਾਮੋਸ਼ ਬਸੰਤ) ਵੱਲੋਂ ਕੀੜੇਮਾਰ ਜ਼ਹਿਰਾਂ ਦੀ ਸਨਅਤ ਨੂੰ ਬੁਰੀ ਤਰ੍ਹਾਂ ਲਾਹਣਤਾਂ ਪਾਉਣ ਜਾਂ ਮੁੱਲ ਦੀਆਂ ਖ਼ਬਰਾਂ ਛਪਣ ਕਾਰਨ ਭੇਤ ਖੁੱਲ੍ਹ ਕੇ ਅਕਸ ਨੂੰ ਖੋਰਾ ਲੱਗਣ ਦੇ ਬਾਵਜੂਦ, ‘ਸਾਖ਼’ ਕਿਤੇ ਗੁੰਝਲਦਾਰ ਸ਼ੈਅ ਹੈ।
ਜੇ ਇਹ ਤੁਹਾਡੇ ਹਿੱਤ ਵਿਚ ਨਹੀਂ ਕਿ ਕਿਸੇ ਸਨਅਤੀ ਉੱਦਮ ਨੇ ਮੈਨਗ੍ਰੋਵਜ਼ (ਜਵਾਰੀ ਬੇਲੇ - ਭਾਵ ਸਮੁੰਦਰ ਕੰਢੇ ਜਵਾਰਭਾਟਾ ਦੇ ਪ੍ਰਭਾਵ ਕਾਰਨ ਉੱਗੇ ਹੋਏ ਜੰਗਲ) ਨੂੰ ਤਬਾਹ ਕਰ ਦਿੱਤਾ ਹੈ ਤਾਂ ਤੁਸੀਂ ਕਿਸੇ ਵੀ ਸੂਰਤ ਵਿਚ ਇਸ ਵੱਲ ਧਿਆਨ ਨਹੀਂ ਦੇਣਾ। ਜਦੋਂ ਡਿਊਸ਼ ਬੈਂਕ (Deutsche Bank) ਦੀ ਬਾਜ਼ਾਰੀ ਕੀਮਤ ਅੱਠਾਂ ਵਿਚੋਂ ਸੱਤ ਹਿੱਸੇ ਡਿੱਗੀ ਤਾਂ ਉਦੋਂ ਤੱਕ ਕਾਲੇ ਧਨ ਨੂੰ ਸਫ਼ੇਦ ਬਣਾਉਣ ਦੇ ਘਪਲੇ ਸਮੇਤ ਇਸ ਨੂੰ ਵਿੱਤੀ ਅਪਰਾਧ ਕਰਦਿਆਂ ਇਕ ਦਹਾਕੇ ਤੋਂ ਵੱਧ ਸਮਾਂ ਬੀਤ ਚੁੱਕਾ ਸੀ। ਕੰਪਿਊਟਰ ਖੋਜਕਾਰਾਂ ਲਈ ਇਹ ਗੱਲ ਮਾਅਨੇ ਰੱਖਦੀ ਹੈ ਕਿ ਗੂਗਲ ਕੋਲ ਖੋਜ ਸਬੰਧੀ ਬਿਹਤਰੀਨ ਅਲਗੋਰਿਦਮ ਹਨ ਜਾਂ ਨਹੀਂ; ਉਹ ਇਸ ਗੱਲ ’ਤੇ ਤਵੱਜੋ ਨਹੀਂ ਦਿੰਦੇ ਕਿ ਇਹ ਆਪਣੀ ਭਾਰੀ ਤਾਕਤ ਨੂੰ ਖ਼ਬਰਾਂ ਦਾ ਕਾਰੋਬਾਰ ਤਬਾਹ ਕਰਨ ਲਈ ਵਰਤ ਰਿਹਾ ਹੈ।
ਉਪਯੋਗਤਾਵਾਦੀ ਨਜ਼ਰੀਏ ਤੋਂ ਤਾਂ ਹਾਲਤ ਇਹੋ ਹੈ ਕਿ ਭਾਵੇਂ ਕਿਸੇ ਕੰਪਨੀ ਨੇ ਕਰਾਂ ਦੀ ਚੋਰੀ ਕੀਤੀ ਹੋਵੇ ਤੇ ਭਾਵੇਂ (ਜਲ, ਜੰਗਲ ਤੇ ਜ਼ਮੀਨ ’ਤੇ ਕਬਜ਼ਾ ਕਰ ਕੇ) ਕਬਾਇਲੀਆਂ ਤੇ ਆਦਿਵਾਸੀਆਂ ਦੀਆਂ ਜ਼ਿੰਦਗੀਆਂ ਤਬਾਹ ਕੀਤੀਆਂ ਹੋਣ, ਇਸ ਦੀ ਫ਼ਿਕਰ ਦੂਜੇ ਹੀ ਕਰਨ। ਇਹੋ ਕਾਰਨ ਹੈ ਕਿ ਈਐੱਸਜੀ (ਵਾਤਾਵਰਨ, ਸਮਾਜਿਕਤਾ, ਸ਼ਾਸਨ) ਦੇ ਆਧਾਰ ਉੱਤੇ ਨਿਵੇਸ਼ ਕਰਨ ਦਾ ਸੰਖੇਪ ਚਲਨ ਹੁਣ ਸਵਾਲਾਂ ਦੇ ਘੇਰੇ ਵਿਚ ਹੈ। ਅਜਿਹੇ ਵਿਹਾਰਕ ਤੌਰ-ਤਰੀਕਿਆਂ ਦੇ ਦੌਰ ਵਿਚ ਕੋਈ ਮੁਲਕ ਤੁਹਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ ਅਤੇ ਉਹ ਤੁਹਾਡਾ ਗੈਸ ਜਾਂ ਤੇਲ ਦਾ ਵੱਡਾ ਗਾਹਕ ਹੈ ਤਾਂ ਇਸ ਰਵੱਈਏ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ।
*ਲੇਖਕ ਆਰਥਿਕ ਮਾਮਲਿਆਂ ਦਾ ਮਾਹਿਰ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ