
ਪ੍ਰੋ. ਅਵਤਾਰ ਸਿੰਘ
ਪ੍ਰੋ. ਅਵਤਾਰ ਸਿੰਘ
ਦੁਨੀਆ ਦਾ ਹਰ ਮਨੁੱਖ ਖੁਸ਼ੀ ਖੁਸ਼ੀ ਜਿਊਣਾ ਚਾਹੁੰਦਾ ਹੈ ਜਿਸ ਦਾ ਅਰਥ ਇਹ ਹੈ ਕਿ ਹਰ ਕੋਈ ਆਪਣੀ ਮਰਜ਼ੀ ਨਾਲ ਖਾਵੇ-ਪੀਵੇ, ਦੇਖੇ-ਸੁਣੇ ਤੇ ਮਿਲੇ-ਵਰਤੇ। ਕੋਈ ਕਿਸੇ ਨੂੰ ਆਦੇਸ਼ ਨਾ ਦੇਵੇ ਤੇ ਨਾ ਕਿਸੇ ਨੂੰ ਪ੍ਰਭਾਵਤ ਕਰਨ ਦੀ ਕੋਸਿ਼ਸ਼ ਕਰੇ। ਕੋਈ ਨਹੀਂ ਚਾਹੁੰਦਾ ਕਿ ਉਸ ਉੱਤੇ ਕੋਈ ਹੋਰ ਆਪਣਾ ਹੁਕਮ ਚਲਾਵੇ। ਆਪਣੇ ਮਨ ਅਤੇ ਆਪਣੀ ਮਰਜ਼ੀ ਦਾ ਮਾਲਕ ਹੋਣਾ ਹਰ ਮਨੁੱਖ ਦੀ ਇੱਛਾ ਅਤੇ ਜਨਮਸਿੱਧ ਅਧਿਕਾਰ ਹੈ।
ਸ਼ਾਇਦ ਹੀ ਕੋਈ ਮਨੁੱਖ ਅਜਿਹਾ ਹੋਵੇ ਜਿਹਦੀ ਕੋਈ ਮਰਜ਼ੀ ਨਾ ਹੋਵੇ। ਇਸੇ ਕਰਕੇ ਹਰ ਮਨੁੱਖ ਆਪਣੀ ਮਰਜ਼ੀ ਕਰਨ ਦੀ ਕੋਸਿ਼ਸ਼ ਕਰਦਾ ਹੈ। ਬਖੇੜਾ ਉਦੋਂ ਪੈਂਦਾ ਹੈ ਜਦ ਕਿਸੇ ਦੀ ਮਰਜ਼ੀ ਕਿਸੇ ਹੋਰ ਦੀ ਮਰਜ਼ੀ ਨਾਲ ਟਕਰਾਉਂਦੀ ਹੈ। ਇਹ ਟਕਰਾਅ ਹਰ ਥਾਂ ਮੌਜੂਦ ਹਨ; ਜੀਆਂ ਵਿਚ, ਪਰਿਵਾਰਾਂ ਵਿਚ, ਮਹੱਲਿਆਂ ਵਿਚ, ਪਿੰਡਾਂ ਵਿਚ, ਸ਼ਹਿਰਾਂ ਵਿਚ, ਸੂਬਿਆਂ ਵਿਚ, ਸਮਾਜਿਕ ਸਮੂਹਾਂ ਵਿਚ, ਮੁਲਕਾਂ ਵਿਚ ਤੇ ਮਹਾਦੀਪਾਂ ਵਿਚ। ਟਕਰਾਅ ਦੀ ਸੂਚੀ ਇੰਨੀ ਲੰਮੀ ਹੈ ਕਿ ਗਿਣਦੇ ਥੱਕ ਜਾਈਏ।
ਇਸ ਸੂਚੀ ਵਿਚੋਂ ਕੋਈ ਵੀ ਜਨ-ਸਮੂਹ ਸਮਰੂਪ (homogeneous) ਨਹੀਂ ਬਲਕਿ ਵਿਭਿੰਨ (heterogeneous) ਹੈ। ਜਿਸ ਰੱਬ ਨੂੰ ਅਸੀਂ ਇਕ ਮੰਨਦੇ ਹਾਂ, ਉਹ ਵੀ ਸਮਰੂਪ ਨਹੀਂ। ਕਿਸੇ ਦਾ ਰੱਬ ਦੂਸਰੇ ਦੇ ਰੱਬ ਨਾਲ ਨਹੀਂ ਮਿਲ਼ਦਾ। ਆਪੋ-ਆਪਣੇ ਰੱਬ ਦੇ ਰੂਪ ਬਦਲੇ ਲੋਕ ਲੜਦੇ ਦੇਖੇ ਜਾ ਸਕਦੇ ਹਨ। ਅਗਰ ਰੱਬ ਹੀ ਸਮਰੂਪ ਨਹੀਂ ਤਾਂ ਮਨੁੱਖ ਕਿਵੇਂ ਸਮਰੂਪ ਹੋ ਸਕਦਾ ਹੈ? ਅਗਰ ਕੋਈ ਵੀ ਮਨੁੱਖ ਕਿਸੇ ਹੋਰ ਵਰਗਾ ਨਹੀਂ ਤਾਂ ਸਮੂਹਿਕ ਮਰਜ਼ੀ ਦਾ ਖਿਆਲ ਹੀ ਹਾਸੋਹੀਣਾ ਤੇ ਬੇਬੁਨਿਆਦ ਹੈ। ਕੋਈ ਹੋਰ ਮੇਰੀ ਮਰਜ਼ੀ ਦਾ ਫੈਸਲਾ ਕਿਉਂ ਕਰੇ ਤੇ ਮੈਂ ਕਿਸੇ ਦੀ ਮਰਜ਼ੀ ਦਾ ਫੈਸਲਾ ਕਿਉਂ ਕਰਾਂ। ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਸੁਆਦੀ। ਬਾਣੀ ਵਿਚ ਵੀ ਆਇਆ ਹੈ:
ਮੇਰੈ ਪ੍ਰਭਿ ਸਾਚੈ ਇਕੁ ਖੇਲੁ ਰਚਾਇਆ॥
ਕੋਇ ਨ ਕਿਸ ਹੀ ਜੇਹਾ ਉਪਾਇਆ॥
ਇਤਿਹਾਸ ਵਿਚ ਹਮੇਸ਼ਾ ਅਜਿਹਾ ਹੁੰਦਾ ਆਇਆ ਹੈ ਕਿ ਕੁਝ ਲੋਕ ਇਕੱਠੇ ਹੁੰਦੇ ਹਨ ਤੇ ਕਿਸੇ ਨਾ ਕਿਸੇ ਤਰੀਕੇ ਆਪਣੀ ਮਰਜ਼ੀ ਕਿਸੇ ਵਿਸ਼ਾਲ ਲੋਕ ਸਮੂਹ ’ਤੇ ਥੋਪਣ ਦੀ ਕੋਸਿ਼ਸ਼ ਕਰਦੇ ਹਨ ਤੇ ਜਿਸ ਵਿਚ ਕਦੇ ਕਦੇ ਕੋਈ ਕਾਮਯਾਬ ਵੀ ਹੋ ਜਾਂਦਾ ਹੈ; ਜਿਵੇਂ 1947 ਵਿਚ ਮੁਸਲਮਾਨ ਕਹੇ ਜਾਂਦੇ ਕੁਝ ਲੋਕ ਭਾਰਤ ਦੇ ਅੱਧ ਪਚੱਧ ਮੁਸਲਮਾਨਾਂ ’ਤੇ ਆਪਣੀ ਮਰਜ਼ੀ ਥੋਪਣ ਵਿਚ ਕਾਮਯਾਬ ਹੋ ਗਏ ਸਨ ਤੇ ਪਾਕਿਸਤਾਨ ਹੋਂਦ ਵਿਚ ਆ ਗਿਆ ਸੀ। ਪਾਕਿਸਤਾਨ ਵਿਚ ਰਹਿਣ ਵਾਲੇ ਲੋਕ ਉਦੋਂ ਕਿੰਨੇ ਖੁਸ਼ ਹੋਏ ਹੋਣਗੇ ਤੇ ਅੱਜ ਕਿੰਨੇ ਖੁਸ਼ ਹਨ, ਇਹਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜਿਹੜੇ ਲੋਕ ਇਧਰੋਂ ਉੱਧਰ ਗਏ ਤੇ ਜਿਹੜੇ ਉੱਧਰੋਂ ਇਧਰ ਆਏ, ਉਨ੍ਹਾਂ ਦੇ ਕਹਿਰ ਭਰੇ ਦਰਦਨਾਕ ਦੁਖੜੇ ਰਹਿੰਦੀ ਦੁਨੀਆ ਤੱਕ ਭੁੱਲਣ ਵਾਲੇ ਨਹੀਂ ਹਨ।
ਮੇਰੀ ਜਾਣਕਾਰੀ ਵਿਚ ਇਕ ਪਰਿਵਾਰ ਅਜਿਹਾ ਸੀ ਜਿਨ੍ਹਾਂ ਨੇ ਕੱਪੜੇ ਧੋ ਕੇ ਤਾਰ ’ਤੇ ਸੁੱਕਣੇ ਪਾਏ ਹੋਏ ਸਨ ਜਿਨ੍ਹਾਂ ਨੂੰ ਉਹ ਉਸੇ ਤਰ੍ਹਾਂ ਸੁੱਕਦੇ ਛੱਡ ਆਏ ਸਨ ਕਿ ਕੱਲ੍ਹ ਪਰਸੋਂ ਵਾਪਸ ਪਰਤ ਕੇ ਆਉਣਗੇ ਤੇ ਚੁੱਕ ਲੈਣਗੇ ਪਰ ਉਹ ਕੱਲ੍ਹ ਪਰਸੋਂ ਅੱਜ ਤੱਕ ਨਹੀਂ ਆਈ। ਉਨ੍ਹਾਂ ਨੂੰ ਅੱਜ ਤੱਕ ਲੱਗਦਾ ਹੈ ਕਿ ਉਹ ਕੱਪੜੇ ਅਜੇ ਵੀ ਉਸੇ ਤਰ੍ਹਾਂ ਤਾਰ ’ਤੇ ਪਏ ਉਨ੍ਹਾਂ ਨੂੰ ਉਡੀਕ ਰਹੇ ਹੋਣਗੇ। ਇਹ ਬੇਸ਼ੱਕ ਬੇਜਾਨ ਜਿਹਾ ਦੁੱਖ ਹੈ ਪਰ ਦੁੱਖ ਤਾਂ ਦੁੱਖ ਹੀ ਹੈ। ਦੁੱਖਾਂ ਵਿਚ ਜਾਨ ਨਹੀਂ ਹੁੰਦੀ, ਅਹਿਸਾਸ ਹੁੰਦੇ ਹਨ ਤੇ ਅਹਿਸਾਸ ਜਾਨ ਨਾਲ਼ੋਂ ਵੀ ਅਹਿਮ ਹੁੰਦੇ ਹਨ।
ਦੁਨੀਆ ਵਿਚ ਸਿੱਖਾਂ ਦੀ ਆਬਾਦੀ ਤਿੰਨ ਕਰੋੜ ਦੇ ਲੱਗਭਗ ਹੈ ਜਿਸ ਵਿਚ ਕਿਸੇ ਪ੍ਰਕਾਰ ਦੀ ਸਮਰੂਪਤਾ ਨਹੀਂ ਹੈ। ਕੋਈ ਕਹਿ ਸਕਦਾ ਹੈ ਕਿ ਸਾਰੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਕਰਕੇ ਸਮਰੂਪ ਹਨ ਪਰ ਇਹ ਤੱਥ ਵੀ ਸੱਚ ਨਹੀਂ ਕਿਉਂਕਿ ਧਾਰਮਿਕ ਮਾਮਲਿਆਂ ਬਾਰੇ ਵੀ ਮੱਤਭੇਦ ਹਨ। ਕੋਈ ਰਾਗ ਮਾਲਾ ਨੂੰ ਨਹੀਂ ਮੰਨਦਾ, ਕੋਈ ਭਗਤ ਬਾਣੀ ਵਿਚ ਨੁਕਸ ਕੱਢਦਾ ਹੈ ਅਤੇ ਕੋਈ ਭੱਟ ਬਾਣੀ ਵਿਚ ਕਈ ਸ਼ਬਦ-ਜੋੜਾਂ ਬਾਰੇ ਸਹਿਮਤੀ ਨਹੀਂ ਹੈ, ਕੋਈ ਪਦ-ਛੇਦ ਗ਼ਲਤ ਮੰਨਦਾ ਹੈ, ਕੋਈ ਉਚਾਰਨ ਨਾਲ ਸਹਿਮਤ ਨਹੀਂ ਤੇ ਰਹਿਤ ਮਰਿਆਦਾ ਬਾਰੇ ਵਿਦਵਾਨਾਂ ਦੇ ਵੱਖ ਵੱਖ ਵਿਚਾਰ ਹਨ। ਇਹ ਹਾਲ ਸਿਰਫ ਸਿੱਖਾਂ ਦਾ ਨਹੀਂ ਬਲਕਿ ਹਰ ਲੋਕ-ਸਮੂਹ ਦਾ ਇਹੀ ਹਾਲ ਹੈ। ਸੰਸਾਰ ਦੇ ਸਮੁੱਚੇ ਲੋਕ-ਜਗਤ ਵਿਚ ਸਿਰਫ ਇਹੀ ਸਮਰੂਪਤਾ ਹੈ ਕਿ ਕੋਈ ਵੀ ਸਮਰੂਪ ਨਹੀਂ ਹੈ।
ਸੰਸਾਰ ਦਾ ਕੋਈ ਵੀ ਲੋਕ-ਸਮੂਹ ਨਾ ਸਮਰੂਪ ਹੈ, ਨਾ ਕਦੇ ਸੀ ਤੇ ਨਾ ਕਦੇ ਹੋ ਸਕਦਾ ਹੈ ਕਿਉਂਕਿ ਹਰ ਮਨੁੱਖ ਦੀ ਆਪਣੀ ਮਰਜ਼ੀ ਹੈ ਤੇ ਕੋਈ ਵੀ ਮਨੁੱਖ ਕਿਸੇ ਹੋਰ ਦੀ ਮਰਜ਼ੀ ਮੁਤਾਬਕ ਜਿਊਣਾ ਨਹੀਂ ਚਾਹੁੰਦਾ। ਮਰਜ਼ੀ ਜਿਊਣ ਅਤੇ ਹੋਣ ਤੋਂ ਵਧੇਰੇ ਅਹਿਮ ਮੰਨੀ ਜਾਂਦੀ ਹੈ ਤੇ ਮਰਜ਼ੀ ਹੀ ਤਾਂ ਹੈ ਜਿਸ ਕਰ ਕੇ ਅਸੀਂ ਜਿਊਣਾ ਚਾਹੁੰਦੇ ਹਾਂ। ਸਾਹਿਰ ਲੁਧਿਆਣਵੀ ਲਿਖਦਾ ਹੈ:
ਲੇ ਦੇ ਕੇ ਅਪਨੇ ਪਾਸ ਫ਼ਕਤ ਏਕ ਨਜ਼ਰ ਤੋ ਹੈ,
ਕਿਉਂ ਦੇਖੇਂ ਜਿ਼ੰਦਗੀ ਕੋ ਕਿਸੀ ਕੀ ਨਜ਼ਰ ਸੇ ਹਮ।
ਅੰਗਰੇਜ਼ੀ ਰਾਜ ਵਿਚ ਪੰਜਾਬ ਦਾ ਕੁੱਲ ਰਕਬਾ 2,56,000 ਵਰਗ ਕਿਲੋਮੀਟਰ ਸੀ ਜਿਸ ਵਿਚ ਸਿੱਖਾਂ ਦੀ ਆਬਾਦੀ ਸਿਰਫ 15 ਫੀਸਦ ਸੀ ਪਰ 1947 ਵਿਚ ਹੋਈ ਵੰਡ ਪਿੱਛੋਂ ਪੂਰਬੀ ਪੰਜਾਬ ਦਾ ਰਕਬਾ ਘਟ ਕੇ 1,22,500 ਵਰਗ ਕਿਲੋਮੀਟਰ ਰਹਿ ਗਿਆ ਜਿਸ ਵਿਚ ਸਿੱਖਾਂ ਦੀ ਆਬਾਦੀ ਵਧ ਕੇ 35 ਫੀਸਦ ਹੋ ਗਈ। ਫਿਰ 1966 ਵਿਚ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦਾ ਰਕਬਾ 50,260 ਵਰਗ ਕਿਲੋਮੀਟਰ ਰਹਿ ਗਿਆ ਤੇ ਸਿੱਖਾਂ ਦੀ ਆਬਾਦੀ ਹੋਰ ਵਧ ਕੇ 60 ਫੀਸਦ ਹੋ ਗਈ। ਪੰਜਾਬ ਵਿਚ ਸਿੱਖਾਂ ਦੀ ਫੀਸਦ ਦੇ ਵਧਣ ਦਾ ਕਾਰਨ ਸਿਰਫ ਰਕਬੇ ਦਾ ਘਟਣਾ ਸੀ। ਸਿੱਖਾਂ ਦੀ ਆਬਾਦੀ ਵਿਚ ਬਹੁਤਾ ਵਾਧਾ ਨਹੀਂ ਹੋਇਆ, ਸਿਰਫ ਰਕਬਾ ਘਟਣ ਨਾਲ ਫੀਸਦ ਵਿਚ ਚੋਖਾ ਵਾਧਾ ਹੋ ਗਿਆ। ਮੁਲਕ ਵੰਡ ਵੇਲੇ ਪੰਜਾਬ ਦਾ ਰਕਬਾ ਘਟ ਕੇ 47.85 ਫੀਸਦ ਰਹਿ ਗਿਆ ਸੀ ਤੇ 1966 ਵਿਚ ਸਿਰਫ 19.6 ਫੀਸਦ ਰਹਿ ਗਿਆ।
ਪੰਜਾਬ ਦੇ ਇਤਿਹਾਸ ਨੂੰ ਇਕ ਹੋਰ ਵੰਡ ਵੱਲ ਧੱਕਣ ਜਾਂ ਖਿੱਚਣ ਦੀ ਕੋਸਿ਼ਸ਼ ਕਰਨ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਪੰਜਾਬ ਦੇ ਲੋਕ ਮੁੱਖ ਤੌਰ ’ਤੇ ਤਿੰਨ ਹਿੱਸਿਆਂ ਵਿਚ ਵੰਡੇ ਜਾ ਚੁੱਕੇ ਹਨ। ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਸਰਸਰੀ ਨਜ਼ਰ ਮਾਰਿਆਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਸਿੱਖ ਹਿੰਦੂਆਂ ਤੋਂ ਦੂਰ ਹੋ ਚੁੱਕੇ ਹਨ ਤੇ ਹਿੰਦੂ ਦਲਿਤਾਂ ਤੋਂ। ਇਕ ਹੋਰ ਨਵਾਂ ਨਕੋਰ ਤੱਥ ਇਹ ਹੈ ਕਿ ਦਲਿਤ ਹੁਣ ਹਿੰਦੂ ਤੇ ਸਿੱਖ, ਦੋਹਾਂ ਤੋਂ ਕੋਹਾਂ ਦੂਰ ਹੋ ਚੁੱਕੇ ਹਨ। ਸੱਚ ਇਹ ਹੈ ਕਿ ਹੁਣ ਕੋਸਿ਼ਸ਼ ਕਰਨ ’ਤੇ ਵੀ ਕੋਈ ਕਿਸੇ ਦੇ ਨੇੜੇ ਜਾਣ ਨੂੰ ਤਿਆਰ ਨਹੀਂ। ਜਿੱਥੇ ਮੰਦਰ ਗੁਰਦੁਆਰੇ ਅਲੱਗ ਹੋ ਗਏ ਹੋਣ, ਜਿੱਥੇ ਸ਼ਮਸ਼ਾਨ-ਘਾਟ ਵੱਖਰੇ ਬਣ ਗਏ ਹਨ, ਉੱਥੇ ਸਮਰੂਪਤਾ ਦੀਆਂ ਗੱਲਾਂ ਮਹਿਜ਼ ਚੁਟਕਲੇ ਹਨ।
ਅੱਜ ਅਗਰ ਪੰਜਾਬ ਦੀ ਮੁੜ ਵੰਡ ਹੁੰਦੀ ਹੈ ਤਾਂ ਇਹ ਤੱਥ ਦੇਖ ਲੈਣਾ ਚਾਹੀਦਾ ਹੈ ਕਿ ਉੱਨੀ ਇੱਕੀ ਦੇ ਫਰਕ ਨਾਲ ਪੰਜਾਬ ਵਿਚ ਦਲਿਤ, ਹਿੰਦੂ ਤੇ ਸਿੱਖ ਬਰਾਬਰ ਦੇ ਭਾਈਵਾਲ ਹੋਣਗੇ। ਸਿੱਖਾਂ ਦੀ ਆਬਾਦੀ ਬੇਸ਼ੱਕ ਜਿੰਨੀ ਮਰਜ਼ੀ ਵਧ ਜਾਵੇ ਪਰ ਰਕਬਾ ਕਿੰਨਾ ਘਟ ਜਾਵੇਗਾ, ਸ਼ਾਇਦ ਅਸੀਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ।
ਸੰਪਰਕ: 94175-18384
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ