DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਦਿੱਲੀ ਦੀ ਅਣਕਿਆਸੀ ਚੁੱਪ

ਅਮਰੀਕਾ ਨੇ ਭਾਰਤ ਨੂੰ ਸਮੁੰਦਰ ਵਿੱਚ ਫਸੇ ਰੂਸੀ ਤੇਲ ਨੂੰ ਖ਼ਰੀਦਣ ਲਈ 30 ਦਿਨਾਂ ਦੀ ਆਰਜ਼ੀ ਛੋਟ ਦਿੱਤੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਇਹ ਸੰਦੇਸ਼ ਸ਼ੁੱਕਰਵਾਰ ਤੜਕੇ ਜਾਰੀ ਕੀਤਾ ਗਿਆ। ਹੁਣ ਇਹ ਨਹੀਂ ਪਤਾ ਕਿ ਮੋਦੀ ਸਰਕਾਰ ਟਰੰਪ ਪ੍ਰਸ਼ਾਸਨ ਦੇ ਫ਼ੁਰਮਾਨ...

  • fb
  • twitter
  • whatsapp
  • whatsapp
Advertisement

ਅਮਰੀਕਾ ਨੇ ਭਾਰਤ ਨੂੰ ਸਮੁੰਦਰ ਵਿੱਚ ਫਸੇ ਰੂਸੀ ਤੇਲ ਨੂੰ ਖ਼ਰੀਦਣ ਲਈ 30 ਦਿਨਾਂ ਦੀ ਆਰਜ਼ੀ ਛੋਟ ਦਿੱਤੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਇਹ ਸੰਦੇਸ਼ ਸ਼ੁੱਕਰਵਾਰ ਤੜਕੇ ਜਾਰੀ ਕੀਤਾ ਗਿਆ। ਹੁਣ ਇਹ ਨਹੀਂ ਪਤਾ ਕਿ ਮੋਦੀ ਸਰਕਾਰ ਟਰੰਪ ਪ੍ਰਸ਼ਾਸਨ ਦੇ ਫ਼ੁਰਮਾਨ ਤੋਂ ਪ੍ਰੇਸ਼ਾਨ ਹੈ ਜਾਂ ਨਹੀਂ, ਜਦੋਂ ਇਹ ਦੱਸਿਆ ਜਾ ਰਿਹਾ ਹੋਵੇ ਕਿ ਕੀ ਕਰਨਾ ਹੈ, ਕਿਸ ਤੋਂ ਤੇਲ ਖ਼ਰੀਦਣਾ ਹੈ, ਕਿੰਨਾ ਖ਼ਰੀਦਣਾ ਹੈ ਅਤੇ ਕਦੋਂ ਖ੍ਰੀਦ ਕਰਨੀ ਹੈ ਜਾਂ ਕਦੋਂ ਬੰਦ ਕਰਨੀ ਹੈ। ਤੁਹਾਨੂੰ ਯਾਦ ਹੋਣੈ ਹਾਲੇ ਪਿਛਲੇ ਮਹੀਨੇ ਹੀ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਮੱਦੇਨਜ਼ਰ ਭਾਰਤ ’ਤੇ ਲਾਗੂ 25 ਫ਼ੀਸਦੀ ਵਾਧੂ ਟੈਕਸ ਵਸੂਲਣ ਦਾ ਫ਼ੈਸਲਾ ਵਾਪਸ ਲੈ ਰਹੇ ਹਨ ਪਰ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਜੇਕਰ ਭਾਰਤ, ਰੂਸ ਕੋਲੋਂ ਤੇਲ ਖ਼ਰੀਦੇਗਾ ਤਾਂ ਉਹ ਮੁੜ ਭਾਰਤ ’ਤੇ ਵਾਧੂ ਟੈਕਸ ਲਾ ਦੇਣਗੇ। ਹਫ਼ਤਾ ਪਹਿਲਾਂ ਇਰਾਨ ਸੰਕਟ ਸ਼ੁਰੂ ਹੋਣ ਬਾਅਦ ਮੋਦੀ ਸਰਕਾਰ ਦੀ ਵਿਦੇਸ਼ ਨੀਤੀ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਦਖ਼ਲ ਦਿੰਦਿਆਂ ਵਿਦੇਸ਼ ਨੀਤੀ ਦੇ ਆਤਮਨਿਰਭਰਤਾ ਦੇ ਨਵੇਂ ਸੰਕਲਪ ’ਤੇ ਸਵਾਲ ਉਠਾਏ ਸਨ। ਸ਼ਾਇਦ, ਵਿਦੇਸ਼ ਮੰਤਰਾਲਾ ਇਹ ਮੰਨਦਾ ਹੈ ਕਿ ਉਸ ਨੂੰ ਦੁਨੀਆ ਦੇ ਤਾਕਤਵਰ ਵਿਅਕਤੀ ਡੋਨਲਡ ਟਰੰਪ ਨੂੰ ਨਾਰਾਜ਼ ਨਹੀਂ ਕਰਨਾ ਚਾਹੀਦਾ ਅਤੇ ਇਸ ਲਈ ਇਰਾਨ ’ਤੇ ਬੰਬ ਸੁੱਟਣ ਦਾ ਸਮਰਥਨ ਕਰਨਾ ਹੀ ਬਿਹਤਰ ਹੈ। ਇਸ ਹਿਸਾਬ ਨਾਲ ਭਾਰਤੀਆਂ ਨੂੰ ਕਦੇ ਵੀ ਬਰਤਾਨਵੀ ਰਾਜ ਖ਼ਿਲਾਫ਼ ਆਜ਼ਾਦੀ ਦੀ ਲੜਾਈ ਨਹੀਂ ਸੀ ਲੜਨੀ ਚਾਹੀਦੀ ਕਿਉਂਕਿ ਅੰਗਰੇਜ਼ਾਂ ਦੇ ਰਾਜ ’ਚ ਰੇਲਗੱਡੀਆਂ ਸਮੇਂ ਸਿਰ ਚੱਲਦੀਆਂ ਸਨ, ਵਿਆਪਕ ਸਿੱਖਿਆ ਪ੍ਰਬੰਧ ਸਨ ਅਤੇ ਸਤੀ ਪ੍ਰਥਾ ਵਰਗੀਆਂ ਸਮਾਜਿਕ ਬੁਰਾਈਆਂ ’ਤੇ ਪਾਬੰਦੀ ਲੱਗੀ ਹੋਈ ਸੀ। ਕਈ ਇਹ ਦਲੀਲ ਵੀ ਦੇਣਗੇ ਕਿ ਆਤਮਨਿਰਭਰਤਾ ਦਾ ਅਸਲ ਵਿੱਚ ਕੁਝ ਹੋਰ ਅਰਥ ਹੈ।

ਇਹ ਨਿਰੰਤਰ ਜਾਗਰੂਕ ਰਹਿਣ, ਦੁਨੀਆ ਦੀਆਂ ਪੇਚੀਦਗੀਆਂ ਸਮਝਣ ਤੇ ਲੋੜ ਪੈਣ ’ਤੇ ਨਿਰਪੱਖ ਧੜਾ ਚੁਣਨ ਦੀ ਜੱਦੋ-ਜਹਿਦ ਹੈ, ਤਾਂ ਹੀ ਤੁਸੀਂ ਆਪਣੇ ਕੌਮੀ ਹਿੱਤਾਂ ਦੀ ਰੱਖਿਆ ਕਰ ਸਕਦੇ ਹੋ। (ਜਵਾਹਰ ਲਾਲ ਨਹਿਰੂ ਨੇ ਇਸ ਨੂੰ ੍ਵ‘ਗੁੱਟਨਿਰਲੇਪ’ ਕਿਹਾ ਸੀ, ਖ਼ੈਰ ਇਸ ਦੀ ਗੱਲ ਹੋਰ ਕਿਸੇ ਦਿਨ ਕਰਾਂਗੇ) ਸੱਚਾਈ ਤਾਂ ਇਹ ਹੈ ਕਿ ਨਵੀਂ ਦਿੱਲੀ ਕੋਲ ਵਿਸ਼ਵ ਵਿਆਪੀ ਅਮਲੀ ਰਾਜਨੀਤੀ ਦੇ ਬਦਲਵੇਂ ਹਾਲਾਤ ਦਾ ਲਾਭ ਉਠਾਉਣ ਦਾ ਤਜਰਬਾ ਹੈ। ਇਸ ਲਈ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਭਾਰਤੀ ਖੁੱਲ੍ਹੇਆਮ ਟਰੰਪ ਤੇ ਬੈਂਜਾਮਿਨ ਨੇਤਨਯਾਹੂ ਨਾਲ ਕਿਉਂ ਖੜ੍ਹਾ ਹੈ। ਇਜ਼ਰਾਇਲੀਆਂ ਨੇ ਅੱਧੇ ਯੂਰੋਪ ਨਾਲ ਨਾਰਾਜ਼ਗੀ ਸਹੇੜ ਲਈ ਹੈ ਤੇ ਟਰੰਪ ਦੂਜੇ ਦਿਨ ਪਾਕਿਸਤਾਨ ਨਾਲ ਹੇਜ ਦਿਖਾਉਂਦਾ ਹੈ। ਦੂਜੇ ਪਾਸੇ, ਟਰੰਪ ਅਤੇ ਵਲਾਦੀਮੀਰ ਪੂਤਿਨ ਮਹੀਨੇ ਵਿੱਚ ਇੱਕ ਵਾਰ ਆਪਸ ਵਿੱਚ ਜ਼ਰੂਰ ਗੱਲ ਕਰਦੇ ਸਨ- ਹਾਲਾਂਕਿ ਅਮਰੀਕਾ, ਭਾਰਤ ਨੂੰ ਰੂਸੀ ਤੇਲ ਨਾ ਖ਼ਰੀਦਣ ਦੀ ਧਮਕੀ ਦਿੰਦਾ ਹੈ। ਇਰਾਨ ਨਾਲ ਟਕਰਾਅ ਤੋਂ ਪਹਿਲਾਂ ਟਰੰਪ, ਚੀਨ ਦੌਰੇ ਦੀ ਯੋਜਨਾ ਬਣਾ ਰਿਹਾ ਸੀ-ਪਰ ਇਰਾਨ ਦੇ ਸਹਿਯੋਗੀ ਤੇ ਭਾਈਵਾਲ ਚੀਨ ਨੇ ਹੁਣ ਟਰੰਪ ਤੇ ਇਰਾਨ ਦਰਮਿਆਨ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ।

Advertisement

ਇਸ ਲਈ ਆਤਮਨਿਰਭਰਤਾ ਦਾ ਅਰਥ ਹੈ ਸਮਝਦਾਰੀ ਨਾਲ ਚੋੋਣ ਕਰਨਾ, ਰਾਸ਼ਟਰੀ ਹਿੱਤ ’ਚ ਕੰਮ ਕਰਨਾ, ਭਾਵੇਂ ਕੁਝ ਕਰਨਾ ਜਾਂ ਨਾ ਕਰਨਾ। ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣਾ ਇਜ਼ਰਾਈਲ ਦਾ ਦੌਰਾ ਮੁਲਤਵੀ ਕਰਨਾ ਚਾਹੀਦਾ ਸੀ, ਇਸ ਲਈ ਨਹੀਂ ਕਿ ਤੁਹਾਡੇ ਸਮੇਤ ਪੂਰੀ ਦੁਨੀਆ ਜਾਣਦੀ ਸੀ ਕਿ ਜੰਗ ਛਿੜਨ ਵਾਲੀ ਹੈ, ਇਸ ਲਈ ਨਹੀਂ ਕਿ ਭਾਰਤ ਅਤੇ ਇਰਾਨ ਦੇ ਸਬੰਧ ਪੁਰਾਣੇ ਹਨ, ਸਗੋਂ ਇਸ ਲਈ ਕਿਉਂਕਿ ਭਾਰਤ ਲਈ ਤੇਲ ਲਿਆਉਣ ਵਾਲੇ ਸਮੁੰਦਰੀ ਬੇੜਿਆਂ ਦੀ 44 ਫ਼ੀਸਦੀ ਆਵਾਜਾਈ ਇਰਾਨ ਦੇ ਕੰਟਰੋਲ ਵਾਲੇ ਜਲ ਮਾਰਗ ਹੌਰਮੁਜ਼ ਤੋਂ ਹੁੰਦੀ ਹੈ। ਇਸ ਦਾ ਮਤਲਬ ਸੀ ਅਬੂ ਧਾਬੀ ਦੇ ਸ਼ਾਸਕ ਮੁਹੰਮਦ ਬਿਨ ਜ਼ਾਇਦ ਨੂੰ ਫੋਨ ਕਰਨ ਤੋਂ ਬਚਣਾ, ਜੋ ਅੱਜ-ਕੱਲ੍ਹ ਆਪਣੇ ਕਿਸੇ ਸਮੇਂ ਸਭ ਤੋਂ ਚੰਗੇ ਦੋਸਤ ਰਹੇ ਸਾਊਦੀ ਅਰਬ ਦੇ ਮੁਹੰਮਦ ਬਿਨ ਸਲਮਾਨ ਨਾਲ ਗੱਲਬਾਤ ਨਹੀਂ ਕਰ ਰਿਹਾ- ਨਾ ਕੇਵਲ ਇਸ ਲਈ ਕਿ ਤੁਸੀਂ ਦੋਵੇਂ ਮੁਲਕਾਂ ਤੋਂ ਤੇਲ ਖ਼ਰੀਦਦੇ ਹੋ ਜਾਂ ਪਾਕਿਸਾਤਨ ਸਾਊਦੀ ਅਰਬ ਦਾ ਰਣਨੀਤਕ ਭਾਈਵਾਲ ਹੈ ਸਗੋਂ ਇਸ ਲਈ ਕਿ ਦੋਵੇਂ ਦੇਸ਼ਾਂ ਵਿੱਚ ਵੱਡੀ ਗਿਣਤੀ ਭਾਰਤੀ ਵੱਸਦੇ ਹਨ, ਜੋ ਸੰਯੁਕਤ ਅਰਬ ਅਮੀਰਾਤ ਵਿੱਚ 4 ਲੱਖ ਅਤੇ ਸਾਊਦੀ ਅਰਬ ਵਿੱਚ ਕਰੀਬ 2.5 ਲੱਖ ਹਨ।

Advertisement

ਸੋਨੀਆ ਗਾਂਧੀ ਨੇ ‘ਇੰਡੀਅਨ ਐਕਸਪ੍ਰੈੱਸ’ ਵਿੱਚ ਲੇਖ ਲਿਖ ਕੇ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਮੇਨੇਈ ਦੀ ਹੱਤਿਆ ’ਤੇ ਭਾਰਤ ਦੀ ਚੁੱਪ ’ਤੇ ਗੰਭੀਰ ਸਵਾਲ ਉਠਾਏ ਤੇ ਅਖ਼ੀਰ ਖਮੇਨੇਈ ਦੀ ਹੱਤਿਆ ਤੋਂ ਪੰਜ ਦਿਨ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੂੰ ਹੁਕਮ ਦਿੱਤਾ ਗਿਆ ਕਿ ਉਹ ਆਪਣੀ ਕਾਰ ਗੈਰਾਜ ਵਿੱਚੋਂ ਕੱਢਣ ਅਤੇ ਕਰੀਬ ਦੋ ਕਿਲੋਮੀਟਰ ਦਾ ਪੈਂਡਾ ਤੈਅ ਕਰ ਕੇ ਦਿੱਲੀ ਦੇ ਧੁਰ ਅੰਦਰ ਸਥਿਤ ਇਰਾਨੀ ਦੂਤਾਵਾਸ ਜਾਣ, ਜਿੱਥੇ ਉਨ੍ਹਾਂ ਭਾਰਤ ਵੱਲੋਂ ਸ਼ੋਕ ਪੁਸਤਿਕਾ (condolence book) ’ਤੇ ਦਸਤਖ਼ਤ ਕੀਤੇ ਗਏ। ਇਸੇ ਦੌਰਾਨ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਆਪਣੇ ਇਰਾਨੀ ਹਮਰੁਤਬਾ ਸਈਦ ਅੱਬਾਸ ਅਰਾਗਚੀ ਨਾਲ ਫੋਨ ’ਤੇ ਗੱਲਬਾਤ ਕੀਤੀ। ਸ਼ੁੱਕਰਵਾਰ ਸ਼ਾਮੀਂ, ਇਜ਼ਰਾਇਲੀ ਵਿਦੇਸ਼ ਮੰਤਰੀ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ, ਜੋ 48 ਘੰਟੇ ਪਹਿਲਾਂ ਇਜ਼ਰਾਈਲ ਤੋਂ ਉਡਾਣ ਭਰ ਚੁੱਕੇ ਸਨ, ਨੂੰ ਇਲਮ ਨਹੀਂ ਸੀ ਕਿ ਇਜ਼ਰਾਈਲ-ਅਮਰੀਕਾ ਇਰਾਨ ’ਤੇ ਹਮਲਾ ਕਰਨ ਵਾਲੇ ਹਨ। ਹੁਣ ਤੁਸੀਂ ਇਜ਼ਰਾਈਲ ਦੇ ਇਸ ਕਬੂਲਨਾਮੇ ’ਤੇ ਦੋ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਸਕਦੇ ਹੋ। ਪਹਿਲਾ, ਇਜ਼ਰਾਈਲ ਕਿਹੋ ਜਿਹਾ ਦੋਸਤ ਹੈ ਜੋ ਆਪਣੇ ਸਭ ਤੋਂ ਕਰੀਬੀ ਦੋਸਤ ਭਾਰਤ ਨੂੰ ਆਪਣੀਆਂ ਯੋਜਨਾਵਾਂ ਬਾਰੇ ਨਹੀਂ ਦੱਸਦਾ?

ਦੂਜਾ, ਅੱਜ ਕਿੰਨੇ ਕੁ ਲੋਕਾਂ ਨੂੰ ਫਰਵਰੀ 1979 ਦੀ ਉਹ ਘਟਨਾ ਯਾਦ ਹੈ, ਜਦੋਂ ਤਤਕਾਲੀ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਚੀਨ ਦੇ ਦੌਰੇ ’ਤੇ ਸਨ ਅਤੇ ਚੀਨ ਨੇ ਵੀਅਤਨਾਮ ਨੂੰ ‘ਸਬਕ ਸਿਖਾਉਣ’ ਲਈ ਉਸ ’ਤੇ ਹਮਲਾ ਕਰ ਦਿੱਤਾ ਸੀ? ਵਾਜਪਾਈ ਨਾਰਾਜ਼ ਹੋ ਕੇ ਆਪਣਾ ਦੌਰਾ ਵਿਚਾਲੇ ਛੱਡ ਕੇ ਦੇਸ਼ ਪਰਤ ਆਏ ਸਨ। ਇਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਇਸ ਘਟਨਾ ’ਤੇ ਡੂੰਘਾ ਸਦਮਾ ਅਤੇ ਦੁੱਖ ਪ੍ਰਗਟ ਕੀਤਾ ਸੀ ਅਤੇ ਭਾਰਤ-ਚੀਨ ਵਿਚਾਲੇ ਸਬੰਧ ਵਿਗੜਨ ਦੀ ਨੌਬਤ ਆ ਗਈ ਸੀ। ਹਾਲਾਂਕਿ 47 ਸਾਲ ਬਾਅਦ ਹਾਲਾਤ ਵੱਖਰੇ ਹਨ।

ਭਾਰਤ ਹਾਲੇ ਇਰਾਨ ਨਾਲ ਸੋਗ ਪ੍ਰਗਟ ਕਰਨ ਬਾਰੇ ਸੋਚ ਹੀ ਰਿਹਾ ਸੀ ਕਿ ਕੌਮਾਂਤਰੀ ਬੇੜਿਆਂ ਸਮੀਖਿਆ -ਅਭਿਆਸ ’ਚ ਹਿੱਸਾ ਲੈ ਕੇ ਭਾਰਤੀ ਜਲ ਖੇਤਰ ਤੋਂ ਰਵਾਨਾ ਹੋਏ ਇਰਾਨੀ ਜੰਗੀ ਜਹਾਜ਼ (IRIS Dena) ਉੱਤੇ ਅਮਰੀਕਾ ਵੱਲੋਂ ਕੀਤੇ ਗਏ ਹਮਲੇ ’ਤੇ ਪ੍ਰਤੀਕਿਰਿਆ ਦੇਣ ਵਿੱਚ ਨਵੀਂ ਦਿੱਲੀ ਨੇ ਪੰਜ ਦਿਨ ਲਾ ਦਿੱਤੇ। ਅਜਿਹਾ ਮੁਲਕ, ਜੋ ‘ਕੁਐਡ’ ਦਾ ਹਿੱਸਾ ਹੈ- ਜਿਸ ਵਿੱਚ ਅਮਰੀਕਾ, ਜਾਪਾਨ, ਆਸਟਰੇਲੀਆ ਅਤੇ ਭਾਰਤ ਸ਼ਾਮਲ ਹਨ, ਇਸ ਗੱਲ ’ਤੇ ਮਾਣ ਕਰਦਾ ਹੈ ਕਿ ਉਹ ਦੁਨੀਆ ਦਾ ਇੱਕ-ਮਾਤਰ ਦੇਸ਼ ਹੈ ਜਿਸ ਦੇ ਨਾਮ ’ਤੇ ਸਮੁੰਦਰ ਦਾ ਨਾਮਕਰਨ ਕੀਤਾ ਗਿਆ ਹੈ ਤੇ ਉਸ ਮੁਲਕ ਦੀ ਅਣਕਿਆਸੀ ਚੁੱਪ ਬਹੁਤ ਕੁਝ ਬਿਆਨ ਕਰ ਰਹੀ ਹੈ। ਦੂਜੇ ਪਾਸੇ, ਸਾਨੂੰ ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਤਲ ਅਵੀਵ ਵਿੱਚ ਮੌਜੂਦ ਸਨ ਤਾਂ ਇਜ਼ਰਾਇਲੀਆਂ ਨੇ ਉਨ੍ਹਾਂ ਨੂੰ ਇਰਾਨ ’ਤੇ ਹਮਲਾ ਕਰਨ ਬਾਰੇ ਨਹੀਂ ਦੱਸਿਆ। ਮੋਦੀ ਨੂੰ ਆਖ਼ਕਾਰ ਸਮਝ ਆ ਗਿਆ ਹੋਵੇਗਾ ਕਿ ਕਿਵੇਂ ਸਭ ਤੋਂ ਚੰਗੇ ਦੋਸਤ ਵੀ ਆਪਣੇ ਪੱਤੇ ਨਹੀਂ ਖੋਲ੍ਹਦੇ। ਜਾਂ, ਕੁਝ ਦਹਾਕੇ ਪਹਿਲਾਂ ਇਜ਼ਰਾਈਲ ਆ ਕੇ ਵਸੇ ਭਾਰਤੀ ਯਹੂਦੀ ਭਾਈਚਾਰੇ ਦਾ ਮੰਨਣਾ ਹੈ ਕਿ ‘ਇਜ਼ਰਾਈਲ ਉਨ੍ਹਾਂ ਦੀ ਮਾਤ-ਭੂਮੀ ਹੈ ਅਤੇ ਭਾਰਤ ਉਨ੍ਹਾਂ ਦਾ ਵਤਨ ਹੈ’, ਇਹ ਗੱਲਾਂ ਪ੍ਰਧਾਨ ਮੰਤਰੀ ਨੇ ਨੇਸੈੱਟ (ਇਜ਼ਰਾਇਲੀ ਅਸੈਂਬਲੀ) ’ਚ ਭਾਸ਼ਣ ਦੌਰਾਨ ਕਹੀਆਂ ਸਨ; ਜਾਂ ਫਿਰ ਇਹ ਕਿ ਭਾਰਤ, ਇਜ਼ਰਾਈਲ ਦੇ ਰੱਖਿਆ ਸਾਜ਼ੋ-ਸਾਮਾਨ ਦਾ ਸਭ ਤੋਂ ਵੱਡਾ ਖ਼ਰੀਦਦਾਰ ਹੈ। ਮੋਦੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ, ਇਜ਼ਰਾਈਲ-ਅਮਰੀਕਾ ਦੀ ਸਾਂਝੇਦਾਰੀ ਦਾ ਹਿੱਸਾ ਨਹੀਂ ਹੈ। ਇਸ ਲਈ ਆਤਮਨਿਰਭਰਤਾ ਭਾਰਤ ਦੇ ਵਜੂਦ ਦੀ ਬੁਨਿਆਦ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਸੰਕਲਪ ਨੂੰ ਹੱਲਾਸ਼ੇਰੀ ਦੇਣਾ ਸਾਨੂੰ ਦੱਸਦਾ ਹੈ ਕਿ ਭਾਰਤ ਨੂੰ ਇਰਾਨ ਵਿੱਚ ਕੁੜੀਆਂ ਦੇ ਸਕੂਲਾਂ ’ਤੇ ਬੰਬ ਸੁੱਟਣ ਵਾਲੀਆਂ ਤਾਕਤਾਂ ਨਾਲ ਅਖੌਤੀ ਗੱਠਜੋੜ ਵਿੱਚ ਨਹੀਂ ਰਹਿਣਾ ਚਾਹੀਦਾ। ਜਦੋਂ ਹਾਲਾਤ ਵੱਸੋਂ ਬਾਹਰ ਹੋ ਜਾਣ ਤਾਂ ਦਿੱਲੀ ਨੂੰ ਬੋਲਣ ਤੋਂ ਨਹੀਂ ਡਰਨਾ ਚਾਹੀਦਾ, ਭਾਵੇਂ ਸਾਡੇ ਵੀ ਕੁਝ ਰਾਜ਼ ਹੋਣ, ਜਿਵੇਂ ਤਾਲਿਬਾਨ ਨਾਲ ਦੋਸਤੀ ਹੋਣਾ ਜੋ ਤੁਹਾਨੂੰ ਆਪਣੀ ਪਤਨੀ ਦੀ ਕੁੱਟਮਾਰ ਕਰਨ ਦੀ ਖੁੱਲ੍ਹ ਦਿੰਦੇ ਹਨ, ਬਸ਼ਰਤੇ ਤੁਸੀਂ ਉਸ ਦੀਆਂ ਹੱਡੀਆਂ ਨਹੀਂ ਤੋੜਨੀਆਂ। ਸੱਚ ਤਾਂ ਇਹ ਹੈ ਕਿ ਅੱਜ ਦਾ ਭਾਰਤ ਬਹੁਤ ਮਜ਼ਬੂਤ ਹੈ, ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਹੈ, ਇਸ ਦੀ ਪ੍ਰਤੀ ਵਿਅਕਤੀ ਜੀ ਡੀ ਪੀ ਸ਼ਾਨਦਾਰ ਹੈ (2025 ਵਿੱਚ 2800 ਡਾਲਰ ਜੋ 2014 ਵਿੱਚ ਮੋਦੀ ਦੇ ਸੱਤਾ ਸੰਭਾਲਣ ਸਮੇਂ 1486 ਡਾਲਰ ਸੀ) ਅਤੇ ਇਸ ਦਾ ਮਜ਼ਬੂਤ ਅਤੇ ਉੱਘਾ ਪਰਵਾਸੀ ਭਾਈਚਾਰਾ ਹੈ ਜੋ ਪ੍ਰਭਾਵਸ਼ਾਲੀ ਹੈ ਅਤੇ ਆਪਣੇ ਦੇਸ਼ ਨੂੰ ਪੈਸੇ ਭੇਜਦਾ ਹੈ। ਪਰ ਇਹ ਹਨੇਰੀ ਦੁਨੀਆ ਹੈ ਅਤੇ ਇਹ ਹਨੇਰਾ ਹੋਰ ਵਧਦਾ ਜਾਵੇਗਾ। ਆਤਮਨਿਰਭਰਤਾ, ਗੁਟਨਿਰਲੇਪਤਾ, ਤੁਸੀਂ ਇਸ ਨੂੰ ਭਾਵੇਂ ਕੋਈ ਵੀ ਨਾਮ ਦੇ ਲਓ, ਇਹੀ ਭਾਰਤ ਲਈ ਸਹੀ ਮਾਰਗਦਰਸ਼ਕ ਹੈ ਜੋ ਸਾਨੂੰ ਰੌਸ਼ਨੀ ਵੱਲ ਲਿਜਾ ਸਕਦਾ ਹੈ।

*ਲੇਖਿਕਾ ‘ਦਿ ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਨ।

Advertisement
×