DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਭਾਰਤੀ ਪੁਲਾੜ ਖੋਜ ਪ੍ਰੋਗਰਾਮ ’ਚ ਕਾਰਪੋਰੇਟਾਂ ਦਾ ਦਾਖ਼ਲਾ

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ’ਤੇ ਚਮਕਾਇਆ ਹੈ, ਪਰ ਅੱਜਕੱਲ੍ਹ ਇਹ ਸੰਸਥਾ ਚਰਚਾ ਵਿੱਚ ਹੈ। ਪਹਿਲਾ ਕਾਰਨ ਇਸ ਦੇ ਕੁਝ ਵਿਗਿਆਨੀਆਂ ਵੱਲੋਂ ਦਿੱਤੇ ਗਏ ਅਸਤੀਫ਼ੇ, ਦੂਜਾ ਕਾਰਨ ਨਿੱਜੀ ਖੇਤਰ ਦੀ ਕੰਪਨੀ ‘ਸਕਾਈਰੂਟ’ ਵੱਲੋਂ ‘ਵਿਕਰਮ’...

  • fb
  • twitter
  • whatsapp
  • whatsapp
Advertisement

ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਦੇਸ਼ ਦਾ ਨਾਮ ਕੌਮਾਂਤਰੀ ਪੱਧਰ ’ਤੇ ਚਮਕਾਇਆ ਹੈ, ਪਰ ਅੱਜਕੱਲ੍ਹ ਇਹ ਸੰਸਥਾ ਚਰਚਾ ਵਿੱਚ ਹੈ। ਪਹਿਲਾ ਕਾਰਨ ਇਸ ਦੇ ਕੁਝ ਵਿਗਿਆਨੀਆਂ ਵੱਲੋਂ ਦਿੱਤੇ ਗਏ ਅਸਤੀਫ਼ੇ, ਦੂਜਾ ਕਾਰਨ ਨਿੱਜੀ ਖੇਤਰ ਦੀ ਕੰਪਨੀ ‘ਸਕਾਈਰੂਟ’ ਵੱਲੋਂ ‘ਵਿਕਰਮ’ ਰਾਕੇਟ ਪੁਲਾੜ ਵਿੱਚ ਭੇਜਣਾ ਅਤੇ ਤੀਜਾ ਕਾਰਨ ਇਸ ਦੇ ਕਰਮਚਾਰੀਆਂ ਦੀਆਂ ਨੌਂ ਜਥੇਬੰਦੀਆਂ ਵੱਲੋਂ ਸੰਸਥਾ ਦੇ ਚੇਅਰਮੈਨ ਵੀ. ਨਾਰਾਇਣਨ ਨੂੰ ਇਸਰੋ ਅਤੇ ਆਪਣੇ ਭਵਿੱਖ ਬਾਰੇ ਚਿੰਤਾ ਪ੍ਰਗਟਾਉਂਦਿਆਂ ਲਿਖਿਆ ਪੱਤਰ ਹੈ। ਭਾਰਤ ’ਚ ਪੁਲਾੜ ਖੋਜ ਪ੍ਰੋਗਰਾਮ ਤਕਰੀਬਨ ਪੰਜ ਦਹਾਕਿਆਂ ਦੀ ਮਿਹਨਤ ਨਾਲ ਉਸਰਿਆ ਸੀ, ਜਿਸ ਦਾ ਮਕਸਦ ਪੁਲਾੜ ਖੋਜ ਨੂੰ ਲੋਕ ਭਲਾਈ ਲਈ ਵਰਤਣਾ ਸੀ। ਇਸ ਮਿਹਨਤ ਨੇ ਇਸਰੋ ਨੂੰ ਦੁਨੀਆ ਦੀਆਂ ਪਹਿਲੀਆਂ ਛੇ ਪੁਲਾੜ ਖੋਜ ਸੰਸਥਾਵਾਂ ਵਿੱਚ ਸ਼ੁਮਾਰ ਕੀਤਾ।‌ ਜੀਓ ਸਟੇਸ਼ਨਰੀ ਅਰਥ ਔਰਬਿਟ ਅਤੇ ਲੋਅ ਅਰਥ ਔਰਬਿਟ ਸੈਟੇਲਾਈਟ ਦੀ ਵੱਡੀ ਖੇਪ ਇਸਰੋ ਕੋਲ ਮੌਜੂਦ ਹੋਣ ਸਦਕਾ ਸੰਚਾਰ ਸੁਵਿਧਾਵਾਂ ਬਹੁਤ ਸੁਖਾਲੀਆਂ ਹੋ ਗਈਆਂ ਹਨ। ਇਸਰੋ ਨੇ ਇੱਕ ਵਪਾਰਕ ਵਿੰਗ ‘ਅੰਤਰਿਕਸ਼ ਕਾਰਪੋਰੇਸ਼ਨ’ 28 ਸਤੰਬਰ 1992 ਨੂੰ ਸ਼ੁਰੂ ਕੀਤਾ ਸੀ, ਜਿਸ ਨੇ ਯੂਰੋਪ, ਮੱਧ ਪੂਰਬ, ਬ੍ਰਿਟੇਨ, ਦੱਖਣ-ਪੂਰਬੀ ਏਸ਼ਿਆਈ ਅਤੇ ਕੈਨੇਡੀਅਨ ਪੁਲਾੜ ਸੰਸਥਾਵਾਂ ਨਾਲ ਵਪਾਰਕ ਸਮਝੌਤੇ ਕੀਤੇ।

24 ਜੂਨ 2020 ਨੂੰ ਕੇਂਦਰੀ ਕੈਬਨਿਟ ਵੱਲੋਂ ਪੁਲਾੜ ਖੋਜ ਪ੍ਰੋਗਰਾਮ ਨੂੰ ਕਾਰਪੋਰੇਟ ਖੇਤਰ ਲਈ ਖੋਲ੍ਹ ਦਿੱਤਾ ਗਿਆ। ਇਹ ਭਾਰਤ ਨੂੰ ਤਕਨੀਕੀ ਪੱਖ ਤੋਂ ‘ਆਤਮ-ਨਿਰਭਰ’ ਬਣਾਉਣ ਵੱਲ ਪਹਿਲਕਦਮੀ ਸੀ। ਇਸੇ ਤਰ੍ਹਾਂ ਜੂਨ 2020 ਦੌਰਾਨ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ। ਖੇਤੀ ਕਾਨੂੰਨ ਤਾਂ ਕਿਸਾਨਾਂ ਨੇ ਆਪਣੇ ਅੰਦੋਲਨ ਰਾਹੀਂ ਵਾਪਸ ਕਰਵਾ ਲਏ, ਪਰ ਕੋਵਿਡ ਮਹਾਮਾਰੀ ਦੌਰਾਨ ਸਰਕਾਰ ਨੇ ਚੁੱਪ-ਚੁਪੀਤੇ ਪੁਲਾੜੀ ਖੋਜ ਪ੍ਰੋਗਰਾਮ ਵਿੱਚ ਕਾਰਪੋਰੇਟਾਂ ਨੂੰ ਦਾਖ਼ਲ ਕਰ ਦਿੱਤਾ। ਪੁਲਾੜੀ ਖੋਜ ’ਚ ਨਿੱਜੀਕਰਨ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਨੇ ਉਕਤ ਕੈਬਨਿਟ ਮੀਟਿੰਗ ਵਿੱਚ ਹੀ ‘ਇੰਡੀਅਨ ਨੈਸ਼ਨਲ ਸਪੇਸ ਪ੍ਰੋਮੋਸ਼ਨ ਐਂਡ ਔਥੋਰਾਈਜੇਸ਼ਨ ਸੈਂਟਰ’ (ਇਨ-ਸਪੇਸ) ਦੀ ਸਥਾਪਨਾ ਕਰਨ ਦਾ ਫ਼ੈਸਲਾ ਕੀਤਾ, ਜੋ ਖ਼ੁਦਮੁਖਤਿਆਰ ਨੋਡਲ ਏਜੰਸੀ ਹੈ। ਇਨ-ਸਪੇਸ ਦੇ ਚੇਅਰਮੈਨ ਉਦਯੋਗਪਤੀ ਪਵਨ ਗੋਇਨਕਾ ਹਨ ਅਤੇ ਬੋਰਡ ਮੈਂਬਰਾਂ ਵਿੱਚ ਵੀ ਨਿੱਜੀ ਖੇਤਰ ਦੇ ਨੁਮਾਇੰਦੇ ਸ਼ਾਮਿਲ ਹਨ। ਇਸ ਦਾ ਮੰਤਵ ਭਾਰਤ ਦੇ ਪੁਲਾੜ ਖੋਜ ਸੋਮਿਆਂ ਨੂੰ ਵਧੀਆ ਤਰੀਕੇ ਨਾਲ ਵਰਤਣਾ ਅਤੇ ਪੁਲਾੜ ਆਧਾਰਿਤ ਖੋਜਾਂ ਨੂੰ ਹੁਲਾਰਾ ਦੇਣਾ ਹੈ। ਇਹ ਸੈਂਟਰ ਨਿੱਜੀ ਪੁਲਾੜ ਕੰਪਨੀਆਂ ਦੀ ਸਿਖਲਾਈ ਸਮੇਤ ਹਰ ਮੰਗ ਨੂੰ ਸਮਝੇਗਾ ਅਤੇ ਉਸ ਨੂੰ ਸੁਖਾਲਾ ਬਣਾਏਗਾ। ਇੱਕ ਤਰ੍ਹਾਂ ਹੁਣ ਇਸਰੋ ਨੂੰ ਦੂਜੇ ਦਰਜੇ ’ਤੇ ਧੱਕ ਦਿੱਤਾ ਗਿਆ ਹੈ ਅਤੇ ਇਹ ਸੈਂਟਰ ਹੀ ਸਭ ਕੁਝ ਨਿਰਧਾਰਿਤ ਕਰੇਗਾ। ਇਸਰੋ ਇਸ ਦੇ ਫ਼ੈਸਲੇ ਮੰਨਣ ਲਈ ਪਾਬੰਦ ਹੋਵੇਗੀ। ਛੇ ਮਾਰਚ 2019 ਨੂੰ ‘ਨਿਊ ਸਪੇਸ ਇੰਡੀਆ ਲਿਮਟਿਡ’ (ਐੱਨ ਐੱਸ ਆਈ ਐੱਲ) ਦੀ ਸਥਾਪਨਾ ਕੀਤੀ ਗਈ ਸੀ, ਜਿਸ ਨੇ ਬ੍ਰਹਿਮੰਡੀ ਖੋਜ ਦੇ ਨਿੱਜੀਕਰਨ ਦਾ ਰਾਹ ਪੱਧਰਾ ਕਰਨਾ ਸੀ ਅਤੇ ਅੰਤਰਿਕਸ਼ ਕਾਰਪੋਰੇਸ਼ਨ ਦਾ ਭੋਗ ਪਾਉਣਾ ਸੀ। ਇਸੇ ਤਰ੍ਹਾਂ ਇਸਰੋ ਦੀਆਂ ਜਾਇਦਾਦਾਂ ਨੂੰ ਵੀ ਨਿੱਜੀ ਕੰਪਨੀਆਂ ‘ਗਰਾਊਂਡ ਸਟੇਸ਼ਨ ਐਜ਼ ਏ ਸਰਵਿਸ’ ਵਜੋਂ ਵਰਤ ਸਕਣਗੀਆਂ।

Advertisement

ਅਹਿਮਦਾਬਾਦ ਸਥਿਤ ਅਜ਼ੀਸਟਾ ਏਅਰੋਸਪੇਸ ਕੰਪਨੀ ਨੂੰ ਵੈਰੀ ਹਾਈ ਅਤੇ ਅਲਟਰਾ ਹਾਈ ਫ੍ਰੀਕੁਐਂਸੀ ਦੇ ਨਾਲ-ਨਾਲ ਹਵਾਈ ਅਤੇ ਸਮੁੰਦਰੀ ਜਹਾਜ਼ਾਂ ਦੇ ਰਾਡਾਰ ਸਿਸਟਮ ਵਿੱਚ ਵਰਤੇ ਜਾਣ ਵਾਲੇ ਐੱਸ ਅਤੇ ਐਕਸ ਲਈ ਛੇ ਅਜਿਹੇ ਸਰਵਿਸ ਗਰਾਊਂਡ ਦੀ ਮਨਜ਼ੂਰੀ ਵੀ ਮਿਲ ਚੁੱਕੀ ਹੈ। ਪੁਲਾੜ ਖੋਜ ਦਾ ਨਿੱਜੀਕਰਨ ਕਰਨ ਲਈ ਜੋ ਲੱਛੇਦਾਰ ਭਾਸ਼ਾ ਵਰਤੀ ਜਾ ਰਹੀ ਹੈ, ਉਹ ਬਿਜਲੀ, ਟੈਲੀਕੌਮ, ਬੀਮਾ ਤੇ ਹਵਾਈ ਖੇਤਰਾਂ ਦੇ ਨਿੱਜੀਕਰਨ ਲਈ ਵੀ ਵਰਤੀ ਗਈ। ਇਨ-ਸਪੇਸ ਦੇ ਚੇਅਰਮੈਨ ਪਵਨ ਗੋਇਨਕਾ ਨੇ ਸਪੱਸ਼ਟ ਕੀਤਾ ਹੈ ਕਿ ਇਸਰੋ ਭਵਿੱਖ ਵਿੱਚ ‘ਲਾਂਚ ਵਹੀਕਲਜ਼’ ਦਾ ਨਿਰਮਾਣ ਨਹੀਂ ਕਰੇਗੀ। ਹਾਲਾਂਕਿ ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਸੰਸਥਾ ਦੇ ਨਿੱਜੀਕਰਨ ਦੀ ਸੰਭਾਵਨਾ ਨੂੰ ਨਕਾਰ ਦਿੱਤਾ ਹੈ, ਪਰ ਚੇਅਰਮੈਨ ਵੱਲੋਂ ਇਸਰੋ ਦੀਆਂ ਜਥੇਬੰਦੀਆਂ ਦੇ ਮੁੱਖ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਮੁਲਾਜ਼ਮਾਂ ਨੇ ਇਹ ਸਵਾਲ ਵੀ ਕੀਤਾ ਸੀ ਕਿ ਰੁਟੀਨ ਸੈਟੇਲਾਈਟ ਦਾ ਨਿਰਮਾਣ ਕਿਉਂ ਰੋਕਿਆ ਗਿਆ ਹੈ ਅਤੇ ਨਿੱਜੀ ਕੰਪਨੀਆਂ ਲਈ ਕੁਲਾਸੇਕਰਾਪਟਨਮ (ਤਾਮਿਲਨਾਡੂ) ਵਿੱਚ ਨਵਾਂ ਪੁਲਾੜ ਲਾਂਚ ਕੰਪਲੈਕਸ ਕਿਉਂ ਉਸਾਰਿਆ ਜਾ ਰਿਹਾ ਹੈ? ਇਸ ਸਾਲ ਦਸ ਜੂਨ ਨੂੰ ਇਨ-ਸਪੇਸ ਨੇ ਇਸਰੋ ਦੀ ਵੱਡੀ ਅਮਾਨਤ ਐੱਲ ਵੀ ਐੱਮ-3 ਰਾਕੇਟ ਦੀ ਤਕਨੀਕ ਨਿੱਜੀ ਕੰਪਨੀਆਂ ਨੂੰ ਵੇਚਣ ਲਈ ਟੈਂਡਰ ਮੰਗੇ ਹਨ।

Advertisement

ਨਾਸਾ: ਸਾਲ 1960 ਤੱਕ ਨਾਸਾ ਸਰਕਾਰੀ ਫੰਡਾਂ ਨਾਲ ਚੱਲਦੀ ਸੀ ਅਤੇ ਉਸ ਵਿੱਚ 36,000 ਮੁਲਾਜ਼ਮ ਕੰਮ ਕਰਦੇ ਸਨ। ਨਾਸਾ ਵਿੱਚ ਨਿੱਜੀ ਭਾਈਵਾਲੀ ਨੇ ਅੱਜ ਮੁਲਾਜ਼ਮਾਂ ਦੀ ਗਿਣਤੀ 14,000 ਤੱਕ ਸੀਮਿਤ ਕਰ ਦਿੱਤੀ ਹੈ। ਜਿਵੇਂ ਜਨਤਕ ਖੇਤਰ ਦੀ ਬੀ ਐੱਸ ਐੱਨ ਐੱਲ ਦਾ ਸੁਮੱਚਾ ਢਾਂਚਾ ਜੀਓ ਨੂੰ ਵਰਤਣ ਲਈ ਦਿੱਤਾ ਸੀ। ਅੱਜ ਜੀਓ ਕਿੱਥੇ ਪਹੁੰਚ ਗਿਆ ਅਤੇ ਬੀ ਐੱਸ ਐੱਨ ਐੱਲ ਆਖ਼ਰੀ ਸਾਹਾਂ ’ਤੇ ਹੈ। ਇਸਰੋ ਵਿੱਚ ਮਨਜ਼ੂਰਸ਼ੁਦਾ 18,142 ਆਸਾਮੀਆਂ ਵਿੱਚੋਂ 2613 ਆਸਾਮੀਆਂ ਖਾਲੀ ਹਨ ਅਤੇ ਚੰਦਰਯਾਨ ਵਰਗੇ ਵੱਕਾਰੀ ਪ੍ਰੋਜੈਕਟ ਵਿੱਚ ਲੱਗੇ ਵਿਗਿਆਨੀਆਂ ਸਮੇਤ ਇੱਕ ਵੱਡਾ ਸਮੂਹ ਅਸਤੀਫ਼ੇ ਦੇ ਚੁੱਕਾ ਹੈ। ਸੇਵਾਮੁਕਤ ਵਿਗਿਆਨੀਆਂ ਨੂੰ ਨਿੱਜੀ ਖੇਤਰ ਨੇ ਮੋਟੀਆਂ ਤਨਖਾਹਾਂ ਨਾਲ ਆਪਣੇ ਵੱਲ ਖਿੱਚ ਲਿਆ ਹੈ। ਵਿਗਿਆਨੀਆਂ ਨੂੰ ਇਸਰੋ ਵਿੱਚ ਰੱਖਣ ਲਈ ਕਿਸੇ ਪੇਸ਼ੇਵਰ ਪਹੁੰਚ ਦੀ ਬਜਾਏ ਅਸਤੀਫ਼ੇ ਨਾਮਨਜ਼ੂਰ ਕਰਨ ਵਾਲਾ ਨੌਕਰਸ਼ਾਹ ਤਰੀਕਾ ਅਪਣਾਇਆ ਗਿਆ।

ਇਹ ਉਦਾਰੀਕਰਨ ਤੋਂ ਬਾਅਦ ਸ਼ੁਰੂ ਹੋਏ ਰੁਝਾਨ ਦਾ ਹੀ ਰੂਪ ਹੈ, ਜਿੱਥੇ ਜਨਤਕ ਖੇਤਰ ਨੂੰ ਘੱਟ ਮਨੁੱਖੀ ਸ਼ਕਤੀ ਨਾਲ ਵੱਧ ਕੰਮ ਕਰਨ ਲਈ ਕਿਹਾ ਜਾਂਦਾ ਹੈ। ਜਨਤਕ ਖੇਤਰ, ਸਿਆਸੀ ਸਰਪ੍ਰਸਤੀ ਵਾਲੇ ਨਿੱਜੀ ਖੇਤਰ ਦਾ ਮੁਕਾਬਲਾ ਕਰਨ ਵਿੱਚ ਖ਼ਤਾ ਖਾ ਜਾਂਦਾ ਹੈ। ਇਨ-ਸਪੇਸ ਵੱਲੋਂ ਫਰਵਰੀ 2025 ਵਿੱਚ ਨਿੱਜੀ ਪੁਲਾੜ ਕੰਪਨੀਆਂ ਨੂੰ ‘ਟੈਕਨਾਲੋਜੀ ਅਡਾਪਸ਼ਨ ਫੰਡ’ ਦੇ ਨਾਮ ਹੇਠ ਪੰਜ ਸੌ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਵੀ ਮਨਜ਼ੂਰ ਕੀਤੀ ਗਈ ਸੀ। ਇਨ੍ਹਾਂ ਨਿੱਜੀ ਕੰਪਨੀਆਂ ਦਾ ਰਾਹ ਮੋਕਲਾ ਕਰਨ ਲਈ ਅਪਰੈਲ 2025 ਵਿੱਚ ‘ਇਨ-ਸਪੇਸ’ ਨੇ ‘ਸੈਟੇਲਾਈਟ ਬੱਸ ਐਜ਼ ਏ ਸਰਵਿਸ’ ਤਹਿਤ ਸੈਟੇਲਾਈਟ ਪੁਲਾੜ ਵਿੱਚ ਭੇਜਣ ਦਾ ਪ੍ਰਬੰਧ ਕੀਤਾ ਸੀ। ਇਸੇ ਦੇ ਆਧਾਰ ’ਤੇ ਸਕਾਈਰੂਟ ਵੱਲੋਂ ‘ਵਿਕਰਮ’ ਸੈਟੇਲਾਈਟ 18 ਜੁਲਾਈ 2026 ਨੂੰ ਦਾਗਿਆ ਗਿਆ, ਜਿਸ ਦੀ ਪ੍ਰਸ਼ੰਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਸੈਸ਼ਨ ਵਾਲੇ ਦਿਨ ਬਾਹਰ ਖੜ੍ਹ ਕੇ ਕੀਤੀ ਸੀ।

ਸਰਕਾਰੀ ਕੰਜੂਸੀ: ‘ਦਿ ਹਿੰਦੂ’ ਵਿੱਚ 29 ਜੁਲਾਈ 2026 ਨੂੰ ਛਪੀ ਖ਼ਬਰ ਮੁਤਾਬਿਕ ਸਾਇੰਸ ਅਤੇ ਤਕਨਾਲੋਜੀ, ਬਾਇਓਟੈਕਨੋਲੋਜੀ, ਪ੍ਰਮਾਣੂ ਊਰਜਾ (ਅਟੌਮਿਕ ਐਨਰਜੀ), ਇਸਰੋ ਅਤੇ ਦੂਜੇ ਵਿਗਿਆਨਕ ਵਿਭਾਗਾਂ ਲਈ ‘ਗਰੌਸ ਐਕਸਪੈਂਡੀਚਰ ਔਨ ਰਿਸਰਚ ਐਂਡ ਡਿਵੈਲਪਮੈਂਟ’ (GERD) ਤਹਿਤ ਜਿੱਥੇ ਕੇਂਦਰੀ ਸਹਾਇਤਾ ਘਟ ਰਹੀ ਹੈ, ਉੱਥੇ ਨਿੱਜੀ ਖੇਤਰ ਦਾ ਯੋਗਦਾਨ ਲਗਾਤਾਰ ਵਧ ਰਿਹਾ ਹੈ ਜੋ 2017-18 ਦੌਰਾਨ 38.5 ਫ਼ੀਸਦੀ ਸੀ, ਉਹ 2023-24 ਦੌਰਾਨ ਵਧ ਕੇ 51.8 ਫ਼ੀਸਦੀ ਹੋ ਗਿਆ। ਇਹ ਅੰਕੜਾ ਜੇ ਰਕਮ ਦੇ ਹਿਸਾਬ ਨਾਲ ਗਿਣਿਆ ਜਾਵੇ ਤਾਂ ਕ੍ਰਮਵਾਰ 46,700 ਕਰੋੜ ਤੋਂ ਵਧ ਕੇ 126,800 ਕਰੋੜ ਰੁਪਏ ਬਣਦਾ ਹੈ। ਵਿਗਿਆਨਕ ਕੰਮਾਂ ਲਈ ਜਿੱਥੇ ਭਾਰਤ ਸਰਕਾਰ ਨੇ 2021-22 ਵਿੱਚ ਸਿਰਫ਼ 0.64 ਫ਼ੀਸਦੀ ਖਰਚਿਆ, ਉੱਥੇ ਇਸੇ ਸਾਲ ਦੌਰਾਨ ਚੀਨ, ਜਪਾਨ, ਦੱਖਣੀ ਕੋਰੀਆ, ਅਮਰੀਕਾ ਅਤੇ ਇਜ਼ਰਾਈਲ ਨੇ ਆਪਣੀ ਜੀ ਡੀ ਪੀ ਦਾ ਕ੍ਰਮਵਾਰ 2.4, 3.3, 4.8, 3.5 ਅਤੇ 5 ਫ਼ੀਸਦੀ ਖਰਚਿਆ ਹੈ।

ਨਿੱਜੀਕਰਨ ਦੇ ਖ਼ਤਰੇ: ਭਾਰਤ ਵਿੱਚ ਪੁਲਾੜ ਗਤੀਵਿਧੀਆਂ ਸਬੰਧੀ ਕੋਈ ਕਾਨੂੰਨ ਨਹੀਂ ਹੈ। ਇਸ ਅਸਪੱਸ਼ਟਤਾ ਦਾ ਫ਼ਾਇਦਾ ਨਿੱਜੀ ਕੰਪਨੀਆਂ ਵੱਲੋਂ ਉਠਾਉਣਾ ਸੁਭਾਵਿਕ ਹੈ। ਕਿਸੇ ਨੁਕਸਾਨ ਦੀ ਸੂਰਤ ਵਿੱਚ ਜ਼ਿੰਮੇਵਾਰੀ ਤੈਅ ਕਰਨ ਲਈ ਕੋਈ ਕਾਨੂੰਨੀ ਖਰੜਾ ਵੀ ਨਹੀਂ ਹੈ। ਇਨ-ਸਪੇਸ ਦੀ ਭੂਮਿਕਾ ਸਿਰਫ਼ ਨਿੱਜੀ ਕੰਪਨੀਆਂ ਨੂੰ ਹੁਲਾਰਾ ਦੇਣਾ ਹੈ, ਰੈਗੂਲੇਟ ਕਰਨਾ ਨਹੀਂ, ਖ਼ਾਸਕਰ ਜਦੋਂ ਇਸ ’ਚ ਨਿੱਜੀ ਖੇਤਰ ਦੇ ਨੁਮਾਇੰਦੇ ਹਾਵੀ ਹੋਣ। ਇਸਰੋ ਦਾ ਸ਼ੁਰੂਆਤੀ ਉਦੇਸ਼ ਕਿਸੇ ਪੁਲਾੜੀ ਦੌੜ ਵਿੱਚ ਪੈਣਾ ਨਹੀਂ ਸੀ ਸਗੋਂ ਵਿਕਾਸਮੁਖੀ ਅਤੇ ਸਮਾਜਿਕ ਸਵੈ-ਨਿਰਭਰਤਾ ਸੀ। ਨਿੱਜੀ ਪੂੰਜੀ ਨਿਵੇਸ਼ ਤਾਂ ਮੁਨਾਫ਼ਾ ਆਧਾਰਿਤ ਹੁੰਦਾ ਹੈ, ਜਿਸ ਵਿੱਚ ਸਮਾਜਿਕ ਸਰੋਕਾਰਾਂ ਲਈ ਕੋਈ ਥਾਂ ਨਹੀਂ ਹੁੰਦੀ। ਇੱਕ ਹੋਰ ਖ਼ਤਰਾ ਇਹ ਹੈ ਕਿ ਮਿਜ਼ਾਈਲ ਨਿਰਮਾਣ ਵਿੱਚ ਲੱਗੇ ਜਨਤਕ ਅਦਾਰੇ ਡੀ ਆਰ ਡੀ ਓ ਵਿੱਚ ਵੀ ਪਿਛਲੇ ਦਿਨਾਂ ਵਿੱਚ ਨਿੱਜੀਕਰਨ ਦੀ ਖਿੜਕੀ ਖੋਲ੍ਹ ਦਿੱਤੀ ਗਈ ਹੈ। ਪੁਲਾੜ ਵਿੱਚ ਨਿੱਜੀ ਖੇਤਰ ਦਾ ਦਖ਼ਲ ਆਪਸੀ ਮੁਕਾਬਲੇਬਾਜ਼ੀ ਅਤੇ ਕਬਜ਼ਾ ਕਰਨ ਦੀ ਪ੍ਰਵਿਰਤੀ ਨੂੰ ਵੀ ਵਧਾਉਂਦਾ ਹੈ। 1967 ਦੀ ਆਊਟਰ ਸਪੇਸ ਸੰਧੀ ਪੁਲਾੜ ਨੂੰ ਨਿੱਜੀਕਰਨ ਤੋਂ ਮੁਕਤ ਕਰਦੀ ਹੈ, ਪਰ ਅਮਰੀਕਾ ਪਹਿਲਾਂ ਹੀ ਸਪੇਸ ਐਕਟ 2015 ਰਾਹੀਂ 1967 ਦੀ ਸੰਧੀ ਨੂੰ ਬੇਅਸਰ ਕਰ ਚੁੱਕਿਆ ਹੈ।

ਐਲੋਨ ਮਸਕ 2050 ਤੱਕ ਮੰਗਲ ਗ੍ਰਹਿ ’ਤੇ ਬਸਤੀ ਕਾਇਮ ਦਾ ਸੁਪਨਾ ਲੈ ਰਿਹਾ ਹੈ। ਕੀ ਹੁਣ ਪੁਲਾੜ ਬਸਤੀਵਾਦ ਦੀ ਨਵੀਂ ਪ੍ਰਯੋਗਸ਼ਾਲਾ ਨਹੀਂ ਬਣਨ ਜਾ ਰਿਹਾ? ਬ੍ਰਿਟਿਸ਼ ਇਤਿਹਾਸਕਾਰ ਹੌਬਸਬਾਨ ਨੇ ਲਿਖਿਆ ਸੀ ਕਿ ਭਵਿੱਖਬਾਣੀ, ਭੂਤਕਾਲ ਨੂੰ ਸਮਝ ਕੇ ਹੀ ਕੀਤੀ ਜਾ ਸਕਦੀ ਹੈ। ਉਂਝ, ਧਰਤੀ ’ਤੇ ਫੈਲੇ ਬਸਤੀਵਾਦ ਨਾਲ ਪੁਲਾੜ ਦੇ ਭਵਿੱਖੀ ਬਸਤੀਵਾਦੀ ਵਿਸਥਾਰ ਨੂੰ ਸਮਝਿਆ ਜਾ ਸਕਦਾ ਹੈ। ਨਿੱਜੀਕਰਨ ਨਾਲ ਵਾਤਾਵਰਨ ਵਿਗਾੜ ਵੀ ਵਧਦੇ ਹਨ। ਇੱਕ ਅੰਦਾਜ਼ੇ ਮੁਤਾਬਿਕ ਧਰਤੀ ਦੇ ਆਲੇ-ਦੁਆਲੇ ਬੇਕਾਰ ਹੋ ਚੁੱਕੇ 27 ਹਜ਼ਾਰ ਪੁਲਾੜੀ ਟੁਕੜਿਆਂ ਦਾ ਇੱਕ ਸਮੂਹ ਘੁੰਮ ਰਿਹਾ ਹੈ, ਜੋ ਇਸ ਸਦੀ ਦੇ ਅੰਤ ਤੱਕ ਪੰਜਾਹ ਗੁਣਾ ਵਧ ਸਕਦਾ ਹੈ।

ਸੰਪਰਕ: 98728-44163

Advertisement
×