DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏ ਆਈ ’ਤੇ ਕਾਰਪੋਰੇਟ ਏਕਾਧਿਕਾਰ ਤੇ ਡਿਜੀਟਲ ਗ਼ੁਲਾਮੀ

ਅਜੋਕੇ ਸੰਸਾਰ ਵਿੱਚ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਨਾਮਵਰ ਤਕਨੀਕੀ ਕੰਪਨੀਆਂ ਅਜਿਹੀ ਸ਼ਕਤੀ ਬਣ ਚੁੱਕੀਆਂ ਹਨ, ਜੋ ਸਾਡੇ ਰੋਜ਼ਮੱਰ੍ਹਾ ਦੇ ਕੰਮਕਾਜ ਤੋਂ ਲੈ ਕੇ ਰਾਜਨੀਤੀ ਅਤੇ ਕੌਮਾਂਤਰੀ ਸਬੰਧਾਂ ਤੱਕ ਹਰ ਖੇਤਰ ’ਤੇ ਡੂੰਘਾ ਪ੍ਰਭਾਵ ਪਾ ਰਹੀਆਂ ਹਨ। ਫੋਨ ’ਤੇ ਵੀਡੀਓ...

  • fb
  • twitter
  • whatsapp
  • whatsapp
Advertisement

ਅਜੋਕੇ ਸੰਸਾਰ ਵਿੱਚ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ) ਅਤੇ ਨਾਮਵਰ ਤਕਨੀਕੀ ਕੰਪਨੀਆਂ ਅਜਿਹੀ ਸ਼ਕਤੀ ਬਣ ਚੁੱਕੀਆਂ ਹਨ, ਜੋ ਸਾਡੇ ਰੋਜ਼ਮੱਰ੍ਹਾ ਦੇ ਕੰਮਕਾਜ ਤੋਂ ਲੈ ਕੇ ਰਾਜਨੀਤੀ ਅਤੇ ਕੌਮਾਂਤਰੀ ਸਬੰਧਾਂ ਤੱਕ ਹਰ ਖੇਤਰ ’ਤੇ ਡੂੰਘਾ ਪ੍ਰਭਾਵ ਪਾ ਰਹੀਆਂ ਹਨ। ਫੋਨ ’ਤੇ ਵੀਡੀਓ ਸੁਝਾਅ ਦੇਣ ਤੋਂ ਲੈ ਕੇ ਡਾਕਟਰੀ ਤੇ ਕਾਨੂੰਨੀ ਸਲਾਹਾਂ ਅਤੇ ਯੁੱਧ ਨੀਤੀ ਤੱਕ, ਹਰ ਥਾਂ ਏ ਆਈ ਆਪਣੀ ਮੌਜੂਦਗੀ ਦਰਜ ਕਰਵਾ ਰਹੀ ਹੈ। ਬੇਸ਼ੱਕ, ਇਸ ਨੇ ਮਨੁੱਖੀ ਜੀਵਨ ਨੂੰ ਸੁਖਾਲਾ ਬਣਾਇਆ ਹੈ, ਪਰ ਇਸ ਦੇ ਨਾਲ ਇੱਕ ਗੰਭੀਰ ਸਵਾਲ ਵੀ ਖੜ੍ਹਾ ਹੁੰਦਾ ਹੈ ਕਿ ਕੀ ਇਹ ਤਕਨੀਕ ਆਮ ਲੋਕਾਂ ਦੇ ਭਲੇ ਲਈ ਹੈ ਜਾਂ ਫਿਰ ਕੁਝ ਕੰਪਨੀਆਂ ਅਤੇ ਤਾਕਤਵਰ ਮੁਲਕਾਂ ਲਈ ਮੁਨਾਫ਼ਾ ਕਮਾਉਣ ਦਾ ਸਾਧਨ ਮਾਤਰ ਹੈ? ਸ਼ਕਤੀ ਦੇ ਇਸ ਕੇਂਦਰੀਕਰਨ ਨੇ ਦੁਨੀਆ ਭਰ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ, ਜਿਸ ਨਾਲ ਸਿਆਸੀ ਅਤੇ ਆਰਥਿਕ ਚਿੰਤਾਵਾਂ ਲਗਾਤਾਰ ਵਧ ਰਹੀਆਂ ਹਨ।

ਇਸੇ ਚਰਚਾ ਦੇ ਚੱਲਦਿਆਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਨੇ ਜਨਵਰੀ 2025 ਵਿੱਚ ਆਪਣੇ ਵਿਦਾਇਗੀ ਭਾਸ਼ਣ ਦੌਰਾਨ ਇੱਕ ਮਹੱਤਵਪੂਰਨ ਚਿਤਾਵਨੀ ਦਿੱਤੀ ਸੀ। ਉਨ੍ਹਾਂ ਨੇ ਅਮਰੀਕਾ ਨੂੰ ਇੱਕ ਨਵੇਂ ਖ਼ਤਰੇ ਤੋਂ ਜਾਣੂ ਕਰਵਾਇਆ, ਇੱਕ ਅਜਿਹਾ ਉੱਭਰਦਾ ‘ਟੈੱਕ-ਉਦਯੋਗਿਕ ਕੰਪਲੈਕਸ’ ਜੋ ਲੋਕਤੰਤਰ ਲਈ ਗੰਭੀਰ ਚੁਣੌਤੀ ਬਣ ਰਿਹਾ ਹੈ। ਇਹ ਚਿਤਾਵਨੀ ਸਾਲ 1961 ਵਿੱਚ ਰਾਸ਼ਟਰਪਤੀ ਡੀ ਡੀ ਆਈਜ਼ਨਹਾਵਰ ਵੱਲੋਂ ‘ਫ਼ੌਜੀ-ਉਦਯੋਗਿਕ ਕੰਪਲੈਕਸ’ ਬਾਰੇ ਦਿੱਤੀ ਗਈ ਇਤਿਹਾਸਕ ਚਿਤਾਵਨੀ ਨਾਲ ਮੇਲ ਖਾਂਦੀ ਹੈ। ਬਾਇਡਨ ਅਨੁਸਾਰ, ਟੈੱਕ ਅਰਬਪਤੀਆਂ ਅਤੇ ਵਿਸ਼ਾਲ ਤਕਨੀਕੀ ਕੰਪਨੀਆਂ ਦੇ ਹੱਥਾਂ ਵਿੱਚ ਦੌਲਤ ਅਤੇ ਤਾਕਤ ਦਾ ਇਕੱਠਾ ਹੋਣਾ ਖ਼ਤਰਨਾਕ ਰੂਪ ਅਖ਼ਤਿਆਰ ਕਰ ਰਿਹਾ ਹੈ, ਜੋ ਲੋਕਾਂ ਦੇ ਬੁਨਿਆਦੀ ਹੱਕਾਂ ਅਤੇ ਬਰਾਬਰ ਦੇ ਮੌਕਿਆਂ ਨੂੰ ਢਾਹ ਲਾ ਸਕਦਾ ਹੈ। ਸੋਸ਼ਲ ਮੀਡੀਆ ਰਾਹੀਂ ਫੈਲ ਰਹੀਆਂ ਗ਼ਲਤ ਖ਼ਬਰਾਂ, ਬੱਚਿਆਂ ਤੇ ਪਰਿਵਾਰਾਂ ’ਤੇ ਪੈਂਦੇ ਇਸ ਦੇ ਮਾੜੇ ਪ੍ਰਭਾਵਾਂ ਅਤੇ ਮਸਨੂਈ ਬੁੱਧੀ ਨੂੰ ਆਪਣੇ ਦੌਰ ਦੀ ਸਭ ਤੋਂ ਵੱਡੀ ਚੁਣੌਤੀ ਮੰਨਦਿਆਂ ਬਾਇਡਨ ਨੇ ਇਸ ਨੂੰ ਸਮਾਜ ਅਤੇ ਆਰਥਿਕਤਾ ਲਈ ਵੱਡਾ ਖ਼ਤਰਾ ਦੱਸਿਆ। ਇਹ ਚਿੰਤਾ ਉਸ ਵੇਲੇ ਹੋਰ ਵੀ ਪ੍ਰਸੰਗਿਕ ਹੋ ਜਾਂਦੀ ਹੈ ਜਦੋਂ ਮੌਜੂਦਾ ਟਰੰਪ ਪ੍ਰਸ਼ਾਸਨ ਵਿੱਚ ਐਲਨ ਮਸਕ ਵਰਗੇ ਤਕਨੀਕੀ ਜਗਤ ਦੇ ਮੋਹਰੀਆਂ ਦਾ ਪ੍ਰਭਾਵ ਸਪੱਸ਼ਟ ਨਜ਼ਰ ਆ ਰਿਹਾ ਹੈ।

Advertisement

ਸਿਲੀਕੌਨ ਵੈਲੀ ਦੀਆਂ ਦਿੱਗਜ ਕੰਪਨੀਆਂ ਜਿਵੇਂ ਕਿ ਗੂਗਲ, ਮੈਟਾ, ਐਮਾਜ਼ੋਨ, ਮਾਈਕਰੋਸੌਫਟ, ਐਪਲ ਅਤੇ ਓਪਨਏਆਈ ਅੱਜ ਵਿਸ਼ਵ ਸਿਆਸਤ ਅਤੇ ਆਰਥਿਕਤਾ ’ਤੇ ਉਸੇ ਤਰ੍ਹਾਂ ਹਾਵੀ ਹਨ, ਜਿਵੇਂ ਕਿਸੇ ਵੇਲੇ ਤੇਲ, ਆਟੋਮੋਬਾਈਲ ਅਤੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਹੁੰਦੀਆਂ ਸਨ। ਫ਼ਰਕ ਸਿਰਫ਼ ਇੰਨਾ ਹੈ ਕਿ ਹੁਣ ਰਵਾਇਤੀ ਹਥਿਆਰਾਂ ਦੀ ਥਾਂ ਡੇਟਾ, ਐਲਗੋਰਿਦਮ ਅਤੇ ਕਲਾਊਡ ਸੇਵਾਵਾਂ ਨੇ ਲੈ ਲਈ ਹੈ। ਇਹ ਕੰਪਨੀਆਂ ਸਾਡੀ ਰੋਜ਼ਾਨਾ ਜੀਵਨ ਸ਼ੈਲੀ ਤੋਂ ਲੈ ਕੇ ਸਾਡੀਆਂ ਨਿੱਜੀ ਭਾਵਨਾਵਾਂ ਤੱਕ ਹਰ ਗਤੀਵਿਧੀ ’ਤੇ ਨਜ਼ਰ ਰੱਖ ਰਹੀਆਂ ਹਨ। ਸਾਡੇ ਕਲਿੱਕਾਂ, ਲਾਈਕਾਂ ਅਤੇ ਆਪਸੀ ਗੱਲਬਾਤ ਤੋਂ ਡੇਟਾ ਇਕੱਠਾ ਕਰਕੇ ਇਹ ਕੰਪਨੀਆਂ ਆਪਣੇ ਏ ਆਈ ਮਾਡਲਾਂ ਨੂੰ ਸਿੱਖਿਅਤ ਕਰਦੀਆਂ ਅਤੇ ਇਸੇ ਤੋਂ ਅੰਨ੍ਹਾ ਮੁਨਾਫ਼ਾ ਕਮਾਉਂਦੀਆਂ ਹਨ।

Advertisement

ਇਸ ਪ੍ਰਕਿਰਿਆ ਨੇ ਪੁਰਾਣੇ ਫ਼ੌਜੀ-ਉਦਯੋਗਿਕ ਗੱਠਜੋੜ ਨੂੰ ਤਕਨਾਲੋਜੀ ਨਾਲ ਜੋੜ ਕੇ ਨਵਾਂ ਵਿਕਰਾਲ ਰੂਪ ਦੇ ਦਿੱਤਾ ਹੈ। ਮਿਸਾਲ ਵਜੋਂ, ਮਸਨੂਈ ਬੁੱਧੀ ਦਾ ਜਿਹੜਾ ਮਾਡਲ ਤੁਹਾਨੂੰ ਔਨਲਾਈਨ ਖ਼ਰੀਦਦਾਰੀ ਦੇ ਸੁਝਾਅ ਦਿੰਦਾ ਹੈ, ਉਹੀ ਮਾਡਲ ਫ਼ੌਜ ਲਈ ਡਰੋਨਾਂ ਰਾਹੀਂ ਦੁਸ਼ਮਣ ਦੇ ਨਿਸ਼ਾਨੇ ਤੈਅ ਕਰਨ ਵਿੱਚ ਵੀ ਮਦਦ ਕਰ ਰਿਹਾ ਹੈ। ਅਮਰੀਕਾ ਵਿੱਚ ‘ਪੈਲੈਂਟੀਰ’ ਅਤੇ ‘ਗੂਗਲ’ ਵਰਗੀਆਂ ਕੰਪਨੀਆਂ ਰੱਖਿਆ ਵਿਭਾਗ ਨਾਲ ਵੱਡੇ ਸਮਝੌਤੇ ਕਰ ਰਹੀਆਂ ਹਨ ਜਦੋਂਕਿ ਦੂਜੇ ਪਾਸੇ ਚੀਨ ਵੀ ਆਪਣੀ ਏ ਆਈ ਤਕਨਾਲੋਜੀ ਦੀ ਵਰਤੋਂ ਰਾਜਨੀਤਿਕ ਨਿਗਰਾਨੀ ਅਤੇ ਫ਼ੌਜੀ ਉਦੇਸ਼ਾਂ ਲਈ ਬੜੀ ਤੇਜ਼ੀ ਨਾਲ ਕਰ ਰਿਹਾ ਹੈ। ਇਸ ਤਰ੍ਹਾਂ ਤਕਨਾਲੋਜੀ ਭੂ-ਸਿਆਸੀ ਮੈਦਾਨ ਵਿੱਚ ਫ਼ੈਸਲਾਕੁਨ ਭੂਮਿਕਾ ਨਿਭਾਉਣ ਲੱਗੀ ਹੈ, ਜੋ ਅਮਰੀਕਾ-ਚੀਨ ਦਰਮਿਆਨ ਆਧੁਨਿਕ ਤਕਨੀਕੀ ਜੰਗ ਦਾ ਮੁੱਖ ਧੁਰਾ ਬਣ ਚੁੱਕੀ ਹੈ।

ਕਿਰਤ ਦਾ ਸੰਕਲਪ ਹੁਣ ਰਵਾਇਤੀ ਸਰੀਰਕ ਮੁਸ਼ੱਕਤ ਦੇ ਦਾਇਰੇ ਤੋਂ ਨਿਕਲ ਕੇ ਜਟਿਲ ਡਿਜੀਟਲ ਪ੍ਰਬੰਧ ਵਿੱਚ ਤਬਦੀਲ ਹੋ ਚੁੱਕਾ ਹੈ। ਭਾਵੇਂ ਖੇਤੀਬਾੜੀ, ਉਸਾਰੀ ਅਤੇ ਲੌਜਿਸਟਿਕਸ ਵਰਗੇ ਖੇਤਰਾਂ ਵਿੱਚ ਮਨੁੱਖੀ ਮਿਹਨਤ ਅੱਜ ਵੀ ਬੁਨਿਆਦ ਹੈ, ਪਰ ਹੁਣ ਇਸ ਦੀ ਗਤੀ ਅਤੇ ਦਿਸ਼ਾ ਐਲਗੋਰਿਦਮ ਤੈਅ ਕਰਦੇ ਹਨ। ਅੱਜ ਦਾ ਮਜ਼ਦੂਰ ਸਿਰਫ਼ ਪਸੀਨਾ ਹੀ ਨਹੀਂ ਵਹਾਉਂਦਾ ਸਗੋਂ ਆਪਣੇ ਹਰ ਕਦਮ ਨਾਲ ‘ਡੇਟਾ’ ਪੈਦਾ ਕਰਦਾ ਹੈ, ਜੋ ਕੰਪਨੀਆਂ ਦੇ ਮੁਨਾਫ਼ੇ ਵਧਾਉਣ ਦਾ ਮੁੱਖ ਸੰਦ ਬਣਦਾ ਹੈ। ਡਿਜੀਟਲ ਯੁੱਗ ਨੇ ਸਰੀਰਕ ਕਿਰਤ ਨੂੰ ਖ਼ਤਮ ਨਹੀਂ ਕੀਤਾ, ਸਗੋਂ ਇਸ ਨੂੰ ਤਕਨੀਕੀ ਨਿਗਰਾਨੀ ਦੇ ਢਾਂਚੇ ਵਿੱਚ ਪਰੋ ਦਿੱਤਾ ਹੈ ਜਿੱਥੇ ਕੰਮ ਦੀ ਪ੍ਰਕਿਰਤੀ ਅਤੇ ਮੁੱਲ ਦੋਵੇਂ ਬਦਲ ਗਏ ਹਨ। ਹੁਣ ਮਾਨਸਿਕ ਅਤੇ ਡਿਜੀਟਲ ਕਿਰਤ ਰਵਾਇਤੀ ਕੰਮਾਂ ਨੂੰ ਨਵੇਂ ਢੰਗ ਨਾਲ ਸੰਗਠਿਤ ਕਰ ਰਹੀ ਹੈ। ਲੋਕ ਆਪਣੇ ਗਿਆਨ, ਰਚਨਾਤਮਕਤਾ ਅਤੇ ਵਿਹਾਰ ਰਾਹੀਂ ਜੋ ਡੇਟਾ ਉਤਪੰਨ ਕਰਦੇ ਹਨ, ਕੰਪਨੀਆਂ ਉਸ ਦੀ ਵਰਤੋਂ ਆਪਣੀਆਂ ਮਸ਼ੀਨਾਂ ਨੂੰ ਸਿਖਾਉਣ ਲਈ ਕਰਦੀਆਂ ਹਨ। ਇਸ ਤਰ੍ਹਾਂ ਆਮ ਲੋਕਾਂ ਦਾ ਸਮਾਂ ਅਤੇ ਧਿਆਨ ਵੀ ਇੱਕ ਕਿਸਮ ਦੀ ‘ਮੁਫ਼ਤ ਮਜ਼ਦੂਰੀ’ ਬਣ ਗਿਆ ਹੈ, ਜਿਸ ਨਾਲ ਤਕਨੀਕੀ ਕੰਪਨੀਆਂ ਦੀ ਕਮਾਈ ਤਾਂ ਵਧ ਰਹੀ ਹੈ ਪਰ ਉਸ ਲਾਭ ਵਿੱਚ ਆਮ ਲੋਕਾਂ ਦਾ ਹਿੱਸਾ ਨਿਗੂਣਾ ਹੈ। ਨਤੀਜੇ ਵਜੋਂ, ਟੈੱਕ ਅਰਬਪਤੀਆਂ ਦੀ ਤਾਕਤ ਵਧ ਰਹੀ ਹੈ, ਪਰ ‘ਗਿੱਗ ਇਕੌਨੌਮੀ’ ਦੇ ਕਾਮੇ ਨਿਊਨਤਮ ਉਜਰਤਾਂ ’ਤੇ ਰਹਿ ਗਏ ਹਨ, ਜਿਸ ਨੇ ਵਰਗ-ਵੰਡ ਨੂੰ ਡੂੰਘੇਰਾ ਕਰ ਦਿੱਤਾ ਹੈ।

ਇਹ ਕੰਪਨੀਆਂ ‘ਧਿਆਨ ਦੀ ਆਰਥਿਕਤਾ’ (Attention Economy) ਰਾਹੀਂ ਲੋਕਾਂ ਦੀਆਂ ਰੁਚੀਆਂ, ਗੁੱਸੇ ਅਤੇ ਡਰ ਨੂੰ ਸਮਝ ਕੇ ਉਹੀ ਸਮੱਗਰੀ ਸਾਹਮਣੇ ਲਿਆਉਂਦੀਆਂ ਹਨ, ਜਿਸ ਨਾਲ ਯੂਜ਼ਰ ਪਲੇਟਫਾਰਮ ਉੱਤੇ ਵੱਧ ਤੋਂ ਵੱਧ ਸਮਾਂ ਬਿਤਾਵੇ। ਇਹ ਪ੍ਰਣਾਲੀ ਸਾਡੀਆਂ ਟਿੱਪਣੀਆਂ, ਸਿਆਸੀ ਰੁਝਾਨਾਂ ਅਤੇ ਖਪਤ ਦੀਆਂ ਆਦਤਾਂ ਨੂੰ ਪ੍ਰਭਾਵਿਤ ਕਰਦੀ ਹੈ। ਗ਼ਲਤ ਖ਼ਬਰਾਂ ਅਤੇ ਭਰਮ ਫੈਲਾਉਣ ਵਾਲੇ ਇਸ ਤੰਤਰ ਨੇ ਸਮਾਜਿਕ ਉਲਝਣ ਨੂੰ ਬਹੁਤ ਵਧਾ ਦਿੱਤਾ ਹੈ। ਦਰਅਸਲ, ਇਹ ‘ਨਿਗਰਾਨੀ ਪੂੰਜੀਵਾਦ’ ਦਾ ਉਹ ਰੂਪ ਹੈ ਜਿੱਥੇ ਮਨੁੱਖੀ ਨਿੱਜਤਾ ’ਤੇ ਇਸ ਕਦਰ ਡਾਕਾ ਮਾਰਿਆ ਜਾਂਦਾ ਹੈ ਕਿ ਤੁਹਾਡਾ ਹਰ ਛੋਟਾ ਕੰਮ ਡੇਟਾ ਬਣ ਕੇ ਉਨ੍ਹਾਂ ਦੇ ਮੁਨਾਫ਼ੇ ਦਾ ਸਾਧਨ ਬਣ ਜਾਂਦਾ ਹੈ।

ਆਲਮੀ ਪੱਧਰ ’ਤੇ ਵੀ ਇਸ ਦਾ ਅਸਰ ਸਪੱਸ਼ਟ ਹੈ। ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਤਕਨੀਕੀ ਕੰਪਨੀਆਂ ‘ਮੁਫ਼ਤ ਇੰਟਰਨੈੱਟ’ ਦੇ ਨਾਂ ’ਤੇ ਲੋਕਾਂ ਦਾ ਕੀਮਤੀ ਡੇਟਾ ਇਕੱਠਾ ਕਰਕੇ ਲਾਹਾ ਖੱਟ ਰਹੀਆਂ ਹਨ। ਇਹ ਇੱਕ ਤਰ੍ਹਾਂ ਦਾ ਡਿਜੀਟਲ ਬਸਤੀਵਾਦ ਹੈ, ਜਿਸ ਰਾਹੀਂ ਉਹ ਇਨ੍ਹਾਂ ਮੁਲਕਾਂ ’ਤੇ ਆਪਣਾ ਪ੍ਰਭਾਵ ਵਧਾ ਰਹੀਆਂ ਹਨ। ਖਾੜੀ ਦੇਸ਼ਾਂ ਅਤੇ ਇਰਾਨ ਵਰਗੀਆਂ ਥਾਵਾਂ ਉੱਤੇ ਏ ਆਈ ਨੂੰ ਨਿਗਰਾਨੀ ਕਰਨ ਅਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਵਰਤਿਆ ਜਾ ਰਿਹਾ ਹੈ, ਜਿਸ ਵਿੱਚ ਪੱਛਮੀ ਤਕਨੀਕੀ ਕੰਪਨੀਆਂ ਸਹਿਯੋਗ ਦੇ ਰਹੀਆਂ ਹਨ। ਮਿਸਾਲ ਵਜੋਂ ‘ਸਟਾਰਲਿੰਕ’ ਨੇ ਖ਼ੁਦ ਨੂੰ ਸਰਬਉੱਚ ਮੰਨ ਕੇ ਇਰਾਨ ਦੀ ਰਾਜਸੱਤਾ ਦੀ ਮਨਜ਼ੂਰੀ ਤੋਂ ਬਿਨਾਂ ਹੀ ਉੱਥੇ ਆਪਣੀਆਂ ਸੇਵਾਵਾਂ ਪਹੁੰਚਾਉਣ ਦਾ ਫ਼ੈਸਲਾ ਕੀਤਾ। ਜੇਕਰ ਇਸ ਅਸੀਮ ਅਤੇ ਅਥਾਹ ਸ਼ਕਤੀ ਉੱਤੇ ਸਿਰਫ਼ ਸਰਮਾਏਦਾਰ ਵਰਗ ਦਾ ਗ਼ਲਬਾ ਰਿਹਾ ਤਾਂ ਇਹ ਮਨੁੱਖਤਾ ਨੂੰ ‘ਸਵੈ-ਇੱਛਤ ਡਿਜੀਟਲ ਗ਼ੁਲਾਮੀ’ ਵੱਲ ਧੱਕ ਦੇਵੇਗੀ, ਜਿੱਥੇ ਲੋਕ ਬਿਨਾਂ ਕਿਸੇ ਜਬਰ ਦੇ ਖ਼ੁਦ ਐਲਗੋਰਿਦਮਾਂ ਦੇ ਅਧੀਨ ਹੋਣਾ ਪ੍ਰਵਾਨ ਕਰ ਲੈਣਗੇ। ਅਜਿਹੀ ਸਥਿਤੀ ਵਿੱਚ ਮਨੁੱਖ ਦੀ ਮੌਲਿਕ ਸੋਚ, ਸਿਰਜਣਾਤਮਕਤਾ ਅਤੇ ਆਜ਼ਾਦ ਚੇਤਨਾ ਹੌਲੀ-ਹੌਲੀ ਦਮ ਤੋੜ ਦੇਵੇਗੀ। ਇਸ ਗੰਭੀਰ ਚੁਣੌਤੀ ਦਾ ਅਸਲ ਸਥਾਈ ਹੱਲ ਇਹ ਹੈ ਕਿ ਮਸਨੂਈ ਬੁੱਧੀ, ਡੇਟਾ ਪ੍ਰਣਾਲੀ ਅਤੇ ਇਨ੍ਹਾਂ ਵਿਸ਼ਾਲ ਬਹੁ-ਕੌਮੀ ਤਕਨੀਕੀ ਕੰਪਨੀਆਂ ਨੂੰ ਨਿੱਜੀ ਮਲਕੀਅਤ ਦੇ ਸ਼ਿਕੰਜੇ ਵਿੱਚੋਂ ਮੁਕਤ ਕਰਵਾ ਕੇ ਜਨਤਕ ਅਤੇ ਸਾਂਝੀ ਮਲਕੀਅਤ ਅਧੀਨ ਲਿਆਂਦਾ ਜਾਵੇ।

ਭੂ-ਸਿਆਸੀ ਪੱਧਰ ’ਤੇ ਵੀ ਇਸ ਸ਼ਕਤੀ ਦਾ ਵਿਕੇਂਦਰੀਕਰਨ ਅਤੇ ਨਿਆਂਪੂਰਨ ਵੰਡ ਹੋਣੀ ਬੇਹੱਦ ਲਾਜ਼ਮੀ ਹੈ। ਅਜੋਕੇ ਦੌਰ ਵਿੱਚ ਕੁਝ ਮੁਲਕਾਂ ਅਤੇ ਕਾਰਪੋਰੇਟ ਘਰਾਣਿਆਂ ਨੇ ਇਸ ਤਕਨਾਲੋਜੀ ’ਤੇ ਆਪਣਾ ਏਕਾਧਿਕਾਰ ਜਮਾਇਆ ਹੋਇਆ ਹੈ, ਜੋ ਵਿਸ਼ਵ ਸ਼ਾਂਤੀ ਅਤੇ ਜਮਹੂਰੀਅਤ ਲਈ ਵੱਡਾ ਖ਼ਤਰਾ ਹੈ। ਜਦੋਂ ਤੱਕ ਮਸਨੂਈ ਬੁੱਧੀ ਦੀ ਲਗਾਮ ਕੁਝ ਤਾਕਤਵਰ ਹੱਥਾਂ ਵਿੱਚ ਰਹੇਗੀ, ਉਦੋਂ ਤੱਕ ਇਸ ਦੀ ਵਰਤੋਂ ਜੰਗਾਂ, ਨਿਗਰਾਨੀ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਲਈ ਹੁੰਦੀ ਰਹੇਗੀ। ਅਜਿਹਾ ਕਰਕੇ ਹੀ ਮਸਨੂਈ ਬੁੱਧੀ ਨੂੰ ਨਵੇਂ ਸਾਮਰਾਜਵਾਦੀ ਹਥਿਆਰ ਵਜੋਂ ਵਰਤੇ ਜਾਣ ਤੋਂ ਰੋਕਿਆ ਅਤੇ ਮਨੁੱਖੀ ਆਜ਼ਾਦੀ, ਬਰਾਬਰੀ ਤੇ ਮੁਕਤੀ ਦਾ ਸੱਚਾ ਵਸੀਲਾ ਬਣਾਇਆ ਜਾ ਸਕਦਾ ਹੈ। ਅਜਿਹੇ ਨਿਆਂਸ਼ੀਲ, ਚੇਤੰਨ ਅਤੇ ਸੁਰੱਖਿਅਤ ਭਵਿੱਖ ਦੀ ਸਿਰਜਣਾ ਲਈ ਅੱਜ ਵਿਸ਼ਵ ਭਰ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਇਸ ਨਵੀਂ ਡਿਜੀਟਲ ਚੁਣੌਤੀ ਖ਼ਿਲਾਫ਼ ਇੱਕ ਵਿਆਪਕ ਆਵਾਜ਼ ਬੁਲੰਦ ਕਰਨੀ ਪਵੇਗੀ। ਸਮਾਂ ਆ ਗਿਆ ਹੈ ਕਿ ਤਕਨਾਲੋਜੀ ਦੇ ਵਿਕਾਸ ਨੂੰ ਮੁੱਠੀ ਭਰ ਮੁਨਾਫ਼ਾਖ਼ੋਰਾਂ ਦੀਆਂ ਤਿਜੋਰੀਆਂ ਭਰਨ ਦਾ ਸਾਧਨ ਬਣਨ ਤੋਂ ਰੋਕਿਆ ਜਾਵੇ ਅਤੇ ਇਸ ਦਾ ਰੁਖ਼ ਸਮੁੱਚੀ ਲੋਕਾਈ ਦੇ ਭਲੇ ਤੇ ਇੱਕ ਸੁਖਾਵੇਂ ਸੰਸਾਰ ਦੀ ਸਿਰਜਣਾ ਵੱਲ ਮੋੜਿਆ ਜਾਵੇ।

ਇੱਕ ਹੈਰਾਨਕੁਨ ਤੱਥ ਇਹ ਹੈ ਕਿ ਮਹਿਜ਼ ਗੂਗਲ, ਮੈਟਾ ਅਤੇ ਐਮਾਜ਼ੋਨ ਵਰਗੀਆਂ ਤਿੰਨ ਵੱਡੀਆਂ ਕੰਪਨੀਆਂ ਅੱਜ ਦੁਨੀਆ ਭਰ ਦੇ ਲਗਪਗ 8 ਅਰਬ ਲੋਕਾਂ ਦੀ ਰੋਜ਼ਾਨਾ ਡਿਜੀਟਲ ਗਤੀਵਿਧੀ ’ਤੇ ਨਜ਼ਰ ਰੱਖ ਰਹੀਆਂ ਹਨ। ਇਸ ਡੇਟਾ ਦੇ ਸਿਰ ’ਤੇ ਇਹ ਕੰਪਨੀਆਂ ਹਰ ਸਾਲ ਲੱਖਾਂ-ਕਰੋੜਾਂ ਡਾਲਰਾਂ ਦਾ ਮੁਨਾਫ਼ਾ ਕਮਾਉਂਦੀਆਂ ਹਨ ਜਦੋਂਕਿ ਇਸ ਡੇਟਾ ਨੂੰ ਪੈਦਾ ਕਰਨ ਵਾਲੇ ਅਰਬਾਂ ਲੋਕਾਂ ਨੂੰ ਬਦਲੇ ਵਿੱਚ ਇੱਕ ਧੇਲਾ ਵੀ ਹਾਸਲ ਨਹੀਂ ਹੁੰਦਾ। ਮੌਜੂਦਾ ਦੌਰ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜੰਗ ਅਤੇ ਹਥਿਆਰਾਂ ਵਜੋਂ ਵਰਤੋਂ ਸਭ ਤੋਂ ਵੱਡਾ ਖ਼ਤਰਾ ਬਣ ਕੇ ਉੱਭਰੀ ਹੈ। ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਵਰਤੀ ਗਈ ‘ਲੈਵੈਂਡਰ’ ਪ੍ਰਣਾਲੀ ਵਰਗੀਆਂ ਤਕਨੀਕਾਂ ਮਨੁੱਖੀ ਦਖ਼ਲ ਤੋਂ ਬਿਨਾਂ ਹੀ ਖ਼ੁਦਮੁਖ਼ਤਿਆਰ ਤਰੀਕੇ ਨਾਲ ਨਿਸ਼ਾਨੇ ਚੁਣ ਰਹੀਆਂ ਹਨ। ‘ਲੈਵੈਂਡਰ’ ਅਸਲ ਵਿੱਚ ਏ ਆਈ ਆਧਾਰਿਤ ਨਿਸ਼ਾਨਾਬੰਦੀ ਪ੍ਰਣਾਲੀ ਹੈ, ਜਿਸ ਨੂੰ ਇਜ਼ਰਾਈਲੀ ਫ਼ੌਜ ਦੀ ਨਿਪੁੰਨ ਖ਼ੁਫ਼ੀਆ ਇਕਾਈ ‘ਯੂਨਿਟ 8200’ ਨੇ ਵਿਕਸਿਤ ਕੀਤਾ ਹੈ। ਇਹ ਪ੍ਰਣਾਲੀ ਵੱਡੇ ਪੱਧਰ ’ਤੇ ਉਪਲਬਧ ਨਿਗਰਾਨੀ ਡੇਟਾ ਦਾ ਵਿਸ਼ਲੇਸ਼ਣ ਕਰਕੇ ਫ਼ਲਸਤੀਨੀਆਂ ਨੂੰ ਹਮਾਸ ਜਾਂ ਇਸਲਾਮਿਕ ਜਹਾਦ ਨਾਲ ਜੋੜਦੀ ਅਤੇ ਉਨ੍ਹਾਂ ਨੂੰ ਫ਼ੌਜੀ ਨਿਸ਼ਾਨਿਆਂ ਵਜੋਂ ਚਿੰਨ੍ਹਿਤ ਕਰਦੀ ਹੈ। ਰਿਪੋਰਟਾਂ ਮੁਤਾਬਿਕ ਜੰਗ ਦੇ ਸ਼ੁਰੂਆਤੀ ਹਫ਼ਤਿਆਂ ਦੌਰਾਨ ਇਸ ਪ੍ਰਣਾਲੀ ਨੇ ਲਗਪਗ 37,000 ਫ਼ਲਸਤੀਨੀਆਂ ਨੂੰ ਸ਼ੱਕੀ ਮੈਂਬਰਾਂ ਵਜੋਂ ਚਿੰਨ੍ਹਿਤ ਕੀਤਾ ਅਤੇ ਉਨ੍ਹਾਂ ਦੇ ਘਰਾਂ ਨੂੰ ਬੰਬਾਰੀ ਦਾ ਨਿਸ਼ਾਨਾ ਬਣਾਇਆ ਗਿਆ। ਇਸ ਪ੍ਰਕਿਰਿਆ ਨੇ ਫ਼ੌਜੀ ਫੈਸਲਿਆਂ ਵਿੱਚ ਮਨੁੱਖੀ ਸੰਵੇਦਨਾ ਤੇ ਸੋਚ ਨੂੰ ਬਹੁਤ ਸੀਮਤ ਕਰ ਦਿੱਤਾ, ਜਿਸ ਕਾਰਨ ਵੱਡੀ ਗਿਣਤੀ ਬੇਗੁਨਾਹ ਨਾਗਰਿਕਾਂ ਦੀਆਂ ਮੌਤਾਂ ਹੋਈਆਂ। ਇਸ ਤੋਂ ਇਲਾਵਾ, ਸਾਈਬਰ ਹਮਲੇ ਅਤੇ ਖ਼ੁਦਮੁਖ਼ਤਿਆਰ ਡਰੋਨ ਵੀ ਹੁਣ ਏਆਈ ਰਾਹੀਂ ਸੰਚਾਲਿਤ ਹੋ ਰਹੇ ਹਨ। ਇਹ ਸਭ ਕੁਝ ਆਲਮੀ ਭੂ-ਸਿਆਸਤ ਵਿੱਚ ਸ਼ਕਤੀ ਪ੍ਰਦਰਸ਼ਨ ਦੀ ਨਵੀਂ ਖੇਡ ਬਣ ਚੁੱਕਾ ਹੈ, ਜਿਸ ਵਿੱਚ ਅਮਰੀਕਾ, ਚੀਨ ਅਤੇ ਰੂਸ ਵਰਗੇ ਸ਼ਕਤੀਸ਼ਾਲੀ ਮੁਲਕ ਇਸ ਤਕਨਾਲੋਜੀ ਨੂੰ ਆਪਣੇ ਸਿਆਸੀ ਮਨੋਰਥਾਂ ਲਈ ਵਰਤ ਰਹੇ ਹਨ।

ਜੇਕਰ ਇਸ ਬੇਅੰਤ ਤਾਕਤ ਉੱਤੇ ਪੂੰਜੀਵਾਦੀ ਵਰਗ ਦਾ ਗਲਬਾ ਬਣਿਆ ਰਿਹਾ ਤਾਂ ਇਹ ਮਨੁੱਖਤਾ ਨੂੰ ਇੱਕ ਅਜਿਹੀ ‘ਸਵੈ-ਇੱਛਿਤ ਡਿਜੀਟਲ ਗ਼ੁਲਾਮੀ’ ਵੱਲ ਧੱਕ ਦੇਵੇਗਾ ਜਿੱਥੇ ਲੋਕ ਖ਼ੁਦ ਐਲਗੋਰਿਦਮਾਂ ਦੇ ਅਧੀਨ ਹੋਣਾ ਪ੍ਰਵਾਨ ਕਰ ਲੈਣਗੇ ਅਤੇ ਉਨ੍ਹਾਂ ਦੀ ਸੁਤੰਤਰ ਸੋਚ ਦਾ ਦਾਇਰਾ ਸੁੰਗੜਦਾ ਜਾਵੇਗਾ। ਲਿਹਾਜ਼ਾ, ਇਸ ਦਾ ਅਸਲ ਹੱਲ ਏ ਆਈ, ਡੇਟਾ ਅਤੇ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਪੂੰਜੀਪਤੀਆਂ ਦੀ ਨਿੱਜੀ ਮਲਕੀਅਤ ਵਿੱਚੋਂ ਮੁਕਤ ਕਰਵਾ ਕੇ ਜਨਤਕ/ਸਾਂਝੀ ਮਲਕੀਅਤ ਅਧੀਨ ਲਿਆਉਣਾ ਹੈ। ਸਿਰਫ਼ ਇਸੇ ਰੂਪ ਵਿੱਚ ਇਸ ਉੱਨਤ ਤਕਨਾਲੋਜੀ ਨੂੰ ਲੋਕ-ਭਲਾਈ, ਸਮਾਜਿਕ ਬਰਾਬਰੀ ਅਤੇ ਮਨੁੱਖੀ ਵਿਕਾਸ ਦੇ ਲੇਖੇ ਲਾਇਆ ਜਾ ਸਕਦਾ ਹੈ। ਭੂ-ਸਿਆਸੀ ਪੱਧਰ ’ਤੇ ਵੀ ਇਸ ਸ਼ਕਤੀ ਨੂੰ ਬਰਾਬਰੀ ਦੇ ਆਧਾਰ ’ਤੇ ਵੰਡਣਾ ਲਾਜ਼ਮੀ ਹੈ ਤਾਂ ਜੋ ਇਹ ਕੁਝ ਗਿਣੇ-ਚੁਣੇ ਦੇਸ਼ਾਂ ਅਤੇ ਕਾਰਪੋਰੇਸ਼ਨਾਂ ਦਾ ਏਕਾਧਿਕਾਰ ਨਾ ਬਣ ਸਕੇ। ਇਸ ਰਣਨੀਤੀ ਰਾਹੀਂ ਹੀ ਏ ਆਈ ਨੂੰ ਮਨੁੱਖਤਾ ਦੀ ਮੁਕਤੀ ਦਾ ਸਾਧਨ ਬਣਾਇਆ ਜਾ ਸਕਦਾ ਹੈ, ਨਾ ਕਿ ਕਿਸੇ ਨਵੀਂ ਦਮਨਕਾਰੀ ਸ਼ਕਤੀ ਦਾ ਹਥਿਆਰ।

ਸੰਪਰਕ: +61414101993

Advertisement
×