ਰਾਮਚੰਦਰ ਗੁਹਾ
ਸ਼ਾਮੀਂ ਅਕਸਰ ਮੈਂ ਸਭ ਕੰਮ ਛੱਡ ਕੇ ਖਾਣੇ ਤੋਂ ਪਹਿਲਾਂ ਘੰਟਾ ਕੁ ਭਰ ਭਾਰਤੀ ਸ਼ਾਸਤਰੀ ਸੰਗੀਤ ਸੁਣਦਾ ਹਾਂ। ਪਹਿਲਾਂ ਮੈਂ ਸਾਲੋ-ਸਾਲ ਇਕੱਤਰ ਕੀਤੀਆਂ ਕੈਸੇਟਾਂ ਜਾਂ ਸੀਡੀਜ਼ ਵਜਾ ਕੇ ਸੁਣਦਾ ਸਾਂ; ਪਰ ਹੁਣ, ਮੈਂ ਸੰਗੀਤ ਦੇ ਸਮੁੰਦਰ ਭਾਵ ਯੂਟਿਊਬ ਵਿਚ ਟੁੱਭੀ ਲਾ ਸਕਦਾ ਹਾਂ। ਕਈ ਵਾਰ ਮੈਂ ਕੋਈ ਖ਼ਾਸ ਕਲਾਕਾਰ ਜਾਂ ਰਾਗ ਚੁਣਦਾ ਹਾਂ ਤੇ ਕਈ ਵਾਰ ਯੂਟਿਊਬ ਵੱਲੋਂ ਖ਼ੁਦ ਹੀ ਸੁਝਾਏ ਸੰਗੀਤਕ ਵੀਡੀਓਜ਼ ਕਲਿਕ ਕਰ ਲੈਂਦਾ ਹਾਂ (ਜੋ ਮੇਰੇ ਪਿਛਲੇ ਰਿਕਾਰਡ ਦੇ ਮੁਤਾਬਿਕ ਸੁਝਾਏ ਹੋ ਸਕਦੇ ਹਨ)। ਕੁਝ ਹਫ਼ਤੇ ਪਹਿਲਾਂ ਯੂਟਿਊਬ ਨੇ ਆਪਣੀ ਸੂਚੀ ਦੇ ਸਿਖਰ ’ਤੇ ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ ਦੀ ਰਾਗ ਹੰਸਧਵਨੀ ’ਚ ਪੇਸ਼ਕਾਰੀ ਦਿਖਾਈ। ਮੈਂ ਆਗਿਆਕਾਰੀ ਢੰਗ ਨਾਲ ਖ਼ੁਦ ਨੂੰ ਮਿਲੇ ਹੁਕਮਾਂ ਦਾ ਪਾਲਣ ਕਰਦਿਆਂ ਇਹ ਪੇਸ਼ਕਾਰੀ ਸੁਣੀ। ਫਿਰ ਮੈਂ ਇਸ ਨੂੰ ਮੁੜ ਸੁਣਿਆ ਤੇ ਮੁੜ-ਮੁੜ ਸੁਣਿਆ।
ਬੜੇ ਗ਼ੁਲਾਮ ਅਲੀ ਖ਼ਾਨ ਦਾ ਜਨਮ 1902 ਵਿਚ ਪੱਛਮੀ ਪੰਜਾਬ ਦੇ ਸ਼ਹਿਰ ਕਸੂਰ ਵਿਚ ਹੋਇਆ। ਉਨ੍ਹਾਂ ਦੇ ਅੱਬਾ ਅਲੀ ਬਖ਼ਸ਼, ਪਟਿਆਲਾ ਘਰਾਣੇ ਦੇ ਗਾਇਕ ਸਨ। ਪਟਿਆਲਾ ਸੰਗੀਤ ਘਰਾਣੇ ਨੂੰ ਉਸ ਸਿੱਖ ਰਿਆਸਤ ਦੇ ਹਾਕਮਾਂ ਦੀ ਸਰਪ੍ਰਸਤ ਹਾਸਲ ਸੀ। ਵੰਡ ਤੋਂ ਬਾਅਦ ਬੜੇ ਗ਼ੁਲਾਮ ਅਲੀ ਨੇ ਪਾਕਿਸਤਾਨ ਜਾਣ ਦਾ ਫ਼ੈਸਲਾ ਕੀਤਾ, ਪਰ ਉੱਥੇ ਸ਼ਾਸਤਰੀ ਸੰਗੀਤ ਦੇ ਸਰੋਤਿਆਂ ਦੀ ਬਹੁਤੀ ਗਿਣਤੀ ਨਾ ਹੋਣ ਕਾਰਨ ਉਹ ਭਾਰਤ ਪਰਤ ਆਏ। ਉਦੋਂ ਭਾਵ 1950ਵਿਆਂ ਦੌਰਾਨ ਦੋਵਾਂ ਮੁਲਕਾਂ ਦੀ ਸਰਹੱਦ ਦੇ ਆਰ-ਪਾਰ ਜਾਣਾ ਹੁਣ ਨਾਲੋਂ ਕਾਫ਼ੀ ਸੌਖਾ ਸੀ ਤੇ ਬੜੇ ਗ਼ੁਲਾਮ ਅਲੀ ਮੁੰਬਈ ਦੌਰੇ ’ਤੇ ਆਏ। ਉੱਥੇ ਕਿਸੇ ਨੇ ਉਨ੍ਹਾਂ ਦੀ ਪ੍ਰੇਸ਼ਾਨੀ ਮੁਰਾਰਜੀ ਦੇਸਾਈ ਦੇ ਧਿਆਨ ਵਿਚ ਲਿਆਂਦੀ ਜੋ ਉਸ ਵਕਤ ਅਣਵੰਡੇ ਸੂਬੇ ਬੰਬਈ ਦੇ ਮੁੱਖ ਮੰਤਰੀ ਸਨ। ਇਸ ’ਤੇ ਮੁਰਾਰਜੀ ਭਾਈ ਨੇ ਇਸ ਮਹਾਨ ਸੰਗੀਤਕਾਰ ਲਈ ਸਰਕਾਰੀ ਘਰ ਦਾ ਬੰਦੋਬਸਤ ਕੀਤਾ ਜਦੋਂਕਿ ਜਵਾਹਰਲਾਲ ਨਹਿਰੂ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਾਕਿਸਤਾਨ ਦੇ ਇਸ ਮੁਸਲਮਾਨ ਦੇ ਭਾਰਤੀ ਸ਼ਹਿਰੀ ਬਣਨ ਦਾ ਰਾਹ ਪੱਧਰਾ ਕਰ ਦਿੱਤਾ।
ਹੰਸਧਵਨੀ ਰਾਗ ਕਰਨਾਟਕ ਸੰਗੀਤਕ ਸ਼ੈਲੀ ਦਾ ਬਹੁਤ ਹੀ ਪਿਆਰਾ ਤੇ ਸੁਰੀਲਾ ਰਾਗ ਹੈ (ਭਾਰਤੀ ਸ਼ਾਸਤਰੀ ਸੰਗੀਤ ਦੀਆਂ ਦੋ ਪ੍ਰਮੁੱਖ ਸ਼ੈਲੀਆਂ ਹਨ – ਉੱਤਰੀ ਭਾਰਤ ਦਾ ਹਿੰਦੋਸਤਾਨੀ ਸੰਗੀਤ ਤੇ ਦੱਖਣੀ ਭਾਰਤ ਦਾ ਕਰਨਾਟਕ ਸੰਗੀਤ)। ਮੰਨਿਆ ਜਾਂਦਾ ਹੈ ਕਿ ਮੁੱਢਲੇ ਰੂਪ ਵਿਚ ਇਸ ਦੀ ਰਚਨਾ 18ਵੀਂ ਸਦੀ ’ਚ ਰਾਮਾਸਵਾਮੀ ਦੀਕਸ਼ਿਤਰ ਨੇ ਕੀਤੀ ਸੀ। ਅਨੇਕਾਂ ਗੀਤ ਇਸ ਰਾਗ ਵਿਚ ਸੁਰਬੱਧ ਹਨ, ਜਿਵੇਂ ‘ਵਾਤਾਪੀ ਗਣਪਤਿਮ’ ਜੋ (ਹੋਰਨਾਂ ਸਮੇਤ) ਐੱਮ.ਐੱਸ. ਸੁੱਬਾਲਕਸ਼ਮੀ ਤੇ ਐੱਮ.ਐੱਲ. ਵਸੰਤਕੁਮਾਰੀ ਦੀ ਬੇਹੱਦ ਮਕਬੂਲ ਪੇਸ਼ਕਾਰੀ ਹੈ। ਕੁਝ ਮੌਕਿਆਂ ’ਤੇ ਹਿੰਦੋਸਤਾਨੀ ਸੰਗੀਤ ਦੇ ਸੰਗੀਤਕਾਰਾਂ ਨੇ ਵੀ ਆਪਣੇ ਤੌਰ ’ਤੇ ਹੰਸਧਵਨੀ ਰਾਗ ਦੀ ਵਰਤੋਂ ਕੀਤੀ ਹੈ।
ਮੈਂ ਖ਼ੁਦ ਕਰਨਾਟਕ ਸੰਗੀਤ ਨਾਲੋਂ ਹਿੰਦੋਸਤਾਨੀ ਸੰਗੀਤ ਜ਼ਿਆਦਾ ਸੁਣਦਾ ਹਾਂ। ਪਰ ਮੈਂ ਹੰਸਧਵਨੀ ਰਾਗ ਵਿਚ ਅਮੀਰ ਖ਼ਾਨ ਤੇ ਕਿਸ਼ੋਰੀ ਅਮੋਨਕਰ ਆਦਿ ਗਾਇਕਾਂ ਅਤੇ ਪੰਨਾ ਲਾਲ ਘੋਸ਼ ਵਰਗੇ ਬੰਸਰੀਵਾਦਕਾਂ ਦੀਆਂ ਕਈ ਪੇਸ਼ਕਾਰੀਆਂ ਸੁਣੀਆਂ ਹਨ। ਪਰ ਬੜੇ ਗ਼ੁਲਾਮ ਅਲੀ ਖ਼ਾਨ ਦੀ ਆਵਾਜ਼ ਵਿਚ ਇਹ ਰਾਗ ਮੈਂ ਪਹਿਲੀ ਵਾਰ ਸੁਣਿਆ ਜਿਨ੍ਹਾਂ ਨੂੰ ਪਹਿਲਾਂ ਮੈਂ ਉਨ੍ਹਾਂ ਦੀਆਂ ਰਾਗ ਪਹਾੜੀ ਤੇ ਬਿਹਾਗ ਦੀਆਂ ਪੇਸ਼ਕਾਰੀਆਂ ਲਈ ਹੀ ਜਾਣਦਾ (ਅਤੇ ਪਸੰਦ ਕਰਦਾ) ਸਾਂ। ਸੰਗੀਤ ਦੀ ਜ਼ਿਆਦਾ ਜਾਣਕਾਰੀ ਰੱਖਦੇ ਮੇਰੇ ਇਕ ਜਾਣੂੰ ਨੇ ਦੱਸਿਆ ਕਿ ਬੜੇ ਗ਼ੁਲਾਮ ਨੇ ਹੰਸਧਵਨੀ ਵਿਚ ਘੱਟ ਹੀ ਗਾਇਆ ਹੈ ਜਿਸ ਕਾਰਨ ਇਹ ਬਹੁਤ ਹੀ ਖ਼ਾਸ ਪੇਸ਼ਕਾਰੀ ਸੀ। ਯੂਟਿਊਬ ਵਿਚ ਹੋਰ ਡੂੰਘਾ ਜਾਣ ’ਤੇ ਮੈਂ ਪਾਇਆ ਕਿ ਰਾਗ ਹੰਸਧਵਨੀ ਦੀ ਇਹ ਖ਼ਾਸ ਪੇਸ਼ਕਾਰੀ ਬੜੇ ਗ਼ੁਲਾਮ ਅਲੀ ਖ਼ਾਨ ਨੇ 1956 ਵਿਚ ਮੇਰੇ ਆਪਣੇ ਸ਼ਹਿਰ ਬੰਗਲੌਰ ਵਿਚ ਇਕ ਸੰਗੀਤ ਸਮਾਗਮ ਦੌਰਾਨ ਦਿੱਤੀ ਸੀ ਜੋ ਮੇਰੇ ਲਈ ਹੋਰ ਵੀ ਖ਼ੁਸ਼ੀ ਵਾਲ਼ੀ ਗੱਲ ਸੀ। ਇੰਨਾ ਹੀ ਨਹੀਂ, ਇਹ ਸੰਗੀਤ ਸਮਾਗਮ ਰਾਮ ਨੌਮੀ ਜਸ਼ਨਾਂ ਦਾ ਇਕ ਹਿੱਸਾ ਸੀ ਕਿਉਂਕਿ ਰਾਮ ਨੌਮੀ ਮੌਕੇ ਬੰਗਲੌਰ ਵਿਚ ਹਰ ਸਾਲ ਵੱਡਾ ਸੰਗੀਤ ਸਮਾਗਮ ਹੁੰਦਾ ਹੈ ਜੋ ਹਮੇਸ਼ਾ ਬੰਗਲੌਰ ਦੇ ਚਾਮਰਾਜਪੇਟ ਸਥਿਤ ਫੋਰਟ ਹਾਈ ਸਕੂਲ ਦੇ ਵਿਸ਼ਾਲ ਮੈਦਾਨ ਵਿਚ ਕਰਵਾਇਆ ਜਾਂਦਾ ਹੈ।
ਇਹ ‘ਫੋਰਟ’ (ਕਿਲ੍ਹਾ), ਜਿਸ ਦੇ ਨਾਂ ’ਤੇ ਸਕੂਲ ਦਾ ਨਾਂ ਰੱਖਿਆ ਗਿਆ ਹੈ, ਮੂਲ ਰੂਪ ਵਿਚ ਗਾਰੇ ਦਾ ਇਕ ਢਾਂਚਾ ਸੀ ਜਿਸ ਨੂੰ 16ਵੀਂ ਸਦੀ ਵਿਚ ਕੇਂਪੇਗੌੜਾ ਨੇ ਉਸਾਰਿਆ ਸੀ। ਬਾਅਦ ਵਿਚ ਹੈਦਰ ਅਲੀ ਨੇ ਇੱਥੇ ਪੱਕਾ ਪੱਥਰਾਂ ਦਾ ਕਿਲ੍ਹਾ ਬਣਵਾ ਦਿੱਤਾ ਜਿਸ ਨੂੰ ਹੈਦਰ ਦੇ ਪੁੱਤਰ ਟੀਪੂ ਸੁਲਤਾਨ ਨੇ 18ਵੀਂ ਸਦੀ ਵਿਚ ਹੋਰ ਵਧੀਆ ਬਣਾ ਦਿੱਤਾ। ਇਸ ਦੇ ਬਾਵਜੂਦ ਇਹ ਸਕੂਲ 20ਵੀਂ ਸਦੀ ਦਾ ਬਣਿਆ ਹੈ ਤੇ ਇਸ ਦੀ ਦਿਲਕਸ਼ ਇਮਾਰਤ ਬਰਤਾਨਵੀ ਬਸਤੀਵਾਦੀ ਸ਼ੈਲੀ ਵਿਚ ਉਸਾਰੀ ਹੋਈ ਹੈ।
ਇਨ੍ਹਾਂ ਅਗਲੇਰੇ ਵੇਰਵਿਆਂ ਨੇ ਮੈਨੂੰ ਕੀਲ ਕੇ ਰੱਖ ਦਿੱਤਾ। ਪਿਛਲੇ ਵਰ੍ਹਿਆਂ ਦੌਰਾਨ ਮੈਂ ਖ਼ੁਦ ਰਾਮ ਨੌਮੀ ਸੰਗੀਤ ਸਮਾਗਮਾਂ ਵਿਚ ਜਾਂਦਾ ਰਿਹਾ ਹਾਂ। ਮੇਰਾ 1956 ਵਿਚ ਜਨਮ ਨਹੀਂ ਸੀ ਹੋਇਆ, ਪਰ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਉੱਥੇ ਉਸ ਸਾਲ ਬੜੇ ਗ਼ੁਲਾਮ ਨੂੰ ਗਾਉਂਦਿਆਂ ਸੁਣਨ ਵਾਲੇ ਉਹ ਲੋਕ ਵੀ ਸਨ ਜਿਨ੍ਹਾਂ ਨਾਲ ਬਾਅਦ ਵਿਚ ਮੇਰੀ ਵਾਕਫ਼ੀਅਤ ਹੋਈ, ਜਿਵੇਂ ਬੰਗਲੌਰ ਦੇ ਨਾਮੀ ਰਸਿਕ (ਸੰਗੀਤ ਪ੍ਰੇਮੀ) ਸ਼ਿਵਰਾਮ ਤੇ ਲਲਿਤਾ ਉਭਾਏਕਰ। ਮੇਰੇ ਖ਼ਿਆਲ ਵਿਚ ਉਸ ਦਿਨ ਹਾਜ਼ਰ ਸਰੋਤਿਆਂ ਵਿਚ ਨਾਮੀ ਭੌਤਿਕ ਵਿਗਿਆਨੀ ਸੀ.ਵੀ. ਰਮਨ ਵੀ ਸ਼ਾਮਲ ਹੋਣਗੇ ਜਿਨ੍ਹਾਂ ਦੀ ਸ਼ਾਸਤਰੀ ਸੰਗੀਤ ਵਿਚ ਡੂੰਘੀ ਰੁਚੀ ਸੀ। ਸ਼ਾਇਦ ਚਾਮਰਾਜਪੇਟ ਵਿਚ ਰਹਿੰਦੇ ਮੇਰੇ ਕੁਝ ਅੰਕਲ-ਅੰਟੀਆਂ ਵੀ ਸਰੋਤਿਆਂ ਵਿਚ ਸ਼ਾਮਲ ਹੋਣ।
ਇੰਝ ਬੜੇ ਗ਼ੁਲਾਮ ਅਲੀ ਖ਼ਾਨ ਬੰਗਲੌਰ ਦੇ ਫੋਰਟ ਹਾਈ ਸਕੂਲ ਵਿਚ ਰਾਮ ਨੌਮੀ ਮੌਕੇ ਹੁੰਦੇ ਸਾਲਾਨਾ ਸੰਗੀਤ ਸਮਾਗਮ ਦੌਰਾਨ ਰਾਗ ਹੰਸਧਵਨੀ ਗਾ ਰਹੇ ਸਨ। ਅਜਿਹਾ ਮੁਸਲਮਾਨ ਸੰਗੀਤਕਾਰ, ਜਿਸ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ; ਜੋ ਹਿੰਦੋਸਤਾਨੀ ਸੰਗੀਤ ਦੇ ਅਜਿਹੇ ਘਰਾਣੇ ਦਾ ਨਾਮੀ ਉਸਤਾਦ ਗਾਇਕ ਸੀ ਜਿਸ ਘਰਾਣੇ ਨੂੰ ਸਿੱਖ ਮਹਾਰਾਜਿਆਂ ਦੀ ਸਰਪ੍ਰਸਤੀ ਹਾਸਲ ਸੀ। ਉਹ ਕਰਨਾਟਕ ਸ਼ੈਲੀ ਦਾ ਇਕ ਰਾਗ, ਹਿੰਦੂਆਂ ਦੇ ਸਭ ਤੋਂ ਵੱਡੇ ਭਗਵਾਨ ਦੇ ਨਾਂ ’ਤੇ ਹੋਣ ਵਾਲੇ ਸਮਾਗਮ ਵਿਚ ਗਾ ਰਿਹਾ ਸੀ, ਇਕ ਅਜਿਹੇ ਸਕੂਲ ਦੇ ਮੈਦਾਨ ਵਿਚ ਜਿਹੜਾ ਅੰਗਰੇਜ਼ਾਂ ਦੇ ਦੌਰ ’ਚ ਉਸਾਰਿਆ ਗਿਆ, ਪਰ ਉਸ ਦਾ ਨਾਂ ਅਜਿਹੇ ਕਿਲ੍ਹੇ ਦੇ ਨਾਂ ਉੱਤੇ ਰੱਖਿਆ ਗਿਆ ਜਿਹੜਾ 16ਵੀਂ ਸਦੀ ਨਾਲ ਸਬੰਧਤ ਹੈ ਅਤੇ ਜਿਸ ਦਾ ਮੌਜੂਦਾ ਰੂਪ ਆਪਣੇ ਆਪ ਵਿਚ ਦੋਵਾਂ ਹਿੰਦੂ ਤੇ ਮੁਸਲਿਮ ਹਾਕਮਾਂ ਦੀ ਦੇਣ ਹੈ।
ਇੰਨਾ ਹੀ ਨਹੀਂ, ਸੰਗੀਤ ਸਮਾਗਮ ਵਾਲਾ ਸਾਲ ਵੀ ਆਪਣੇ ਆਪ ਵਿਚ ਅਹਿਮ ਹੈ। ਗ਼ੌਰਤਲਬ ਹੈ ਕਿ 1956 ਵਿਚ ਹੀ ਦੱਖਣੀ ਭਾਰਤ ਦੇ ਕੰਨੜ ਭਾਸ਼ੀ ਖ਼ਿੱਤਿਆਂ ਨੂੰ ਇਕ ਸਿਆਸੀ ਇਕਾਈ ਤਹਿਤ ਇਕੱਠੇ ਕੀਤਾ ਗਿਆ ਸੀ। ਭਾਰਤ ਉੱਤੇ ਅੰਗਰੇਜ਼ੀ ਰਾਜ ਸਮੇਂ ਕੰਨੜ ਭਾਸ਼ੀ ਲੋਕ ਮੈਸੂਰ ਤੇ ਹੈਦਰਾਬਾਦ ਦੀਆਂ ਰਿਆਸਤਾਂ ਅਤੇ ਮਦਰਾਸ ਤੇ ਬੰਬਈ ਪ੍ਰੈਜ਼ੀਡੈਂਸੀ ਸੂਬਿਆਂ ਵਿਚ ਵੰਡੇ ਹੋਏ ਸਨ। ਆਜ਼ਾਦੀ ਤੋਂ ਬਾਅਦ ਇਨ੍ਹਾਂ ਖ਼ਿੱਤਿਆਂ ਦੀ ਇਕਮੁੱਠਤਾ ਲਈ ਚੱਲੇ ਜ਼ੋਰਦਾਰ ਅੰਦੋਲਨ ਸਦਕਾ 1956 ਵਿਚ ਕੰਨੜ ਭਾਸ਼ਾ ਬੋਲਣ ਵਾਲੇ ਇਲਾਕਿਆਂ ’ਤੇ ਆਧਾਰਿਤ ਸੂਬਾ ਕਰਨਾਟਕ ਹੋਂਦ ਵਿਚ ਆਇਆ।
ਉੱਘੇ ਕੰਨੜ ਲੇਖਕ ਕੋਟਾ ਸ਼ਿਵਰਾਮ ਕਰੰਤ ਨੇ ਇਕ ਵਾਰ ਕਿਹਾ ਸੀ ਕਿ ‘ਜੇ ‘‘ਭਾਰਤੀ ਸੰਸਕ੍ਰਿਤੀ (ਸੱਭਿਆਚਾਰ)’’ ਨੂੰ ਇਕ ਅਖੰਡ ਚੀਜ਼ ਮੰਨਿਆ ਜਾਂਦਾ ਹੈ’ ਤਾਂ ਇਸ ਬਾਰੇ ਗੱਲ ਕਰਨੀ ਨਾਮੁਮਕਿਨ ਹੋਵੇਗੀ। ਕਰੰਤ ਦਾ ਵਿਚਾਰ ਸੀ: ‘‘ਭਾਰਤੀ ਸੱਭਿਆਚਾਰ ਅੱਜਕੱਲ੍ਹ ਬਹੁਤ ਵੰਨਸੁਵੰਨਾ ਹੈ ਤੇ ਇਸ ਨੂੰ ਇਕ ਨਹੀਂ ਸਗੋਂ ‘ਬਹੁਤ ਸਾਰੀਆਂ ਸੰਸਕ੍ਰਿਤੀਆਂ’ ਮੰਨਿਆ ਜਾਣਾ ਚਾਹੀਦਾ ਹੈ। ਇਸ ਸੱਭਿਆਚਾਰ ਦੀਆਂ ਜੜ੍ਹਾਂ ਪ੍ਰਾਚੀਨ ਕਾਲ ਤੱਕ ਜਾਂਦੀਆਂ ਹਨ; ਅਤੇ ਇਹ ਵੱਖੋ-ਵੱਖ ਅਨੇਕਾਂ ਨਸਲਾਂ ਤੇ ਲੋਕਾਂ ਦੇ ਸੰਪਰਕ ਰਾਹੀਂ ਵਿਕਸਤ ਹੋਇਆ। ਇਸ ਵਿਚ ਸ਼ਾਮਲ ਵੱਖ-ਵੱਖ ਹਿੱਸਿਆਂ ਵਿਚੋਂ ਇਹ ਕਹਿਣਾ ਮੁਸ਼ਕਲ ਹੈ ਕਿ ਕਿਹੜਾ ਹਿੱਸਾ ਦੇਸੀ ਹੈ ਤੇ ਕਿਹੜਾ ਵਿਦੇਸ਼ੀ, ਕਿਸ ਨੂੰ ਪਿਆਰ ਨਾਲ ਲਿਆ ਗਿਆ ਹੈ ਤੇ ਕਿਹੜਾ ਜਬਰੀ ਥੋਪਿਆ ਗਿਆ ਹੈ। ਜੇ ਅਸੀਂ ਭਾਰਤੀ ਸੱਭਿਆਚਾਰ ਨੂੰ ਇਸ ਨਜ਼ਰ ਤੋਂ ਦੇਖੀਏ ਤਾਂ ਅਸੀਂ ਪਾਵਾਂਗੇ ਕਿ ਇਸ ਵਿਚ ਸ਼ਾਵਨਵਾਦ (ਅੰਧ-ਰਾਸ਼ਟਰਵਾਦ) ਲਈ ਕੋਈ ਥਾਂ ਹੀ ਨਹੀਂ ਹੈ।’’
ਕਰੰਤ ਦੇ ਇਸ ਹਵਾਲੇ ਦੇ ਨਾਲ ਹੀ ਮੈਂ ਰਾਬਿੰਦਰਨਾਥ ਟੈਗੋਰ ਦਾ ਇਕ ਵਿਚਾਰ ਵੀ ਜੋੜਦਾ ਹਾਂ। ਸਾਡੀ ਸਾਂਝੀ ਵਿਰਾਸਤ ਤੇ ਵੰਨ-ਸੁਵੰਨਤਾ ਬਾਰੇ ਬੋਲਦਿਆਂ ਟੈਗੋਰ ਨੇ ਕਿਹਾ ਹੈ: ‘‘ਕੋਈ ਨਹੀਂ ਜਾਣਦਾ ਕਿ ਕਿਸ ਦੇ ਸੱਦੇ ਉੱਤੇ ਇਨਸਾਨਾਂ ਦੀਆਂ ਇੰਨੀਆਂ ਸਾਰੀਆਂ ਧਾਰਾਵਾਂ ਅਣਜਾਣੀਆਂ ਥਾਵਾਂ ਤੋਂ ਅਸ਼ਾਂਤ ਲਹਿਰਾਂ ਵਿਚ ਵਹਿੰਦੀਆਂ ਆਣ ਕੇ ਸਮੁੰਦਰ ਵਿਚ ਮਿਲ ਗਈਆਂ: ਇੱਥੇ ਆ ਕੇ ਆਰੀਆ, ਅਨਾਰੀਆ, ਦ੍ਰਾਵਿੜ ਤੇ ਚੀਨੀ; ਸ਼ੱਕਾਂ ਤੇ ਹੂਣਾਂ ਦੇ ਵੱਖ-ਵੱਖ ਟੋਲੇ; ਪਠਾਣ ਅਤੇ ਮੁਗ਼ਲ ਇਕ ਇਕਾਈ ਬਣ ਗਏ।’’
ਜਿਸ ਬਹੁਲਤਾਵਾਦ ਤੇ ਸੱਭਿਆਚਾਰਕ ਵੰਨ-ਸੁਵੰਨਤਾ ਉੱਤੇ ਕਰੰਤ ਤੇ ਟੈਗੋਰ ਨੇ ਜ਼ੋਰ ਦਿੱਤਾ ਹੈ, ਉਹ ਭਾਰਤੀ ਜੀਵਨ ਦੇ ਬਹੁਤੇ ਪੱਖਾਂ ਵਿਚ ਮੌਜੂਦ ਹੈ ਅਤੇ ਸ਼ਾਇਦ ਸਾਡੇ ਸ਼ਾਸਤਰੀ ਸੰਗੀਤ ਵਿਚ ਸਭ ਤੋਂ ਵੱਧ ਮੌਜੂਦ ਹੈ। ਉਹ ਭਾਵੇਂ ਭਾਰਤੀ ਸੰਗੀਤ ਦੇ ਸਾਜ਼ ਹੋਣ, ਰਾਗ ਹੋਣ, ਸ਼ੈਲੀਆਂ ਜਾਂ ਕਲਾਕਾਰ ਹੋਣ, ਅਸੀਂ ਇਹ ਨਹੀਂ ਆਖ ਸਕਦੇ ਕਿ ਕੀ ਹਿੰਦੂ ਹੈ ਤੇ ਕੀ ਮੁਸਲਮਾਨ, ਕਿਹੜਾ ਹਿੱਸਾ ਦੇਸੀ ਹੈ ਤੇ ਕਿਹੜਾ ਵਿਦੇਸ਼ੀ। ਮੈਨੂੰ ਇਹ ਨਹੀਂ ਪਤਾ ਕਿ ਸਾਡੇ ਪ੍ਰਧਾਨ ਮੰਤਰੀ ਨੂੰ ਸ਼ਾਸਤਰੀ ਸੰਗੀਤ ਪਸੰਦ ਹੈ ਜਾਂ ਨਹੀਂ। ਜੇ ਉਨ੍ਹਾਂ ਨੂੰ ਨਾ ਵੀ ਪਸੰਦ ਹੋਵੇ ਤਾਂ ਵੀ ਮੈਂ ਉਨ੍ਹਾਂ ਅਤੇ ਹਿੰਦੂਤਵ ਦੇ ਹਰੇਕ ਹਮਾਇਤੀ ਨੂੰ ਅਪੀਲ ਕਰਾਂਗਾ ਕਿ ਉਹ ਅੱਧੇ ਘੰਟੇ ਦਾ ਸਮਾਂ ਕੱਢ ਕੇ ਯੂਟਿਊਬ ਉੱਤੇ ਉਹ ਸੰਗੀਤ ਸੁਣਨ ਜਿਸ ਦੀ ਮੈਂ ਇਸ ਲੇਖ ਵਿਚ ਗੱਲ ਕੀਤੀ ਹੈ। ਹੋ ਸਕਦਾ ਹੈ ਕਿ ਫਿਰ ਉਹ ਭਾਰਤ ਪ੍ਰਤੀ ਆਪਣੀ ਤੰਗ ਤੇ ਕੱਟੜ ਸੋਚ ਉੱਤੇ ਮੁੜ ਗ਼ੌਰ ਕਰਨ ਤੇ ਸਮਝਣ ਕਿ ਭਾਰਤੀ ਹੋਣ ਦਾ ਅਸਲ ਅਰਥ ਕੀ ਹੈ। ਬੜੇ ਗ਼ੁਲਾਮ ਅਲੀ ਖ਼ਾਨ ਵੱਲੋਂ ਬੰਗਲੌਰ ਦੇ ਫੋਰਟ ਹਾਈ ਸਕੂਲ ਵਿਚ 1956 ਦੇ ਰਾਮ ਨੌਮੀ ਸੰਗੀਤ ਸਮਾਗਮ ਵਿਚ ਹੰਸਧਵਨੀ ਰਾਗ ਦੇ ਗਾਇਨ ਦੀ ਕਾਰਵਾਈ ਬਹੁਤ ਸਾਰੀਆਂ ਭਾਸ਼ਾਵਾਂ, ਧਰਮਾਂ, ਖ਼ਿੱਤਿਆਂ, ਸਿਆਸੀ ਨਿਜ਼ਾਮਾਂ, ਸੰਗੀਤਕ ਰਵਾਇਤਾਂ ਅਤੇ ਇਮਾਰਤਸਾਜ਼ੀ ਸ਼ੈਲੀਆਂ ਨੂੰ ਇਕ ਥਾਂ ਲਿਆ ਕੇ ਮਿਲਾ ਦਿੰਦੀ ਹੈ। ਇਹ ਸਾਡੇ ਦੇਸ਼ ਤੇ ਸਾਡੀ ਸੱਭਿਅਤਾ ਦੀ ਸੱਭਿਆਚਾਰਕ ਵੰਨ-ਸੁਵੰਨਤਾ ਨੂੰ ਇਕ ਮਾਣਮੱਤਾ ਨਜ਼ਰਾਨਾ ਹੈ। ਇਕ ਸ਼ਾਨਦਾਰ ਸੰਗੀਤਕ ਪੇਸ਼ਕਾਰੀ ਤਾਂ ਹੈ ਹੀ।