ਪ੍ਰਮਾਣੂ ਤਾਕਤ ਬਾਰੇ ਚਰਨੋਬਲ ਦੀ ਚਿਤਾਵਨੀ
ਅੱਜ ਦੁਨੀਆ ਵਿੱਚ ਪ੍ਰਮਾਣੂ ਖ਼ਤਰੇ ਦੀ ਚਰਚਾ ਸਿਖਰ ’ਤੇ ਹੈ। ਇਸ ਲਈ ਪੂਰੇ ਚਾਰ ਦਹਾਕੇ ਪਹਿਲਾਂ ਸੋਵੀਅਤ ਯੂਨੀਅਨ ਵਿੱਚ ਵਾਪਰਿਆ ਚਰਨੋਬਲ ਹਾਦਸਾ ਸਾਨੂੰ ਸ਼ੀਸ਼ਾ ਦਿਖਾਉਂਦਾ ਹੈ ਕਿ ਇੱਕ ਗ਼ਲਤੀ ਵੀ ਪੂਰੀ ਮਨੁੱਖਤਾ ’ਤੇ ਕਿੰਨੀ ਭਾਰੀ ਪੈ ਸਕਦੀ ਹੈ। ਇਤਿਹਾਸ ਸਾਨੂੰ...
ਅੱਜ ਦੁਨੀਆ ਵਿੱਚ ਪ੍ਰਮਾਣੂ ਖ਼ਤਰੇ ਦੀ ਚਰਚਾ ਸਿਖਰ ’ਤੇ ਹੈ। ਇਸ ਲਈ ਪੂਰੇ ਚਾਰ ਦਹਾਕੇ ਪਹਿਲਾਂ ਸੋਵੀਅਤ ਯੂਨੀਅਨ ਵਿੱਚ ਵਾਪਰਿਆ ਚਰਨੋਬਲ ਹਾਦਸਾ ਸਾਨੂੰ ਸ਼ੀਸ਼ਾ ਦਿਖਾਉਂਦਾ ਹੈ ਕਿ ਇੱਕ ਗ਼ਲਤੀ ਵੀ ਪੂਰੀ ਮਨੁੱਖਤਾ ’ਤੇ ਕਿੰਨੀ ਭਾਰੀ ਪੈ ਸਕਦੀ ਹੈ। ਇਤਿਹਾਸ ਸਾਨੂੰ ਵਾਰ-ਵਾਰ ਚਿਤਾਵਨੀ ਦਿੰਦਾ ਹੈ ਕਿ ਪ੍ਰਮਾਣੂ ਜੰਗ ਜਿੱਤੀ ਨਹੀਂ ਜਾ ਸਕਦੀ, ਇਸ ਲਈ ਇਹ ਕਦੇ ਲੜੀ ਨਹੀਂ ਜਾਣੀ ਚਾਹੀਦੀ।
ਹਰ ਸਾਲ 26 ਅਪਰੈਲ ਨੂੰ ਮਨਾਇਆ ਜਾਣ ਵਾਲਾ ਕੌਮਾਂਤਰੀ ਚਰਨੋਬਲ ਤਬਾਹੀ ਯਾਦਗਾਰ ਦਿਨ ਮਨੁੱਖੀ ਇਤਿਹਾਸ ਦੀਆਂ ਸਭ ਤੋਂ ਭਿਆਨਕ ਪ੍ਰਮਾਣੂ ਘਟਨਾਵਾਂ ਵਿੱਚੋਂ ਇੱਕ ਦੀ ਯਾਦ ਦਿਵਾਉਂਦਾ ਹੈ। ਇਹ ਮਨੁੱਖਤਾ ਲਈ ਇੱਕ ਸਬਕ ਹੈ ਕਿ ਵਿਗਿਆਨਕ ਤਰੱਕੀ ਦੇ ਨਾਲ-ਨਾਲ ਸੁਰੱਖਿਆ ਅਤੇ ਨੈਤਿਕ ਜ਼ਿੰਮੇਵਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ।
ਘਟਨਾ ਵਾਲੇ ਦਿਨ 26 ਅਪਰੈਲ 1986 ਨੂੰ ਸਵੇਰੇ 1:23 ਵਜੇ ਤਤਕਾਲੀ ਸੋਵੀਅਤ ਯੂਨੀਅਨ ਦੇ ਯੂਕਰੇਨ ਪ੍ਰਾਂਤ ਵਿੱਚ ਪ੍ਰਿਪਯਤ ਸ਼ਹਿਰ ਨੇੜੇ ਸਥਿਤ ਚਰਨੋਬਲ ਪਲਾਂਟ ਦੇ ਯੂਨਿਟ-4 ਵਿੱਚ ਕਰਮਚਾਰੀ ਇੱਕ ਸੁਰੱਖਿਆ ਟੈਸਟ ਕਰ ਰਹੇ ਸਨ। ਇੰਜੀਨੀਅਰ ਇਹ ਦੇਖਣਾ ਚਾਹੁੰਦੇ ਸਨ ਕਿ ਜੇਕਰ ਬਿਜਲੀ ਸਪਲਾਈ ਬੰਦ ਹੋ ਜਾਵੇ ਤਾਂ ਕੀ ਟਰਬਾਈਨਾਂ ਦੀ ਗਤੀ ਇੰਨੀ ਊਰਜਾ ਪੈਦਾ ਕਰ ਸਕਦੀ ਹੈ ਕਿ ਐਮਰਜੈਂਸੀ ਕੂਲਿੰਗ ਪੰਪ ਚੱਲਦੇ ਰਹਿਣ। ਇਸ ਟੈਸਟ ਦੌਰਾਨ ਰਿਐਕਟਰ ਦੀ ਪਾਵਰ ਬਹੁਤ ਘੱਟ ਕਰ ਦਿੱਤੀ ਗਈ ਸੀ।
ਜਦੋਂ ਕਰਮਚਾਰੀਆਂ ਨੇ ਟੈਸਟ ਦੌਰਾਨ ਰਿਐਕਟਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਾਵਰ ਵਿੱਚ ਅਚਾਨਕ ਬਹੁਤ ਵੱਡਾ ਉਛਾਲ ਆਇਆ। ਇਸ ਕਾਰਨ ਰਿਐਕਟਰ ਦੇ ਅੰਦਰ ਬਹੁਤ ਜ਼ਿਆਦਾ ਭਾਫ਼ ਬਣ ਗਈ, ਜਿਸ ਨੇ ਰਿਐਕਟਰ ਦੀ ਛੱਤ ਨੂੰ ਉਡਾ ਦਿੱਤਾ। ਇਸ ਤੋਂ ਤੁਰੰਤ ਬਾਅਦ ਦੂਜਾ ਵੱਡਾ ਧਮਾਕਾ ਹੋਇਆ, ਜਿਸ ਨਾਲ ਰੇਡੀਓਐਕਟਿਵ ਪਦਾਰਥ ਹਵਾ ਵਿੱਚ ਫੈਲ ਗਏ। ਕੁੱਲ ਮਿਲਾ ਕੇ ਰਿਐਕਟਰ ਦੀਆਂ ਡਿਜ਼ਾਈਨ ਖ਼ਾਮੀਆਂ ਅਤੇ ਆਪਰੇਟਰ ਦੀ ਗ਼ਲਤੀ ਕਾਰਨ ਇਹ ਹਾਦਸਾ ਵਾਪਰਿਆ।
ਮੰਨਿਆ ਜਾਂਦਾ ਹੈ ਕਿ ਧਮਾਕੇ ਕਾਰਨ ਲਗਭਗ 3-5 ਫ਼ੀਸਦੀ ਕੋਰ ਸਮੱਗਰੀ ਵਾਤਾਵਰਣ ਵਿੱਚ ਫੈਲ ਗਈ ਸੀ। ਇਹ ਰੇਡੀਏਸ਼ਨ ਯੂਕਰੇਨ, ਬੇਲਾਰੂਸ, ਰੂਸ ਅਤੇ ਯੂਰੋਪ ਦੇ ਕਈ ਹਿੱਸਿਆਂ ਤੱਕ ਪਹੁੰਚ ਗਈ। ਉਸੇ ਸਮੇਂ ਦੋ ਕਰਮਚਾਰੀਆਂ ਦੀ ਤੁਰੰਤ ਮੌਤ ਹੋ ਗਈ ਜਦੋਂਕਿ ਅਗਲੇ ਕੁਝ ਹਫ਼ਤਿਆਂ ਵਿੱਚ 28 ਹੋਰ ਕਰਮਚਾਰੀ ਅਤੇ ਫਾਇਰਫਾਈਟਰਜ਼ ‘ਐਕਿਊਟ ਰੇਡੀਏਸ਼ਨ ਸਿੰਡਰੋਮ’ ਕਾਰਨ ਮਾਰੇ ਗਏ।
ਅਗਲੇ 36 ਘੰਟਿਆਂ ਮਗਰੋਂ ਨੇੜਲੇ ਸ਼ਹਿਰ ਪ੍ਰਿਪਯਤ ਦੇ ਲਗਭਗ 50,000 ਲੋਕਾਂ ਨੂੰ ਸਿਰਫ਼ ਕੁਝ ਘੰਟਿਆਂ ਦੇ ਨੋਟਿਸ ’ਤੇ ਘਰ ਛੱਡਣ ਲਈ ਕਿਹਾ ਗਿਆ। ਉਹ ਅੱਜ ਤੱਕ ਵਾਪਸ ਨਹੀਂ ਪਰਤ ਸਕੇ। ਹਾਲਾਂਕਿ ਰੇਡੀਏਸ਼ਨ ਨੂੰ ਰੋਕਣ ਲਈ ਰਿਐਕਟਰ ਦੇ ਸਾਲ 1986 ਵਾਲੇ ਪੁਰਾਣੇ ਢਾਂਚੇ ਉੱਪਰ 2016 ਵਿੱਚ ਕੰਕਰੀਟ ਅਤੇ ਸਟੀਲ ਦਾ ਇੱਕ ਢਾਂਚਾ ਬਣਾਇਆ ਗਿਆ। ਇਹ ਕੋਈ ਸਥਾਈ ਹੱਲ ਤਾਂ ਨਹੀਂ, ਪਰ ਇੱਕ ਸਦੀ ਤੱਕ ਸੁਰੱਖਿਆ ਦੇਵੇਗਾ।
ਪਲਾਂਟ ਦੇ ਆਲੇ-ਦੁਆਲੇ 30 ਕਿਲੋਮੀਟਰ ਦੇ ਇਲਾਕੇ ਨੂੰ ‘ਐਕਸਕਲੂਜ਼ਨ ਜ਼ੋਨ’ ਐਲਾਨਿਆ ਗਿਆ ਹੈ, ਜਿੱਥੇ ਅੱਜ ਵੀ ਇਨਸਾਨਾਂ ਦਾ ਰਹਿਣਾ ਸੁਰੱਖਿਅਤ ਨਹੀਂ ਹੈ। ਇਹ ਜ਼ੋਨ ਲਗਭਗ 2,600 ਵਰਗ ਕਿਲੋਮੀਟਰ (ਲਗਭਗ 1,000 ਵਰਗ ਮੀਲ) ਵਿੱਚ ਫੈਲਿਆ ਹੋਇਆ ਹੈ। ਇਸ 30 ਕਿਲੋਮੀਟਰ ਦੇ ਦਾਇਰੇ ਵਿੱਚ ਆਮ ਨਾਗਰਿਕਾਂ ਦਾ ਪੱਕੇ ਤੌਰ ’ਤੇ ਰਹਿਣਾ ਸਖ਼ਤ ਮਨ੍ਹਾਂ ਹੈ। ਹਾਲਾਂਕਿ, ਕੁਝ ਬਜ਼ੁਰਗ ਲੋਕ ਆਪਣੀ ਮਰਜ਼ੀ ਨਾਲ ਆਪਣੇ ਪੁਰਾਣੇ ਘਰਾਂ ਵਿੱਚ ਪਰਤ ਆਏ ਸਨ, ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ।
ਵਿਗਿਆਨੀਆਂ ਅਨੁਸਾਰ, ਰਿਐਕਟਰ ਦੇ ਬਿਲਕੁਲ ਨੇੜਲੇ ਇਲਾਕੇ ਅਗਲੇ ਹਜ਼ਾਰਾਂ ਸਾਲਾਂ ਤੱਕ ਇਨਸਾਨਾਂ ਦੇ ਰਹਿਣ ਦੇ ਯੋਗ ਨਹੀਂ ਹੋਣਗੇ ਕਿਉਂਕਿ ਉੱਥੇ ਮੌਜੂਦ ਰੇਡੀਓਐਕਟਿਵ ਤੱਤਾਂ ਦਾ ਅਸਰ ਖ਼ਤਮ ਹੋਣ ਵਿੱਚ ਹਜ਼ਾਰਾਂ ਸਾਲ ਲੱਗਣਗੇ। ਇਸ ਘਟਨਾ ਮਗਰੋਂ ਇਸ ਖਿੱਤੇ ਵਿੱਚ ਹਜ਼ਾਰਾਂ ਬੱਚਿਆਂ ਨੂੰ ਥਾਇਰਾਇਡ ਕੈਂਸਰ ਹੋਇਆ ਕਿਉਂਕਿ ਉਨ੍ਹਾਂ ਨੇ ਦੂਸ਼ਿਤ ਦੁੱਧ ਪੀਤਾ ਸੀ। ਵਿਸ਼ਵ ਸਿਹਤ ਸੰਗਠਨ ਮੁਤਾਬਿਕ ਲੰਮੇ ਸਮੇਂ ਦੇ ਪ੍ਰਭਾਵਾਂ ਕਾਰਨ ਕੈਂਸਰ ਦੇ ਹਜ਼ਾਰਾਂ ਮਾਮਲੇ ਹੋਣ ਦੀ ਸੰਭਾਵਨਾ ਵੀ ਦਰਜ ਕੀਤੀ ਗਈ ਹੈ।
ਚਰਨੋਬਲ ਪਲਾਂਟ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਲਗਭਗ 2,000 ਤੋਂ 3,000 ਲੋਕ ਅੱਜ ਵੀ ਇੱਥੇ ਸ਼ਿਫਟਾਂ ਵਿੱਚ ਕੰਮ ਕਰਦੇ ਹਨ। ਉਹ ਇਸ ਦੇ ਖ਼ਤਰਿਆਂ ਤੋਂ ਵਾਕਿਫ਼ ਹਨ। ਇਸ ਲਈ ਉਹ ਕੁਝ ਦਿਨ ਜ਼ੋਨ ਦੇ ਅੰਦਰ ਰਹਿੰਦੇ ਹਨ ਅਤੇ ਫਿਰ ਬਾਹਰ ਚਲੇ ਜਾਂਦੇ ਹਨ ਤਾਂ ਜੋ ਰੇਡੀਏਸ਼ਨ ਦਾ ਅਸਰ ਘੱਟ ਹੋਵੇ।
ਸਿਰਫ਼ ਮਨੁੱਖ ਨੂੰ ਹੀ ਨਹੀਂ ਸਗੋਂ ਮਨੁੱਖੀ ਗ਼ਲਤੀਆਂ ਦੀ ਸਜ਼ਾ ਜਾਨਵਰਾਂ ਨੂੰ ਵੀ ਭੁਗਤਣੀ ਪੈ ਰਹੀ ਹੈ। ਰੇਡੀਏਸ਼ਨ ਨੇ ਜਾਨਵਰਾਂ ਦੇ ਡੀ ਐੱਨ ਏ ’ਤੇ ਡੂੰਘਾ ਅਸਰ ਪਾਇਆ ਹੈ। ਟ੍ਰੀ ਫਰੌਗਜ਼ ਅਰਥਾਤ ਦਰੱਖ਼ਤਾਂ ਦੇ ਡੱਡੂ ਆਮ ਤੌਰ ’ਤੇ ਹਰੇ ਹੁੰਦੇ ਹਨ, ਹੁਣ ਇੱਥੇ ਉਹ ਕਾਲੇ ਰੰਗ ਦੇ ਹੋ ਗਏ ਹਨ। ਕੁਝ ਪੰਛੀਆਂ ਦੀਆਂ ਚੁੰਝਾਂ ਦੀ ਬਨਾਵਟ ਵਿਗੜ ਗਈ ਹੈ ਅਤੇ ਉਨ੍ਹਾਂ ਦੇ ਦਿਮਾਗ਼ ਦਾ ਆਕਾਰ ਆਮ ਪੰਛੀਆਂ ਨਾਲੋਂ ਛੋਟਾ ਪਾਇਆ ਗਿਆ ਹੈ।
ਹਾਲਾਂਕਿ ਜਾਨਵਰ ਬਾਹਰੋਂ ਤੰਦਰੁਸਤ ਲਗਦੇ ਹਨ, ਪਰ ਉਨ੍ਹਾਂ ਦੇ ਸਰੀਰ ਦੇ ਅੰਦਰੂਨੀ ਹਿੱਸੇ ਰੇਡੀਏਸ਼ਨ ਨਾਲ ਲੜ ਰਹੇ ਹਨ। ਉਨ੍ਹਾਂ ਵਿੱਚ ਮੋਤੀਆਬਿੰਦ ਅਤੇ ਕੈਂਸਰ ਦੀਆਂ ਦਰਾਂ ਆਮ ਨਾਲੋਂ ਵੱਧ ਹਨ। ਰੇਡੀਏਸ਼ਨ ਕਾਰਨ ਬਹੁਤ ਸਾਰੇ ਜਾਨਵਰਾਂ ਦੀ ਉਮਰ ਘਟ ਜਾਂਦੀ ਹੈ ਅਤੇ ਉਨ੍ਹਾਂ ਦੀ ਪ੍ਰਜਣਨ ਸਮਰੱਥਾ ’ਤੇ ਵੀ ਮਾੜਾ ਅਸਰ ਪਿਆ ਹੈ। ਹਾਦਸੇ ਵੇਲੇ ਲੋਕ ਆਪਣੇ ਪਾਲਤੂ ਕੁੱਤੇ ਉੱਥੇ ਹੀ ਛੱਡ ਗਏ ਸਨ। ਅੱਜ ਉੱਥੇ ਰਹਿੰਦੀਆਂ ਉਨ੍ਹਾਂ ਕੁੱਤਿਆਂ ਦੀਆਂ ਅਗਲੀਆਂ ਪੀੜ੍ਹੀਆਂ ਵਿੱਚ ਜੈਨੇਟਿਕ ਤਬਦੀਲੀਆਂ ਦਰਜ ਕੀਤੀਆਂ ਗਈਆਂ ਹਨ। ਇੱਕ ਹੋਰ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਬਣਦਾ ਹੈ ਕਿ ਹੈਰਾਨੀਜਨਕ ਤੌਰ ’ਤੇ ਮਨੁੱਖੀ ਦਖ਼ਲ ਦੀ ਘਾਟ ਕਾਰਨ ਕੁਝ ਜਾਨਵਰਾਂ ਦੀ ਗਿਣਤੀ ਵਿੱਚ ਵਾਧਾ ਵੀ ਦੇਖਿਆ ਗਿਆ ਹੈ।
ਜੇਕਰ ਖੇਤੀਬਾੜੀ ਦੀ ਗੱਲ ਕਰੀਏ ਤਾਂ ਇੱਥੋਂ ਦੀ ਮਿੱਟੀ ਵਿੱਚ ਅਜੇ ਵੀ ਰੇਡੀਓਐਕਟਿਵ ਕਣ ਮੌਜੂਦ ਹਨ। ਜੇਕਰ ਇੱਥੇ ਖੇਤੀ ਕੀਤੀ ਜਾਂਦੀ ਹੈ ਤਾਂ ਕਣਕ ਜਾਂ ਮੱਕੀ ਵਰਗੀਆਂ ਰੇਡੀਏਸ਼ਨ ਨੂੰ ਸੋਖ ਲੈਣ ਵਾਲੀਆਂ ਫ਼ਸਲਾਂ ਇਨਸਾਨੀ ਖਪਤ ਲਈ ਜ਼ਹਿਰੀਲੀਆਂ ਹੋ ਸਕਦੀਆਂ ਹਨ। ਕਈ ਇਲਾਕਿਆਂ ਵਿੱਚ ਸਖ਼ਤ ਨਿਗਰਾਨੀ ਹੇਠ ਸੀਮਿਤ ਖੇਤੀ ਕੀਤੀ ਜਾਂਦੀ ਹੈ, ਪਰ ਕੌਮਾਂਤਰੀ ਸੁਰੱਖਿਆ ਮਾਪਦੰਡਾਂ ਤਹਿਤ ਇੱਥੋਂ ਦੇ ਕਈ ਉਤਪਾਦਾਂ ’ਤੇ ਸਖ਼ਤ ਨਿਯੰਤਰਣ ਅਤੇ ਟੈਸਟਿੰਗ ਲਾਗੂ ਹੈ। ਇਸ ਲਈ ਉਨ੍ਹਾਂ ਨੂੰ ਖੁੱਲ੍ਹੇ ਤੌਰ ’ਤੇ ਮਾਰਕੀਟ ਵਿੱਚ ਵੇਚਣ ਦੀ ਇਜਾਜ਼ਤ ਨਹੀਂ ਹੁੰਦੀ।
ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸਾਨੂੰ ਪ੍ਰਮਾਣੂ ਤਾਕਤ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ? ਹਾਲਾਂਕਿ ਪ੍ਰਮਾਣੂ ਰਹਿੰਦ-ਖੂੰਹਦ ਦੀ ਸੰਭਾਲ ਅਜੇ ਵੀ ਇੱਕ ਵੱਡੀ ਚੁਣੌਤੀ ਹੈ। ਹਕੀਕਤ ਤਾਂ ਇਹ ਵੀ ਹੈ ਕਿ ਅਜੋਕੇ ਦੌਰ ਵਿੱਚ, ਜਦੋਂ ਦੁਨੀਆ ਜਲਵਾਯੂ ਤਬਦੀਲੀ ਨਾਲ ਜੂਝ ਰਹੀ ਹੈ ਤਾਂ 24 ਘੰਟੇ ਬਿਜਲੀ ਪ੍ਰਦਾਨ ਕਰਨ ਲਈ ਪ੍ਰਮਾਣੂ ਊਰਜਾ ਇੱਕ ਸ਼ਕਤੀਸ਼ਾਲੀ ਹੱਲ ਵਜੋਂ ਉੱਭਰਦੀ ਹੈ। ਕੋਲੇ ਜਾਂ ਗੈਸ ਦੇ ਮੁਕਾਬਲੇ ਪ੍ਰਮਾਣੂ ਪਲਾਂਟ ਹਵਾ ਵਿੱਚ ਗਰੀਨਹਾਊਸ ਗੈਸਾਂ ਨਹੀਂ ਛੱਡਦੇ। ਬੱਸ ਇਨ੍ਹਾਂ ਨੂੰ ਸਮਝਦਾਰੀ ਨਾਲ ਚਲਾਉਣ ਦੀ ਲੋੜ ਹੈ।
ਸਵਾਲ ਇਹ ਵੀ ਉੱਠਦਾ ਹੈ ਕਿ ਕੀ ਚਰਨੋਬਲ ਵਰਗੇ ਹਾਦਸਿਆਂ ਮਗਰੋਂ ਉੱਥੋਂ ਦੀ ਧਰਤੀ ਨੂੰ ਦੁਬਾਰਾ ਇਨਸਾਨਾਂ ਦੇ ਰਹਿਣ ਯੋਗ ਬਣਾਇਆ ਜਾ ਸਕਦਾ ਹੈ ? ਦਰਅਸਲ, ਇਹ ਇੱਕ ਬਹੁਤ ਹੀ ਗੁੰਝਲਦਾਰ ਅਤੇ ਲੰਮੀ ਪ੍ਰਕਿਰਿਆ ਹੈ ਕਿਉਂਕਿ ਪ੍ਰਮਾਣੂ ਰੇਡੀਏਸ਼ਨ ਦੇ ਪ੍ਰਭਾਵ ਨੂੰ ਖ਼ਤਮ ਹੋਣ ਵਿੱਚ ਬਹੁਤ ਲੰਮਾ ਸਮਾਂ ਲੱਗਦਾ ਹੈ। ਇਸ ਲਈ ਹਜ਼ਾਰਾਂ ਸਾਲਾਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਵਿਗਿਆਨੀਆਂ ਮੁਤਾਬਿਕ ਰਿਐਕਟਰ ਦੇ ਬਿਲਕੁਲ ਨੇੜਲੇ ਹਿੱਸੇ ਅਤੇ ਰੈੱਡ ਫੋਰੈਸਟ ਵਰਗੇ ਇਲਾਕੇ, ਜਿੱਥੇ ਪਾਈਨ ਦੇ ਦਰੱਖਤ ਰੇਡੀਏਸ਼ਨ ਕਾਰਨ ਲਾਲ ਹੋ ਕੇ ਸੁੱਕ-ਸੜ ਗਏ ਸਨ, ਅਗਲੇ 20,000 ਸਾਲਾਂ ਤੱਕ ਇਨਸਾਨਾਂ ਦੇ ਪੱਕੇ ਤੌਰ ’ਤੇ ਰਹਿਣ ਲਈ ਸੁਰੱਖਿਅਤ ਨਹੀਂ ਹੋਣਗੇ। ਕੁਝ ਬਾਹਰੀ ਖੇਤਰਾਂ ਵਿੱਚ ਭਵਿੱਖ ਵਿੱਚ ਸੀਮਿਤ ਵਸੇਬਾ ਸੰਭਵ ਹੋ ਸਕਦਾ ਹੈ ਕਿਉਂਕਿ ਉੱਥੇ ਮੌਜੂਦ ਰੇਡੀਓਐਕਟਿਵ ਤੱਤਾਂ ਦਾ ਅਸਰ ਹੌਲੀ-ਹੌਲੀ ਘਟ ਰਿਹਾ ਹੈ, ਪਰ ਫਿਰ ਵੀ ਆਮ ਪੱਧਰ ਤੱਕ ਪੁੱਜਣ ਵਿੱਚ ਤਿੰਨ ਤੋਂ ਛੇ ਸਦੀਆਂ ਲੱਗ ਸਕਦੀਆਂ ਹਨ।
ਚਰਨੋਬਲ ਸਿਰਫ਼ ਇੱਕ ਹਾਦਸਾ ਨਹੀਂ, ਇੱਕ ਚਿਤਾਵਨੀ ਹੈ ਕਿ ਤਾਕਤ ਅਤੇ ਜ਼ਿੰਮੇਵਾਰੀ ਵੱਖ ਹੋ ਜਾਣ ਤਾਂ ਤਰੱਕੀ ਵੀ ਤਬਾਹੀ ਬਣ ਸਕਦੀ ਹੈ। ਇਸ ਨੇ ਇਹ ਵੀ ਦਿਖਾਇਆ ਕਿ ਰੇਡੀਏਸ਼ਨ ਦੀ ਕੋਈ ਸਰਹੱਦ ਨਹੀਂ ਹੁੰਦੀ। ਇੱਕ ਰਿਐਕਟਰ ਦਾ ਫਟਣਾ ਵੀ ਬਹੁਤ ਸਾਰੇ ਦੇਸ਼ਾਂ ਦੀ ਹਵਾ ਅਤੇ ਪਾਣੀ ਨੂੰ ਜ਼ਹਿਰੀਲਾ ਕਰ ਸਕਦਾ ਹੈ। ਪ੍ਰਮਾਣੂ ਜੰਗ ਹੋਣ ਦੀ ਸੂਰਤ ਵਿੱਚ ਤਾਂ ਹਜ਼ਾਰਾਂ ਮਿਜ਼ਾਈਲਾਂ ਦੀ ਵਰਤੋਂ ਹੋਵੇਗੀ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਬਿਹਤਰ ਭਵਿੱਖ ਲਈ ਪ੍ਰਮਾਣੂ ਸ਼ਕਤੀ ਦਾ ਉਪਯੋਗ ਬੇਹੱਦ ਸਮਝਦਾਰੀ ਅਤੇ ਪਾਰਦਰਸ਼ਤਾ ਨਾਲ ਕਰਨਾ ਪਵੇਗਾ, ਪਰ ਹਥਿਆਰਾਂ ਦੇ ਮਾਮਲੇ ਵਿੱਚ ਛੋਟੀ ਜਿਹੀ ਗ਼ਲਤੀ ਜਾਂ ਗ਼ਲਤਫਹਿਮੀ ਪੂਰੀ ਮਨੁੱਖਤਾ ਦੇ ਖ਼ਾਤਮੇ ਦਾ ਕਾਰਨ ਬਣ ਸਕਦੀ ਹੈ।
ਸੰਪਰਕ: 98780-19889

