DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਚੈਂਪੀਅਨ ਮੈਸੀ ਦੀ ਰੁਖ਼ਸਤੀ: ਇੱਕ ਯੁੱਗ ਦਾ ਅੰਤ

ਫੁਟਬਾਲ ਦੁਨੀਆ ਵਿੱਚ ਸਭ ਤੋਂ ਵੱਧ ਖੇਡੀ ਜਾਂਦੀ ਅਤੇ ਮਕਬੂਲ ਖੇਡ ਹੈ। ਅਰਜਨਟੀਨਾ ਦਾ ਲਿਓਨਲ ਮੈਸੀ ਇਸ ਦੇ ਮਹਾਨਤਮ ਖਿਡਾਰੀਆਂ ਦੀ ਸੂਚੀ ਵਿੱਚ ਸਿਖਰਲੇ ਸਥਾਨ ’ਤੇ ਹੈ। ਉਸ ਵੱਲੋਂ 39 ਵਰ੍ਹਿਆਂ ਦੀ ਉਮਰੇ ਆਪਣੇ 21 ਸਾਲਾਂ ਦੇ ਸ਼ਾਨਾਂਮੱਤੇ ਕੌਮਾਂਤਰੀ ਫੁਟਬਾਲ...

  • fb
  • twitter
  • whatsapp
  • whatsapp
Advertisement

ਫੁਟਬਾਲ ਦੁਨੀਆ ਵਿੱਚ ਸਭ ਤੋਂ ਵੱਧ ਖੇਡੀ ਜਾਂਦੀ ਅਤੇ ਮਕਬੂਲ ਖੇਡ ਹੈ। ਅਰਜਨਟੀਨਾ ਦਾ ਲਿਓਨਲ ਮੈਸੀ ਇਸ ਦੇ ਮਹਾਨਤਮ ਖਿਡਾਰੀਆਂ ਦੀ ਸੂਚੀ ਵਿੱਚ ਸਿਖਰਲੇ ਸਥਾਨ ’ਤੇ ਹੈ। ਉਸ ਵੱਲੋਂ 39 ਵਰ੍ਹਿਆਂ ਦੀ ਉਮਰੇ ਆਪਣੇ 21 ਸਾਲਾਂ ਦੇ ਸ਼ਾਨਾਂਮੱਤੇ ਕੌਮਾਂਤਰੀ ਫੁਟਬਾਲ ਕਰੀਅਰ ਨੂੰ ਅਲਵਿਦਾ ਆਖੇ ਜਾਣ ’ਤੇ ਅਰਜਨਟੀਨਾ ਦੀ ਫੁਟਬਾਲ ਵਿੱਚ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਮੈਸੀ ਦੀ ਕਹਾਣੀ ਸਿਰਫ਼ ਗੋਲਾਂ, ਟਰਾਫੀਆਂ ਅਤੇ ਰਿਕਾਰਡਾਂ ਦੀ ਕਹਾਣੀ ਨਹੀਂ ਹੈ। ਇਹ ਸੰਘਰਸ਼, ਪਰਿਵਾਰ ਦੀ ਕੁਰਬਾਨੀ, ਨਿਰਾਸ਼ਾ, ਆਲੋਚਨਾ, ਵਾਪਸੀ ਅਤੇ ਅੰਤ ਵਿੱਚ ਵਿਸ਼ਵ ਚੈਂਪੀਅਨ ਬਣਨ ਦੀ ਭਾਵੁਕ ਕਥਾ ਹੈ, ਜੋ ਕਿਸੇ ਵਿਰਲੇ ਖਿਡਾਰੀ ਦੀ ਹੀ ਹੁੰਦੀ ਹੈ। ਡੀਏਗੋ ਮੈਰਾਡੋਨਾ ਤੋਂ ਬਾਅਦ ਵਿਸ਼ਵ ਕੱਪ ਵਿੱਚ ਫਾਈਨਲ ਖੇਡਣ ਨੂੰ ਤਰਸੀ ਅਰਜਨਟੀਨਾ ਟੀਮ ਨੂੰ ਮੈਸੀ ਨੇ ਤਿੰਨ ਵਾਰ ਇਸ ਮੁਕਾਮ ਤੱਕ ਪਹੁੰਚਾਇਆ ਅਤੇ ਇੱਕ ਵਾਰ ਵਿਸ਼ਵ ਚੈਂਪੀਅਨ ਵੀ ਬਣਾਇਆ। ਮੈਸੀ ਦੇ ਖੇਡ ਕਰੀਅਰ ਵਿੱਚ ਅਰਜਨਟੀਨਾ ਦੀ ਟੀਮ ਨੇ ਉਹ ਸਭ ਪ੍ਰਾਪਤੀਆਂ ਕੀਤੀਆਂ, ਜਿਸ ਦੀ ਉੱਥੋਂ ਦੇ ਫੁਟਬਾਲ ਪ੍ਰੇਮੀਆਂ ਨੂੰ ਦਹਾਕਿਆਂ ਤੋਂ ਉਡੀਕ ਸੀ। ਅਲਵਿਦਾ ਆਖਦਿਆਂ ਮੈਸੀ ਨੇ ਇਹ ਮੋਹ ਭਿੱਜੇ ਭਾਵੁਕ ਸ਼ਬਦ ਆਖੇ, ‘‘ਅਰਜਨਟੀਨਾ ਦੀ ਜਰਸੀ ਲਈ ਮੈਂ ਆਪਣਾ ਪੂਰਾ ਤਾਣ ਲਾ ਦਿੱਤਾ। ਮੈਂ ਇਸ ਤਸੱਲੀ ਨਾਲ ਜਾ ਰਿਹਾ ਹਾਂ ਕਿ ਮੈਂ ਅਰਜਨਟੀਨਾ ਨੂੰ ਆਪਣਾ ਸਭ ਕੁਝ ਦਿੱਤਾ। ਰੱਬ ਦਾ ਸ਼ੁਕਰ ਹੈ ਕਿ ਉਸ ਨੇ ਮੈਨੂੰ ਅਰਜਨਟੀਨੀ ਬਣਾਇਆ।’’

ਮੈਰਾਡੋਨਾ ਵੱਲੋਂ ਅਰਜਨਟੀਨਾ ਨੂੰ ਵਿਸ਼ਵ ਕੱਪ ਜਿਤਾਉਣ ਤੋਂ ਇੱਕ ਸਾਲ ਬਾਅਦ 24 ਜੂਨ 1987 ਨੂੰ ਰੋਸਾਰੀਓ ਵਿੱਚ ਜਨਮੇ ਲਿਓਨਲ ਮੈਸੀ ਨੂੰ ਬਚਪਨ ਤੋਂ ਹੀ ਫੁਟਬਾਲ ਨਾਲ ਬੇਹੱਦ ਪਿਆਰ ਸੀ। ਪੰਜ ਵਰ੍ਹਿਆਂ ਦੀ ਉਮਰੇ ਉਸ ਨੇ ਸਥਾਨਕ ਕਲੱਬ ਵਿੱਚ ਫੁਟਬਾਲ ਨੂੰ ਠੇਡੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਮੈਸੀ ਦੀ ਦਾਦੀ ਸੇਲੀਆ ਨੇ ਉਸ ਨੂੰ ਖੇਡਣ ਦਾ ਮੌਕਾ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਛੋਟੇ ਕੱਦ ਦੇ ਬਾਵਜੂਦ ਬਚਪਨ ਤੋਂ ਹੀ ਮੈਸੀ ਦੀ ਬਾਲ ਉੱਤੇ ਪਕੜ ਅਤੇ ਡਰਿਬਲਿੰਗ ਸਕਿੱਲ ਲੋਕਾਂ ਦਾ ਧਿਆਨ ਖਿੱਚਦੇ ਰਹੇ। ਸੱਤ ਸਾਲ ਦੀ ਉਮਰੇ ਉਸ ਨੇ ਆਪਣੇ ਸਥਾਨਕ ਕਲੱਬ ਵੱਲੋਂ ਖੇਡਦਿਆਂ 500 ਤੋਂ ਵੱਧ ਗੋਲ ਕਰ ਕੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। ਉਸ ਸਮੇਂ ਮੈਸੀ ਨੂੰ ਉਸ ਦੇ ਜਨਮ ਵਾਲੇ ਸਾਲ ਨਾਲ ਜੋੜ ਕੇ ‘87 ਗੋਲ ਮਸ਼ੀਨ’ ਆਖਿਆ ਜਾਣ ਲੱਗਿਆ ਸੀ।

Advertisement

ਛੋਟੀ ਉਮਰੇ ਮੈਸੀ ਵਿੱਚ ਹਾਰਮੋਨ ਦੀ ਕਮੀ ਦੀ ਪਛਾਣ ਹੋਈ, ਜਿਸ ਕਾਰਨ ਉਸ ਦਾ ਕੱਦ ਉਮਰ ਦੇ ਅਨੁਪਾਤ ਵਿੱਚ ਵਧ ਨਹੀਂ ਸੀ ਰਿਹਾ। ਇਸ ਬਿਮਾਰੀ ਨੇ ਇੱਕ ਵੇਲੇ ਉਸ ਦੇ ਫੁਟਬਾਲ ਖੇਡਣ ਦੇ ਸੁਫ਼ਨੇ ਨੂੰ ਵੀ ਖ਼ਤਰੇ ਵਿੱਚ ਪਾ ਦਿੱਤਾ ਸੀ, ਪਰ ਪਰਿਵਾਰ ਨੇ ਹਿੰਮਤ ਨਹੀਂ ਹਾਰੀ ਤੇ ਸੰਘਰਸ਼ ਜਾਰੀ ਰੱਖਿਆ। 13 ਸਾਲ ਦੀ ਉਮਰ ਵਿੱਚ ਉਹ ਬਾਰਸੀਲੋਨਾ ਚਲਾ ਗਿਆ। ਇਹ ਸਤੰਬਰ 2000 ਦੀ ਗੱਲ ਹੈ, ਜਦੋਂ ਇੱਕ ਕਲੱਬ ਦੇ ਡਾਇਰੈਕਰਟਰ ਤੇ ਸਾਬਕਾ ਸਪੇਨੀ ਖਿਡਾਰੀ ਕਾਰਲਸ ਰਸ਼ਾਕਸ ਨੇ ਮੈਸੀ ਨੂੰ ਯੂਥ ਕਲੱਬ ਵਿੱਚ ਸ਼ਾਮਿਲ ਕਰਨਾ ਚਾਹਿਆ, ਪਰ ਬੋਰਡ ਆਫ ਡਾਇਰੈਕਟਰਜ਼ ਨੇ ਉਸ ਦੀ ਛੋਟੀ ਉਮਰ ਨੂੰ ਦੇਖਦਿਆਂ ਨਾਂਹ ਕਰ ਦਿੱਤੀ। ਕੁਝ ਸਮੇਂ ਬਾਅਦ 14 ਦਸੰਬਰ 2000 ਨੂੰ ਮੈਸੀ ਨੂੰ ਸ਼ਾਮਿਲ ਕਰਨ ਲਈ ਸਹਿਮਤੀ ਦੇ ਦਿੱਤੀ ਗਈ ਅਤੇ ਉਸ ਦਾ ਪਹਿਲਾ ਸਮਝੌਤਾ ਇੱਕ ਨੈਪਕਿਨ ਪੇਪਰ ਉੱਪਰ ਸਹੀਬੱਧ ਹੋਇਆ। ਫਰਵਰੀ 2001 ਵਿੱਚ ਮੈਸੀ ਦਾ ਪਰਿਵਾਰ ਵੀ ਕਲੱਬ ਦੇ ਸਟੇਡੀਅਮ ਨੇੜੇ ਇੱਕ ਅਪਾਰਟਮੈਂਟ ਵਿੱਚ ਆ ਕੇ ਰਹਿਣ ਲੱਗਿਆ। ਕਲੱਬ ਨੇ ਮੈਸੀ ਦੇ ਇਲਾਜ ਦਾ ਖਰਚਾ ਵੀ ਚੁੱਕਿਆ।

Advertisement

ਬਾਰਸੀਲੋਨਾ ਵਿੱਚ ਮੈਸੀ ਵਿਚਲੇ ਵਿਲੱਖਣ ਹੁਨਰ ਨੂੰ ਹੋਰ ਨਿਖਰਨ ਦਾ ਮੌਕਾ ਮਿਲਿਆ। ਸੋਲਾਂ ਵਰ੍ਹਿਆਂ ਦੀ ਉਮਰੇ ਮੈਸੀ ਨੇ ਦੋ ਸੀਜ਼ਨ ਬਾਰਸੀਲੋਨਾ ਦੀ ‘ਸੀ’ ਤੇ ‘ਬੀ’ ਟੀਮ ਵੱਲੋਂ ਖੇਡੇ ਅਤੇ 17 ਵਰ੍ਹਿਆਂ ਦੀ ਉਮਰੇ 2004 ਵਿੱਚ ਬਾਰਸੀਲੋਨਾ ਦੀ ਸੀਨੀਅਰ ਟੀਮ ਵਿੱਚ ਥਾਂ ਬਣਾ ਲਈ। ਬਾਰਸੀਲੋਨਾ ਸਪੈਨਿਸ਼ ਕਲੱਬ ਟੂਰਨਾਮੈਂਟ ਦੀਆਂ ਸਿਖਰਲੀਆਂ ਟੀਮਾਂ ਵਿੱਚੋਂ ਇੱਕ ਸੀ, ਜਿਸ ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜਦਾ ਸੀ। ਮੈਸੀ ਦੇ ਪਹਿਲੇ ਸੀਜ਼ਨ ਵਿੱਚ ਹੀ ਬਾਰਸੀਲੋਨਾ ‘ਲਾ ਲੀਗਾ’ ਦਾ ਚੈਂਪੀਅਨ ਬਣ ਗਿਆ ਤੇ ਇਸ ਮਗਰੋਂ ਉਸ ਨੇ ਕਦੇ ਪਿੱਛੇ ਮੁੜ ਕੇ ਨਾ ਵੇਖਿਆ। ਉਹ ਬਾਰਸੀਲੋਨਾ ਲਈ 17 ਸਾਲ ਖੇਡਿਆ ਅਤੇ ਇਸ ਦੌਰਾਨ 10 ਵਾਰ ‘ਲਾ ਲੀਗਾ’ ਦਾ ਖਿਤਾਬ ਵੀ ਜਿੱਤਿਆ। ਇਸ ਤੋਂ ਇਲਾਵਾ ਚਾਰ ਵਾਰ ਯੂ ਏ ਐੱਫ ਏ ਚੈਂਪੀਅਨਜ਼ ਲੀਗ, ਤਿੰਨ ਵਾਰ ਯੂ ਏ ਐੱਫ ਏ ਸੁਪਰ ਕੱਪ, ਸੱਤ ਕੋਪਾ ਡੇਲ ਰੇਅ, ਅੱਠ ਸੁਪਰਕੋਪਾ ਡੇ ਐੱਸਪੇਨੇ ਅਤੇ ਤਿੰਨ ਵਾਰ ਫੀਫਾ ਕਲੱਬ ਵਿਸ਼ਵ ਕੱਪ ਜਿੱਤੇ। ਬਾਰਸੀਲੋਨਾ ਲਈ 520 ਮੈਚ ਖੇਡਦਿਆਂ ਮੈਸੀ ਨੇ 474 ਗੋਲ ਕੀਤੇ।

‘ਕਲੱਬ ਫੁਟਬਾਲ’ ਦੀ ਸ਼ੁਰੂਆਤ ਤੋਂ ਇੱਕ ਸਾਲ ਬਾਅਦ ਹੀ ਉਸ ਨੇ ਅਰਜਨਟੀਨਾ ਦੀ ਅੰਡਰ 20 ਟੀਮ ਵਿੱਚ ਥਾਂ ਬਣਾ ਲਈ, ਜਿੱਥੇ ਉਸ ਨੇ 18 ਮੈਚ ਖੇਡਦਿਆਂ 14 ਗੋਲ ਕੀਤੇ ਅਤੇ 2005 ਵਿੱਚ ਅਰਜਨਟੀਨਾ ਨੂੰ ਫੀਫਾ ਅੰਡਰ 20 ਵਿਸ਼ਵ ਕੱਪ ’ਚ ਸੋਨ ਅਤੇ ਦੱਖਣੀ ਅਮਰੀਕੀ ਅੰਡਰ 20 ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਦਿਵਾਇਆ। ਅਠਾਰਾਂ ਵਰ੍ਹਿਆਂ ਦੀ ਉਮਰੇ ਉਹ ਅਰਜਨਟੀਨਾ ਦੀ ਸੀਨੀਅਰ ਟੀਮ ਵਿੱਚ ਚੁਣਿਆ ਗਿਆ।

ਮੈਰਾਡੋਨਾ ਦਾ ਦੌਰ ਖ਼ਤਮ ਹੋਣ ਮਗਰੋਂ ਅਰਜਨਟੀਨਾ ਦੀ ਟੀਮ ਮੁੜ ਖੜ੍ਹੀ ਹੋ ਰਹੀ ਸੀ। ਮੈਸੀ ਅੱਗੇ ਫੀਫਾ ਵਿਸ਼ਵ ਕੱਪ ਅਤੇ ਕੋਪਾ ਅਮਰੀਕਾ ਦੋ ਅਜਿਹੇ ਮੁਕਾਬਲੇ ਸਨ, ਜਿਨ੍ਹਾਂ ਵਿੱਚ ਉਹ ਆਪਣੇ ਮੁਲਕ ਲਈ ਕੁਝ ਕਰ ਗੁਜ਼ਰਨਾ ਚਾਹੁੰਦਾ ਸੀ। ਸਾਲ 2007 ਦੇ ਕੋਪਾ ਅਮਰੀਕਾ ਕੱਪ ਵਿੱਚ ਅਰਜਨਟੀਨਾ ਉਪ ਜੇਤੂ ਰਿਹਾ। ਸਾਲ 2008 ਵਿੱਚ ਪੇਈਚਿੰਗ ਵਿਖੇ ਓਲੰਪਿਕ ਖੇਡਾਂ ਦੌਰਾਨ ਮੈਸੀ ਨੇ ਅਰਜਨਟੀਨਾ ਨੂੰ ਸੋਨ ਤਗ਼ਮਾ ਜਿਤਾਇਆ। ਸਾਲ 2006 ਤੇ 2010 ਦੇ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਟੀਮ ਕੁਆਰਟਰ ਫਾਈਨਲ ਤੋਂ ਅੱਗੇ ਨਾ ਵਧ ਸਕੀ। ਨਿੱਜੀ ਤੌਰ ’ਤੇ ਵੀ ਮੈਸੀ ਨੇ 2006 ਵਿਸ਼ਵ ਕੱਪ ਵਿੱਚ ਇੱਕ ਗੋਲ ਕੀਤਾ ਅਤੇ 2010 ਵਿੱਚ ਉਸ ਦਾ ਖਾਤਾ ਹੀ ਨਾ ਖੁੱਲ੍ਹਿਆ। ਸਾਲ 2014 ਵਿੱਚ ਗੁਆਂਢੀ ਤੇ ਰਵਾਇਤੀ ਵਿਰੋਧੀ ਮੁਲਕ ਬ੍ਰਾਜ਼ੀਲ ਵਿਖੇ ਹੋਏ ਫੀਫਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਟੀਮ ਦ੍ਰਿੜ੍ਹ ਇਰਾਦੇ ਨਾਲ ਪੁੱਜੀ। ਲੀਗ ਦੌਰ ਵਿੱਚ ਅਜਿੱਤ ਰਹਿਣ ਤੋਂ ਬਾਅਦ ਨਾਕ-ਆਊਟ ਸਟੇਜ ਵਿੱਚ ਅਰਜਨਟੀਨਾ ਦੀ ਟੀਮ ਸਵਿਟਜ਼ਰਲੈਂਡ, ਬੈਲਜੀਅਮ ਤੇ ਹਾਲੈਂਡ ਨੂੰ ਹਰਾ ਕੇ 24 ਵਰ੍ਹਿਆਂ ਬਾਅਦ ਫਾਈਨਲ ਵਿੱਚ ਦਾਖ਼ਲ ਹੋਈ। ਦੂਜੇ ਪਾਸੇ ਜਰਮਨੀ ਨੇ ਮੇਜ਼ਬਾਨ ਬ੍ਰਾਜ਼ੀਲ ਨੂੰ ਸੈਮੀਫਾਈਨਲ ਵਿੱਚ 7-1 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। 1990 ਵਾਂਗ ਅਰਜਨਟੀਨਾ ਇੱਕ ਵਾਰ ਫਿਰ ਫਾਈਨਲ ਵਿੱਚ ਜਰਮਨੀ ਹੱਥੋਂ ਹਾਰ ਗਿਆ ਅਤੇ ਮੈਸੀ ਦਾ ਵਿਸ਼ਵ ਚੈਂਪੀਅਨ ਬਣਨ ਦਾ ਸੁਫ਼ਨਾ ਪੌੜੀ ਦੇ ਆਖ਼ਰੀ ਪੌਡੇ ’ਤੇ ਪੁੱਜ ਕੇ ਚਕਨਾਚੂਰ ਹੋ ਗਿਆ। ਇਸ ਮੌਕੇ ਮੈਸੀ ਨੇ ਚਾਰ ਗੋਲ ਕੀਤੇ ਤੇ ਸਰਬੋਤਮ ਖਿਡਾਰੀ ਦਾ ਪੁਰਸਕਾਰ ਹਾਸਲ ਕਰਦਿਆਂ ਗੋਲਡਨ ਬਾਲ ਦਾ ਖਿਤਾਬ ਜਿੱਤਿਆ।

ਸਾਲ 2015 ਵਿੱਚ ਕੋਪਾ ਅਮਰੀਕਾ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਸਾਲ ਬਾਅਦ ਸਾਲ 2016 ਵਿੱਚ ਫਿਰ ਕੋਪਾ ਅਮਰੀਕਾ ਦੇ ਫਾਈਨਲ ਵਿੱਚ ਅਰਜਨਟੀਨਾ ਨੂੰ ਚਿੱਲੀ ਤੋਂ ਹਾਰ ਮਿਲੀ। ਲਗਾਤਾਰ ਤਿੰਨ ਸਾਲ ਤਿੰਨੇ ਵੱਡੇ ਟੂਰਨਾਮੈਂਟਾਂ ’ਚ ਫਾਈਨਲ ਹਾਰਨ ਕਾਰਨ ਮੈਸੀ ਬੁਰੀ ਤਰ੍ਹਾਂ ਟੁੱਟ ਗਿਆ ਸੀ। ਇਸ ਹਾਰ ਮਗਰੋਂ ਇੱਕ ਵਾਰ ਤਾਂ ਮੈਸੀ ਨੇ ਖੇਡ ਨੂੰ ਅਲਵਿਦਾ ਆਖ ਦਿੱਤੀ। ਆਲੋਚਕਾਂ ਦਾ ਸਵਾਲ ਸੀ ਕਿ ਬਾਰਸੀਲੋਨਾ ਲਈ ਹਰ ਖਿਤਾਬ ਜਿੱਤਣ ਵਾਲਾ ਮੈਸੀ ਦੇਸ਼ ਲਈ ਕਿਉਂ ਫੇਲ੍ਹ ਹੋ ਜਾਂਦਾ ਹੈ?

ਸਾਲ 2018 ਵਿੱਚ ਰੂਸ ਵਿਖੇ ਹੋਏ ਫੀਫਾ ਵਿਸ਼ਵ ਕੱਪ ਵਿੱਚ ਮੈਸੀ ਦੇ ਸਹਾਰੇ ਅਰਜਨਟੀਨਾ ਮੈਦਾਨ ਵਿੱਚ ਉਤਰਿਆ, ਪਰ ਰਾਊਂਡ 16 ਦੇ ਸਭ ਤੋਂ ਰੋਮਾਂਚਕ ਅਤੇ ਫਸਵੇਂ ਮੁਕਾਬਲੇ ਵਿੱਚ ਫਰਾਂਸ ਹੱਥੋਂ 3-4 ਨਾਲ ਹਾਰ ਕੇ ਮੁਕਾਬਲੇ ’ਚੋਂ ਬਾਹਰ ਹੋ ਗਿਆ। ਸਾਲ 2021 ਵਿੱਚ ਬ੍ਰਾਜ਼ੀਲ ਦੀ ਧਰਤੀ ਉੱਤੇ ਕੋਪਾ ਅਮਰੀਕਾ ਕੱਪ ਖੇਡਿਆ ਗਿਆ। ਰੀਓ ਡੀ ਜਨੇਰੀਓ ਵਿਖੇ ਖੇਡੇ ਗਏ ਫਾਈਨਲ ਵਿੱਚ ਅਰਜਨਟੀਨਾ ਦੀ ਟੀਮ ਨੇ ਮੇਜ਼ਬਾਨ ਟੀਮ ਨੂੰ ਡੀ ਮਾਰੀਆ ਦੇ ਗੋਲ ਬਦੌਲਤ 1-0 ਨਾਲ ਹਰਾ ਕੇ ਆਖ਼ਰਕਾਰ ਮੈਸੀ ਦਾ ਇੱਕ ਖ਼ੁਆਬ ਪੂਰਾ ਕਰ ਦਿੱਤਾ। ਮੈਸੀ ਦੇ 16 ਵਰ੍ਹਿਆਂ ਦੇ ਕੌਮਾਂਤਰੀ ਕਰੀਅਰ ਵਿੱਚ ਵੱਡੇ ਖਿਤਾਬ ਦਾ ਸੋਕਾ ਖ਼ਤਮ ਹੋਇਆ। ਅਰਜਨਟੀਨਾ ਨੇ ਵੀ 28 ਸਾਲ ਬਾਅਦ ਕੋਪਾ ਅਮਰੀਕਾ ਕੱਪ ਜਿੱਤਿਆ। ਇਹ ਤਾਂ ਮਹਿਜ਼ ਇੱਕ ਕਰੂੰਬਲ ਫੁੱਟੀ ਸੀ, ਹਾਲੇ ਇਸ ਨੇ ਵੱਡਾ ਦਰੱਖ਼ਤ ਬਣਨਾ ਸੀ। ਸਾਲ 2022 ਵਿੱਚ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ 90 ਹਜ਼ਾਰ ਦਰਸ਼ਕਾਂ ਸਾਹਮਣੇ ਫਾਈਨਲਿਜ਼ਮਾ ਖੇਡਿਆ ਗਿਆ। ਕੋਪਾ ਅਮਰੀਕਾ ਤੇ ਯੂਰੋ ਕੱਪ ਦੇ ਚੈਂਪੀਅਨ ਵਿਚਾਲੇ ਇਸ ਮੁਕਾਬਲੇ ਵਿੱਚ ਅਰਜਨਟੀਨਾ ਨੇ ਯੂਰੋ ਚੈਂਪੀਅਨ ਇਟਲੀ ਨੂੰ 3-0 ਨਾਲ ਹਰਾ ਕੇ ਇਹ ਮਹਾਂਮੁਕਾਬਲਾ ਜਿੱਤਿਆ।

ਸਾਲ 2022 ਦੇ ਅਖ਼ੀਰ ਵਿੱਚ ਕਤਰ ਵਿਖੇ ਫੀਫਾ ਵਿਸ਼ਵ ਕੱਪ ਖੇਡਿਆ ਗਿਆ। ਮੈਸੀ ਦੀ ਟੀਮ ਅਰਜਨਟੀਨਾ ਜਦੋਂ ਪਹਿਲੇ ਹੀ ਲੀਗ ਮੈਚ ਵਿੱਚ ਹੇਠਲੇ ਰੈਂਕ ਦੀ ਟੀਮ ਸਾਊਦੀ ਅਰਬ ਤੋਂ ਹਾਰ ਗਈ ਤਾਂ ਖੇਡ ਪੰਡਿਤਾਂ ਨੇ ਉਦੋਂ ਹੀ ਅਰਜਨਟੀਨਾ ਨੂੰ ਦਾਅਵੇਦਾਰਾਂ ਦੀ ਸੂਚੀ ਵਿੱਚੋਂ ਕੱਢ ਦਿੱਤਾ। ਅਗਲੇ ਲੀਗ ਮੈਚ ਵਿੱਚ ਅਰਜਨਟੀਨਾ ਨੇ ਪੋਲੈਂਡ ਤੇ ਮੈਕਸਿਕੋ ਨੂੰ ਹਰਾ ਕੇ ਨਾਕ-ਆਊਟ ਵਿੱਚ ਦਾਖਲਾ ਲਿਆ। ਰਾਊਂਡ 16 ਵਿੱਚ ਅਰਜਨਟੀਨਾ ਨੇ ਆਸਟਰੇਲੀਆ ਨੂੰ ਹਰਾਇਆ ਤੇ ਕੁਆਰਟਰ ਫਾਈਨਲ ਵਿੱਚ ਇੱਕ ਫਸਵੇਂ ਮੁਕਾਬਲੇ ਤਹਿਤ ਹਾਲੈਂਡ ਨੂੰ 4-3 ਨਾਲ ਹਰਾਇਆ। ਸੈਮੀਫਾਈਨਲ ਵਿੱਚ ਅਰਜਨਟੀਨਾ ਨੇ ਵਿਸ਼ਵ ਕੱਪ ਵਿੱਚ ਤੇਜ਼ੀ ਨਾਲ ਅੱਗੇ ਵਧਦੀ ਟੀਮ ਕ੍ਰੋਏਸ਼ੀਆ ਨੂੰ 3-0 ਨਾਲ ਹਰਾ ਕੇ ਫਾਈਨਲ ਵਿੱਚ ਥਾਂ ਬਣਾਈ। ਮੈਸੀ ਨੇ ਤਿੰਨੇ ਨਾਕ-ਆਊਟ ਮੈਚਾਂ ਵਿੱਚ ਇੱਕ-ਇੱਕ ਗੋਲ ਕੀਤਾ। 2022 ਦਾ ਫਾਈਨਲ ਮੈਚ ਅਰਜਨਟੀਨਾ ਤੇ ਫਰਾਂਸ ਵਿਚਾਲੇ ਖੇਡਿਆ ਗਿਆ, ਜੋ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਰੋਚਕ ਤੇ ਫਸਵਾਂ ਮੁਕਾਬਲਾ ਸੀ। ਮੈਸੀ ਤੇ ਐਮਬਾਪੇ ਉਤੋੜਿੱਤੀ ਗੋਲ ਕਰ ਰਹੇ ਸਨ। ਮੈਸੀ ਦੇ ਦੋ ਗੋਲ ਐਮਬਾਪੇ ਦੀ ਹੈਟ੍ਰਿਕ ਉੱਪਰ ਭਾਰੂ ਪਏ ਅਤੇ ਵਾਧੂ ਸਮੇਂ ਤੱਕ ਸਕੋਰ ਬਰਾਬਰ ਰਿਹਾ। ਪੈਨਲਟੀਆਂ ਵਿੱਚ 4-2 ਦੀ ਜਿੱਤ ਨਾਲ ਅਰਜਨਟੀਨਾ ਨੇ ਇਤਿਹਾਸ ਸਿਰਜਦਿਆਂ 36 ਵਰ੍ਹਿਆਂ ਬਾਅਦ ਵਿਸ਼ਵ ਕੱਪ ਜਿੱਤਿਆ। ਅਰਜਨਟੀਨਾ ਲਈ ਮਸੀਹਾ ਬਣ ਕੇ ਬਹੁੜੇ ਮੈਸੀ ਨੇ ਫੁਟਬਾਲ ਦੇ ਦੀਵਾਨੇ ਇਸ ਮੁਲਕ ਨੂੰ ਸਭ ਤੋਂ ਵੱਡੀ ਖ਼ੁਸ਼ੀ ਦਿਵਾਈ। ਦੋਹਾ ਵਿਖੇ ਮੈਸੀ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਅੱਥਰੂ ਸਨ ਅਤੇ ਵਾਪਸੀ ਮੌਕੇ ਪੂਰਾ ਬਿਓਨਸ ਆਇਰਸ ਆਪਣੇ ਮਸੀਹਾ ਦੇ ਸਵਾਗਤ ਲਈ ਪਲਕਾਂ ਵਿਛਾਈ ਬੈਠਾ ਸੀ। ਮੈਸੀ ਨੇ ਕੁੱਲ ਸੱਤ ਗੋਲ ਕੀਤੇ ਅਤੇ ਦੂਜੀ ਵਾਰ ਸਰਵੋਤਮ ਖਿਡਾਰੀ ਦਾ ਖਿਤਾਬ ਜਿੱਤਦਿਆਂ ਗੋਲਡਨ ਬਾਲ ਹਾਸਲ ਕੀਤੀ।

ਸਾਲ 2024 ਵਿੱਚ ਅਰਜਨਟੀਨਾ ਨੇ ਰਿਕਾਰਡ 16ਵੀਂ ਵਾਰ ਕੋਪਾ ਅਮਰੀਕਾ ਕੱਪ ਜਿੱਤਿਆ। ਹੁਣ ਮੈਸੀ ਨੇ ਆਪਣਾ ਛੇਵਾਂ ਵਿਸ਼ਵ ਕੱਪ ਖੇਡਿਆ। ਮੈਸੀ ਦੇ ਸਹਾਰੇ ਅਰਜਨਟੀਨਾ ਦੀ ਟੀਮ ਹਰ ਮੈਚ ਜਿੱਤ ਰਹੀ ਸੀ। ਮੈਸੀ ਤੀਜੀ ਵਾਰ ਅਰਜਨਟੀਨਾ ਨੂੰ ਫਾਈਨਲ ਤੱਕ ਲੈ ਗਿਆ, ਪਰ ਸਪੇਨ ਹੱਥੋਂ ਹਾਰਨ ਕਰਕੇ ਮੈਸੀ ਦਾ ਦੂਜੀ ਵਾਰ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਅਧੂਰਾ ਰਹਿ ਗਿਆ। ਮੈਸੀ ਨੇ ਕੁੱਲ ਅੱਠ ਗੋਲ ਕੀਤੇ ਤੇ ਵਿਸ਼ਵ ਕੱਪ ਇਤਿਹਾਸ ਵਿੱਚ ਕੁੱਲ 21 ਗੋਲਾਂ ਨਾਲ ਉਹ ਸਰਵੋਤਮ ਸਕੋਰਰ ਦੀ ਸੂਚੀ ਵਿੱਚ ਦੂਜੇ ਨੰਬਰ ਉੱਤੇ ਪਹੁੰਚ ਗਿਆ।

ਉਨਤਾਲੀ ਵਰ੍ਹਿਆਂ ਦੇ ਮੈਸੀ ਨੇ 31 ਅਗਸਤ 2026 ਨੂੰ 22 ਵਰ੍ਹਿਆਂ ਦੇ ਆਪਣੇ ਸ਼ਾਨਦਾਰ ਕੌਮਾਂਤਰੀ ਖੇਡ ਸਫ਼ਰ ਨੂੰ ਅਲਵਿਦਾ ਆਖ ਦਿੱਤੀ ਹੈ। ਉਸ ਨੇ ਆਪਣੇ ਮੁਲਕ ਲਈ ਕੁੱਲ 207 ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਸ ਨੇ 125 ਗੋਲ ਕੀਤੇ ਅਤੇ 68 ਗੋਲ ਅਸਿਸਟ ਕੀਤੇ। ਮੈਸੀ ਜਿੱਥੇ ਅਰਜਨਟੀਨਾ ਲਈ ਸਭ ਤੋਂ ਵੱਧ ਮੈਚ ਖੇਡਣ ਅਤੇ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ ਹੈ, ਉਥੇ ਵਿਸ਼ਵ ਫੁਟਬਾਲ ਵਿੱਚ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਉਹ ਦੂਜੇ ਨੰਬਰ ’ਤੇ ਹੈ।

ਮੈਸੀ ਦੀ ਪਛਾਣ ਕਦੇ ਵੀ ਪਾਵਰ ਖੇਡ ਜਾਂ ਤੇਜ਼ ਤਰਾਰ ਕਿੱਕਾਂ ਨਹੀਂ ਬਣੀਆਂ ਸਗੋਂ ਉਹ ਆਪਣੇ ਡਰਿਬਲਿੰਗ ਦੇ ਹੁਨਰ ਅਤੇ ਬਾਲ ਉੱਤੇ ਕੰਟਰੋਲ ਦੇ ਕਲਾਤਮਿਕ ਹੁਨਰ ਰਾਹੀਂ ਦਿੱਤੇ ਜਾਂਦੇ ਛੋਟੇ ਅਤੇ ਸਟੀਕ ਪਾਸਾਂ ਲਈ ਜਾਣਿਆ ਜਾਂਦਾ ਹੈ। ਮੈਸੀ ਨੂੰ ਡਿਫੈਂਸ ਦਾ ਚੱਕਰਵਿਊ ਤੋੜਨ ਦੀ ਮੁਹਾਰਤ ਹਾਸਲ ਹੈ। ਫ੍ਰੀ ਕਿੱਕ, ਕਾਰਨਰ ਕਿੱਕ ਤੇ ਪੈਨਲਟੀ ਕਿੱਕ ਤਿੰਨਾਂ ਵਿੱਚ ਮਾਹਿਰ ਮੈਸੀ ਨੇ ਫੁਟਬਾਲ ਦੀ ਖੇਡ ਵਿੱਚ ਖਿੱਚ ਦਾ ਕੇਂਦਰ ਰਹੀ 10 ਨੰਬਰ ਜਰਸੀ ਦਾ ਮਾਣ ਹੋਰ ਵਧਾਇਆ ਹੈ। ਉਸ ਨੇ ਅੱਠ ਵਾਰ ਵੱਕਾਰੀ ‘ਬੈਲਨਜ਼ ਡੀ’ਓਰ’ ਐਵਾਰਡ ਜਿੱਤਿਆ ਹੈ। ਉਹ ਛੇ ਵਾਰ ਯੂਰੋਪੀਅਨ ਗੋਲਡਨ ਬੂਟ ਅਤੇ ਅੱਠ ਵਾਰ ਫੀਫਾ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। ਆਪਣੇ ਖੇਡ ਕਰੀਅਰ ਵਿੱਚ ਉਸ ਨੇ ਕੁੱਲ 920 ਗੋਲ ਕੀਤੇ ਹਨ। ਇਸ ਦੌਰਾਨ ਕਲੱਬ ਫੁਟਬਾਲ ਵਿੱਚ ਇੱਕ ਸੀਜ਼ਨ ਦੌਰਾਨ ਉਸ ਨੇ ਸਭ ਤੋਂ ਵੱਧ 91 ਗੋਲ ਕੀਤੇ। ਇਸ ਮਹਾਨ ਖਿਡਾਰੀ ਨੇ ਆਪਣੀਆਂ ਟੀਮਾਂ ਨੂੰ 46 ਖਿਤਾਬ ਜਿਤਾਏ ਹਨ। ਖੇਡਾਂ ਦੀ ਦੁਨੀਆ ਦੇ ਇਸ ਸਭ ਤੋਂ ਮਹਿੰਗੇ ਖਿਡਾਰੀ ਨੂੰ ਇੰਸਟਾਗ੍ਰਾਮ ’ਤੇ 51 ਕਰੋੜ ਤੋਂ ਵੱਧ ਲੋਕ ਫੌਲੋ ਕਰਦੇ ਹਨ। ਮੈਸੀ ਦੇ ਸੰਨਿਆਸ ਨਾਲ ਫੁਟਬਾਲ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ।

ਸੰਪਰਕ: 97800-36216

Advertisement
×