ਹਨੇਰੇ ਤੋਂ ਚਾਨਣ ਵੱਲ ਤੋਰਦੀਆਂ ਕਿਤਾਬਾਂ
ਜਿਹੜਾ ਵਿਅਕਤੀ ਨਿਯਮਿਤ ਤੌਰ ’ਤੇ ਕਿਤਾਬਾਂ ਪੜ੍ਹਦਾ ਹੈ, ਉਸ ਦੀ ਸ਼ਬਦਾਵਲੀ ਅਮੀਰ ਹੋ ਜਾਂਦੀ ਹੈ। ਪੜ੍ਹਨ ਨਾਲ ਗੱਲਬਾਤ ਦੇ ਢੰਗ ਵਿੱਚ ਸੁਧਾਰ ਆਉਂਦਾ ਹੈ। ਚੰਗੀ ਭਾਸ਼ਾ ਇਨਸਾਨ ਦੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਪੁਰਾਣੇ ਸਮਿਆਂ ਤੋਂ ਹੀ ਕਿਤਾਬਾਂ ਮਨੁੱਖ ਦਾ ਮਾਰਗਦਰਸ਼ਨ ਕਰਦੀਆਂ ਆਈਆਂ ਹਨ। ਕਿਤਾਬਾਂ ਦੀ ਮਹੱਤਤਾ ਦੇ ਸਬੰਧ ਵਿੱਚ ਮਹਾਨ ਰੋਮਨ ਦਾਰਸ਼ਨਿਕ ਸਿਸਰੋ ਕਹਿੰਦਾ ਹੈ, “ਕਿਤਾਬਾਂ ਬਿਨਾਂ ਕਮਰਾ ਇਸ ਤਰ੍ਹਾਂ ਹੈ ਜਿਵੇਂ ਆਤਮਾ ਬਿਨਾਂ ਸਰੀਰ।’’ ਕਿਤਾਬਾਂ ਅਥਾਹ ਗਿਆਨ ਦਾ ਭੰਡਾਰ ਹਨ। ਇਹ ਮਨੁੱਖ ਨੂੰ ਗਿਆਨ, ਸੋਚ ਅਤੇ ਤਜਰਬਿਆਂ ਨਾਲ ਜੋੜਦੀਆਂ ਹਨ। ਜਿਸ ਤਰ੍ਹਾਂ ਸਰੀਰਕ ਤੰਦਰੁਸਤੀ ਲਈ ਚੰਗੀ ਖ਼ੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਦਿਮਾਗ਼ੀ ਚੇਤਨਾ ਅਤੇ ਵਿਕਾਸ ਲਈ ਕਿਤਾਬਾਂ ਦੀ ਲੋੜ ਹੁੰਦੀ ਹੈ।
ਕਿਤਾਬਾਂ ਮਨੁੱਖੀ ਜੀਵਨ ਦਾ ਵੱਡਮੁੱਲਾ ਖ਼ਜ਼ਾਨਾ ਹਨ। ਇਹ ਮਹਿਜ਼ ਕਾਗਜ਼ੀ ਪੰਨਿਆਂ ਦਾ ਇਕੱਠ ਨਹੀਂ, ਸਗੋਂ ਸਮੁੱਚੀ ਸੱਭਿਅਤਾ ਇਨ੍ਹਾਂ ਦੀ ਬੁੱਕਲ ਵਿੱਚ ਸਮੋਈ ਹੈ। ਕਿਤਾਬਾਂ ਨਾ ਸਿਰਫ਼ ਸਾਨੂੰ ਸੂਝਵਾਨ ਬਣਾਉਂਦੀਆਂ ਹਨ, ਸਗੋਂ ਉੱਤਮ ਚਰਿੱਤਰ ਦਾ ਨਿਰਮਾਣ ਵੀ ਕਰਦੀਆਂ ਹਨ। ਉੱਤਮ ਕਿਤਾਬਾਂ ਪ੍ਰੇਰਨਾ ਸਰੋਤ ਵਜੋਂ ਕੰਮ ਕਰਦੀਆਂ ਹਨ। ਇਹ ਜੀਵਨ ਵਿੱਚ ਆਉਂਦੀਆਂ ਮੁਸ਼ਕਿਲਾਂ ਨਾਲ ਲੜਨ ਦਾ ਹੌਸਲਾ ਦਿੰਦੀਆਂ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਕਿਤਾਬਾਂ ਨਾਲ ਪਿਆਰ ਕਰਦਾ ਹੈ, ਉਹ ਕਦੇ ਇਕੱਲਾ ਨਹੀਂ ਹੁੰਦਾ।
ਕਿਤਾਬਾਂ ਨੇ ਮਨੁੱਖ ਨੂੰ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਦਿ ਕਾਲ ਤੋਂ ਹੀ ਕਿਤਾਬਾਂ ਗਿਆਨ ਦੇ ਪਸਾਰ ਦਾ ਸਭ ਤੋਂ ਭਰੋਸੇਯੋਗ ਸਾਧਨ ਰਹੀਆਂ ਹਨ। ਕਿਤਾਬਾਂ ਰਾਹੀਂ ਅਸੀਂ ਅਤੀਤ ਦੀਆਂ ਘਟਨਾਵਾਂ ਤੋਂ ਜਾਣੂ ਹੁੰਦੇ ਹੋਏ ਵਰਤਮਾਨ ਦੀ ਸਮਝ ਵਿਕਸਿਤ ਕਰਕੇ ਭਵਿੱਖ ਲਈ ਯੋਗ ਰਣਨੀਤੀ ਤਿਆਰ ਕਰਦੇ ਹਾਂ। ਇਤਿਹਾਸ, ਦਰਸ਼ਨ, ਵਿਗਿਆਨ, ਸਾਹਿਤ, ਧਰਮ, ਮਨੋਵਿਗਿਆਨ, ਸਮਾਜ ਸ਼ਾਸਤਰ ਅਤੇ ਕਲਾ ਵਰਗੇ ਵਿਸ਼ਿਆਂ ਦਾ ਵਿਆਪਕ ਗਿਆਨ ਕਿਤਾਬਾਂ ਰਾਹੀਂ ਹੀ ਪ੍ਰਾਪਤ ਹੁੰਦਾ ਹੈ। ਇਹ ਸਾਡੇ ਵਿਚਾਰਾਂ ਨੂੰ ਤਰਕਸ਼ੀਲ ਬਣਾਉਂਦੀਆਂ ਹਨ ਅਤੇ ਸੋਚਣ ਸ਼ਕਤੀ ਵਿੱਚ ਵਾਧਾ ਕਰਦੀਆਂ ਹਨ।
ਕਿਤਾਬਾਂ ਸਮਾਜ ਦਾ ਸ਼ੀਸ਼ਾ ਹੁੰਦੀਆਂ ਹਨ। ਕਿਸੇ ਵੀ ਯੁੱਗ ਦੀ ਸੋਚ, ਸਮਝ-ਬੂਝ, ਸੰਸਕਾਰ ਅਤੇ ਸਮੱਸਿਆਵਾਂ ਕਿਤਾਬਾਂ ਵਿੱਚ ਦਰਜ ਹੁੰਦੀਆਂ ਹਨ। ਵਿਦਿਆਰਥੀ ਜੀਵਨ ਵਿੱਚ ਕਿਤਾਬਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਮਨੁੱਖ ਦੇ ਵਿਅਕਤੀਗਤ ਵਿਕਾਸ ਤੋਂ ਲੈ ਕੇ ਸਮਾਜਿਕ ਉੱਨਤੀ ਤੱਕ ਕਿਤਾਬਾਂ ਦੀ ਭੂਮਿਕਾ ਵਿਸ਼ੇਸ਼ ਹੈ। ਕਿਤਾਬਾਂ ਅਧਿਆਪਕ ਦੀ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਹੋਵੇ ਜਾਂ ਕਾਲਜ, ਹਰ ਵਿਦਿਆਰਥੀ ਦੀ ਸਫ਼ਲਤਾ ਪਿੱਛੇ ਕਿਤਾਬਾਂ ’ਤੇ ਲੱਗੀ ਮਿਹਨਤ ਹੁੰਦੀ ਹੈ। ਚੰਗੀਆਂ ਕਿਤਾਬਾਂ ਸਾਨੂੰ ਸਚਾਈ, ਇਮਾਨਦਾਰੀ, ਦਇਆ-ਭਾਵਨਾ, ਸਹਿਣਸ਼ੀਲਤਾ ਅਤੇ ਮਿਹਨਤ ਵਰਗੀਆਂ ਕਦਰਾਂ-ਕੀਮਤਾਂ ਨਾਲ ਜੋੜਦੀਆਂ ਹਨ। ਪਾਠਕ੍ਰਮ ਦੀਆਂ ਕਿਤਾਬਾਂ ਸਿੱਖਿਆ ਦਾ ਮੂਲ ਆਧਾਰ ਹੁੰਦੀਆਂ ਹਨ, ਜਦੋਂਕਿ ਬਾਕੀ ਕਿਤਾਬਾਂ ਚਰਿੱਤਰ ਨਿਰਮਾਣ ਵਿੱਚ ਸਹਾਈ ਹੁੰਦੀਆਂ ਹਨ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਜਿੱਥੇ ਭਾਸ਼ਾ ਦੀ ਸਮਝ ਵਧਦੀ ਹੈ, ਉੱਥੇ ਸ਼ਬਦ-ਭੰਡਾਰ, ਲਿਖਣ-ਬੋਲਣ ਦੀ ਕਲਾ, ਅਨੁਸ਼ਾਸਨ, ਧੀਰਜ ਅਤੇ ਆਤਮ-ਵਿਸ਼ਵਾਸ ਵਰਗੇ ਗੁਣਾਂ ਦਾ ਵਿਕਾਸ ਵੀ ਹੁੰਦਾ ਹੈ।
ਕਿਤਾਬਾਂ ਮਨੋਰੰਜਨ ਦਾ ਸਾਧਨ ਹਨ। ਕਹਾਣੀਆਂ, ਕਵਿਤਾਵਾਂ, ਨਾਵਲ ਅਤੇ ਜੀਵਨੀਆਂ ਦੇ ਅਧਿਐਨ ਨਾਲ ਜਿੱਥੇ ਮਨੁੱਖ ਆਨੰਦ ਨਾਲ ਭਰ ਜਾਂਦਾ ਹੈ, ਉੱਥੇ ਤਣਾਅ ਮੁਕਤ ਹੋ ਕੇ ਜੀਵਨ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਦਾ ਹੈ। ਮਹਾਨ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਪੜ੍ਹ ਕੇ ਸਾਨੂੰ ਪ੍ਰੇਰਣਾ ਮਿਲਦੀ ਹੈ ਅਤੇ ਅਸੀਂ ਆਪਣੇ ਜੀਵਨ ਵਿੱਚ ਵੀ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਵਿਤਾਵਾਂ ਜਿੱਥੇ ਸਾਨੂੰ ਮਾਨਸਿਕ ਸਕੂਨ ਦਿੰਦੀਆਂ ਹਨ, ਉੱਥੇ ਨਾਵਲ ਸਾਨੂੰ ਜੀਵਨ ਦੀ ਹਕੀਕਤ ਨਾਲ ਰੂ-ਬ-ਰੂ ਕਰਾਉਂਦੇ ਹਨ। ਕਹਾਣੀਆਂ ਬੱਚਿਆਂ ਅੰਦਰ ਕਲਪਨਾ ਸ਼ਕਤੀ ਵਿਕਸਿਤ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਨਵੇਂ ਸੰਸਾਰ ਨਾਲ ਜੋੜਦੀਆਂ ਹਨ।
ਆਧੁਨਿਕ ਯੁੱਗ ਵਿੱਚ ਤਕਨੀਕ ਨੇ ਭਾਵੇਂ ਇੰਟਰਨੈੱਟ ਅਤੇ ਮੋਬਾਈਲ ਰਾਹੀਂ ਸੂਚਨਾ ਦੇ ਆਦਾਨ-ਪ੍ਰਦਾਨ ਨੂੰ ਆਸਾਨ ਬਣਾਇਆ ਹੈ, ਪਰ ਕਿਤਾਬ ਦੀ ਮਹੱਤਤਾ ਅਜੇ ਵੀ ਘਟੀ ਨਹੀਂ। ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਾਰ ਪ੍ਰਸਿੱਧ ਲਾਇਬ੍ਰੇਰੀਆਂ ਨੇ ਆਪਣੀਆਂ ਕਿਤਾਬਾਂ ਨੂੰ ਡਿਜੀਟਲ ਰੂਪ ਦੇ ਕੇ ਆਮ ਲੋਕਾਂ ਤੱਕ ਪੁੱਜਦਾ ਕੀਤਾ ਹੈ। ਹੁਣ ਅਸੀਂ ਕਿਤਾਬਾਂ ਨੂੰ ਔਨਲਾਈਨ ਸੁਣ ਤੇ ਪੜ੍ਹ ਵੀ ਸਕਦੇ ਹਾਂ।
ਜਿਹੜਾ ਵਿਅਕਤੀ ਨਿਯਮਿਤ ਤੌਰ ’ਤੇ ਕਿਤਾਬਾਂ ਪੜ੍ਹਦਾ ਹੈ, ਉਸ ਦੀ ਸ਼ਬਦਾਵਲੀ ਅਮੀਰ ਹੋ ਜਾਂਦੀ ਹੈ। ਪੜ੍ਹਨ ਨਾਲ ਗੱਲਬਾਤ ਦੇ ਢੰਗ ਵਿੱਚ ਸੁਧਾਰ ਆਉਂਦਾ ਹੈ। ਚੰਗੀ ਭਾਸ਼ਾ ਇਨਸਾਨ ਦੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ। ਇਸ ਤੋਂ ਇਲਾਵਾ ਅਜੋਕੇ ਭੱਜ-ਦੌੜ ਭਰੇ ਜੀਵਨ ਵਿੱਚ ਤਣਾਅ ਇੱਕ ਆਮ ਸਮੱਸਿਆ ਬਣ ਚੁੱਕਾ ਹੈ। ਇੱਕ ਚੰਗੀ ਕਿਤਾਬ ਪੜ੍ਹਨਾ ਕਿਸੇ ਮੈਡੀਟੇਸ਼ਨ ਤੋਂ ਘੱਟ ਨਹੀਂ ਹੈ। ਮਨੋਵਿਗਿਆਨੀਆਂ ਅਨੁਸਾਰ, ਰੋਜ਼ਾਨਾ ਕੁਝ ਸਮਾਂ ਪੜ੍ਹਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ। ਮਨੁੱਖ ਦੇ ਇਕੱਲੇਪਣ ਵਿੱਚ ਕਿਤਾਬਾਂ ਵਧੀਆ ਸਾਥੀ ਬਣ ਸਕਦੀਆਂ ਹਨ। ਸਫ਼ਰ ਦੌਰਾਨ ਜਾਂ ਵਿਹਲੇ ਸਮੇਂ ਵਿੱਚ ਕਿਤਾਬਾਂ ਤੋਂ ਵਧੀਆ ਕੋਈ ਮਨੋਰੰਜਨ ਨਹੀਂ ਹੋ ਸਕਦਾ। ਕਿਤਾਬ ਪੜ੍ਹਨ ਲਈ ਇਕਾਗਰਤਾ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਲਗਾਤਾਰ ਪੜ੍ਹਨ ਦੀ ਆਦਤ ਪਾਉਂਦੇ ਹਾਂ ਤਾਂ ਸਾਡੇ ਦਿਮਾਗ਼ ਦੀ ਕਿਸੇ ਇੱਕ ਚੀਜ਼ ’ਤੇ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਵਧ ਜਾਂਦੀ ਹੈ।
ਅਖੀਰ ’ਚ ਇਹੀ ਕਿਹਾ ਜਾ ਸਕਦਾ ਹੈ ਕਿ ਕਿਤਾਬਾਂ ਕੇਵਲ ਕਾਗਜ਼ਾਂ ਦਾ ਪੁਲੰਦਾ ਨਹੀਂ ਸਗੋਂ ਜਿਊਂਦੇ-ਜਾਗਦੇ ਵਿਚਾਰ ਹਨ। ਇਹ ਜੀਵਨ ਦੀ ਰੌਸ਼ਨੀ ਹੈ, ਜੋ ਮਨੁੱਖ ਦਾ ਜੀਵਨ ਭਰ ਸਾਥ ਨਿਭਾਉਂਦੀ ਹੈ। ਕਿਤਾਬਾਂ ਅਗਿਆਨਤਾ ਦੇ ਹਨੇਰੇ ’ਚੋਂ ਕੱਢ ਕੇ ਗਿਆਨ ਦੀ ਰੌਸ਼ਨੀ ਵੱਲ ਲੈ ਕੇ ਜਾਂਦੀਆਂ ਹਨ। ਕਿਤਾਬਾਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ ਕਿਉਂਕਿ ਇਹ ਸਾਨੂੰ ਜਿਊਣ ਦਾ ਸਲੀਕਾ ਦੱਸਦੀਆਂ ਹਨ। ਜਿਹੜਾ ਵਿਅਕਤੀ ਕਿਤਾਬਾਂ ਨਾਲ ਦੋਸਤੀ ਕਰ ਲੈਂਦਾ ਹੈ, ਉਹ ਸੂਝਵਾਨ, ਸੰਵੇਦਨਸ਼ੀਲ ਅਤੇ ਸੰਸਕਾਰੀ ਬਣ ਜਾਂਦਾ ਹੈ। ਇਸ ਲਈ ਹਰੇਕ ਇਨਸਾਨ ਨੂੰ ਕਿਤਾਬਾਂ ਨਾਲ ਦੋਸਤੀ ਪਾਉਣੀ ਚਾਹੀਦੀ ਹੈ। ਥੋੜ੍ਹੇ ਸ਼ਬਦਾਂ ’ਚ ਆਖੀਏ ਤਾਂ ਕਿਤਾਬਾਂ ਅਜਿਹਾ ਤੋਹਫ਼ਾ ਹਨ ਜਿਸ ਨੂੰ ਤੁਸੀਂ ਵਾਰ-ਵਾਰ ਖੋਲ੍ਹ ਸਕਦੇ ਹੋ।
ਸੰਪਰਕ: 99884-01976

